ਕੋਸ਼ੀ ਸ਼ਬਦ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਕੋਸ਼ੀ ਸ਼ਬਦ: ਇਸ ਸੰਕਲਪ ਨੂੰ ਅਰਥ ਵਿਗਿਆਨ ਅਤੇ ਕੋਸ਼ ਵਿਗਿਆਨ ਵਿਚ ਵਰਤਿਆ ਜਾਂਦਾ ਹੈ। ਜਿਸ ਸ਼ਾਬਦਕ ਇਕਾਈ ਨੂੰ ਕੋਸ਼ ਦੇ ਇੰਦਰਾਜ ਵਜੋਂ ਵਰਤਿਆ ਜਾਵੇ ਉਸ ਇਕਾਈ ਨੂੰ ਕੋਸ਼ੀ ਸ਼ਬਦ ਕਿਹਾ ਜਾਂਦਾ ਹੈ। ਹਰ ਇਕ ਸ਼ਬਦ ਕੋਸ਼ ਦੀ ਇਕਾਈ ਵਜੋਂ ਨਹੀਂ ਵਰਤਿਆ ਜਾ ਸਕਦਾ ਹੈ। ਜਿਵੇਂ : ‘ਕਬੂਤਰ’ ਇਕ ਨਾਂਵ ਸ਼ਬਦ ਹੈ ਇਹ ਇਕ ਕੋਸ਼ਕ ਇਕਾਈ ਵਜੋਂ ਕੋਸ਼ ਵਿਚ ਵਰਤਿਆ ਜਾ ਸਕਦਾ ਹੈ ਪਰ ਇਸ ਦੇ ਰੂਪਾਂਤਰੀ ਰੂਪਾਂ ਜਿਵੇਂ : ਕਬੂਤਰਾਂ, ਕਬੂਤਰੋ, ਕਬੂਤਰੋਂ, ਕਬੂਤਰੀਆਂ ਆਦਿ ਨੂੰ ਕੋਸ਼ੀ ਸ਼ਬਦ ਕਿਹਾ ਜਾ ਸਕਦਾ ਪਰ ਜਦੋਂ ਇਨ੍ਹਾਂ ਇਕਾਈਆਂ ਤੋਂ ਨਵੇਂ ਰੂਪ ਸਿਰਜੇ ਗਏ ਹੋਣ ਭਾਵ ਇਕ ਪਰਕਾਰ ਦਾ ਵਿਉਂਤਪਤ ਸ਼ਬਦ ਬਣਾਇਆ ਗਿਆ ਹੋਵੇ ਤਾਂ ਉਸ ਸ਼ਬਦ ਨੂੰ ਕੋਸ਼ ਵਿਚ ਸ਼ਾਮਲ ਕੀਤਾ ਜਾਂਦਾ ਹੈ। ਕੋਸ਼ ਦੇ ਇੰਦਰਾਜਾਂ ਨੂੰ ਮੁੱਖ ਇਕਾਈ ਅਤੇ ਅਧੀਨ ਇਕਾਈ ਵਿਚ ਵੰਡਿਆ ਜਾਂਦਾ ਹੈ। ਇਸ ਉਦਾਹਰਨ ਵਿਚ ਕਬੂਤਰ ਇਕ ਮੁੱਖ ਇਕਾਈ ਹੈ ਪਰ ਕਬੂਤਰਖਾਨਾ, ਕਬੂਤਰਬਾਜ਼ੀ, ਕਬੂਤਰਬਾਜ਼ ਆਦਿ ਅਧੀਨ ਇਕਾਈਆਂ ਹਨ ਜਿਸ ਨੂੰ ਮੁੱਖ ਇੰਦਰਾਜ ਦੀ ਅਧੀਨ ਇਕਾਈ ਵਜੋਂ ਲਿਆ ਜਾਂਦਾ ਹੈ ਪਰ ਜਦੋਂ ਇਸ ਨਾਲ ਕੋਈ ਵਿਸ਼ੇਸ਼ਣ ਲੱਗਾ ਹੋਇਆ ਹੋਵੇ ਤਾਂ ਵੀ ਕੋਸ਼ਕਾਰ ਇਸ ਨੂੰ ਮੁੱਖ ਜਾਂ ਅਧੀਨ ਇਕਾਈ ਵਜੋਂ ਵਰਤ ਸਕਦਾ ਹੈ ਜਿਵੇਂ : ਗੋਲਾ ਕਬੂਤਰ, ਚੀਨਾ ਕਬੂਤਰ, ਜੰਗਲੀ ਕਬੂਤਰ ਆਦਿ। ਕੋਸ਼ੀ ਸ਼ਬਦ ਦੇ ਵਿਰੋਧ ਵਿਚ ਵਿਆਕਰਨਕ ਸ਼ਬਦਾਂ ਨੂੰ ਰੱਖਿਆ ਜਾਂਦਾ ਹੈ। ਵਿਆਕਰਨਕ ਸ਼ਬਦਾਂ ਦੀ ਵਿਆਕਰਨ ਵਿਚ ਮਹੱਤਤਾ ਹੁੰਦੀ ਹੈ, ਕੋਸ਼ ਵਿਚ ਨਹੀਂ। ਵਿਆਕਰਨਕ ਸ਼ਬਦਾਂ ਰਾਹੀਂ ਸ਼ਬਦਾਂ ਦੀ ਵਰਤੋਂ\ਕਾਰਜ ਨੂੰ ਵੇਖਿਆ ਜਾਂਦਾ ਹੈ। ਕੋਸ਼ੀ ਸ਼ਬਦਾਂ ਨਾਲ ਉਨ੍ਹਾਂ ਦੀ ਵਿਆਕਰਨਕ ਵਿਸ਼ੇਸ਼ਤਾ ਭਾਵ ਲਿੰਗ, ਵਚਨ, ਪੁਰਖ, ਅਕਰਮਕ, ਸਕਰਮਕ ਆਦਿ ਨੂੰ ਵੀ ਦਰਸਾਇਆ ਜਾਂਦਾ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 2416, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.