ਕਾਲੀਦਾਸ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕਾਲੀਦਾਸ : ਮਹਾਂਕਵੀ ਕਾਲੀਦਾਸ ਦੇ ਜੀਵਨ ਸੰਬੰਧੀ ਕੋਈ ਵੀ ਪ੍ਰਮਾਣਿਕ ਸਮਗਰੀ ਉਪਲਬਧ ਨਹੀਂ ਹੁੰਦੀ। ਉਸ ਨੇ ਆਪਣੀਆਂ ਰਚਨਾਵਾਂ ਵਿੱਚ ਆਪਣੇ ਵਿਅਕਤੀਗਤ ਜੀਵਨ ਦਾ ਕੋਈ ਵਿਸ਼ੇਸ਼ ਪਰੀਚੈ ਨਹੀਂ ਦਿੱਤਾ। ਕਾਲੀਦਾਸ ਦੇ ਜੀਵਨ ਸੰਬੰਧੀ ਕਈ ਦੰਦ-ਕਥਾਵਾਂ ਪ੍ਰਚਲਿਤ ਹਨ, ਜਿਨ੍ਹਾਂ ਦੇ ਆਧਾਰ ਤੇ ਉਸ ਦੇ ਜੀਵਨ ਬਾਰੇ ਕੁਝ ਕਿਆਸ-ਅਰਾਈਆਂ ਕੀਤੀਆਂ ਜਾ ਸਕਦੀਆਂ ਹਨ।

     ਇੱਕ ਦੰਤ-ਕਥਾ ਅਨੁਸਾਰ ਕਾਲੀਦਾਸ ਬਚਪਨ ਵਿੱਚ ਮੂਰਖ ਸੀ। ਇੱਕ ਵਾਰ ਉਹ ਦਰਖ਼ਤ ਦੀ ਟਾਹਣੀ ਕੱਟਦੇ ਸਮੇਂ ਉਸੇ ਹੀ ਟਾਹਣੀ ਉਪਰ ਬੈਠਾ ਸੀ, ਜੋ ਟੁੱਟ ਕੇ ਥੱਲੇ ਡਿੱਗਣੀ ਸੀ। ਕੁਝ ਵਿਦਵਾਨਾਂ ਦੀ ਨਜ਼ਰ ਉਸ ਉੱਤੇ ਪਈ। ਉਹ ਵਿਦਵਾਨ ਉਸ ਸਮੇਂ ਦੀ ਇੱਕ ਪਰਮ ਵਿਦੂਸ਼ੀ ਰਾਜਕੁਮਾਰੀ ਤੋਂ ਆਪਣੇ ਅਪਮਾਨ ਦਾ ਬਦਲਾ ਲੈਣਾ ਚਾਹੁੰਦੇ ਸੀ। ਤਦ ਇਹਨਾਂ ਵਿਦਵਾਨਾਂ ਨੇ ਕਾਲੀਦਾਸ ਨਾਮਕ ਮੂਰਖ ਨਾਲ ਉਸ ਰਾਜਕੁਮਾਰੀ ਦੇ ਵਿਆਹ ਦਾ ਸ਼ੜਯੰਤਰ ਰਚਿਆ ਅਤੇ ਘੋਸ਼ਣਾ ਕਰ ਦਿੱਤੀ ਕਿ ਕਾਲੀਦਾਸ ਇੱਕ ਪ੍ਰਬੁੱਧ ਪੰਡਤ ਹੈ ਅਤੇ ਉਸ ਨੇ ਇਸ ਸਮੇਂ ਮੌਨ ਵਰਤ ਧਾਰਨ ਕੀਤਾ ਹੋਇਆ ਹੈ। ਇਸ ਲਈ ਰਾਜਕੁਮਾਰੀ ਦਾ ਕਾਲੀਦਾਸ ਨਾਲ ਮੂਕ ਸਵਾਲ- ਜਵਾਬ ਹੋਵੇਗਾ। ਇਸ ਮੂਕ ਸਵਾਲ-ਜਵਾਬ ਵਿੱਚ ਪੰਡਤਾਂ ਨੇ ਕਾਲੀਦਾਸ ਨੂੰ ਵਿਜਈ ਘੋਸ਼ਿਤ ਕਰ ਕੇ ਰਾਜਕੁਮਾਰੀ ਵਿਦਿਯੋਤਮਾ ਦੇ ਨਾਲ ਉਸ ਦਾ ਵਿਆਹ ਕਰ ਦਿੱਤਾ। ਵਿਆਹ ਤੋਂ ਬਾਅਦ ਵਾਰਤਾਲਾਪ ਤੋਂ ਵਿਦਿਯੋਤਮਾ ਨੂੰ ਪਤਾ ਲੱਗਿਆ ਕਿ ਕਾਲੀਦਾਸ ਮੂਰਖ ਹੈ। ਵਿਦਿਯੋਤਮਾ ਨੇ ਉਸ ਦਾ ਅਪਮਾਨ ਕਰ ਕੇ ਉਸ ਨੂੰ ਘਰੋਂ ਕੱਢ ਦਿੱਤਾ। ਅਪਮਾਨਿਤ ਹੋ ਕੇ ਕਾਲੀਦਾਸ ਨੇ ਘੋਰ ਤਪੱਸਿਆ ਕੀਤੀ ਅਤੇ ਘਰ ਵਾਪਸ ਆਇਆ। ਪਤਨੀ ਨੂੰ ਦਰਵਾਜ਼ਾ ਖੋਲ੍ਹਣ ਲਈ ਕਿਹਾ, ਜਿਸ ਤੇ ਪਤਨੀ ਨੇ ਪ੍ਰਸ਼ਨ ਕੀਤਾ ਕਿ ਤੇਰੀ ਵਾਣੀ (ਬੋਲੀ) ਵਿੱਚ ਕੋਈ ਵਿਸ਼ੇਸ਼ਤਾ ਹੈ? ਕਾਲੀਦਾਸ ਇਸ ‘ਵਾਕ’ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਨੇ ਇਸ ਵਿੱਚੋਂ ਇੱਕ-ਇੱਕ ਸ਼ਬਦ ਲੈ ਕੇ ਤਿੰਨ ਮਹਾਂਕਾਵਾਂ ਦੀ ਰਚਨਾ ਕੀਤੀ। ‘ਅਸਤਿ ਕਸ਼ਚਿਤ ਵਾਗਵਿਸ਼ੇਸ਼ਾ?` ਵਾਕ ਦੇ ਪਹਿਲੇ ‘ਅਸਤਿ’ ਸ਼ਬਦ ਤੋਂ ਕੁਮਾਰਸੰਭਵ, ਕਸ਼ਚਿਤ ਤੋਂ ਮੇਘਦੂਤ ਅਤੇ ਵਾਗ ਸ਼ਬਦ ਤੋਂ ਰਘੂਵੰਸ਼ ਦਾ ਪ੍ਰਾਰੰਭ ਕੀਤਾ। ਇੱਕ ਹੋਰ ਕਥਾ ਅਨੁਸਾਰ ਕਾਲੀਦਾਸ ਵਿਕਰਮਾਦਿੱਤ ਦੀ ਸਭਾ ਦੇ ਨੌਂ ਰਤਨਾਂ ਵਿੱਚੋਂ ਇੱਕ ਸੀ। ਇਹ ਵਿਕਰਮਾਦਿੱਤ ਕੌਣ ਹੈ? ਇਸ ਵਿਸ਼ੇ ਬਾਰੇ ਵਿਦਵਾਨਾਂ ਵਿੱਚ ਮੱਤ-ਭੇਦ ਹਨ।

     ਇੱਕ ਹੋਰ ਕਥਾ ਅਨੁਸਾਰ ਕਾਲੀਦਾਸ ਦਾ ਅੰਤਿਮ ਸਮਾਂ ਲੰਕਾ ਦੇ ਮਹਾਰਾਜਾ ਕੁਮਾਰਦਾਸ ਦੇ ਕੋਲ ਬਤੀਤ ਹੋਇਆ। ਇੱਥੇ ਧਨ ਦੇ ਲੋਭ ਵਿੱਚ ਇੱਕ ਵੇਸਵਾ ਨੇ ਉਸ ਨੂੰ ਮਰਵਾ ਦਿੱਤਾ। ਪ੍ਰਸੰਗ ਇਸ ਤਰ੍ਹਾਂ ਹੋਇਆ ਕਿ ਰਾਜਾ ਕੁਮਾਰ ਦਾਸ ਨੇ ਇੱਕ ਸਲੋਕ ਦੀ ਅੱਧੀ ਪੰਕਤੀ ਲਿਖ ਕੇ ਇਹ ਘੋਸ਼ਣਾ ਕਰਵਾ ਦਿੱਤੀ ਕਿ ਇਸ ਨੂੰ ਜੋ ਵੀ ਵਿਅਕਤੀ ਪੂਰਾ ਕਰੇਗਾ, ਉਸ ਨੂੰ ਭਰਪੂਰ ਧਨ ਦਿੱਤਾ ਜਾਵੇਗਾ। ਇੱਕ ਵੇਸਵਾ ਨੇ ਇਹ ਸਲੋਕ ਕਾਲੀਦਾਸ ਤੋਂ ਪੂਰਾ ਕਰਵਾ ਲਿਆ। ਪਰੰਤੂ ਇਸ ਗੱਲ ਦਾ ਕਿਸੇ ਨੂੰ ਪਤਾ ਨਾ ਲੱਗ ਸਕੇ ਇਸ ਕਾਰਨ ਉਸ ਨੇ ਕਾਲੀਦਾਸ ਨੂੰ ਮਰਵਾ ਦਿੱਤਾ।

     ਕਾਲੀਦਾਸ ਦੇ ਜਨਮ ਦੇ ਵਿਸ਼ੇ ਸੰਬੰਧੀ ਵੀ ਵਿਦਵਾਨਾਂ ਦੀਆਂ ਰਾਵਾਂ ਵਿੱਚ ਮੱਤ-ਭੇਦ ਹੈ। ਬੰਗਾਲ ਦੇ ਵਿਦਵਾਨ ਉਹਨਾਂ ਨੂੰ ਬੰਗਾਲ ਦਾ ਰਹਿਣ ਵਾਲੇ ਸਿੱਧ ਕਰਦੇ ਹਨ, ਜਦ ਕਿ ਕਸ਼ਮੀਰ ਦੇ ਰਹਿਣ ਵਾਲੇ ਉਹਨਾਂ ਨੂੰ ਕਸ਼ਮੀਰ ਦਾ ਰਹਿਣ ਵਾਲਾ ਅਤੇ ਉਜੈਨ ਦੇ ਰਹਿਣ ਵਾਲੇ ਉਹਨਾਂ ਨੂੰ ਉਜੈਨ ਦਾ ਵਾਸੀ ਹੋਣਾ ਸਿੱਧ ਕਰਦੇ ਹਨ। ਮੇਘਦੂਤ ਵਿੱਚ ਕਾਲੀਦਾਸ ਨੇ ਉਜੈਨ ਦੇ ਪ੍ਰਤਿ ਆਪਣਾ ਵਿਸ਼ੇਸ਼ ਆਕਰਸ਼ਣ ਵਿਖਾਇਆ, ਅਨੇਕ ਸਲੋਕਾਂ ਵਿੱਚ ਉਜੈਨ ਦੀ ਸੁੰਦਰਤਾ ਦਾ ਵਰਣਨ ਵੀ ਕੀਤਾ। ਇਸ ਤਰ੍ਹਾਂ ਅਧਿਕ ਵਿਦਵਾਨ ਕਾਲੀਦਾਸ ਨੂੰ ਉਜੈਨ ਦਾ ਰਹਿਣ ਵਾਲਾ ਮੰਨਣ ਦੇ ਪੱਖ ਵਿੱਚ ਹਨ।

