ਕੱਟੂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੱਟੂ. ਰਾਜ ਨਾਭਾ ਦੀ ਨਜਾਮਤ ਫੂਲ, ਥਾਣੇ ਧਨੌਲੇ ਵਿੱਚ ਇੱਕ ਪਿੰਡ. ਇਸ ਥਾਂ ਨੌਮੇ ਸਤਿਗੁਰੂ ਵਿਰਾਜੇ ਹਨ. “ਕਾਹੇ ਰੇ ਬਨ ਖੋਜਨ ਜਾਈ”ਸ਼ਬਦ ਇਸੇ ਥਾਂ ਸੰਗਤ ਨੂੰ ਸੰਬੋਧਨ ਕਰਕੇ ਉਚਰਿਆ ਹੈ. ਗੁਰੁਦ੍ਵਾਰਾ ਪਿੰਡ ਤੋਂ ਉੱਤਰ ਪੂਰਵ ਅੱਧ ਮੀਲ ਤੇ ਹੈ. ਰਿਆਸਤ ਨਾਭਾ ਵੱਲੋਂ ਦੋ ਹਲ ਦੀ ਜ਼ਮੀਨ ਮੁਆਫ ਹੈ. ਰੇਲਵੇ ਸਟੇਸ਼ਨ ਸੇਖੇ ਤੋਂ ਕਰੀਬ ਚਾਰ ਮੀਲ ਦੱਖਣ ਪੱਛਮ ਹੈ.

ਕੱਟੂ ਵਿੱਚ ਭਾਈ ਧ੍ਯਾਨ ਸਿੰਘ ਜੀ ਕਰਣੀ ਵਾਲੇ ਸਿੰਘ ਹੋਏ ਹਨ. ਉਨ੍ਹਾਂ ਨੇ ਦਸਮਗ੍ਰੰਥ ਵਿੱਚੋਂ ਚਰਿਤ੍ਰ ਕੱਢਕੇ ਸਰਬਲੋਹ ਦਰਜ ਕਰ ਦਿੱਤਾ ਸੀ। ੨ ਦੇਖੋ, ਕੱਟੂਸ਼ਾਹ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30558, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੱਟੂ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੱਟੂ: ਪੰਜਾਬ ਦੇ ਸੰਗਰੂਰ ਜ਼ਿਲੇ ਵਿਚ ਬਰਨਾਲਾ (30°-22`ਉ, 75°-32`ਪੂ) ਤੋਂ 12 ਕਿਲੋਮੀਟਰ ਦੱਖਣ- ਪੂਰਬ ਵੱਲ ਸਥਿਤ ਇਕ ਪਿੰਡ ਜਿੱਥੇ ਗੁਰੂ ਤੇਗ਼ ਬਹਾਦਰ ਜੀ ਦੀ ਯਾਦ ਵਿਚ ਇਕ ਇਤਿਹਾਸਿਕ ਗੁਰਦੁਆਰਾ , ‘ਗੁਰੂ ਸਰ ਪਾਤਸ਼ਾਹੀ ਨੌਂਵੀਂ` ਸ਼ੁਸ਼ੋਭਿਤ ਹੋਇਆ ਹੈ। ਗੁਰਦੁਆਰਾ ਪਾਣੀ ਦੇ ਛੱਪੜ ਦੇ ਕੰਢੇ ਝਾੜੀਆਂ ਵਿਚ ਗੁਰੂ ਜੀ ਦੇ ਪੜਾਉ ਅਸਥਾਨ ਵੱਲ ਸੰਕੇਤ ਕਰਦਾ ਹੈ ਜੋ ਕਿ ਪਿੰਡ ਤੋਂ ਲਗ-ਪਗ ਇਕ ਕਿਲੋਮੀਟਰ ਉੱਤਰ-ਪੂਰਬ ਵੱਲ ਸਥਿਤ ਹੈ। ਭਾਵੇਂ ਇਸ ਦਾ ਨਾਂ ਗੁਰੂ ਸਰ ਹੈ ਪਰ ਹੁਣ ਇੱਥੇ ਲਾਗਲੇ ਖੇਤਾਂ ਵਿਚ ਇਕ ਛੋਟਾ ਜਿਹਾ ਟੋਆ ਹੀ ਬਾਕੀ ਬਚਿਆ ਹੈ। ਸਥਾਨਿਕ ਪਰੰਪਰਾ ਅਨੁਸਾਰ ਗੁਰੂ ਤੇਗ਼ ਬਹਾਦਰ ਜੀ 1665 ਵਿਚ, ਇੱਥੇ ਆਏ ਸਨ। ਨੇੜੇ ਹੀ ਘਾਹ ਫੂਸ ਦੀ ਝੌਂਪੜੀ ਵਿਚ ਰਹਿਣ ਵਾਲੇ ਇਕ ਸਾਧੂ ਧਿਆਨ ਦਾਸ ਨਾਲ ਉਹਨਾਂ ਨੇ ਬਚਨ ਬਿਲਾਸ ਕੀਤੇ। ਪਿੰਡ ਵਾਲੇ ਵੀ ਗੁਰੂ ਤੇਗ਼ ਬਹਾਦਰ ਜੀ ਦੁਆਰਾ ਦਿੱਤੀਆਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਵਿਆਖਿਆ ਸੁਣਨ ਲਈ ਇਕੱਠੇ ਹੋਏ ਸਨ। ਗੁਰੂ ਤੇਗ਼ ਬਹਾਦਰ ਜੀ ਨੇ ਧਨਾਸਰੀ ਰਾਗ ਦੇ ਆਪਣੇ ਸ਼ਬਦ ਵਿਚ ਸਪਸ਼ਟ ਤੌਰ ਤੇ ਦਰਸਾਈ ਸਿੱਖਿਆ ਦਾ ਉਲੇਖ ਕਰਦੇ ਹੋਏ ਆਪਣਾ ਕਥਨ ਸਮਾਪਤ ਕੀਤਾ ਸੀ:

      ਕਾਹੇ ਰੇ ਬਨ ਖੋਜਨ ਜਾਈ॥

      ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ॥                                                                    (ਗੁ.ਗ੍ਰੰ. 684)

      ਕੁਝ ਸਮੇਂ ਬਾਅਦ ਇੱਥੇ ਇਕ ਗੁਰਦੁਆਰਾ ਉਸਾਰਿਆ ਗਿਆ। ਪੁਰਾਤਨ ਇਮਾਰਤ ਦੀ ਉਸਾਰੀ 20ਵੀਂ ਸਦੀ ਦੇ ਸ਼ੁਰੂ ਵਿਚ ਕੀਤੀ ਗਈ ਸੀ ਜਿਸ ਵਿਚ ਤਿੰਨ ਪਾਸੇ ਕਮਰਿਆਂ ਦੀ ਕਤਾਰ ਅਤੇ ਇੱਟਾਂ ਦਾ ਵਿਹੜਾ ਸ਼ਾਮਲ ਹੈ। ਖੁੱਲ੍ਹੀ-ਡੁੱਲੀ ਇਮਾਰਤ ਦਾ ਨੀਂਹ ਪੱਥਰ 31 ਮਾਰਚ 1977 ਨੂੰ ਰੱਖਿਆ ਗਿਆ ਸੀ। ਇਸ ਨਵੇਂ ਭਵਨ ਸਮੂਹ ਵਿਚ ਇਕ ਦੀਵਾਨ ਹਾਲ ਹੈ ਜਿਸ ਦੇ ਨਾਲ ਇਕ ਮੰਜੀ ਸਾਹਿਬ ਵੀ ਸਥਿਤ ਹੈ, ਉਸ ਦੇ ਸਿਖਰ ਤੇ ਕਮਲ ਦੇ ਆਕਾਰ ਦਾ ਗੁੰਬਦ ਬਣਿਆ ਹੋਇਆ ਹੈ। ਗੁਰਦੁਆਰੇ ਦੀ ਆਪਣੀ 50 ਏਕੜ ਜ਼ਮੀਨ ਹੈ ਅਤੇ ਇਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਇੱਥੋਂ ਦੀ ਸਥਾਨਿਕ ਕਮੇਟੀ ਰਾਹੀਂ ਕੀਤਾ ਜਾਂਦਾ ਹੈ। ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਵਰ੍ਹੇ ਗੰਢ ਇੱਥੋਂ ਦਾ ਸਲਾਨਾ ਪੁਰਬ ਹੈ।


ਲੇਖਕ : ਮ.ਗ.ਸ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30525, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕੱਟੂ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਕੱਟੂ : ਇਹ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਵਿਚ ਥਾਣਾ ਧਨੌਲੇ ਦਾ ਇਕ ਪਿੰਡ ਹੈ। ਇਹ ਪਿੰਡ ਸ੍ਰੀ ਗੁਰੂ ਤੇਗਬਹਾਦਰ ਜੀ ਨਾਲ ਸਬੰਧਤ ਹੈ। ਇਸ ਥਾਂ ਤੇ ਗੁਰੂ ਸਾਹਿਬ ਨੇ ਸੰਗਤ ਨੂੰ ਸੰਬੋਧਨ ਕਰਕੇ ਸ਼ਬਦ ਉਚਾਰਿਆ ਸੀ ––

