ਕੁੱਤਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੁੱਤਾ (ਨਾਂ,ਪੁ) 1 ਹਲਟ ਦੀ ਛੋਟੀ ਚੱਕਲੀ ਦੇ ਬੂੜੀਆਂ ਵਿੱਚ ਅੜ ਕੇ ਹਲਟ ਨੂੰ ਪੁੱਠਾ ਗਿੜਨ ਤੋਂ ਰੋਕ ਕੇ ਰੱਖਣ ਵਾਲੀ ਅੜਤਲ 2 ਰਾਖੀ ਵਜੋਂ ਘਰ ਵਿੱਚ ਰੱਖਿਆ ਜਾਣ ਵਾਲਾ ਪਾਲਤੂ ਚੌਪਾਇਆ ਜਾਨਵਰ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14208, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੁੱਤਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੁੱਤਾ [ਨਾਂਪੁ] ਇੱਕ ਪਾਲਤੂ ਜਾਨਵਰ , ਕੂਕਰ; ਭੈੜਾ ਆਦਮੀ; ਖੂਹ ਨੂੰ ਪੁੱਠਾ ਗਿੜਨ ਤੋਂ ਰੋਕਣ ਵਾਲ਼ੀ ਲੋਹੇ ਦੀ ਪੱਤੀ ਜਾਂ ਅੜਤਲ; ਬੰਦੂਕ ਦਾ ਘੋੜਾ; ਸੇਵੀਆਂ ਵੱਟਣ ਵਾਲ਼ੀ ਛੋਟੀ ਮਸ਼ੀਨ; ਇੱਕ ਗਾਲ਼
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14202, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੁੱਤਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੁੱਤਾ ਦੇਖੋ, ਕੁਤਾ ਕੁਤੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14083, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੁੱਤਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ
ਕੁੱਤਾ : ਇਹ ਪ੍ਰਾਚੀਨ ਸਮੇਂ ਤੋਂ ਪਰਿਚਤ ਪਾਲਤੂ ਅਤੇ ਵਫ਼ਾਦਾਰ ਪ੍ਰਾਣੀ ਜਾਣਿਆ ਜਾਂਦਾ ਹੈ। ਇਹ ਥਣਧਾਰੀ ਪ੍ਰਾਣੀਆਂ ਦੀ ਕੈਨਿਡੀ ਕੁਲ ਦੀ ਕੈਨਿਸ ਪ੍ਰਜਾਤੀ ਵਿਚੋਂ ਹੈ।
ਕੁੱਤਿਆਂ ਦੀਆਂ ਬਹੁਤ ਸਾਰੀਆਂ ਜੰਗਲੀ ਜਾਤੀਆ ਹੁਣ ਵੀ ਜੰਗਲਾਂ ਵਿਚ ਮਿਲਦੀਆਂ ਹਨ ਜਿਨ੍ਹਾਂ ਵਿਚੋਂ ਆਸਟ੍ਰੇਲੀਆ ਦੇ ਆਸਟ੍ਰੇਲੀਅਨ ਡਿੰਗੋ, ਭਾਰਤ ਦੇ ਸੋਨਹਾ ਜਾਂ ਡੋਲ ਅਤੇ ਅਫ਼ਰੀਕਾ ਦੇ ਜੰਗਲੀ ਕੁੱਤੇ ਪ੍ਰਸਿੱਧ ਹਨ। ਇਨ੍ਹਾਂ ਜਾਤੀਆਂ ਨੂੰ ਮਨੁੱਖ ਅਜੇ ਤਕ ਪਾਲਤੂ ਨਹੀਂ ਬਣਾ ਸਕਿਆ।
ਸੰਸਾਰ ਦੇ ਸਭ ਭਾਗਾਂ ਵਿਚ ਕੁੱਤੇ ਪਾਲੇ ਜਾਂਦੇ ਹਨ। ਇਹ ਕੰਮ ਕਦੋਂ ਤੋਂ ਸ਼ੁਰੂ ਹੋਇਆ, ਇਸ ਬਾਰੇ ਚੰਗੀ ਤਰ੍ਹਾਂ ਪਤਾ ਨਹੀਂ ਲਗਦਾ। ਇਹ ਅਨੁਮਾਨ ਲਾਇਆ ਜਾਂਦਾ ਹੈ ਕਿ ਕੁੱਤੇ ਦਾ ਵਿਕਾਸ ਬਘਿਆੜ ਅਤੇ ਗਿੱਦੜ ਤੋਂ ਹੋਇਆ ਹੈ। ਪਹਿਲਾਂ ਬਘਿਆੜ ਪਾਲਤੂ ਰਖਿਆ ਗਿਆ, ਫਿਰ ਬਘਿਆੜ ਅਤੇ ਗਿੱਦੜ ਦੇ ਮੇਲ ਤੋਂ ਕੁੱਤੇ ਦੀਆਂ ਜਾਤੀਆਂ ਨਿਕਲੀਆਂ। ਇਸੇ ਕਰਕੇ ਕੁੱਤੇ ਦੇ ਦੰਦ ਬਘਿਆੜ ਨਾਲ ਮਿਲਦੇ ਜੁਲਦੇ ਹਨ। ਪੇਲੀਓਲਿਥਿਕ ਯੁਗ ਦੀਆ ਗੁਫ਼ਾਵਾਂ ਤੇ ਚਿਤਰਾਂ ਵਿਚ, ਜੋ ਲਗਭਗ 50 ਹਜ਼ਾਰ ਸਾਲ ਪੁਰਾਣੇ ਮੰਨੇ ਜਾਂਦੇ ਹਨ, ਕੁੱਤਿਆਂ ਵਰਗੇ ਚਿਤਰ ਮਿਲਦੇ ਹਨ। ਇਹ ਚਿਤਰ ਕੁੱਤੇ ਜਾਂ ਬਘਿਆੜ ਦੋਹਾਂ ਦੇ ਹੋ ਸਕਦੇ ਹਨ।
