ਕੋਸ਼-ਵਿਗਿਆਨ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕੋਸ਼-ਵਿਗਿਆਨ : ਜਿਸ ਤਰ੍ਹਾਂ ‘ਕੋਸ਼-ਰਚਨਾ’ ਦਾ ਵਿਹਾਰਿਕ ਅਮਲ ਕੋਸ਼ਕਾਰੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਉਸੇ ਤਰ੍ਹਾਂ ‘ਕੋਸ਼ ਰਚਨਾ’ ਦਾ ਸਿਧਾਂਤਿਕ ਪੱਖ ਕੋਸ਼-ਵਿਗਿਆਨ ਹੈ। ਕੋਸ਼-ਰਚਨਾ ਦਾ ਅਮਲ ਦੋ ਪੱਧਰਾਂ ਉੱਪਰ ਹੁੰਦਾ ਹੈ-ਇੱਕ ਤਾਂ ਸ਼ਬਦ-ਕੋਸ਼ ਲਈ ਸਮਗਰੀ ਇਕੱਤਰ ਕਰਨਾ ਤੇ ਦੂਜਾ ਸ਼ਬਦਾਂ ਦੇ ਅਰਥਾਂ ਦਾ ਨਿਰਧਾਰਨ ਕਰਨਾ। ਕੋਸ਼-ਵਿਗਿਆਨ ਦਾ ਸੰਬੰਧ ਇਹਨਾਂ ਦੋਹਾਂ ਵਰਤਾਰਿਆਂ ਨਾਲ ਹੈ।

     ਸ਼ਬਦ-ਕੋਸ਼ ਦੀ ਸਮਗਰੀ ਭਾਸ਼ਾ ਤੋਂ ਹੀ ਪ੍ਰਾਪਤ ਹੁੰਦੀ ਹੈ। ਅਸੀਂ ਜਾਣਦੇ ਹਾਂ, ਵਰਤੋਂ ਨਾਲ ਹੀ ਭਾਸ਼ਾ ਵਿੱਚ ਨਿਖਾਰ ਆਉਂਦਾ ਹੈ। ਭਾਸ਼ਾ ਦੀ ਵਰਤੋਂ ਕੁਦਰਤੀ ਵਰਤਾਰਾ ਹੈ। ਭਾਸ਼ਾ ਪਰਿਵਰਤਨਸ਼ੀਲ ਵੀ ਹੈ, ਇਹ ਹਮੇਸ਼ਾਂ ਬਦਲਦੀ ਰਹਿੰਦੀ ਹੈ। ਇਸ ਵਿੱਚ ਆਈਆਂ ਤਬਦੀਲੀਆਂ ਦੀ ਪਛਾਣ ਸਦੀਆਂ ਬੀਤਣ ਮਗਰੋਂ ਹੀ ਹੁੰਦੀ ਹੈ। ਹਾਂ, ਬੀਤੇ ਸਮੇਂ ਵਿੱਚ ਭਾਸ਼ਾ ਕਿਹੋ ਜਿਹੀ ਰਹੀ ਹੈ, ਇਸ ਬਾਰੇ ਜਾਣਨ ਦੇ ਸਾਡੇ ਕੋਲ ਸਾਧਨ ਹਨ; ਇਹ ਵੀ ਪਤਾ ਹੁੰਦਾ ਹੈ ਕਿ ਭਾਸ਼ਾ ਅੱਜ-ਕੱਲ੍ਹ ਕਿਹੋ ਜਿਹੀ ਹੈ ਤੇ ਇਹ ਵੀ ਕਿ ਇਹ ਕਿਸ ਤਰ੍ਹਾਂ ਦੀ ਬਣ ਰਹੀ ਹੈ। ਬਹੁਤੇ ਭਾਸ਼ਾ ਪਰਿਵਰਤਨ ਇਤਨੇ ਹੌਲੀ ਹੁੰਦੇ ਹਨ ਕਿ ਸਦੀਆਂ ਬਾਅਦ ਇਹਨਾਂ ਦਾ ਪਤਾ ਚੱਲਦਾ ਹੈ। ਅਸੀਂ ਜਾਣਦੇ ਹਾਂ, ਹਜ਼ਾਰਾਂ ਸਾਲਾਂ ਬਾਅਦ ਕੋਈ ਭਾਸ਼ਾ ਆਪਣੇ ਸੁਵਿਵਸਥਿਤ ਰੂਪ ਵਿੱਚ ਆਉਂਦੀ ਹੈ।

     ਕੋਈ ਭਾਸ਼ਾ ਆਪਣੇ-ਆਪ ਨੂੰ ਸ਼ੁੱਧ ਨਹੀਂ ਰੱਖ ਸਕਦੀ। ਇਸ ਵਿੱਚ ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਦਾ ਰਲਾ ਲੋੜ ਅਨੁਸਾਰ ਹੁੰਦਾ ਰਹਿੰਦਾ ਹੈ। ਇੱਥੋਂ ਤੱਕ ਕਿ ਸੰਸਕ੍ਰਿਤ ਵਿੱਚ ਵੀ ਦ੍ਰਾਵਿੜ ਭਾਸ਼ਾਵਾਂ ਦੇ ਸ਼ਬਦਾਂ ਦਾ ਮਿਸ਼ਰਨ ਵੇਖਣ ਨੂੰ ਮਿਲਦਾ ਹੈ, ਸੰਸਕ੍ਰਿਤ ਸ਼ਬਦਾਵਲੀ ਨੇ ਤਾਂ ਬਹੁਤੀਆਂ ਭਾਸ਼ਾਵਾਂ ਨੂੰ ਅਮੀਰ ਬਣਾਇਆ ਹੀ ਹੈ।

     ਭਾਸ਼ਾ ਦਾ ਇੱਕ ਹੋਰ ਮਹੱਤਵਪੂਰਨ ਦੁਵੱਲਾ ਚਰਿੱਤਰ ਹੁੰਦਾ ਹੈ। ਇੱਕ ਪਾਸੇ ਤਾਂ ਭਾਸ਼ਾ, ਉਪਭਾਸ਼ਾਵਾਂ ਤੋਂ ਅਨੇਕਾਂ ਸ਼ਬਦ ਗ੍ਰਹਿਣ ਕਰਦੀ ਹੈ। ਦੂਜੇ ਪਾਸੇ, ਭਾਸ਼ਾ ਦੇ ਵਿਕਾਸ ਕਰਦਿਆਂ ਨਵੀਆਂ ਉਪਭਾਸ਼ਾਵਾਂ/ਬੋਲੀਆਂ ਉਤਪੰਨ ਹੋ ਜਾਂਦੀਆਂ ਹਨ। ਇਹ ਇਸ ਦੇ ਖਿੰਡਾਉ ਦਾ ਰੁਝਾਨ ਹੁੰਦਾ ਹੈ। ਇਹ ਵਰਤਾਰਾ ਹਰ ਭਾਸ਼ਾ ਵਿੱਚ ਵਾਪਰਦਾ ਹੈ। ਸੱਚ ਤਾਂ ਇਹ ਹੈ ਕਿ ਭਾਸ਼ਾਵਾਂ ਦਾ ਸਾਰਾ ਅਮਲ ਉਪਭਾਸ਼ਾਵਾਂ ਰਾਹੀਂ ਹੀ ਹੁੰਦਾ ਹੈ। ਪ੍ਰਮਾਣਿਕ ਜਾਂ ਮਿਆਰੀ ਭਾਸ਼ਾ ਲਿਖਤਾਂ ਵਿੱਚ ਹੀ ਰਾਖਵੀਂ ਹੁੰਦੀ ਹੈ।