     ਕਾਲੀਦਾਸ ਦੀਆਂ ਰਚਨਾਵਾਂ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਉਹ ਸ਼ਿਵ ਭਗਤ ਸੀ। ਪਰੰਤੂ ਉਸ ਦਾ ਹੋਰ ਦੇਵਤਿਆਂ ਦੇ ਪ੍ਰਤਿ ਆਦਰ ਭਾਵ ਵੀ ਸੀ। ਉਹ ਇੱਕ ਤੱਤ ਨੂੰ ਭਿੰਨ-ਭਿੰਨ ਰੂਪਾਂ ਵਿੱਚ ਪ੍ਰਗਟ ਹੋਇਆ ਮੰਨਦਾ ਹੈ। ਉਸ ਦੀਆਂ ਰਚਨਾਵਾਂ ਵਿੱਚ ਸਾਰੇ ਭਾਰਤ ਦਾ ਵਰਣਨ ਹੈ। ਉਸ ਨੂੰ ਭਾਰਤ ਦੇ ਕਣ-ਕਣ ਨਾਲ ਪਿਆਰ ਸੀ। ਉਹ ਘੁਮੱਕੜ ਸੁਭਾਅ ਦਾ ਸੀ ਅਤੇ ਪ੍ਰਕਿਰਤੀ ਨੂੰ ਬਹੁਤ ਪਿਆਰ ਕਰਦਾ ਸੀ। ਉਸ ਦਾ ਜੀਵਨ ਸਮਰਿੱਧੀ ਅਤੇ ਸੁੱਖ ਵਿੱਚ ਬਤੀਤ ਹੋਇਆ ਹੋਵੇਗਾ। ਉਸ ਨੂੰ ਰਾਜ ਵਿਵਹਾਰ ਦਾ ਚੋਖਾ ਗਿਆਨ ਸੀ ਅਤੇ ਉਹ ਕਿਸੇ ਰਾਜਾ ਦੇ ਆਸਰੇ ਵਿੱਚ ਬਹੁਤ ਸਨਮਾਨਿਤ ਦ੍ਰਿਸ਼ਟੀ ਨਾਲ ਰਿਹਾ ਹੋਵੇਗਾ। ਉਹ ਭਾਰਤੀ ਸੰਸਕ੍ਰਿਤੀ ਦੇ ਕਰਮ, ਪੁਨਰ ਜਨਮ, ਮੋਕਸ਼ ਆਦਿ ਸਿਧਾਂਤਾਂ ਨੂੰ ਸਵੀਕਾਰ ਕਰਦਾ ਸੀ। ਇੱਕੋ ਵਿਵਸਥਿਤ ਜੀਵਨ ਅਤੇ ਸਮਾਜਿਕ ਸ਼ਿਸ਼ਟਾਚਾਰ ਵਿੱਚ ਵੱਡੇ-ਛੋਟੇ ਦੇ ਸੰਬੰਧ ਵਿੱਚ ਉਚਿਤਤਾਪੂਰਵਕ ਵਿਵਹਾਰ ਦਾ ਸਮਰਥਕ ਸੀ। ਰਾਸ਼ਟਰ ਨੂੰ ਇੱਕ ਸੂਤਰ ਨਾਲ ਬੰਨ੍ਹਣਾ ਅਤੇ ਵਿਰੋਧੀਆਂ ਨੂੰ ਦੇਸ਼ ਵਿੱਚੋਂ ਭਜਾ ਦੇਣ ਦੀ ਪ੍ਰਵਿਰਤੀ ਉਸ ਦੀਆਂ ਰਚਨਾਵਾਂ ਵਿੱਚ ਪ੍ਰਬਲ ਹੈ। ਕਾਲੀਦਾਸ ਨੇ ਅਨੇਕ ਵਿਸ਼ਿਆਂ ਦਾ ਅਧਿਐਨ ਕੀਤਾ ਸੀ। ਉਹ ਵੇਦ, ਉਪਨਿਸ਼ਦ, ਪੁਰਾਣ, ਰਾਮਾਇਣ, ਮਹਾਂਭਾਰਤ, ਅਯੁਰਵੇਦ, ਧਨੁਰਵੇਦ, ਸੰਗੀਤ ਸ਼ਾਸਤਰ, ਅਰਥ-ਸ਼ਾਸਤਰ, ਜੋਤਸ਼, ਵਿਆਕਰਨ ਅਤੇ ਕਾਵਿ-ਸ਼ਾਸਤਰ ਆਦਿ ਦਾ ਉਤਕ੍ਰਿਸ਼ਟ ਵਿਦਵਾਨ ਸੀ।

     ਕਾਲੀਦਾਸ ਦੇ ਸਮੇਂ ਦਾ ਨਿਰਣਾ ਕਰਨਾ ਵੀ ਅਤਿਅੰਤ ਕਠਨ ਹੈ। ਇਹ ਤਾਂ ਨਿਸ਼ਚਿਤ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਉਹ 150 ਈ. ਪੂਰਵ ਤੋਂ ਬਾਅਦ ਹੋਇਆ ਕਿਉਂਕਿ ਇਸ ਸਮੇਂ ਵਿਦਿਸ਼ਾ ਦੇ ਸ਼ਾਸਕ ਅਗਨੀਮਿੱਤ੍ਰ ਨੂੰ ਉਸ ਨੇ ਆਪਣੇ ਇੱਕ ਨਾਟਕ ਦਾ ਨਾਇਕ ਬਣਾਇਆ। ਇਸ ਤਰ੍ਹਾਂ ਕਾਲੀਦਾਸ ਨੂੰ 600 ਈ. ਤੋਂ ਬਾਅਦ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਬਾਣ ਨੇ ਉਸ ਦਾ ਉਲੇਖ ਆਪਣੀ ਰਚਨਾ ਵਿੱਚ ਕੀਤਾ ਹੈ। ਉਸ ਦੇ ਸਮੇਂ ਨਾਲ ਜੁੜੇ ਦੋ ਕਾਲ ਪ੍ਰਚਲਿਤ ਹਨ। ਇੱਕ ਮੱਤ ਦੇ ਅਨੁਸਾਰ ਇਹ ਉਜੈਨ ਦੇ ਰਾਜਾ ਵਿਕਰਮਾਦਿੱਤ ਦੀ ਸਭਾ ਵਿੱਚ ਰਿਹਾ, ਜਿਸ ਦਾ ਸਮਾਂ ਪਹਿਲੀ ਸ਼ਤਾਬਦੀ ਈ. ਪੂਰਵ ਹੈ। ਦੂਜੇ ਮੱਤ ਅਨੁਸਾਰ ਕਾਲੀਦਾਸ ਚੰਦਰਗੁਪਤ ਵਿਕਰਮਾਦਿੱਤ ਦਾ ਸਮਕਾਲੀ ਸੀ, ਜਿਸਦਾ ਸਮਾਂ 400 ਈ. ਸੀ। ਕੀਥ ਆਦਿ ਵਿਦਵਾਨ ਵੀ ਇਸੇ ਮੱਤ ਦੇ ਸਮਰਥਕ ਸਨ।

     ਕਾਲੀਦਾਸ ਦੀਆਂ ਸੱਤ ਰਚਨਾਵਾਂ ਮੰਨੀਆਂ ਗਈਆਂ ਹਨ। ਇਹਨਾਂ ਵਿੱਚ ਦੋ ਮਹਾਂਕਾਵਿ ਰਘੂਵੰਸ਼ ਅਤੇ ਕੁਮਾਰਸੰਭਵ, ਦੋ ਖੰਡ ਕਾਵਿ ਮੇਘਦੂਤ ਅਤੇ ਰਿਤੂਸੰਹਾਰ ਅਤੇ ਤਿੰਨ ਨਾਟਕ ਅਭਿਗਿਆਨ, ਸ਼ੰਕੁਤਲਮ ਅਤੇ ਮਾਲਵਿਕਾਅਗਨੀ ਮਿੱਤ੍ਰ ਹਨ।

     ਕੁਮਾਰ ਸੰਭਵ ਵਿੱਚ 17 ਸਰਗ ਹਨ। ਜੋ ਨਾਇਕਾ ਪ੍ਰਧਾਨ ਮਹਾਂਕਾਵਿ ਹੈ। ਇਸ ਵਿੱਚ ਪਾਰਵਤੀ ਸ਼ਿਵ ਨੂੰ ਪ੍ਰਾਪਤ ਕਰਨ ਲਈ ਤਪ ਕਰਦੀ ਹੈ। ਇਸ ਵਿੱਚ ਸ਼ਿਵ ਪਾਰਵਤੀ ਵਿਆਹ, ਕੁਮਾਰ ਦਾ ਜਨਮ ਅਤੇ ਤਾਰਕਾਸੁਰ ਦਾ ਵੱਧ ਪ੍ਰਧਾਨ ਰੂਪ ਵਿੱਚ ਵਰਣਿਤ ਹੈ। ਇਸ ਕਾਵਿ ਵਿੱਚ ਮਾਨਵੀ ਮਨੋਭਾਵਾਂ ਦਾ ਸੂਖਮ ਨਿਰੀਖਣ, ਭਾਵੁਕਤਾ, ਸੁੰਦਰ ਕਲਪਨਾਵਾਂ, ਅਲੰਕਾਰਾਂ ਦਾ ਸੁਭਾਵਿਕ ਪ੍ਰਯੋਗ, ਪ੍ਰਕਿਰਤੀ ਦਾ ਸੁੰਦਰ ਵਰਣਨ, ਤਪ, ਸਮਾਧੀ, ਸੰਯੋਗ ਅਤੇ ਵਿਯੋਗ ਆਦਿ ਦਾ ਸੁੰਦਰ ਵਰਣਨ ਹੈ।

