ਕੈਥਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੈਥਲ ਕਰਨਾਲ ਜ਼ਿਲੇ ਦੀ ਤਸੀਲ ਦਾ ਪ੍ਰਧਾਨ ਨਗਰ, ਜੋ ਕਰਨਾਲ ਤੋਂ ੧੯ ਕੋਹ ਪੱਛਮ ਕੁਰੁ੖੥ਤ੍ਰਭੂਮਿ ਵਿੱਚ ਹੈ. ਇਹ ਸ਼ਹਿਰ ਯੁਧਿ੡੄˜ਰ ਨੇ ਵਸਾਇਆ. ਹਨੁਮਾਨ ਦੀ ਮਾਤਾ ਅੰਜਿਨਾ ਦਾ ਮੰਦਿਰ ਹੋਣ ਕਰਕੇ ਨਾਮ “ਕਪਿ੎ਥਲ” ਥਾਪਿਆ. ਭਗਤੂਵੰਸ਼ੀ ਭਾਈ ਗੁਰੁਬਖ਼ਸ਼ ਸਿੰਘ ਦੇ ਸੁਪੁਤ੍ਰ ਭਾਈ ਦੇਸੂ ਸਿੰਘ ਨੇ ਮੁਲਕ ਮੱਲਕੇ ਕੈਥਲ ਨੂੰ ਸਨ ੧੭੬੭ ਵਿੱਚ ਆਪਣੀ ਰਾਜਧਾਨੀ ਬਣਾਇਆ. ਇਸ ਦੇ ਪੁਤ੍ਰ ਲਾਲ ਸਿੰਘ ਅਤੇ ਪੋਤੇ ਭਾਈ ਉਦਯ ਸਿੰਘ ਨੇ ਰਾਜ ਚੰਗੀ ਤਰਾਂ ਕੀਤਾ. ਭਾਈ ਉਦਯ ਸਿੰਘ ਦੇ ਰਾਜਕਵਿ ਕਵੀਰਾਜ ਭਾਈ ਸੰਤੋਖ ਸਿੰਘ ਨੇ ਇਸੇ ਨਗਰ ਵਿੱਚ ਰਹਿਕੇ ਗੁਰੁਪ੍ਰਤਾਪਸੂਰਯ ਆਦਿਕ ਪੁਸਤਕ ਰਚੇ ਹਨ. ਭਾਈ ਸੰਤੋਖ ਸਿੰਘ ਜੀ ਕੈਥਲ ਬਾਬਤ ਵਾਲਮੀਕ1 ਦੇ ਅਨੁਵਾਦ ਦੇ ਅੰਤ ਲਿਖਦੇ ਹਨ—

“ਤੀਰ ਤੀਰ ਤੀਰਥ ਕੀ ਭੀਰ ਬਰ ਪੀਰ ਹਰ

ਨੀਰ ਭਏ ਸੁੰਦਰ ਸੁਹਾਵਤ ਸੁਪਾਨ ਕੀ,

ਸੰਤ ਹੈਂ ਮਹੰਤ ਭਗਵੰਤ ਕੀ ਭਗਤਿਵੰਤ

ਅੰਤਕ ਕੇ ਅੰਤ ਕੋ ਨਾ ਪਾਇ ਪੀਰ ਪ੍ਰਾਨ ਕੀ,

ਪਰਮ ਪਵਿਤ੍ਰ ਹੈ ਵਿਚਿਤ੍ਰ ਦੇਵਤਾਨ ਥਲ

ਜਤ੍ਰ ਤਤ੍ਰ ਚਿਤ੍ਰ ਚਿਤ੍ਰ ਦੇਤ ਮਤਿ ਸ੍ਯਾਨ ਕੀ,

ਉਪਮਾ ਮਹਾਨ ਕੀ ਨਾ ਆਨ ਮੇ ਸਮਾਨ ਕੀ

ਪੁਰਾਨ ਮੇ ਪ੍ਰਮਾਨ ਕੀ ਸੁ ਕੈਥਲ ਸਥਾਨ ਕੀ.”

ਭਾਈ ਉਦਯ ਸਿੰਘ ਦੇ ਸੰਤਾਨ ਨਹੀਂ ਹੋਈ. ਇਸ ਲਈ ੧੫ ਮਾਰਚ ਸਨ ੧੮੪੩ ਨੂੰ ਉਸ ਦੇ ਦੇਹਾਂਤ ਹੋਣ ਪੁਰ ਇਹ ਰਿਆਸਤ ਅਯੋਗ ਨੀਤਿ ਨਾਲ ਅੰਗ੍ਰੇਜ਼ੀ ਰਾਜ ਵਿੱਚ ਮਿਲਾਈ ਗਈ.1Kythal was a Cis-Sutlaj Sikh State which entered into treaty with the British Government in 1809.

