ਕਾਲ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕਾਲ : ਵਾਕਾਂ ਵਿੱਚ ਕਾਰਜ ਦੇ ਸਮੇਂ ਦੇ ਪ੍ਰਗਟਾਵੇ ਨੂੰ ਕਾਲ ਕਿਹਾ ਜਾਂਦਾ ਹੈ। ਹੇਠਲੇ ਵਾਕ (1) ਤੋਂ ਇਹ ਪਤਾ ਲੱਗਦਾ ਹੈ ਕਿ ‘ਪੜ੍ਹਨ’ ਦਾ ਕਾਰਜ ਵਾਕ ਦੇ ਬੋਲਣ ਦੇ ਸਮੇਂ ਤੋਂ ਪਹਿਲਾਂ ਹੋਇਆ ਹੈ:

          1. ਵਿਦਿਆਰਥੀ ਪੜ੍ਹਦਾ ਸੀ।

     ਪਰ ਵਾਕ (2) ਤੋਂ ਇਹ ਪਤਾ ਲੱਗਦਾ ਹੈ ਕਿ ‘ਪੜ੍ਹਨ’ ਦਾ ਕਾਰਜ ਬੋਲਣ ਦੇ ਸਮੇਂ ਤੋਂ ਬਾਅਦ ਵਿੱਚ ਹੋਣ ਵਾਲਾ ਹੈ :

          2. ਵਿਦਿਆਰਥੀ ਕੱਲ੍ਹ ਪੜ੍ਹੇਗਾ।

     ਵਾਕ (1) ਵਿੱਚ ਸਮੇਂ ਦੇ ਪ੍ਰਗਟਾਵੇ ਨੂੰ ‘ਭੂਤਕਾਲ’ ਦਾ ਨਾਂ ਦਿੱਤਾ ਗਿਆ ਹੈ ਅਤੇ (2) ਵਿੱਚ ਸਮੇਂ ਦੇ ਪ੍ਰਗਟਾਵੇ ਨੂੰ ‘ਭਵਿੱਖਤ ਕਾਲ’ ਦਾ ਨਾਂ ਦਿੱਤਾ ਗਿਆ ਹੈ।

     ਵਾਕਾਂ ਵਿੱਚ ਸਮੇਂ ਨੂੰ ਪ੍ਰਗਟ ਕਰਨ ਦੀਆਂ ਕਈ ਜੁਗਤਾਂ ਹਨ। ਇਹ ਮੁੱਖ ਕਿਰਿਆ ਰਾਹੀਂ ਵੀ ਪ੍ਰਗਟ ਹੋ ਸਕਦਾ ਹੈ :

          3. ਸੁਰਿੰਦਰ ਦਿੱਲੀ ਜਾਵੇਗਾ।

     ਵਾਕ (3) ਵਿੱਚ ‘ਜਾਣ’ ਦਾ ਕਾਰਜ ਵਾਕ ਦੇ ਬੋਲਣ ਦੇ ਸਮੇਂ ਤੋਂ ਬਾਅਦ ਵਿੱਚ ਹੋਣ ਵਾਲਾ ਹੈ। ਇਸ ਵਾਕ ਵਿੱਚ ਇਸ ਭਵਿੱਖ ਸਮੇਂ ਦਾ ਪ੍ਰਗਟਾਵਾ ਕਿਰਿਆ ਦੇ ਭਵਿੱਖਤ ਰੂਪ ‘ਜਾਵੇਗਾ’ ਰਾਹੀਂ ਹੋ ਰਿਹਾ ਹੈ।

     ਵਾਕਾਂ ਵਿੱਚ ਸਮੇਂ ਦਾ ਪ੍ਰਗਟਾਵਾ ਸਹਾਇਕ ਕਿਰਿਆ ਰਾਹੀਂ ਵੀ ਹੋ ਸਕਦਾ ਹੈ :

          4. ਸੁਰਿੰਦਰ ਦਿੱਲੀ ਗਿਆ ਸੀ।

          5. ਸੁਰਿੰਦਰ ਦਿੱਲੀ ਗਿਆ ਹੈ।

     ਵਾਕ (4) ਅਤੇ (5) ਵਿੱਚ ਸਮੇਂ ਦਾ ਪ੍ਰਗਟਾਵਾ ਸਹਾਇਕ ਕਿਰਿਆਵਾਂ ‘ਸੀ’ ਅਤੇ ‘ਹੈ’ ਰਾਹੀਂ ਹੋ ਰਿਹਾ ਹੈ, ‘ਸੀ’ ਸਹਾਇਕ ਕਿਰਿਆ ਭੂਤਕਾਲ ਨੂੰ ਪ੍ਰਗਟ ਕਰਦੀ ਹੈ ਅਤੇ ‘ਹੈ’ ਸਹਾਇਕ ਕਿਰਿਆ ਵਰਤਮਾਨ ਕਾਲ ਨੂੰ (ਵਰਤਮਾਨ ਕਾਲ ਬੋਲਣ ਸਮੇਂ ਦੇ ਨਾਲ-ਨਾਲ ਹੋ ਰਹੇ ਕਾਰਜ ਨੂੰ ਪ੍ਰਗਟ ਕਰਦਾ ਹੈ)।

     ਸਮੇਂ ਦਾ ਪ੍ਰਗਟਾਵਾ ਕਿਰਿਆ ਵਿਸ਼ੇਸ਼ਣ ਰਾਹੀਂ ਵੀ ਹੋ ਸਕਦਾ ਹੈ :

          6. ਸੁਰਿੰਦਰ ਕੱਲ੍ਹ ਦਿੱਲੀ ਜਾ ਰਿਹਾ ਹੈ।

     ਵਾਕ (6) ਵਿੱਚ ‘ਜਾਣ’ ਦਾ ਕਾਰਜ ਵਾਕ ਬੋਲਣ ਦੇ ਸਮੇਂ ਤੋਂ ਬਾਅਦ ਵਿੱਚ ਹੋਣ ਵਾਲਾ ਹੈ। ਇਸ ਦਾ ਪ੍ਰਗਟਾਵਾ ਕਿਰਿਆ ਵਿਸ਼ੇਸ਼ਣ ‘ਕੱਲ੍ਹ’ ਰਾਹੀਂ ਹੋ ਰਿਹਾ ਹੈ।

     ਉਪਰ ਅਸੀਂ ਵੇਖਿਆ ਹੈ ਕਿ ਵਾਕਾਂ ਵਿੱਚ ਸਮੇਂ ਨੂੰ ਪ੍ਰਗਟ ਕਰਨ ਲਈ ਕਈ ਜੁਗਤਾਂ ਹਨ। ਪਰ ਬਹੁਤੇ ਭਾਸ਼ਾ-ਵਿਗਿਆਨੀ ਕਿਰਿਆ ਰਾਹੀਂ ਪ੍ਰਗਟ ਹੋਣ ਵਾਲੇ ਸਮੇਂ ਨੂੰ ਹੀ ਤਕਨੀਕੀ ਰੂਪ ਵਿੱਚ ‘ਕਾਲ’ ਦਾ ਨਾਂ ਦਿੰਦੇ ਹਨ। ਪਿਛਲੇ ਵਾਕਾਂ ਵਿੱਚ ਅਸੀਂ ਵੇਖਿਆ ਹੈ ਕਿ ਪੰਜਾਬੀ ਭਾਸ਼ਾ ਵਿੱਚ ਭੂਤ, ਵਰਤਮਾਨ ਅਤੇ ਭਵਿੱਖਤ ਸਮਿਆਂ ਦਾ ਪ੍ਰਗਟਾਵਾ ਹੁੰਦਾ ਹੈ। ਪਰ ਪੰਜਾਬੀ ਕਿਰਿਆ ਇਹਨਾਂ ਤਿੰਨਾਂ ਰੂਪਾਂ ਨੂੰ ਪ੍ਰਗਟ ਨਹੀਂ ਕਰਦੀ। ਵੇਖਿਆ ਜਾਵੇ ਤਾਂ ਕੇਵਲ ਭਵਿੱਖਤ ਸਮੇਂ ਦਾ ਪ੍ਰਗਟਾਵਾ ਹੀ ਪੰਜਾਬੀ ਵਿੱਚ ਕਿਰਿਆ ਰਾਹੀਂ ਨਹੀਂ ਹੋਰ ਜੁਗਤਾਂ ਨਾਲ ਹੁੰਦਾ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਕਿਰਿਆ ਕੇਵਲ ਭਵਿੱਖਤ ਕਾਲ ਲਈ ਹੀ ਰੂਪ ਵਟਾਉਂਦੀ ਹੈ, ਜਾਂ ਪੰਜਾਬੀ ਕਿਰਿਆ ਦਾ ਵਿਕਾਰ ਕੇਵਲ ਭਵਿੱਖਤ ਕਾਲ ਲਈ ਹੀ ਹੁੰਦਾ ਹੈ। ਇਸ ਤਰ੍ਹਾਂ ਅਸੀਂ ਪੰਜਾਬੀ ਕਿਰਿਆ ਨੂੰ ਕਾਲ ਪੱਖੋਂ ਦੋ ਵਰਗਾਂ ਵਿੱਚ ਵੰਡ ਸਕਦੇ ਹਾਂ-ਭਵਿੱਖਤ ਅਤੇ ਅਭਵਿੱਖਤ। ਏਵੇਂ ਹੀ ਅੰਗਰੇਜ਼ੀ ਭਾਸ਼ਾ ਵਿੱਚ ਕਾਲ ਦੇ ਨਜ਼ਰੀਏ ਤੋਂ ਕਿਰਿਆ ਦੇ ਦੋ ਹੀ ਰੂਪ ਹਨ-ਭੂਤ ਅਤੇ ਅਭੂਤ, ਮਿਸਾਲ ਲਈ Worked ਅਤੇ Work.

