ਗਿਆਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਿਆਨ [ਨਾਂਪੁ] ਇਲਮ , ਜਾਣਕਾਰੀ, ਜਾਣਨ ਦਾ ਭਾਵ, ਬੋਧ, ਸਮਝ; ਵਿੱਦਿਆ, ਤਾਲੀਮ; ਰੱਬੀ ਇਲਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17935, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗਿਆਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਿਆਨ. ਸੰ. ज्ञान —੔੠ਨ. ਸੰਗ੍ਯਾ—ਜਾਣਨਾ. ਬੋਧ. ਸਮਝ. ਇ਼ਲਮ. “ਅੰਤਰਿ ਗਿਆਨ ਨ ਆਇਓ ਮਿਰਤਕੁ ਹੈ ਸੰਸਾਰ.” (ਮ: ੩ ਵਾਰ ਸ੍ਰੀ) ੨ ਪਾਰਬ੍ਰਹਮ , ਜੋ ਗ੍ਯਾਨਰੂਪ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17513, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗਿਆਨ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗਿਆਨ: ‘ਗਿਆਨ’ ਸੰਸਕ੍ਰਿਤ ਦਾ ਸ਼ਬਦ ਹੈ ਅਤੇ ਇਸ ਦਾ ਅਰਥ ਹੈ ਵਿਦਵੱਤਾ, ਇਲਮ , ਸਮਝ , ਬੋਧ। ਗੁਰੂ ਗ੍ਰੰਥ ਸਾਹਿਬ ਵਿਚ ਇਹ ਸ਼ਬਦ ਇਸ ਸਾਧਾਰਣ ਅਰਥ ਤੋਂ ਭਿੰਨ ਵਿਸ਼ੇਸ਼ ਅਰਥਾਂ ਵਿਚ ਵੀ ਪ੍ਰਯੁਕਤ ਹੋਇਆ ਹੈ ਅਤੇ ਇਸ ਵਿਸ਼ੇਸ਼ ਅਰਥ ਕਾਰਣ ਇਹ ਅਧਿਆਤਮਿਕ ਗਿਆਨ ਜਾਂ ਭੀਤਰੀ ਗਿਆਨ ਦਾ ਵਾਚਕ ਬਣ ਗਿਆ ਹੈ। ਇਹ ਗਿਆਨ ਗੱਲਾਂ ਨਾਲ ਪ੍ਰਾਪਤ ਨਹੀਂ ਹੋ ਸਕਦਾ। ਇਸ ਦਾ ਕਥਨ ਕਰਨਾ ਬਹੁਤ ਔਖਾ ਹੈ। ਇਹ ਕੇਵਲ ਈਸ਼ਵਰ ਜਾਂ ਗੁਰੂ ਦੀ ਕ੍ਰਿਪਾ ਰਾਹੀਂ ਪ੍ਰਾਪਤ ਹੁੰਦਾ ਹੈ, ਬਾਕੀ ਸਾਰੇ ਯਤਨ ਬੇਕਾਰ ਹਨ— ਗਿਆਨੁ ਗਲੀਈ ਢੂਢੀਐ ਕਥਨਾ ਕਰੜਾ ਸਾਰੁ ਕਰਮਿ ਮਿਲੈ ਤਾ ਪਾਈਐ ਹੋਰ ਹਿਕਮਤਿ ਹੁਕਮੁ ਖੁਆਰੁ (ਗੁ. ਗ੍ਰੰ.465)।

            ਗੁਰੂ ਨਾਨਕ ਦੇਵ ਜੀ ਨੇ ਆਸਾ ਰਾਗ ਵਿਚ ਕਿਹਾ ਹੈ ਕਿ ਇਹ ਗਿਆਨ ਗੁਰੂ ਤੋਂ ਬਿਨਾ ਪ੍ਰਾਪਤ ਨਹੀਂ ਹੋ ਸਕਦਾ —ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਹੋਇ ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਹੋਇ (ਗੁ.ਗ੍ਰੰ. 469)। ਅਸਲ ਵਿਚ, ਇਹ ਗਿਆਨ ਗੁਰੂ ਦੁਆਰਾ ਪ੍ਰਦੱਤ ਅਜਿਹਾ ਖੜਗ ਹੈ ਜਿਸ ਰਾਹੀਂ ਮਨ ਨਾਲ ਜੂਝਿਆ ਜਾ ਸਕਦਾ ਹੈ (ਗਿਆਨ ਖੜਗੁ ਲੈ ਮਨੁ ਸਿਉ ਲੂਝੈ— 1022), ਜਮ ਅਤੇ ਕਾਲ ਦੇ ਪ੍ਰਭਾਵ ਨੂੰ ਖ਼ਤਮ ਕੀਤਾ ਜਾ ਸਕਦਾ ਹੈ (ਗੁਰ ਗਿਆਨੁ ਖੜਗੁ ਹਥਿ ਧਾਰਿਆ ਜਮੁ ਮਾਰਿਅੜਾ ਜਮ ਕਾਲਿ— 235; ਸਤਿਗੁਰਿ ਗਿਆਨ ਖੜਗੁ ਹਥਿ ਦੀਨਾ ਜਮ ਕੰਕਰ ਮਾਰਿ ਬਿਦਾਰੇ— 574)।

            ਇਹ ਗਿਆਨ ਗੁਰੂ ਦੁਆਰਾ ਦਿੱਤਾ ਅਜਿਹਾ ਸੁਰਮਾ ਹੈ ਜਿਸ ਨੂੰ ਪਾਉਣ ਨਾਲ ਅਗਿਆਨ ਰੂਪ ਹਨੇਰਾ ਮਿਟ ਜਾਂਦਾ ਹੈ ਅਤੇ ਮਨ ਪ੍ਰਕਾਸ਼ਿਤ ਹੋ ਜਾਂਦਾ ਹੈ, ਅਰਥਾਤ ਜਿਗਿਆਸੂ ਨੂੰ ਵਾਸਤਵਿਕਤਾ ਦੀ ਸਮਝ ਆ ਜਾਂਦੀ ਹੈ— ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ (ਗੁ. ਗ੍ਰੰ.293)। ਇਸ ਨੂੰ ਸੰਤ ਕਬੀਰ ਜੀ ਨੇ ‘ਬ੍ਰਹਮ ਗਿਆਨ ’ ਦਾ ਨਾਂ ਵੀ ਦਿੱਤਾ ਹੈ ਜਿਸ ਦੀ ਪ੍ਰਾਪਤੀ ਨਾਲ ਮਨ ਸ਼ਾਂਤ ਹੋ ਜਾਂਦਾ ਹੈ— ਕਬੀਰ ਮਨੁ ਸੀਤਲੁ ਭਇਆ ਪਾਇਆ ਬ੍ਰਹਮ ਗਿਆਨੁ—(ਗੁ.