ਖੱਤਰੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੱਤਰੀ [ਨਾਂਪੁ] ਚਾਰ ਵਰਨਾਂ ਵਿੱਚੋਂ ਇੱਕ ਵਰਨ ਜਿਸ ਦਾ ਧਰਮ ਜੰਗ ਕਰਨਾ ਸੀ; ਇਸ ਜਾਤੀ ਨਾਲ਼ ਸੰਬੰਧਿਤ ਵਿਅਕਤੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16105, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖੱਤਰੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੱਤਰੀ. ਦੇਖੋ, ਖਤ੍ਰੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16112, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖੱਤਰੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਖੱਤਰੀ : ਭਾਰਤ ਵਿਚ ਹਿੰਦੂਆਂ ਨੂੰ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਚਾਰ ਵਰਣਾਂ ਵਿਚ ਵੰਡਿਆ ਗਿਆ ਹੈ। ਖੱਤਰੀ ਇਨ੍ਹਾਂ ਵਿਚੋਂ ਦੂਜਾ ਵਰਣ ਹੈ। ਖੱਤਰੀਆਂ ਨੂੰ ਆਰੀਆ ਮੂਲ ਵਿਚੋਂ ਮੰਨਿਆ ਜਾਂਦਾ ਹੈ। ਇਹ ਲੋਕ ਤਿੱਬਤ ਅਤੇ ਕਸ਼ਮੀਰ ਦੇ ਰਸਤੇ ਹੁੰਦੇ ਹੋਏ ਭਾਰਤ ਪਹੁੰਚੇ ਅਤੇ ਸਾਰੇ ਉੱਤਰੀ ਭਾਰਤ ਵਿਚ ਫੈਲ ਗਏ। ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਇਹ ਲੋਕ ਕਾਬਲ, ਕੰਧਾਰ, ਤੁਰਕਿਸਤਾਨ ਅਤੇ ਈਰਾਨ ਤੱਕ ਪਹੁੰਚ ਗਏ ਸਨ। ਪਿਛੋਂ ਇਹ ਲੋਕ ਮੌਜੂਦਾ ਭਾਰਤ ਦੇ ਪੰਜਾਬ ਰਾਜ, ਦਿੱਲੀ ਅਤੇ ਨਾਲ ਲਗਦੇ ਉੱਤਰ-ਪ੍ਰਦੇਸ਼ ਦੇ ਇਲਾਕੇ ਵਿਚ ਆ ਵਸੇ। ਇਸ ਤੋਂ ਇਲਾਵਾ ਇਨ੍ਹਾਂ ਵਿਚੋਂ ਕੁਝ ਵਪਾਰੀ ਲੋਕ ਬੰਬਈ, ਅਹਿਮਦਾਬਾਦ, ਉੱਤਰ-ਪ੍ਰਦੇਸ਼, ਆਸਾਮ ਅਤੇ ਰਾਜਸਥਾਨ ਵਿਚ ਆਬਾਦ ਹੋ ਗਏ।

          ਖੱਤਰੀਆਂ ਦੀ ਬਹੁ ਗਿਣਤੀ ਹਿੰਦੂ ਹੈ ਪਰ ਇਨ੍ਹਾਂ ਵਿਚ ਕਾਫ਼ੀ ਲੋਕਾਂ ਨੇ ਸਿੱਖ ਧਰਮ ਆਪਣਾ ਲਿਆ ਹੈ। ਇਹ ਇਕ ਬਹਾਦਰ ਜਾਤੀ ਹੈ। ਕਹਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਮੰਗ ਨੂੰ ਫੁੱਲ ਚੜ੍ਹਾਉਂਦੇ ਹੋਏ ਸਭ ਤੋਂ ਪਹਿਲਾਂ ਸਿੰਘ ਸੱਜਣ ਵਾਲਾ ਲਾਹੌਰ ਨਿਵਾਸੀ ਦਯਾ ਰਾਮ ਖੱਤਰੀ ਹੀ ਸੀ।