     ਹਰ ਭਾਸ਼ਾ ਚਾਰ ਸਤਰਾਂ ਤੇ ਵਰਤੋਂ ਵਿੱਚ ਆਉਂਦੀ ਹੈ। ਉਪਚਾਰਕ, ਪ੍ਰਮਾਣਿਕ, ਅਣ-ਉਪਚਾਰਕ ਅਤੇ ਅਸ਼ਿਸ਼ਟ। ਇਹ ਸਤਰ (ਲੈਵਲ) ਹਮੇਸ਼ਾਂ ਸਦੀਵੀ ਨਹੀਂ ਰਹਿੰਦੇ। ਭਾਸ਼ਾ ਸ਼ਬਦਾਵਲੀ ਦੇ ਇਹ ਸਤਰ ਬਦਲਦੇ ਰਹਿੰਦੇ ਹਨ। ਜਿਹੜੇ ਸ਼ਬਦ ਅੱਜ ਉਪਚਾਰਕਤਾ ਦੀ ਪੁਸ਼ਾਕ ਧਾਰਨ ਕਰ ਬੈਠੇ ਹਨ, ਹੋ ਸਕਦਾ ਹੈ, ਭਵਿੱਖ ਵਿੱਚ ਇਹ ਉਪਚਾਰਕ ਨਾ ਰਹਿਣ। ਇਸੇ ਤਰ੍ਹਾਂ ਜਿਹੜੇ ਸ਼ਬਦਾਂ ਨੂੰ ਅੱਜ ਅਸੀਂ ਸੱਭਿਆ ਸਮਾਜ ਵਿੱਚ ਵਰਤਣੋਂ ਝਿਜਕਦੇ ਹਾਂ, ਭਵਿੱਖ ਵਿੱਚ ਇਹ ਸਾਊ ਸਮਾਜ ਦਾ ਅੰਗ ਬਣ ਜਾਣ। ਪੁਰਾਣੇ ਵੇਲਿਆਂ ਵਿੱਚ ਆਮ ਕਿਹਾ ਜਾਂਦਾ ਸੀ ਕਿ ਫ਼ਲਾਂ ਸ਼ਬਦ ਗੰਦਾ ਹੈ-ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਪਰ, ਅਸਲੀਅਤ ਇਹ ਹੈ ਕਿ ਭਾਸ਼ਾ ਵਿੱਚ ਕੋਈ ਸ਼ਬਦ ਗੰਦਾ ਜਾਂ ਚੰਗਾ ਨਹੀਂ ਹੁੰਦਾ। ਇਹਨਾਂ ਦੀ ਵਰਤੋਂ ਲਿਖਤ ਵਿੱਚ ਹੋਵੇ ਜਾਂ ਜ਼ਬਾਨੀ, ਹੁੰਦੀ ਤਾਂ ਰਹਿੰਦੀ ਹੈ। ਇਸੇ ਲਈ ਅਜਿਹੇ ਸ਼ਬਦ ਜਿਊਂਦੇ ਹਨ। ਨਹੀਂ ਤਾਂ ‘ਗੰਦੇ’ ਸ਼ਬਦ ਜਿਊਂਦੇ ਨਾ ਰਹਿੰਦੇ।