     ਬਹੁਤ ਸਾਰੇ ਲੇਖਕ ਪੰਜਾਬੀ ਕਿਰਿਆ ਦੇ ‘ਵੇਖਿਆ’, ‘ਕੀਤਾ’, ‘ਪੜ੍ਹਿਆ’, ਜਿਹੇ ਰੂਪਾਂ ਨੂੰ ਭੂਤਕਾਲ ਦਾ ਨਾਂ ਦਿੰਦੇ ਹਨ। ਪਰ ਇਹ ਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਠੀਕ ਨਹੀਂ ਹੈ। ਇਹ ਹੇਠਲੇ ਵਾਕਾਂ ਵਿੱਚ ਵੇਖਿਆ ਜਾ ਸਕਦਾ ਹੈ :

          7. ਸੁਰਿੰਦਰ ਨੇ ਸ਼ੇਰ ਵੇਖਿਆ ਹੈ।

          8. ਸੁਰਿੰਦਰ ਨੇ ਸ਼ੇਰ ਵੇਖਿਆ ਸੀ।

     (7) ਅਤੇ (8) ਵਾਕਾਂ ਵਿੱਚ (7) ਵਰਤਮਾਨ ਕਾਲ ਨੂੰ ਪ੍ਰਗਟ ਕਰਦਾ ਹੈ ਅਤੇ (8) ਭੂਤਕਾਲ ਨੂੰ। ਪਰ ਇਹਨਾਂ ਦੋਹਾਂ ਵਾਕਾਂ ਵਿੱਚ ਕਿਰਿਆ ਦਾ ਰੂਪ ਇੱਕੋ ਹੀ (ਵੇਖਿਆ) ਹੈ। ਇੰਞ ‘ਵੇਖਿਆ’ ਰੂਪ ਨੂੰ ‘ਵੇਖ’ ਕਿਰਿਆ ਦਾ ਭੂਤਕਾਲ ਰੂਪ ਕਹਿਣਾ ਗ਼ਲਤ ਹੈ। ਇਹ ਰੂਪ ਕਾਲਰੂਪ ਨਹੀਂ ਪੱਖ ਰੂਪ ਹਨ (ਵੇਖੋ ਪੱਖ)।

     ਏਵੇਂ ਹੀ ਬਹੁਤੇ ਲੇਖਕ ਪੰਜਾਬੀ ਕਿਰਿਆ ਦੇ ‘ਵੇਖਦਾ’, ‘ਕਰਦਾ’, ‘ਪੜ੍ਹਦਾ’ ਜਿਹੇ ਰੂਪਾਂ ਨੂੰ ਵਰਤਮਾਨ ਕਾਲ ਦਾ ਨਾਂ ਦਿੰਦੇ ਹਨ। ਇਹ ਵੀ ਗ਼ਲਤ ਧਾਰਨਾ ਹੈ। ਇਹ ਅਸੀਂ ਹੇਠਲੇ ਵਾਕਾਂ ਤੋਂ ਦੇਖ ਸਕਦੇ ਹਾਂ :

          9. ਵਿਦਿਆਰਥੀ ਪੜ੍ਹਦਾ ਹੈ।

          10. ਵਿਦਿਆਰਥੀ ਪੜ੍ਹਦਾ ਸੀ।

     ਵਾਕ (9) ਵਰਤਮਾਨ ਕਾਲ ਨੂੰ ਪ੍ਰਗਟ ਕਰਦਾ ਹੈ ਅਤੇ (10) ਭੂਤਕਾਲ ਨੂੰ। ਪਰ ਦੋਹਾਂ ਵਾਕਾਂ ਵਿੱਚ ਕਿਰਿਆ ਦਾ ਰੂਪ ‘ਪੜ੍ਹਦਾ’ ਹੀ ਹੈ। ਇੰਞ ‘ਪੜ੍ਹਦਾ’ ਰੂਪ ਨੂੰ ਵਰਤਮਾਨ ਕਾਲ ਰੂਪ ਕਹਿਣਾ ਗ਼ਲਤ ਹੈ। ਇਹ ਰੂਪ ਕਾਲ ਰੂਪ ਨਹੀਂ ਪੱਖ ਰੂਪ ਹੈ (ਵੇਖੋ ਪੱਖ)।

     ਸਾਰੀਆਂ ਭਾਸ਼ਾਵਾਂ ਵਿੱਚ ਭੂਤ, ਵਰਤਮਾਨ ਅਤੇ ਭਵਿੱਖਤ ਸਮਿਆਂ ਨੂੰ ਪ੍ਰਗਟ ਕਰਨ ਦੀਆਂ ਜੁਗਤਾਂ ਹਨ। ਪਰ ਜਦੋਂ ਅਸੀਂ ਕਿਰਿਆ ਦੇ ਕਾਲ ਦੀ ਗੱਲ ਕਰਦੇ ਹਾਂ ਤਾਂ ਭਾਸ਼ਾਵਾਂ ਵਿੱਚ ਵਖਰੇਵੇਂ ਪਾਏ ਜਾਂਦੇ ਹਨ। ਮਿਸਾਲ ਲਈ ਪੰਜਾਬੀ ਵਿੱਚ ਕਿਰਿਆ ਦਾ ਭਵਿੱਖ ਰੂਪ ਹੈ (ਜਾਵੇਗਾ) ਪਰ ਅੰਗਰੇਜ਼ੀ ਵਿੱਚ ਕਿਰਿਆ ਦਾ ਭਵਿੱਖਤ ਰੂਪ ਨਹੀਂ ਹੈ, ਅੰਗਰੇਜ਼ੀ ਵਿੱਚ ਭਵਿੱਖ ਦਾ ਪ੍ਰਗਟਾਵਾ ਸਹਾਇਕ ਕਿਰਿਆ (will ਆਦਿ) ਰਾਹੀਂ ਹੁੰਦਾ ਹੈ। ਏਵੇਂ ਹੀ ਕਈ ਭਾਸ਼ਾਵਾਂ (ਜਿਵੇਂ ਜਪਾਨੀ) ਵਿੱਚ ਕਿਰਿਆ ਕਿਸੇ ਕਾਲ ਲਈ ਵੀ ਰੂਪ ਨਹੀਂ ਵਟਾਉਂਦੀ। ਇਹਨਾਂ ਭਾਸ਼ਾਵਾਂ ਵਿੱਚ ਕਾਲ ਦਾ ਪ੍ਰਗਟਾਵਾ ਹੋਰ ਜੁਗਤਾਂ (ਵੱਖਰੇ ਸ਼ਬਦ) ਰਾਹੀਂ ਹੁੰਦਾ ਹੈ। ਏਵੇਂ ਹੀ ਕਈ ਭਾਸ਼ਾਵਾਂ ਵਿੱਚ ਕਾਲ ਦਾ ਪ੍ਰਗਟਾਵਾ ਕਿਰਿਆ ਜਾਂ ਸਹਾਇਕ ਕਿਰਿਆ ਰਾਹੀਂ ਨਹੀਂ ਬਲਕਿ ਨਾਂਵਾਂ ਰਾਹੀਂ ਹੁੰਦਾ ਹੈ।

     ਭਾਸ਼ਾਵਾਂ ਵਿੱਚ ਭੂਤ, ਵਰਤਮਾਨ ਅਤੇ ਭਵਿੱਖਤ ਕਾਲਾਂ ਦੇ ਅੱਗੇ ਹੋਰ ਉਪਵਰਗ ਵੀ ਮਿਲਦੇ ਹਨ, ਜਿਵੇਂ ਕਿ ਅੱਜ-ਭੂਤ, ਕੱਲ੍ਹ-ਭੂਤ, ਨੇੜ-ਭੂਤ, ਦੂਰ-ਭੂਤ, ਅੱਜ- ਭਵਿੱਖਤ, ਕੱਲ੍ਹ-ਭਵਿੱਖਤ, ਨੇੜ-ਭਵਿੱਖਤ ਅਤੇ ਦੂਰ- ਭਵਿੱਖਤ ਆਦਿ।