          ਖੱਤਰੀਆਂ ਵਿਚ ਇਸਤਰੀ ਨੂੰ ‘ਖਤਰਾਣੀ’ ਮੁੰਡੇ ਨੂੰ ‘ਖਤਰੇਟਾ’ ਅਤੇ ਲੜਕੀ ਨੂੰ ‘ਖਤਰੇਟੀ’ ਕਿਹਾ ਜਾਂਦਾ ਹੈ। ਕਿਸੇ ਸਮੇਂ ਬ੍ਰਾਹਮਣਾਂ ਅਤੇ ਖੱਤਰੀਆਂ ਵਿਚਕਾਰ ਆਪਸ ਵਿਚ ਵਿਆਹ ਰਿਸ਼ਤੇ ਕੀਤੇ ਜਾਂਦੇ ਸਨ ਅਤੇ ਦੋਵੇਂ ਇਕ ਦੂਜੇ ਦਾ ਪਕਾਇਆ ਭੋਜਨ ਖਾ ਲੈਂਦੇ ਸਨ।

          ਵਿਸ਼ਨੂੰ ਪੁਰਾਣ ਅਨੁਸਾਰ ਖੱਤਰੀਆਂ ਦਾ ਸਬੰਧ ਸੂਰਜ, ਚੰਦਰ ਅਤੇ ਅਗਨੀ ਕੁਲਾਂ ਨਾਲ ਜੁੜਦਾ ਹੈ। ਪੰਜਾਬ ਵਿਚ ਖੱਤਰੀ ਦੂਜੀਆਂ ਵਪਾਰੀ ਜਾਤੀਆਂ ਨਾਲੋਂ ਬਿਲਕੁਲ ਵੱਖਰੇ ਹਨ। ਖੱਤਰੀ ਭਾਵੇਂ ਇਕ ਵਪਾਰੀ ਜਾਤੀ ਹੈ ਪਰ ਰਾਜ ਪ੍ਰਬੰਧ ਵਿਚ ਵੀ ਇਹ ਲੋਕ ਆਪਣੀ ਛਾਪ ਲਾਉਂਦੇ ਰਹੇ ਹਨ। ਮੁਲਤਾਨ ਦਾ ਗਵਰਨਰ ਦੀਵਾਨ ਸਾਵਣ ਮੱਲ ਤੇ ਮਹਾਰਾਜਾ ਅਕਬਰ ਦਾ ਪ੍ਰਸਿੱਧੀ ਮੰਤਰੀ ਟੋਡਰ ਮੱਲ ਖੱਤਰੀ ਹੀ ਸਨ।

          ਖੱਤਰੀਆਂ ਨੂੰ ਅਗੇ ਤਿੰਨ ਗਰੁੱਪਾਂ ਵਿਚ ਵੰਡਿਆ ਗਿਆ ਹੈ ਭਾਵੇਂ ਇਹ ਵੰਡ ਅੱਜਕਲ੍ਹ ਇੰਨੀ ਪ੍ਰਮਾਣਤ ਨਹੀਂ ਮੰਨੀ ਜਾਂਦੀ ।

          (ੳ) ਬਾਰ੍ਹੀ (ਅ) ਬੁੰਜਾਹੀ (ੲ) ਸਰੀਨ

          (ੳ) ਬਾਰ੍ਹੀ – ਇਸ ਗਰੁੱਪ ਵਿਚ ਨਿਮਨ ਬਾਰਾਂ ਗੋਤਾਂ ਮੰਨੀਆਂ ਜਾਂਦੀਆਂ ਸਨ। ਸ਼ਾਇਦ ਇਸੇ ਕਰਕੇ ਹੀ ਇਸ ਗਰੁੱਪ ਦਾ ਨਾਂ ‘ਬਾਰ੍ਹੀ’ ਪਿਆ ਹੈ :-

          1. ਕਪੂਰ 2. ਖੰਨਾ 3. ਮਲਹੋਤਰਾ ਜਾਂ ਮਹਿਰਾ 4. ਕੱਕੜ ਜਾਂ ਸੇਠ 5. ਚੋਪੜਾ 6. ਤਲਵਾੜ 7. ਸਹਿਗਲ 8. ਧਵਨ 9. ਵਧਾਵਨ 10. ਤਨਨ 11. ਵੋਹਰਾ ਜਾਂ ਬੋਹਰਾ 12. ਮਹਿੰਦਰੂ

