ਕੋਠਾ ਗੁਰੂ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੋਠਾ ਗੁਰੂ: ਪੰਜਾਬ ਦੇ ਬਠਿੰਡਾ ਜ਼ਿਲੇ ਦਾ ਇਕ ਪ੍ਰਸਿੱਧ ਪ੍ਰਾਚੀਨ ਪਿੰਡ ਹੈ। ਇਸ ਪਿੰਡ ਦੀ ਪ੍ਰਾਚੀਨਤਾ ਇਸ ਦੇ ਬਾਹਰਵਾਰ ਮੌਜੂਦ ਵੀਰਾਨ ਪੁਰਾਤਨ ਥੇਹ ਤੋਂ ਜ਼ਾਹਰ ਹੁੰਦੀ ਹੈ। ਪਿੰਡ ਦੇ ਦਿਸਹੱਦੇ ਪ੍ਰਮੁਖ ਨਜ਼ਰ ਆਉਂਦੇ ਰੇਤੇ ਦੇ ਉੱਚੇ ਟਿੱਬੇ ਦੂਰਵਰਤੀ ਇਤਿਹਾਸ ਦੀਆਂ ਬਹੁਤ ਸਾਰੀਆਂ ਪਰਤਾਂ ਆਪਣੇ ਅੰਦਰ ਸਮੋਈ ਬੈਠੇ ਹਨ। ਦੂਰ ਤਕ ਫੈਲਿਆ ਹੋਇਆ ਇਹ ਪੁਰਾਤਨ ਥੇਹ ਕਿਸੇ ਸਮੇਂ ਮਾਨਾਂ ਦੀ ਗੱਦੀ ਸੀ ਜਿਸ ਨੂੰ ਅੱਜ ਵੀ ਉੱਥੇ ਰਹਿਣ ਵਾਲੇ ਲੋਕ ਉਹਨਾਂ ਦੇ ਪੁਰਾਤਨ ਨਾਂ ‘ਮਨਹਾਸ’ ਨਾਲ ਬੁਲਾਉਂਦੇ ਹਨ।

      ਪਿੰਡ ਦਾ ਆਧੁਨਿਕ ਸਮਾਂ ਸੋਢੀਆਂ ਦੀ ਵੰਸ਼ ਦੇ ਬਾਬਾ ਪ੍ਰਿਥੀ ਚੰਦ ਦੁਆਰਾ ਮੁਗ਼ਲ ਬਾਦਸ਼ਾਹ ਜਹਾਂਗੀਰ ਤੋਂ ਪਿੰਡ ਦੀ ਜ਼ਮੀਨ ਪ੍ਰਾਪਤ ਕਰਨ ਤੋਂ ਸ਼ੁਰੂ ਹੁੰਦਾ ਹੈ। ਇਸ ਦਾ ਪੁਰਾਤਨ ਨਾਂ ‘ਕੋਠੇ ਪ੍ਰਿਥੀ ਚੰਦ ਕੇ’ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਾ ਨਾਂ ਬਦਲ ਕੇ ‘ਕੋਠਾ ਗੁਰੂ’ ਕਰ ਦਿੱਤਾ।

      ਮੁਗ਼ਲ ਅਧਿਕਾਰੀ ਸੁਲਹੀ ਖ਼ਾਨ ਬਾਰੇ ਵੀ ਇਕ ਕਹਾਣੀ ਪ੍ਰਚਲਿਤ ਹੈ। ਸੁਲਹੀ ਖ਼ਾਨ ਭੱਠੇ ਦੀ ਅੱਗ ਵਿਚ ਸੜ ਕੇ ਦੁੱਖਦਾਈ ਮੌਤ ਮਰਿਆ ਸੀ। ਇਸ ਨੇ ਆਪਣੇ ਘੋੜੇ ਦੀ ਲਗਾਮ ਅੱਧ-ਜਲੇ ਇੱਟਾਂ ਦੇ ਭੱਠੇ ਉੱਪਰ ਢਿੱਲੀ ਛੱਡ ਦਿੱਤੀ ਸੀ। ਇਸ ਤੱਥ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਵੀ ਇਕ ਪੰਕਤੀ ਦੁਆਰਾ ਅੰਕਿਤ ਕੀਤਾ ਗਿਆ ਹੈ (ਗੁ.ਗ੍ਰੰ. 825)।

      ਬਾਬਾ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਦੇ ਸਮੇਂ ਇਹ ਅਸਥਾਨ ਵਿੱਦਿਆ ਦਾ ਕੇਂਦਰ ਬਣ ਗਿਆ ਅਤੇ ਇੱਥੇ ਬਹੁਤ ਹੀ ਮਹੱਤਵਪੂਰਨ ਹੱਥ ਲਿਖਤਾਂ ਦੀ ਰਚਨਾ ਹੋਈ। ਇਹਨਾਂ ਵਿਚ ਭਗਤਾਂ ਦੀਆਂ ਗੋਸ਼ਟਾਂ ਅਤੇ ਭਗਤ ਬਾਣੀ ਪਰਮਾਰਥ ਅਤੇ ਪੋਥੀ ਸਚ ਖੰਡ (ਇਹ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਹੈ) ਸ਼ਾਮਲ ਹਨ। ਮਿਹਰਬਾਨ ਦੇ ਪੁੱਤਰ ਅਤੇ ਉਸ ਦੇ ਛੋਟੇ ਭਰਾ ਨੇ ਗੁਰਬਾਣੀ ਦੀ ਵਿਆਖਿਆ ਵੀ ਕੀਤੀ ਸੀ।

      ਕੋਠਾ ਗੁਰੂ ਦੇ ਰਹਿਣ ਵਾਲੇ ਸੋਢੀ ਅਭੈ ਸਿੰਘ ਨੇ ਆਪਣੀ ਮਹਾਨ ਰਚਨਾ ਹਰਜਸ ਗ੍ਰੰਥ ਵੀ ਇੱਥੇ ਹੀ ਰਚਿਆ ਸੀ। ਸੋਢੀ ਫ਼ੌਜਦਾਰ ਸਿੰਘ ਇੱਥੋਂ ਦੀ ਇਕ ਹੋਰ ਚਮਤਕਾਰੀ ਸ਼ਖ਼ਸੀਅਤ ਸੀ, ਜਿਸ ਨੂੰ ਪਟਿਆਲੇ ਦੇ ਮਹਾਰਾਜਾ ਨੇ ਆਪਣੇ ਨਾਲ 100 ਘੋੜ-ਸਵਾਰਾਂ ਦੀ ਫ਼ੌਜ ਰੱਖਣ ਦੀ ਵਿਸ਼ੇਸ਼ ਆਗਿਆ ਦਿੱਤੀ ਹੋਈ ਸੀ। ਸਿੰਘ ਸਭਾ ਲਹਿਰ ਦੇ ਦਿਨਾਂ ਵਿਚ ਕੋਠਾ ਗੁਰੂ ਦੇ ਪੰਡਤ ਇੰਦਰ ਸਿੰਘ ਦਾ ਇਕ ਪੁਰਾਤਨ ਸੰਸਕ੍ਰਿਤ ਗ੍ਰੰਥ ਔਸ਼ਨਸ਼ ਸਿਮਰਤੀ ‘ਤੇ ਆਪਣੀ ਵਿੱਦਿਆ ਭਰਪੂਰ ਵਿਆਖਿਆ ਲਈ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ ਸੀ।


ਲੇਖਕ : ਗ.ਬਲ.ਸ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2401, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.