ਗ੍ਰੰ.1373)। ਜਦੋਂ ਇਸ ਪ੍ਰਕਾਰ ਦੇ ਗਿਆਨ ਦਾ ਆਵੇਸ਼ ਹੋ ਜਾਂਦਾ ਹੈ ਤਾਂ ਨ ਭਰਮ ਟਿਕ ਸਕਦੇ ਹਨ ਅਤੇ ਨ ਹੀ ਵਿਚਾਰੀ ਮਾਇਆ— ਦੇਖੋ ਭਾਈ ਗਯਾਨ ਕੀ ਆਈ ਆਂਧੀ ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਮਾਇਆ ਬਾਂਧੀ (ਗੁ.ਗ੍ਰੰ.331)। ਇਸੇ ਲਈ ਗੁਰੂ ਨਾਨਕ ਦੇਵ ਜੀ ਨੇ ਮਨ ਨੂੰ ਸੰਬੋਧਿਤ ਕਰਕੇ ਅਜਿਹੇ ਗਿਆਨ ਨੂੰ ਅਰਜਿਤ ਕਰਨ ਲਈ ਪ੍ਰੇਰਿਆ ਹੈ ਕਿਉਂਕਿ ਇਸ ਨਾਲ ਪਰਮ-ਸੱਤਾ ਦੀ ਸੇਵਾ ਕਰਨ ਦਾ ਅਵਸਰ ਮਿਲਦਾ ਹੈ— ਐਸਾ ਗਿਆਨੁ ਜਪਹੁ ਮਨ ਮੇਰੇ ਹੋਵਹੁ ਚਾਕਰ ਸਾਚੇ ਕੇਰੇ (ਗੁ.ਗ੍ਰੰ.728)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17361, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਗਿਆਨ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਿਆਨ (ਞੰਆਨ): ਬੋਧ , ਸੋਝੀ ਜਾਂ ਚੇਤਨਤਾ , ਉਸ ਨੂੰ ਕਿਹਾ ਜਾਂਦਾ ਹੈ ਜੋ ਮਨੁੱਖੀ ਜੀਵਾਂ ਨੂੰ ਪਸੂ ਜਗਤ ਤੋਂ ਅਲੱਗ ਕਰਦਾ ਹੈ ਅਤੇ ਮਾਨਵ ਜਾਤੀ ਦੀ ਦੂਜੇ ਜੀਵਾਂ ‘ਤੇ ਸਰਦਾਰੀ ਕਾਇਮ ਰੱਖਦਾ ਹੈ। ਕੁਦਰਤ ਨੇ ਮਨੁੱਖ ਨੂੰ ਨਾ ਕੇਵਲ ਗੁਣਾਤਮਿਕ ਬੌਧਿਕ ਸ੍ਰੇਸ਼ਠਤਾ ਪ੍ਰਦਾਨ ਕੀਤੀ ਹੈ ਬਲਕਿ ਮਨੁੱਖੀ ਮਨ ਨੂੰ ਗਤੀਸ਼ੀਲ ਅੰਤਰੀਵੀ ਉਤੇਜਨਾ ਦੇ ਸਮਰੱਥ ਵੀ ਬਣਾਇਆ ਹੈ ਜਿਸ ਨੂੰ ਜਿਗਿਆਸਾ, ਜਾਣਨ ਦੀ ਇੱਛਾ ਅਤੇ ਖੋਜ ਕਿਹਾ ਜਾਂਦਾ ਹੈ। ਸ਼ਾਇਦ ਇਹ ਗਿਆਨ ਵਿਅਕਤੀ ਦੀ ਤੀਬਰ ਪ੍ਰੇਰਨਾ ਦਾ ਲੇਖਾ-ਜੋਖਾ ਅਤੇ ਪਰਿਣਾਮੀ ਅਮਲ ਹੈ ਜਿਹੜਾ ਮਨੁੱਖੀ ਬੁੱਧੀ ਜਾਂ ਮਨ ਰੂਪ ਵਿਚ ਹਜ਼ਾਰਾਂ ਵਰ੍ਹੇ ਤਕ ਹੌਲੀ-ਹੌਲੀ ਵਿਕਾਸ ਕਰਦਾ ਰਿਹਾ ਹੈ। ਗਿਆਨ ਵਿਅਕਤੀ ਨੂੰ ਵੱਖ-ਵੱਖ ਰੂਪਾਂ, ਰੰਗਾਂ , ਧੁਨੀਆਂ , ਸੁਗੰਧੀਆਂ ਜਾਂ ਉਸਦੇ ਦੁਆਲੇ ਦੇ ਪ੍ਰਤੱਖ ਪਦਾਰਥਕ ਰੂਪਾਂ ਦੇ ਸੁਮੇਲ ਨੂੰ ਉਸਦੇ ਇੰਦਰੀ-ਗਿਆਨ ਰਾਹੀਂ ਹਾਸਲ ਕਰਨ ਦੇ ਸਮਰੱਥ ਬਣਾਉਂਦਾ ਹੈ। ਇਸ ਵਿਚ ਉਸਦੇ ਵਿਚਾਰਾਂ , ਮਨੋਭਾਵਾਂ, ਭਾਵਨਾਵਾਂ ਅਤੇ ਸੰਵੇਗਾਂ ਦੀ ਸੋਝੀ ਸ਼ਾਮਲ ਹੁੰਦੀ ਹੈ ਜੋ ਕਿ ਭਾਵੇਂ ਬਾਹਰੀ ਉਤੇਜਨਾ ਦੁਆਰਾ ਪ੍ਰਤਿਬੰਧਿਤ ਹੁੰਦੀ ਹੈ, ਪਰ ਵਿਅਕਤੀ ਦੇ ਆਪਣੇ ਮਨ ਦੀ ਉਪਜ ਜਾਂ ਰਚਨਾ ਹੁੰਦੀ ਹੈ। ਗਿਆਨ, ਬੋਧ (ਜਾਣਨ ਦੀ ਕਿਰਿਆ) ਅਤੇ ਭਾਵਨਾ (ਭਾਵਨਾਵਾਂ ਅਤੇ ਸੰਵੇਗਾਂ ਸੰਬੰਧੀ ਭਾਵਾਤਮਿਕ ਕਿਰਿਆ) ਦੁਆਰਾ ਪ੍ਰਾਪਤ ਹੁੰਦਾ ਹੈ। ਮਨ ਦੀ ਇਕ ਤੀਜੀ ਸ਼ਕਤੀ ਵੀ ਹੁੰਦੀ ਹੈ ਜਿਸ ਨੂੰ ਇੱਛਾ ਸ਼ਕਤੀ (ਇੱਛਾ ਅਤੇ ਚੇਸ਼ਟਾ ਜਾਂ ਕਿਰਿਆ ਨਾਲ ਸੰਬੰਧਿਤ) ਕਿਹਾ ਜਾਂਦਾ ਹੈ ਜੋ ਕਿ ਬੋਧ ਅਤੇ ਭਾਵਨਾ ਨਾਲ ਸੰਬੰਧਿਤ ਹੋ ਕੇ ਕਿਰਿਆਸ਼ੀਲ ਹੁੰਦੀ ਹੈ। ਗਿਆਨ-ਮੀਮਾਂਸਕ ਸਿਧਾਂਤਾਂ ਨੂੰ ਆਦਰਸ਼ਵਾਦ ਅਤੇ ਪਦਾਰਥਵਾਦ ਦੇ ਤੌਰ ‘ਤੇ ਵਿਸਤ੍ਰਿਤ ਰੂਪ ਵਿਚ ਵਰਗੀਕ੍ਰਿਤ ਕੀਤਾ ਗਿਆ ਹੈ। ਪਦਾਰਥਵਾਦੀ ਮਨ, ਚੇਤਨਾ ਜਾਂ ਆਤਮਾ ਨੂੰ ਭੌਤਿਕ ਜਗਤ ਜਾਂ ਕੁਦਰਤ ਦੀ ਉਪਜ ਮੰਨਦੇ ਹਨ; ਆਦਰਸ਼ਵਾਦੀ ਕਹਿੰਦੇ ਹਨ ਕਿ ਕੁਦਰਤ ਅਤੇ ਭੌਤਿਕ ਜਗਤ, ਚੇਤਨਾ ਅਤੇ ਆਤਮਾ ਦੀ ਉਪਜ ਹਨ ਜੋ ਕਿ ਭੌਤਿਕ ਜਗਤ ਤੋਂ ਭਿੰਨ ਹੈ।

     ਧਾਰਮਿਕ ਸੰਦਰਭ ਵਿਚ ਆਦਰਸ਼ਵਾਦੀ ਦ੍ਰਿਸ਼ਟੀਕੋਣ ਪਦਾਰਥਵਾਦ ਤੋਂ ਵਧੇਰੇ ਤਰਜੀਹ ਲੈਂਦਾ ਹੈ। ਆਦਿਕਾਲੀਨ ਮਨੁੱਖ ਨੇ ਵੀ ਅਨੁਭਵ ਦੁਆਰਾ ਦ੍ਰਿਸ਼ਟਮਾਨ ਵਿਚਲੇ ਦੋਹਰੇ ਵਿਭਾਜਨ ਵੱਲ ਜ਼ਰੂਰ ਧਿਆਨ ਦਿੱਤਾ ਹੋਵੇਗਾ। ਕੁਝ ਵਸਤਾਂ ਦੀ ਹੋਂਦ ਹੈ ਅਤੇ ਘਟਨਾਵਾਂ ਨਿਯਮਤ ਰੂਪ ਵਿਚ ਵਾਪਰਦੀਆਂ ਹਨ ਤਾਂ ਕਿ ਉਹਨਾਂ ਨੂੰ ਨਿੱਜੀ ਅਨੁਭਵ ਦੁਆਰਾ ਸੌਖਿਆਂ ਹੀ ਸਮਝਿਆ ਜਾ ਸਕੇ। ਇਹਨਾਂ ਅਨੁਭਵਾਂ ਨੇ ਪ੍ਰਾਚੀਨ ਮਾਨਸਿਕਤਾ ਲਈ ਇਸ ਦਾ ਕੁਦਰਤੀ ਜਗਤ ਨੂੰ ਆਕਾਰ ਦਿੱਤਾ। ਪਰ ਇੱਥੇ ਇਕ ਹੋਰ ਅਨੁਭਵ ਦਾ ਜਗਤ ਹੈ, ਅਸਧਾਰਨ ਜਾਂ ਪਰਾਭੌਤਿਕ ਜੋ ਕਿ ਗੁੰਝਲਦਾਰ ਅਤੇ ਸਮਝਣ ਵਿਚ ਮੁਸ਼ਕਿਲ ਸੀ। ਇਹ ਵਿਸ਼ਵਾਸ ਦਾ ਜਗਤ ਸੀ ਜੋ ਜਾਦੂ-ਟੂਣਾ, ਪ੍ਰੇਤ-ਵਿੱਦਿਆ ਆਦਿ ਨੂੰ ਅਰੰਭਿਕ ਧਰਮ ਬਣਾਉਂਦਾ ਹੈ, ਅਤੇ ਜਿਸ ਨੂੰ ਬਾਅਦ ਵਾਲੇ ਸੱਭਿਅਕ ਸਮੇਂ ਦੌਰਾਨ ਵਹਿਮਾਂ-ਭਰਮਾਂ, ਰਸਮਾਂ ਅਤੇ ਪੂਜਾ ਦੇ ਵੱਖਰੇ-ਵੱਖਰੇ ਰੂਪ ਵਿਚ ਕਾਇਮ ਰੱਖਿਆ ਗਿਆ ਹੈ। ਇਸ ਤਰ੍ਹਾਂ ਗਿਆਨ ਨੂੰ ਕੁਦਰਤੀ ਜਾਂ ਸਧਾਰਨ ਅਤੇ ਅਧਿਆਤਮਿਕ ਜਾਂ ਰਹੱਸਮਈ ਤੌਰ ‘ਤੇ ਵਰਗੀਕ੍ਰਿਤ ਕੀਤਾ ਗਿਆ। ਗ੍ਰੀਕ ਫ਼ਿਲਾਸਫ਼ੀ ਵਿਚ ਅਰਸਤੂ ਅਤੇ ਪਲੈਟੋ ਦੀਆਂ ਰਚਨਾਵਾਂ ਵਿਚ ਵਿਸ਼ੇਸ਼ ਤੌਰ ‘ਤੇ ‘ਗਿਆਨ` ਸ਼ਬਦ ਸਧਾਰਨ ਗਿਆਨ ਲਈ, ਬ੍ਰਹਮ-ਗਿਆਨ, ਵਿਸ਼ਵਾਸ ਦੇ ਬਜਾਏ ਅਧਿਆਤਮਿਕ ਗਿਆਨ ਲਈ ਵਰਤਿਆ ਗਿਆ ਹੈ।