          ਪਿੰਡੀ ਘੇਬ (ਪਾਕਿਸਤਾਨ) ਦੇ ਇਲਾਕੇ ਵਿਚ ਕਿਸੇ ਸਮੇਂ ਵਧਾਵਨ ਅਤੇ ਮਹਿੰਦਰੂ ਨੂੰ ਬਾਰ੍ਹੀਆਂ ਵਿਚ ਨਹੀਂ ਮੰਨਿਆ ਜਾਂਦਾ ਸੀ। ਇਨ੍ਹਾਂ ਦੀਆਂ ਚਾਰ ਜਾਤਾਂ ਗੰਢੋਕ, ਵਾਹੀ, ਬਾਹੀ ਅਤੇ ਸੋਨੀ ਨੂੰ ਬਾਰ੍ਹੀਆਂ ਵਿਚ ਮੰਨਿਆ ਜਾਂਦਾ ਸੀ। ਇਸ ਤਰ੍ਹਾਂ ਉਥੇ ਬਾਰ੍ਹੀਆਂ ਵਿਚ 14 ਜਾਤਾਂ ਮੰਨੀਆਂ ਜਾਂਦੀਆਂ ਹਨ।

          (ਅ) ਬੁੰਜਾਹੀ –– ਬੁੰਜਾਹੀ ਗਰੁੱਪ ਨੂੰ ਅੱਗੇ ਚਾਰ ਉਪ-ਗਰੁੱਪਾਂ ਖੁਖਰੈਨ, ਬੁੰਜਾਹੀ, ਖ਼ਾਸ, ਬੁੰਜਾਹੀ ਵੱਡੇ ਅਤੇ ਬੁੰਜਾਹੀ ਛੋਟੇ ਵਿਚ ਵੰਡਿਆ ਗਿਆ ਹੈ।

          1. ਖੁਖਰੈਨ – ਇਸ ਗਰੁੱਪ ਵਿਚ ਅੱਠ ਜਾਤਾਂ ਮੰਨੀਆਂ ਗਈਆਂ ਹਨ :

                             1. ਆਨੰਦ 2. ਭਸੀਨ 3. ਚੱਢਾ 4. ਸਾਹਨੀ 5. ਸੂਰੀ 6. ਸੇਠੀ 7 ਕੋਹਲੀ 8 ਸੱਭਰਵਾਲ

          2. ਬੁੰਜਾਹੀ ਖ਼ਾਸ – ਇਸ ਗੁਰੱਪ ਵਿਚ 12 ਜਾਤਾਂ ਮੰਨੀਆਂ ਗਈਆਂ ਹਨ।

          3. ਬੁੰਜਾਹੀ ਵੱਡੇ – ਇਸ ਗਰੁੱਪ ਵਿਚ 40 ਜਾਤਾਂ ਮੰਨੀਆਂ ਗਈਆਂ ਹਨ।

          4. ਬੁੰਜਾਹੀ ਛੋਟੇ – ਇਸ ਗਰੁੱਪ ਵਿਚ 100 ਜਾਤਾਂ ਮੰਨੀਆਂ ਗਈਆਂ ਹਨ।

          (ੲ) ਸਰੀਨ – ਇਸ ਗਰੁੱਪ ਨੂੰ ਅਗੇ ਦੋ ਉਪ-ਗਰੁੱਪਾਂ ਵੱਡੇ ਸਰੀਨ, ਛੋਟੇ ਸਰੀਨ ਵਿਚ ਵੰਡਿਆ ਗਿਆ ਹੈ। ਇਨ੍ਹਾਂ ਵਿਚ ਲਗਭਗ 120 ਜਾਤਾਂ ਸ਼ਾਮਲ ਮੰਨੀਆਂ ਜਾਂਦੀਆਂ ਹਨ। ਸਰੀਨਾਂ ਦੀਆਂ ਨਿਮਨ ਚਾਰ ਜਾਤੀਆਂ ਪਵਿੱਤਰ ਜਾਤਾਂ ਮੰਨੀਆਂ ਜਾਂਦੀਆਂ ਹਨ ਜੋ ਕਿ ਗੁਰੂਆਂ ਨਾਲ ਸਬੰਧਤ ਹਨ।

