ਕਾਲਕੀ ਕਿਰਿਆ ਸਰੋਤ : 
    
      ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
      
           
     
      
      
      
        ਕਾਲਕੀ ਕਿਰਿਆ: ਇਹ ਸੰਕਲਪ  ਵਿਆਕਰਨਕ ਵਿਆਖਿਆ ਲਈ ਵਰਤਿਆ ਜਾਂਦਾ ਹੈ। ਰੂਪ  ਦੀ ਦਰਿਸ਼ਟੀ ਤੋਂ ਸਾਰੇ ਵਿਕਾਰੀ ਸ਼ਬਦ  ਵਿਆਕਰਨਕ ਸ਼ਰੇਣੀਆਂ  ਅਨੁਸਾਰ ਰੂਪਾਂਤਰਤ ਹੁੰਦੇ ਹਨ ਅਤੇ  ਅਵਿਕਾਰੀ ਸ਼ਬਦ  ਰੂਪਾਂਤਰਤ ਨਹੀਂ ਹੁੰਦੇ। ਰੂਪਾਂਤਰ ਦੇ ਪੱਖ  ਤੋਂ ਪੰਜਾਬੀ  ਦੀ ਸਾਰੀ ਕਿਰਿਆ  ਸ਼ਬਦਾਵਲੀ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : (i) ਕਾਲਕੀ ਅਤੇ (ii) ਅਕਾਲਕੀ। ਉਨ੍ਹਾਂ ਸਾਰੇ ਕਿਰਿਆ ਰੂਪਾਂ ਨੂੰ ਕਾਲਕੀ ਕਿਰਿਆ ਰੂਪ ਕਿਹਾ ਜਾਂਦਾ ਹੈ ਜੋ ਘੱਟੋ ਘੱਟ ਇਕ ਵਿਆਕਰਨਕ ਸ਼ਰੇਣੀ  (ਲਿੰਗ, ਵਚਨ, ਪੁਰਖ, ਕਾਲ, ਆਸਪੈਕਟ  ਆਦਿ) ਅਨੁਸਾਰ ਰੂਪਾਂਤਰਤ ਹੁੰਦੇ ਹੋਣ। ਦੂਜੇ  ਪਾਸੇ ਜਿਹੜੇ ਕਿਰਿਆ ਰੂਪ, ਰੂਪਾਂਤਰਤ ਨਹੀਂ ਹੁੰਦੇ ਉਨ੍ਹਾਂ ਨੂੰ ਅਕਾਲਕੀ ਦੀ ਸੂਚੀ ਵਿਚ ਰੱਖਿਆ ਜਾਂਦਾ ਹੈ। ਹਰ ਕਿਰਿਆ ਰੂਪ ਧਾਤੂ  ਜਾਂ ਮੂਲ ਰੂਪ ਵਿਚ ਅਕਾਲਕੀ ਹੁੰਦਾ ਹੈ। ਇਸ ਮੂਲ ਰੂਪ ਨਾਲ  ਲੱਗਣ ਵਾਲੇ  ਅੰਤਕ ਹੀ ਇਸ ਦਾ ਕਾਲਕੀ ਜਾਂ ਅਕਾਲਕੀ ਸਰੂਪ ਨਿਸ਼ਚਤ ਕਰਦੇ ਹਨ। ਜਿਵੇਂ : ‘ਉਹ ਜਾ ਰਿਹਾ ਹੈ, ਉਹ ਜਾ ਰਹੀ ਹੈ, ਉਹ ਜਾ ਰਹੀਆਂ ਹਨ, ਉਹ ਜਾਂਦੇ ਹਨ, ਉਹ ਜਾਂਦੀਆਂ ਹਨ’, ਵਿਚ ‘ਜਾ’ ਨਾਲ ਲੱਗਣ ਵਾਲੇ ਅੰਤਕ ਰੂਪਾਂਤਰਨ ਦਰਸਾਉਣ ਵਾਲੇ ਹਨ ਇਸ ਲਈ ਇਨ੍ਹਾਂ ਕਿਰਿਆ ਰੂਪਾਂ ਨੂੰ ਕਾਲਕੀ ਕਿਰਿਆ ਰੂਪ ਆਖਿਆ ਜਾਂਦਾ ਹੈ ਪਰ  ਦੂਜੇ ਪਾਸੇ ‘ਉਹ ਜਾਕੇ, ਉਹ ਜਾਣ, ਉਹ ਜਾਣੋ, ਪਿੰਡ  ਜਾਂਦਿਆਂ’ ਆਦਿ ਕਿਰਿਆ ਰੂਪਾਂ ਦਾ ਰੂਪਾਂਤਰਨ ਨਹੀਂ ਹੁੰਦਾ। ਇਸ ਪਰਕਾਰ ਦੇ ਕਿਰਿਆ ਰੂਪਾਂ ਨੂੰ ਅਕਾਲਕੀ ਕਿਰਿਆ  ਰੂਪ ਕਿਹਾ ਜਾਂਦਾ ਹੈ। ਪੰਜਾਬੀ ਕਾਲਕੀ ਕਿਰਿਆ ਰੂਪਾਂ ਦੀ ਰੂਪਾਵਲੀ ਦੀ ਸਿਰਜਨਾ ਧਾਤੂ ਨਾਲ ਲੱਗੇ ਕਾਲਕੀ ਅੰਤਕਾਂ ’ਤੇ ਨਿਰਭਰ ਕਰਦੀ ਹੈ। ਹਰ ਅੰਤਕ ਰੂਪ (Ending-form) ਵਾਕ  ਵਿਚ ਵਿਚਰਨ ਵਾਲੇ ਸ਼ਬਦ  ਰੂਪਾਂ ਦੇ ਵਿਆਕਰਨਕ ਸਰੂਪ ਨੂੰ ਕਿਰਿਆ ਰੂਪ ਰਾਹੀਂ ਉਘਾੜਦਾ ਹੈ ਅਤੇ ਕਿਰਿਆ ਤੋਂ ਪਹਿਲਾਂ  ਵਿਚਰਨ ਵਾਲੇ ਸ਼ਬਦ ਰੂਪਾਂ ਦੇ ਵਿਆਕਰਨਕ ਲੱਛਣਾਂ ਦਾ ਵਾਹਕ ਬਣਦਾ ਹੈ। ਪੰਜਾਬੀ ਦੀਆਂ ਕਾਲਕੀ ਕਿਰਿਆਵਾਂ ਦੀ ਰੂਪਾਵਲੀ ਕਿਰਿਆ ਅੰਤਕਾਂ ਦੇ ਸੰਯੋਗ ਨਾਲ ਇਸ ਪਰਕਾਰ ਬਣਦੀ ਹੈ, ਜਿਵੇਂ : ‘ਲਿਖ’ ਧਾਤੂ ਰੂਪ ਹੈ, ਇਸ ਦੇ ਕਾਲਕੀ ਰੂਪ ਇਹ ਹਨ :
	        ਲਿਖ, -ਣਾ, -ਣੀ, -ਣੇ, -ਣੀਆਂ
	         -ਦਾ, -ਦੀ, -ਦੇ, -ਦੀਆਂ
	        -ਇਆ, -ਈ, -ਏ, -ਈਆਂ
	        -ਈਦਾ, -ਈਦੀ, -ਈਦੇ, -ਈਦੀਆਂ
	        -ਆਂ, -ਏਂ, -ਏ, -ਈਏ, -ਓ
	        -ਊ, -ਊਂ, -ਈਂ, -ਇਓ
	        -ਆਂਗਾ, -ਆਂਗੀ, -ਏਂਗਾ, -ਏਂਗੀ, -ਏਗਾ, -ਏਗੀ
	        -ਆਂਗੇ, -ਆਂਗੀਆਂ, -ਓਂਗੇ, -ਓਂਗੀਆਂ, -ਅਨਗੇ, -ਅਨਗੀਆਂ
	        ਕਿਰਿਆ ਧਾਤੂ ਨਾਲ ਇਹ ਅੰਤਕ ਕਿਰਿਆ ਦੀ ਕਾਲਕੀ ਰੂਪਾਵਲੀ ਸਿਰਜਦੇ ਹਨ। ਧਾਤੂ ਨਾਲ ਲੱਗਣ ਵਾਲੇ ਅੰਤਕਾਂ ਕਾਰਨ  ਕਿਰਿਆ ਦੇ ਰੂਪ ਵਿਚ ਪਰਿਵਰਤਨ  ਆਉਂਦਾ ਹੈ ਅਤੇ ਵਰਤੋਂ  ਦੇ ਪੱਖ ਤੋਂ ਇਹ ਕਿਰਿਆ ਰੂਪ ਵਾਕਾਤਮਕ ਪੱਧਰ ’ਤੇ ਵੱਖੋ ਵੱਖਰਾ  ਵਿਵਹਾਰ ਕਰਦੇ ਹਨ। ਵਾਕ ਵਿਚ ਕਾਲਕੀ ਕਿਰਿਆ ਦਾ ਵਿਸ਼ੇਸ਼ ਸਥਾਨ ਹੁੰਦਾ ਹੈ। ਜਿਸ ਵਾਕ ਦੀ ਕਿਰਿਆ (ਵਾਕੰਸ਼) ਕਾਲਕੀ ਹੋਵੇ ਉਹ ਵਾਕ ਪੂਰਨ  ਹੁੰਦਾ ਹੈ ਪਰ ਜਦੋਂ ਕਿਰਿਆ ਦੀ ਪੂਰਤੀ ਲਈ ਬਹੁ-ਸ਼ਬਦੀ ਕਿਰਿਆ ਵਾਕੰਸ਼  ਦੀ ਵਰਤੋਂ ਹੋ ਰਹੀ ਹੋਵੇ ਤਾਂ ਉਸ ਕਿਰਿਆ ਵਾਕੰਸ਼  ਨੂੰ ਕਾਲਕੀ ਕਿਰਿਆ ਵਾਕੰਸ਼ ਕਿਹਾ ਜਾਂਦਾ ਹੈ ਜਿਸ ਦਾ ਅੰਤਲਾ ਸ਼ਬਦ ਰੂਪ ਕਾਲਕੀ ਹੋਵੇ।
    
      
      
      
         ਲੇਖਕ : ਬਲਦੇਵ ਸਿੰਘ ਚੀਮਾ, 
        ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 9075, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First