     ਰਘੂਵੰਸ਼ ਮਹਾਂਕਾਵਿ ਵਿੱਚ 19 ਸਰਗ ਹਨ। ਇਸ ਵਿੱਚ ਰਘੂਵੰਸ਼ੀ ਰਾਜਾਵਾਂ ਦਾ ਯਸ਼ੋਗਾਣ ਕੀਤਾ ਗਿਆ ਹੈ। ਇਸ ਕਾਵਿ ਵਿੱਚ ਇੰਦੂਮਤੀ ਸਵੰਬਰ ਅਜਵਿਲਾਪ, ਰਾਮ ਦੀ ਸੀਤਾ ਦੇ ਨਾਲ ਵਿਮਾਨ ਯਾਤਰਾ, ਰਘੂ ਦਿਗ ਵਿਜੈ, ਅਗਨੀਵਰਨ ਦਾ ਵਿਲਾਸ ਵਰਣਨ ਆਦਿ ਇਸ ਗ੍ਰੰਥ ਦੇ ਕੁਝ ਵਿਸ਼ੇਸ਼ ਰਮਣੀਕ ਪ੍ਰਸੰਗ ਹਨ। ਇਸ ਕਾਵਿ ਉੱਤੇ ਅਨੇਕ ਪ੍ਰਾਚੀਨ ਟੀਕੇ ਉਪਲੱਬਧ ਹੁੰਦੇ ਹਨ, ਜੋ ਇਸ ਦੀ ਲੋਕ-ਪ੍ਰਿਅਤਾ ਨੂੰ ਪ੍ਰਗਟ ਕਰਦੇ ਹਨ। ਇਸ ਕਾਵਿ ਵਿੱਚ ਕਾਲੀਦਾਸ ਦੀ ਪ੍ਰੋੜ੍ਹ ਪ੍ਰਤਿਭਾ ਦਾ ਪਰੀਚੈ ਮਿਲਦਾ ਹੈ। ਮਹਾਂਕਾਵਿ ਦੇ ਸ਼ਾਸਤਰੀ ਲੱਛਣਾਂ ਦੀ ਦ੍ਰਿਸ਼ਟੀ ਤੋਂ ਇਹ ਇੱਕ ਉਤਕ੍ਰਿਸ਼ਟ ਮਹਾਂਕਾਵਿ ਹੈ।

     ਰਿਤੂਸੰਹਾਰ ਨੂੰ ਖੇਡ-ਕਾਵਿ ਅਤੇ ਗੀਤ-ਕਾਵਿ ਮੰਨਿਆ ਜਾਂਦਾ ਹੈ। ਇਹ ਕਾਲੀਦਾਸ ਦੀ ਪ੍ਰਾਰੰਭਿਕ ਰਚਨਾ ਮੰਨੀ ਜਾਂਦੀ ਹੈ। ਇਸ ਵਿੱਚ ਛੇ ਰੁੱਤਾਂ ਦਾ ਅਤਿਅੰਤ ਆਕਰਸ਼ਕ ਵਰਣਨ ਛੇ ਸਰਗਾਂ ਵਿੱਚ ਕੀਤਾ ਗਿਆ ਹੈ। ਇਸ ਵਿੱਚ ਇੱਕ ਹਜ਼ਾਰ ਇੱਕ ਸੌ ਚੁਤਾਲੀ ਸਲੋਕ ਹਨ। ਛੇ ਰੁੱਤਾਂ ਦਾ ਕ੍ਰਮ ਇਸ ਪ੍ਰਕਾਰ ਹੈ : ਗ੍ਰੀਸ਼ਮ (ਗਰਮੀ), ਵਰਸ਼ਾ (ਵਰਖਾ), ਸ਼ਰਦ, ਹੇਮੰਤ (ਪਤਝੜ), ਸ਼ਿਸ਼ਿਰ (ਸਰਦੀ) ਅਤੇ ਬਸੰਤ। ਮਾਨਵੀ ਮਨੋਭਾਵਾਂ ਦਾ ਰੁੱਤਾਂ ਦੇ ਪ੍ਰਭਾਵ ਅਨੁਸਾਰ ਸੂਖਮਤਾ ਸਹਿਤ ਵਿਵੇਚਨ ਕੀਤਾ ਗਿਆ ਹੈ। ਕਵੀ ਦੀ ਦ੍ਰਿਸ਼ਟੀ ਸ਼ਿੰਗਾਰਿਕ ਹੈ। ਹਰ ਰੁੱਤ ਅਨੰਦ ਅਤੇ ਭਰਪੂਰ ਉਪਭੋਗ ਦਾ ਵਿਸ਼ਾ ਹੈ। ਮੇਘਦੂਤ ਬਿਰਹਾ ਦੀ ਭਾਵਨਾ ਵਿਅਕਤ ਕਰਨ ਵਾਲਾ ਬੇਜੋੜ ਖੰਡ-ਕਾਵਿ ਹੈ। ਇਸ ਵਿੱਚ ਵਿੰਧੀਆਂ ਪਰਬਤ ਵਿੱਚ ਸਰਾਪ ਵੱਸ ਬੈਠੇ ਯਕਸ਼ ਦਾ ਸੰਦੇਸ਼ ਲੈ ਕੇ ਮੇਘ ਹਿਮਾਲਿਆ ਵਿੱਚ ਅਲਕਾ ਪੁਰੀ ਤੱਕ ਜਾਂਦਾ ਹੈ। ਰਸਤੇ ਵਿੱਚ ਆਉਣ ਵਾਲੇ ਪਰਬਤ, ਨਦੀਆਂ, ਦਰਖ਼ਤ, ਨਗਰ ਆਦਿ ਦਾ ਸੂਖਮ ਅਤੇ ਯਥਾਰਥਿਕ ਵਰਣਨ ਕਾਵਿਮਈ ਭਾਸ਼ਾ ਵਿੱਚ ਪੜ੍ਹਦਿਆਂ ਹੀ ਬਣਦਾ ਹੈ। ਮੇਘਦੂਤ ਦੀ ਲੋਕ-ਪ੍ਰਿਅਤਾ ਇਸ ਗੱਲ ਤੋਂ ਪ੍ਰਮਾਣਿਤ ਹੋ ਜਾਂਦੀ ਹੈ ਕਿ ਇਸ ਦੇ ਅਨੁਕਰਨ ਉੱਤੇ ਕਈ ਸੌ ਕਾਵਿ ਲਿਖੇ ਜਾ ਚੁੱਕੇ ਹਨ।

     ਮਾਲਵਿਕਾਅਗਨੀ ਮ੍ਰਿੱਤ ਨਾਟਕ ਵਿੱਚ ਪੰਜ ਅੰਕ ਹਨ। ਇਸ ਵਿੱਚ ਮਾਲਵਿਕਾ ਅਤੇ ਅਗਨੀਮ੍ਰਿੱਤ ਦੇ ਪ੍ਰੇਮ ਅਤੇ ਵਿਆਹ ਦੀ ਕਥਾ ਵਰਣਿਤ ਹੈ। ਇਸ ਕਿਰਤ ਵਿੱਚ ਨਾਟਕਕਾਰ ਨੂੰ ਘਟਨਾ ਸੰਯੋਜਨ, ਸੰਵਾਦ, ਚਰਿੱਤਰ ਚਿਤਰਨ, ਰਸ ਸਿਰਜਨਾ ਆਦਿ ਵਿੱਚ ਵਿਸ਼ੇਸ਼ ਸਫਲਤਾ ਮਿਲੀ ਹੈ। ਕਵੀ ਨੇ ਇਸ ਨਾਟਕ ਵਿੱਚੋਂ ਅਧਿਆਪਕਾਂ ਦਾ ਬਹੁਤ ਸੁੰਦਰ ਲੱਛਣ ਦਰਸਾਇਆ ਹੈ। ਕੁਝ ਅਧਿਆਪਕ ਵਿਸ਼ੇਸ਼ ਨਿਜੀ ਯੋਗਤਾ ਨਾਲ ਸੰਪੰਨ ਹੁੰਦੇ ਹਨ। ਕੁਝ ਅਧਿਆਪਕ ਆਪਣੀ ਯੋਗਤਾ ਦੂਜਿਆਂ ਤੱਕ ਪਹੁੰਚਾਉਣ ਵਿੱਚ ਪ੍ਰਸਿੱਧ ਹੁੰਦੇ ਹਨ। ਸ੍ਰੇਸ਼ਠ ਅਧਿਆਪਕ ਉਹੀ ਹੈ, ਜੋ ਖ਼ੁਦ ਵੀ ਯੋਗ ਹੋਵੇ ਅਤੇ ਦੂਸਰਿਆਂ ਨੂੰ ਵੀ ਯੋਗ ਬਣਾ ਸਕੇ। ਵਿਕਰਮੋਰਵਸ਼ੀ ਪੰਜ ਅੰਕਾਂ ਦਾ ਨਾਟਕ ਹੈ। ਇਸ ਵਿੱਚ ਰਾਜ ਪੁਰੂਰਵਾ ਅਤੇ ਉਰਵਸ਼ੀ ਨਾਮਕ ਅਪਸਰਾ ਦੀ ਪ੍ਰੇਮ ਕਥਾ ਵਰਣਿਤ ਹੈ। ਇਸ ਵਿੱਚ ਸਵਰਗ ਅਤੇ ਧਰਤੀ ਦਾ ਸੁੰਦਰ ਸਮਨਵੈ ਦਿਖਾਇਆ ਗਿਆ ਹੈ। ਇਸ ਨਾਟਕ ਵਿੱਚੋਂ ਰਾਜਾ ਧਰਤੀ ਵਾਸੀ ਹੈ ਅਤੇ ਉਸ ਦੀ ਪ੍ਰੇਮਿਕਾ ਸਵਰਗ ਦੀ ਅਪਸਰਾ ਹੈ। ਇਸ ਨਾਟਕ ਵਿੱਚ ਸ਼ਿੰਗਾਰ ਰਸ ਦੇ, ਸੰਯੋਗ ਅਤੇ ਵਿਯੋਗ ਦੋਨਾਂ ਪੱਖਾਂ ਦਾ ਸੁੰਦਰ ਵਰਣਨ ਹੈ। ਇਸ ਨਾਟਕ ਵਿੱਚ ਛੋਟੇ ਵਾਕਾਂ ਦਾ ਮੁਹਾਵਰੇਦਾਰ ਪ੍ਰਯੋਗ, ਸੂਖਮ ਪ੍ਰਕਿਰਤੀ ਨਿਰੀਖਣ ਆਦਿ ਵਿਸ਼ੇਸ਼ਤਾਈਆਂ ਹਨ। ਅਭਿਗਿਆਨ ਸ਼ੰਕੁਤਲਮ ਸੰਸਕ੍ਰਿਤ ਸਾਹਿਤ ਦੀ ਹੀ ਨਹੀਂ ਬਲਕਿ ਸਮੁੱਚੇ ਵਿਸ਼ਵ ਸਾਹਿਤ ਦੀ ਬੇਜੋੜ ਰਚਨਾ ਮੰਨੀ ਜਾਂਦੀ ਹੈ। ਇਸ ਵਿੱਚ ਦੁਸ਼ਿਅੰਤ ਅਤੇ ਸ਼ਕੁੰਤਲਾ ਦੀ ਪ੍ਰੇਮ ਕਥਾ ਵਰਣਿਤ ਹੈ। ਪ੍ਰੇਮ ਪ੍ਰਸੰਗਾਂ ਤੋਂ ਇਲਾਵਾ ਕੰਨਿਆ ਦੀ ਵਿਦਾਈ ਦਾ ਵਰਣਨ ਇਸ ਨਾਟਕ ਵਿੱਚ ਅਤਿਅੰਤ ਮਾਰਮਿਕ ਦ੍ਰਿਸ਼ਟੀ ਨਾਲ ਹੋਇਆ ਹੈ, ਜੋ ਭਾਰਤੀ ਸੰਸਕ੍ਰਿਤੀ ਦਾ ਸੁੰਦਰ ਉਦਾਹਰਨ ਹੈ। ਵਿਦਾਈ ਦੇ ਸਮੇਂ ਕਣਵ ਰਿਸ਼ੀ ਵਣ ਦੇ ਬ੍ਰਿਛਾਂ ਨੂੰ ਕਹਿੰਦੇ ਹਨ, “ਹੇ! ਵਣ ਦੇ ਬ੍ਰਿਛੋ, ਜੋ ਤੁਹਾਨੂੰ ਜਲ ਪਿਲਾਏ ਬਿਨਾਂ ਜਲ ਨਹੀਂ ਗ੍ਰਹਿਣ ਕਰਦੀ ਸੀ, ਅਲੰਕਾਰ ਪ੍ਰਿਆ ਹੋਣ ਤੇ ਵੀ ਤੁਹਾਡੇ ਨਾਲ ਪ੍ਰੇਮ ਦੇ ਕਾਰਨ ਤੁਹਾਡੇ ਪੱਤੇ ਨਹੀਂ ਤੋੜਦੀ ਸੀ। ਪਹਿਲੀ ਵਾਰ ਜਦੋਂ ਫੁੱਲ ਖਿੜਦੇ ਸਨ ਤਾਂ ਜਿਹੜਾ ਉਤਸਵ ਮਨਾਇਆ ਕਰਦੀ ਸੀ, ਉਹ ਸ਼ਕੁੰਤਲਾ ਅੱਜ ਪਤੀ ਦੇ ਘਰ ਜਾ ਰਹੀ ਹੈ, ਇਸ ਨੂੰ ਜਾਣ ਦੀ ਆਗਿਆ ਦੇਵੋ।" ਕਾਲੀਦਾਸ ਨੇ ਇਸ ਰਚਨਾ ਵਿੱਚ ਆਪਣੀ ਪ੍ਰਤਿਭਾ ਨੂੰ ਸਰਬਉੱਚ ਰੂਪ ਵਿੱਚ ਪ੍ਰਗਟ ਕੀਤਾ ਹੈ। ਇਸ ਰਚਨਾ ਵਿੱਚ ਸਰਲਤਾ, ਕਲਪਨਾਵਾਂ ਵਿੱਚ ਭਾਵਾਂ ਦੀ ਸੰਜੀਵਤਾ, ਜੀਵਨ ਦਾ ਗਹਿਨ ਅਨੁਭਵ, ਸ਼ੈਲੀ ਦੀ ਮਾਦਕਤਾ, ਸੁਚੱਜਾ ਘਟਨਾ ਸੰਯੋਜਨ ਆਦਿ ਅਨੇਕ ਗੁਣ ਹਨ, ਜੋ ਪਾਠਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ। ਇਸ ਤੋਂ ਬਿਨਾਂ ਕਾਲੀਦਾਸ ਆਪਣੇ ਉਪਮਾ ਪ੍ਰਯੋਗ ਦੇ ਕਾਰਨ ਪ੍ਰਸਿੱਧ ਹਨ।