ਇਨ੍ਹਾਂ ਗੁਫ਼ਾਵਾਂ ਦੇ ਕਈ ਹੋਰ ਚਿਤਰਾਂ ਤੋਂ ਪਤਾ ਲਗਦਾ ਹੈ ਕਿ ਯੂਰਪ ਦੇ ਨਵਪੱਥਰ ਦਾ ਯੁਗ ਦੇ ਆਦਿ ਮਨੁੱਖ ਬਘਿਆੜ ਵਰਗੇ ਕੁਝ ਪ੍ਰਾਣੀ ਆਪਣੇ ਨਾਲ ਰਖਦੇ ਸਨ। ਸੰਭਵ ਹੈ ਕਿ ਉਹ ਪ੍ਰਾਣੀ ਅਜੋਕੇ ਕੁੱਤਿਆਂ ਦੇ ਵੱਡ ਵਡੇਰੇ (ਪੂਰਵਜ) ਹੋਣ। ਇਸੇ ਤਰ੍ਹਾਂ ਕਾਂਸੀ-ਯੁਗ ਅਤੇ ਲੋਹ-ਯੁਗ ਵਿਚ ਵੀ ਉਥੋਂ ਦੇ ਆਦਿ ਵਾਸੀਆਂ ਕੋਲ ਕੁੱਤਿਆਂ ਦੀ ਹੋਂਦ ਦਾ ਪਤਾ ਲਗਦਾ ਹੈ।
ਮਿਸਰ ਦੇਸ਼ ਵਿਚ ਚਾਰ-ਪੰਜ ਹਜ਼ਾਰ ਸਾਲ ਪੂਰਵ ਦੇ ਚਿਤਰਾਂ ਤੋਂ ਕੁੱਤਿਆਂ ਦੀਆਂ ਕਈ ਜਾਤੀਆਂ ਦਾ ਪਤਾ ਲਗਦਾ ਹੈ, ਜਿਨ੍ਹਾਂ ਵਿਚ ਲੰਬੀਆਂ ਟੰਗਾਂ ਵਾਲੇ ਗ੍ਰੇ ਹਾਊਂਡ ਅਤੇ ਛੋਟੀਆਂ ਟੰਗਾਂ ਵਾਲੇ ਟੈਰਿਅਰ ਕੁੱਤੇ ਪ੍ਰਮੁੱਖ ਹਨ। ਲਗਭਗ 600 ਈ. ਪੂ. ਵਿਚ ਅਸੀਰੀਆ ਦੇ ਲੋਕ ਮੈਸਟਿਫ ਜਾਤੀ ਦੇ ਕੁੱਤੇ ਪਾਲਦੇ ਸਨ। ਯੂਨਾਨ ਅਤੇ ਰੋਮ ਦੇ ਪ੍ਰਾਚੀਨ ਸਾਹਿਤ ਤੋਂ ਪਤਾ ਲਗਦਾ ਹੈ ਕਿ ਇਥੋਂ ਦੇ ਲੋਕੀਂ ਵੀ ਕੁੱਤੇ ਪਾਲਣ ਵਿਚ ਕਿਸੇ ਤੋਂ ਪਿਛੇ ਨਹੀਂ ਸਨ। ਸਾਡੇ ਦੇਸ਼ ਵਿਚ ਵੀ ਮਹਾਭਾਰਤ ਆਦਿ ਪ੍ਰਾਚੀਨ ਗ੍ਰੰਥਾਂ ਵਿਚ ਕੁੱਤਿਆਂ ਦਾ ਜ਼ਿਕਰ ਆਉਂਦਾ ਹੈ। ਸਵਿਟਜ਼ਰਲੈਂਡ ਅਤੇ ਆਇਰਲੈਂਡ ਦੇ ਆਦਿਵਾਸੀ ਵੀ ਸ਼ਿਕਾਰ ਅਤੇ ਰਾਖੀ ਲਈ ਕੁੱਤੇ ਪਾਲਦੇ ਸਨ ਅਤੇ ਉਨ੍ਹਾਂ ਦਾ ਮਾਸ ਵੀ ਖਾਂਦੇ ਸਨ।
ਆਮ ਲੱਛਣ ਅਤੇ ਕੁਝ ਖਾਸ ਅਨੁਕੂਲਤਾਵਾਂ––ਕੁੱਤਾ ਬਘਿਆੜ ਵਰਗਾ ਸ਼ਿਕਾਰੀ ਜਾਨਵਰ ਹੈ। ਇਸ ਦੇ ਸਰੀਰ ਦੀ ਬਣਤਰ ਅਜਿਹੀ ਹੁੰਦੀ ਹੈ ਕਿ ਕਾਫ਼ੀ ਫੁਰਤੀ ਨਾਲ ਦੌੜ ਸਕਦਾ ਹੈ। ਇਸ ਦੇ ਦੰਦ-ਸ਼ਿਕਾਰ ਨੂੰ ਪਾੜ ਸਕਣ ਅਤੇ ਪਕੜ ਕੇ ਰੱਖਣ ਲਈ ਸਮਰੱਥ ਹੁੰਦੇ ਹਨ। ਕੁੱਤਾਂ ਮਾਸਾਹਾਰੀ ਪ੍ਰਾਣੀ ਹੈ।
ਕੁੱਤਾ ਆਮ ਤੌਰ ਤੇ ਘੋੜੇ ਵਾਂਗ ਦੌੜਦਾ ਹੈ। ਇਹ ਪਹਿਲਾਂ ਅਗਲੀ ਸੱਜੀ ਅਤੇ ਪਿਛਲੀ ਖੱਬੀ ਲੱਤ ਅਗੇ ਕਰਕੇ ਅਤੇ ਫਿਰ ਦੂਜੀਆਂ ਦੋਵੇਂ ਅਗੇ ਕਰਕੇ ਤੁਰਦਾ ਹੈ।
ਦੰਦ––ਕੁੱਤੇ ਵਿਚ ਦੰਦਾਂ ਦਾ ਪਹਿਲਾਂ ਇਕ ਅਸਥਾਈ ਸੈੱਟ ਨਿਕਲਦਾ ਹੈ। ਇਨ੍ਹਾਂ ਨੂੰ ਦੁੱਧ-ਦੰਦ ਵੀ ਕਹਿੰਦੇ ਹਨ। ਤਕਰੀਬਨ ਪੰਜ ਮਹੀਨੇ ਦੀ ਉਮਰ ਵਿਚ ਇਨ੍ਹਾਂ ਅਸਥਾਈ ਦੰਦਾਂ ਦੀ ਥਾਂ ਸਥਾਈ ਦੰਦ ਆ ਜਾਂਦੇ ਹਨ। ਸਥਾਈ ਦੰਦ 42 ਹੁੰਦੇ ਹਨ। ਇਨ੍ਹਾਂ ਨੂੰ ਚਾਰ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ : ਮਖ਼ਲੇ, ਚੋਭਣ ਅਤੇ ਕੱਟਣ ਲਈ, ਸੂਏ, ਮਾਸ ਨੂੰ ਪਾੜਨ ਅਤੇ ਟੁਕੜੇ ਕਰਨ ਲਈ, ਪ੍ਰੀਮੋਲਰ ਅਤੇ ਮੋਲਰ ਦੰਦ, ਕੁਤਰਨ ਅਤੇ ਚਿੱਥਣ ਲਈ ਵਰਤੇ ਜਾਂਦੇ ਹਨ। ਸੂਏ ਅਰਥਾਤ ਕੈਨਾਈਨ ਉਪਰਲੇ ਅਤੇ ਹੇਠਲੇ ਤਿੱਖੇ ਦੰਦ ਹਨ ਜਿਨ੍ਹਾਂ ਕਰਕੇ ਇਨ੍ਹਾਂ ਦੀ ਕੁਲ ਦਾ ਨਾਂ ਕੈਨਿਡੀ ਪਿਆ ਹੈ।