          ਬੇਦੀ – ਗੁਰੂ ਨਾਨਕ ਦੇਵ ਜੀ                 ਛੋਟੇ ਸਰੀਨ

          ਸੋਢੀ – ਗੁਰੂ ਰਾਮ ਦਾਸ ਜੀ                  ਛੋਟੇ ਸਰੀਨ

          ਤ੍ਰੇਹਣ – ਗੁਰੂ ਅੰਗਦ ਦੇਵ ਜੀ                ਵੱਡੇ ਸਰੀਨ

          ਭੱਲੇ – ਗੁਰੂ ਅਮਰ ਦਾਸ ਜੀ                  ਵੱਡੇ ਸਰੀਨ

          ਖੱਤਰੀ ਮੁਕਾਬਲੇ ਦੀਆਂ ਅਰੋੜਾਂ ਅਤੇ ਭਾਟੀਆ ਜਾਤੀਆਂ ਨਾਲੋਂ ਉੱਚੇ ਮੰਨੇ ਜਾਂਦੇ ਹਨ। ਪਹਿਲਾਂ ਖੱਤਰੀ ਆਪਣੇ ਨਾਲੋਂ ਨੀਵੀਆਂ ਜਾਤੀਆਂ ਵਿਚ ਵਿਆਹ ਨਹੀਂ ਕਰਦੇ ਸਨ ਪਰ ਹੁਣ ਇਹ ਗੱਲ ਨਹੀਂ ਹੈ।

          ਹ. ਪੁ.– ਪੰ. ਕਾ. : 247; ਮ. ਕੋ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 12730, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-03, ਹਵਾਲੇ/ਟਿੱਪਣੀਆਂ: no

ਖੱਤਰੀ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਖੱਤਰੀ  : ਖੱਤਰੀ ਸ਼ਬਦ ਸੰਸਕ੍ਰਿਤ ਦੇ ਸ਼ਬਦ ‘ਕਸ਼ੱਤਰੀ’ ਤੋਂ ਬਣਿਆ ਹੈ। ਭਾਸ਼ਾ ਦੇ ਪੱਖ ਤੋਂ ‘ਕਸ਼ੱਤਰੀ’ ਸ਼ਬਦ ਦਾ ਸਬੰਧ ‘ਕਸ਼ੇਤਰ’ ਨਾਲ ਹੈ ਜਿਸ ਨੂੰ ਪੰਜਾਬੀ ਵਿਚ ‘ਖੇਤਰ’ ਕਹਿ ਦਿੱਤਾ ਜਾਂਦਾ ਹੈ।

‘ਖੱਤਰੀ’ ਸ਼ਬਦ ਦਾ ਜ਼ਿਕਰ ਵਿਸ਼ਨੂੰ ਪੁਰਾਣ ਵਿਚ ਮਿਲਦਾ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਪੰਜਾਬ ਵਿਚ ਬਹੁ-ਚਰਚਿਤ ਰਾਜਾ ਭਰਤ ਦੇ ਨੌਂ ਪੁੱਤਰ ਸਨ ਤੇ ਰਾਜਾ ਭਰਤ ਦੀ ਸੁਪਤਨੀ ਨੇ ਉਨ੍ਹਾਂ ਸਾਰਿਆਂ ਨੂੰ ਇਸ ਖਿਆਲ ਨਾਲ ਮਰਵਾ ਦਿੱਤਾ ਕਿ ਉਨ੍ਹਾਂ ਦੀ ਸ਼ਕਲ ਰਾਜਾ ਭਰਤ ਨਾਲ ਨਹੀਂ ਮਿਲਦੀ ਸੀ। ਉਸ ਨੂੰ ਇਹ ਸ਼ੱਕ ਸੀ ਕਿ ਰਾਜਾ ਭਰਤ ਇਸ ਕਾਰਨ ਉਨ੍ਹਾਂ ਨੂੰ ਆਪਣੇ ਪੁੱਤਰ ਨਹੀਂ ਮੰਨੇਗਾ। ਰਾਜਾ ਭਰਤ ਦੇ ਹੁਣ ਕੋਈ ਔਲਾਦ ਨਹੀਂ ਸੀ, ਇਸ ਲਈ ਉਸ ਨੇ ਮਾਰੂਤਾਂ ਨੂੰ ਬਲੀ ਦਿੱਤੀ ਅਤੇ ਉਨ੍ਹਾਂ ਨੇ ਉਸ ਨੂੰ ਬ੍ਰਹਸਪਤੀ ਦਾ ਪੁੱਤਰ ਭਾਰਦਵਾਜ ਦੇ ਦਿੱਤਾ। ਭਾਰਦਵਾਜ ਦੇ ਚਾਰ ਪੋਤਰੇ ਸਨ ਜਿਨ੍ਹਾਂ ਵਿਚੋਂ ਦੋ ਬ੍ਰਾਹਮਣ ਬਣ ਗਏ ਅਤੇ ਦੋ ਖੱਤਰੀ ਰਹੇ, ਭਾਵੇਂ ਉਨ੍ਹਾਂ ਦਾ ਗੋਤ ਭਾਰਦਵਾਜ ਹੀ ਰਿਹਾ।