     ਉਕਤ ਵਿਵੇਚਨ ਤੋਂ ਸਪਸ਼ਟ ਹੈ ਕਿ ਕਾਲੀਦਾਸ ਬਹੁਪੱਖੀ ਪ੍ਰਤਿਭਾ ਦਾ ਧਨੀ, ਪ੍ਰਤਿਭਾਸ਼ਾਲੀ ਕਵੀ ਅਤੇ ਨਾਟਕਕਾਰ ਸੀ। ਸ਼ੈਲੀ ਦੀ ਨਿਪੁੰਨਤਾ, ਮਨੋਹਰਤਾ, ਅਲੰਕਾਰਿਕਤਾ, ਆਦਰਸ਼ਕਾਤਮਿਕਤਾ, ਸੰਗੀਤਾਤ ਮਿਕਤਾ ਆਦਿ ਅਜਿਹੇ ਗੁਣ ਹਨ, ਜਿਨ੍ਹਾਂ ਨੇ ਉਸ ਨੂੰ ਸਾਹਿਤ ਵਿੱਚ ਅਮਰ ਬਣਾ ਦਿੱਤਾ ਹੈ।


ਲੇਖਕ : ਇੰਦਰ ਮੋਹਨ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 8212, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਕਾਲੀਦਾਸ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਲੀਦਾਸ. ਦੇਖੋ, ਕਾਲਿਦਾਸ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7928, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਾਲੀਦਾਸ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਾਲੀਦਾਸ : ਇਹ ਸੰਸਕ੍ਰਿਤ ਦਾ ਮਹਾਂਕਵੀ ਤੇ ਨਾਟਕਕਾਰ ਹੈ, ਜਿਸ ਨੂੰ ਦੁਨੀਆ ਦੇ ਮਹਾਨ ਕਵੀਆਂ ਵਿਚ ਗਿਣਿਆ ਜਾਂਦਾ ਹੈ। ਇਸ ਦੇ ਸਮੇਂ ਬਾਰੇ ਨਿਸਚੇ ਨਾਲ ਕੁਝ ਨਹੀਂ ਆਖਿਆ ਜਾ ਸਕਦਾ ਕਿਉਂਕਿ ਨਾ ਤਾਂ ਇਸ ਨੇ ਅਤੇ ਨਾ ਹੀ ਇਸ ਦੇ ਕਿਸੇ ਸਮਕਾਲੀ ਜਾਂ ਪਰਵਰਤੀ ਸਾਹਿਤਕਾਰ ਨੇ ਇਸ ਦੇ ਸਮੇਂ ਬਾਰੇ ਕੁਝ ਆਖਿਆ ਹੈ। ਕੀਥ ਨੇ ਇਸ ਨੂੰ ਗੁਪਤਾ-ਯੁਗ ਵਿਚ ਰੱਖਿਆ ਹੈ। ਰਾਮ ਕ੍ਰਿਸ਼ਨ ਭੰਡਾਰਕਰ ਤੇ ਰਾਮਾ ਅਵਤਾਰ ਕਾਲੀਦਾਸ ਨੂੰ ਚੰਦਰਗੁਪਤ ਵਿਕਰਮਾਦਿਤ ਦਾ ਸਮਕਾਲੀ ਮੰਨਦੇ ਹਨ। ਪਰ ਪਹਿਲੀ ਸਦੀ ਵਿਚ ਰੱਖਣ ਵਾਲੇ ਵਿਦਵਾਨ ਇਕ ਪ੍ਰਾਚੀਨ ਵਿਕਰਮਾਦਿਤ ਨਾਲ ਇਸ ਨੂੰ ਸਬੰਧਿਤ ਕਰਦੇ ਹਨ, ਜੋ ਪਹਿਲੀ ਸਦੀ ਤੋਂ ਪਹਿਲਾਂ ਹੋਇਆ ਅਤੇ ਜਿਸ ਨੇ ਉਜੈਨੀ ’ਚੋਂ ਸ਼ੱਕਾਂ ਨੂੰ ਭਜਾਇਆ ਸੀ।

          ਕਾਲੀਦਾਸ ਦੇ ਤਿੰਨ ਨਾਟਕ ਉਪਲਬਧ ਹਨ––ਅਭਿਗਿਆਨ ਸ਼ਕੁੰਤਲਾ, ਵਿਕ੍ਰਮੋਰਵਸ਼ੀ ਤੇ ਮਾਲਵਿਕਾਗਨੀਮਿਤ੍ਰ। ਅਭਿਗਿਆਨ ਸ਼ਕੁੰਤਲਾ ਨੂੰ ਸਰਬ ਸ੍ਰੇਸ਼ਟ ਮੰਨਿਆ ਗਿਆ ਹੈ। ਇਸ ਜਾਣੀ ਪਛਾਣੀ ਕਥਾ ਦਾ ਨਾਇਕਾ ਰਾਜਾ ਦੁਸ਼ਯੰਤ ਹੈ, ਜੋ ਕੱਣਵ ਦੇ ਆਸ਼ਰਮ ਵਿਚ ਜਾ ਕੇ ਉਸ ਨਾਲ ਗੰਧਰਵ ਵਿਆਹ ਕਰ ਕੇ ਰਾਜਧਾਨੀ ਨੂੰ ਪਰਤ ਆਉਂਦਾ ਹੈ, ਪਰ ਦੁਰਬਾਸ਼ਾ ਰਿਸ਼ੀ ਦੇ ਸਰਾਪ ਕਾਰਨ ਉਸ ਨੂੰ ਵਿਆਹ ਦੀ ਯਾਦ ਨਹੀਂ ਰਹਿੰਦੀ। ਦੁਸ਼ਯੰਤ ਨੇ ਸ਼ਕੁੰਤਲਾ ਨੂੰ ਵਿਆਹ ਦੀ ਨਿਸ਼ਾਨੀ ਵਜੋਂ ਇਕ ਮੁੰਦਰੀ ਦਿਤੀ ਸੀ, ਜੋ ਸ਼ਚੀ ਤੀਰਥ ਵਿਚ ਡਿਗ ਪੈਂਦੀ ਹੈ। ਕੁਝ ਦਿਨਾ ਮਗਰੋਂ ਸ਼ਕੁੰਤਲਾ ਕੱਣਵ ਦੇ ਹੁਕਮ ਅਨੁਸਾਰ ਦੁਸ਼ਯੰਤ ਪਾਸ ਭੇਜੀ ਜਾਂਦੀ ਹੈ, ਜੋ ਪਛਾਣਨੋ ਅਸਮਰਥ ਹੈ ਤੇ ਉਹ ਵਾਪਸ ਆ ਕੇ ਇਕ ਪੁੱਤਰ ਨੂੰ ਜਨਮ ਦਿੰਦੀ ਹੈ। ਇਸ ਸਮੇਂ ਦੇ ਦੌਰਾਨ ਸ਼ਚੀ ਤੀਰਥ ਵਿਚ ਡਿੱਗੀ ਮੁੰਦਰੀ, ਜੋ ਮੱਛੀ ਦੇ ਪੇਟ ਵਿਚ ਚਲੀ ਗਈ ਸੀ, ਰਾਜੇ ਸਾਹਮਣੇ ਪੇਸ਼ ਕੀਤੀ ਜਾਂਦੀ ਹੈ। ਇਸ ਨੂੰ ਵੇਖ ਕੇ ਰਾਜੇ ਨੂੰ ਸ਼ਕੁੰਤਲਾ ਦੀ ਯਾਦ ਆ ਜਾਂਦੀ ਹੈ ਤੇ ਉਹ ਇਸ ਵਿਯੋਗ ਦਸ਼ਾ ਵਿਚ ਇੰਦਰ ਦੀ ਸਹਾਇਤਾ ਕਰਨ ਲਈ ਸਵਰਗ ਲੋਕ ਜਾਂਦਾ ਹੈ। ਉਥੋਂ ਵਾਪਸ ਆਉਂਦਿਆਂ ਨੂੰ ਸ਼ਕੁੰਤਲਾ ਨਾਲ ਦੁਬਾਰਾ ਮਿਲਾਪ ਹੁੰਦਾ ਹੈ।