ਝਗੜਾਲੂ ਵਿਹਾਰ––ਜਦੋਂ ਦੋ ਅਜਨਬੀ ਨਰ ਕੁੱਤੇ ਇਕ ਦੂਜੇ ਦੇ ਨੇੜੇ ਆਉਂਦ ਹਨ ਤਾਂ ਇਨ੍ਹਾਂ ਦੀਆਂ ਪੂਛਾਂ ਉਪਰ ਵਲ ਸਿੱਧੀਆਂ ਖੜੀਆਂ ਹੁੰਦੀਆ ਹਨ ਅਤੇ ਪੂਛ ਦੇ ਹਿੱਸੇ ਨੂੰ ਸੁੰਘਕੇ ਇਕ ਦੂਜੇ ਦੀ ਪਛਾਣ ਕਰਦੇ ਜਾਪਦੇ ਹਨ। ਜੇ ਲੜਾਈ ਸ਼ੁਰੂ ਹੋ ਜਾਂਦੀ ਹੈ ਤਾਂ ਉਹ ਇਕ ਦੂਜੇ ਉਤੇ ਟੁੱਟ ਕੇ ਪੈ ਜਾਂਦੇ ਹਨ, ਵੱਢਦੇ ਹਨ ਅਤੇ ਇਕ ਦੂਜੇ ਨੂੰ ਘੁਰ ਘੁਰ ਕਰਕੇ ਘੂਰਦੇ ਹਨ। ਲੜਾਈ ਉਦੋਂ ਖ਼ਤਮ ਹੁੰਦੀ ਹੈ ਜਦੋਂ ਇਕ ਭੱਜ ਜਾਵੇ ਜਾਂ ਆਪਣੇ ਆਪ ਨੂੰ ਦੂਜੇ ਦੇ ਹਵਾਲੇ ਕਰ ਦੇਵੇ। ਹਾਰਿਆ ਕੁੱਤਾ ਆਪਣੀ ਪਿੱਠ ਦੇ ਭਾਰ ਲਿਟਦਾ ਹੈ ਅਤੇ ਪੰਜੇ ਉਪਰ ਨੂੰ ਕਰਕੇ ਚੀਕਦਾ ਹੈ। ਜਿੱਤਿਆ ਹੋਇਆ ਕੁੱਤਾ ਦੂਜੇ ਦੇ ਉਪਰ ਖੜਾ ਹੋ ਜਾਂਦਾ ਹੈ ਤੇ ਉਸ ਨੂੰ ਡਰਾਉਂਦਾ ਹੈ। ਜੇ ਪਹਿਲਾਂ ਹੀ ਇਸ ਦੀ ਜਿੱਤ ਮੰਨ ਲਈ ਗਈ ਹੋਵੇ ਤਾਂ ਜਿੱਤਿਆ ਹੋਇਆ ਕੁੱਤਾ ਆਪਣੇ ਪੰਜੇ ਦੂਜੇ ਦੀ ਪਿੱਠ ਉਤੇ ਰੱਖਕੇ ਭੌਂਕਦਾ ਹੈ, ਉਦੋਂ ਹਾਰਿਆ ਹੋਇਆ ਕੁੱਤਾ ਆਪਣੀ ਪੂਛ ਹੇਠ੍ਹਾਂ ਰੱਖਦਾ ਹੈ।
ਮੈਥੁਨ ਅਤੇ ਬੱਚਿਆਂ ਦੀ ਦੇਖ ਭਾਲ––ਮੈਥੁਨ ਸਮੇਂ ਕੁੱਤੇ ਇਕ ਖ਼ਾਸ ਪ੍ਰਗਟਾਵਾ ਕਰਦੇ ਹਨ। ਇਹ ਆਪਣੇ ਅਗਲੇ ਪੰਜੇ ਫੈਲਾਕੇ ਤੇ ਸਿਰ ਇਕ ਪਾਸੇ ਕਰਕੇ ਦੂਜੇ ਦੀ ਖੁਸ਼ਾਮਦ ਕਰਦੇ ਹਨ; ਫਿਰ ਆਪਣੀਆਂ ਅਗਲੀਆਂ ਲੱਤਾਂ ਇਕ ਦੂਜੇ ਦੀ ਗਰਦਨ ਵਿਚ ਪਾ ਕੇ ਕੁਸ਼ਤੀ ਸ਼ੁਰੂ ਕਰਦੇ ਹਨ। ਇਸ ਤੋਂ ਬਾਅਦ ਇਹ ਭੱਜਦੇ, ਇਕ ਦੂਜੇ ਦਾ ਪਿੱਛਾ ਕਰਦੇ ਤੇ ਅਖੀਰ ਮੈਥੁਨ ਕਰਦੇ ਹਨ। ਮੈਥੁਨ ਤੋਂ ਬਾਅਦ ਵੀ ਕਈ ਮਿੰਟਾਂ ਤਕ ਨਰ ਤੇ ਮਾਦਾ ਇਕੱਠੇ ਉਸੇ ਹਾਲਤ ਵਿਚ ਹੀ ਰਹਿੰਦੇ ਹਨ।
ਸ਼ੁਰੂ ਵਿਚ ਕਤੂਰਿਆਂ ਨੂੰ ਸਿਰਫ਼ ਦੁੱਧ ਤੇ ਹੀ ਪਾਲਿਆਂ ਜਾਂਦਾ ਹੈ। ਤਿੰਨ ਹਫ਼ਤੇ ਜਾਂ ਇਸ ਤੋਂ ਪਿਛੋਂ ਉਹ ਠੋਸ ਆਹਾਰ ਖਾਣਾ ਸ਼ੁਰੂ ਕਰਦੇ ਹਨ। ਤਕਰੀਬਨ ਸੱਤ ਹਫ਼ਤੇ ਦਾ ਹੋ ਜਾਣ ਤੇ ਕੁੱਤੀ ਪੂਰੀ ਤਰ੍ਹਾਂ ਦੁੱਧ ਛੁੜਾ ਦਿੰਦੀ ਹੈ।
ਕੁੱਤੇ ਛੋਟੇ ਅਤੇ ਵੱਡੇ ਸਭ ਤਰ੍ਹਾਂ ਦੇ ਹੁੰਦੇ ਹਨ। ਇਨ੍ਹਾਂ ਦੀ ਸੁਣਨ ਅਤੇ ਸੁੰਘਣ ਸ਼ਕਤੀ ਬੜੀ ਤੇਜ਼ ਹੁੰਦੀ ਹੈ ਪਰੰਤੂ ਦੇਖਣ ਦੀ ਸ਼ਕਤੀ ਮਨੁੱਖ ਨਾਲੋਂ ਕਮਜ਼ੋਰ ਹੁੰਦੀ ਹੈ। ਇਹ ਰੰਗਾਂ ਦੀ ਪਛਾਣ ਨਹੀਂ ਕਰ ਸਕਦੇ। ਮਨੁੱਖ ਲਈ ਕੁੱਤੇ ਬਹੁਤ ਹੀ ਉਪਯੋਗੀ ਪ੍ਰਾਣੀ ਹਨ। ਇਕ ਪਾਸੇ ਜਿਥੇ ਇਹ ਰਾਖੀ ਅਤੇ ਸ਼ਿਕਾਰ ਕਰਨ ਵਿਚ ਸਾਡੀ ਸਹਾਇਤਾ ਕਰਦੇ ਹਨ ਉਥੇ ਦੂਜੇ ਪਾਸੇ ਚੋਰਾਂ ਦਾ ਪਤਾ ਲਗਾਉਣ ਵਿਚ ਵੀ ਘੱਟ ਸਹਾਇਤਾ ਨਹੀਂ ਕਰਦੇ। ਵਿਦੇਸ਼ਾਂ ਵਿਚ ਤਾਂ ਕੁੱਤਿਆਂ ਨੂੰ ਸਿਖਾਉਣ ਲਈ ਬਹੁਤ ਸਾਰੇ ਸਕੂਲ ਹਨ।
ਸ਼੍ਰੇਣੀ ਵੰਡ––ਆਧੁਨਿਕ ਕਾਲ ਵਿਚ ਕੁੱਤਿਆਂ ਦੇ ਲਾਭਾਂ ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਨੂੰ ਛੇ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ––
ਪਹਿਲੀ ਸ਼੍ਰੇਣੀ ਵਿਚ ਉਹ ਸ਼ਿਕਾਰੀ ਕੁੱਤੇ ਆਉਂਦੇ ਹਨ ਜਿਹੜੇ ਸੁੰਘ ਕੇ ਸ਼ਿਕਾਰ ਦਾ ਪਤਾ ਲਗਾ ਲੈਂਦੇ ਹਨ ਅਤੇ ਸ਼ਿਕਾਰੀਆਂ ਦੀ ਸਹਾਇਤਾ ਕਰਦੇ ਹਨ ਇਨ੍ਹਾਂ ਵਿਚੋਂ ਸਪੈਨਿਅਲ, ਕਾੱਕਰ ਸਪੈਨਿਅਲ, ਸਪ੍ਰਿੰਗਰ ਆਦਿ ਚਿੜੀਆਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਉਡਾਉਂਦੇ ਹਨ। ਰਿਟ੍ਰੀਵਰ, ਲੈਬ੍ਰਾਡਾੱਰ ਆਦਿ ਜ਼ਖਮੀ ਅਤੇ ਮਰੀਆਂ ਹੋਈਆਂ ਚਿੜੀਆਂ ਨੂੰ ਚੁਕ ਕੇ ਆਪਣੇ ਮਾਲਕ ਕੋਲ ਲੈ ਆਉਂਦੇ ਹਨ। ਪੁਆਇੰਟਰ ਅਤੇ ਸੈਟਰ ਆਦਿ ਸ਼ਿਕਾਰੀ ਤੋਂ ਕਾਫ਼ੀ ਅਗੇ ਚਲੇ ਜਾਂਦੇ ਹਨ ਪਰ ਚਿੜੀਆਂ ਨੂੰ ਉਡਾਉਂਦੇ ਨਹੀਂ ਅਤੇ ਉਨ੍ਹਾਂ ਵਲ ਮੂੰਹ ਕਰਕੇ ਉਦੋਂ ਤਕ ਖੜੇ ਰਹਿੰਦੇ ਹਨ ਜਦੋਂ ਤਕ ਉਨ੍ਹਾਂ ਦਾ ਮਾਲਕ ਉਥੇ ਪਹੁੰਚ ਨਾ ਜਾਏ।