ਅੰਗੀਰਸ ਗੋਤ ਦੇ ਖੱਤਰੀ ਅਗਨੀ, ਹਵਿਸ਼ਮਤ ਜਾਂ ਹਵਿਰਭੁੱਜ ਦੀ ਨਸਲ ਵਿਚੋਂ ਹਨ। ਦੂਜੇ ਪਾਸੇ ਇਹ ਵਿਚਾਰ ਵੀ ਪ੍ਰਚੱਲਿਤ ਹੈ ਕਿ ਹਵਿਸ਼ਮਤ ਜਾਂ ਹਵਿਭੁੱਜ ਅੰਗੀਰਸ ਦੀ ਨਸਲ ਵਿਚੋਂ ਸਨ ਅਤੇ ਇਨ੍ਹਾਂ ਵਿਚੋਂ ਹੀ ਕਸ਼ੱਤਰੀਆਂ ਜਾਂ ਖੱਤਰੀਆਂ ਦਾ ਜਨਮ ਹੋਇਆ।

ਖੱਤਰੀਆਂ ਵਿਚੋਂ ਕਈ ਚੰਦਰਬੰਸੀ ਹਨ ਅਤੇ ਕਈ ਸੂਰਜਬੰਸੀ । ਕੌਸ਼ਿਕ ਗੋਤ ਦੇ ਖੱਤਰੀ ਚੰਦਰਬੰਸੀ ਹਨ ਅਤੇ ਉਨ੍ਹਾਂ ਦਾ ਵੱਡਾ ਵਡੇਰਾ ਰਾਜਾ ਕੁਸ਼ ਸੀ। ਰਾਜਾ ਕੁਸ਼ ਦੇ ਚਾਰ ਪੁੱਤਰਾਂ ਦੇ ਬੰਸ ਵਿਚੋਂ ਇਕ ਵਿਅਕਤੀ ਵਿਸ਼ਾਮਿੱਤਰ ਹੋਇਆ ਜਿਸ ਦਾ ਪਰਿਵਾਰ ਬ੍ਰਾਹਮਣ ਬਣ ਗਿਆ। ਅਜੋਕੇ ਖੰਨਾ ਅਤੇ ਕਪੂਰ ਜਾਤਾਂ ਦੇ ਖੱਤਰੀ ਕੌਸ਼ਿਕ ਗੋਤ ਦੇ ਹਨ।

ਆਰੰਭ ਵਿਚ ਖੱਤਰੀ ਬ੍ਰਾਹਮਣਾਂ ਨਾਲ ਸ਼ਾਦੀ ਵਿਆਹ ਵੀ ਕਰ ਲੈਂਦੇ ਸਨ ਪਰ ਇਹ ਪ੍ਰਥਾ ਬਾਅਦ ਵਿਚ ਬੰਦ ਹੋ ਗਈ।

‘ਕਸ਼ੱਤਰੀ’ ਸ਼ਬਦ ਦੀ ਵਰਤੋਂ ਆਮ ਤੌਰ ਤੇ ਯੋਧਾ ਸ਼੍ਰੇਣੀ ਲਈ ਕੀਤੀ ਜਾਂਦੀ ਰਹੀ ਹੈ ਪਰੰਤੂ ਇਕ ਲੇਖਕ ਫਿੱਕ ਦੇ ਵਿਚਾਰ ਅਨੁਸਾਰ ਕਸ਼ੱਤਰੀ ਸ਼ਬਦ ਵੈਦਿਕ ਸ਼ਬਦ ‘ਰਾਜਨਯ’ ਨਾਲ ਮਿਲਦਾ ਜੁਲਦਾ ਹੈ ਅਤੇ ਇਸ ਦੀ ਵਰਤੋਂ ਉਨ੍ਹਾਂ ਜੇਤੂ ਆਰੀਆਂ ਪਰਿਵਾਰਾਂ ਦੀ ਨਸਲ ਵਿਚਲੇ ਵਿਅਕਤੀਆਂ ਲਈ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਇਥੇ ਰਹਿ ਕੇ ਪੁਰਾਣੇ ਵਸਨੀਕਾਂ ਨੂੰ ਹਾਰ ਦਿੱਤੀ ਸੀ। ਆਰੰਭ ਵਿਚ ‘ਕਸ਼ੱਤਰੀ’ ਸ਼ਾਸਕ ਸ਼੍ਰੇਣੀ ਵਿਚੋਂ ਸਨ ਪਰ ਇਹ ਜ਼ਰੂਰੀ ਨਹੀਂ ਸੀ ਕਿ ਉਹ ਯੋਧੇ ਹੋਣ । ਬਾਅਦ ਵਿਚ ਫ਼ੌਜ ਦੀ ਭਰਤੀ ਕਸ਼ੱਤਰੀਆਂ ਵਿਚੋਂ ਹੀ ਕੀਤੀ ਜਾਣ ਲਗ ਪਈ।

ਇਤਿਹਾਸਕ ਹਵਾਲਿਆਂ ਤੋਂ ਸਪਸ਼ਟ ਹੁੰਦਾ ਹੈ ਕਿ ਖੱਤਰੀ ਜਾਤ ਵਿਚ ਤਿੰਨ ਕਿਸਮਾਂ- ਸੂਰਜਬੰਸੀ, ਚੰਦਰਬੰਸੀ ਅਤੇ ਅਗਨੀਕੁਲ ਦੇ ਲੋਕ ਸ਼ਾਮਲ ਸਨ ਪਰ ਸ੍ਰੀ ਪਾਰਜਿਸਟਰ ਦੇ ਵਿਚਾਰ ਵਿਚ ਤਿੰਨ ਵੱਡੇ ਕਸ਼ੱਤਰੀ ਖ਼ਾਨਦਾਨ ਸੂਰਜਬੰਸੀ, ਚੰਦਰਬੰਸੀ ਅਤੇ ਯਾਦਵ ਸਨ।

‘ਕਸ਼ੱਤਰੀ’ ਅਤੇ ‘ਖੱਤਰੀ’ ਨਾਂ ਇਕ ਦੂਜੇ ਨਾਲ ਮਿਲਣ ਤੋਂ ਇਲਾਵਾ ਪੁਰਾਤਨ ਸਮੇਂ ਦੇ ਕਸ਼ੱਤਰੀਆਂ ਦੀ ਸਥਿਤੀ ਅਜੋਕੇ ਹਿੰਦੂ ਖੱਤਰੀਆਂ ਨਾਲ ਮਿਲਦੀ ਜੁਲਦੀ ਸੀ। ਕਸ਼ੱਤਰੀਆਂ ਅਤੇ ਖੱਤਰੀਆਂ ਦੇ ਇਕ ਹੋਣ ਬਾਰੇ ਸਬੂਤ ਇਸ ਗੱਲ ਤੋਂ ਵੀ ਮਿਲਦੇ ਹਨ ਕਿ ਖੱਤਰੀਆਂ ਦੇ ਬੇਦੀ, ਸੋਢੀ ਅਤੇ ਅਰਧ ਧਾਰਮਿਕ ਕਿਸਮ ਦੇ ਹੋਰ ਪਰਿਵਾਰ ਜਿਹੜੇ ਪੰਜਾਬ ਦੇ ਸਿੱਖਾਂ ਦੇ ਗੁਰੂਆਂ ਤੇ ਨੇਤਾਵਾਂ ਨਾਲ ਸਬੰਧਤ ਹਨ, ਦੀ ਸਥਿਤੀ ਮਹਾਭਾਰਤ ਦੇ ਸਮੇਂ ਵੀ ਇਸ ਪ੍ਰਕਾਰ ਦੀ ਸੀ।