The Chiefs of the Cis-Sutlaj States never dreamt when they entered into alliance with the British that their states would be annexed to the territory of the East India Company for want of heirs. For, according to the Hindu Law, they knew, they could always adopt heirs in the event of the failure of a progeny. This is exactly what the British interpreters of the Treaty would not admit. So when the Kythal Chief died, his State was annexed by Ellenborough. But this annexation was expressed by the euphemistic phrase "lapse". The State had not been originally granted to the Kythal Chief by the British that it could have "lapsed" to them. (Extract from Rise of the Christian Power in India by Major B. D. Basu.” I. M. S. Page 852)

ਕੈਂਥਲ ਵਿੱਚ ਨੌਮੇ ਸਤਿਗੁਰੂ ਦੇ ਦੋ ਗੁਰਦ੍ਵਾਰੇ ਹਨ—ਇੱਕ ਠੰਢਾਰ ਤੀਰਥ ਪੁਰ, ਦੂਜਾ ਸ਼ਹਿਰ ਵਿੱਚ. ਬਾਹਰ ਦੇ ਗੁਰਦ੍ਵਾਰੇ ਦੇ ਨਾਲ ਦਸ ਵਿੱਘੇ ਜ਼ਮੀਨ ਹੈ. ਇਸ ਥਾਂ ਗੁਰੂ ਸਾਹਿਬ ਦੇ ਵੇਲੇ ਦਾ ਇੱਕ ਨਿੰਮ ਦਾ ਬਿਰਛ ਹੈ, ਜਿਸ ਦੇ ਪੱਤੇ ਖਵਾਕੇ ਸਤਿਗੁਰੂ ਨੇ ਰੋਗੀ ਦਾ ਤਾਪ ਦੂਰ ਕੀਤਾ ਸੀ.

ਬਾਹਰ ਦੇ ਗੁਰਦ੍ਵਾਰੇ ਨੂੰ ਸੌ ਰੁਪਯਾ ਰਿਆਸਤ ਪਟਿਆਲੇ ਤੋਂ ਅਤੇ ਸੈਂਤਾਲੀ ਰੁਪਯੇ ਰਿਆਸਤ ਜੀਂਦ ਤੋਂ ਸਾਲਾਨਾ ਮਿਲਦੇ ਹਨ. ਭਾਈ ਉਦਯ ਸਿੰਘ ਦੀ ਦਿੱਤੀ ਹੋਈ ਸੌ ਵਿੱਘੇ ਜ਼ਮੀਨ ਹੈ. ਦੋਖੇ, ਭਗਤੂ ਭਾਈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4120, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੈਥਲ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੈਥਲ (29°-47’ਉ, 76°-23’ਪੂ): ਹਰਿਆਣੇ ਦਾ ਇਕ ਜ਼ਿਲਾ ਪੱਧਰ ਦਾ ਇਕ ਪੁਰਾਣਾ ਇਤਿਹਾਸਿਕ ਨਗਰ ਹੈ। ਬਰਾੜ ਜੱਟਾਂ ਵਿਚੋਂ ਸਿੱਧੂ ਗੋਤ ਦੇ ਭਾਈ ਭਗਤੂ ਦੇ ਵੰਸ਼ਜ ਭਾਈ ਦੇਸੂ ਸਿੰਘ ਨੇ ਇਸ ਨੂੰ 1767 ਵਿਚ ਆਪਣੇ ਕਬਜ਼ੇ ਵਿਚ ਕਰ ਕੇ ਆਪਣੀ ਰਿਆਸਤ ਦੀ ਰਾਜਧਾਨੀ ਬਣਾਇਆ ਸੀ। 1809 ਵਿਚ ਇਹ ਰਿਆਸਤ ਅੰਗਰੇਜ਼ਾਂ ਦੀ ਸੁਰੱਖਿਆ ਅਧੀਨਗਈ ਸੀ। 15 ਮਾਰਚ 1843 ਨੂੰ ਇਸ ਦੇ ਤੀਸਰੇ ਸ਼ਾਸਕ ਭਾਈ ਉਦੈ ਸਿੰਘ ਦੇ ਬਿਨਾਂ ਵਾਰਸ ਅਕਾਲ ਚਲਾਣਾ ਕਰ ਜਾਣ ਉਪਰੰਤ ਇਸ ਨੂੰ ਅੰਗਰੇਜ਼ੀ ਰਾਜ ਵਿਚ ਸੰਮਿਲਤ ਕਰ ਲਿਆ ਗਿਆ। ਕੈਥਲ ਵਿਚ ਹੀ ਇਸਦੇ ਆਖ਼ਰੀ ਸ਼ਾਸਕ ਦੀ ਸਰਪ੍ਰਸਤੀ ਹੇਠ ਭਾਈ ਸੰਤੋਖ ਸਿੰਘ ਨੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਸਿਰਲੇਖ ਅਧੀਨ ਮਹਾਨ ਗ੍ਰੰਥ ਦੀ ਰਚਨਾ ਕੀਤੀ ਸੀ। ਇਸ ਗ੍ਰੰਥ ਨੂੰ, ਆਮ ਤੌਰ ਤੇ, ਸੂਰਜ ਪ੍ਰਕਾਸ਼ ਕਰਕੇ ਜਾਣਿਆ ਜਾਂਦਾ ਹੈ। ਇਸ ਨਗਰ ਵਿਚ ਦੋ ਇਤਿਹਾਸਿਕ ਗੁਰਦੁਆਰੇ ਹਨ ਜੋ ਗੁਰੂ ਤੇਗ਼ ਬਹਾਦਰ ਜੀ ਦੀ ਯਾਤਰਾ ਦੀ ਯਾਦ ਦਿਵਾਉਂਦੇ ਹਨ।