ਦੂਜੀ ਸ਼੍ਰੇਣੀ ਵਿਚ ਉਹ ਕੁੱਤੇ ਰੱਖੇ ਗਏ ਹਨ ਜਿਹੜੇ ਜ਼ਮੀਨ ਸੁੰਘ ਕੇ ਸ਼ਿਕਾਰ ਦਾ ਪਤਾ ਲਾ ਲੈਂਦੇ ਹਨ। ਇਨ੍ਹਾਂ ਦਾ ਸਰੀਰ ਅਤੇ ਪੈਰ ਤਕੜ, ਥੁਥਨੀ (ਮੂੰਹ) ਅਤੇ ਸਿਰ ਵੱਡਾ, ਕੰਨ ਅਤੇ ਉਪਰਲਾ ਬੁੱਲ ਚੌੜਾ ਹੁੰਦਾ ਹੈ। ਇਹ ਸ਼ਿਕਾਰ ਲਈ ਹੀ ਵਿਸ਼ੇਸ਼ ਰੂਪ ਵਿਚ ਵਿਕਸਿਤ ਕੀਤੇ ਗਏ ਹਨ। ਇਨ੍ਹਾਂ ਦੀ ਸੁੰਘਣ ਸ਼ਕਤੀ ਇੰਨੀ ਤੇਜ਼ ਹੁੰਦੀ ਹੈ ਕਿ ਇਸੇ ਸ਼੍ਰੇਣੀ ਦਾ ਬਲੱਡ ਹਾਊਂਡ 48 ਘੰਟੇ ਪਿਛੋਂ ਵੀ ਕਿਸੇ ਦੇ ਪੈਰਾਂ ਦਾ ਨਿਸ਼ਾਨ ਸੁੰਘਕੇ ਉਸ ਕੋਲ ਪਹੁੰਚ ਜਾਂਦਾ ਹੈ। ਇਨ੍ਹਾਂ ਵਿਚ ਸੁੰਘਕੇ ਸ਼ਿਕਾਰ ਕਰਨ ਵਾਲੇ ਅਫ਼ਗਾਨ ਹਾਊਂਡ, ਬਿਸੇਂਜੀ, ਬੈਸੇਟ ਹਾਊਂਡ, ਬੀਗਲ, ਡਾਕਸ਼ੁੰਡ, ਅਮਰੀਕਨ ਫਾੱਕਸ ਹਾਊਂਡ ਅਤੇ ਇੰਗਲਿਸ਼ ਫਾੱਕਸ ਹਾਊਂਡ ਬਹੁਤ ਪ੍ਰਸਿੱਧ ਹਨ। ਦੇਵਕੇ ਸ਼ਿਕਾਰ ਕਰਨ ਵਿਚ ਸਕਾੱਟਿਸ਼ ਡੀਅਰ ਹਾਊਂਡ, ਆਇਰਿਸ਼ ਵੁਲਫ ਹਾਊਂਡ ਅਤੇ ਬਾੱਰਜ਼ਾੱਈ ਦਾ ਨਾਂ ਪਹਿਲਾਂ ਆਉਂਦਾ ਹੈ। ਬਲੱਡ ਹਾਊਂਡ ਦਾ ਸਰੀਰ ਭਾਰੀ ਹੋਣ ਕਾਰਨ ਇਹ ਸ਼ਿਕਾਰ ਕਰਨ ਵਿਚ ਬਹੁਤਾ ਸਫ਼ਲ ਨਹੀਂ ਹੁੰਦਾ ਪਰੰਤੂ ਚੋਰਾਂ ਦਾ ਪਤਾ ਲਾਉਣ ਵਿਚ ਪੁਲਿਸ ਇਸ ਤੋਂ ਬਹੁਤ ਸਹਾਇਤਾ ਲੈਂਦੀ ਹੈ।
ਤੀਜੀ ਸ਼੍ਰੇਣੀ ਵਿਚ ਉਹ ਕੁੱਤੇ ਆਉਂਦੇ ਹਨ, ਜਿਨ੍ਹਾਂ ਨੂੰ ਟੈਰਿਅਰ ਆਖਦੇ ਹਨ। ਇਹ ਜ਼ਮੀਨ ਪੁੱਟਕੇ ਖੁੱਡਾਂ ਵਿਚ ਰਹਿਣ ਵਾਲੇ ਪ੍ਰਾਣੀਆ ਦਾ ਸ਼ਿਕਾਰ ਕਰਦੇ ਹਨ। ਇਨ੍ਹਾਂ ਵਿਚੋਂ ਬੁੱਲ ਟੈਰਿਅਰ, ਫਾੱਕਸ ਟੈਰਿਅਰ, ਆਇਰਿਸ਼ ਟੈਰਿਅਰ, ਲਹਾਸਾ ਟੈਰਿਅਰ, ਬਾਰਡਰ ਟੈਰਿਅਰ ਅਤੇ ਵੈੱਲਸ਼ ਟੈਰਿਅਰ ਪ੍ਰਸਿੱਧ ਹਨ।
ਚੌਥੀ ਸ਼੍ਰੇਣੀ ਵਿਚ ਪਹਿਰੇਦਾਰ ਕੁੱਤੇ ਆਉਂਦੇ ਹਨ। ਇਹ ਪਹਿਰਾ ਦੇਣ, ਰਾਖ਼ੀ ਕਰਨ ਅਤੇ ਰਸਤਾ ਦਿਖਾਉਣ ਦਾ ਕੰਮ ਕਰਦੇ ਹਨ। ਇਨ੍ਹਾਂ ਵਿਚ ਬੈੱਟ ਸ਼ੀਪ, ਡਾੱਗ, ਬੂਵਏ, ਜਰਮਨ ਸ਼ੈਫਰਡ, ਗ੍ਰੇਟ ਡੇਨ, ਮੈਸਟਿਫ, ਸੇਂਟ ਬਰਨਾਰਡ, ਸੈਮੋਏਡ, ਸਾਇਬੇਰੀਅਨ ਹਸਕੀ ਪ੍ਰਸਿੱਧ ਹਨ। ਜਿਥੇ ਬੂਵਏ, ਸੇਂਟ ਬਰਨਾਰਡ ਅਤੇ ਜਰਮਨ ਸ਼ੈਫਰਡ ਪੁਲਿਸ ਦੇ ਕੰਮ ਆਉਂਦੇ ਹਨ, ਉਥੇ ਕਾਲੀ, ਪੁਲੀ, ਓਲਡ ਇੰਗਲਿਸ਼ ਸ਼ੀਪ ਡਾੱਗ ਅਤੇ ਅਮਰੀਕੀ ਸ਼ੈਫਰਡ ਕਿਸਾਨਾਂ ਲਈ ਬਹੁਤ ਲਾਭਦਾਇਕ ਹਨ। ਸੇਂਅ ਬਰਨਾਰਡ ਪਾਣੀ ਵਿਚ ਡੁੱਬ ਰਹੇ ਲੋਕਾਂ ਨੂੰ ਬਚਾਉਣ ਅਤੇ ਅੰਨਿਆਂ ਨੂੰ ਰਸਤਾ ਦੱਸਣ ਵਿਚ ਨਿਪੁੰਨ ਹੁੰਦੇ ਹਨ।
