ਕੌਮਾਂਤਰੀ ਕਾਨੂੰਨ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
International law_ਕੌਮਾਂਤਰੀ ਕਾਨੂੰਨ: ਸਹੀ ਅਰਥਾਂ ਵਿਚ ਕੌਮਾਂਤਰੀ ਕਾਨੂੰਨ ਇਕ ਗ਼ਲਤ ਜਿਹਾ ਵਾਕੰਸ਼ ਹੈ। ਜੇ ਇਸ ਦੀ ਇਸ ਗ਼ਲਤੀ ਨੂੰ ਧਿਆਨ ਵਿਚ ਨ ਰਖਿਆ ਜਾਵੇ ਤਾਂ ਇਹ ਵਾਕੰਸ਼ ਕੁਰਾਹੇ ਪਾ ਸਕਦਾ ਹੈ। ਦਰਅਸਲ ਕੌਮਾਂਤਰੀ ਕਾਨੂੰਨ ਉਨ੍ਹਾਂ ਨਿਯਮਾਂ ਦੇ ਸਮੂਹ ਨੂੰ ਨਾਂ ਦਿੱਤਾ ਜਾਂਦਾ ਹੈ ਜਿਨ੍ਹਾਂ ਦਾ ਦੋ ਜਾਂ ਵਧ ਕੌਮਾਂ ਆਪਸੀ ਵਿਹਾਰ ਵਿਚ ਪਾਲਣ ਕਰਦੀਆਂ ਹਨ। ਇਹ ਨਿਯਮ ਪਾਲਣ ਕਰਨ ਵਾਲੀਆਂ ਕੌਮਾਂ ਦੀ ਆਪਸੀ ਸਹਿਮਤੀ ਨਾਲ ਬਣਾਏ ਜਾਂਦੇ ਹਨ। ਇਨ੍ਹਾਂ ਨੂੰ ਲਾਗੂ ਵੀ ਉਹ ਕੌਮਾਂ ਖ਼ੁਦ ਕਰਦੀਆਂ ਹਨ। ਇਸ ਤਰ੍ਹਾਂ ਆਪਣੇ ਕੇਸ ਵਿਚ ਖ਼ੁਦ ਨਿਆਂਕਾਰ ਹੁੰਦੀਆਂ ਹਨ। ਇਸ ਤੋਂ ਇਲਾਵਾ ਉਹ ਨਿਯਮ ਵੀ ਆਪੋ ਆਪਣੇ ਦੇਸ਼ ਦੇ ਵਿਧਾਨ ਮੰਡਲਾਂ ਦੀ ਪਰਵਾਨਗੀ ਨਾਲ ਕਰਦੀਆਂ ਹਨ। ਇਸ ਲਈ ਇਨ੍ਹਾਂ ਨਿਯਮਾਂ ਨੂੰ ਕਾਨੂੰਨ ਕਹਿਣਾ ਨਿਕਟਤਮ ਨਾਂ ਦੇਣ ਵਾਲੀ ਗੱਲ ਹੈ। ਵਰਨਾ ਜਦ ਅਸੀਂ ਕਾਨੂੰਨ ਬਾਰੇ ਗੱਲ ਕਰਦੇ ਹਾਂ ਤਾਂ ਉਸ ਵਿਚ ਕਾਨੂੰਨ ਬਣਾਉਣ ਵਾਲੀ ਅਤੇ ਉਸ ਨੂੰ ਲਾਗੂ ਕਰਨ ਵਾਲੀ ਅਤੇ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾ ਦੇਣ ਵਾਲੀਆਂ ਅਥਾਰਿਟੀਆਂ ਅਰਥਾਵੀਆਂ ਹੁੰਦੀਆਂ ਹਨ। ਕੌਮਾਂਤਰੀ ਕਾਨੂੰਨ ਵਿਚ ਕਾਨੂੰਨ ਬਣਾਉਣ ਵਾਲੀ ਕੋਈ ਅਥਾਰਿਟੀ ਨਹੀਂ ਹੁੰਦੀ ਅਤੇ ਕਿਉਂ ਕਿ ਇਹ ਕਾਨੂੰਨ ਪ੍ਰਭਤਾਧਾਰੀ ਰਾਜਾਂ ਉਤੇ ਲਾਗੂ ਕੀਤਾ ਜਾਂਦਾ ਹੈ, ਇਸ ਲਈ ਕੋਈ ਅਜਿਹੀ ਅਥਾਰਿਟੀ ਹੋ ਵੀ ਨਹੀਂ ਸਕਦੀ ਜੋ ਪ੍ਰਭਤਾਧਾਰੀ ਰਾਜਾਂ ਨੂੰ ਉਹ ਕਾਨੂੰਨ ਮੰਨਣ ਲਈ ਮਜਬੂਰ ਕਰ ਸਕੇ। ਇਸ ਤਰ੍ਹਾਂ ਕੌਮਾਂਤਰੀ ਕਾਨੂੰਨ ਉਨ੍ਹਾਂ ਪ੍ਰਥਾਵਾਂ ਦਾ ਸਮੂਹ ਹੈ ਜਿਨ੍ਹਾਂ ਦੀ ਸਭਯ ਰਾਜ ਇਕ ਦੂਜੇ ਨਾਲ ਵਿਹਾਰ ਕਰਨ ਵਿਚ ਪਾਲਣਾ ਕਰਨ ਤੇ ਸਹਿਮਤ ਹੋਏ ਹੁੰਦੇ ਹਨ। ਇਹ ਪ੍ਰਥਾਵਾਂ ਕੀ ਹਨ ਅਤੇ ਕੀ ਕਿਸੇ ਖ਼ਾਸ ਪ੍ਰਥਾ ਦੀ ਪਾਲਣਾ ਕਰਨ ਬਾਰੇ ਰਾਜ ਕਦੇ ਸਹਿਮਤ ਹੋਏ ਹਨ ਜਾਂ ਨਹੀਂ, ਇਹ ਸਾਰੀਆਂ ਗੱਲਾਂ ਸ਼ਹਾਦਤ ਤੇ ਨਿਰਭਰ ਕਰਦੀਆਂ ਹਨ। ਇਹ ਹੀ ਕਾਰਨ ਹੈ ਕਿ ਕੌਮਾਂਤਰੀ ਕਾਨੂੰਨ ਨੂੰ ਨਿਆਸ਼ਾਸਤਰ ਦਾ ਦਿਸਹੱਦਾ ਕਿਹਾ ਜਾਂਦਾ ਹੈ। ਕੌਮਾਂਤਰੀ ਕਾਨੂੰਨ ਸਭਯ ਰਾਜਾਂ ਦੇ ਆਪਸੀ ਕਰਾਰਾਂ ਅਤੇ ਸੰਧੀਆਂ ਦੁਆਰਾ ਹੋਂਦ ਵਿਚ ਆਉਂਦਾ ਹੈ ਅਤੇ ਜਨਤਕ ਰਾਏ ਦੀ ਸ਼ਕਤੀ ਦੇ ਆਧਾਰ ਤੇ ਲਾਗੂ ਕੀਤਾ ਜਾਂਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2009, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਕੌਮਾਂਤਰੀ ਕਾਨੂੰਨ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Law of Nations_ਕੌਮਾਂਤਰੀ ਕਾਨੂੰਨ: ਉਹ ਨਿਯਮ ਜਿਨ੍ਹਾਂ ਦੀ ਪਾਲਣਾ ਕੌਮਾਂ ਇਕ ਦੂਜੇ ਨਾਲ ਵਰਤ ਵਿਹਾਰ ਵਿਚ ਕਰਦੀਆਂ ਹਨ।
ਕੌਮਾਂਤਰੀ ਕਾਨੂੰਨ ਸ਼ਬਦ ਦੀ ਵਰਤੋਂ ਪਹਿਲੀ ਵਾਰ 1870 ਵਿਚ ਜਰਮੀਬਐਂਥਮ ਨੇ ਕੀਤੀ ਸੀ। ਪ੍ਰਸਿੱਧ ਅੰਗਰੇਜ਼ ਕਾਨੂੰਨਦਾਨ ਲਾਰੰਸ ਅਨੁਸਾਰ - ਕੌਮਾਂਤਰੀ ਕਾਨੂੰਨ ਉਨ੍ਹਾਂ ਨਿਯਮਾਂ ਨੂੰ ਕਿਹਾ ਜਾਂਦਾ ਹੈ ਜੋ ਸਭਯ ਰਾਜਾਂ ਦਾ ਇਕ ਦੂਜੇ ਨਾਲ ਵਰਤ-ਵਿਹਾਰ ਦਾ ਆਚਰਣ ਨਿਸਚਿਤ ਕਰਦੇ ਹਨ। ਇਹ ਨਿਯਮ ਸ਼ਾਂਤੀ ਦੇ ਸਮੇਂ ਲਈ ਵੀ ਹੋ ਸਕਦੇ ਹਨ ਅਤੇ ਵੈਰ-ਭਾਵ ਦੇ ਆਚਰਣ ਨਾਲ ਵੀ ਸਬੰਧਤ ਹੋ ਸਕਦੇ ਹਨ।’’ ਪ੍ਰੋਫ਼ੈਸਰ ਓਪਨਹਾਈਮ ਅਨੁਸਾਰ ਕੌਮਾਂਤਰੀ ਕਾਨੂੰਨ ਉਨ੍ਹਾਂ ਰਵਾਜੀ ਅਤੇ ਪਰੰਪਰਾਗਤ ਨਿਯਮਾਂ ਦਾ ਸਮੂਹ ਹੈ ਜੋ ਸਭਯ ਰਾਜਾਂ ਦੁਆਰਾ ਇਕ ਦੂਜੇ ਨਾਲ ਵਰਤ ਵਿਹਾਰ ਵਿਚ ਬੰਧਨਕਾਰੀ ਸਮਝੇ ਜਾਂਦੇ ਹਨ। ਕੌਮਾਂਤਰੀ ਕਾਨੂੰਨ ਅਮਲ ਦੇ ਉਨ੍ਹਾਂ ਨਿਯਮਾਂ ਦਾ ਸਮੂਹ ਹੈ ਜੋ ਸਭਯ ਰਾਜਾਂ ਦੇ ਆਪਸ ਸਬੰਧਾਂ ਵਿਚ ਬੰਧਨਕਾਰੀ ਹੁੰਦੇ ਹਨ।
ਜਾਹਨ ਆਸਟਿਨ ਦੇ ਸਕੂਲ ਦੇ ਕਾਨੂੰਨਦਾਨ ਕੌਮਾਂਤਰੀ ਕਾਨੂੰਨ ਨੂੰ ਵਾਸਤਵਿਕ ਕਾਨੂੰਨ ਨਹੀਂ ਮੰਨਦੇ। ਜਾਹਨ ਆਸਟਿਨ ਅਨੁਸਾਰ ਕੌਮਾਂਤਰੀ ਕਾਨੂੰਨ ਦੇ ਪਿਛੇ ਰਾਜ ਦੀ ਜਬਰੀ ਸੱਤਾ ਨ ਹੋਣ ਕਾਰਨ ਇਸ ਤਰ੍ਹਾਂ ਦੇ ਨਿਯਮ ਵਧ ਤੋਂ ਵਧ ਵਾਸਤਵਿਕ ਕੌਮਾਂਤਰੀ ਸਦਾਚਾਰਕ ਨਿਯਮ ਮੰਨੇ ਜਾ ਸਕਦੇ ਹਨ। ਹਾਲੈਂਡ ਅਨੁਸਾਰ ਕੌਮਾਂਤਰੀ ਕਾਨੂੰਨ ਨਿਆਂ-ਸ਼ਾਸਤਰ ਦਾ ਦਿਸ-ਹੱਦਾ ਹੈ ਕਿਉਂ ਕਿ ਉਸ ਦੇ ਪਿਛੇ ਰਾਜ ਦੀ ਸੱਤਾ ਨਹੀਂ ਹੁੰਦੀ। ਅਜਿਹੇ ਨਿਯਮਾਂ ਦੀ ਪਾਲਣਾ ਹਰੇਕ ਰਾਜ ਦੁਆਰਾ ਸਵੈ ਇੱਛਾ ਨਾਲ ਅਤੇ ਸੁਭਾਵਕ ਤੌਰ ਤੇ ਕੀਤੀ ਜਾਂਦੀ ਹੈ, ਇਸ ਲਈ ਮੁਲਾਹਜ਼ੇਦਾਰੀ ਦੀ ਮੰਗ ਹੀ ਉਨ੍ਹਾਂ ਨੂੰ ਕਾਨੂੰਨ ਦਾ ਦਰਜਾ ਦੇ ਸਕਦੀ ਹੈ। ਲੇਕਿਨ ਉਸ ਦੇ ਉਲਟ ਹਾਲ ਅਤੇ ਲਾਰੰਸ ਕਹਿੰਦੇ ਹਨ ਕਿ ਕੌਮਾਂਤਰੀ ਕਾਨੂੰਨ ਕੌਮਾਂਤਰੀ ਸਦਾਚਾਰ ਤੋਂ ਪੂਰੀ ਤਰ੍ਹਾਂ ਵਖਰੀ ਚੀਜ਼ ਹੈ। ਲਾਰੰਸ ਅਨੁਸਾਰ ਰਾਜਾਂ ਦੁਆਰਾ ਆਮ ਤੌਰ ਤੇ ਕੌਮਾਂਤਰੀ ਕਾਨੂੰਨ ਦੀ ਪਾਲਣਾ ਕੀਤੀ ਜਾਂਦੀ ਹੈ। ਹਾਲ ਅਨੁਸਾਰ ਜਿਸ ਤਰ੍ਹਾਂ ਈਮਾਨਦਾਰ ਨਾਗਰਿਕ ਆਪਣੇ ਦੇਸ਼ ਦੇ ਕਾਨੂੰਨ ਦੀ ਪਾਲਣਾ ਕਰਦੇ ਹਨ ਅਤੇ ਉਸ ਨੂੰ ਬੰਧਨਕਾਰੀ ਮੰਨਦੇ ਹਨ ਉਸੇ ਤਰ੍ਹਾਂ ਸਭਯ ਰਾਜ ਕੌਮਾਂਤਰੀ ਕਾਨੂੰਨ ਦੀ ਪਾਲਣਾ ਕਰਦੇ ਹਨ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2009, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First