          ਵਿਕ੍ਰਮੋਰਵਰਸ਼ੀ ਦੀ ਕਹਾਣੀ ਵਿਚ ਪੁਰੂਰਵਾ ਰਾਜਾ ਤੇ ਅਪਸਰਾ ਉਰਵਸ਼ੀ ਦੇ ਵਿਆਹ ਦੀ ਕਥਾ ਦਾ ਵਰਣਨ ਹੈ। ਕੈਲਾਸ਼ ਪਰਬਤ ਤੋਂ ਵਾਪਸ ਆਉਂਦੀ ਹੋਈ ਉਰਵਸ਼ੀ ਆਪਣੀਆਂ ਸਹੇਲੀਆਂ ਤੋਂ ਨਿਖੜ ਜਾਂਦੀ ਹੈ। ਉਸ ਨੂੰ ਕੇਸ਼ੀ ਦੈਂਤ ਆਪਣੇ ਕਬਜ਼ੇ ਵਿਚ ਕਰ ਲੈਂਦਾ ਹੈ। ਪਰ ਪੁਰੂਰਵ ਦੈਂਤ ਪਾਸੋਂ ਛੁਡਵਾ ਕੇ ਉਸ ਨੂੰ ਗੰਧਰਵ ਰਾਜ ਪਾਸ ਪਹੁੰਚਾ ਦਿੰਦਾ ਹੈ। ਇਸ ਸਮੇਂ ਦੇ ਦੌਰਾਨ ਉਨ੍ਹਾਂ ਦਾ ਆਪਸੀ ਪ੍ਰੇਮ ਵੱਧ ਜਾਂਦਾ ਹੈ। ਕੁਝ ਸਮੇਂ ਮਗਰੋਂ ਉਰਵਸ਼ੀ ਦਾ ਪ੍ਰੇਮ-ਪੱਤਰ ਆਕਾਸ਼ ਮਾਰਗ ਰਾਹੀਂ ਰਾਜੇ ਪਾਸ ਪੁੱਜਦਾ ਹੈ ਤੇ ਮਗਰੋਂ ਉਸ ਦੀਆਂ ਸਹੇਲੀਆਂ ਰਾਜੇ ਨੂੰ ਮਿਲਦੀਆਂ ਹਨ। ਉਰਵਸ਼ੀ ਭਰਤ ਦੇ ਇਕ ਨਾਟਕ ਵਿਚ ਅਭਿਨੈ ਕਰ ਕੇ ਵਾਪਸ ਆਉਂਦੀ ਹੈ। ਪ੍ਰੇਮ ਵਿਚ ਮੁਗਧ ਉਰਵਸ਼ੀ ਤੋਂ ਜਦੋਂ ਪੁੱਛਿਆ ਕਿ ਤੂੰ ਕਿਸ ਨੂੰ ਪਿਆਰ ਕਰਦੀ ਹੈਂ ਤਾਂ ਉਹ ਪੁਰਸ਼ੋਤਮ ਦੀ ਥਾਂ ਪੁਰੂਰਵਾ ਦਾ ਨਾਮ ਲੈਂਦੀ ਹੈ। ਭਰਤਮੁਨੀ ਨੇ ਸਰਾਪ ਦਿਤਾ ਕਿ ਹੁਣ ਤੇਰਾ ਨਿਵਾਸ ਦੇਵ ਲੋਕ ਨਹੀਂ ਰਹੇਗਾ। ਇੰਦਰ ਨੇ ਆਪਣੇ ਸਹਾਇਕ ਰਾਜਰਿਸ਼ੀ ਦੁਆਰਾ ਸਰਾਪ ਦਾ ਸੰਸਕਾਰ ਕਰ ਦਿਤਾ ਕਿ ਉਰਵਸ਼ੀ ਸੰਤਾਨ ਦਰਸ਼ਨ ਸਮੇਂ ਤੱਕ ਉਥੇ ਰਹੇਗੀ। ਉਰਵਸ਼ੀ ਤੇ ਪੁਰੂਰਵਾਂ ਇਕੱਠੇ ਰਹਿਣ ਲੱਗੇ ਪਰ ਕਿਸੇ ਸਾਧਾਰਨ ਗੱਲ ਤੋਂ ਰੁਸ ਕੇ ਉਰਵਸ਼ੀ ਕਮਾਰਵਨ ਵਿਚ ਚਲੀ ਗਈ ਜਿਥੇ ਪ੍ਰਦੇਸ਼ ਦੇ ਵਿਧਾਨ ਅਨੁਸਾਰ ਉਹ ਵੇਲ ਬਣਾ ਜਾਂਦੀ ਹੈ। ਰਾਜਾ ਵਿਯੋਗੀ ਹੋਇਆ ਉਸ ਦੀ ਭਾਲ ਕਰਨ ਲੱਗ ਪੈਂਦਾ ਹੈ ਤੇ ਸਾਧਨ ਮਣੀ ਹਾਸਲ ਕਰ ਕੇ ਇਕ ਵੇਲ ਨੂੰ ਗਲਵਕੜੀ ਪਾਉਂਦਾ ਹੈ ਜੋ ਮਣੀ ਦੇ ਪ੍ਰਭਾਵ ਕਾਰਨ ਉਰਵਸ਼ੀ ਬਣ ਜਾਂਦੀ ਹੈ। ਇਸ ਮਗਰੋਂ ਉਹ ਦੋਨੋਂ ਰਾਜਧਾਨੀ ਵਿਚ ਰਹਿਣ ਲੱਗ ਜਾਂਦੇ ਹਨ। ਇਕ ਦਿਨ ਇਕ ਗਿੱਧ ਉਰਵਸ਼ੀ ਨੂੰ ਲੈ ਕੇ ਉੱਡ ਪਈ ਜਿਸ ਨੂੰ ਆਯੂਸ਼ਕੁਮਾਰ ਨੇ ਮਾਰ ਦਿੱਤਾ। ਇਸ ਬਾਣ ਤੇ ਪੁਰੂਰਵਾ ਤੇ ਉਰਵਸ਼ੀ ਦੇ ਪੁੱਤਰ ਹੋਣ ਦਾ ਉਲੇਖ ਸੀ। ਉਸ ਵੇਲੇ ਚਇਵਨ ਦੇ ਆਸ਼ਰਮ ਤੋਂ ਆਯੂਸ਼ਕੁਮਾਰ ਇਕ ਤਪਸਵਨੀ ਨਾਲ ਆਉਂਦਾ ਹੈ। ਉਹ ਰਾਜਾ ਦਾ ਪੁੱਤਰ ਹੈ। ਰਾਜਾ ਉਸ ਨੂੰ ਰਾਜ ਤਿਲਕ ਦ ਕੇ ਤਪੋਵਨ ਜਾਣਾ ਚਾਹੁੰਦਾ ਹੈ ਕਿ ਉਸ ਵੇਲੇ ਨਾਰਦ ਇੰਦਰ ਦਾ ਸੁਨੇਹਾਹ ਦਿੰਦਾ ਹੈ ਕਿ ਉਰਵਸ਼ੀ ਆਪ ਦੀ ਜੀਵਨ-ਸਾਥਣ ਰਹੇਗੀ।

          ਮਾਲਵਿਕਾਗਨੀਮ੍ਰਿਤ ਵਿਦਰਭ ਦੇ ਰਾਜ ਕੁਮਾਰੀ ਵਿਦਿਸ਼ਾ ਦੇ ਰਾਜਾ ਅਗਨੀਮ੍ਰਿਤ ਦੀ ਬਣਨ ਵਾਲੀ ਪਤਨੀ ਸੀ ਪਰ ਵਿਆਹ ਤੋਂ ਪਹਿਲਾਂ ਹੀ ਵਿਦਰਭ ਵਿਚ ਵਿਦਰੋਹ ਹੋਣ ਤੇ ਕਿਸੇ ਤਰ੍ਹਾਂ ਬਚ ਜਾਂਦੀ ਹੈ ਤੇ ਅਗਨੀਮ੍ਰਿਤ ਦੀ ਸ਼ਰਨ ਵਿਚ ਆ ਜਾਂਦੀ ਹੈ। ਮਾਲਵਿਕਾ ਵਿਦਿਸ਼ਾ ਦੇ ਹਰਮ ਵਿਚ ਧਾਰਿਣੀ ਦੀ ਦਾਸੀ ਬਣਦੀ ਹੈ ਤੇ ਉਥੇ ਨਿਰਤ-ਕਲਾ ਦੀ ਸਿਖਿਆ ਲੈਂਦੀ ਹੈ। ਇਕ ਦਿਨ ਰਾਜਾ ਉਸ ਦੇ ਚਿੱਤਰ ਦੇ ਦਰਸ਼ਨ ਕਰ ਕੇ ਪਿਆਰ ਜਾਲ ਵਿਚ ਫਸ ਜਾਂਦਾ ਹੈ। ਨਿਰਤ-ਪ੍ਰਤੀਯੋਗਤਾ ਦਾ ਪ੍ਰਬੰਧ ਵਿਦੂਸ਼ਕ ਕਰਦਾ ਹੈ, ਜਿਸ ਵਿਚ ਮਾਲਵਿਕਾ ਨਰਤਕੀ ਬਣ ਕੇ ਆਪਣੀ ਸੁੰਦਰਤਾ ਤੇ ਕਲਾ ਨਾਲ ਰਾਜੇ ਨੂੰ ਮੋਹ ਲੈਂਦੀ ਹੈ। ਪਰ ਇਹ ਗੱਲ ਰਾਜੇ ਦੀਆਂ ਪਹਿਲੀਆਂ ਦੋ ਪਤਨੀਆਂ ਇਰਾਵਤੀ ਤੇ ਧਾਰਿਣੀ ਨੂੰ ਪਸੰਦ ਨਹੀਂ ਹੈ, ਜਿਸ ਕਾਰਨ ਇਰਾਵਤੀ ਮਾਲਵਿਕਾ ਨੂੰ ਰਾਜਾ ਦੇ ਪ੍ਰਣਯ-ਸੂਤਰ ਵਿਚ ਬੱਝਦੀ ਵੇਖ ਕੇ ਰਾਜੇ ਦਾ ਅਪਮਾਨ ਕਰਦੀ ਹੈ ਤੇ ਧਾਰਿਣੀ ਉਸ ਨੂੰ ਕੈਦਣ ਬਣਾ ਲੈਂਦੀ ਹੈ। ਵਿਦੂਸ਼ਕ ਆਪਣੀ ਚਲਾਕੀ ਨਾਲ ਉਸ ਨੂੰ ਮੁਕਤ ਕਰਵਾਉਂਦਾ ਹੈ ਅਤੇ ਰਾਜੇ ਨਾਲ ਪੁਨਰ-ਮਿਲਣ ਹੁੰਦਾ ਹੈ। ਪਰ ਬਾਅਦ ਵਿਚ ਪਤਾ ਲਗਦਾ ਹੈ ਕਿ ਮਾਲਵਿਕਾ ਅਸਲ ਵਿਚ ਰਾਜਕੁਮਾਰੀ ਹੈ ਤਾਂ ਉਸ ਦੇ ਰਾਜੇ ਨਾਲ ਵਿਆਹ ਨੂੰ ਸਵੀਕਾਰ ਕਰ ਲਿਆ ਜਾਂਦਾ ਹੈ।