ਪੰਜਵੀਂ ਸ਼੍ਰੇਣੀ ਵਿਚ ਘਰੇਲੂ ਕੁੱਤੇ ਆਉਂਦੇ ਹਨ ਜਿਨ੍ਹਾਂ ਨੂੰ ਲੋਕ ਸ਼ੌਕ ਲਈ ਪਾਲਦੇ ਹਨ। ਇਹ ਘਰ ਅਤੇ ਘਰ ਦੇ ਪਾਲਤੂ ਪਸ਼ੂ-ਪੰਛੀਆਂ ਦੀ ਰਾਖੀ ਕਰਦੇ ਹਨ ਅਤੇ ਘਰ ਵਿਚ ਕਿਸੇ ਨਵੇਂ ਬੰਦੇ ਦੇ ਆਉਣ ਤੇ ਭੌਂਕ ਕੇ ਆਪਣੇ ਮਾਲਕ ਨੂੰ ਸਾਵਧਾਨ ਕਰ ਦਿੰਦੇ ਹਨ। ਇਨ੍ਹਾਂ ਵਿਚ ਪਾੱਮਰੇਨਿਅਨ, ਪੱਗ, ਟਾਏ ਮੈਂਚੇਸਟਰ ਟੈਰਿਅਰ, ਯਾਰਕਸ਼ਿਰ ਟੈਰਿਅਰ, ਟਾਏ ਪੂਡਲ, ਪੀਕਿਨੀਜ਼, ਮੈਕਸੀਕਨ ਹੇਅਰਲੈੱਸ, ਜੈਪਨੀਜ਼ ਸਪੈਨਿਅਲ ਅਤੇ ਇੰਗਲਿਸ਼ ਟਾਏ ਸਪੈਨਿਅਲ ਬਹੁਤ ਪ੍ਰਸਿੱਧ ਹਨ।
ਛੇਵੀਂ ਸ਼੍ਰੇਣੀ ਵਿਚ ਕੁਝ ਹੋਰ ਕੁੱਤੇ ਆਉਂਦੇ ਹਨ ਜਿਨ੍ਹਾਂ ਵਿਚ ਬੋਸਟਨ ਟੈਰਿਅਰ, ਬੁੱਲ ਡਾੱਗ, ਚਾਊਚਾਊ, ਡੈਲਮੇਸ਼ਿਅਨ, ਪੂਡਲ ਅਤੇ ਫਰੈਂਚ ਬੁੱਲ-ਡਾੱਗ ਪ੍ਰਸਿੱਧ ਹਨ।
ਇਸ ਤੋਂ ਛੁੱਟ ਹਰ ਦੇਸ਼ ਵਿਚ ਇਨ੍ਹਾਂ ਹੀ ਜਾਤੀਆਂ ਦੇ ਮੇਲ ਤੋਂ ਸੈਂਕੜੇ ਦੋਗਲੀਆਂ ਜਾਤੀਆਂ ਦੇ ਕੁੱਤੇ ਬਣ ਗਏ ਹਨ ਜਿਹੜੇ ਭਿੰਨ-ਭਿੰਨ ਸੁਭਾਅ ਅਤੇ ਰੰਗ ਰੂਪ ਦੇ ਹੁੰਦੇ ਹਨ।
ਹ. ਪੁ.––ਹਿੰ. ਵਿ. 3 : 62; ਐਨ. ਬ੍ਰਿ. ਮੈ. 5 : 929
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 10374, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-30, ਹਵਾਲੇ/ਟਿੱਪਣੀਆਂ: no
ਕੁੱਤਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੁੱਤਾ, (ਪ੍ਰਾਕ੍ਰਿਤ : कुत्त, कुक्क; ਸੰਸਕ੍ਰਿਤ : कुक्कुर =ਕੁੱਤਾ)\ ਪੁਲਿੰਗ : ੧. ਬਘਿਆੜ, ਗਿੱਦੜ ਜਾਂ ਲੂੰਬੜ ਦੀ ਜਾਤੀ ਦਾ ਇੱਕ ਜਾਨਵਰ ਜਿਸ ਨੂੰ ਸ਼ਿਕਾਰ ਜਾਂ ਰਾਖੀ ਲਈ ਪਾਲਦੇ ਹਨ; ੨. ਖੂਹ ਦੀ ਚੱਕਲੀ ਦੇ ਬੂੜੀਏ ਨਾਲ ਅਟਕਣ ਵਾਲੀ ਵੱਢੇਦਾਰ ਲੱਕੜੀ ਜਾਂ ਲੋਹੇ ਦੀ ਮੋਟੀ ਪੱਤੀ ਜੋ ਖੂਹ ਨੂੰ ਪੁਠੇ ਗੇੜ ਗਿੜ੍ਹਨੋ ਰੋਕਦੀ ਹੈ; ੩. ਘੜੀ ਤੇ ਬਾਈਸਿਕਲ ਦਾ ਇੱਕ ਪੁਰਜ਼ਾ; ੪. ਤਾਲੇ ਦਾ ਖਟਕਾ; ੫. ਬੰਦੂਕ ਦਾ ਘੋੜਾ; ੬. ਸੇਵੀਆਂ ਵੱਟਣ ਵਾਲੀ ਇੱਕ ਛੋਟੀ ਮਸ਼ੀਨ; ੭. ਇੱਕ ਕਿਸਮ ਦਾ ਘਾਹ ਜਿਹੜਾ ਕਪੜਿਆਂ ਨੂੰ ਚੰਬੜ ਜਾਂਦਾ ਹੈ; ੮. ਇੱਕ ਗਾਲ੍ਹ; ੯. ਪਾਜੀ, ਕਮੀਣਾ (ਆਦਮੀ); ੧0. ਰਿਸ਼ਵਤ ਲੈਣ ਵਾਲਾ ਮੁਲਾਜ਼ਮ; ੧੧. ਅਦਾਲਤ ਦਾ ਰਿਸ਼ਵਤਖੋਰ ਚਪੜਾਸੀ; ੧੨. ਇੱਕ ਤਰ੍ਹਾਂ ਦੀ ਤਲਵਾਰ ਜੋ ਅੱਗੇ ਤੋਂ ਚੌੜੀ ਤੇ ਦੂਹਰੀ ਧਾਰ ਦੀ ਹੁੰਦੀ ਹੈ
–ਕੁੱਤਪੁਣਾ, ਪੁਲਿੰਗ : ੧. ਕੁਪੁੱਤਪੁਣਾ, ਲੜਾਈ, ਝਗੜਾ; ੨. ਨੀਚਤਾਈ, ਕਮੀਣਗੀ
–ਕੁਤੜਾ, ਪੁਲਿੰਗ : ਕੁੱਤਾ ਦਾ ਲਘੁਤਾਵਾਚਕ
–ਕੁਤੜੀ, ਇਸਤਰੀ ਲਿੰਗ : ੧.‘ਕੁੱਤੀ’ ਦਾ ਲਘੁਤਾਵਾਚਕ; ੨. ਮੱਛਰ ਨਾਲੋਂ ਛੋਟਾ ਜੰਤੂ ਜੋ ਵਰਖਾ ਰੁੱਤ ਵਿੱਚ ਰਾਤੀਂ ਡੰਗ ਮਾਰ ਮਾਰ ਸਤਾਉਂਦਾ ਹੈ, ਗੁੱਤੀ
–ਕੁੱਤਾ ਕੰਮ, ਪੁਲਿੰਗ : ਨਿੱਜਸ ਕੰਮ, ਕਮੀਣਾ ਕੰਮ, ਕਮੀਣਿਆਂ ਵਾਲਾ ਕੰਮ, ਤੰਗ ਕਰਨ ਵਾਲਾ ਕੰਮ
–ਕੁੱਤਾ ਖਾਂਸੀ, ਇਸਤਰੀ ਲਿੰਗ : ਕਾਲੀ ਖਾਂਸੀ, ਉਹ ਖਾਂਸੀ ਜਿਸ ਦੇ ਉਠਣ ਤੇ ਫੇਫੜਿਆਂ ਵਿਚੋਂ ਆਵਾਜ਼ ਪੈਦਾ ਹੁੰਦੀ ਹੈ ਤੇ ਮੂੰਹ ਲਾਲ ਹੋ ਜਾਂਦਾ ਹੈ
–ਕੁੱਤਾ ਗਵਾਂਢ, ਪੁਲਿੰਗ : ਭੈੜਾ ਤੇ ਲੜਾਕਾ ਪੜੌਸ, ਮਾੜਾ ਗਵਾਂਢ
–ਕੁੱਤਾ ਘਾਸ (ਘਾਹ), ਪੁਲਿੰਗ : ਇੱਕ ਤਰ੍ਹਾਂ ਦਾ ਘਾਸ ਜਿਸ ਦਾ ਕੰਡੇਦਾਰ ਫਲ ਕੱਪੜਿਆਂ ਨੂੰ ਚਿੰਮੜ ਜਾਂਦਾ ਹੈ
–ਕੁੱਤਾ ਘਿਉ ਖਾਵੇ ਪਰ ਸਾਈਂ ਨਾ ਲਾਹੀ ਰੁੱਖੀ, ਅਖੌਤ : ਜਦੋਂ ਕਿਸੇ ਸੂਮ ਮਾਲਕ ਦੇ ਨੌਕਰ ਮੌਜਾਂ ਉਡਾਉਣ ਤਾਂ ਕਹਿੰਦੇ ਹਨ
–ਕੁੱਤਾ ਫੁੱਲ, ਪੁਲਿੰਗ : ਇੱਕ ਪਰਕਾਰ ਦਾ ਫੁੱਲ ਜਿਸ ਦਾ ਮੂੰਹ ਕੁੱਤੇ ਦੇ ਮੂੰਹ ਵਰਗਾ ਹੁੰਦਾ ਹੈ
–ਕੁੱਤਾ ਭੌਂਕੇ ਵਢ ਖਾਏ ਆਦਮੀ ਭੌਂਕੇ ਕੁਝ ਨਾ ਵਿਗੜੇ, ਅਖੌਤ : ਬੁਰੇ ਆਦਮੀ ਦੀ ਬਕਵਾਸ ਜਾਂ ਬੁਰੇ ਲੱਛਣ ਨੁਕਸਾਨ ਦੇ ਸਕਦੇ ਹਨ ਪਰ ਚੰਗੇ ਆਦਮੀ ਦੀ ਬਕਵਾਸ ਜਾਂ ਨੁਕਤਾਚੀਨੀ ਨਾਲ ਕੋਈ ਨੁਕਸਾਨ ਨਹੀਂ ਹੁੰਦਾ
–ਕੁੱਤਾ ਰਾਜ ਬਹਾਲੀਏ ਉਹ ਚੱਕੀ ਚੱਟੇ, ਕੁੱਤਾ ਰਾਜ ਬਹਾਲੀਏ ਚੱਕੀ ਚੱਟਣ ਜਾਏ, ਅਖੌਤ : ਕਮੀਣਾ ਆਦਮੀ ਚਾਹੇ ਕਿੰਨਾ ਹੀ ਵੱਡਾ ਹੋ ਜਾਵੇ ਤਾਂ ਵੀ ਕਮੀਣਗੀ ਤੋਂ ਬਾਜ਼ ਨਹੀਂ ਆਉਂਦਾ
–ਕੁੱਤਾ ਵੀ ਬੈਠਦਾ ਹੈ ਤਾਂ ਪੂਛ ਹਲਾ (ਮਾਰ) ਕੇ ਬੈਠਦਾ ਹੈ, ਅਖੌਤ : ਕਿਸੇ ਗੰਦੇ ਆਦਮੀ ਨੂੰ ਸਫ਼ਾਈ ਰੱਖਣ ਲਈ ਜਦੋਂ ਕਹਿਣਾ ਹੋਵੇ ਤਾਂ ਸਫ਼ਾਈ ਦੀ ਉਪਮਾ ਵਿੱਚ ਇਹ ਕਹਿੰਦੇ ਹਨ
–ਕੁੱਤਿਆਂ ਤੋਂ ਮੂੰਹ ਚਟਾਉਣਾ, ਮੁਹਾਵਰਾ : ਕੋਈ ਅਜੇਹਾ ਕੰਮ ਕਰਨਾ ਜਿਸ ਤੋਂ ਬਹੁਤ ਬੇਇੱਜ਼ਤੀ ਹੋਵੇ
–ਕੁੱਤਿਆਂ ਦਾ ਸ਼ਿਕਾਰ, ਪੁਲਿੰਗ :ਉਹ ਸ਼ਿਕਾਰ ਜੋ ਕੁੱਤੇ ਮਾਰ ਕੇ ਲਿਆਉਣ
–ਕੁੱਤਿਆਂ ਦੇ ਲੱਕਿਆਂ ਦਰਿਆ ਪਲੀਤ ਨਹੀਂ ਹੁੰਦੇ, ਅਖੌਤ : ਛੋਟੇ ਜਾਂ ਕਮੀਨੇ ਆਦਮੀ ਦੇ ਆਖੇ ਕਿਸੇ ਵੱਡੀ ਚੀਜ਼ ਦੀ ਕਦਰ ਨਹੀਂ ਘਟ ਜਾਂਦੀ
–ਕੁਤੂਰਾ, ਪੁਲਿੰਗ : ਕਤੂਰਾ
–ਕੁੱਤੇ ਸੰਦੀ ਪੂਛਲੀ ਕਦੇ ਨਾ ਸਿੱਧੀ ਹੋਇ, ਅਖੌਤ : ਜਦ ਕੋਈ ਮਨੁੱਖ ਆਪਣੀ ਬੁਰੀ ਆਦਤ ਨਾ ਛੱਡਦਾ ਹੋਵੇ ਤਾਂ ਉਸ ਤੇ ਘਟਾਉਂਦੇ ਹਨ
–ਕੁੱਤੇ ਖਾਣੀ ਕਰਨਾ, ਮੁਹਾਵਰਾ : ਕੁੱਤੇ ਜੇਹਾ ਸਲੂਕ ਕਰਨਾ, ਬਹੁਤ ਬੇਇੱਜ਼ਤੀ ਕਰਨਾ
–ਕੁੱਤੇ ਖੱਸੀ ਕਰਨਾ,ਮੁਹਾਵਰਾ : ਵਿਹਲੇ ਫਿਰਨਾ, ਅਵਾਰਾਗਰਦੀ ਕਰਨਾ, ਗਲੀਆਂ, ਕੱਛਣਾ
–ਕੁੱਤੇ ਖਾਂਸੀ (ਖੰਘ), ਇਸਤਰੀ ਲਿੰਗ : ਕਾਲੀ ਖਾਂਸੀ
–ਕੁੱਤੇ ਖਾਣ ਜਲ੍ਹੇਬੀਆਂ ਪਰੋਹਤ ਭੁੱਖੇ, ਅਖੌਤ : ਜਦੋਂ ਚੰਗੇ ਜਾਂ ਅਧਿਕਾਰੀ ਲੋਕ ਭੁੱਖੇ ਮਰਨ ਪਰ ਕਮੀਣੇ ਜਾਂ ਮੰਦੇ ਲੋਕ ਮੌਜਾਂ ਉਡਾਉਣ ਤਦੋਂ ਕਹਿੰਦੇ ਹਨ
–ਕੁੱਤੇ ਖਾਣੀ, ਇਸਤਰੀ ਲਿੰਗ : ਕੁੱਤੇ ਵਰਗਾ ਸਲੂਕ, ਮੰਦਾ ਸਲੂਕ (ਲਾਗੂ ਕਿਰਿਆ : ਹੋਣਾ, ਕਰਾਨਾ)
–ਕੁੱਤੇ ਖਾਨਾ, ਪੁਲਿੰਗ : ਕੁੱਤੇ ਰੱਖਣ ਦਾ ਘਰ
–ਕੁੱਤੇ ਝਾਕ, ਇਸਤਰੀ ਲਿੰਗ : ਦੂਜੇ ਦੇ ਹੱਥਾਂ ਵੱਲ ਝਾਕਣ ਦੀ ਕਿਰਿਆ ਜਾਂ ਭਾਵ, ਵਿਹਲੇ ਫਿਰਨ ਦੀ ਕਿਰਿਆ ਜਾਂ ਭਾਵ
–ਕੁੱਤੇ ਤਾਰੀ, ਇਸਤਰੀ ਲਿੰਗ : ਕੁੱਤਿਆਂ ਵਾਂਗ ਤਰਨ ਦੀ ਕਿਰਿਆ
–ਕੁੱਤੇ ਦਾ ਹੱਡ, ਪੁਲਿੰਗ : ੧. ਕੁੱਤੇ ਦੀ ਨਸਲ ਦਾ; ੨. ਹਰਾਮੀ; ੩. ਬੁਰਾ ਆਦਮੀ
–ਕੁੱਤੇ ਦਾ ਕੱਟਿਆ, ਵਿਸ਼ੇਸ਼ਣ : ਕੁੱਤੇ ਦਾ ਵੱਢਿਆ