ਲੇਖਕ : ਜੋਗਾ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 33764, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਕਾਲ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਕਾਲ: ਕਾਲ (Tense) ਅਤੇ ਸਮਾਂ (Time) ਨੂੰ ਆਮ ਬੋਲ ਚਾਲ ਵਿਚ ਸਮਾਨਾਰਥੀ ਸ਼ਬਦਾਂ ਵਜੋਂ ਵਰਤਿਆ ਜਾਂਦਾ ਹੈ ਪਰ ਵਿਆਕਰਨ ਦੇ ਖੇਤਰ ਵਿਚ ਇਨ੍ਹਾਂ ਸੰਕਲਪਾਂ ਦਾ ਨਿਖੇੜਾ ਕੀਤਾ ਜਾਦਾ ਹੈ। ਕਾਲ ਇਕ ਵਿਆਕਰਨਕ ਸ਼ਰੇਣੀ ਹੈ ਜਦੋਂ ਕਿ ਸਮਾਂ ਇਕ ਨਿਰੰਤਰ ਚੱਲਣ ਵਾਲੀ ਕੁਦਰਤੀ ਇਕਾਈ ਹੈ। ਸਮੇਂ ਦੀ ਗਤੀ, ਰੇਖਾ ਵਾਂਗ ਸਿੱਧੀ ਅਤੇ ਲਗਾਤਾਰਤਾ ਵਾਲੀ ਹੁੰਦੀ ਹੈ। ਸਮੇਂ ਨੂੰ ਬੀਤ ਚੁੱਕੇ ਵਕਤ ਅਤੇ ਆਉਣ ਵਾਲੇ ਵਕਤ ਵਿਚ ਵੰਡਿਆ ਜਾਂਦਾ ਹੈ ਪਰ ਕਈ ਵਾਰੀ ਹੋਰ ਸੌਖ ਵਾਸਤੇ ਸਮੇਂ ਦੀ ਤੀਜੀ ਸਥਿਤੀ ਵੀ ਮਿੱਥ ਲਈ ਜਾਂਦੀ ਹੈ ਜਿਸ ਨੂੰ ਵਰਤਮਾਨ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਸਮੇਂ ਨੂੰ ਸਾਲਾਂ, ਮਹੀਨਿਆਂ, ਦਿਨਾਂ, ਘੰਟਿਆਂ ਆਦਿ ਵਿਚ ਵੰਡਿਆ ਜਾਂਦਾ ਹੈ। ਦੂਜੇ ਪਾਸੇ ਕਾਲ ਦਾ ਸਬੰਧ ਕਿਰਿਆ ਦੇ ਕਾਲ-ਸੂਚਕ ਰੂਪਾਂ ਨਾਲ ਹੁੰਦਾ ਹੈ। ਕਾਲ ਸਮੇਂ ਨੂੰ ਘਟਨਾਵਾਂ ਦੇ ਵਾਪਰਨ-ਕਰਮ ਅਤੇ ਉਨ੍ਹਾਂ ਦੇ ਸਥਾਨ ਵਿਚ ਪ੍ਰਤੀਬਿੰਬਤ ਕਰਦਾ ਹੈ। ਘਟਨਾ ਦੇ ਘਟਣ ਦਾ ਸਮਾਂ ਅਤੇ ਉਚਾਰਨ ਦਾ ਸਮਾਂ ਦੋ ਵੱਖੋ ਵੱਖਰੇ ਪਹਿਲੂ ਹਨ ਅਤੇ ਇਨ੍ਹਾਂ ਦਾ ਆਪਸ ਵਿਚ ਕੋਈ ਸਿੱਧਾ ਸਬੰਧ ਨਹੀਂ। ਭੂਤਕਾਲ ਵਿਚ ਵਾਪਰੀਆਂ ਘਟਨਾਵਾਂ ਨੂੰ ਵਰਤਮਾਨ ਸਮੇਂ ਵਿਚ ਬਿਆਨਿਆ ਜਾ ਸਕਦਾ ਹੈ। ਇਸੇ ਤਰ੍ਹਾਂ ਭਵਿੱਖ ਵਿਚ ਵਾਪਰਨ ਵਾਲੀਆਂ ਘਟਨਾਵਾਂ\ਸਥਿਤੀਆਂ ਨੂੰ ਵੀ ਵਰਤਮਾਨ ਜਾਂ ਭੂਤਕਾਲ ਵਿਚ ਦਰਿਸ਼ਟਮਾਨ ਕਰਕੇ ਬਿਆਨਿਆ ਜਾ ਸਕਦਾ ਹੈ ਜਿਵੇਂ : (i) ਜਦੋਂ ਭਾਰਤ-ਪਾਕਿ ਯੁੱਧ ਚਲ ਰਿਹਾ ਸੀ, (ii) ਜਦੋਂ ਭਾਰਤ-ਪਾਕਿ ਯੁੱਧ ਹੋਇਆ, (iii) ਮੈਂ ਜਾਣਾ ਹੈ, (iv) ਮੈਂ ਜਾਣਾ ਸੀ, ਵਾਕਾਂ ਵਿਚ ਘਟਨਾਵਾਂ ਨੂੰ ਵੱਖ ਵੱਖ ਕਾਲਾਂ ਵਿਚ ਪੇਸ਼ ਕੀਤਾ ਗਿਆ ਹੈ। ਵਾਕ (i) ਵਿਚ ਬੀਤ ਚੁੱਕੇ ਸਮੇਂ ਨੂੰ ਗਤੀ-ਵਾਚਕ ਕਿਰਿਆ ‘ਚਲ ਰਿਹਾ ਸੀ, ਰਾਹੀਂ ਪੇਸ਼ ਕੀਤਾ ਗਿਆ, (ii) ਸਮਾਨ ਘਟਨਾ ਨੂੰ ਪੂਰਨ ਭੂਤਕਾਲ ਦੇ ਸੰਪੂਰਨ ਆਸਪੈਕਟ ਵਿਚ ‘ਹੋਇਆ’ ਕਿਰਿਆ ਰਾਹੀਂ ਰੂਪਮਾਨ ਕੀਤਾ ਹੈ। (iii) ਅਤੇ (iv) ਵਿਚ ਭਵਿੱਖ ਵਿਚ ਕੀਤੇ ਜਾਣ ਵਾਲੇ ਕਾਰਜ ਨੂੰ ਵਰਤਮਾਨ ਸਮੇਂ ਵਿਚ ਕ੍ਰਮਵਾਰ ਭਵਿੱਖ ਅਤੇ ਭੂਤਵਾਚੀ ‘ਜਾਣਾ ਹੈ, ਜਾਣਾ ਸੀ’ ਰਾਹੀਂ ਪੇਸ਼ ਕੀਤਾ ਹੈ। ‘ਮੈਂ ਜਾਣਾ ਹੈ’ ਭਵਿੱਖ ਵਿਚ ਹੋਣ ਵਾਲੇ ਕਾਰਜ ਦੀ ਸੂਚਨਾ ਵਰਤਮਾਨ ਸਮੇਂ ਰਾਹੀਂ ਮਿਲਦੀ ਹੈ ਜਦੋਂ ਕਿ ‘ਮੈਂ ਜਾਣਾ ਸੀ’ ਵਿਚ ਭੂਤ ਜਾਂ ਭਵਿੱਖ ਵਿਚ ਕੀਤੇ ਜਾਣ ਵਾਲੇ ਕਾਰਜ ਦੀ ਸੰਭਾਵਨਾ ਭੂਤਕਾਲੀ ਕਿਰਿਆ ਰਾਹੀਂ ਉਜਾਗਰ ਹੁੰਦੀ ਹੈ। ਇਸ ਤਰ੍ਹਾਂ ਘਟਨਾ ਦੇ ਵਾਪਰਨ ਸਮੇਂ ਅਤੇ ਘਟਨਾ ਦੇ ਬਿਆਨ ਸਮੇਂ ਵਿਚ ਕੋਈ ਸਿੱਧਾ ਸਬੰਧ ਨਹੀਂ।

        ਹਰ ਇਕ ਭਾਸ਼ਾ ਵਿਚ ਸਮੇਂ ਨੂੰ ਕਾਲ ਅਨੁਸਾਰ ਵੰਡਿਆ ਜਾਂਦਾ ਹੈ। ਕਾਲ ਦਾ ਸਬੰਧ ਕਿਰਿਆ ਸ਼ਬਦਾਂ ਦੇ ਬੋਧਕ ਰੂਪਾਂ ਨਾਲ ਹੁੰਦਾ ਹੈ। ਕੁਦਰਤੀ ਸਮਾਂ ਅਤੇ ਵਿਆਕਰਨਕ ਕਾਲ ਦੋਵੇਂ ਅੰਤਰ-ਸਬੰਧਤ ਤਾਂ ਹਨ ਪਰ ਇਹ ਇਕ ਦੂਜੇ ਦੇ ਵਿਕਲਪੀ ਨਹੀਂ ਜੇ ਇਕ ਦੂਜੇ ਦੇ ਵਿਕਲਪੀ ਹੁੰਦੇ ਤਾਂ ਹਰ ਭਾਸ਼ਾ ਵਿਚਲਾ ਕਾਲ-ਪਰਬੰਧ ਇਕੋ ਜਿਹਾ ਹੁੰਦਾ। ਜਿਵੇਂ ਅੰਗਰੇਜੀ ਵਿਚ ਕਾਲ ਨੂੰ ਵਰਤਮਾਨ ਅਤੇ ਭੂਤ ਦੋ ਤਰ੍ਹਾਂ ਨਾਲ ਸਕਾਰਿਆ ਗਿਆ ਹੈ ਭਾਵ ਭਵਿੱਖਤ ਕਾਲ ਅੰਗਰੇਜੀ ਵਿਚ ਨਹੀਂ ਹੈ। ਜੇ ਕਿਸੇ ਭਾਸ਼ਾ ਵਿਚ ਕਾਲ ਦੀ ਸੂਚਨਾ ਦੇਣ ਲਈ ਕਿਰਿਆ ਰੂਪ ਨਾ ਹੋਣ ਤਾਂ ਇਸ ਨੂੰ ਪਰਗਟਾਉਣ ਲਈ ਕੋਈ ਹੋਰ ਵਿਧੀ ਅਪਣਾਈ ਜਾਂਦੀ ਹੈ, ਜਿਵੇਂ ਅੰਗਰੇਜੀ ਵਿਚ ਆਉਣ ਵਾਲੇ ਸਮੇਂ ਨੂੰ ਸੰਚਾਲਕ ਕਿਰਿਆਵਾਂ ‘Will, Shall’ ਰਾਹੀਂ ਦਰਸਾਇਆ ਜਾਂਦਾ ਹੈ। ਦੂਜੇ ਪਾਸੇ ਪੰਜਾਬੀ ਕਾਲ-ਪਰਬੰਧ ਨੂੰ ਵਰਤਮਾਨ, ਭੂਤ ਅਤੇ ਭਵਿੱਖ ਵਿਚ ਵੰਡਿਆ ਜਾਂਦਾ ਹੈ। ਕਿਰਿਆ ਦੇ ਰੂਪ ਪੱਖ ਤੋਂ ਭੂਤਕਾਲ ਦੀ ਸੂਚਨਾ (-ਇਆ) ਕਿਰਿਆ ਅੰਤਕ ਤੋਂ, ਭਵਿੱਖ ਕਾਲ ਦੀ ਸੂਚਨਾ (-ਊ) ਅਤੇ (-ਊਂ) ਕਿਰਿਆ ਅੰਤਕ ਤੋਂ ਅਤੇ ਵਰਤਮਾਨ ਕਾਲ ਦੀ ਸੂਚਨਾ (-ਦਾ) ਅਤੇ (-ਈਦਾ) ਕਿਰਿਆ ਅੰਤਕ ਤੋਂ ਮਿਲਦੀ ਹੈ ਜਿਵੇਂ ਕ੍ਰਮਵਾਰ ‘ਉਹ ਸਕੂਲ ਗਿਆ, ਉਹ ਸਕੂਲ ਜਾਊਗਾ, ਉਹ ਸਕੂਲ ਜਾਂਦਾ ਹੈ।’ ਇਥੇ ਇਕ ਗੱਲ ਹੋਰ ਨੋਟ ਕਰਨ ਵਾਲੀ ਹੈ ਕਿ ਕਾਲ ਦੀ ਸੂਚਨਾ ਕੇਵਲ ਕਿਰਿਆ ਰੂਪਾਂ ਤੋਂ ਹੀ ਨਹੀਂ ਮਿਲਦੀ ਸਗੋਂ ਸਹਾਇਕ ਕਿਰਿਆ ਰੂਪ ‘ਹੈ-ਸੀ’ ਵੀ ਕਾਲ ਦੇ ਸੂਚਕ ਹਨ, ਜਿਵੇਂ : ਉਹ ਸਕੂਲ ਜਾਂਦਾ ਹੈ (ਵਰਤਮਾਨ), ਉਹ ਸਕੂਲ ਜਾਂਦਾ ਸੀ (ਭੂਤ)। ਇਸ ਤੋਂ ਇਲਾਵਾ ਸਮੇਂ ਦਾ ਰੂਪਾਂਤਰਨ ਸਮਾਂ-ਸੂਚਕ ਕਿਰਿਆ ਵਿਸ਼ੇਸ਼ਣਾਂ ਦੁਆਰਾ ਵੀ ਹੋ ਸਕਦਾ ਹੈ। ਪੰਜਾਬੀ ਦੇ ਕਾਲ-ਬੋਧਕ ਕਿਰਿਆ ਵਿਸ਼ੇਸ਼ਣ ਸਮੇਂ ਦੀ ਪ੍ਰਤੀਨਿਧਤਾ ਕਰਦੇ ਹਨ। ਕਾਲ-ਬੋਧਕ ਕਿਰਿਆ ਵਿਸ਼ੇਸ਼ਣਾਂ ਵਿਚ ‘ਹੁਣ, ਅੱਜ, ਕੱਲ੍ਹ, ਭਲਕ, ਸਵੇਰੇ, ਤੁਰੰਤ’ ਆਦਿ ਨੂੰ ਰੱਖਿਆ ਜਾਂਦਾ ਹੈ ਜਿਵੇਂ : ‘ਇਹ ਕੰਮ ਕੱਲ੍ਹ ਹੋਇਆ, ਇਹ ਕੰਮ ਹੁਣ ਹੋਇਆ, ਇਹ ਕੰਮ ਪਿਛੋਂ ਹੋਇਆ’ ਆਦਿ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 33747, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਕਾਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਲ 1 [ਨਾਂਪੁ] ਅਨਾਜ ਆਦਿ ਦੀ ਘਾਟ ਦਾ ਸਮਾਂ; ਔੜ; ਸਮਾ; ਜ਼ਮਾਨਾ, ਉਮਰ; ਮੌਤ; ਸਮੇਂ ਦਾ ਦੇਵਤਾ 2 [ਨਾਂਪੁ] (ਵਿਆ) ਵਿਆਕਰਨ ਅਨੁਸਾਰ ਕਿਰਿਆ ਦੇ ਵਾਪਰਨ ਦਾ ਤਿੰਨਾਂ ਵਿੱਚੋਂ ਕੋਈ ਸਮਾਂ (ਭੂਤ, ਵਰਤਮਾਨ , ਭਵਿਖਤ)


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 33715, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਾਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਲ. ਸੰਗ੍ਯਾ—ਸਮਾਂ. ਵੇਲਾ. “ਹਰਿ ਸਿਮਰਤ ਕਾਟੈ ਸੋ ਕਾਲ.” (ਬਿਲਾ ਮ: ੫) ਦੇਖੋ, ਕਾਲਪ੍ਰਮਾਣ। ੨ ਮ੍ਰਿਤ੍ਯੁ. ਮੌਤ. “ਕਾਲ ਕੈ ਫਾਸਿ ਸਕਤ ਸਰੁ ਸਾਂਧਿਆ.” (ਆਸਾ ਮ: ੫) ੩ ਯਮ । ੪ ਦੁਰਭਿੱਖ. ਦੁਕਾਲ. ਕਹਿਤ. “ਕਾਲ ਗਵਾਇਆ ਕਰਤੈ ਆਪਿ.” (ਮਲਾ ਮ: ੫) ੫ ਮਹਾਕਾਲ. ਜੋ ਸਾਰੀ ਵਿਸ਼੍ਵ ਨੂੰ ਲੈ ਕਰਦਾ ਹੈ. “ਕਾਲ ਕ੍ਰਿਪਾਲੁ ਹਿਯੈ ਨ ਚਿਤਾਰ੍ਯੋ.” (੩੩ ਸਵੈਯੇ) ੬ ਕਾਲਸ ਦਾ ਸੰਖੇਪ. ਸਿਆਹੀ. “ਕਾਲ ਮਤਿ ਲਾਗੀ.” (ਸ੍ਰੀ ਬੇਣੀ) ੭ ਵਿ—ਕਾਲਾ. ਸਿਆਹ. “ਨਿੰਦਕ ਕੇ ਮੁਖ ਹੋਏ ਕਾਲ.” (ਬਿਲਾ ਮ: ੫) ੮ ਸੰਗ੍ਯਾ—ਜਨਮਸਮਾਂ. ਜਨਮ. “ਕਾਲ ਬਿਕਾਲ ਸਬਦਿ ਭਏ ਨਾਸ.” (ਬਿਲਾ ਅ: ਮ: ੧) ਜਨਮ ਮਰਣ ਗੁਰਉਪਦੇਸ਼ ਕਰਕੇ ਨਾਸ਼ ਹੋ ਗਏ। ੯ ਕਲ੍ਹ. ਆਉਣ ਵਾਲਾ ਦਿਨ. “ਜੋ ਉਪਜਿਓ ਸੋ ਬਿਨਸ ਹੈ ਪਰੋ ਆਜੁ ਕੇ ਕਾਲ.” (ਸ. ਮ: ੯) ਪਰਸੋਂ ਅੱਜ ਜਾਂ ਕਲ੍ਹ। ੧੦ ਲੋਹਾ । ੧੧ ਸ਼ਨਿਗ੍ਰਹਿ. ਛਨਿੱਛਰ। ੧੨ ਸ਼ਿਵ। ੧੩ ਕੋਕਿਲਾ. ਕੋਇਲ। ੧੪ ਵ੍ਯਾਕਰਣ ਅਨੁਸਾਰ ਕ੍ਰਿਯਾ ਦੇ ਵਾਪਰਨ ਦਾ ਸਮਾਂ. Tense. ਵਰਤਮਾਨ—ਮੈਂ ਪੜ੍ਹਦਾ ਹਾਂ, ਭੂਤ—ਮੈਂ ਪੜ੍ਹਿਆ, ਭਵਿ੄਴—ਮੈਂ ਪੜ੍ਹਾਂਗਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 33319, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਾਲ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕਾਲ: ਸੰਸਕ੍ਰਿਤ ਦੀ ‘ਕਲੑਧਾਤੂ ਤੋਂ ਬਣੇ ‘ਕਾਲ’ ਸ਼ਬਦ ਦੇ ਅਰਥ ਮੁੱਖ ਰੂਪ ਵਿਚ ਸਮਾਂ , ਵੇਲਾ , ਮ੍ਰਿਤੂ , ਯਮ , ਦੁਰਭਿਖ, ਮਹਾਕਾਲ ਆਦਿ ਕੀਤੇ ਜਾਂਦੇ ਹਨ। ਇਸ ਦਾ ਅਰਥ ‘ਸਮਾਂ’ ਹੋਰ ਸਾਰਿਆਂ ਨੂੰ ਆਪਣੇ ਵਿਚ ਸਮੇਟਦਾ ਪ੍ਰਤੀਤ ਹੁੰਦਾ ਹੈ। ਕਿਉਂਕਿ ਸਮੇਂ ਦਾ ਅੰਤ ਮ੍ਰਿਤੂ ਹੈ ਅਤੇ ਮਾੜੇ ਸਮੇਂ ਦਾ ਅਰਥ ਵੀ ਦੁਰਭਿਖ ਹੈ। ਇਸ ਲਈ ਭਾਰਤੀ ਧਰਮ ਅਤੇ ਦਰਸ਼ਨ ਵਿਚ ‘ਕਾਲ’ ਦੀ ਬਹੁਤ ਮਹਿਮਾ ਕੀਤੀ ਗਈ ਹੈ। ਇਸ ਨੂੰ ਵਿਸ਼ਵ ਦਾ ਸਰਵ-ਸ੍ਰੇਸ਼ਠ ਮੂਲ ਤਤ੍ਵ ਮੰਨਿਆ ਜਾਂਦਾ ਹੈ, ਜਿਸ ਤੋਂ ਜਗਤ ਦੀ ਉਤਪੱਤੀ , ਸਥਿਤੀ ਅਤੇ ਲਯ ਸੰਪੰਨ ਹੁੰਦੀ ਹੈ।

