ਕਿਰਿਆ ਵਾਕੰਸ਼ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਕਿਰਿਆ ਵਾਕੰਸ਼: ਇਸ ਸੰਕਲਪ ਦੀ ਵਰਤੋਂ ਵਿਆਕਰਨਕ ਵਿਸ਼ਲੇਸ਼ਣ ਲਈ ਕੀਤੀ ਜਾਂਦੀ ਹੈ। ਕਿਸੇ ਵਾਕਾਤਮਕ ਬਣਤਰ ਵਿਚ ਜੋ ਇਕਾਈ ਕਿਰਿਆ ਦੇ ਕਾਰਜ ਨੂੰ ਪੂਰਿਆਂ ਕਰਦੀ ਹੈ ਅਤੇ ਕਿਰਿਆ ਦੇ ਸਥਾਨ ’ਤੇ ਵਿਚਰਦੀ ਹੈ ਉਸ ਇਕਾਈ ਨੂੰ ਕਿਰਿਆ ਵਾਕੰਸ਼ ਆਖਿਆ ਜਾਂਦਾ ਹੈ। ਪੰਜਾਬੀ ਕਿਰਿਆ ਵਾਕੰਸ਼ ਦੀ ਬਣਤਰ ਵਿਚ ਇਕ ਤੋਂ ਲੈ ਕੇ ਸੱਤ ਤੱਕ ਸ਼ਬਦ ਵਿਚਰ ਸਕਦੇ ਹਨ। ਦਬਾ-ਬੋਧਕ ਅਤੇ ਨਾਂਹ-ਪੱਖੀ ਸ਼ਬਦਾਂ ਨੂੰ ਛੱਡ ਕੇ ਬਾਕੀ ਸਾਰੇ ਸ਼ਬਦ ਕਿਰਿਆ ਦੀ ਸ਼ਬਦਾਵਲੀ ਦੇ ਮੈਂਬਰ ਹੁੰਦੇ ਹਨ। ਕਿਰਿਆ ਵਾਕੰਸ਼ ਦੀ ਬਣਤਰ ਵਿਚ ਤਿੰਨ ਪਰਕਾਰ ਦੇ ਕਿਰਿਆ ਸ਼ਬਦ ਵਿਚਰਦੇ ਹਨ : (i) ਮੁੱਖ ਕਿਰਿਆ (ii) ਸਹਾਇਕ ਕਿਰਿਆ ਅਤੇ (iii) ਸੰਚਾਲਕ ਕਿਰਿਆ। ਮੁੱਖ ਕਿਰਿਆ, ਕਿਰਿਆ ਵਾਕੰਸ਼ ਦਾ ਕੇਂਦਰੀ ਤੱਤ ਹੈ। ਕਿਰਿਆ ਵਾਕੰਸ਼ ਦੀ ਬਣਤਰ ਨਾਂਵ ਵਾਕੰਸ਼ ਤੋਂ ਉਲਟ ਖੱਬੇ ਤੋਂ ਸੱਜੇ ਵੱਲ ਚਲਦੀ ਹੈ। ਹਰ ਉਸ ਕਿਰਿਆ ਸ਼ਬਦ ਨੂੰ ਮੁੱਖ ਕਿਰਿਆ ਆਖਿਆ ਜਾਂਦਾ ਹੈ ਜੋ ਪਹਿਲੇ ਸਥਾਨ ’ਤੇ ਵਿਚਰਦਾ ਹੈ : ਜਿਵੇਂ ‘ਉਹ ਪਿੰਡ ਜਾ ਰਿਹਾ ਹੁੰਦਾ ਸੀ, ਉਹ ਫਿਲਮ ਦੇਖਦਾ ਰਿਹਾ। ਮੁੱਖ ਕਿਰਿਆ, ਵਾਕੰਸ਼ ਦੇ ਮੂਲ ਸਰੂਪ ਨੂੰ ਪੇਸ਼ ਕਰਦੀ ਹੈ ਜਦੋਂ ਕਿ ਸੰਚਾਲਕ ਤੇ ਸਹਾਇਕ ਕਿਰਿਆਵਾਂ ਇਸ ਸਰੂਪ ਦੇ ਵਿਆਕਰਨਕ ਲੱਛਣਾਂ ਨੂੰ ਪ੍ਰਸਤੁਤ ਕਰਦੀਆਂ ਹਨ। ਸੰਚਾਲਕ ਕਿਰਿਆ ਚਾਰ ਪਰਕਾਰ ਦੀ ਹੁੰਦੀ ਹੈ : ਮੁੱਢਲੀ, ਕਰਮਵਾਚੀ, ਗਤੀਵਾਚੀ ਅਤੇ ਸੰਭਾਵਕ ਸੰਚਾਲਕ ਕਿਰਿਆ। ਮੁੱਢਲੀ ਸੰਚਾਲਕ ਕਿਰਿਆ ਮੁੱਖ ਕਿਰਿਆ ਤੋਂ ਤੁਰੰਤ ਪਿਛੋਂ ਵਿਚਰਦੀ ਹੈ। ਇਸ ਕਿਰਿਆ ਦੇ ਚੌਂਤੀ ਰੂਪ ਹਨ। ਕਰਮਵਾਚੀ ਕਿਰਿਆ ਦੇ ਦੋ ‘ਜਾ ਤੇ ਹੋ’ ਰੂਪ ਹਨ, ਗਤੀ ਵਾਚੀ ਸੰਚਾਲਕ ਕਿਰਿਆ ਦਾ ਇਕੋ ਇਕ ਰੂਪ ‘ਰਹਿ’ ਹੈ ਅਤੇ ਸੰਭਾਵਕ ਸੰਚਾਲਕ ਕਿਰਿਆ ਦੇ ‘ਸਕ, ਚੁਕ, ਦਸ, ਹੋ, ਕਰ ਅਤੇ ਦਿਸ’ ਛੇ ਰੂਪ ਹਨ। ਇਹ ਸਾਰੇ ਰੂਪ ਵਿਆਕਰਨਕ ਵਿਸ਼ੇਸ਼ਤਾਵਾਂ ਅਨੁਸਾਰ ਵਿਚਰਦੇ ਹਨ। ਇਨ੍ਹਾਂ ਚੌਹਾਂ ਉਪ-ਸ਼੍ਰੇਣੀਆਂ ਦੇ ਮੈਂਬਰ ਕਿਰਿਆ ਵਾਕੰਸ਼ ਦੀ ਬਣਤਰ ਵਿਚ ਆਪਣੀ ਨਿਸ਼ਚਿਤ ਥਾਂ ’ਤੇ ਕਦੇ ਵੀ ਇਕ ਤੋਂ ਵੱਧ ਵਾਰ ਨਹੀਂ ਆ ਸਕਦੇ। ਸਹਾਇਕ ਕਿਰਿਆ ਦੇ ਦੋ ਰੂਪ ‘ਹੈ, ਸੀ’ ਹਨ। ਇਹ ਦੋਵੇਂ ਰੂਪ ਆਪਣੀ ਵਿਆਕਰਨਕ ਵਿਸ਼ੇਸ਼ਤਾ ਦੀ ਪੂਰਤੀ ਵਜੋਂਂ ਵਿਚਰਦੇ ਹਨ ਅਤੇ ਕਾਲ, ਵਚਨ ਤੇ ਪੁਰਖ ਦੀ ਸੂਚਨਾ ਦੇ ਵਾਹਕ ਹੁੰਦੇ ਹਨ। ਕਿਰਿਆ ਵਾਕੰਸ਼ ਦੀ ਬਣਤਰ ਵਿਚ ਵਿਚਰਨ ਵਾਲੇ ਕਿਰਿਆ ਸ਼ਬਦ, ਰੂਪ ਪੱਖੋਂਂ ਦੋ ਪ੍ਰਕਾਰ ਦੇ ਹੁੰਦੇ ਹਨ : (i) ਕਾਲਕੀ ਅਤੇ (ii) ਅਕਾਲਕੀ। ਉਨ੍ਹਾਂ ਕਿਰਿਆ ਰੂਪਾਂ ਨੂੰ ਕਾਲਕੀ ਕਿਰਿਆ ਰੂਪ ਕਿਹਾ ਜਾਂਦਾ ਹੈ ਜਿਨ੍ਹਾਂ ਦਾ ਰੂਪ ਵਿਆਕਰਨਕ ਸ਼ਰੇਣੀਆਂ ਅਨੁਸਾਰ ਰੂਪਾਂਤਰਤ ਹੁੰਦਾ ਹੋਵੇ, ਜਿਵੇਂ : ‘ਕਰਦਾ, ਕਰਦੀ, ਕਰਦੀਆਂ...’ ਦੂਜੇ ਪਾਸੇ ਉਨ੍ਹਾਂ ਕਿਰਿਆ ਰੂਪਾਂ ਨੂੰ ਅਕਾਲਕੀ ਕਿਰਿਆ ਰੂਪ ਕਿਹਾ ਜਾਂਦਾ ਹੈ ਜਿਨ੍ਹਾਂ ਦਾ ਰੂਪ ਵਿਆਕਰਨਕ ਸ਼ਰੇਣੀਆਂ ਅਨੁਸਾਰ ਰੂਪਾਂਤਰਤ ਨਾ ਹੁੰਦਾ ਹੋਵੇ। ਇਸ ਪਰਕਾਰ ਦੇ ਕਿਰਿਆ ਰੂਪਾਂ ਦੀ ਗਿਣਤੀ ਸੱਤ ਹੈ। ਕਿਰਿਆ ਧਾਤੂ ਤੋਂ ਇਲਾਵਾ ਇਨ੍ਹਾਂ ਕਿਰਿਆ ਰੂਪਾਂ ਦੇ ਅੰਤਕ ‘-ਕੇ, -ਦਿਆਂ, -ਇਆਂ, -ਨੋ, -ਅਣੋ,-ਨ\ਣ’ ਹੁੰਦੇ ਹਨ। ਇਕ ਕਾਲਕੀ ਕਿਰਿਆ ਵਾਕੰਸ਼ ਦੀ ਬਣਤਰ ਵਿਚ ਅਕਾਲਕੀ ਅਤੇ ਕਾਲਕੀ ਦੋਵੇਂ ਭਾਂਤ ਦੇ ਕਿਰਿਆ ਰੂਪ ਵਿਚਰ ਸਕਦੇ ਹਨ ਪਰ ਕਿਰਿਆ ਵਾਕੰਸ਼ ਦਾ ਅੰਤਲਾ ਮੈਂਬਰ ਕਾਲਕੀ ਰੂਪ ਵਾਲਾ ਹੁੰਦਾ ਹੈ, ਜਿਵੇਂ : ‘ਨਹੀਂ ਸੀ ਜਾ ਰਿਹਾ ਹੁੰਦਾ’ (ਨਾਂਹ-ਸੂਚਕ+ਕਾਲਕੀ+ਅਕਾਲਕੀ+ਕਾਲਕੀ+ਕਾਲਕੀ) ਦੂਜੇ ਪਾਸੇ ਅਕਾਲਕੀ ਕਿਰਿਆ ਵਾਕੰਸ਼ ਦੀ ਬਣਤਰ ਵਿਚ ਵੀ ਕਾਲਕੀ ਅਤੇ ਅਕਾਲਕੀ ਦੋਵੇਂ ਰੂਪ ਵਿਚਰ ਸਕਦੇ ਹਨ ਪਰ ਅਕਾਲਕੀ ਕਿਰਿਆ ਵਾਕੰਸ਼ ਦਾ ਅੰਤਲਾ ਸ਼ਬਦ ਅਕਾਲਕੀ ਕਿਰਿਆ ਰੂਪੀ ਹੁੰਦਾ ਹੈ, ਜਿਵੇਂ : ਬਾਹਰ ਨਿਕਲਣ ਲਗਿਆਂ... (ਅਕਾਲਕੀ+ਅਕਾਲਕੀ)।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 24821, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First