          ‘ਕਾਹੇ ਰੇ ਬਨ ਖੋਜਨ ਜਾਈ’

          ਸਬੰਧਤ ਗੁਰਦਵਾਰਾ ਪਿੰਡ ਤੋਂ ਲਗਭਗ ਅੱਧ ਮੀਲ ਦੂਰ ਹੈ ਜੋ ਰੇਲਵੇ ਸਟੇਸ਼ਨ ਸੇਖੇ ਤੋਂ ਲਗਭਗ 6 ਕਿ. ਮੀ. ਉੱਤਰ ਵੱਲ ਪੈਂਦਾ ਹੈ।

          ਹ. ਪੁ.––ਮ. ਕੋ. : 291


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 22261, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no

ਕੱਟੂ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕੱਟੂ : ਇਹ ਸੰਗਰੂਰ ਜ਼ਿਲ੍ਹੇ ਦੀ ਬਰਨਾਲਾ ਤਹਿਸੀਲ ਵਿਚ ਧਨੌਲੇ ਦੇ ਨਜ਼ਦੀਕ ਇਕ ਪਿੰਡ ਹੈ।ਇਸ ਪਿੰਡ ਵਿਚ ਸ੍ਰੀ ਗੁਰੂ ਤਗ ਬਹਾਦਰ ਜੀ ਬਿਰਾਜੇ ਸਨ। "ਕਾਹੇ ਰੇ ਬਨ ਖੋਜਨ ਜਾਈ" ਸ਼ਬਦ ਉਨ੍ਹਾਂ ਇਥੋਂ ਦੀ ਹੀ ਸੰਗਤ ਨੂੰ ਸੰਬੋਧਨ ਕਰਕੇ ਉਚਾਰਿਆ ਸੀ। ਇਥੇ ਗੁਰੂ ਜੀ ਦੇ ਪਵਿੱਤਰ ਆਗਮਨ ਦੀ ਯਾਦ ਵਿਚ ਗੁਰਦੁਆਰਾ ਸੁਸ਼ੋਭਿਤ ਹੈ। ਗੁਰਦੁਆਰੇ ਨੂੰ ਰਿਆਸਤ ਨਾਭਾ ਨੇ ਦੋ ਹਲ ਦੀ ਜ਼ਮੀਨ ਮੁਆਫ਼ ਕੀਤੀ ਸੀ।

    ਇਸ ਪਿੰਡ ਵਿਚ ਧਿਆਨ ਸਿੰਘ ਨਾਮੀ ਇਕ ਕਰਨੀ ਵਾਲਾ ਸਿੱਖ ਹੋਇਆ ਹੈ ਜਿਸ ਨੇ "ਦਸਮ ਗ੍ਰੰਥ" ਵਿਚੋਂ ਚਰਿਤ੍ਰ ਕੱਢ ਕੇ ਸਰਬਲੋਹ ਦਰਜ ਕਰ ਦਿੱਤਾ ਸੀ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 19154, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-19-03-08-36, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.

ਕੱਟੂ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੱਟੂ, (ਸੰਸਕ੍ਰਿਤ : कर्तन) ਵਿਸ਼ੇਸ਼ਣ : ੧. ਕੱਟਣ ਵਾਲਾ, ਤੇਜ਼-ਤਿੱਖਾ; ੨. ਵੱਢ ਵੱਢ ਖਾਣ ਵਾਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7837, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-19-03-06-22, ਹਵਾਲੇ/ਟਿੱਪਣੀਆਂ:

ਕੱਟੂ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੱਟੂ, (ਸੰਸਕ੍ਰਿਤ : कटाह) \ ਪੁਲਿੰਗ : ੧. ਕੱਟਾ; ੨. ਕੱਟੇ ਦਾ ਲਘੁਤਾਵਾਚਕ. ਛੋਟਾ ਕੱਟਾ

–ਕੱਟੂ ਬੱਛੂ, ਪੁਲਿੰਗ : ਬਹੁ ਵਚਨ : ਗਊਆਂ ਮਹੀਆਂ ਦੇ ਬੱਚੇ, ਕੱਟੇ ਵੱਛੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7837, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-19-03-09-31, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.