     ਭਾਸ਼ਾ ਦੇ ਇਹ ਲੈਵਲ ਵੱਖ-ਵੱਖ ਮੌਕਿਆਂ ਅਨੁਸਾਰ ਵੀ ਬਦਲਦੇ ਹਨ। ਸਾਡੀ ਕਿੰਨੀ ਸ਼ਬਦਾਵਲੀ ਘਰਾਂ ਵਿੱਚ ਹੋਰ ਢੰਗ ਨਾਲ ਇਸਤੇਮਾਲ ਹੁੰਦੀ ਹੈ ਤੇ ਦੋਸਤਾਂ-ਬੇਲੀਆਂ ਨਾਲ ਕਿਸੇ ਵੱਖਰੇ ਲਹਿਜੇ ਵਿੱਚ ਵਰਤੋਂ ਵਿੱਚ ਆਉਂਦੀ ਹੈ। ਦਫ਼ਤਰਾਂ ਵਿੱਚ ਕੰਮ ਕਰਦੇ ਆਪਣੇ ਸਹਿਕਰਮੀਆਂ ਨਾਲ ਗੱਲ-ਬਾਤ ਵਿੱਚ ਅਸੀਂ ਭਿੰਨ ਸ਼ਬਦਾਂ ਦੀ ਵਰਤੋਂ ਕਰਦੇ ਹਾਂ। ਇੱਕ ਵਿਅਕਤੀ ਦੇ ਆਪਣੇ ਜੀਵਨ ਕਾਲ ਵਿੱਚ ਵੀ ਇਹੋ ਕੁਝ ਵਾਪਰਦਾ ਹੈ। ਜਿਹੜੀ ਸ਼ਬਦਾਵਲੀ ਉਹ ਜਵਾਨੀ ਦੇ ਦਿਨਾਂ ਵਿੱਚ ਆਪਣੇ ਯਾਰ-ਬੇਲੀਆਂ ਨਾਲ ਗੱਲਾਂ ਕਰਦਿਆਂ ਇਸਤੇਮਾਲ ਕਰਦਾ ਸੀ, ਬੁਢਾਪੇ ਵਿੱਚ ਉਸ ਦੇ ਸ਼ਬਦਾਂ ਦੀ ਚੋਣ ਬਦਲ ਜਾਂਦੀ ਹੈ।

     ਭਾਸ਼ਾ ਦੇ ਇਸ ਵਿਸ਼ਾਲ ਅਤੇ ਬਹੁ-ਪਸਾਰੀ ਖੇਤਰ ਵਿੱਚੋਂ ਸ਼ਬਦ ਕੋਸ਼ ਲਈ ਸ਼ਬਦ-ਚੋਣ ਕਰਨੀ ਕੋਸ਼ਕਾਰ ਲਈ ਚੁਨੌਤੀ ਅਤੇ ਜੋਖਿਮ ਭਰਿਆ ਕਾਰਜ ਹੈ। ਕੋਸ਼- ਵਿਗਿਆਨ ਸਿਧਾਂਤ ਇਸ ਪ੍ਰਕਾਰ ਦੀਆਂ ਸਮੱਸਿਆਵਾਂ ਲਈ ਸਹਾਈ ਹੁੰਦੇ ਹਨ। ਭਾਵੇਂ ਇਹ ਸਿਧਾਂਤ ਕੋਸ਼-ਰਚਨਾ ਦੇ ਅਮਲ ਉੱਪਰ ਹੀ ਆਧਾਰਿਤ ਹਨ, ਪਰ ਅੱਜ ਕੋਸ਼- ਰਚਨਾ ਲਈ ਮਾਰਗ-ਦਰਸ਼ਨ ਕਰਦੇ ਹਨ।