          ਕਾਲੀਦਾਸ ਨੇ ਦੋ ਮਹਾਂਕਾਵਿ ‘ਰਘੂਵੰਸ਼’ ਤੇ ‘ਕੁਮਾਰ ਸੰਭਵ’ ਲਿਖੇ। ‘ਰਘੂਵੰਸ਼’ ਵਿਚ ਕਵੀ ਨੇ ਰਘੂਵੰਸ਼ ਦੇ ਰਾਜਿਆਂ ਦਾ ਵਰਣਨ ਕੀਤਾ ਹੈ। ਸ਼ੁਰੂ ਵਿਚ ਮਹਾਰਾਜਾ ਦਲੀਪ ਦੀ ਕਥਾ ਹੈ, ਜਿਸ ਨੇ ਕਾਮਧੇਨੂ ਦੀ ਪੁੱਤਰੀ ਨਾਲਿੰਦੀ ਗਾਂ ਦੀ ਸੇਵਾ ਕਰਕੇ ਉਸ ਪਾਸੋਂ ਪੁੱਤਰ ਦਾ ਵਰ ਪਾਇਆ, ਇਸ ਦਾ ਨਾਮ ਰਘੂ ਰਖਿਆ। ਰਘੂ ਨੇ ਦਿਗ਼ ਵਿਜੈ ਮਗਰੋਂ ਵਿਸ਼ਵ-ਜਿਤ ਯੱਗ ਕੀਤਾ। ਇਸ ਵਿਚ ਰਘੂ ਦੇ ਪੁੱਤਰ ਅਜੂ ਦੇ ਵਿਆਹ ਦੇ ਮੌਕੇ ਤੇ ਸੁਅੰਬਰ ਦਾ ਵਿਸਥਾਰ ਸਹਿਤ ਵਰਣਨ ਕੀਤਾ ਗਿਆ ਹੈ। ਅਜੂ ਦੇ ਪੁੱਤਰ ਮਹਾਰਾਜਾ ਦਸ਼ਰਥ ਹੋਏ, ਜਿਨ੍ਹਾਂ ਨੇ ਰਾਤ ਨੂੰ ਘੜਾ ਭਰਦਿਆਂ ਹੋਇਆਂ ਮਿਰਗ ਦੇ ਭੁਲੇਖੇ ਵਿਚ ਸਰਵਣ ਨੂੰ ਮਾਰ ਦਿਤਾ ਸੀ। ਇਸ ਮਗਰੋਂ ਰਾਮ ਕਥਾ ਸ਼ੁਰੂ ਹੁੰਦੀ ਹੈ, ਜੋ ਆਦਿ ਤੋਂ ਅੰਤ ਤੱਕ ਸੰਖੇਪ ਰੂਪ ਵਿਚ ਲਿਖੀ ਗਈ ਹੈ। ਇਸ ਦਾ ਆਧਾਰ ਬਾਲਮੀਕ ਦੀ ਰਾਮਾਇਣ ਹੈ।

          ਕੁਮਾਰ ਸੰਭਵ ਵਿਚ ਕਵੀ ਨੇ ਸ਼ਿਵ ਤੇ ਪਾਰਬਤੀ ਦੇ ਵਿਆਹ ਤੇ ਉਨ੍ਹਾਂ ਦੇ ਪੁੱਤਰ ਕਾਰਤਿਕੇ ਦੁਆਰਾ ਤਾਰਿਕਾ-ਵੱਧ ਦੀ ਕਥਾ ਲਿਖੀ ਹੈ। ਪਾਰਬਤੀ ਹਿਮਾਲਾ ਪਰਬਤ ਦੀ ਕੰਨਿਆ ਸੀ, ਜਿਸ ਬਾਰੇ ਨਾਰਦ ਨੇ ਆਖਿਆ ਸੀ ਕਿ ਉਸ ਦਾ ਵਿਆਹ ਸ਼ਿਵ ਜੀ ਨਾਲ ਹੋਵੇਗਾ। ਦੇਵਤਿਆਂ ਨੂੰ ਬ੍ਰਹਮਾਂ ਨੇ ਦੱਸਿਆ ਕਿ ਉਨ੍ਹਾਂ ਦੇ ਦੁਸ਼ਮਣ ਤਾਰਕ ਨੂੰ ਸ਼ਿਵ ਤੇ ਪਾਰਬਤੀ ਦਾ ਪੁੱਤਰ ਹੀ ਯੁਧ ਵਿਚ ਮਾਰ ਸਕਦਾ ਹੈ। ਦੇਵਤਿਆਂ ਦੇ ਰਾਜਾ ਇੰਦਰ ਨੇ ਕਾਮ ਨੂੰ ਸ਼ਿਵ ਜੀ ਤਪੱਸਿਆ ਭੰਗ ਕਰ ਕੇ ਪਾਰਬਤੀ ਪ੍ਰਤੀ ਪਿਆਰ ਪੈਦਾ ਕਰਨ ਲਈ ਭੇਜਿਆ। ਪਰ ਸ਼ਿਵ ਜੀ ਨੇ ਕਾਮ ਨੂੰ ਭਸਮ ਕਰ ਦਿਤਾ। ਪਾਰਬਤੀ ਨੂੰ ਛੱਡ ਕੇ ਸ਼ਿਵ ਜੀ ਹੋਰ ਕਿਧਰੇ ਚਲੇ ਗਏ। ਪਾਰਬਤੀ ਨੇ ਘੋਰ ਤਪੱਸਿਆ ਕੀਤੀ, ਜਿਸ ਤੋਂ ਪ੍ਰਸੰਨ ਹੋ ਕੇ ਸ਼ਿਵ ਜੀ ਨੇ ਉਸ ਨੂੰ ਆਪਣੀ ਪਤਨੀ ਬਣਾ ਲਿਆ। ਕੁਝ ਸਮੇਂ ਮਗਰੋਂ ਕਾਰਤਿਕੇ ਦਾ ਜਨਮ ਹੋਇਆ, ਜਿਸ ਨੇ ਘੋਰ ਸੰਗ੍ਰਾਮ ਮਗਰੋਂ ਤਾਰਕ ਦਾ ਵੱਧ ਕਰ ਦਿਤਾ।

          ਇਉਂ ਕਾਲੀਦਾਸ ਨੇ ਮਹਾਂਕਾਵਿ ਤੇ ਨਾਟਕ ਸਾਹਿਤ ਨੂੰ ਅਮੀਰ ਬਣਾਉਣ ਦਾ ਸ਼ਲਾਘਾਯੋਗ ਕਾਰਜ ਕੀਤਾ।

          ਹ. ਪੁ.––ਸੰਸਕ੍ਰਿਤ ਸਾਹਿਤਯ ਕਾ ਆਲੋਚਨਾਤਮਕ ਇਤਿਹਾਸ––ਡਾ. ਰਾਮਜੀ ਉਪਾਧਿਆਇ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5848, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-24, ਹਵਾਲੇ/ਟਿੱਪਣੀਆਂ: no

ਕਾਲੀਦਾਸ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕਾਲੀਦਾਸ :    ਸੰਸਕ੍ਰਿਤ ਦੇ ਇਸ ਪ੍ਰਸਿੱਧ ਨਾਟਕਕਾਰ ਨੂੰ ਪ੍ਰਕਿਰਤੀ ਦਾ ਮਹਾਨ ਚਿਤੇਰਾ ਤੇ ਕਾਵਿ-ਜਗਤ ਵਿਚ ਉਪਮਾ-ਸਮਰਾਟ ਕਿਹਾ ਜਾਂਦਾ ਹੈ। ‘ਰਘੁਵੰਸ਼' ਵਿਚ ਵਰਤੀ ਇਕ ਵਚਿੱਤਰ ਉਪਮਾ ਦੇ ਕਾਰਨ ਇਸ ਨੂੰ ‘ਦੀਪਸ਼ਿਖਾ' ਕਾਲੀ ਦਾਸ ਵੀ ਕਿਹਾ ਜਾਂਦਾ ਹੈ। ਬਾਅਦ ਦੇ ਕਵੀਆਂ ਤੇ ਚਿੰਤਕਾਂ ਨੇ ਕਾਲੀਦਾਸ ਦਾ ਲੋਹਾ ਮੰਨਿਆ ਹੈ। ਇਸ ਸਿਰਮੌਰ ਕਵੀ, ਜਗਤ ਪ੍ਰਸਿੱਧ ਨਾਟਕਕਾਰ ਅਤੇ ਸੰਸਕ੍ਰਿਤ ਭਾਸ਼ਾ ਦੇ ਵਿਦਵਾਨ ਦੇ ਜੀਵਨ ਕਾਲ ਬਾਰੇ ਪੂਰੀ ਜਾਣਕਾਰੀ ਹਾਲਾਂ ਵੀ ਨਹੀਂ ਮਿਲਦੀ।ਇਸ ਦੇ ਕਾਲ ਸਬੰਧੀ ਖੋਜੀਆਂ ਵਿਚਕਾਰ ਬਹੁਤ ਮਤਭੇਦ ਮਿਲਦੇ ਹਨ। ਫਰਗੂਸਨ ਨੇ ਕਾਲੀਦਾਸ ਦਾ ਸਮਾਂ ਛੇਵੀਂ ਸਦੀ ਮੰਨਿਆ ਹੈ ਜਦੋਂ ਕਿ ਕੀਥ ਤੇ ਮੈਕਡਾਨਲਡ ਨੇ ਇਸ ਨੂੰ ਅੱਠਵੀਂ ਸਦੀ ਦੇ ਆਰੰਭ ਵਿਚ ਹੋਇਆ ਦੱਸਿਆ ਹੈ। ਭਾਰਤੀ ਵਿਦਵਾਨਾਂ ਨੇ ਇਸ ਨੂੰ ਪਹਿਲੀ ਸਦੀ ਈ.ਪੂ. ਵਿਚ ਹੋਇਆ ਦੱਸਿਆ ਹੈ। ਹਿੰਦੀ, ਵਿਸ਼ਵਕੋਸ਼ ਅਨੁਸਾਰ ਇਸ ਦਾ ਸਮਾਂ ਪੰਜਵੀਂ ਸਦੀ ਮੰਨਿਆ ਜਾਂਦਾ ਹੈ।

