ਖੁੰਬ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੁੰਬ (ਨਾਂ,ਇ) ਲਘੂ ਅਕਾਰ ਦੇ ਸਫ਼ੈਦ ਆਂਡੇ ਵਰਗੀ ਅਤੇ ਛਤਰੀ ਦੀ ਸ਼ਕਲ ਜਿਹੀ ਕੂਲੇ ਵਜੂਦ ਦੀ ਬਰਸਾਤੀ ਬੂਟੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15877, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖੁੰਬ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੁੰਬ [ਨਾਂਇ] ਇੱਕ ਸਬਜ਼ੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15873, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖੁੰਬ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੁੰਬ. ਸੰ. क्षाराम्बु —ਰਾਂਬੁ. ਸੰਗ੍ਯਾ—ਖਾਰਾ ਪਾਣੀ. ਖਾਰ ਦਾ ਜਲ। ੨ ਧੋਬੀ ਦਾ ਉਹ ਬਰਤਨ , ਜਿਸ ਵਿੱਚ ਖਾਰ ਨਾਲ ਮਿਲਿਆ ਪਾਣੀ ਪਾਕੇ ਉੱਪਰ ਵਸਤ੍ਰ ਚਿਣਕੇ ਤੇਜ ਭਾਪ ਦਿੰਦਾ ਹੈ, ਜਿਸ ਤੋਂ ਮੈਲ ਅਲਗ ਹੋ ਜਾਂਦੀ ਹੈ. “ਭੈ ਵਿੱਚ ਖੁੰਬਿ ਚੜਾਈਐ.” (ਵਾਰ ਆਸਾ) ੩ ਸੰ. क्षुम्प —ਪ. ਬਰਖਾ ਰੁੱਤ ਵਿੱਚ ਜ਼ਮੀਨ ਤੋਂ ਪੈਦਾ ਹੋਈ ਇੱਕ ਉਦਭਿਜ ਵਸਤੁ, ਜੋ ਚਿੱਟੇ ਰੰਗ ਦੀ ਗੋਲ ਸਿਰ ਵਾਲੀ ਹੁੰਦੀ ਹੈ. ਇਸ ਦੀ ਤਰਕਾਰੀ ਬਣਦੀ ਹੈ. ਅਫਗਾਨਿਸਤਾਨ ਅਤੇ ਕਸ਼ਮੀਰ ਦੀ ਖੁੰਬ ਚਿਰ ਤੀਕ ਰਹਿ ਸਕਦੀ ਹੈ ਅਤੇ ਖਾਣ ਵਿੱਚ ਬਹੁਤ ਸੁਆਦ ਹੁੰਦੀ ਹੈ. L. Agaricus Campestris.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15807, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖੁੰਬ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ
