ਖੁਡਾਲ ਅਕਬਰਵਾਲੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੁਡਾਲ ਅਕਬਰਵਾਲੀ. ਰਿਆਸਤ ਪਟਿਆਲਾ , ਨਜਾਮਤ ਬਰਨਾਲਾ, ਤਸੀਲ ਮਾਨਸਾ, ਥਾਣਾ ਬੋਹਾ ਵਿੱਚ ਇੱਕ ਪਿੰਡ ਹੈ. ਇਸ ਪਿੰਡ ਤੋਂ ਦੱਖਣ ਵੱਲ ਇੱਕ ਫਰਲਾਂਗ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ.

ਸਤਿਗੁਰੂ ਸਰਸੇ ਠਹਿਰੇ ਹੋਏ ਸਨ ਕਿ ਇੱਥੋਂ ਦੇ ਹਾਕਿਮ ਨਬੀਬਖ਼ਸ਼ ਦੀ ਲੜਕੀ ਨੇ ਇੱਕ ਸੁਨਿਆਰੇ ਸਿੱਖ ਨੂੰ, ਜਿਸ ਦਾ ਨਾਮ ਗੁਲਾਬ ਸਿੰਘ ਸੀ, ਭੋਰੇ ਵਿੱਚ ਬੰਦ ਕਰ ਰੱਖਿਆ ਸੀ. ਉਹ ਲੜਕੀ ਭਾਈ ਗੁਲਾਬ ਸਿੰਘ ਪੁਰ ਮੋਹਿਤ ਹੋਕੇ ਕੁਕਰਮ ਕਰਨ ਲਈ ਆਖਦੀ ਸੀ, ਪਰ ਉਹ ਸਿੱਖ ਗੁਰਸਿੱਖੀ ਨੂੰ ਕਲੰਕਿਤ ਨਹੀਂ ਕਰਨਾ ਚਾਹੁੰਦਾ ਸੀ.

ਅੰਤਰਜਾਮੀ ਸਤਿਗੁਰੂ ਨੇ ਸਰਸੇ ਤੋਂ ਪੰਜਾਂ ਸਿੰਘਾਂ ਸਮੇਤ ਇੱਥੇ ਆਕੇ ਉਸ ਸਿੱਖ ਨੂੰ ਭੋਰੇ ਵਿੱਚੋਂ ਕੱਢਿਆ ਅਤੇ ਨਬੀਬਖ਼ਸ਼ ਨੂੰ ਧਰਮ ਦਾ ਉਪਦੇਸ਼ ਕੀਤਾ. ਪਿੰਡ ਵਿੱਚ ਅਜੇ ਉਹ ਭੋਰਾ ਮੌਜੂਦ ਹੈ.

ਸਾਧਾਰਣ ਜੇਹਾ ਮੰਜੀ ਸਾਹਿਬ ਬਣਿਆ ਹੋਇਆ ਹੈ. ਪਾਸ ਰਹਾਇਸ਼ੀ ਮਕਾਨ ਹਨ. ਪਟਿਆਲੇ ਵੱਲੋਂ ੫੦ ਘੁਮਾਉ ਜ਼ਮੀਨ ਹੈ.

ਰੇਲਵੇ ਸਟੇਸ਼ਨ ਬਰੇਟਾ ਤੋਂ ਪੂਰਵ ਦੋ ਮੀਲ ਕੱਚਾ ਰਸਤਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1750, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖੁਡਾਲ ਅਕਬਰਵਾਲੀ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਖੁਡਾਲ (ਅਕਬਰਵਾਲੀ) : ਇਹ ਜ਼ਿਲ੍ਹਾ ਅਤੇ ਤਹਿਸੀਲ ਮਾਨਸਾ ਦਾ ਇਕ ਪਿੰਡ ਹੈ ਜਿਹੜਾ ਬਰੇਟਾ ਮੰਡੀ ਤੋਂ ਲਗਭਗ 4 ਕਿ. ਮੀ. ਦੇ ਫ਼ਾਸਲੇ ਤੇ ਪੈਂਦਾ ਹੈ। ਇਸ ਪਿੰਡ ਨੂੰ ਅਕਬਰਪੁਰ ਖੁਡਾਲ ਵੀ ਕਿਹਾ ਜਾਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪਿੰਡ ਵਿਚ ਸਰਸੇ ਤੋਂ ਆ ਕੇ ਚਰਨ ਪਾਏ ਸਨ। ਸਰਸੇ ਵਿਚ ਗੁਰੂ ਸਾਹਿਬ ਨੂੰ ਇਹ ਜਾਣਕਾਰੀ ਮਿਲੀ ਕਿ ਇਥੋਂ ਦੇ ਹਾਕਮ ਨਬੀ ਬਖਸ਼ ਨੇ ਇਸ ਪਿੰਡ ਦੇ ਇਕ ਸਿੱਖ ਗੁਲਾਬ ਸਿੰਘ ਨੂੰ ਭੋਰੇ ਵਿਚ ਇਸ ਲਈ ਕੈਦ ਕਰ ਰੱਖਿਆ ਸੀ ਕਿਉਂਕਿ ਉਸ ਦੀ ਲੜਕੀ ਇਸ ਨਾਲ ਕਿਸੇ ਕਾਰਨ ਨਾਰਾਜ਼ ਸੀ। ਗੁਰੂ ਸਾਹਿਬ ਨੇ ਇਥੇ ਪੰਜਾਂ ਸਿੰਘਾਂ ਸਮੇਤ ਚਰਨ ਪਾਏ ਅਤੇ ਗੁਲਾਬ ਸਿੰਘ ਨੂੰ  ਭੋਰੇ ਵਿਚੋਂ ਆਜ਼ਾਦ ਕਰਵਾਇਆ। ਪਿੰਡ ਵਿਚ ਭੋਰਾ ਹੁਣ ਵੀ ਮੌਜੂਦ ਹੈ। ਗੁਰੂ ਸਾਹਿਬ ਦੀ ਯਾਦ ਵਿਚ ਪਿੰਡ ਤੋਂ ਬਾਹਰਵਾਰ ਇਕ ਗੁਰਦੁਆਰਾ ਸੁਸ਼ੋਭਿਤ ਹੈ। ਇਸ ਪਿੰਡ ਵਿਚ ਇਕ ਪ੍ਰਾਇਮਰੀ ਸਕੂਲ ਸਥਾਪਤ ਹੈ ਅਤੇ ਇਸ ਪਿੰਡ ਦਾ ਕੁੱਲ ਰਕਬਾ 578 ਹੈਕਟੇਅਰ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1006, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-06-11-36-58, ਹਵਾਲੇ/ਟਿੱਪਣੀਆਂ: ਹ. ਪੁ. - ਮ. ਕੋ; ਤ. ਗਾ. ਗੁ.: ਡਿ. ਸੈਂ. ਹੈਂ. ਬੁ.- ਬਠਿੰਡਾ (1981)

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.