ਗਹਿਨ ਸੰਰਚਨਾ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਗਹਿਨ ਸੰਰਚਨਾ: ਇਸ ਸੰਕਲਪ ਦੀ ਵਰਤੋਂ ਰੂਪਾਂਤਰੀ ਵਿਆਕਰਨ ਵਿਚ ਕੀਤੀ ਜਾਂਦੀ ਹੈ। ਇਸ ਸੰਕਲਪ ਦੀ ਵਰਤੋਂ ਅਤੇ ਵਿਆਖਿਆ ਹਾਕੇਟ, ਹੈਰਿਸ ਅਤੇ ਚੌਮਸਕੀ ਨੇ ਕੀਤੀ ਹੈ। ਇਸ ਦੇ ਵਿਪਰੀਤ ‘ਸਤਹੀ ਸੰਰਚਨਾ’ ਸੰਕਲਪ ਨੂੰ ਰੱਖਿਆ ਜਾਂਦਾ ਹੈ। ਭਾਸ਼ਾ ਦੀ ਬਣਤਰ ਵਿਚ ਵਰਤੇ ਜਾਣ ਵਾਲੇ ਵਾਕਾਂ ਨੂੰ ਧੁਨੀ-ਵਿਉਂਤ ਦੇ ਪੱਖ ਤੋਂ ਸਤਹੀ ਬਣਤਰ ਵਿਚ ਰੱਖਿਆ ਜਾਂਦਾ ਹੈ। ਵਾਕ ਦੀ ਬਣਤਰ ਵਿਚ ਵਿਚਰਨ ਵਾਲੇ ਤੱਤਾਂ ਦਾ ਇਕ ਸਤਹੀ ਰੂਪ ਹੁੰਦਾ ਹੈ। ਜਿਸ ਨੂੰ ‘ਸਤਹੀ ਬਣਤਰ’ ਕਿਹਾ ਜਾਂਦਾ ਹੈ। ਵਾਕ ਵਿਚ ਵਿਚਰਨ ਵਾਲੇ ਤੱਤਾਂ ਦਾ ਇਕ ਗਹਿਨ ਵਿਚਰਨ ਹੁੰਦਾ ਹੈ। ਜਿਸ ਨੂੰ ਭਾਸ਼ਾ ਦਾ ਗਹਿਨ ਸੰਰਚਨਾ ਕਿਹਾ ਜਾਂਦਾ ਹੈ। ਭਾਸ਼ਾ ਦੀ ਗਹਿਨ ਸੰਰਚਨਾ ਅਰਥ ’ਤੇ ਅਧਾਰਤ ਹੁੰਦੀ ਹੈ। ਵਾਕ ਦਾ ਸਤਹੀ ਪੱਧਰ ਕਈ ਵਾਰ ਸਹੀ ਅਰਥਾਂ ਦਾ ਸੰਚਾਰ ਕਰਨ ਵਿਚ ਸਮਰਥ ਨਹੀਂ ਹੁੰਦਾ ਇਸ ਲਈ ਇਸ ਪਰਕਾਰ ਦਾ ਅਧਿਅਨ ਗਹਿਨ ਪੱਧਰ ’ਤੇ ਕੀਤਾ ਜਾਂਦਾ ਹੈ। ਚੌਮਸਕੀ ਨੇ ਇਹ ਸਥਿਤੀ ਪੇਸ਼ ਕਰਨ ਲਈ ਇਕ ਉਦਾਹਰਨ ਦਿੱਤੀ ਹੈ ‘ਫਲਾਇੰਗ ਪਲੇਨਜ਼ ਕੈਨ ਬੀ ਡੇਂਜਰਸ’ ਇਸ ਦੇ ਦੋ ਅਰਥ ਨਿਕਲਦੇ ਹਨ ਭਾਵ ਉਡਦੇ ਜਹਾਜ਼ ਖਤਰਨਾਕ ਹੁੰਦੇ ਹਨ ਜਾਂ ਜਹਾਜ਼ ਉਡਾਣੇ ਖਤਰਨਾਕ ਹੁੰਦੇ ਹਨ। ਗਹਿਨ ਸੰਰਚਨਾ ਦੇ ਦੂਜੇ ਪੱਖ ਦਾ ਅਧਿਅਨ ਐਕਟਿਵ ਅਤੇ ਪੈਸਿਵ ਵਾਕਾਂ ਦੇ ਸੰਦਰਭ ਵਿਚ ਕੀਤਾ ਜਾਂਦਾ ਹੈ। ਇਹ ਵਾਕ ਗਹਿਨ ਪੱਧਰ ’ਤੇ ਇਕੋ ਪਰਕਾਰ ਦੇ ਅਰਥਾਂ ਦਾ ਸੰਚਾਰ ਕਰਦੇ ਹਨ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 3734, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First