            ਕਾਲ ਦੀ ਸਰਵ-ਸ੍ਰੇਸ਼ਠ ਤੱਤ੍ਵ ਦੇ ਰੂਪ ਵਿਚ ਪ੍ਰਤਿਸ਼ਠਾ ਅਥਰਵ-ਵੇਦ (19/54,63) ਦੇ ਦੋ ਸੂਕੑਤਾਂ ਵਿਚ ਹੋਈ ਹੈ। ਸਾਂਖੑਯ-ਦਰਸ਼ਨ , ਨਿਆਇ-ਦਰਸ਼ਨ, ਜੈਨ- ਮਤ , ਯੋਗ-ਦਰਸ਼ਨ ਅਤੇ ਵੇਦਾਂਤ ਵਿਚ ‘ਕਾਲ’ ਦੀ ਭਿੰਨ ਭਿੰਨ ਢੰਗਾਂ ਨਾਲ ਵਿਆਖਿਆ ਹੋਈ ਹੈ। ਵੈਸ਼ੇਸ਼ਿਕ-ਦਰਸ਼ਨ ਵਿਚ ਮੰਨੇ ਜਾਂਦੇ ਕੁਲ ਨੌਂ ਦ੍ਰਵੑਯਾਂ ਵਿਚੋਂ ਇਸ ਨੂੰ ਛੇਵੇਂ ਕ੍ਰਮ ਉਤੇ ਰਖਿਆ ਗਿਆ ਹੈ। ਇਹ ਸਾਰੀ ਕ੍ਰਿਆ, ਗਤੀ ਅਤੇ ਪਰਿਵਰਤਨ ਨੂੰ ਪੈਦਾ ਕਰਨ ਵਾਲੀ ਸ਼ਕਤੀ ਦੇ ਅਰਥ ਵਿਚ ਵਰਤਿਆ ਜਾਂਦਾ ਹੈ। ਸੱਤਵਾਂ ਦ੍ਰਵੑਯ ਦਿਕ (ਦਿਸ਼ਾ) ਇਸ ਨੂੰ ਸੰਤੁਲਿਤ ਕਰਦਾ ਹੈ।

            ‘ਵਿਸ਼ਣੂ-ਪੁਰਾਣ’ (1/2/14) ਵਿਚ ਕਾਲ ਨੂੰ ਪਾਰਬ੍ਰਹਮ ਦਾ ਰੂਪ ਕਿਹਾ ਗਿਆ ਹੈ। ‘ਹਾਰੀਤ’ (ਪ੍ਰਥਮ ਸਥਾਨ, ਅ.4) ਵਿਚ ਕਾਲ ਬਾਰੇ ਵਿਸਤਾਰ ਨਾਲ ਝਾਤ ਪਾਈ ਗਈ ਹੈ। ਉਥੇ ਦਸਿਆ ਗਿਆ ਹੈ ਕਿ ਕਾਲ ਤਿੰਨ ਪ੍ਰਕਾਰ ਦਾ ਹੈ—ਅਤੀਤ (ਭੂਤ), ਅਨਾਗਤ (ਭਵਿਸ਼) ਅਤੇ ਵਰਤਮਾਨ। ਸਾਰੇ ਦੇਵਤੇ, ਰਿਸ਼ੀ , ਸਿੱਧ ਆਦਿ ਉਸ ਦੇ ਵਸ ਵਿਚ ਹਨ। ਕਾਲ ਖ਼ੁਦ ਹੀ ਭਗਵਾਨ ਹੈ, ਸਾਖਿਆਤ ਪਰਮੇਸ਼੍ਵਰ ਹੈ। ਇਹ ਸ੍ਰਿਸ਼ਟੀ ਦਾ ਪਾਲਨ ਅਤੇ ਸੰਹਾਰ ਕਰਨ ਵਾਲਾ ਹੈ। ਜਗਤ ਦੀ ਉਤਪੱਤੀ ਕਰਨ ਵਾਲਾ ਕਾਲ, ਉਸ ਦਾ ਅੰਤ ਕਰਨ ਵਾਲਾ ਵੀ ਹੈ। ਉਹ ਪ੍ਰਤਿਪਾਲਕ ਵੀ ਹੈ। ‘ਭਾਗਵਤ- ਪੁਰਾਣ ’ (9/9/2) ਵਿਚ ਕਾਲ ਨੂੰ ਮ੍ਰਿਤੂ ਦਾ ਸਮਾਨ- ਅਰਥਕ ਸ਼ਬਦ ਦਸਿਆ ਗਿਆ ਹੈ।

            ਗੁਰਬਾਣੀ ਵਿਚ ਇਹ ਸਮੇਂ ਦੇ ਅਰਥ ਵਿਚ ਵਰਤਿਆ ਗਿਆ ਹੈ— ਹਰਿ ਸਿਮਰਤ ਕਾਟੈ ਸੋ ਕਾਲੁ (ਗੁ. ਗ੍ਰੰ.807)। ਗੁਰੂ ਅਰਜਨ ਦੇਵ ਜੀ ਨੇ ਵੀ ਆਸਾ ਰਾਗ ਵਿਚ ਇਸ ਨੂੰ ਮ੍ਰਿਤੂ ਦਾ ਵਾਚਕ ਮੰਨਦੇ ਹੋਇਆਂ ਲਿਖਿਆ ਹੈ— ਕਾਲ ਕੈ ਫਾਂਸਿ ਸਕਲ ਸਰੁ ਸਾਂਧਿਆ (ਗੁ.ਗ੍ਰੰ.390)। ਗੁਰੂ ਨਾਨਕ ਦੇਵ ਜੀ ਨੇ ਗਉੜੀ ਰਾਗ ਵਿਚ ਕਿਹਾ ਹੈ ਕਿ ਸੰਸਾਰ ਵਿਚ ਜੋ ਵੀ ਪੈਦਾ ਹੋਇਆ ਹੈ, ਉਸ ਦਾ ਕਾਲ ਨੇ ਸੰਘਾਰ ਕੀਤਾ ਹੈ। ਗੁਰੂ ਸ਼ਬਦ ਦੇ ਵਿਚਾਰ ਨਾਲ ਇਸ ਤੋਂ ਰਖਿਆ ਹੋ ਸਕਦੀ ਹੈ। ਦੇਵੀ ਦੇਵਤੇ ਮਾਇਆ ਦੇ ਪ੍ਰਭਾਵ ਅਧੀਨ ਹਨ। ਫਲਸਰੂਪ ਸਭ ਕਾਲ ਵਸ ਹਨ। ਗੁਰੂ ਦੀ ਸੇਵਾ ਤੋਂ ਬਿਨਾ ਕਾਲ ਤੋਂ ਬਚਿਆ ਨਹੀਂ ਜਾ ਸਕਦਾ— ਜੋ ਉਪਜੈ ਸੋ ਕਾਲਿ ਸੰਘਾਰਿਆ ਹਮ ਹਰਿ ਰਾਖੇ ਗੁਰ ਸਬਦੁ ਬੀਚਾਰਿਆ ਮਾਇਆ ਮੋਹੇ ਦੇਵੀ ਸਭਿ ਦੇਵਾ ਕਾਲੁ ਛਾਡੈ ਬਿਨੁ ਗੁਰ ਕੀ ਸੇਵਾ... ਹਿਰਦੈ ਸਾਚੁ ਵਸੈ ਹਰਿ ਨਾਇ ਕਾਲੁ ਜੋਹਿ ਸਕੈ ਗੁਣ ਗਾਇ (ਗੁ.ਗ੍ਰੰ.227)। ‘ਦਸਮ ਗ੍ਰੰਥ ’ ਵਿਚ ਵੀ ਇਸ ਦੀ ਮ੍ਰਿਤੂ ਦੇ ਅਰਥਾਂ ਵਿਚ ਵਰਤੋਂ ਹੋਈ ਹੈ। ‘ਬਚਿਤ੍ਰ ਨਾਟਕ ’ (ਅਧਿ. 1) ਵਿਚ ਲਿਖਿਆ ਹੈ—ਕਿਤੇ ਕ੍ਰਿਸਨ ਸੇ ਕੀਟ ਕੋਟੈ ਬਨਾਏ ਕਿਤੇ ਰਾਮ ਸੇ ਮੇਟਿ ਡਾਰੇ ਉਪਾਏ ਮਹਾਦੀਨ ਕੇਤੇ ਪ੍ਰਿਥੀ ਮਾਝਿ ਹੂਏ ਸਮੈ ਆਪਨੀ ਆਪਨੀ ਅੰਤਿ ਮੂਏ੨੭ ਜਿਤੇ ਅਉਲੀਆ ਅੰਬੀਆ ਹੋਇ ਬੀਤੇ ਤਿਤੑਯੋ ਕਾਲ ਜੀਤਾ ਤੇ ਕਾਲੇ ਜੀਤੇ ਜਿਤ ਰਾਮ ਸੇ ਕ੍ਰਿਸਨ ਹੁਇ ਬਿਸਨੁ ਆਏ ਤਿਤੑਯੋ ਕਾਲ ਖਾਪਿਓ ਤੇ ਕਾਲ ਘਾਏ੨੮


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 33027, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਕਾਲ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਾਲ (ਸੰ.। ਸੰਸਕ੍ਰਿਤ ਕਾਲ:) ੧. ਸਮਾਂ

੨. ਮੌਤ। ਯਥਾ-‘ਕਾਲ ਕੰਨਿਆ ਗ੍ਰਾਸਤੇ’, ਮੌਤ ਗ੍ਰਾਸ ਲੈਂਦੀ ਹੈ।

ਦੇਖੋ, ‘ਕਾਲਹਿ ਖਰਨਾ’, ‘ਕਾਲੁ ਬਿਕਾਲੁ’,

‘ਕਾਲੁ ਕੰਟਕੁ ’ ‘ਕਾਲ ਕੰਨਿਆ’