     ਕੋਸ਼-ਵਿਗਿਆਨ ਦੇ ਸਿਧਾਂਤਾਂ ਨੂੰ ਦੋ ਪੱਖਾਂ ਤੋਂ ਵਾਚਿਆ ਜਾ ਸਕਦਾ ਹੈ-ਆਂਤਰਿਕ ਤੇ ਬਾਹਰੀ। ਬਾਹਰੀ ਪੱਖ ਵਿੱਚ ਕੋਸ਼-ਰਚਨਾ ਲਈ ਸਮਗਰੀ ਇਕੱਤਰ ਕਰਨਾ, ਇਸ ਵਿੱਚ ਇੰਦਰਾਜਾਂ ਦੀ ਚੋਣ, ਇੰਦਰਾਜਾਂ ਦੇ ਕ੍ਰਮ ਆਦਿ ਨੂੰ ਵਿਚਾਰਿਆ ਜਾਂਦਾ ਹੈ। ਆਂਤਰਿਕ ਪੱਖ ਵਿੱਚ, ਕੋਸ਼ ਦੀ ਕੋਸ਼ੀ ਇਕਾਈ ਦਾ ਸੰਕਲਪ, ਇੰਦਰਾਜ ਦਾ ਸੰਕਲਪ, ਇੰਦਰਾਜ ਨਾਲ ਸੰਬੰਧਿਤ ਮੁੱਖ ਸ਼ਬਦ, ਮੁੱਖ ਸ਼ਬਦ ਦੇ ਜੋੜ ਅਤੇ ਉਚਾਰਨ, ਮੁੱਖ ਸ਼ਬਦਾਂ ਦੇ ਵਿਆਕਰਨਿਕ ਵੇਰਵੇ, ਸ਼ਬਦ ਦੀ ਨਿਰੁਕਤੀ ਆਦਿ ਤੋਂ ਇਲਾਵਾ ਅਰਥ-ਨਿਰਧਾਰਨ, ਅਰਥ-ਪਰਿਭਾਸ਼ਾ ਅਰਥ-ਕ੍ਰਮ, ਵਰਤੋਂ-ਵਿਸ਼ੇਸ਼ ਦਾ ਲੇਬਲ, ਸਮਾਨਾਰਥੀ ਸ਼ਬਦ-ਚੋਣ, ਉਦਾਹਰਨ ਚੋਣ, ਟਿੱਪਣੀਆਂ, ਤਸਵੀਰਾਂ, ਖ਼ਾਕੇ, ਪਰਸਪਰ ਹਵਾਲਿਆਂ ਸੰਬੰਧੀ ਚਰਚਾ ਤੋਂ ਕੋਸ਼- ਵਿਗਿਆਨਕ ਮਾਰਗ ਦਰਸ਼ਨ ਹੁੰਦਾ ਹੈ।

     ਸ਼ਬਦਾਂ ਦੇ ਅਰਥ-ਨਿਰਧਾਰਨ ਲਈ ਕੋਸ਼-ਵਿਗਿਆਨ ਸਮਾਨਾਰਥੀ ਸ਼ਬਦਾਂ ਦੀ ਸਹਾਇਤਾ ਨਾਲ ਇਸ਼ਾਰਾ ਕਰਦਾ ਹੈ, ਪਰ ਕਿਉਂਕਿ ਕੋਈ ਸ਼ਬਦ ਕਿਸੇ ਦੂਜੇ ਸ਼ਬਦ ਦੇ ਸਹੀ-ਸਹੀ ਅਰਥ ਨਹੀਂ ਦੇ ਸਕਦਾ, ਇਸ ਲਈ ਵਿਸ਼ਲੇਸ਼ਣਾਤਮਿਕ ਵਿਆਖਿਆ ਸ਼ਬਦ ਦੇ ਅਰਥ ਸਪਸ਼ਟ ਕਰਨ ਵਿੱਚ ਜ਼ਿਆਦਾ ਕਾਰਗਰ ਸਿੱਧ ਹੁੰਦੀ ਹੈ। ਇਸੇ ਤਰ੍ਹਾਂ ਬਹੁ-ਅਰਥ ਸ਼ਬਦਾਂ ਦੇ ਅਰਥਾਂ ਨੂੰ ਕਿਸੇ ਵਿਗਿਆਨਿਕ ਤਰਤੀਬ ਅਨੁਸਾਰ ਦਰਜ ਕਰਨ ਦੀ ਕੋਸ਼-ਵਿਗਿਆਨ ਤਾਕੀਦ ਕਰਦਾ ਹੈ। ਸ਼ਬਦਾਂ ਦੇ ਅਰਥ-ਇਤਿਹਾਸ ਆਧਾਰਿਤ ਕੋਸ਼ਾਂ ਵਿੱਚ ਮੁਢਲੇ/ਮੂਲ ਅਰਥਾਂ ਤੋਂ ਅਰੰਭ ਕਰ ਕੇ ਅਜੋਕੇ ਅਰਥਾਂ ਤੱਕ ਨੂੰ ਤਰਤੀਬ ਅਨੁਸਾਰ ਰੱਖਣ ਦਾ ਸਿਧਾਂਤ ਹੈ।