–ਕੁੱਤੇ ਦਾ ਕੁੱਤਾ ਵੈਰੀ, ਅਖੌਤ : ਜਦੋਂ ਇੱਕ ਜਾਤ, ਪੇਸ਼ਾ ਜਾਂ ਭਾਗ ਦੇ ਬੰਦੇ ਇੱਕ ਦੂਜੇ ਨੂੰ ਨੁਕਸਾਨ ਪਚਾਉਣ ਤਾਂ ਕਹਿੰਦੇ ਹਨ
–ਕੁੱਤੇ ਦਾ ਮਗ਼ਜ਼, ਪੁਲਿੰਗ : ਬਹੁਤ ਬੋਲਣ ਵਾਲਾ ਆਦਮੀ
–ਕੁੱਤੇ ਦਾ ਵਢਿਆ, ਵਿਸ਼ੇਸ਼ਣ : ੧. ਹਲਕੇ ਕੁੱਤੇ ਦੇ ਵੱਢੇ ਮਨੁੱਖ ਦੇ ਸੁਭਾ ਵਾਲਾ ਬਦ-ਮਜ਼ਾਜ, ਬੁਰੇ ਸੁਭਾਉ ਵਾਲਾ; ੨. ਪਾਗਲ; ੩. ਜ਼ਿੱਦੀ; ੪. ਪੁਲਿੰਗ : ਇੱਕ ਗਾਲ੍ਹ
–ਕੁੱਤੇ ਦੀ ਸਿਰੀ ਖਾ ਕੇ ਜੰਮਣਾ, ਮੁਹਾਵਰਾ : ਜਦੋਂ ਕੋਈ ਬਹੁਤ ਹੀ ਗਲਾਧੜ ਜਾਂ ਬਕਵਾਸੀ ਹੋਵੇ ਤਦੋਂ ਕਹਿੰਦੇ ਹਨ
–ਕੁੱਤੇ ਦੀ ਹੱਡੀ ਵਾਲਾ ਸੁਆਦ, ਅਖੌਤ : ਉਸ ਕੰਮ ਦਾ ਚਸਕਾ ਜਿਸ ਵਿਚੋਂ ਕੋਈ ਲਾਭ ਪਰਾਪਤ ਨਾ ਹੋਵੇ
–ਕੁੱਤੇ ਦੀ ਕਬਰ ਤੇ ਮਸਰੂ (ਮਛਰੂ) ਦਾ ਉਛਾੜ, ਅਖੌਤ : ਅਪਰਚਲਤ ਗੱਲ ਲਈ ਕਹਿੰਦੇ ਹਨ
–ਕੁੱਤੇ ਦੀ ਨੀਂਦ (ਨੀਂਦਰ), ਇਸਤਰੀ ਲਿੰਗ : ਅਜੇਹੀ ਨੀਂਦ ਜੋ ਜ਼ਰਾ ਜਿੰਨੇ ਖੜਕੇ ਨਾਲ ਖੁਲ੍ਹ ਜਾਵੇ
–ਕੁੱਤੇ ਦੀ ਪੂੰਛ, ਇਸਤਰੀ ਲਿੰਗ : ਉਹ ਬੰਦਾ ਜੋ ਕੋਈ ਵੀ ਮੱਤ ਨਾ ਸਿੱਖੇ, ਮੂਰਖ
–ਕੁੱਤੇ ਦੀ ਪੂੰਛ ਕਦੇ ਸਿੱਧੀ ਨਹੀਂ ਹੁੰਦੀ, ਅਖੌਤ : ਜਦੋਂ ਕੋਈ ਭੈੜੀ ਆਦਤ ਨਾ ਛੱਡੇ ਤਾਂ ਕਹਿੰਦੇ ਹਨ
–ਕੁੱਤੇ ਦੀ ਪੂੰਛ ਜੋ ਬਾਰਾਂ ਵਰ੍ਹੇ ਨਾਲੀ ਵਿੱਚ ਰੱਖੀ ਜਾਵੇ ਤਾਂ ਵੀ ਸਿੱਧੀ ਨਹੀਂ ਹੁੰਦੀ, ਅਖੌਤ :ਜਦੋਂ ਕੋਈ ਬੁਰਾ ਆਦਮੀ ਭੈੜੀ ਆਦਤ ਨਾ ਛੱਡੇ ਤਦੋਂ ਕਹਿੰਦੇ ਹਨ
–ਕੁੱਤੇ ਦੀ ਬਾਬ ਹੋਣਾ, ਮੁਹਾਵਰਾ : ਕੁੱਤੇ ਵਾਲੀ ਹਾਲਤ ਹੋਣਾ, ਦੁਰਗਤ ਹੋਣਾ, ਉਹ ਸਲੂਕ ਹੋਣਾ ਜੋ ਕੁੱਤੇ ਨਾਲ ਹੁੰਦਾ ਹੈ
–ਕੁੱਤੇ ਦੀ ਮੌਤ ਆਵੇ ਤਾਂ ਮਸੀਤੇ ਚੜ੍ਹ ਕੇ ਮੂਤਦਾ ਹੈ, ਅਖੌਤ :ਜਦੋਂ ਕਿਸੇ ਦੇ ਪੁੱਠੇ ਦਿਨ ਆਉਂਦੇ ਹਨ ਤਾਂ ਉਸ ਦੀ ਮੱਤ ਮਾਰੀ ਜਾਂਦੀ ਹੈ ਤੇ ਉਹ ਪੁਠੇ ਕੰਮ ਕਰਨੇ ਸ਼ੁਰੂ ਕਰ ਦੇਂਦਾ ਹੈ, ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਤਾਂ ਸ਼ਹਿਰ ਵਲ ਨੱਠਦਾ ਹੈ
–ਕੁੱਤੇ ਦੀ ਮੌਤ ਮਰਨਾ, ਮੁਹਾਵਰਾ : ੧. ਬਹੁਤ ਕੰਮ ਥੱਲੇ ਦਬੇ ਹੋਣਾ; ੨. ਬੇਇੱਜ਼ਤੀ ਨਾਲ ਮਰਨਾ, ਹਰਾਮ ਦੀ ਮੌਤ ਮਰਨਾ
–ਕੁੱਤੇ ਦੇ (ਨੂੰ) ਘੀ ਹਜ਼ਮ ਨਹੀਂ ਹੁੰਦਾ, ਅਖੌਤ : ਛੋਟੇ ਜਾਂ ਕਮੀਣੇ ਆਦਮੀ ਤੋਂ ਵੱਡੀ ਜਾਂ ਚੰਗੀ ਚੀਜ਼ ਨਹੀਂ ਪਚਾ ਹੁੰਦੀ
–ਕੁੱਤੇ ਦੇ (ਨੂੰ) ਠੀਕਰੀ ਮਾਰਨਾ,ਮੁਹਾਵਰਾ : ਵੱਢਣ ਪੈਣਾ ਜਾਂ ਭੌਂਕਣ ਵਾਲੇ ਨੂੰ ਜਾਣ ਕੇ ਛੇੜਨ ਵਾਲੀ ਗੱਲ ਕਰਨਾ
–ਕੁੱਤੇ ਦੇ ਮੂਤ ਨਾਲ ਮੁੱਛਾ (ਦਾੜ੍ਹੀ) ਮੁਨਾਉਣਾ,ਮੁਹਾਵਰਾ : ਸ਼ਰਤ ਹਾਰ ਕੇ ਵੱਧ ਤੋਂ ਵੱਧ ਬੇਇੱਜ਼ਤੀ ਕਰਾਉਣ ਲਈ ਤਿਆਰ ਹੋਣਾ
–ਕੁੱਤੇ ਨੂੰ ਹੱਡੀ ਦਾ ਸੁਆਦ, ਅਖੌਤ : ਜਦੋਂ ਮਨੁੱਖੀ ਕੋਈ ਕੰਮ ਜਿਸ ਵਿੱਚ ਲਾਭ ਕੋਈ ਨਾ ਹੋਵੇ, ਸੁਆਦ ਜਾਂ ਆਦਤ ਦਾ ਮਾਰਿਆ ਕਰਦਾ ਰਹੇ ਤਾਂ ਕਹਿੰਦੇ ਹਨ