ਖੁੰਬ : ਇਹ ਇਕ ਪ੍ਰਕਾਰ ਦੀ ਉੱਲੀ ਹੈ ਜਿਸ ਦਾ ਸਬੰਧ ਬੈਸੀਡੀਓਮਾਈਸਿਟੀਜ਼ ਸ਼੍ਰੇਣੀ ਦੇ ਐਂਗੈਰੀਕੇਲੀਜ਼ ਵਰਗ ਨਾਲ ਹੈ। ਇਹ ਨਾਂ ਕਿਸੇ ਹੀ ਉੱਲੀ ਦੀ ਫਰੂਟਿੰਗ ਬਾੱਡਿ (ਬੈਸੀਡੀਓਕਾਰਪ) ਲਈ ਵੀ ਵਰਤਿਆ ਜਾਂਦਾ ਹੈ ਜੋ ਆਮ ਤੌਰ ਤੇ ਛਤਰੀ ਦੀ ਸ਼ਕਲ ਵਰਗੀ ਹੁੰਦੀ ਹੈ।
ਇਕ ਬੈਸੀਡੀਓਸਪੋਰ ਪ੍ਰਾਇਮਰੀ ਮਾਈਸੀਲੀਅਮ ਪੈਦਾ ਕਰਦਾ ਹੈ ਜੋ ਫਿਲਾਮੈਂਟ ਦਾ ਬਣਿਆ ਹੁੰਦਾ ਹੈ।
ਜ਼ਮੀਨ ਹੇਠਲੀ ਸੈਕੰਡਰੀ ਮਾਈਸੀਲੀਅਮ, ਛੋਟੇ ਛੋਟੇ ਸੰਯੁਕਤ ਹਾਈਫੀ ਬਣਾਉਂਦਾ ਹੈ ਜਿਨ੍ਹਾਂ ਤੋਂ ਕੱਚੇ ਬੈਸੀਡੀਓਕਾਰਪ ਜਾਂ ਮਸ਼ਰੂਮ ਬਟਨ ਪੈਦਾ ਹੁੰਦੇ ਹਨ। ਇਹ ਬਟਨ ਪੱਕੇ ਹੋਏ ਬੈਸੀਡੀਓਕਾਰਪ ਬਣ ਜਾਂਦੇ ਹਨ। ਖੁੰਬ ਦੀ ਟੋਪੀ ਹੇਠ੍ਹਾਂ ਤੰਤੂਆਂ ਦੀਆਂ ਪਲੇਟਾਂ ਤੋਂ ਬੈਸੀਡੀਆ ਬਣਦੇ ਹਨ, ਜੋ ਬੈਸੀਡੀਓਸਪੋਰ ਪੈਦਾ ਕਰਦੇ ਹਨ।
ਕੁਝ ਖੁੰਬਾਂ ਦੇ ਬੈਸੀਡੀਓਕਾਰਪਾਂ ਨੂੰ ਖ਼ੁਰਾਕ ਵਜੋਂ ਵਰਤਿਆ ਜਾਂਦਾ ਹੈ ਜਦੋਂ ਕਿ ਇਨ੍ਹਾਂ ਵਿਚੋਂ ਕਈ ਜ਼ਹਿਰੀਲੇ ਵੀ ਹੁੰਦੇ ਹਨ।
ਖੁੰਬਾਂ ਦਾ ਇਕ ਪ੍ਰਸਿੱਧ ਆਰਡਰ ਅਗੈਰੀਕੇਲੀਜ਼ ਹੈ ਜਿਸ ਵਿਚੋਂ 4000 ਤੋਂ ਵੱਧ ਜਾਤੀਆਂ ਹਨ। ਇਨ੍ਹਾਂ ਨੂੰ ਗਿਲ ਫੰਜਾਈ ਜਾਂ ਅਗੈਰਿਕਸ ਵੀ ਕਿਹਾ ਜਾਂਦਾ ਹੈ। ਇਨ੍ਹਾਂ ਤੋਂ ਸਪੋਰ ਗਿਲਜ਼ ਜਾਂ ਗੁੱਦੇਦਾਰ ਬੈਸੀਡੀਓਕਾਰਪਸ ਦੀਆਂ ਹੇਠਲੀਆਂ ਪਲੇਟਾਂ ਤੇ ਲਗਦੇ ਹਨ।
ਐਗੈਰੀਕਸ ਪ੍ਰਜਾਤੀ ਵਿਚ 60 ਤੋਂ ਜ਼ਿਆਦਾ ਜਾਤੀਆਂ ਸ਼ਾਮਲ ਹਨ ਜਿਸ ਵਿਚ ਖਾਣਯੋਗ ਜਾਂ ਦਲਦਲੀ ਖੁੰਬ (Agaricus Campestris) ਅਤੇ ਇਕ ਹੋਰ ਜਾਤੀ ਬਾਈਸਪੋਸ ਜਿਸ ਦੀ ਕਾਸ਼ਤ ਕੀਤੀ ਜਾਂਦੀ ਹੈ (A. bisporus) ਵੀ ਸ਼ਾਮਲ ਹੈ।
ਕੋਲਿਬੀਆ ਹਰ ਜਗ੍ਹਾ ਮਿਲਣ ਵਾਲੀ ਪ੍ਰਜਾਤੀ ਵਿਚ 70 ਤੋਂ ਵੱਧ ਜਾਤੀਆਂ ਹਨ। ਇਸ ਵਿਚ ਖਾਣ ਵਾਲੀ ਜਾਤੀ ਕੋਲਿਬੀਆ ਡਰਾਇਫਿਲਾ (Collybia dryophila) ਗਰਮੀ ਅਤੇ ਪਤਝੜ ਦੀ ਰੁੱਤੇ ਜੰਗਲਾਂ ਵਿਚ ਪਾਈ ਜਾਂਦੀ ਹੈ। ਇਸ ਨਾਲ ਮਿਲਦੀ ਜੁਲਦੀ ਇਕ ਹੋਰ ਪ੍ਰਜਾਤੀ ਸਿਲੋਸਿਬ (Psilocybe) ਹੈ ਜਿਸ ਵਿਚ ਲਗਭਗ 40 ਜਾਤੀਆਂ ਸ਼ਾਮਲ ਹਨ। ਇਸ ਦੀਆਂ ਬਹੁਤ ਸਾਰੀਆਂ ਜਾਤੀਆਂ ਮਨੋਭਰਮ ਅਸਰ ਵਾਲੀਆਂ ਕਿਸਮਾਂ ਦੀਆਂ ਖੁੰਬਾਂ ਹਨ ਜੋ ਦਿਮਾਗ਼ੀ ਅਸਰਾਂ ਕਾਰਨ ਪ੍ਰਸਿੱਧ ਹਨ। ਇਨ੍ਹਾਂ ਵਿਚ ਕਿਰਿਆਸ਼ੀਲ ਅੰਸ਼ ਸਿਲੋਸਾਇਬੀਨ ਹੈ। ਇਸ ਦੇ ਮਨੋਭਰਮ ਅਸਰਾਂ ਕਾਰਨ ਮੈਕਸੀਕਨ ਇੰਡੀਅਨ ਲੋਕ ਇਸ ਨੂੰ ਖਾਂਦੇ ਹਨ।
ਮਾਈਸੀਨਾ ਇਕ ਵਿਸ਼ਵਵਿਆਪੀ ਪ੍ਰਜਾਤੀ ਹੈ ਜਿਸ ਦੀਆਂ 200 ਤੋਂ ਵੀ ਵੱਧ ਜਾਤੀਆਂ ਮਿਲਦੀਆਂ ਹਨ। ਇਹ ਗਲ ਸੜ ਰਹੀ ਲੱਕੜ ਦੇ ਉੱਪਰ ਛੋਟੀਆਂ ਛੋਟੀਆਂ ਖੁੰਬਾਂ ਪੈਦਾ ਕਰਦੀਆਂ ਹਨ। ਇਹ ਖੁੰਬਾਂ ਬਰਫ਼ ਪਿਘਲਣ ਬਾਅਦ ਬਹਾਰ ਰੁੱਤ ਵਿਚ ਪੈਦਾ ਹੁੰਦੀਆਂ ਹਨ ਅਤੇ ਇਹ ਖਾਣ ਯੋਗ ਨਹੀਂ ਹੁੰਦੀਆਂ। ਇਕ ਹੋਰ ਵਿਸ਼ਵਵਿਆਪੀ ਪ੍ਰਜਾਤੀ ਆਰਮੀਲੇਰੀਆ ਹੈ ਜਿਸ ਦੀਆਂ 40 ਦੇ ਕਰੀਬ ਜਾਤੀਆਂ ਹਨ। ਸ਼ਹਿਦ ਵਾਲੀ ਖੁੰਬ ਦੇ ਨਾਂ ਦੀ ਇਹ ਕਿਸਮ ਦਰਖ਼ਤਾਂ ਦੀਆਂ ਜੜ੍ਹਾਂ ਵਿਚ ਬੀਮਾਰੀ ਪੈਦਾ ਕਰ ਦਿੰਦੀ ਹੈ। ਖੁੰਬਾਂ ਦੀਆਂ ਹੋਰ ਪ੍ਰਸਿੱਧ ਪ੍ਰਜਾਤੀਆਂ ਦੇ ਨਾਂ ਇਸ ਪ੍ਰਕਾਰ ਹਨ, ਲੈਕਟੇਰੀਅਸ ਫੋਲੀਓਟਾ, ਟ੍ਰਿਕੋਲੋਮਾ, ਲੈਪਿਸਟਾ ਅਤੇ ਹਾਈਫਲੋਮਾ।
ਖੁੰਬਾਂ ਦੀ ਖੁਰਾਕੀ ਮਹੱਤਤਾ – ਇਸ ਵਿਚਲੀ ਪ੍ਰੋਟੀਨ ਭਾਵੇਂ ਮੀਟ, ਅੰਡੇ ਅਤੇ ਮੱਛੀ ਤੋਂ ਘੱਟ ਹੁੰਦੀ ਹੈ ਫਿਰ ਵੀ ਇਸ ਦੀ ਖ਼ੁਰਾਕ ਪੱਖੋਂ ਬਹੁਤ ਮਹੱਤਤਾ ਹੈ। ਸ਼ਾਕਾਹਾਰੀਆਂ ਵਾਸਤੇ ਇਹ ਇਕ ਚੰਗੀ ਪ੍ਰੋਟੀਨਯੁਕਤ ਖ਼ੁਰਾਕ ਹੈ। ਇਨ੍ਹਾਂ ਵਿਚਲਾ ਖਣਿਜੀ ਅੰਸ਼ ਸਬਜ਼ੀਆਂ ਤੋਂ ਲਗਭਗ ਦੋ ਗੁਣਾ ਹੁੰਦਾ ਹੈ ਅਤੇ ਇਨ੍ਹਾਂ ਵਿਚ ਵਿਟਾਮਿਨ ਬੀ ਅਤੇ ਡੀ ਲਾਭਵੰਦ ਐੱਨਜ਼ਾਈਮ ਅਤੇ ਐਮਾਈਨੋ ਐਸਿਡ ਵੀ ਕਾਫ਼ੀ ਜ਼ਿਆਦਾ ਹੁੰਦਾ ਹੈ।
ਭਾਰਤ ਵਿਚ ਖੁੰਬਾਂ ਦੀ ਕਾਸ਼ਤ – ਕੁਝ ਖਾਣਯੋਗ ਕਿਸਮਾਂ ਜਿਵੇਂ ਅਗੈਰੀਕਸ, ਵਾਲਵੇਰੀਐਲਾ, ਪਲੀਓਰੋਟਸ ਅਤੇ ਮਾਰਸ਼ੈਲਾ ਆਦਿ ਦੀ ਵਪਾਰਕ ਪੱਖੋਂ ਕਾਸ਼ਤ ਕੀਤੀ ਜਾਂਦੀ ਹੈ।
ਭਾਰਤ ਵਿਚ ਖੁੰਬਾਂ ਦੀ ਖੇਤੀ ਕਰਨ ਲਈ ਵਰਤਿਆ ਜਾਂਦਾ ਕੱਚਾ ਖ਼ੁਰਾਕੀ ਸਬਸਟਰੇਟ ਘੋਟੇ ਦੀ ਮਲ, ਤੂੜੀ, ਪਰਾਲੀ ਦੀ ਕੰਪੋਸਟ ਅਤੇ ਕੁਝ ਖਾਦਾਂ ਦਾ ਬਣਿਆ ਹੁੰਦਾ ਹੈ, ਜਿਸ ਵਿਚ ਸੁਪਰਫ਼ਾੱਸਫ਼ੇਟ, ਯੂਰੀਆ ਅਤੇ ਅਮੋਨੀਅਮ ਸਲਫ਼ੇਟ ਆਦਿ ਸ਼ਾਮਲ ਹੁੰਦੇ ਹਨ। ਚੰਗੀ ਫ਼ਸਲ ਲਈ ਖੁੰਬ ਸਪਾਨ ਸਬਸਟਰੇਟ ਵਿਚ ਕਾਫ਼ੀ ਮਾਤਰਾ ਵਿਚ ਮਿਲਾਉਣਾ ਹੁੰਦਾ ਹੈ। ਹਿਮਾਚਲ ਪ੍ਰਦੇਸ਼ ਵਿਚ ਸੋਲਨ ਵਿਖੇ ਖੁੰਬ ਸਪਾਨ ਵੱਡੀ ਮਾਤਰਾ ਵਿਚ ਤਿਆਰ ਕੀਤੇ ਜਾਂਦੇ ਹਨ।
ਖੁੰਬਾਂ ਦੀ ਅਗੈਰੀਕਸ ਕਿਸਮ ਠੰਢੇ ਪੌਣ ਪਾਣੀ (15°-18° ਸੈਂ.) ਵਿਚ ਚੰਗੀ ਉੱਗਦੀ ਹੈ। ਭਾਰਤ ਦੇ ਪੂਰਬੀ ਹਿੱਸੇ (ਅਸਾਮ, ਉੜੀਸਾ ਅਤੇ ਪੱਛਮੀ ਬੰਗਾਲ ਆਦਿ ਰਾਜਾਂ) ਵਿਚ ਵੋਲਵੇਰੀਅਲਾ ਅਤੇ ਟਾਈਉਰੌਟਸ ਕਿਸਮਾਂ ਦੀ ਕਾਸ਼ਤ ਚੰਗੀ ਤਰ੍ਹਾਂ ਕੀਤੀ ਜਾਂਦੀ ਹੈ। ਇਕ ਹੋਰ ਜਾਤੀ ਮਾਰਸ਼ੈਲਾ ਭਾਰਤ ਦੇ ਉੱਤਰੀ ਹਿੱਸਿਆਂ ਵਿਚ ਮਿਲਦੀ ਹੈ।
ਕਾਸ਼ਤ ਦੇ ਅਜੋਕੇ ਤਰੀਕੇ – ਸਾਰੀ ਦੁਨੀਆ ਤੇ ਖੁੰਬਾਂ ਦੀ ਕਾਸ਼ਤ ਕਰਨ ਦੇ ਤਰੀਕਿਆਂ ਵਿਚ ਘੋੜਿਆਂ ਦੇ ਮਲ ਦੀ ਖਾਦ ਜਾਂ ਬਣਾਵਟੀ ਸਬਸਟਰੇਟਾ ਵਿਚ ਅਨਾਜ ਦੀਆਂ ਸਾਰੀਆਂ ਫ਼ਸਲਾਂ ਦੇ ਰੋਗ, ਲੱਕੜੀ ਦਾ ਬੂਰਾ ਜਾਂ ਹੋਰ ਸੈਲੂਲੋਜ਼ ਵਾਲੇ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਸਾਰੇ ਤਰੀਕਿਆਂ ਵਿਚ ਪਦਾਰਥ ਨੂੰ ਖੁੰਬ ਉਗਾਉਣ ਲਈ ਇਕ ਖ਼ੁਰਾਕੀ ਕੰਪੋਸਟ ਤਿਆਰ ਕਰਨ ਤੋਂ ਪਹਿਲਾਂ ਬਾਇਆਲਾੱਜੀਕਲ ਕੰਪੋਸਟਿੰਗ ਵਿਚ ਕੱਢਿਆ ਜਾਂਦਾ ਹੈ।
ਕੰਪੋਸਟ ਬਣਾਉਣ ਦੀ ਵਿਧੀ ਇਕ ਮਾਈਕ੍ਰੋਬਾਇਆਲਾੱਜੀਕਲ ਵਿਧੀ ਹੈ ਜਿਸ ਵਿਚ ਕਾਰਬਨੀ ਕੱਚੇ-ਪਦਾਰਥ ਨੂੰ ਲਗਾਤਾਰ ਐਕਟੀਨੋਮਾਈਸੀਟਜ਼ ਤਾਪ ਸਹਿਣਯੋਗ ਛੋਟੀਆਂ ਖੁੰਬਾਂ, ਉੱਲੀਆਂ ਅਤੇ ਸੈਲੂਲੋਜ਼ ਨੂੰ ਪਚਾ ਸਕਣ ਵਾਲੇ ਬੈਕਟੀਰੀਆ ਦੁਆਰਾ ਤੋੜਿਆ ਜਾਂਦਾ ਹੈ। ਖੁੰਬਾਂ ਦੇ ਰੋਗਜਣਕ ਆਰਗੈਨਿਜ਼ਮਾਂ (ਕੀੜੇ, ਮਕੌੜੇ, ਨੈਮਾਟੋਡ, ਬੈਕਟੀਰੀਆ ਅਤੇ ਉੱਲੀਆਂ) ਦਾ ਘਟਣਾ ਜਾਂ ਬਿਲਕੁਲ ਖ਼ਤਮ ਹੋ ਜਾਣਾ ਵੀ ਇਸੇ ਵਕਤ ਹੀ ਵਾਪਰਦਾ ਹੈ। ਇਸ ਵਿਧੀ ਲਈ ਇਕ ਤੋਂ ਤਿੰਨ ਹਫ਼ਤੇ ਲੱਗ ਜਾਂਦੇ ਹਨ।