ਕਸ਼ੱਤਰੀ ਪਰਿਵਾਰਾਂ ਤੋਂ ਅੱਗੇ ਰਾਜਪੂਤ ਪਰਿਵਾਰ ਸਾਹਮਣੇ ਆਏ ਅਤੇ ਉਨ੍ਹਾਂ ਤੋਂ ਅੱਗੇ ਖੱਤਰੀ ਹੋਂਦ ਵਿਚ ਆਏ, ਭਾਵੇਂ ਪਰਿਵਰਤਨ ਦੀ ਸਹੀ ਪ੍ਰਕਿਆ ਬਾਰੇ ਪਤਾ ਨਹੀਂ ਲਗ ਸਕਦਾ। ਸਰ ਜਾਰਜ ਕੈਂੱਪਬੈੱਲ ਨੇ ਖੱਤਰੀਆਂ ਬਾਰੇ ਲਿਖਦੇ ਹੋਏ ਦੱਸਿਆ ਕਿ ਪੰਜਾਬ ਦੇ ਖੱਤਰੀ ਵਪਾਰੀ ਹਨ ਅਤੇ ਉਹ ਪੰਜਾਬ ਵਿਚ ਉੱਚ ਸਰਕਾਰੀ ਅਹੁਦਿਆਂ ਉੱਪਰ ਵੀ ਲੱਗੇ ਹੋਏ ਹਨ। ਸਿੱਖਾਂ ਦੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਕ ਸਾਰੇ ਖੱਤਰੀ ਸਨ। ਦੀਵਾਨ ਸਾਵਨ ਮੱਲ ਅਤੇ ਉਸ ਦਾ ਉਤਰਾਧਿਕਾਰੀ ਦੀਵਾਨ ਮੂਲ ਰਾਜ ਵੀ ਖੱਤਰੀ ਸਨ। ਖੱਤਰੀ ਬਹੁਤ ਮਿਹਨਤੀ ਲੋਕ ਹਨ ਅਤੇ ਚਿਹਰੇ ਮੁਹਰੇ ਦੇ ਪੱਖ ਤੋਂ ਵੀ ਸੁੰਦਰ ਹੁੰਦੇ ਹਨ। ਖੱਤਰੀਆਂ ਦੀ ਇਕ ਅਧੀਨ ਸ਼੍ਰੇਣੀ ਅਰੋੜੇ ਹਨ ਜਿਹੜੇ ਉਨ੍ਹਾਂ ਵਾਂਗ ਹੀ ਵਪਾਰ ਅਤੇ ਨੌਕਰੀਆਂ ਵਿਚ ਹਨ। ਖੱਤਰੀ ਕੇਵਲ ਪੰਜਾਬ ਵਿਚ ਹੀ ਨਹੀਂ ਮਿਲਦੇ, ਉਹ ਪੰਜਾਬ ਤੋਂ ਬਾਹਰ ਦਿੱਲੀ, ਆਗਰਾ, ਪਟਨਾ, ਕਲੱਕਤਾ ਆਦਿ ਥਾਵਾਂ ਉੱਤੇ ਵੀ ਮਿਲਦੇ ਹਨ। ਜਿਹਲਮ ਅਤੇ ਰਾਵਲਪਿੰਡੀ ਦੇ ਖੇਤਰ ਵਿਚ ਕਾਫ਼ੀ ਖੱਤਰੀ ਹੁੰਦੇ ਸਨ ਪਰ ਦੇਸ਼ ਦੀ ਵੰਡ ਤੋਂ ਪਿੱਛੋਂ ਉਹ ਪਾਕਿਸਤਾਨ ਛੱਡ ਕੇ ਭਾਰਤ ਆ ਗਏ।

ਖੱਤਰੀਆਂ ਦੇ ਤਿੰਨ ਸਮੂਹ ਮਿਲਦੇ ਹਨ ਜਿਨ੍ਹਾਂ ਵਿਚ ਬਾਰੀ, ਬੁੰਜਾਹੀ ਅਤੇ ਸਰੀਨ ਸ਼ਾਮਲ ਹਨ। ਪਹਿਲੇ ਸਮੂਹ ਵਿਚ ਬਾਰ੍ਹਾਂ ਗੋਤ ਸ਼ਾਮਲ ਹਨ-ਕਪੂਰ, ਖੰਨਾ, ਮਲਹੋਤਰਾ ਜਾਂ ਮੈਹਰਾ, ਕੱਕੜ ਜਾਂ ਸੈਨ, ਚੋਪੜਾ, ਤਲਵਾੜ, ਸਹਿਗਲ, ਧਵਨ, ਵਧਾਉਣ, ਤੰਨੇ ਬੋਹਰਾ ਜਾਂ ਵੋਹਰਾ ਅਤੇ ਮਹਿੰਦਰੂ; ਦੂਜੇ ਸਮੂਹ ਬੁੰਜਾਹੀ ਵਿਚ 52 ਖੱਤਰੀ ਗੋਤ ਸ਼ਾਮਲ ਹਨ ਪਰ ਕਈ ਹਾਲਤਾਂ ਵਿਚ ਇਨ੍ਹਾਂ ਦੀ ਗਿਣਤੀ 52 ਤੋਂ ਵੀ ਵਧੇਰੇ ਮੰਨੀ ਗਈ ਹੈ। ਇਹ ਸਮੂਹ ਅੱਗੇ ਚਾਰ ਉਪ ਸਮੂਹਾਂ ਵਿਚ ਵੰਡਿਆ ਹੋਇਆ ਹੈ -ਖੋਖਰਾਨ(ਖੁਖਰਾਨ) ਅਸਲੀ ਜਾਂ ਪੱਕਾ ਜਾਂ ਬਾਰੀ ਬੁੰਜਾਹੀ ਸਮੂਹ, ਵੱਡਾ ਬੁੰਜਾਹੀ ਅਤੇ ਛੋਟਾ ਬੁੰਜਾਹੀ। ਸਰੀਨ ਸਮੂਹ ਅੰਦਰ ਦੋ ਉਪ-ਸਮੂਹ ਸ਼ਾਮਲ ਹਨ-ਵੱਡੇ ਸਰੀਨ ਅਤੇ ਛੋਟੇ ਸਰੀਨ। ਪਹਿਲੇ ਉਪ ਸਮੂਹ ਅੰਦਰ 19 ਗੋਤ (ਇਕ ਵਿਚਾਰ ਅਨੁਸਾਰ 13) ਅਤੇ ਦੂਜੇ ਉਪ-ਸਮੂਹ ਅੰਦਰ 108 ਗੋਤ ਸ਼ਾਮਲ ਹਨ।