     ਕੋਸ਼-ਵਿਗਿਆਨ ਜਿੱਥੇ ਸ਼ਬਦ-ਅਰਥ ਸੰਬੰਧਾਂ ਦਾ ਚਿੰਤਨ ਕਰਦਾ ਹੈ, ਉੱਥੇ ਇਹਨਾਂ ਸੰਬੰਧਾਂ ਤੋਂ ਉਪਜੇ ਨਵੇਂ ਸਿਧਾਂਤ ਕੋਸ਼-ਰਚਨਾ ਲਈ ਵਿਚਾਰ ਗੋਚਰੇ ਬਣਾਉਂਦਾ ਹੈ। ਕਿਸੇ ਸ਼ਬਦ ਦੇ ਸਮਾਨਾਰਥੀ ਸ਼ਬਦਾਂ ਨਾਲ ਜਿਸ ਤਰ੍ਹਾਂ ਦਾ ਰਿਸ਼ਤਾ ਹੁੰਦਾ ਹੈ, ਉਸ ਤਰ੍ਹਾਂ ਦਾ ਰਿਸ਼ਤਾ ਸ਼ਬਦ ਦੀ ਅਨੇਕ-ਅਰਥਕਤਾ ਵਿੱਚ ਨਹੀਂ ਹੁੰਦਾ। ਅਨੇਕ-ਅਰਥਕਤਾ ਇੱਕੋ ਸ਼ਬਦ ਦੇ ਅਰਥਾਂ ਦਾ ਵਿਕਾਸ ਇਤਿਹਾਸ ਹੁੰਦਾ ਹੈ। ਜਦੋਂ ਕਿ ਸਮਾਨਾਰਥਕਤਾ ਭਿੰਨ ਸ਼ਬਦਾਂ ਦੀ ਸੁਤੰਤਰ ਹੋਂਦ ਵਿੱਚੋਂ ਵਿਕਸਿਤ ਅਰਥਾਂ ਦੀ ਨੇੜਤਾ ਹੈ। ਸਮਾਨ-ਅਰਥੀ ਸ਼ਬਦ ਕਿਸੇ ਇੱਕ ਅਰਥ ਲਈ ਇੱਕ ਸ਼ਬਦ ਦੇ ਨੇੜੇ ਹੁੰਦਾ ਹੈ, ਦੂਜੇ ਅਰਥ ਲਈ ਕਿਸੇ ਹੋਰ ਸ਼ਬਦ ਦੇ ਨਜ਼ਦੀਕ। ਇਸ ਤਰ੍ਹਾਂ ਇੱਕੋ ਸ਼ਬਦ ਸਾਡੇ ਪਰਿਵਾਰਾਂ ਵਿਚਲੇ ਰਿਸ਼ਤਿਆਂ ਵਾਂਗ ਭਿੰਨ-ਭਿੰਨ ਰਿਸ਼ਤਿਆ ਵਿੱਚ ਜੁੜਿਆ ਹੁੰਦਾ ਹੈ।