੩. ਜਮ। ਦੇਖੋ ,‘ਕਾਲ ਮੁਖਾ’,‘ਕਾਲ ਪੁਰਖ

੪. (ਸੰਪ੍ਰਦਾ) ਬ੍ਰਿਧ ਅਵਸਥਾ।

੫. (ਸੰਸਕ੍ਰਿਤ ਅਕਾਲ*ਪੰਜਾਬੀ ਕਾਲ) ਜਦੋਂ ਅੰਨ ਦਾਣਾ ਮਹਿਂਗਾ ਹੋਵੇ।

----------

* ਪੰਜਾਬੀ ਵਿਚ ਐਸੇ ਐੜੇ ਕਈ ਵੇਰ ਬੋਲਣੋਂ ਗਿਰ ਜਾਂਦੇ ਹਨ, ਜਿਸ ਤਰ੍ਹਾਂ ਅਕਾਲ ਦਾ ਕਾਲ। ਅਦੇਵ (=ਭੂਤਨਾ) ਦਾ ਬੋਲਦੇ ਹਨ, ਦੇਵ ਯਾ ਦੇਉ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 33024, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਾਲ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਾਲ : ਕਾਲ ਦਾ ਅਰਥ ਸਮਾਂ ਹੈ। ਯਮ ਰਾਜ ਇਕ ਨਾਂ ਜੋ ਮਿਰਤਕ ਪ੍ਰਾਣੀਆਂ ਨਾਲ ਨਿਆਂ ਕਰਦਾ ਹੈ। ਅਥਰਵੇਦ ਵਿਚ ‘ਕਾਲ’ ਨੂੰ ਸਾਰੀਆਂ ਹੀ ਵਸਤਾਂ ਦਾ ਸ੍ਰੋਤ ਤੇ ਸ਼ਾਸਕ ਮੰਨ ਕੇ ਸੰਬੋਧਨ ਕੀਤਾ ਗਿਆ ਹੈ। ਉਸ ਵਿਚ ਲਿਖਿਆ ਹੈ, ‘ਇਹ ਉਹ ਹੈ ਜਿਸ ਨੇ ਸਾਰੇ ਸੰਸਾਰਾਂ ਨੂੰ ਸਾਜਿਆ ਅਤੇ ਉਨ੍ਹਾਂ ਉਤੇ ਛਾ ਗਿਆ। ਉਨ੍ਹਾਂ ਦਾ ਪਿਤਾ ਹੁੰਦਾ ਹੋਇਆ ਵੀ ਇਹ ਉਨ੍ਹਾਂ ਦਾ ਪੁੱਤਰ ਬਣ ਗਿਆ। ਇਸ ਨਾਲੋਂ ਵੱਧਕੇ ਸੰਸਾਰ ਵਿਚ ਕੋਈ ਵੀ ਸ਼ਕਤੀ ਨਹੀਂ।’ ਵਿਸ਼ਣੂ, ਭਾਗਵਤ ਤੇ ਪਦਮ ਪੁਰਾਣ ਵਿਚ ਬ੍ਰਹਮਾ ਹੀ ਕਾਲ ਦੇ ਰੂਪ ਵਿਚ ਰਹਿੰਦਾ ਹੈ, ਪਰ ‘ਆਮ ਤੌਰ ਤੇ ਪੁਾਣ ‘ਕਾਲ’ ਨੂੰ ਸ੍ਰਿਸ਼ਿਟੀ ਦਾ ਮੂਲ ਕਾਰਨ ਨਹੀਂ ਮੰਨਦੇ।’

          ਹ. ਪੁ.––ਹਿੰ. ਮਿ. ਕੋ. 184.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 25427, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-24, ਹਵਾਲੇ/ਟਿੱਪਣੀਆਂ: no

ਕਾਲ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕਾਲ :  ‘ਕਾਲ' ਦਾ ਸ਼ਾਬਦਿਕ ਅਰਥ ਸਮਾਂ ਹੈ। ‘ਕਾਲ' ਯਮਰਾਜ ਦਾ ਇਕ ਨਾਂ ਹੈ ਜੋ ਮ੍ਰਿਤਕ ਪ੍ਰਾਣੀਆਂ ਨਾਲ ਨਿਆਂ ਕਰਦਾ ਹੈ। ਅਥਰਵ ਵੇਦ ਵਿਚ ‘ਕਾਲ' ਨੂੰ ਸਾਰੀਆਂ ਵਸਤਾਂ ਦਾ ਸਰੋਤ ਤੇ ਸ਼ਾਸਕ ਸੰਬੋਧਤ ਕੀਤਾ ਗਿਆ ਹੈ। ਅਥਰਵਵੇਦ  ਅਨੁਸਾਰ ‘‘ਕਾਲ ਉਹ ਹੈ ਜਿਸ ਨੇ ਸਾਰੇ ਸੰਸਾਰ ਨੂੰ ਸਾਜਿਆ ਤੇ ਉਸ ਉਤੇ ਛਾ ਗਿਆ।ਇਸ ਨਾਲੋਂ ਵੱਡੀ ਸੰਸਾਰ ਵਿਚ ਕੋਈ ਹੋਰ ਸ਼ਕਤੀ ਨਹੀਂ''। ਵਿਸ਼ਣੂ, ਭਾਗਵਤ ਤੇ ਪਦਮ ਪੁਰਾਣ ਅਨੁਸਾਰ ਬ੍ਰਹਮਾ ਹੀ ਕਾਲ ਦੇ ਰੂਪ ਵਿਚ ਰਹਿੰਦਾ ਹੈ।

 ਜਦੋਂ ਲੰਬਾ ਸਮਾਂ ਬਾਰਸ਼ ਨਾ ਹੋਣ ਕਰ ਕੇ ਧਰਤੀ ਉੱਪਰ ਸੋਕਾ ਪੈ ਜਾਵੇ, ਕੋਈ ਫ਼ਸਲ ਨਾ ਹੋਵੇ ਤਾਂ ਇਸ ਨੂੰ ਵੀ ‘ਕਾਲ' ਆਖਿਆ ਜਾਂਦਾ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 20534, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-27-02-34-36, ਹਵਾਲੇ/ਟਿੱਪਣੀਆਂ: ਹ. ਪੁ. –ਹਿੰ. ਮਿ. ਕੋ. : 184; ਮ. ਕੋ. : 323; ਚ. ਕੋ.

ਕਾਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਲ, (ਸੰਸਕ੍ਰਿਤ) \ ਪੁਲਿੰਗ : ੧. ਸਮਾਂ, ਸਮੇਂ ਦਾ ਭਾਗ, ਵਕਤ, ਜ਼ਮਾਨਾ, ਮੌਸਮ, ਵੇਲਾ; ੨. ਮੌਕਾ, ਠੀਕ ਢੁਕਵਾਂ ਸਮਾਂ; ੩. ਉਮਰ; ੪. ਭਾਗ, ਕਿਸਮਤ, ਨਸੀਬ; ੫. ਮੌਤ, ਮੌਤ ਦਾ ਸਮਾਂ, ਅੰਤ, ਆਖ਼ਰੀ ਸਮਾਂ, ਮੌਤ ਦਾ ਵਕਤ, ਅੰਤ ਸਮਾਂ; ੬. ਮੌਤ ਦਾ ਫਰਿਸ਼ਤਾ, ਜਮ; ੭. ਸਮੇਂ ਦਾ ਦੇਵਤਾ; ੮. ਖ਼ਾਨੇ ਦਾ ਸਮਾਂ; ੯. ਵਿਆਕਰਣ ਅਨੁਸਾਰ ਕਿਰਿਆ ਦੇ ਵਾਪਰਨ ਦਾ ਤਿੰਨਾਂ ਵਿਚੋਂ ਕੋਈ ਸਮਾਂ (ਭੂਤ, ਵਰਤਮਾਨ, ਭਵਿੱਖਤ)

–ਕਾਲ ਅਗਨੀ, ਇਸਤਰੀ ਲਿੰਗ :  ਉਹ ਅੱਗ ਜਿਹੜੀ ਸਮੇਂ ਦੇ ਅੰਤ ਤੇ ਸਭ ਨੂੰ ਭਸਮ ਕਰ ਦੇਵੇਗੀ, ਪਰਲੋ ਦੀ ਅੱਗ

–ਕਾਲ ਸੂਤਰ, ਪੁਲਿੰਗ : ੧. ਸਮੇਂ ਜਾਂ ਮੌਤ ਦਾ ਧਾਗਾ; ੨. ੨੧ ਨਰਕਾਂ ਵਿਚੋਂ ਇੱਕ ਨਰਕ

–ਕਾਲ ਆਉਣਾ, ਮੁਹਾਵਰਾ : ਮੌਤ ਆਉਣੀ, ਮੌਤ ਦਾ ਸਮਾਂ ਨੇੜੇ ਆਉਣਾ

–ਕਾਲਸ਼ਕਤੀ, ਇਸਤਰੀ ਲਿੰਗ : ੧. ਸਰਬ ਨਾਸ਼ਕ, ਸਮੇਂ ਦੀ ਤਾਕਤ; ੨. ਅਕਾਲ ਸ਼ਕਤੀ

–ਕਾਲ ਸਭ ਨੂੰ ਖਾਈਂ ਬੈਠਾ ਹੈ, ਅਖੌਤ : ਸਭ ਨੇ ਇੱਕ ਦਿਨ ਮਰਨਾ ਹੈ

–ਕਾਲ ਕੱਟਣਾ, ਮੁਹਾਵਰਾ : ਸਮਾਂ ਲੰਘਾਉਣਾ, ਬੁਰੇ ਦਿਨ ਗੁਜ਼ਾਰਨੇ

–ਕਾਲ ਕਰ ਜਾਣਾ, ਮੁਹਾਵਰਾ : ਮਰ ਜਾਣਾ

–ਕਾਲ ਕੂਕਣਾ (ਸਿਰ ਤੇ), ਮੁਹਾਵਰਾ : ਮੌਤ ਦਾ ਸਿਰ ਤੇ ਹੋਣਾ, ਅੰਤਮ ਦਿਨਾਂ ਤੇ ਹੋਣਾ

–ਕਾਲ ਗਤੀ, ਇਸਤਰੀ ਲਿੰਗ : ਕਾਲ ਚੱਕਰ

–ਕਾਲ ਚੱਕਰ, ਪੁਲਿੰਗ : ਸਮੇਂ ਦਾ ਫੇਰ, ਜ਼ਮਾਨੇ ਦੀ ਗਰਦਸ਼

–ਕਾਲ ਜਾਲ, ਵਿਸ਼ੇਸ਼ਣ : ਕਾਲ ਦੀ ਫਾਹੀ; ‘ਕਾਲ ਜਾਲ ਜਮ ਜੋਹਿ ਨਾ ਸਕੈ’  (ਵਡਹੰਸ ਛੰਤ ਮਹਲਾ ੩)