ਗੁਰਦੁਆਰਾ ਨਿੰਮ ਸਾਹਿਬ ਪਾਤਸ਼ਾਹੀ ਨੌਂਵੀਂ, ਪੁਰਾਣੇ ਨਗਰ ਦੇ ਬਾਹਰਵਾਰ ਪੱਛਮ ਵਿਚ ਉਸ ਅਸਥਾਨ ਤੇ ਸਥਿਤ ਹੈ ਜਿਸ ਨੂੰ ਪੁਰਾਤਨ ਲਿਖਤਾਂ ਵਿਚ ਠੰਡਾਰ ਤੀਰਥ ਲਿਖਿਆ ਗਿਆ ਹੈ। ਇੱਥੇ ਇਕ ਪੁਰਾਣਾ ਨਿੰਮ ਦਾ ਦਰਖ਼ਤ ਹੁੰਦਾ ਸੀ ਜਿਸ ਹੇਠਾਂ ਗੁਰੂ ਤੇਗ਼ ਬਹਾਦਰ ਜੀ ਸਭ ਤੋਂ ਪਹਿਲਾਂ ਬੈਠੇ ਸਨ ਅਤੇ ਇੱਥੇ ਹੀ ਉਹਨਾਂ ਨੇ ਲੋਕਾਂ ਨੂੰ ਉਪਦੇਸ਼ ਦਿੱਤਾ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਜੀ ਨੇ ਇਸ ਦਰਖ਼ਤ ਦੇ ਪੱਤੇ ਦੇ ਕੇ ਕਈ ਬਿਮਾਰ ਵਿਅਕਤੀਆਂ ਨੂੰ ਤੰਦਰੁਸਤੀ ਬਖ਼ਸ਼ੀ ਸੀ। ਗੁਰਦੁਆਰੇ ਦਾ ਪ੍ਰਕਾਸ਼ ਅਸਥਾਨ ਉਸ ਜਗ੍ਹਾ ਉੱਤੇ ਹੈ ਜਿੱਥੇ ਦਰਖ਼ਤ ਹੁੰਦਾ ਸੀ। ਵੀਹਵੀਂ ਸਦੀ ਦੇ ਤੀਸਰੇ ਦਹਾਕੇ ਦੇ ਅੰਤ ਤਕ ਇਹ ਦਰਖ਼ਤ ਮੌਜੂਦ ਸੀ ਅਤੇ ਇਸ ਪਿੱਛੋਂ ਅੱਗ ਨਾਲ ਸੜ ਕੇ ਨਸ਼ਟ ਹੋ ਗਿਆ ਸੀ। ਮੌਜੂਦਾ ਇਮਾਰਤ ਚਾਰ ਦੀਵਾਰੀ ਅੰਦਰ ਹੈ ਜਿਸਦਾ ਸੰਗਮਰਮਰ ਦੇ ਫ਼ਰਸ਼ ਵਾਲਾ ਹਾਲ ਕਮਰਾ ਸਰੋਵਰ ਦੇ ਨਾਲ ਹੀ ਸੁਸ਼ੋਭਿਤ ਹੈ। ਗੁਰੂ ਕਾ ਲੰਗਰ ਵੱਖਰੀ ਦੋ-ਮੰਜ਼ਲੀ ਇਮਾਰਤ ਵਿਖੇ ਮੌਜੂਦ ਹੈ। ਮੁੱਖ ਇਮਾਰਤ ਦੇ ਸਾਮ੍ਹਣੇ ਨਿਸ਼ਾਨ ਸਾਹਿਬ ਉੱਪਰ ਸੁਨਹਿਰੀ ਖੰਡਾ ਲੱਗਾ ਹੋਇਆ ਹੈ। ਹਾਲ ਦੇ ਅੰਦਰ ਸ਼ੁੱਧ ਚਿੱਟੇ ਸੰਗਮਰਮਰ ਦੀ ਛੱਤ ਵਾਲੀ ਪਾਲਕੀ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਹਾਲ ਆਇਤਾਕਾਰ ਹੈ ਜਿਸ ਦੇ ਚਾਰੇ ਪਾਸੇ ਵਰਾਂਡਾ ਬਣਿਆ ਹੋਇਆ ਹੈ।

