ਗਾਲ੍ਹਾਂ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਗਾਲ੍ਹਾਂ: ਗਾਲ੍ਹਾਂ ਭਾਸ਼ਾ ਦਾ ਹੀ ਇੱਕ ਵਿਸ਼ੇਸ਼ ਰੂਪ ਹੁੰਦੀਆਂ ਹਨ। ਭਾਸ਼ਾ-ਵਿਗਿਆਨ ਵਿੱਚ ਗਾਲ੍ਹਾਂ ਨੂੰ ਅਪਭਾਸ਼ਾ (ਸਲੈਂਗ) ਦਾ ਇੱਕ ਰੂਪ ਮੰਨਿਆ ਜਾਂਦਾ ਹੈ। ਜਦੋਂ ਕੋਈ ਵਿਅਕਤੀ ਦੂਸਰੇ ਵਿਅਕਤੀ ਨਾਲ ਲੜਦਿਆਂ ਭਾਸ਼ਾ ਰਾਹੀਂ ਦੂਸਰੇ ਨੂੰ ਦੁੱਖ ਪਹੁੰਚਾਉਣ ਵਾਲੇ ਸ਼ਬਦ ਵਰਤਦਾ ਹੈ ਤਾਂ ਉਹ ਗਾਲ੍ਹਾਂ ਹੀ ਹੁੰਦੀਆਂ ਹਨ। ਗਾਲ੍ਹਾਂ ਵਿੱਚ ਅਕਸਰ ਵਿਰੋਧੀ ਵਿਅਕਤੀ ਦੇ ਗ਼ੈਰ-ਸਮਾਜਿਕ ਲਿੰਗ ਸੰਬੰਧਾਂ ਨੂੰ ਮੁੱਖ ਤੌਰ ਤੇ ਨਿਸ਼ਾਨਾ ਬਣਾਇਆ ਜਾਂਦਾ ਹੈ ਪਰੰਤੂ ਗਾਲ੍ਹਾਂ ਵਿੱਚ ਦੂਜੇ ਵਿਅਕਤੀ ਦੀ ਸਰੀਰਕ ਕਮਜ਼ੋਰੀ, ਸਰੀਰਕ ਕੋਝਾਪਣ, ਮਾੜੀ ਆਰਥਿਕਤਾ ਆਦਿ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਵਿਰੋਧੀ ਵਿਅਕਤੀ ਨੂੰ ਨੀਵਾਂ ਦਿਖਾਉਣ ਲਈ, ਉਸ ਦੀ ਬੇਇਜ਼ਤੀ ਕਰਨ ਲਈ ਗਾਲ੍ਹਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਦੁਨੀਆ ਵਿੱਚ ਲਗਪਗ ਸਾਰੀਆਂ ਭਾਸ਼ਾਵਾਂ ਵਿੱਚ ਗਾਲ੍ਹਾਂ ਦੀ ਵਰਤੋਂ ਹੁੰਦੀ ਹੈ ਪਰੰਤੂ ਇਸ ਨੂੰ ਕਿਤੇ ਵੀ ਚੰਗਾ ਨਹੀਂ ਸਮਝਿਆ ਜਾਂਦਾ।ਗਾਲ੍ਹਾਂ ਸਮਾਜਿਕ ਦਰਜੇ ਅਨੁਸਾਰ ਅਤੇ ਵਿਅਕਤੀ ਦੀ ਮਾਨਸਿਕ ਸਥਿਤੀ ਅਨੁਸਾਰ ਬਦਲਦੀਆਂ ਰਹਿੰਦੀਆਂ ਹਨ। ਮਰਦਾਂ ਅਤੇ ਔਰਤਾਂ ਦੀਆਂ ਗਾਲ੍ਹਾਂ ਵਿੱਚ ਫ਼ਰਕ ਹੁੰਦਾ ਹੈ।ਪੜ੍ਹੇ-ਲਿਖੇ ਅਤੇ ਅਨਪੜ੍ਹਾਂ ਦੀਆਂ ਗਾਲ੍ਹਾਂ ਵਿੱਚ ਫ਼ਰਕ ਹੁੰਦਾ ਹੈ। ਬੱਚਿਆਂ ਅਤੇ ਬਜ਼ੁਰਗਾਂ ਦੀਆਂ ਗਾਲ੍ਹਾਂ ਵਿੱਚ ਫ਼ਰਕ ਹੁੰਦਾ ਹੈ। ਗਾਲ੍ਹਾਂ ਵਿਅਕਤੀ ਦੀ ਦੂਹਰੀ ਮਾਨਸਿਕਤਾ ਨੂੰ ਪੇਸ਼ ਕਰਦੀਆਂ ਹਨ। ਇਹ ਵਿਅਕਤੀ ਦੇ ਹੰਕਾਰ ਨੂੰ ਪੇਸ਼ ਕਰਦੀਆਂ ਹਨ, ਜਦੋਂ ਉਹ ਦੂਸਰੇ ਵਿਅਕਤੀ ਨੂੰ ਲੜਨ ਲਈ ਚੁਨੌਤੀ ਦਿੰਦਾ ਹੈ ਜਾਂ ਫਿਰ ਗਾਲ੍ਹਾਂ ਬੇਵੱਸੀ ਵਿੱਚੋਂ ਬਦ-ਦੁਆਵਾਂ ਦੇ ਰੂਪ ਵਿੱਚ ਪੈਦਾ ਹੁੰਦੀਆਂ ਹਨ।ਜਿੱਥੇ ਪਹਿਲੀ ਕਿਸਮ ਦੀਆਂ ਗਾਲ੍ਹਾਂ ਵਿੱਚ ਵਿਰੋਧੀ ਦੇ ਪਰਿਵਾਰ ਦੇ ਬਾਰੇ ਅਨੈਤਿਕ ਕਾਮ-ਸੰਬੰਧਾਂ ਦੀ ਇੱਛਾ ਕੀਤੀ ਜਾਂਦੀ ਹੈ ਅਤੇ ਉਸ ਦੀ ਘਟੀਆ ਜੀਵ-ਜੰਤੂਆਂ ਨਾਲ ਤੁਲਨਾ ਕੀਤੀ ਜਾਂਦੀ ਹੈ। ਉਦਾਹਰਨ ਵਜੋਂ :
‘ਠਹਿਰ ਮੇਰਿਆ ਸਾਲ੍ਹਿਆ, ਕੁੱਤਿਆ, ਹਰਾਮੀਆਂ ਤੈਨੂੰ ਦੇਵਾਂ ਪਤਾ।’ ਜਦੋਂ ਕਿ ਦੂਜੀ ਕਿਸਮ ਦੀਆਂ ਗਾਲ੍ਹਾਂ ਵਿੱਚ ਪਰਮਾਤਮਾ ਅੱਗੇ ਤਕੜੇ ਵਿਰੋਧੀ ਦੇ ਸਰਬਨਾਸ਼ ਦੀ ਚਾਹਨਾ ਕੀਤੀ ਜਾਂਦੀ ਹੈ :
ਹੈ ਵੇ, ਹੈ ਵੇ
ਇਹਨਾਂ ਦੇ ਮਰ ਜਾਣ ਮਾਪੇ
ਝੜ ਜਾਣ ਝਾਫੇ
ਆ ਜਾਣ ਕਾਲੇ ਘੱਗਰਿਆਂ ਵਾਲੀਆਂ ਮਕਾਣਾਂ।
ਇਹ ਬੜੀ ਦਿਲਚਸਪ ਗੱਲ ਹੈ ਕਿ ਗਾਲ੍ਹਾਂ ਭਾਸ਼ਾ ਦਾ ਅਪ੍ਰਵਾਨਿਤ ਰੂਪ ਹੈ, ਪਰ ਇਸ ਦੇ ਬਾਵਜੂਦ ਇਹ ਮਨੁੱਖੀ ਵਿਵਹਾਰ ਦਾ ਅੰਗ ਹੈ। ਇਸੇ ਕਾਰਨ ਸਾਹਿਤਕਾਰ ਆਪਣੀਆਂ ਸਾਹਿਤਿਕ ਕਿਰਤਾਂ ਵਿੱਚ ਪਾਤਰਾਂ ਦੇ ਮਨੋਭਾਵਾਂ ਨੂੰ ਪ੍ਰਗਟਾਉਣ ਲਈ ਪ੍ਰਸੰਗ ਅਨੁਸਾਰ ਵਰਤਦੇ ਹਨ। ਉਦਾਹਰਨ ਵਜੋਂ ਅਜਮੇਰ ਸਿੰਘ ਔਲਖ ਦੇ ਨਾਟਕਾਂ ਵਿੱਚ, ਗੁਰਦਿਆਲ ਸਿੰਘ ਦੇ ਨਾਵਲਾਂ ਵਿੱਚ ਅਕਸਰ ਗਾਲ੍ਹਾਂ ਦੀ ਸਾਹਿਤਿਕ ਪੱਧਰ ਤੇ ਵਰਤੋਂ ਹੋਈ ਮਿਲਦੀ ਹੈ। ਇਹ ਹੋਰ ਵੀ ਦਿਲਚਸਪ ਤੱਥ ਹੈ ਕਿ ਲੋਕਧਾਰਾ ਦੇ ਕੁਝ ਰੂਪ ਜਿਵੇਂ ਸਿਠਣੀਆਂ, ਹੇਅਰੇ ਆਦਿ ਵਿੱਚ ਗਾਲ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਉੱਥੇ ਇਹ ਗਾਲ੍ਹਾਂ ਖ਼ੁਸ਼ੀ ਦੇ ਮੌਕੇ ਅਤੇ ਰਿਸ਼ਤਿਆਂ ਦੇ ਪ੍ਰਸੰਗ ਕਾਰਨ ਦੁਖਦਾਈ ਨਹੀਂ ਹੁੰਦੀਆਂ, ਸਗੋਂ ਇੱਕ ਕਲਾ ਰੂਪ ਬਣ ਜਾਂਦੀਆਂ ਹਨ। ਇੱਕ ਸੱਭਿਅਕ ਸਮਾਜ ਵਿੱਚ ਔਰਤ ਜਾਂ ਮਰਦ ਦੇ ਗੁਪਤ ਕਾਮ ਅੰਗਾਂ ਦਾ ਸਿੱਧਾ ਨਾਂ ਲੈ ਕੇ ਕੱਢੀਆਂ ਗਾਲ੍ਹਾਂ ਬਹੁਤ ਕੋਝੀਆਂ ਜਾਪਦੀਆਂ ਹਨ। ਸੱਭਿਅਕ ਸਮਾਜਾਂ ਵਿੱਚ ਇਹ ਬਹੁਤ ਬੁਰਾ ਲੱਗਦਾ ਹੈ। ਕਈ ਸਮਾਜ ਸੇਵੀ ਜਥੇਬੰਦੀਆਂ ਇਸ ਦੇ ਖਿਲਾਫ਼ ਮੁਹਿੰਮ ਵੀ ਚਲਾ ਰਹੀਆਂ ਹਨ। ਜਿਵੇਂ ਪ੍ਰਸਿੱਧ ਨਾਟਕਕਾਰ ਗੁਰਸ਼ਰਨ ਸਿੰਘ ਅਕਸਰ ਆਪਣੇ ਭਾਸ਼ਣਾਂ ਵਿੱਚ ਇਸ ਸਮਾਜਿਕ ਬੁਰਾਈ ਨੂੰ ਦੂਰ ਕਰਨ ਲਈ ਅਪੀਲ ਕਰਦੇ ਹਨ। ਭਾਸ਼ਾ ਮਨੋਵਿਗਿਆਨੀ ਦੱਸਦੇ ਹਨ ਕਿ ਗਾਲ੍ਹਾਂ ਦਾ ਸੰਬੰਧ ਵਿਅਕਤੀ ਦੇ ਮਾਹੌਲ ਜਾਂ ਆਲੇ-ਦੁਆਲੇ ਨਾਲ ਹੈ। ਬੱਚੇ ਅਕਸਰ ਗੰਦੀਆਂ ਗਾਲ੍ਹਾਂ ਆਪਣੇ ਪਰਿਵਾਰ ਵਿੱਚੋਂ ਜਾਂ ਸਕੂਲ ਵਿੱਚੋਂ ਜਾਂ ਖੇਡਣ ਦੀ ਥਾਂ ਤੋਂ ਸਿੱਖਦੇ ਹਨ। ਸਭ ਤੋਂ ਮਾੜੀ ਗੱਲ ਇਹ ਹੈ ਕਿ ਛੋਟੇ ਬੱਚੇ ਗਾਲ੍ਹਾਂ ਹਮੇਸ਼ਾਂ ਵੱਡਿਆਂ ਤੋਂ ਸਿੱਖਦੇ ਹਨ। ਗਾਲ੍ਹਾਂ ਕੱਢਣ ਵਾਲੇ ਵਿਅਕਤੀ ਦੀਆਂ ਗਾਲ੍ਹਾਂ ਵਿੱਚੋਂ ਆਪਣੀ ਸ਼ਖ਼ਸੀਅਤ ਦੀ ਊਣ ਉਜਾਗਰ ਹੁੰਦੀ ਹੈ।
ਲੇਖਕ : ਰਾਜਿੰਦਰ ਪਾਲ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3918, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First