ਸੰਨ 1960 ਵਿਚ ਪੂਰਬੀ ਜਰਮਨੀ ਦੀ ਮੈਕਸ ਪਲੈਂਕ ਸੰਸਥਾ ਦੇ ਉਹੋਟਿਲ ਨੇ ਬਹੁਤ ਕੋਸ਼ਿਸ਼ਾਂ ਤੋਂ ਬਾਅਦ ਖੁੰਬਾਂ ਦੀ ਕਾਸ਼ਤ ਦਾ ਇਕ ਤਰੀਕਾ ਖੋਜਿਆ ਜਿਸ ਵਿਚ ਕੰਪੋਸਟਿੰਗ ਵਿਧੀ ਤੋਂ ਬਗ਼ੈਰ ਵੱਖ ਵੱਖ ਕਾਰਬਨੀ ਪਦਾਰਥਾਂ ਦਾ ਮਿਸ਼ਰਨ ਹੁੰਦਾ ਹੈ। ਇਸ ਢੰਗ ਨਾਲ ਖੁੰਬਾਂ ਦੀ ਪੈਦਾਵਾਰ ਜ਼ਿਆਦਾ ਹੋ ਜਾਂਦੀ ਹੈ ਕੀੜੇ ਮਕੌੜਿਆਂ ਅਤੇ ਬੀਮਾਰੀਆਂ ਤੋਂ ਰਹਿਤ ਫ਼ਸਲ ਪੈਦਾ ਹੁੰਦੀ ਹੈ।
ਸੰਨ 1967 ਵਿਚ ਮੈਕਸ ਪਲੈਂਕ ਸੰਸਥਾ ਦੇ ਹੀ ਇਕ ਵਿਗਿਆਨੀ ਵਾਨ ਸੈਂਗਬੁਸ਼ ਨੇ ਕਾਸ਼ਤ ਦਾ ਇਕ ਨਵਾਂ ਤਰੀਕਾ ਵਿਕਸਿਤ ਕੀਤਾ।
ਖ਼ਮੀਰਨ ਕਿਰਿਆ ਨੂੰ ਸ਼ੁਰੂ ਕਰਨ ਲਈ ਲੋੜੀਂਦੇ ਮਈਕ੍ਰੋਅਰਗੈਨਿਜ਼ਮ ਪਾਸਚਰੀਕ੍ਰਿਤ ਘੋੜੇ ਦੀ ਮਲ ਦੀ ਖਾਦ, ਕੰਪੋਸਟ ਜਾਂ ਕੁਦਰਤੀ ਮਾਈਕ੍ਰੋਫਲੋਰਾ ਤੋਂ ਪ੍ਰਾਪਤ ਹੁੰਦੇ ਹਨ। ਇਕ ਵਾਰੀ ਪੂਰ ਖ਼ਮੀਰਿਆ ਸਬਸਟਰੇਟ ਅਗਲੀਆਂ ਪਰਤਾਂ ਲਈ ਵੀ ਵਰਤਿਆ ਜਾ ਸਕਦਾ ਹੈ ਅਤੇ ਸਬਸਟਰੇਟ ਬਣਾਉਣ ਲਈ ਕਿਸੇ ਰੁੱਤ ਜਾਂ ਮੌਸਮ ਤੇ ਨਿਰਭਰ ਨਹੀਂ ਹੋਣਾ ਪੈਂਦਾ।
ਅਮਰੀਕਾ ਦੀਆਂ ਮੰਡੀਆਂ ਵਿਚ ਬਹੁਤ ਸਾਰੀਆਂ ਖੁੰਬਾਂ ਕਾਸ਼ਤ ਕੀਤੀਆਂ ਹੋਈਆਂ ਹੀ ਮਿਲਦੀਆਂ ਹਨ। ਅਗੈਰੀਕਸ ਬਾਇਸਪੋਰਸ (Agaricus biosporus) ਦੇ ਬੈਸੀਡੀਓਸਪੋਰ ਜਰਮ-ਰਹਿਤ ਦਾਣਿਆਂ ਤੇ ਉੱਗਣ ਦਿੱਤੇ ਜਾਂਦੇ ਹਨ ਅਤੇ ਇਨ੍ਹਾਂ ਨੂੰ ਕੰਪੋਸਟ ਟੀਕਾ ਲਾਉਣ ਲਈ ਵਰਤਿਆ ਜਾਂਦਾ ਹੈ। ਇਹ ਕੰਪੋਸਟ ਘੋੜਿਆਂ ਦਾ ਮਲ-ਮੂਤਰ, ਪਰਾਲੀ ਜਾਂ ਫਲੀਦਾਰ ਪੌਦਿਆਂ ਦੇ ਕੱਟੇ ਹੋਏ ਅਤੇ ਗਿੱਲੇ ਕਰਕੇ ਉਲਟਾਏ ਹੋਏ ਹਿੱਸੇ ਹੁੰਦੇ ਹਨ। ਜਦ ਮਾਈਸੀਲੀਅਮ ਤਿੰਨ ਹਫ਼ਤਿਆਂ ਦਾ ਪੈਦਾ ਹੋ ਚੁੱਕਾ ਹੋਵੇ ਤਾਂ ਮਿੱਟੀ ਦੀ ਤਹਿ ਨਾਲ ਢਕ ਦਿੱਤੇ ਜਾਂਦੇ ਹਨ। ਇਸ ਤੋਂ ਇਕ ਮਹੀਨਾ ਬਾਅਦ ਪਹਿਲੀਆਂ ਖੁੰਬਾਂ ਪ੍ਰਗਟ ਹੁੰਦੀਆਂ ਹਨ।