ਗੁਰਦੁਆਰਾ ਮੰਜੀ ਸਾਹਿਬ, ਨਗਰ ਦੇ ਅੰਦਰ ਸਥਿਤ ਹੈ। ਇਕ ਸ਼ਰਧਾਲੂ ਸਿੱਖ ਬਾਢੀ ਇਸ ਜਗ੍ਹਾ ਤੇ ਰਹਿੰਦਾ ਸੀ ਜੋ ਕਿੱਤੇ ਵਜੋਂ ਤਰਖਾਣ ਸੀ। ਜਦੋਂ ਉਸ ਨੂੰ ਪਤਾ ਲੱਗਾ ਕਿ ਗੁਰੂ ਤੇਗ਼ ਬਹਾਦਰ ਜੀ ਨਗਰ ਦੇ ਬਾਹਰ ਇਕ ਖੁੱਲ੍ਹੇ ਥਾਂ’ਤੇ ਠਹਿਰੇ ਹੋਏ ਹਨ ਤਾਂ ਉਹ ਗੁਰੂ ਜੀ ਨੂੰ ਮੱਥਾ ਟੇਕਣ ਗਿਆ ਅਤੇ ਬੇਨਤੀ ਕੀਤੀ ਕਿ ਉਹ ਉਸ ਦੇ ਗ਼ਰੀਬਖ਼ਾਨੇ ਵਿਖੇ ਚਰਨ ਪਾਉਣ।ਉਸ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਜੀ ਨੇ ਕੁਝ ਦਿਨਾਂ ਲਈ ਉਸ ਕੋਲ ਨਿਵਾਸ ਕੀਤਾ ਸੀ। ਰੋਡਾ ਬਾਢੀ ਦਾ ਘਰ ਇਕ ਖੁੱਲ੍ਹੇ ਸਥਾਨ’ਤੇ ਸੀ ਜਿੱਥੇ ਸੰਗਤ ਰੋਜ਼ਾਨਾ ਗੁਰੂ ਜੀ ਦਾ ਉਪਦੇਸ਼ ਸੁਣਨ ਲਈ ਇਕੱਤਰ ਹੁੰਦੀ ਸੀ। ਭਾਈ ਦੇਸੂ ਸਿੰਘ ਦੇ ਸੁਪੁੱਤਰ ਅਤੇ ਉੱਤਰਾਧਿਕਾਰੀ, ਭਾਈ ਲਾਲ ਸਿੰਘ ਨੇ ਉਸ ਜਗ੍ਹਾ ਤੇ ਇਕ ਛੋਟਾ ਜਿਹਾ ਗੁਰਦੁਆਰਾ ਬਣਵਾ ਦਿੱਤਾ ਸੀ। ਇਸ ਦੀ ਜਗ੍ਹਾ ਹੁਣ ਇਕ ਵੱਡੀ ਇਮਾਰਤ ਉਸਾਰੀ ਗਈ ਹੈ।


ਲੇਖਕ : ਮ.ਗ.ਸ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4062, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕੈਥਲ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਕੈਥਲ : ਇਹ ਕਰਨਾਲ ਜ਼ਿਲ੍ਹੇ (ਹਰਿਆਣਾ ਰਾਜ) ਵਿਚ ਇਸੇ ਹੀ ਨਾਂ ਦੀ ਤਹਿਸੀਲ ਦਾ ਸਦਰ ਮੁਕਾਮ ਹੈ ਜੋ ਕਰਨਾਲ ਤੋਂ 60 ਕਿ. ਮੀ. ਅਤੇ ਕੁਰੂਕਸ਼ੇਤਰ ਤੋਂ ਲਗਭਗ 50 ਕਿ. ਮੀ. ਦੀ ਦੂਰੀ ਤੇ ਸਥਿਤ ਹੈ। ਕਹਿੰਦੇ ਹਨ ਕਿ ਇਸ ਸ਼ਹਿਰ ਨੂੰ ਪਾਂਡਵਾਂ ਦੇ ਵੱਡੇ ਭਰਾ ਯੁਧਿਸ਼ਟਰ ਨੇ ਵਸਾਇਆ ਸੀ ਅਤੇ ਇਸ ਦਾ ਪੁਰਾਣਾ ਨਾਂ ਕਪਿਸਥਲ ਸੀ। ਇਥੇ ਇਕ ਥਾਂ ਤੇ ਰਮਾਇਣ ਦੇ ਪ੍ਰਸਿੱਧ ਰਾਮ-ਭਗਤ ਸੂਰਬੀਰ ਹਨੂੰਮਾਨ ਦੀ ਮਾਂ ਅੰਜਨੀ ਦਾ ਮੰਦਰ ਹੈ। ਹਿੰਦੂ ਕਾਲ ਵਿਚ ਇਹ ਇਕ ਫ਼ੌਜੀ ਮਹੱਤਤਾ ਵਾਲਾ ਸ਼ਹਿਰ ਹੁੰਦਾ ਸੀ। ਦਿੱਲੀ ਦੇ ਮੁਸਲਮਾਨ ਸੁਲਤਾਨਾਂ ਦੇ ਵੇਲੇ ਇਹ ਕਾਫ਼ੀ ਪ੍ਰਸਿੱਧ ਅਸਥਾਨ ਸੀ ਅਤੇ ਸੰਨ 1398 ਵਿਚ ਦਿੱਲੀ ਉੱਤੇ ਹੱਲਾ ਕਰਨ ਤੋਂ ਪਹਿਲਾਂ ਤੈਮੂਰ ਨੇ ਇਥੇ ਪੜਾਉ ਕੀਤਾ ਸੀ। ਉਹ ਲਿਖਦਾ ਹੈ ਕਿ ਇਥੇ ਦੇ ਲੋਕ ਅੱਗ ਪੂਜ ਸਨ (ਉਸ ਨੇ ਬ੍ਰਾਹਮਣਾਂ ਨੂੰ ਹਵਨ ਕਰਦੇ ਦੇਖਿਆ ਹੋਣਾ ਹੈ) ਅਕਬਰ ਦੇ ਕਾਲ ਵਿਚ ਇਸ ਸ਼ਹਿਰ ਦੀ ਨਵੇਂ ਸਿਰਿਉਂ ਰੌਣਕ ਵਧੀ ਤੇ ਇਥੇ ਇਕ ਕਿਲਾ ਬਣਾਇਆ ਗਿਆ। ਸੰਨ 1764 ਵਿਚ ਸਰਹਿੰਦ ਦੇ ਇਲਾਕੇ ਉੱਤੇ ਜਦੋਂ ਸਿੰਘਾਂ ਦਾ ਕਬਜ਼ਾ ਹੋਣ ਨਾਲ ਹਰ ਪਾਸੇ ਬੋਲ ਬਾਲਾ ਹੋ ਗਿਆ ਤਾਂ ਸੰਨ 1767 ਵਿਚ ਭਾਈ ਗੁਰਬਖਸ਼ ਸਿੰਘ ਦੇ ਪੁੱਤਰ ਭਾਈ ਦੇਸੂ ਦੇ ਕਬਜ਼ੇ ਵਿਚ ਆ ਗਿਆ। ਭਾਈ ਦੇਸੂ ਦਾ ਪੁੱਤਰ ਲਾਲ ਸਿੰਘ ਅਤੇ ਉਨ੍ਹਾਂ ਦਾ ਪੁੱਤਰ ਭਾਈ ਉਦੈ ਸਿੰਘ ਦੋਨੋਂ ਬੜੇ ਵਿਦਵਾਨ ਅਤੇ ਵਿਦਿਆ ਪ੍ਰੇਮੀ ਹੋਏ ਹਨ। ਇਨ੍ਹਾਂ ਦੇ ਰਾਜ ਦੀ ਸ਼ੋਭਾ ਹਾਲੇ ਤੀਕ ਲੋਕਾਂ ਵਿਚ ਪ੍ਰਸਿੱਧ ਹੈ। ਭਾਈ ਉਦੈ ਸਿੰਘ ਦੇ ਦਰਬਾਰ ਵਿਚ ਕੈਥਲ ਵਿਖੇ ਰਹਿ ਕੇ ਪੰਜਾਬ ਦੇ ਪ੍ਰਸਿੱਧ ਕਵੀ, ਭਾਈ ਸੰਤੋਖ ਸਿੰਘ ਨੇ ‘ਗੁਰ ਪ੍ਰਤਾਪ ਸੂਰਜ ਗ੍ਰੰਥ (ਸੂਰਜ ਪ੍ਰਕਾਸ਼)’ ਰਮਾਇਣ ਆਦਿ ਮਹਾਨ ਗ੍ਰੰਥਾਂ ਦੀ ਰਚਨਾ ਕੀਤੀ। ਭਾਈ ਉਦੈ ਸਿੰਘ ਦੀ ਕੋਈ ਸੰਤਾਨ ਨਹੀਂ ਸੀ। ਇਸ ਲਈ 15 ਮਾਰਚ, 1843 ਨੂੰ ਉਨ੍ਹਾਂ ਦਾ ਦੇਹਾਂਤ ਹੋ ਜਾਣ ਪਿਛੋਂ ਅੰਗ੍ਰੇਜ਼ਾਂ ਨੇ ਇਥੇ ਕਬਜ਼ਾ ਕਰ ਲਿਆ ਅਤੇ ਇਸ ਨੂੰ ਜ਼ਿਲ੍ਹਾ ਬਣਾ ਦਿੱਤਾ। ਸੰਨ 1849 ਵਿਚ ਇਥੋਂ ਜ਼ਿਲ੍ਹਾ ਤੋੜ ਦਿੱਤਾ ਗਿਆ ਅਤੇ ਇਸ ਨੂੰ ਥਾਨੇਸਰ ਦੇ ਜ਼ਿਲ੍ਹੇ ਵਿਚ ਰਲਾ ਦਿੱਤਾ ਗਿਆ। ਫਿਰ ਸੰਨ 1862 ਵਿਚ ਥਾਨੇਸਰ ਦੇ ਜ਼ਿਲ੍ਹੇ ਨੂੰ ਵੀ ਤੋੜ ਕੇ ਕਰਨਾਲ ਦਾ ਹਿੱਸਾ ਬਣਾ ਦਿੱਤਾ ਗਿਆ।
          ਕੈਥਲ ਵਿਚ ਕਈ ਮੁਸਲਮਾਨ ਫਕੀਰਾਂ ਦੇ ਮਕਬਰੇ ਹਨ ਜਿਨ੍ਹਾਂ ਵਿਚੋਂ ਸ਼ੇਖ ਸਲਾਹ-ਉ-ਦੀਨ ਬਲਖੀ (ਸੰਨ 1246) ਦੀ ਮਜ਼ਾਰ ਸਭ ਤੋਂ ਪੁਰਾਣੀ ਹੈ। ਇਥੇ ਨੌਵੇਂ ਗੁਰੂ ਤੇਗ਼ ਬਹਾਦਰ ਜੀ ਦੀ ਯਾਦ ਵਿਚ ਦੋ ਗੁਰਦੁਆਰੇ ਹਨ। ਇਕ ਗੁਰਦੁਆਰੇ ਵਿਚ ਗੁਰੂ ਸਾਹਿਬ ਦੇ ਵੇਲੇ ਦਾ ਇਕ ਨਿੰਮ ਦਾ ਬਿਰਛ ਹੈ।

