ਕੋਟ ਕਪੂਰਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੋਟ ਕਪੂਰਾ (30°-35`ਉ, 74°-49`ਪੂ): ਪੰਜਾਬ ਦੇ ਫ਼ਰੀਦਕੋਟ ਜ਼ਿਲੇ ਦਾ ਇਕ ਕਸਬਾ ਜਿਸਦਾ ਬਾਨੀ ਚੌਧਰੀ ਕਪੂਰਾ (ਅ.ਚ. 1708) ਸੀ। ਸਤਲੁਜ ਦਰਿਆ ਦੇ ਦੱਖਣ ਵਾਲੇ ਪਾਸੇ ਦੇ ਇਲਾਕੇ ਵਿਚ ਇਹ ਬਰਾੜ ਕਬੀਲੇ ਦਾ ਮੁਖੀ ਅਤੇ ਫ਼ਰੀਦਕੋਟ ਦੇ ਸ਼ਾਹੀ ਪਰਵਾਰ ਦਾ ਬਜ਼ੁਰਗ ਵੀ ਸੀ। ਦਸੰਬਰ 1705 ਵਿਚ, ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਖ਼ਾਲੀ ਕਰ ਦਿੱਤਾ ਤਾਂ ਸਿਰਹਿੰਦ (ਸਰਹਿੰਦ) ਦਾ ਫ਼ੌਜਦਾਰ ਉਹਨਾਂ ਦਾ ਪਿੱਛਾ ਕਰ ਰਿਹਾ ਸੀ। ਜਦੋਂ ਗੁਰੂ ਜੀ ਇੱਥੇ ਪਹੁੰਚੇ ਤਾਂ ਚੌਧਰੀ ਕਪੂਰਾ ਭੇਟਾਵਾਂ ਲੈ ਕੇ ਹਾਜ਼ਰ ਹੋਇਆ ਅਤੇ ਉਹਨਾਂ ਨੂੰ ਸੁੱਕੀ ਰੋਹੀ ਦੇ ਇਲਾਕੇ ਤੋਂ ਪਾਰ ਖਿਦਰਾਣੇ, ਮੌਜੂਦਾ ਮੁਕਤਸਰ ਦੀ ਢਾਬ , ਵੱਲ ਲਿਜਾਣ ਲਈ ਇਕ ਗਾਈਡ ਵਜੋਂ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ। ਖ਼ਾਲਸਾ ਪੰਥ ਵਿਚ ਸ਼ਾਮਲ ਹੋ ਕੇ ਕਪੂਰ ਸਿੰਘ ਬਣੇ ਚੌਧਰੀ ਕਪੂਰਾ ਨੂੰ ਫ਼ਿਰੋਜ਼ਪੁਰ ਵਿਚਲੇ ਕੋਟ ਈਸੇ ਖ਼ਾਨ ਦੇ ਮੰਝ ਰਾਜਪੂਤ ਮੁਖੀ ਈਸਾ ਖ਼ਾਨ ਨੇ 1708 ਵਿਚ ਮਾਰ ਦਿੱਤਾ ਸੀ। ਉਸ ਦੇ ਪੋਤੇ , ਜੋਧ ਸਿੰਘ ਨੇ 1766 ਵਿਚ ਕੋਟ ਕਪੂਰੇ ਦੇ ਨੇੜੇ ਇਕ ਕਿਲ੍ਹਾ ਬਣਵਾਇਆ ਪਰ ਉਹ ਅਗਲੇ ਸਾਲ ਪਟਿਆਲੇ ਦੇ ਰਾਜਾ ਅਮਰ ਸਿੰਘ ਨਾਲ ਲੜਾਈ ਵਿਚ ਮਾਰਿਆ ਗਿਆ। ਅਖੀਰ ਕੋਟ ਕਪੂਰਾ ਮਹਾਰਾਜਾ ਰਣਜੀਤ ਸਿੰਘ ਦੇ ਕਬਜ਼ੇ ਹੇਠ ਆ ਗਿਆ ਅਤੇ 1847 ਵਿਚ ਹੀ ਇਸ ਨੂੰ ਮੁੜ ਫ਼ਰੀਦਕੋਟ ਪਰਵਾਰ ਨੂੰ ਵਾਪਸ ਸੌਂਪਿਆ ਗਿਆ ਸੀ।

      ਨਗਰ ਦੇ ਵਿਚਕਾਰ ‘ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ’ ਉਸ ਅਸਥਾਨ ਦੀ ਯਾਦ ਦਿਵਾਉਂਦਾ ਹੈ ਜਿੱਥੇ 1705 ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਪਹੁੰਚ ਕੇ ਨਿਵਾਸ ਕੀਤਾ ਸੀ। ਅਜੋਕੀ ਇਮਾਰਤ, ਜਿਸ ਦਾ ਨੀਂਹ-ਪੱਥਰ 30 ਜਨਵਰੀ 1937 ਨੂੰ ਫ਼ਰੀਦਕੋਟ ਦੇ ਰਾਜਾ ਹਰਿੰਦਰ ਸਿੰਘ ਨੇ ਰੱਖਿਆ ਸੀ, ਦੀ ਉੱਚੀ ਛੱਤ ਅਤੇ ਸੰਗਮਰਮਰ ਫ਼ਰਸ਼ ਵਾਲੇ ਹਾਲ ਦੇ ਕੇਂਦਰ ਵਿਚ ਅੱਠਭੁਜੀ ਪ੍ਰਕਾਸ਼ ਅਸਥਾਨ ਬਣਿਆ ਹੋਇਆ ਹੈ। ਹਾਲ ਅੰਦਰੋਂ ਅੱਠਭੁਜੀ ਅਤੇ ਬਾਹਰੋਂ ਵਰਗਾਕਾਰ ਦਿਖਾਈ ਦਿੰਦਾ ਹੈ ਕਿਉਂਕਿ ਇਸਦੇ ਕੋਨਿਆਂ ਨੂੰ ਹਲਕਾ ਜਿਹਾ ਟੱਕ ਦੇ ਕੇ ਚਾਰ ਕੋਨੇ ਹੋਰ ਬਣਾਏ ਹੋਏ ਹਨ। ਇਕ ਵੱਡੇ ਅੱਧ-ਗੋਲਾਕਾਰ ਗੁੰਬਦ ਨੇ ਸਮੁੱਚੇ ਪਵਿੱਤਰ ਅਸਥਾਨ ਅਤੇ ਹਾਲ ਦੁਆਲੇ ਬਣੇ ਹੋਏ ਵਰਾਂਡੇ ਨੂੰ ਢਕਿਆ ਹੋਇਆ ਹੈ। ਪਿੱਛੇ ਬਣਿਆ ਹੋਇਆ ਸਰੋਵਰ ਵੀ ਅੱਠਭੁਜੀ ਆਕਾਰ ਦਾ ਹੈ। ਗੁਰਦੁਆਰੇ ਦਾ ਪ੍ਰਬੰਧ ਬੁੱਢਾ ਦਲ ਦੇ ਨਿਹੰਗਾਂ ਦੁਆਰਾ ਕੀਤਾ ਜਾਂਦਾ ਹੈ।


ਲੇਖਕ : ਮ.ਗ.ਸ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2198, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.