ਹ. ਪੁ.– ਮੈਕ. ਐਨ. ਸ. ਟ. 8 : 660; ਐਨ. ਬ੍ਰਿ. 15 : 1033; ਸਾ. ਰਿ. ਨਵੰਬਰ, 1978 : 741
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 12373, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-03, ਹਵਾਲੇ/ਟਿੱਪਣੀਆਂ: no
ਖੁੰਬ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੁੰਬ, (ਅਰਬੀ : ਕਸਮਾਤੀ, ) \ ਇਸਤਰੀ ਲਿੰਗ : ਬਰਖਾ ਰੁੱਤ ਵਿੱਚ ਮੀਂਹ ਹਟਣ ਪਿੱਛੋਂ ਆਪੇ ਹੀ ਧਰਤੀਂ ਵਿੱਚੋਂ ਉਗ ਆਉਣ ਵਾਲੀ ਇੱਕ ਸਬਜ਼ੀ ਜਿਸ ਦਾ ਰੰਗ ਚਿੱਟਾ ਤੇ ਸਿਰ ਮੋਟਾ ਗੋਲ ਹੁੰਦਾ ਹੈ
–ਖੁੰਬ ਵਾਂਙੂ ਉਠ ਖੜੋਣਾ, ਮੁਹਾਵਰਾ : ਝੱਟ ਪੱਟ ਪੈਦਾ ਹੋ ਜਾਣਾ, ਇੱਕ ਦਮ ਥਾਂ ਥਾਂ ਪਰਗਟ ਹੋ ਜਾਣਾ
–ਖੁੰਬ ਵਾਂਙੂ ਸਿਰ(ਆ) ਕੱਢਣਾ, ਮੁਹਾਵਰਾ : ਅੱਚਣਚੇਤ ਜ਼ਾਹਿਰ ਹੋਣਾ, ਅਚਾਨਕ ਜਾਗ ਉੱਠਣਾ, ਜਾਂ ਉਠ ਖੜੋਣਾ, ਅੱਚਣਚੇਤ ਦੂਰੋਂ ਨਜ਼ਰ ਆਉਣਾ
–ਖੁੰਬ ਵਾਂਙੂ ਸਿਰ ਚੁੱਕਣਾ, ਮੁਹਾਵਰਾ : ਅਚਾਨਕ ਪੈਦਾ ਹੋ ਜਾਣਾ ਅੱਭੜ ਵਾਹੇ ਉਠ ਬਹਿਣਾ
–ਸਾਉਣ ਦੀ ਖੁੰਬ, ਇਸਤਰੀ ਲਿੰਗ : ਜੋ ਚੀਜ਼ ਅਚਾਨਕ ਪੈਦਾ ਹੋਈ ਹੋਵੇ ਤੇ ਜਿਸ ਦਾ ਵਜੂਦ ਚਿਰਸਥਾਈ ਨਾ ਹੋਵੇ, ਆਰਜ਼ੀ ਚੀਜ਼