          ਇਥੇ ਸ਼ੋਰਾ ਸਾਫ਼ ਕੀਤਾ ਜਾਂਦਾ ਹੈ। ਇਥੇ ਕਪਾਹ ਅਤੇ ਚਾਵਲਾਂ ਦੀ ਭਾਰੀ ਮੰਡੀ ਹੈ। ਇਥੇ ਇਕ ਡਿਗਰੀ ਕਾਲਜ, ਦੋ ਹਾਇਰ ਸੈਕੰਡਰੀ ਸਕੂਲ, ਦੋ ਪ੍ਰਾਈਵੇਟ ਹਾਇਰ ਸੈਕੰਡਰੀ ਸਕੂਲ, ਇਕ ਉਦਯੋਗਗਿਕ ਸਿਖਲਾਈ ਕੇਂਦਰ ਅਤੇ ਹੋਰ ਕਈ ਸੰਸਥਾਵਾਂ ਹਨ।

          ਅਬਾਦੀ – 8,20,685 (1991)

          29° 48' ਉ. ਵਿਥ. ; 76° 24' ਪੂ. ਲੰਬ.

           ਹ. ਪੁ.– ਇੰਪ. ਗ. ਇੰਡ. 14 : 288; ਸੈਂਸਿਸ ਆਫ਼ ਇੰਡੀਆ – 1961


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3260, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-01, ਹਵਾਲੇ/ਟਿੱਪਣੀਆਂ: no

