ਕਾਨੂੰਨੀ ਅਧਿਕਾਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Legal Right_ਕਾਨੂੰਨੀ ਅਧਿਕਾਰ: ਸਾਮੰਡ ਦੀ ਪੁਸਤਕ (ਸਾਮੰਡ ਔਨ ਜੂਰਿਸਪਰੂਡੈਸ) ਅਨੁਸਾਰ ਕਾਨੂੰਨੀ ਅਧਿਕਾਰ ਦੀ ਮੋਟੇ ਸ਼ਬਦਾਂ ਵਿਚ ਪਰਿਭਾਸ਼ਾ ਕਰਦਿਆਂ ਕਿਹਾ ਜਾ ਸਕਦਾ ਹੈ ਕਿ ਕਾਨੂੰਨ ਦੇ ਨਿਯਮ ਦੁਆਰਾ ਕਿਸੇ ਵਿਅਕਤੀ ਨੂੰ ਪ੍ਰਦਾਨ ਕੀਤਾ ਗਿਆ ਕੋਈ ਫ਼ਾਇਦਾ ਜਾਂ ਲਾਭ ਕਾਨੂੰਨੀ ਅਧਿਕਾਰ ਅਖਵਾਉਂਦਾ ਹੈ। ਕਾਨੂੰਨੀ ਅਧਿਕਾਰ ਦੀਆਂ ਕਿਸਮਾਂ ਦਸਦਿਆਂ ਉਹ ਕਹਿੰਦਾ ਹੈ: ਸੰਪੂਰਣ ਅਧਿਕਾਰ ਉਹ ਹੈ ਜੋ ਸੰਪੂਰਣ ਕਰੱਤਵ ਦਾ ਤਤਸਥਾਨੀ ਹੈ। ਅਤੇ ਸੰਪੂਰਨ ਕਰਤਵ ਉਹ ਹੈ ਜਿਸ ਨੂੰ ਕਾਨੂੰਨ ਦੁਆਰਾ ਕੇਵਲ ਮਾਨਤਾ ਹੀ ਨਹੀਂ ਦਿੱਤੀ ਜਾਂਦੀ ਸਗੋਂ ਨਾਫ਼ਜ਼ ਵੀ ਕੀਤਾ ਜਾਂਦਾ ਹੈ.... ਸਭ ਸਾਧਾਰਨ ਸੂਰਤਾਂ ਵਿਚ ਜੇ ਕਾਨੂੰਨ ਕਿਸੇ ਅਧਿਕਾਰ ਨੂੰ ਮਾਨਤਾ ਦਿੰਦਾ ਹੈ ਤਾਂ ਉਹ ਉਸ ਨੂੰ ਨਾਫ਼ਜ਼ ਵੀ ਕਰੇਗਾ। ਐਪਰ, ਪੂਰੇ ਤੌਰ ਤੇ ਵਿਕਸਿਤ ਸਭਨਾਂ ਕਾਨੂੰਨੀ ਪ੍ਰਣਾਲੀਆਂ ਵਿਚ ਅਜਿਹੇ ਅਧਿਕਾਰ ਅਤੇ ਕਰਤਵ ਹੁੰਦੇ ਹਨ, ਜਿਨ੍ਹਾਂ ਨੂੰ ਭਾਵੇਂ ਨਿਰਸੰਦੇਹ ਕਾਨੂੰਨ ਦੁਆਰਾ ਮਾਨਤਾ ਪ੍ਰਾਪਤ ਹੋਈ ਹੁੰਦੀ ਹੈ, ਪਰ ਫਿਰ ਵੀ ਉਹ ਇਸ ਸੰਪੂਰਨ ਰੂਪ ਤੋਂ ਪਿਛੇ ਰਹਿ ਜਾਂਦੇ ਹਨ। ਅਜਿਹੇ ਅਧੂਰੇ ਅਧਿਕਾਰਾਂ ਦੇ ਉਦਾਹਰਣ ਹਨ ਬਦੇਸ਼ੀ ਰਾਜਾਂ ਜਾਂ ਪ੍ਰਭਤਾਧਾਰੀਆਂ ਦੇ ਵਿਰੁਧ ਦਾਅਵੇ, ਮਿਸਾਲ ਲਈ ਉਹ ਜੋ ਬਦੇਸ਼ੀ ਬੌਂਡਾ ਬਾਬਤ ਦੇਣਯੋਗ ਹੋਣ ਉਨ੍ਹਾਂ ਦੀ ਪੂਰਤੀ ਲਈ ਕੋਈ ਦਾਵਾ ਨਹੀਂ ਕੀਤਾ ਜਾ ਸਕਦਾ, ਤਦ ਵੀ ਉਹ ਕਾਨੂੰਨੀ ਅਧਿਕਾਰ ਕਾਨੂੰਨੀ ਕਰਤੱਵ ਹਨ, ਕਿਉਂ ਕਿ ਕਾਨੂੰਨ ਉਨ੍ਹਾਂ ਨੂੰ ਮਾਨਤਾ ਦਿੰਦਾ ਹੈ। ਇਸ ਤਰ੍ਹਾਂ ਕਾਨੂੰਨੀ ਅਧਿਕਾਰ ਅਜਿਹਾ ਦਾਅਵਾ ਹੈ ਜੋ ਜਤਾਇਆ ਜਾ ਸਕਦਾ ਹੈ, ਜੋ ਅਦਾਲਤਾਂ ਦੁਆਰਾ ਨਾਫ਼ਜ਼ ਕੀਤਾ ਜਾ ਸਕਦਾ ਹੈ। ਵਿਸ਼ਾਲ ਅਰਥਾਂ ਵਿਚ ਕਾਨੂੰਨੀ ਅਧਿਕਾਰ ਅਜਿਹਾ ਫ਼ਾਇਦਾ ਜਾਂ ਲਾਭ ਹੈ ਜੋ ਕਾਨੂੰਨ ਦੇ ਨਿਯਮ ਦੁਆਰਾ ਕਿਸੇ ਨੂੰ ਪ੍ਰਦਾਨ ਕੀਤਾ ਜਾ ਸਕਦਾ ਹੈ। ਅਜਿਹੇ ਕਾਨੂੰਨੀ ਅਧਿਕਾਰ ਹੋ ਸਕਦੇ ਹਨ ਜਿਨ੍ਹਾਂ ਨੂੰ ਕਾਨੂੰਨ ਮਾਨਤਾ ਦਿੰਦਾ ਹੈ, ਪਰ ਨਾਫ਼ਜ਼ ਨਹੀਂ ਕਰ ਸਕਦਾ। ਇਸੇ ਤਰ੍ਹਾਂ ਕੌਮਾਂਤਰੀ ਕਾਨੂੰਨ ਦੁਆਰਾ ਪ੍ਰਦਾਨ ਕੀਤੇ ਕਾਨੂੰਨੀ ਅਧਿਕਾਰ ਹੋ ਸਕਦੇ ਹਨ ਜਿਨ੍ਹਾਂ ਨੂੰ ਕੌਮਾਂਤਰੀ ਅਦਾਲਤ ਮਾਨਤਾ ਦਿੰਦੀ ਹੈ ਪਰ ਨਾਫ਼ਜ਼ ਨਹੀਂ ਕਰ ਸਕਦੀ। ਇਸ ਤਰ੍ਹਾਂ ਅੰਤਮ ਰੂਪ ਵਿਚ ਕਾਨੂੰਨੀ ਅਧਿਕਾਰ ਸੁਨਿਸਚਿਤ ਹਿੱਤ ਜਤਾਉਣ ਦੀ ਹੈਸੀਅਤ ਹੈ ਨ ਕਿ ਉਹ ਦਾਅਵਾ ਜੋ ਅਦਾਲਤ ਅੱਗੇ ਜਤਾਇਆ ਜਾ ਸਕਦਾ ਹੈ।

       ਅਨੰਦ ਰਾਉ ਲਕਸ਼ਮਨ ਰਾਉ ਮੰਡਲੋਈ ਬਨਾਮ ਬੋਰਡ ਆਫ਼ ਰੈਵੇਨਿਊ ਮ.ਪ. (ਏ ਆਈ ਆਰ 1965 ਮ.ਪ. 237) ਅਨੁਸਾਰ ਇਸ ਵਾਕੰਸ਼ ਵਿਚ ਪ੍ਰਵਿਧਾਨ ਦੁਆਰਾ ਪ੍ਰਦਾਨ ਕੀਤੇ ਅਧਿਕਾਰ ਅਤੇ ਨਾਲੇ ਨ ਸਿਰਫ਼ ਉਹ ਅਧਿਕਾਰ ਸ਼ਾਮਲ ਹਨ ਜਿਨ੍ਹਾਂ ਉਤੇ ਕਿਸੇ ਪ੍ਰਵਿਧਾਨ ਤੋਂ ਸੁਤੰਤਰ ਰੂਪ ਵਿਚ ਦਾਅਵਾ ਕੀਤਾ ਜਾਂਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1938, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.