–ਸਾਉਣ ਦੀਆਂ ਖੁੰਬਾਂ ਵਾਂਙੂ ਉਗ ਪੈਣਾ, ਮੁਹਾਵਰਾ : ਖੁੰਬ ਵਾਂਙੂ ਉੁਠ ਖੜੋਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1334, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-31-02-39-33, ਹਵਾਲੇ/ਟਿੱਪਣੀਆਂ:
ਖੁੰਬ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੁੰਬ, (ਫ਼ਾਰਸੀ : ਖ਼ੁਮ =ਵੱਡਾ ਮਟਕਾ) \ ਇਸਤਰੀ ਲਿੰਗ : ਧੋਬੀ ਦੀ ਭੱਠੀ, ਧੋਬੀ ਦਾ ਇੱਕ ਬਰਤਨ ਜਿਸ ਵਿੱਚ ਉਹ ਖਾਰ ਮਿਲਿਆ ਪਾਣੀ ਪਾ ਕੇ ਉੱਪਰ ਮੈਲੇ ਕਪੜੇ ਚਿਣ ਕੇ ਉਨ੍ਹਾਂ ਨੂੰ ਤੇਜ਼ ਭਾਫ਼ ਦਿੰਦਾ ਹੈ ਇਸ ਨਾਲ ਮੈਲ ਉੱਗਲ ਆਉਂਦੀ ਹੈ (ਲਾਗੂ ਕਿਰਿਆ : ਚੜ੍ਹਨਾ, ਚੜ੍ਹਾਉਣਾ)
–ਖੁੰਬ ਕਰਨਾ, ਮੁਹਾਵਰਾ : ਚਿੱਟਾ ਕਰਨਾ, ਸਾਫ਼ ਕਰਨਾ, ਨਿਖਾਰਨਾ
–ਖੁੰਬ ਚੜ੍ਹਨਾ, ਮੁਹਾਵਰਾ : ੧. ਸਾਫ਼ ਹੋਣਾ, ਨਿਖਰਨਾ ; ੨. ਬਹੁਤ ਮਾਰ ਖਾਣਾ, ਮਾਰਿਆ ਕੁੱਟਿਆ ਜਾਣਾ
–ਖੁੰਬ ਚੜ੍ਹਾਉਣਾ, ਮੁਹਾਵਰਾ : ਨਿਖਾਰਨਾ, ਸਾਫ਼ ਕਰਨਾ, ਚਿੱਟਾ ਦੁੱਧ ਕਰਨਾ
–ਖੁੰਬ ਚਾੜ੍ਹਣਾ, ਮੁਹਾਵਰਾ : ਖੁੰਬ ਠੱਪਣਾ
–ਖੁੰਬ ਠੱਪਣਾ, ਮੁਹਾਵਰਾ : ਤਾਉਣੀ ਦਾੜ੍ਹਣਾ, ਮਾਰ ਕੁਟਾਈ ਕਰਨਾ, ਭੁਗਤ ਸਵਾਰਨਾ
–ਖੁੰਬੇ ਚੜ੍ਹਨਾ, ਮੁਹਾਵਰਾ : ਬਹੁਤ ਮਾਰ ਖਾਣਾ, ਮਾਰਿਆ ਕੁੱਟਿਆ ਜਾਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1334, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-31-02-40-07, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First