–ਕਾਲ ਟਲੇ, ਕਲਾਲ ਨਾ ਟਲੇ, ਅਖੌਤ : ਮੌਤ ਮੁਮਕਨ ਹੈ ਟਲ ਜਾਏ ਪਰ ਲਹਿਣੇਦਾਰ ਕਲਾਲ ਨਹੀਂ ਟਲ ਸਕਦਾ

–ਕਾਲ ਡੰਡਾ, ਪੁਲਿੰਗ : ਮੌਤ ਦਾ ਸੋਟਾ, ਜਮ ਦਾ ਡੰਡਾ, ਮੌਤ

–ਕਾਲਦੂਤ, ਪੁਲਿੰਗ : ਮੌਤ ਦਾ ਫਰਿਸ਼ਤਾ, ਯਮਰਾਜ, ਜਮਕਾਲ

–ਕਾਲ ਦੀ ਬਧੀ ਨਾ ਮੰਗਿਆ ਤੇ ਬਾਲ ਦੀ ਬਧੀ ਨੇ ਮੰਗਿਆ, ਅਖੌਤ :  ਜਦ ਕੋਈ ਔਰਤ ਆਪਣੇ ਬੱਚੇ ਦੀ ਕਿਸੇ ਅੜੀ ਤੋਂ ਤੰਗ ਆ ਕੇ ਕਿਸੇ ਕੋਲੋਂ ਕੋਈ ਚੀਜ਼ ਮੰਗੇ ਤਾਂ ਕਹਿੰਦੇ ਹਨ, ਜਦ ਕੋਈ ਔਰਤ ਬਾਲ ਦੀ ਅੜੀ ਤੋਂ ਡਰਦੀ ਹੋਈ ਕੋਈ ਅਜੇਹਾ ਕੰਮ ਕਰੇ ਜੋ ਉਹ ਨਾ ਕਰਨਾ ਚਾਹੁੰਦੀ ਹੋਵੇ ਤਾਂ ਕਹਿੰਦੇ ਹਨ

–ਕਾਲ ਦੇ ਹੱਥ ਕਮਾਨ, ਬੁੱਢਾ ਛੱਡੇ ਨਾ ਜਵਾਨ, ਅਖੌਤ : ਮੌਤ ਤੋਂ ਕੋਈ ਨਹੀਂ ਬਚਦਾ

–ਕਾਲ ਧਰਮ, ਪੁਲਿੰਗ : ਸਮੇਂ ਦਾ ਨੇਮ, ਮੌਤ

–ਕਾਲ ਨਾਥ, ਪੁਲਿੰਗ : ਕਾਲ ਦਾ ਮਾਲਕ, ਸ਼ਿਵ ਜੀ

–ਕਾਲਫਾਸ, ਪੁਲਿੰਗ : ਮੌਤ ਦਾ ਫੰਦਾ

–ਕਾਲਬੱਸ, ਵਿਸ਼ੇਸ਼ਣ : ਕਾਲਵੱਸ, ਮੌਤ ਦੇ ਪੰਜੇ ਵਿੱਚ

–ਕਾਲ ਬੱਸ ਹੋਣਾ, ਮੁਹਾਵਰਾ : ਮੌਤ ਦੇ ਪੰਜੇ ਵਿੱਚ ਹੋਣਾ, ਕਾਲਵੱਸ ਹੋਣਾ, ਮਰ ਜਾਣਾ

–ਕਾਲ ਬਿਤਾਉਣਾ, ਮੁਹਾਵਰਾ : ਸਮਾਂ ਲੰਘਾਉਣਾ, ਸਮਾਂ ਜਾਇਆ ਕਰਨਾ, ਕਾਲ ਕੱਟਣਾ

–ਕਾਲ ਰਾਤ (ਰਾਤਰੀ), ਇਸਤਰੀ ਲਿੰਗ : ਭਿਆਣਕ ਤੇ ਅੰਤਲੀ ਰਾਤ, ਪਰਲੋ ਦੀ ਰਾਤ, ਮਨੁਸ਼ ਦੇ ਜੀਵਨ ਵਿੱਚ ਇੱਕ ਖ਼ਾਸ ਰਾਤ ਅਥਵਾ ਉਮਰ ਦੇ ੭੭ਵੇਂ ਸਾਲ ਦੇ ਸਤਵੇਂ ਮਹੀਨੇ ਦੀ ਸਤਵੀਂ ਰਾਤ ਜਿਸ ਤੋਂ ਪਿਛੋਂ ਮਨੁਸ਼ ਨੂੰ ਧਰਮ-ਕਰਮ ਦੀ ਲੋੜ ਨਹੀਂ ਰਹਿੰਦੀ

–ਕਾਲਵੱਸ, ਵਿਸ਼ੇਸ਼ਣ : ਕਾਲਵੱਸ, ਮੌਤ ਦੇ ਪੰਜੇ ਵਿੱਚ

–ਕਾਲਵੱਸ ਹੋਣਾ, ਮੁਹਾਵਰਾ : ਮਰ ਜਾਣਾ

–ਕਾਲਵਾਚਕ, ਵਿਸ਼ੇਸ਼ਣ : ਵਿਆਕਰਣ ਵਿੱਚ ਕਾਲ ਨੂੰ ਦਰਸਾਉਣ ਵਾਲਾ, ਕਾਲਵਾਚੀ

–ਕਾਲਵਾਚੀ, ਵਿਸ਼ੇਸ਼ਣ : ਵਿਆਕਰਣ ਵਿੱਚ ਕਾਲ ਨੂੰ ਦਰਸਾਉਣ ਵਾਲਾ, ਕਾਲਵਾਚਕ

–ਕਾਲ ਵੇਲਾ, ਪੁਲਿੰਗ : ੧. ਮਨਹੂਸ ਸਮਾਂ, ਮੌਤ ਦੀ ਘੜੀ

–ਕਾਲੀਨ, ਵਿਸ਼ੇਸ਼ਣ : ਕਾਲ ਸਬੰਧੀ, ਸਮੇਂ ਨਾਲ ਸਬੰਧਤ

–ਆਧੁਨਿਕ ਕਾਲ, ਪੁਲਿੰਗ : ਵਰਤਮਾਨ ਸਮਾਂ, ਮੱਧ ਕਾਲ (੧੬ਵੀਂ ਸਦੀ ਈਸਵੀ ਤੋਂ ਪਿਛੋਂ ਦਾ ਸਮਾਂ)

–ਸਾਇੰ (ਸਾਈਂ) ਕਾਲ, ਪੁਲਿੰਗ : ਸੰਝ, ਸ਼ਾਮ, ਆਥਣ

–ਜਮਕਾਲ, ਪੁਲਿੰਗ : ਮੌਤ ਦਾ ਦੂਤ, ਯਮਦੂਤ, ਕਾਲਦੂਤ

–ਪਰਾਚੀਨ ਕਾਲ, ਪੁਲਿੰਗ : ਪੁਰਾਤਨ ਕਾਲ, ੫00 ਈਸਵੀ ਤੋਂ ਪਹਿਲਾਂ ਦਾ ਕਾਲ

–ਪਰਾਤਾ (ਪ੍ਰਾਤਾ) ਕਾਲ, ਪੁਲਿੰਗ : ਤੜਕਾ, ਸਵੇਰਾ, ਪਰਭਾਤ, ਸੁਬ੍ਹਾ, ਅੰਮ੍ਰਿਤ ਵੇਲਾ

–ਪੁਰਾਤਨ ਕਾਲ, ਪੁਲਿੰਗ : ਪਰਾਚੀਨ ਕਾਲ

–ਮੱਧਕਾਲ, ਪੁਲਿੰਗ : ਪੁਰਾਤਨ ਤੇ ਵਰਤਮਾਨ ਕਾਲ ਦੇ ਵਿਚਕਾਰਲਾ ਸਮਾਂ, ਇਹ ਲਗਭਗ ਪੰਜਵੀਂ ਸਦੀ ਤੋਂ ਲੈ ਕੇ ੧੫ਵੀਂ ਸਦੀ ਈਸਵੀ ਤਕ ਮੰਨਿਆ ਜਾਂਦਾ ਹੈ

–ਮਹਾਂਕਾਲ, ਪੁਲਿੰਗ : ਧਰਮਰਾਜ, ਕਾਲ ਦਾ ਦੇਵਤਾ; ‘ਮਹਾਂਕਾਲ ਰਖਵਾਰ ਹਮਾਰੋ’ (ਕ੍ਰਿਸ਼ਨਾਵ)

–ਭਵਿੱਖਤ ਕਾਲ, ਪੁਲਿੰਗ : ਆਉਣ ਵਾਲਾ ਸਮਾਂ, ਜ਼ਮਾਨਾ ਮੁਸਤਕਬਿਲ, Future tense

–ਭੂਤ ਕਾਲ, ਪੁਲਿੰਗ : ਗੁਜ਼ਰ ਚੁਕਿਆ ਸਮਾਂ, ਬੀਤ ਚੁਕਿਆ ਵਕਤ, ਮਾਜ਼ੀ, Past tense

–ਵਰਤਮਾਨ ਕਾਲ, ਪੁਲਿੰਗ : ਮੌਜੂਦਾ ਵਕਤ, ਬੀਤ ਰਿਹਾ ਸਮਾਂ, ਜ਼ਮਾਨਾ ਹਾਲ, Present tense


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5794, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-21-12-31-18, ਹਵਾਲੇ/ਟਿੱਪਣੀਆਂ:

ਕਾਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਲ, (ਸੰਸਕ੍ਰਿਤ : काल=ਕਾਲਾ<कल्) \ ਵਿਸ਼ੇਸ਼ਣ : ਕਾਲਾ, ਪੁਲਿੰਗ : ਕਾਲਾ ਰੰਗ