ਖੱਤਰੀਆਂ ਦੇ ਕਈ ਇਲਾਕਾਈ ਸਮੂਹ ਵੀ ਮਿਲਦੇ ਹਨ ਭਾਵੇਂ ਉਨ੍ਹਾਂ ਨੂੰ ਉਪਰੋਕਤ ਸਮੂਹਾਂ ਵਿਚੋਂ ਨਿਕਲੇ ਕਿਹਾ ਜਾ ਸਕਦਾ ਹੈ। ਇਨ੍ਹਾਂ ਸਮੂਹਾਂ ਵਿਚ ਆਉਂਦੇ ਖੱਤਰੀਆਂ ਵਿਚ ਉਚਾਂਧੀ ਜਾਂ ਉਚਾਧੀ ਸ਼ਾਮਲ ਹਨ ਜਿਹੜੇ ਉੱਤਰ-ਪੱਛਮੀ ਪੰਜਾਬ ਨਾਲ ਸਬੰਧਤ ਹਨ। ਹੋਰ ਇਲਾਕਾਈ ਸਮੂਹਾਂ ਵਿਚ ਮੁਲਤਾਨੀ, ਪਿਸ਼ੌਰੀ ਅਤੇ ਭੇਰੇ ਤੇ ਭਰੋਦੀ, ਲਾਹੌਰੀ, ਸਰਹੰਦੀ, ਝਿਕਲੀ ਆਦਿ ਸ਼ਾਮਲ ਹਨ।

ਖੱਤਰੀਆਂ ਵਿਚ ਪਵਿੱਤਰ ਸਮਝੀਆਂ ਜਾਂਦੀਆਂ ਗੋਤਾਂ ਵਿਚ ਬੇਦੀ, ਸੋਢੀ, ਤ੍ਰੇਹਣ ਅਤੇ ਭੱਲਾ ਸ਼ਾਮਲ ਹਨ। ਇਨ੍ਹਾਂ ਨੂੰ ਇਸ ਕਰ ਕੇ ਪਵਿੱਤਰ ਖਿਆਲ ਕੀਤਾ ਜਾਂਦਾ ਹੈ ਕਿਉਂਕਿ ਸਿੱਖ ਗੁਰੂ ਸਾਹਿਬਾਨ ਨੇ ਇਨ੍ਹਾਂ ਗੋਤਾਂ ਦੇ ਪਰਿਵਾਰਾਂ ਵਿਚ ਅਵਤਾਰ ਧਾਰਿਆ।

ਖੱਤਰੀ ਚਾਰ ਗੋਤ-ਪਿਤਾ ਦਾ, ਮਾਤਾ ਦਾ, ਦਾਦੀ ਦਾ, ਨਾਨੀ ਦਾ, ਛੱਡ ਕੇ ਵਿਆਹ ਸਬੰਧ ਜੋੜਦੇ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 9790, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-03-04-08-35, ਹਵਾਲੇ/ਟਿੱਪਣੀਆਂ: ਹ. ਪੁ. - ਗ. ਟ੍ਰਾ. ਕਾ. 2: 501 -526

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.