     ਕਾਲੀਦਾਸ ਦੇ ਜਨਮ ਸਥਾਨ ਬਾਰੇ ਵੀ ਕੁਝ ਨਿਸ਼ਚੇ ਨਾਲ ਨਹੀਂ ਕਿਹਾ ਜਾ ਸਕਦਾ। ਬੰਗਾਲੀ ‘ਕਾਲੀਦਾਸ' ਦੇ ਨਾਂ ਤੋਂ ਇਸ ਨੂੰ ‘ਕਾਲੀ' ਦਾ ਭਗਤ ਸਮਝ ਕੇ, ਇਸ ਨੂੰ ਬੰਗਾਲ ਵਿਚ ਪੈਦਾ ਹੋਇਆ ਅਤੇ ਇਸ ਦੀ ਜਨਮ ਭੂਮੀ ‘ਨਦੀਆ' ਦੱਸਦੇ ਹਨ। ਬਹੁਤ ਸਾਰੇ ਵਿਦਵਾਨ ਇਸ ਦਾ ਸਬੰਧ ਕਸ਼ਮੀਰ ਨਾਲ ਜੋੜਦੇ ਹਨ ਪਰ ਉਜੈਨ ਨਾਲ ਇਸ ਦਾ ਵਧੇਰੇ ਲਗਾਉ ਵੇਖ ਕੇ ਉਸੇ ਨੂੰ ਹੀ ਇਸ ਦੀ ਜਨਮ ਭੂਮੀ ਮੰਨਿਆ ਜਾਂਦਾ ਹੈ। ‘ਮੇਘਦੂਤ' ਵਿਚਲੇ ਅਵੰਤੀ ਪ੍ਰਦੇਸ਼ ਦੇ ਸੂਖ਼ਮ ਵਰਣਨ ਨੂੰ ਵੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਕਾਲੀਦਾਸ ਇਥੋਂ ਦਾ ਹੀ ਰਹਿਣ ਵਾਲਾ ਸੀ। ਹਿੰਦੀ ਵਿਸ਼ਵਕੋਸ਼ ਅਨੁਸਾਰ ਮੱਧ ਪ੍ਰਦੇਸ਼ ਦਾ ਵਸਨੀਕ ਸੀ। ਹਿੰਦੂ ਵਿਸ਼ਵਕੋਸ਼ ਅਨੁਸਾਰ ਇਹ ਰਿਤੂ-ਸੰਹਾਰ ਵਿਚਲੇ ਆਏ ਹਵਾਲਿਆਂ ਅਨੁਸਾਰ ਮੱਧ ਪ੍ਰਦੇਸ਼ ਦਾ ਵਸਨੀਕ ਸੀ।

   ਭਾਰਤ ਦੀ ਇਕ ਦੰਤ ਕਥਾ ਮੁਤਾਬਕ, ਕਾਲੀ ਦਾਸ ਨੂੰ ਬਚਪਨ ਵਿਚ ਕੁਝ ਵੀ ਨਹੀਂ ਆਉਂਦਾ ਸੀ। ਵਿਦਿਆਵਤੀ ਨਾਂ ਦੀ ਇਕ ਵਿਦਵਾਨ ਕੰਨਿਆ ਤੋਂ ਸ਼ਾਸ਼ਤਰਾਰਥ ਵਿਚ ਹਾਰ ਕੇ ਬ੍ਰਾਹਮਣਾਂ ਨੇ ਚਲਾਕੀ ਨਾਲ ਉਸ ਦਾ ਵਿਆਹ ਕਾਲੀ ਦਾਸ ਨਾਲ ਕਰਵਾ ਦਿੱਤਾ। ਵਿਦਿਆਵਤੀ ਨੂੰ ਜਦੋਂ ਪੰਡਤਾਂ ਦੀ ਇਸ ਮਾੜੀ ਚਾਲ ਦਾ ਪਤਾ ਲੱਗਿਆ ਤਾਂ ਵਿਚਾਰੀ ਬਹੁਤ ਦੁਖੀ ਹੋਈ ਅਤੇ ਉਸ ਨੇ ਕਾਲੀਦਾਸ ਨੂੰ ਘਰੋਂ ਕੱਢ ਦਿੱਤਾ। ਕਾਲੀਦਾਸ ਦੇ ਮਨ ਨੂੰ ਬਹੁਤ ਚੋਟ ਲੱਗੀ ਅਤੇ ਇਸ ਨੇ ਸਰਸਵਤੀ ਦੇਵੀ ਦੀ ਅਰਾਧਨਾ ਸ਼ੁਰੂ ਕਰ ਦਿੱਤੀ। ਸਰਸਵਤੀ ਦੇਵੀ ਦੀ ਅਪਾਰ ਕਿਰਪਾ ਨਾਲ ਇਹ ਇਕ ਪ੍ਰਭਾਵਸ਼ਾਲੀ ਕਵੀ ਬਣ ਗਿਆ।

   ਲੰਕਾ ਵਾਸੀਆਂ ਵਿਚ ਵੀ ਕਾਲੀਦਾਸ ਦੇ ਸਬੰਧ ਵਿਚ ਇਕ ਦੰਤ-ਕਥਾ ਪ੍ਰਚਲਿਤ ਹੈ। ਕਿਹਾ ਜਾਂਦਾ ਹੈ ਕਿ ਕਾਲੀਦਾਸ ਨੇ ਸਿੰਹਲ-ਦੀਪ ਦੇ ਰਾਜੇ ਕੁਮਾਰਦਾਸ ਦੇ ਲਿਖੇ ‘ਜਾਨਕੀਹਰਣ' ਮਹਾਂਕਾਵਿ ਦੀ ਬੜੀ ਪ੍ਰਸੰਸਾ ਕੀਤੀ ਸੀ। ਇਹ ਗੱਲ ਸੁਣ ਕੇ ਕੁਮਾਰਦਾਸ ਨੇ ਕਾਲੀਦਾਸ ਨੂੰ ਸਿੰਹਲ-ਦੀਪ ਬੁਲਵਾ ਭੇਜਿਆ। ਕਾਲੀਦਾਸ ਦੀ ਸਮਾਧੀ ਹਾਲੀ ਵੀ ਉਥੇ ਹੈ।

     ਕਾਲੀਦਾਸ ਨੇ ਦ੍ਰਿਸ਼ਕਾਵਿ ਅਤੇ ਸ਼੍ਰਵ-ਕਾਵਿ ਦੋਹਾਂ ਖੇਤਰਾਂ ਵਿਚ ਕਮਾਲ ਹਾਸਲ ਕੀਤਾ ਅਤੇ ਇਸ ਦੀਆਂ ਰਚਨਾਵਾਂ ਨੂੰ ਮਹਾਂਕਾਵਿ, ਨਾਟਕ ਅਤੇ ਗੀਤ ਕਾਵਿ ਵਿਚ ਵੰਡਿਆ ਜਾਂਦਾ ਹੈ। ਕਾਲੀਦਾਸ ਨੇ ‘ਕੁਮਾਰ ਸੰਭਵ' ਅਤੇ ‘ਰਘੁਵੰਸ਼' ਦੋ ਮਹਾਂਕਾਵਿ ਵਿਚ ਲਿਖੇ ਹਨ। ‘ਕੁਮਾਰ ਸੰਭਵ' ਦੇ 17 ਸਰਗਾਂ ਵਿਚ ਭਗਵਾਨ ਸ਼ਿਵ ਤੇ ਪਾਰਵਤੀ ਦੇ ਵਿਆਹ, ਕਾਰਤਿਕੇਯ ਦੇ ਜਨਮ ਅਤੇ ਤਾਰਕਸੁਰ ਰਾਖ਼ਸ਼ ਦੇ ਬੱਧ ਦੀ ਕਹਾਣੀ ਦਾ ਵਰਣਨ ਹੈ। ਅਨੇਕਾਂ ਵਿਦਵਾਨਾਂ ਦੀ ਧਾਰਨਾ ਹੈ ਕਿ ਕੁਮਾਰ ਸੰਭਵ ਦੇ ਪਹਿਲੇ ਅੱਠ ਸਰਗ ਹੀ ਕਾਲੀਦਾਸ ਦੀ ਰਚਨਾ ਹਨ। ਆਪਣੀ ਸੁੰਦਰ ਭਾਵ-ਵਿਅੰਜਨਾ, ਉੱਦਾਤ ਤੇ ਕੋਮਲ ਕਲਪਨਾ ਅਤੇ ਰਸ ਭਰੀ ਪਦ-ਯੋਜਨਾ ਦੇ ਕਾਰਨ ਇਹ ਰਚਨਾ ਆਧੁਨਿਕ ਰੁਚੀਆਂ ਦੇ ਵਿਸ਼ੇਸ਼ ਤੌਰ ਤੇ ਅਨੁਕੂਲ ਹੈ। ‘ਰਘੁਵੰਸ਼' ਸਮੁੱਚੇ ਸੰਸਕ੍ਰਿਤ ਸਾਹਿਤ ਵਿਚ ਇਕ ਉਤਕ੍ਰਿਸ਼ਟ ਮਹਾਂਕਾਵਿ ਮੰਨਿਆ ਜਾਂਦਾ ਹੈੇ। ਇਸ ਦੇ 19 ਸਰਗਾਂ ਵਿਚ ਸੂਰਜਬੰਸੀ ਰਾਜਿਆਂ ਦਾ ਜਸ ਗਾਇਆ ਗਿਆ ਹੈ। ਪਹਿਲੇ 9 ਸਰਗਾਂ ਵਿਚ ਰਾਮ ਭਗਵਾਨ ਦੇ ਚਾਰ ਪੂਰਵਜਾਂ ਦਲੀਪ, ਅਜ, ਰਘੂ ਅਤੇ ਦਸ਼ਰਥ ਦਾ ਜ਼ਿਕਰ ਹੈ। ਦਸਵੇਂ ਤੋਂ ਪੰਦਰ੍ਹਵੇਂ ਸਰਗ ਵਿਚ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਦਾ ਅਤੇ ਪਿਛਲੇ ਚਾਰ ਸਰਗਾਂ ਵਿਚ ਰਾਮ ਵੰਸ਼ਜਾਂ ਦਾ ਵਰਣਨ ਹੈ। ‘ਰਘੁਵੰਸ਼' ਵਿਚੋਂ ਕਾਲੀਦਾਸ ਦੀ ਪਰਪੱਕ ਬੁੱਧੀ ਅਤੇ ਭਾਰੀ ਪ੍ਰਤਿਭਾ ਦੀ ਜਾਣਕਾਰੀ ਮਿਲਦੀ ਹੈ।