ਕੈਥਲ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕੈਥਲ : ਇਹ ਹਰਿਆਣਾ ਦੇ ਕੈਥਲ ਜ਼ਿਲ੍ਹੇ ਦਾ ਸਦਰ ਮੁਕਾਮ ਹੈ ਜਿਹੜਾ ਕਰਨਾਲ ਤੋਂ 61 ਕਿ. ਮੀ. ਦੂਰ ਵਾਕਿਆ ਹੈ। ਸੰਨ 1966 ਤੋਂ ਪਹਿਲਾਂ ਇਹ ਪੰਜਾਬ ਦਾ ਹਿੱਸਾ ਸੀ। ਇਹ ਕਸਬਾ ਇਕ ਵੱਡੇ ਤਲਾਬ ਦੇ ਕੰਢੇ ਵਸਿਆ ਹੋਇਆ ਹੈ। ਇਸ ਕਸਬੇ ਦਾ ਮੋਢੀ ਯੁਧਿਸ਼ਟਰ ਨੂੰ ਮੰਨਿਆ ਜਾਂਦਾ ਹੈ ਅਤੇ ਕੈਥਲ ਦਾ ਪਹਿਲਾ ਸੰਸਕ੍ਰਿਤ ਨਾਂ ‘ਕਪੀਸਥਲਾ’ (ਬਾਂਦਰਾ ਦਾ ਘਰ) ਸੀ। ਇਥੇ ਅੰਜਨੀ (ਹਨੂੰਮਾਨ ਦੀ ਮਾਤਾ) ਦੇ ਨਾਂ ਤੇ ਇਕ ਮੰਦਰ ਹੈ। ਭਾਰਤ ਵਿਚ ਮੁਸਲਮਾਨ ਰਾਜ ਦੇ ਪਹਿਲੇ ਦਿਨਾਂ ਵਿਚ ਕੈਥਲ ਇਕ ਅਹਿਮ ਸਥਾਨ ਸੀ ਅਤੇ ਦਿੱਲੀ ਉੱਤੇ ਹਮਲਾ ਕਰਨ ਲਈ ਜਾਂਦੇ ਤੈਮੂਰ ਨੇ ਵੀ ਇਕ ਰਾਤ ਇਥੇ ਕੱਟੀ ਸੀ। ਉਸ ਨੇ ਲਿਖਿਆ ਹੈ ਕਿ ਕੈਥਲ ਦੇ ਲੋਕ ਅੱਗ ਦੀ ਪੂਜਾ ਕਰਦੇ ਸਨ। ਕੈਥਲ ਵਿਚ ਕਈ ਮੁਸਲਮਾਨ ਪੀਰਾਂ ਦੇ ਮਕਬਰੇ ਹਨ। ਇਨ੍ਹਾਂ ਵਿਚੋਂ ਸਭ ਤੋਂ ਪੁਰਾਣਾ ਬਲਖ਼ ਵਾਲੇ ਪੀਰ ਸ਼ੇਖ ਸਲਾਹ-ਉਦ-ਦੀਨ ਦਾ ਮਕਬਰਾ ਹੈ। ਇਨ੍ਹਾਂ ਮਕਬਰਿਆਂ ਤੋਂ ਪਤਾ ਲਗਦਾ ਹੈ ਕਿ ਕੈਥਲ ਵਿਚ ਇਸਲਾਮ ਦਾ ਕਾਫ਼ੀ ਪ੍ਰਭਾਵ ਰਿਹਾ ਹੈ। ਅਕਬਰ ਦੇ ਰਾਜ ਸਮੇ ਇਥੇ ਇਕ ਕਿਲਾ ਬਣਵਾਇਆ ਗਿਆ ਸੀ। ਸੰਨ 1767 ਵਿਚ ਇਹ ਸ਼ਹਿਰ ਸਿੱਖਾਂ ਦੇ ਹੱਥ ਵਿਚ ਆ ਗਿਆ ਸੀ ਅਤੇ ਭਾਈ ਭਗਤੂ ਦੇ ਬੰਸ ਵਿਚੋਂ ਭਾਈ ਗੁਰਬਖਸ਼ ਸਿੰਘ ਦੇ ਪੁੱਤਰ ਭਾਈ ਦੇਸੂ ਸਿੰਘ ਨੇ ਕੈਥਲ ਉੱਤੇ ਕਬਜ਼ਾ ਕਰ ਕੇ ਕੈਥਲ ਨੂੰ ਆਪਣੀ ਰਿਆਸਤ ਦੀ ਰਾਜਧਾਨੀ ਬਣਾ ਲਿਆ। ਭਾਈ ਦੇਸੂ ਸਿੰਘ ਦੇ ਪੁੱਤਰ ਭਾਈ ਲਾਲ ਸਿੰਘ ਅਤੇ ਪੋਤਰੇ ਭਾਈ ਉਦੇ ਸਿੰਘ ਨੇ ਵੀ ਇਥੇ ਰਾਜ ਕੀਤਾ। ਭਾਈ  ਉਦੇ ਸਿੰਘ ਦੇ ਦਰਬਾਰ ਵਿਚ ਰਹਿ ਕੇ ਕਵੀ ਭਾਈ ਸੰਤੋਖ ਸਿੰਘ ਨੇ ‘ਗੁਰਪ੍ਰਤਾਪ ਸੂਰਜ’ ਗ੍ਰੰਥ ਲਿਖਿਆ। ਭਾਈ ਉਦੇ ਸਿੰਘ ਦੇ ਕੋਈ ਔਲਾਦ ਨਹੀਂ ਸੀ ਅਤੇ ਉਸ ਦੀ 15 ਮਾਰਚ, 1843 ਨੂੰ ਮੌਤ ਹੋ ਜਾਣ ਤੋਂ ਪਿੱਛੋਂ ਅੰਗਰੇਜ਼ੀ ਸਰਕਾਰ ਨੇ ਕੈਥਲ ਰਿਆਸਤ ਉੱਤੇ ਕਬਜ਼ਾ ਕਰ ਕੇ ਕੈਥਲ ਨੂੰ ਇਕ ਜ਼ਿਲ੍ਹੇ ਦਾ ਸਦਰ ਮੁਕਾਮ ਬਣਾ ਦਿੱਤਾ। ਸੰਨ 1849 ਵਿਚ ਕੈਥਲ ਜ਼ਿਲ੍ਹੇ ਨੂੰ ਥਾਨੇਸਰ ਜ਼ਿਲ੍ਹੇ ਵਿਚ ਮਿਲਾ ਦਿੱਤਾ ਗਿਆ। ਉਸ ਸਮੇਂ ਤੋਂ ਲੈ ਕੇ ਕੈਥਲ, ਕਰਨਾਲ ਜ਼ਿਲ੍ਹੇ ਦਾ ਹਿੱਸਾ ਰਿਹਾ। ਹਰਿਆਣਾ ਸਰਕਾਰ ਨੇ ਜਦੋਂ ਕੁਰੂਕਸ਼ੇਤਰ ਜ਼ਿਲ੍ਹਾ ਬਣਾਇਆ ਤਾਂ ਕੈਥਲ ਨੂੰ ਇਸ ਜ਼ਿਲ੍ਹੇ ਦਾ ਸਬ ਡਵੀਜ਼ਨ ਬਣਾ ਦਿੱਤਾ ਗਿਆ। ਹੁਣ ਇਹ ਸ਼ਹਿਰ ਇਸੇ ਨਾਂ ਦੇ ਜ਼ਿਲ੍ਹੇ ਦਾ ਸਦਰ ਮੁਕਾਮ ਹੈ। ਕੈਥਲ ਵਿਚ ਸ੍ਰੀ ਗੁਰੂ ਤੇਗ ਬਹਾਦਰ ਦੀ ਯਾਦ ਵਿਚ ਦੋ ਗੁਰਦੁਆਰੇ ਬਣੇ ਹੋਏ ਹਨ। ਇਨ੍ਹਾਂ ਵਿਚੋਂ ਇਕ ਠੰਢਾਰ ਤੀਰਥ ਪੁਰ ਵਿਖੇ ਅਤੇ ਦੂਜਾ ਸ਼ਹਿਰ ਵਿਚ ਹੈ। ਇਥੇ ਗੁਰੂ ਸਾਹਿਬ ਦੇ ਵੇਲੇ ਦਾ ਨਿੰਮ ਦਾ ਦਰਖ਼ਤ ਹੈ ਜਿਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਸ ਦੇ ਪੱਤਿਆਂ ਨਾਲ ਇਕ ਰੋਗੀ ਦਾ ਬੁਖ਼ਾਰ ਗੁਰੂ ਸਾਹਿਬ ਨੇ ਦੂਰ ਕੀਤਾ ਸੀ। ਕੈਥਲ ਵਿਚ ਇਥੋਂ ਦੇ ਸਿੱਖ ਹੁਕਮਰਾਨਾਂ ਦੀਆਂ ਸਮਾਧਾਂ ਵੀ ਹਨ। ਇਥੇ ਕਾਲਜ, ਹਾਈ ਸਕੂਲ, ਹਸਪਤਾਲ , ਪਸ਼ੂਆਂ ਦਾ ਹਸਪਤਾਲ, ਸਬ-ਡਵੀਜ਼ਨਲ ਦਫ਼ਤਰ ਤੇ ਤਹਿਸੀਲਦਾਰ ਦੇ ਦਫ਼ਤਰ ਵਰਗੀਆਂ ਸਹੂਲਤਾਂ ਪ੍ਰਾਪਤ ਹਨ। ਸੰਨ 1867 ਵਿਚ ਇਥੇ ਮਿਉਂਸਪਲ ਕਮੇਟੀ ਦੀ ਸਥਾਪਨਾ ਹੋਈ।

ਆਬਾਦੀ - 71. 142 (1991)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2875, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-31-02-57-40, ਹਵਾਲੇ/ਟਿੱਪਣੀਆਂ: ਹ. ਪੁ. –ਇੰਪ. ਗ. ਇੰਡ. 14:288

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.