–ਕੁੱਤੇ ਨੂੰ ਕਦੇ ਖੀਰ ਨਹੀਂ ਪਚਦੀ, ਅਖੌਤ : ਨੀਚ ਜਾਂ ਕਮੀਣਾ ਆਦਮੀ ਜਦੋਂ ਕਿਸੇ ਵੱਡੀ ਜਾਂ ਚੰਗੀ ਚੀਜ਼ ਨੂੰ ਸਾਂਭ ਕੇ ਨਾ ਰੱਖ ਸਕੇ ਜਾਂ ਕੋਈ ਆਦਮੀ ਕਿਸੇ ਭੇਤ ਨੂੰ ਸਾਂਭ ਕੇ ਨਾ ਰੱਖ ਸਕੇ ਤਾਂ ਕਹਿੰਦੇ ਹਨ
–ਕੁੱਤੇ ਭਕਾਈ, ਕੁੱਤੇ ਭਕਾਹੀ, ਇਸਤਰੀ ਲਿੰਗ : , ਫਜ਼ੂਲ ਕੰਮ, ਵਾਧੂ ਕੰਮ, ਬਿਨਾਂ ਕਾਰਣ ਇਧਰ ਉਧਰ ਦੀ ਭਕਾਈ (ਲਾਗੂ ਕਿਰਿਆ :ਕਰਨਾ, ਕਰਾਉਣਾ)
–ਕੁੱਤੇ ਭੌਂਕਣ ਤਾਂ ਚੰਦ (ਚੰਨ) ਨੂੰ ਕੀ, ਅਖੌਤ : ਚੰਗੀ ਚੀਜ਼ ਨੂੰ ਜੋ ਨੀਚ ਤੇ ਹੋਛੇ ਮੰਦਾ ਕਹਿਣ ਤਾਂ ਕੋਈ ਫ਼ਰਕ ਨਹੀਂ ਪੈਂਦਾ
–ਕੁੱਤੇ ਭੌਂਕਦੇ ਹੀ ਰਹਿੰਦੇ ਹਨ, ਅਖੌਤ : ਬੁਰੇ ਆਦਮੀ ਚੁਗਲੀ ਆਦਿ ਕਰਦੇ ਹੀ ਰਹਿੰਦੇ ਹਨ
–ਕੁੱਤੇ ਭੌਂਕਦੇ ਰਹਿੰਦੇ ਹਨ ਹਾਥੀ ਲੰਘ ਜਾਂਦੇ ਹਨ, ਕੁੱਤੇ ਭੌਂਕਦੇ ਰਹਿੰਦੇ ਹਨ ਕਾਫਲੇ ਨਿਕਲ ਜਾਂਦੇ ਹਨ, ਅਖੌਤ : ਕੰਮ ਕਰਨ ਵਾਲੇ ਬੰਦੇ ਫਜ਼ੂਲ ਨੁਕਤਾਚੀਨੀਆਂ ਦੀ ਪਰਵਾਹ ਨਹੀਂ ਕਰਦੇ ਤੇ ਆਪਣਾ ਕੰਮ ਕਰਦੇ ਰਹਿੰਦੇ ਹਨ
–ਕੁੱਤੇਮਾਰ, ਪੁਲਿੰਗ : ਸਰਕਾਰ ਜਾਂ ਨਗਰ ਸਭਾ ਵਲੋਂ ਛੱਡਿਆ ਉਹ ਆਦਮੀ ਜੋ ਲੰਡਰ ਕੁੱਤਿਆਂ ਨੂੰ ਜਾਨ ਤੋਂ ਮਾਰ ਦਿੰਦਾ ਹੈ
–ਕੁੱਤੇ ਮੂੰਹਾ, ਕੁੱਤੇ ਮੂੰਹਾ, ਵਿਸ਼ੇਸ਼ਣ : ੧. ਕੁੱਤੇ ਵਰਗੇ ਮੂੰਹ ਵਾਲਾ; ੨. ਗੰਦਗੀ ਅਤੇ ਮੁਰਦਾਰ ਖਾਣ ਵਾਲਾ : ‘ਕਲਿ ਹੋਈ ਕੁਤੇਮੂਹੀ ਖਾਜ ਹੋਆ ਮੁਰਦਾਰੁ’ (ਵਾਰ ਸਾਰ ਮਹਲਾ ੧)
–ਕੁੱਤੇ ਲਾਉਣੇ, ਮੁਹਾਵਰਾ : ਨਿਰਾਦਰੀ ਕਰਨੀ, ਤੁਹਮਤਾਂ ਲਾਉਣੀਆਂ
–ਕੁੱਤੇ ਵਾਂਙੂੰ (ਵਾਂਗੂੰ) ਮਾਰਨਾ, ਮੁਹਾਵਰਾ : ਬੇਰਹਿਮੀ ਨਾਲ ਮਾਰਨਾ, ਬੁਰੀ ਤਰ੍ਹਾਂ ਮਾਰਨਾ
–ਇੱਟ ਕੁੱਤੇ ਦਾ ਵੈਰ, ਪੁਲਿੰਗ : ਪੁਰਾਣਾ ਵੈਰ, ਪੁਰਾਣੀ ਦੁਸ਼ਮਣੀ
–ਸੁਹਰੇ ਘਰ ਜਵਾਈ ਕੁੱਤਾ, ਭੈਣ ਘਰ ਭਾਈ ਕੁੱਤਾ, ਅਖੌਤ : ਸਭ ਕੁੱਤਿਆਂ ਦਾ ਸਰਦਾਰ, ਸਹੁਰਾ ਰਹੇ ਜਵਾਈ ਬਾਰ (ਨਾਲ), ਜਵਾਈ ਦਾ ਸਦਾ ਸਹੁਰੇ ਘਰ ਰਹਿਣਾ ਜਾਂ ਭੈਣ ਦੇ ਘਰ ਭਾਈ ਦਾ ਰਹਿਣਾ ਬੁਰਾ ਸਮਝਿਆ ਜਾਂਦਾ ਹੈ ਪਰ ਸਭ ਤੋਂ ਬੁਰਾ ਹੁੰਦਾ ਹੈ ਜੋ ਸਹੁਰਾ ਧੀ ਦੇ ਘਰ ਉਹਦੇ ਆਸਰੇ ਤੇ ਰਹੇ
–ਹਲਕਿਆ ਕੁੱਤਾ, ਪੁਲਿੰਗ : ਉਹ ਕੁੱਤਾ ਜਿਸ ਦੇ ਮੂੰਹ ਵਿਚੋਂ ਝੱਗ ਗਿਰਦੀ ਹੋਵੇ ਤੇ ਪਾਗਲਾਂ ਦੀ ਤਰ੍ਹਾਂ ਦੌੜਦਾ ਫਿਰਦਾ ਹੋਵੇ, ਅਜੇਹੇ ਕੁੱਤੇ ਦੇ ਵੱਢਣ ਨਾਲ ਆਦਮੀ ਪਾਗਲ ਹੋ ਜਾਂਦਾ ਹੈ
–ਨਾ ਕੁੱਤਾ ਵੇਖੇਗਾ ਨਾ ਭੌਂਕੇਗਾ, ਅਖੌਤ : ਬੁਰੇ ਆਦਮੀ ਦੇ ਅੱਗੇ ਜਾਣਾ ਹੀ ਨਹੀਂ ਚਾਹੀਦਾ
–ਬੁਰਾ (ਮੰਦਾ) ਕੁੱਤੇ ਖਸਮੇ ਗਾਲ੍ਹ, ਅਖੌਤ : ਨੌਕਰ ਦੇ ਬੁਰੇ ਕੰਮ ਦੀ ਖੁਨਾਮੀ ਮਾਲਕ ਨੂੰ ਮਿਲਦੀ ਹੈ, ਨੌਕਰ ਦੀਆਂ ਗ਼ਲਤੀਆਂ ਦਾ ਨਤੀਜਾ ਮਾਲਕ ਨੂੰ ਭੁਗਤਣਾ ਪੈਂਦਾ ਹੈ
–ਬੋਲਾ ਕੁੱਤਾ, ਪੁਲਿੰਗ : ਹਲਕਿਆ ਕੁੱਤਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1724, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-04-02-58-41, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First