   ਕਾਲੀਦਾਸ ਨੇ ਤਿੰਨ ਨਾਟਕ ਲਿਖੇ :- ‘ਮਾਲਵਿਕਾਗਨਿਮਿਤ੍ਰ'  ‘ਵਿਕ੍ਰਮੋਰਵਸ਼ੀ' ਅਤੇ ‘ਅਭਿਗਿਆਨ ਸ਼ਕੁੰਤਲਮ'। ਭਾਰਤੀ ਨਾਟਕ ਸਾਹਿਤ ਵਿਚ ਪਹਿਲੀ ਪਾਰੀ ਪਰਪੱਕ ਰਚਨਾ ਕਾਲੀਦਾਸ ਦੀਆਂ ਕਿਰਤਾਂ ਵਿਚ ਵੇਖਣ ਨੂੰ ਮਿਲਦੀ ਹੈ। ਆਪਣੀ ਵਿਲੱਖਣ ਨਾਟਕੀ ਨਿਪੁੰਨਤਾ ਦੇ ਕਾਰਨ ਕਾਲੀਦਾਸ ਸੰਸਾਰ ਦੇ ਨਾਟਕਕਾਰਾਂ ਵਿਚ ਮੋਹਰੀ ਮੰਨਿਆ ਜਾਂਦਾ ਹੈ। ਇਸ ਪੱਖ ਤੋਂ ਕਾਲੀਦਾਸ ਦੀ ਪ੍ਰਤਿਭਾ ਆਲੌਕਿਕ ਤੇ ਸਰਵਪੱਖੀ ਹੈ। ਰਚਨਾ ਕ੍ਰਮ ਦੀ ਦ੍ਰਿਸ਼ਟੀ ਤੋਂ ‘ਮਾਲਵਿਕਾਗਨਿਮਿਤ੍ਰ'  ਕਾਲੀਦਾਸ ਦਾ ਪਹਿਲਾ ਨਾਟਕ ਹੈ ਜਿਸ ਦੇ ਪੰਜ ਅੰਕਾਂ ਵਿਚ ਅਗਨੀ ਮਿਤਰ ਅਤੇ ਮਾਲਵਿਕਾ ਦੀ ਪਿਆਰ ਕਥਾ ਦਾ ਵਰਣਨ ਹੈ। ‘ਵਿਕ੍ਰਮੋਰਵਸ਼ੀ' ਪੰਜ ਅੰਕਾਂ ਦਾ ਨਾਟਕ ਹੈ ਇਸ ਵਿਚ ਪੁਰੂਰਵਾ ਅਤੇ ਉਰਵਸ਼ੀ ਨਾਂ ਦੀ ਅਪੱਛਰਾ ਦੀ ਪਿਆਰ ਕਹਾਣੀ ਦਰਸਾਈ ਗਈ ਹੈ। ਕਲਾ ਦੀ ਦ੍ਰਿਸ਼ਟੀ ਤੋਂ ‘ਵਿਕ੍ਰਮੋਰਵਸ਼ੀ' ਦਾ ਸਥਾਨ ‘ਮਾਲਵਿਕਾਗਨਿਮਿਤ੍ਰ' ਅਤੇ ‘ਅਭਿਗਿਆਨ ਸ਼ਕੁੰਤਲਮ' ਦੇ ਵਿਚਕਾਰ ਦਾ ਹੈ। ਉਰਵਸ਼ੀ ਅਤੇ ਪੁਰੂਰਵਾ ਦੀ ਇਕ ਪ੍ਰਚੀਨ ਕਥਾ ਨੂੰ ਕਵੀ ਨੇ ਭਾਵ, ਭਾਸ਼ਾ ਅਤੇ ਸ਼ੈਲੀ ਦੀ ਮੌਲਿਕਤਾ ਦੇ ਨਾਲ ਬੇਹੱਦ ਰਮਣੀਕ ਬਣਾ ਦਿੱਤਾ ਹੈ।

          ‘ਅਭਿਗਿਆਨ ਸ਼ਕੁੰਤਲਮ' ਸੰਸਕ੍ਰਿਤ ਸਾਹਿਤ ਦਾ ਇਕ ਸਰਬ ਉਤਕ੍ਰਿਸ਼ਟ ਨਾਟਕ ਹੈ। ਇਸ ਦੇ ਸੱਤ ਅੰਕ ਹਨ ਅਤੇ ਇਸ ਨਾਟਕ ਵਿਚ ਦੁਸ਼ਯੰਤ ਅਤੇ ਸ਼ਕੁੰਤਲਾ ਦੇ ਮੇਲ, ਵਿਛੋੜੇ ਤੇ ਪੁਨਰ ਮਿਲਣ ਦੀ ਕਥਾ ਚਿਤਰੀ ਗਈ ਹੈ। ਇਸ ਨਾਟਕ ਦੀ ਮੂਲ-ਕਥਾ ਮਹਾਂਭਾਰਤ ਦੇ ‘ਆਦਿਪਰਵ' ਵਿਚ ਆਏ ‘ਸ਼ਕੁੰਤਲੋਪਾ ਖਿਆਲ' ਨਾਲ ਸਬੰਧਤ ਹੈ ਪਰ ਉਸ ਸਿੱਧ ਪੱਧਰੀ ਪੌਰਾਣਿਕ ਕਥਾ ਨੂੰ ਕਾਲੀਦਾਸ ਨੇ ਆਪਣੀ ਅਦਭੁਤ ਕਲਪਨਾ-ਸ਼ਕਤੀ ਰਾਹੀਂ ਅਨੂਠਾ ਨਾਟਕੀ ਰੂਪ ਦੇ ਦਿੱਤਾ ਹੈ।

       ਸੰਸਕ੍ਰਿਤ ਦੇ ਗੀਤ-ਕਾਵਿ ਵਿਚ ਸਰਬ-ਪ੍ਰਾਚੀਨ ਰਚਨਾਵਾਂ ਕਾਲੀਦਾਸ ਦੇ ‘ਰਿਤੂ-ਸੰਹਾਰ' ਅਤੇ ‘ਮੇਘਦੂਤ' ਹਨ। ‘ਰਿਤੂ-ਸੰਹਾਰ' ਨੂੰ ਕੁਝ ਹੱਦ ਤਕ ਕਈ ਵਿਦਵਾਨ ਕਾਲੀਦਾਸ ਦੀ ਰਚਨਾ ਨਹੀਂ ਮੰਨਦੇ। ‘ਰਿਤੂ-ਸੰਹਾਰ' ਵਿਚ 9 ਸਰਗ ਅਤੇ 144 ਪਦ ਹਨ। ਇਸ ਵਿਚ ਗ੍ਰੀਸ਼ਮ, ਵਰਸ਼ਾ, ਸਰਦ, ਹੇਮੰਤ, ਸ਼ਿਸਰ ਅਤੇ ਬਸੰਤ-ਰੁੱਤਾਂ ਦਾ ਵਰਣਨ ਮਿਲਦਾ ਹੈ। ‘ਰਿਤੂ-ਸੰਹਾਰ' ਵਿਚ ਪ੍ਰਕ੍ਰਿਤੀ ਦੀ ਬਾਹਰੀ ਸੁੰਦਰਤਾ ਅਤੇ ਮਨੁੱਖੀ ਪਿਆਰ ਦਾ ਵਧੀਆ ਸੰਜੋਗ ਮਿਲਦਾ ਹੈ।

       ‘ਮੇਘਦੂਤ' ਸੰਸਕ੍ਰਿਤ ਗੀਤ-ਕਾਵਿ ਦੀ ਇਕ ਉੁੱਚ ਰਚਨਾ ਹੈ। ਇਸ ਵਿਚਲੇ 121 ਪਦਾਂ ਵਿਚ ਕਵੀ ਨੇ ਇਕ ਵਿਯੋਗੀ ‘ਯਕਸ਼' ਦੀ ਮਾਨਸਿਕ ਪੀੜ ਦਾ ਦਰਦ ਭਰਿਆ ਚਿਤਰਣ ਕੀਤਾ ਹੈ। ‘ਪੂਰਵਮੇਘ' ਅਤੇ ‘ਉਤਰ ਮੇਘ' ਇਸ ਦੇ ਦੋ ਭਾਗ ਹਨ ‘ਮੇਘਦੂਤ' ਦੀ ਭਾਸ਼ਾ ਬੜੀ ਮਾਂਜੀ-ਸੰਵਰੀ ਅਤੇ ਪ੍ਰਵਾਹ ਭਰਪੂਰ ਹੈ। ਇਸ ਦੀ ਸ਼ੈਲੀ ਕਾਲੀਦਾਸ ਦੀ ਸੁਭਾਵਿਕਤਾ ਅਤੇ ਪ੍ਰਸਾਦ-ਸ਼ੀਲਤਾ ਦੀ ਉੱਤਮ ਉਦਾਹਰਣ ਹੈ।

      ਉਪਰੋਕਤ ਤੋਂ ਇਲਾਵਾ ‘ਕੁੰਤਕੇਸ੍ਵਰ ਦੌਤਯ', ‘ਸੇਤੁ ਬੰਧ', ‘ਸ਼੍ਰਿਗਰ ਪ੍ਰਕਾਸ਼'  ‘ਕਲੋਦਯ' ਆਦਿ ਹੋਰ ਕਈ ਗ੍ਰੰਥ ਕਾਲੀਦਾਸ ਦੀ ਰਚਨਾ ਦੱਸੇ ਜਾਂਦੇ ਹਨ। ਡਾ. ਆਫਰੇਕਟ ਨੇ ਤਾਂ ਆਪਣੇ ਕੈਟੇਲੋਗਰਮ' ਵਿਚ ਕਾਲੀਦਾਸ ਦੇ ਨਾਂ ਥੱਲੇ ਲਗਭਗ ਪੈਂਤੀ ਗ੍ਰੰਥਾਂ ਦਾ ਉਲੇਖ ਕੀਤਾ ਹੈ ਪਰ ਹੁਣ ਸਪਸ਼ਟ ਹੋ ਚੁੱਕਿਆ ਹੈ ਕਿ ਕਾਲੀਦਾਸ ਨਾਂ ਦੇ ਅਨੇਕਾਂ ਗ੍ਰੰਥਕਾਰ ਹੋਏ ਹਨ ਅਤੇ ‘ਰਘੁਵੰਸ਼' ਦੇ ਕਰਤਾ ਕਾਲੀਦਾਸ ਨੇ ਉਪਰੋਕਤ ਸੱਤ ਗ੍ਰੰਥਾਂ ਦੀ ਰਚਨਾ ਕੀਤੀ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4881, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-27-02-49-17, ਹਵਾਲੇ/ਟਿੱਪਣੀਆਂ: ਹ. ਪੁ. – ਸੰਸਕ੍ਰਿਤ ਸਹਿਤਯ ਦੀ ਰੂਪ ਰੇਖਾ-ਪੰ. ਚੰਦਰ ਸ਼ੇਖਰ ਪਾਡੇਯ; ਸੰਸਕ੍ਰਿਤ ਨਾਟਕਕਾਰ-ਕਾਂਤਿ ਕਿਸ਼ੋਰ; ਭਰਤਿਯਾ ਸੰਸਕ੍ਰਿਤ ਸਾਹਿਤਯਕਾ ਸੰਕਸ਼ਿਪਤ ਇਤਿਹਾਸ-ਵਾਚਸਪਤੀ ਗੋਰੋਨਾ ; ਮਹਾਂਕਵੀ ਕਾਲੀਦਾਸ-ਰਮਾਸ਼ੰਕਰ ਤਿਵਾਰੀ ਸੰਸਕ੍ਰਿਤ ਕਵੀ ਦਰਸ਼ਨ-ਡਾ. ਭੋਲਾ ਸ਼ੰਕਰ ਵਿਆਸ; ਸੰਸਕ੍ਰਿਤ ਸੁਕਵਿ ਸਮੀਕਸ਼ਾ -ਬਲਦੇਵ ਉਪਾਧਯਾਯ; ਦਾ ਕੰਪੈਨੀਅਨ ਟੂ ਸੰਸਕ੍ਰਿਤ ਲਿਟ੍ਰੇਚਰ-ਸੁਰੇਸ਼ ਚੰਦਰ ਬੈਨਰ ਜੀ; ਹਿੰ. ਵਿ. ਕੋ. 2 : 492-93;

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.