     ਕੁਝ ਸ਼ਬਦ, ਭਿੰਨ ਸ਼੍ਰੇਣੀ ਹੋਣ ਦੇ ਬਾਵਜੂਦ, ਸਮੇਂ ਦੇ ਬੀਤਣ ਨਾਲ ਦੂਜੇ ਸ਼ਬਦਾਂ ਦੇ ਸਮਾਨ-ਰੂਪੀ ਬਣ ਜਾਂਦੇ ਹਨ। ਅਜਿਹੇ ਸਮਰੂਪੀ ਸ਼ਬਦਾਂ ਲਈ ਕੋਸ਼-ਵਿਗਿਆਨ ਕੋਸ਼ਕਾਰ ਨੂੰ ਸੁਚੇਤ ਕਰਦਾ ਹੈ ਕਿ ਇਹਨਾਂ ਦੇ ਕੋਸ਼ੀ ਇੰਦਰਾਜ ਭਿੰਨ-ਭਿੰਨ ਹੋਣੇ ਚਾਹੀਦੇ ਹਨ। ਪੰਜਾਬੀ ਦੇ ‘ਕਸ’ ਸ਼ਬਦ ਦੇ ਸਮਰੂਪੀ ਹੋਣ ਕਰ ਕੇ ਕਸ (ਖਿੱਚ, ਤਣਾਅ) ਅਤੇ ਕਸ (ਭਾਂਡੇ ਦੀ ਮੈਲ) ਕੋਸ਼ ਵਿੱਚ ਵੱਖ-ਵੱਖ ਇੰਦਰਾਜਾਂ ਵਜੋਂ ਦਰਜ ਹੋਣਗੇ। ਇਸ ਤਰ੍ਹਾਂ ਅੰਗਰੇਜ਼ੀ bat (ਬੱਲਾ) ਅਤੇ bat (ਚਮਗਿੱਦੜ) ਵੀ ਵੱਖਰੇ ਇੰਦਰਾਜਾਂ ਵਜੋਂ ਦਰਜ ਕੀਤੇ ਜਾਂਦੇ ਹਨ।

     ਭਾਸ਼ਾਵਾਂ ਦੇ ਬਦਲਦੇ ਰੂਪਾਂ ਕਰ ਕੇ ਅਤੇ ਲੇਖਕਾਂ ਦੀ ਵਿਅਕਤੀਗਤ ਰੁਚੀ ਕਾਰਨ ਕਈ ਵਾਰ ਇੱਕੋ ਸ਼ਬਦ ਦੇ ਭਿੰਨ-ਭਿੰਨ ਸ਼ਬਦ-ਜੋੜ ਪ੍ਰਚਲਿਤ ਹੋ ਜਾਂਦੇ ਹਨ। ਇਹਨਾਂ ਭਿੰਨ ਸ਼ਬਦ-ਜੋੜਾਂ ਵਾਲੇ ਸ਼ਬਦਾਂ ਨੂੰ ਕੋਸ਼ਕਾਰ ਅਣਗੌਲਿਆ ਨਹੀਂ ਕਰ ਸਕਦਾ। ਅਜਿਹੇ ਸ਼ਬਦਾਂ ਦੇ ਭਿੰਨ-ਭਿੰਨ ਇੰਦਰਾਜ ਅੱਖਰ-ਕ੍ਰਮ ਅਨੁਸਾਰ ਕੋਸ਼ ਵਿੱਚ ਦਰਜ ਕੀਤੇ ਜਾਂਦੇ ਹਨ।

     ਬੇਸ਼ਕ, ਕੋਸ਼-ਵਿਗਿਆਨ ਦੇ ਸਿਧਾਂਤ ਕੋਸ਼ਕਾਰੀ ਦੇ ਅਮਲ ਵਿੱਚੋਂ ਹੀ ਸਿਰਜੇ ਗਏ ਹਨ, ਪਰ ਅੱਜ ਨਵੇਂ ਕੋਸ਼ਾਂ ਦੀ ਰਚਨਾ ਵਿੱਚ ਕੋਸ਼-ਵਿਗਿਆਨ ਕੋਸ਼ਕਾਰਾਂ ਦਾ ਮਾਰਗ-ਦਰਸ਼ਨ ਕਰਦਾ ਹੈ। ਕੋਸ਼-ਵਿਗਿਆਨ ਬਾਰੇ ਸੰਸਾਰ-ਪ੍ਰਸਿੱਧ ਸਿਧਾਂਤ-ਪੁਸਤਕ ਜ਼ਗੁਸਤਾ (Ladislav Zgusta) ਦੀ Manual of Lexicography ਹੈ।


ਲੇਖਕ : ਅਜਮੇਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5143, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.