–ਕਾਲ ਸਰਪ, ਪੁਲਿੰਗ : ਕਾਲਾ ਸੱਪ, ਨਾਗ

–ਕਾਲ ਸਾਲੀ, ਪੁਲਿੰਗ : ਕਾਲੇ ਚਾਵਲਾਂ ਦੀ ਇੱਕ ਕਿਸਮ

–ਕਾਲ ਕਰੀਚੀ, ਕਾਲ ਕਲਿਚੀ, ਕਾਲ ਕਲੀਚੀ, ਕਾਲ ਕੜਛੀ, ਇਸਤਰੀ ਲਿੰਗ : ਲੰਮੀ ਪੂਛ ਵਾਲੀ ਕਾਲੇ ਰੰਗ ਦੀ ਚਿੜੀ, ਕਲਚੀਟ

–ਕਾਲਗਾਂਡੀਆ, ਕਾਲਾ ਕਲੋਟਾ ਆਦਮੀ

–ਕਾਲਚੂ, ਵਿਸ਼ੇਸ਼ਣ : ਕਾਲੇ ਰੰਗ ਦਾ (ਘ੍ਰਿਣਾ ਵਾਚਕ)

–ਕਾਲੰਜਨੀ, ਪੁਲਿੰਗ : ਇੱਕ ਬੂਟੀ ਜਿਹੜੀ ਦਸਤ ਆਵਰ ਹੁੰਦੀ ਹੈ

–ਕਾਲਜੀਭਾ, ਵਿਸ਼ੇਸ਼ਣ : ਜਿਸ ਦੇ ਮੂੰਹੋਂ ਨਿਕਲੀ ਭੈੜੀ ਗਲ ਪੂਰੀ ਹੋ ਜਾਵੇ, ਜੋ ਸਿਫਤ ਕਰੇ ਤਦ ਵੀ ਨੁਕਸਾਨ ਪਹੁੰਚੇ, ਕਲਜੀਭਾ

–ਕਾਲਜੀਭੀ, ਇਸਤਰੀ ਲਿੰਗ

–ਕਾਲ ਦੇਉ, ਪੁਲਿੰਗ : ੧. ਕਾਲਾ ਤੇ ਮਜ਼ਬੂਤ ਆਦਮੀ; ੨. ਇੰਦਰ ਸਭਾ ਦਾ ਇੱਕ ਦੇਉ ਜੋ ਗੁਲਫ਼ਾਮ ਤੇ ਸਬਜ਼ਪਰੀ ਦਾ ਹਮਾਇਤੀ ਹੈ

–ਕਾਲ ਪਰਬਤ, ਪੁਲਿੰਗ : ਇੱਕ ਪਹਾੜ

–ਕਾਲ ਪੁਸ਼ਪ,  ਪੁਲਿੰਗ : ਇੱਕ ਪੌਦਾ

–ਕਾਲ ਭਰਾਵਾਂ, ਵਿਸ਼ੇਸ਼ਣ : ਥੋੜਾ ਥੋੜਾ ਕਾਲਾ, ਕਾਲਾ ਜੇਹਾ

–ਕਾਲ ਨੇਤਰਾ, ਵਿਸ਼ੇਸ਼ਣ : ਕਾਲੀਆਂ ਅੱਖਾਂ ਵਾਲਾ

–ਕਾਲਮੁਖਾ, ਵਿਸ਼ੇਸ਼ਣ : ਕਾਲੇ ਚਿਹਰੇ ਵਾਲਾ

–ਕਾਲਮੂਹਾਂ, ਵਿਸ਼ੇਸ਼ਣ / ਪੁਲਿੰਗ : ਕਾਲੇ ਮੂੰਹ ਵਾਲਾ (ਆਦਮੀ), ਕਲਮੂੰਹਾਂ

–ਕਾਲ ਲੋਚਨ, ਵਿਸ਼ੇਸ਼ਣ : ਕਾਲੀਆਂ ਅੱਖਾਂ ਵਾਲਾ;  ਪੁਲਿੰਗ : ਇੱਕ ਦੈਂਤ ਦਾ ਨਾਂ

–ਕਾਲ ਵੇਲਾ, ਪੁਲਿੰਗ : ਦਿਨ ਦਾ ਇੱਕ ਖ਼ਾਸ ਸਮਾਂ ਜਦ ਕਿ ਕੋਈ ਵੀ ਧਰਮ ਕਰਮ ਕਰਨਾ ਉਚਿਤ ਨਹੀਂ ਹੁੰਦਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5792, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-21-02-06-01, ਹਵਾਲੇ/ਟਿੱਪਣੀਆਂ:

ਕਾਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਲ, कल्य√कल्; ਪਾਲੀ, ਪ੍ਰਾਕ੍ਰਿਤ : कल्लम कलिंह; ਕਸ਼ਮੀਰੀ, ਕਾਲ; ਬੰਗਾਲੀ; ਕਾਲ; ਉੜੀਆ, ਕਾਲਾ; ਗੁਜਰਾਤੀ : ਕਾਲੇ; ਹਿੰਦੀ : कल; ਸਿੰਧੀ : ਕਲ੍ਹ)  \ ਇਸਤਰੀ ਲਿੰਗ : ਬੀਤ ਚੁੱਕੀ ਭਲਕ, ਉਹ ਦਿਨ ਜਿਹੜਾ ਬੀਤ ਚੁੱਕਾ ਹੋਵੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5031, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-21-03-36-52, ਹਵਾਲੇ/ਟਿੱਪਣੀਆਂ:

ਕਾਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਲ, (ਸੰਸਕ੍ਰਿਤ : अकाल=ਭੈੜਾ ਜਾਂ ਅਯੋਗ ਸਮਾਂ) \ ਪੁਲਿੰਗ : ਕਹਿਤ, ਅਣਾਈ, ਥੁੜ, ਅਨਾਜ ਆਦਿ ਨਾ ਮਿਲਣ ਦਾ ਭਾਵ, ਖਾਣ ਪੀਣ ਦੀਆਂ ਚੀਜ਼ਾਂ ਦਾ ਘਾਟਾ, ਕਿਸੇ ਚੀਜ਼ ਦਾ ਘਾਟਾ, ਕਿਸੇ ਚੀਜ਼ ਦੇ ਨਾ ਮਿਲਣ ਜਾਂ ਦੁਰਲੱਭ ਹੋ ਜਾਣ ਦਾ ਭਾਵ

–ਕਾਲ ਕੱਟਣਾ, ਮੁਹਾਵਰਾ : ਔਖੇ ਦਿਨ ਕੱਟਣਾ, ਸਮਾਂ ਲੰਘਾਉਣਾ

–ਕਾਲ ਨਿਕਲ ਜਾਵੇਗਾ ਕਲੀਖਾਂ ਨਹੀਂ, ਅਖੌਤ : ਜਦ ਇਹ ਦੱਸਣਾ ਹੋਵੇ ਕਿ ਔਖਾ ਵੇਲਾ ਤਾਂ ਲੰਘ ਜਾਂਦਾ ਹੈ ਪਰ ਭੈੜੇ ਬੰਦੇ ਨਾਲ ਗੁਜ਼ਾਰਾ ਕਰਨਾ ਔਖਾ ਹੈ ਤਾਂ ਕਹਿੰਦੇ ਹਨ

–ਕਾਲ ਨਿਕਲਣਾ, ਮੁਹਾਵਰਾ : ਭੁਖ ਦੂਰ ਹੋਣੀ, ਗ਼ਰੀਬੀ ਅਤੇ ਦਰਿਦਰ ਦਾ ਜਾਂਦੇ ਰਹਿਣਾ

–ਕਾਲਪਾਤਰ, ਵਿਸ਼ੇਸ਼ਣ / ਪੁਲਿੰਗ : ਕਹਿਤ ਦਾ ਮਾਰਿਆ ਹੋਇਆ, ਕਾਲ ਪੀੜਤ

–ਕਾਲ ਪੈਣਾ, ਮੁਹਾਵਰਾ : ਕਹਿਤ ਪੈਣਾ, ਖਾਣ ਪੀਣ ਦੀ ਕਮੀ ਹੋ ਜਾਣਾ

–ਕਾਲ ਵੇਲਾ, ਪੁਲਿੰਗ : ਅਯੋਗ ਜਾਂ ਅਸ਼ੁਭ ਸਮਾਂ, ਭੈੜਾ ਵਕਤ

–ਰਾਜੇ ਦੇ ਘਰ ਮੋਤੀਆਂ ਦਾ ਕੀ ਕਾਲ, ਅਖੌਤ : ਭਾਵ ਅਮੀਰਾਂ ਦੇ ਘਰ ਧਨ ਦੀ ਘਾਟ ਨਹੀਂ ਹੁੰਦੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5791, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-21-03-37-07, ਹਵਾਲੇ/ਟਿੱਪਣੀਆਂ:

ਕਾਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਲ, (ਅੰਗਰੇਜ਼ੀ : Call, ਟਾਕਰी, ਅਰਬੀ : ਕੌਲ=ਕਹਿਣਾ) \ ਇਸਤਰੀ ਲਿੰਗ : ਬੁਲਾਵਾ, ਸੱਦਾ, ਸੰਦੇਸ਼ਾ

–ਕਾਲਬੈੱਲ, ਇਸਤਰੀ ਲਿੰਗ : ਬੁਲਾਉਣ ਦੀ ਘੰਟੀ, Call bell


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5030, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-21-03-37-25, ਹਵਾਲੇ/ਟਿੱਪਣੀਆਂ:

ਕਾਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਲ, (ਅਰਬੀ : ਕ़ਾਲਾ= ਉਸ ਨੇ ਕਿਹਾ<√ਕੌਲ=ਕਹਿਣਾ) \ ਪੁਲਿੰਗ : ਕਹੀ ਹੋਈ ਗੱਲ, ਕਥਨ, ਕਹਾਵਤ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5896, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-21-03-37-38, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First