     ਭਾਰਤ ਵਿਚ ਵੀ ਗਿਆਨ ਨੂੰ ਦੋ ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ: ਪਰਾਗਿਆਨ (ਉਚੇਰਾ ਅਥਵਾ ਅਧਿਆਤਮਿਕ ਗਿਆਨ) ਅਤੇ ਅਪਰਾ ਗਿਆਨ ਅਥਵਾ ਨੀਵਾਂ ਜਾਂ ਸੰਸਾਰੀ ਗਿਆਨ। ਵਿਹਾਰਿਕ ਪੱਧਰ ‘ਤੇ ਗਿਆਨ ਸ਼ਬਦ ਦਾਰਸ਼ਨਿਕ ਭਾਵ ਵਿਚ ਪਰਾਗਿਆਨ ਨਾਲ ਸੰਬੰਧਿਤ ਹੈ ਜਿਸ ਨੂੰ ਆਤਮ ਗਿਆਨ ਵੀ ਕਿਹਾ ਜਾਂਦਾ ਹੈ, ਅਤੇ ਉੱਚਤਮ ਗਿਆਨ ਨੂੰ ਪਰਿਭਾਸ਼ਿਕ ਤੌਰ ‘ਤੇ ਬ੍ਰਹਮ ਗਿਆਨ , ਪਰਮ ਸੱਤ ਦੀ ਸੂਝ ਅਤੇ ਚੇਤਨਾ ਕਿਹਾ ਜਾਂਦਾ ਹੈ। ਪੁਰਾਤਨ ਭਾਰਤੀ ਧਾਰਮਿਕ ਗ੍ਰੰਥ , ਰਿਗਵੇਦ ਵਿਚ ਭਾਵੇਂ ਕਿ ਭਗਤੀ ਦੇ ਸ਼ਬਦ ਅਤੇ ਕੁਦਰਤੀ ਸ਼ਕਤੀਆਂ ਨੂੰ ਵਿਅਕਤੀਗਤ ਸੰਬੋਧਨ ਕਰਕੇ ਕੀਤੀ ਗਈ ਪ੍ਰਾਰਥਨਾ ਸ਼ਾਮਲ ਹੈ ਪਰ ਫਿਰ ਵੀ ਇਸ ਵਿਚ ਕੁਝ ਕਾਲਪਨਿਕ ਸ਼ਬਦ ਵੀ ਸ਼ਾਮਲ ਹਨ। ਬ੍ਰਾਹਮਣ ਗ੍ਰੰਥ ਮਿੱਥਾਂ ਰਾਹੀਂ ਰਸਮਾਂ ਦੀ ਵਿਆਖਿਆ ਕਰਦੇ ਹਨ। ਉਪਨਿਸ਼ਦਾਂ ਵਿਚ ਬੌਧਿਕ ਇੰਦਰੀਆਂ ਦੀ ਵਰਤੋਂ ਨਾਲ ਧਾਰਮਿਕ ਅਨੁਮਾਨ ਲਗਾਏ ਗਏ ਹਨ। ਅਦਵੈਤ ਵੇਦਾਂਤ ਗਿਆਨ ਨੂੰ ਸਵੈ-ਪ੍ਰਕਾਸ਼ ਕਹਿੰਦਾ ਹੈ। ਇਸ ਨੂੰ ਜਾਣਨ ਲਈ ਹੋਰ ਕਿਸੇ ਗਿਆਨ ਦੀ ਜ਼ਰੂਰਤ ਨਹੀਂ। ਸਵੈ- ਪ੍ਰਕਾਸ਼ਿਤ ਗਿਆਨ ਮਨੁੱਖੀ ਮਨ ਨੂੰ ਪ੍ਰਕਾਸ਼ਿਤ ਕਰਕੇ ਅਗਿਆਨ ਦੇ ਹਨੇਰੇ ਨੂੰ ਦੂਰ ਕਰਦਾ ਹੈ। ਦਿਨ-ਰਾਤ, ਪ੍ਰਕਾਸ਼ ਅਤੇ ਹਨੇਰੇ ਦੇ ਲੱਛਣਾਂ ਨੂੰ ਗਿਆਨ ਅਤੇ ਅਗਿਆਨ ਲਈ ਕ੍ਰਮਵਾਰ ਭਾਰਤੀ ਧਾਰਮਿਕ ਸਾਹਿਤ ਵਿਚ ਵਿਸਤ੍ਰਿਤ ਰੂਪ ਵਿਚ ਵਰਤਿਆ ਗਿਆ ਹੈ।

     ਸਿੱਖ ਧਰਮ , ਪ੍ਰਤੱਖ ਅਨੁਭਵ ਗਿਆਨ ਨੂੰ ਨਕਾਰੇ ਬਗ਼ੈਰ, ਅਧਿਆਤਮਿਕ ਗਿਆਨ ਨੂੰ ਸਪਸ਼ਟ ਤੌਰ ‘ਤੇ ਸਧਾਰਨ ਗਿਆਨ ਨਾਲੋਂ ਉੱਚਾ ਮੰਨਦਾ ਹੈ। ਗੁਰੂ ਨਾਨਕ ਦੇਵ ਜੀ ਨੇ ਜਪੁਜੀ ਵਿਚ ਅਧਿਆਤਮਿਕ ਗਿਆਨ ਦੇ ਨਾਲ-ਨਾਲ ਦੁਨਿਆਵੀ ਗਿਆਨ ਦਾ ਵੀ ਬਹੁਤ ਸੁੰਦਰ ਵਰਨਨ ਕੀਤਾ ਹੈ। ਗੁਰੂ ਜੀ 34ਵੀਂ ਪਉੜੀ ਵਿਚ ਦਿਨ ਅਤੇ ਰਾਤ ਦੇ ਦ੍ਰਿਸ਼ਟਮਾਨ ਅਤੇ ਬਦਲਦੇ ਮੌਸਮਾਂ ਆਦਿ ਦੇ ਪ੍ਰਤੱਖ ਵਰਤਾਰੇ ਦਾ ਜ਼ਿਕਰ ਕਰਦੇ ਹੋਏ ਦੱਸਦੇ ਹਨ ਕਿ ਇਹਨਾਂ ਤੱਤਾਂ ਵਿਚ ਧਰਤੀ ਧਰਮ ਦਾ ਸਥਾਨ ਹੈ। ਪਉੜੀ 35ਵੀਂ ਗਿਆਨ ਖੰਡ ਦਾ ਵਰਨਨ ਕਰਦੀ ਹੈ ਜਿਸ ਵਿਚ ਅਨੰਤ ਕਰਮ ਭੂਮੀਆਂ , ਸੂਰਜਾਂ, ਚੰਦਰਮਾਂ ਅਤੇ ਬ੍ਰਹਿਮੰਡਾਂ ਦੇ ਅਸੀਮ ਪਸਾਰੇ ਦਾ ਗਿਆਨ ਹੁੰਦਾ ਹੈ। ਤੁਲਨਾ ਤੋਂ ਸਪਸ਼ਟ ਪਤਾ ਲੱਗਦਾ ਹੈ ਕਿ ਗਿਆਨ ਮਨ ਨੂੰ ਇਸ ਛੋਟੀ ਜਿਹੀ ਧਰਤੀ ਦੀਆਂ ਸੀਮਿਤ ਸੱਚਾਈਆਂ ਅਤੇ ਸਰੋਕਾਰਾਂ ਤੋਂ ਅਸੀਮਤ ਪਰਮਸਤ ਵੱਲ ਮੋੜਦਾ ਹੈ ਜਿਸ ਨੂੰ ਸੱਚ ਖੰਡ ਕਿਹਾ ਗਿਆ ਹੈ ਅਤੇ ਜਿਸ ਦਾ ਵਰਨਨ 37ਵੀਂ ਪਉੜੀ ਵਿਚ ਕੀਤਾ ਗਿਆ ਹੈ। ਇਕ ਜਗ੍ਹਾ ਗਿਆਨ ਨੂੰ ਕਥਨ ਤੋਂ ਬਾਹਰ ਦੱਸਦੇ ਹੋਏ ਕਿਹਾ ਹੈ ਕਿ ਇਸ ਦੀ ਪ੍ਰਾਪਤੀ ਪਰਮਾਤਮਾ ਦੀ ਬਖ਼ਸ਼ਸ਼ ਦੁਆਰਾ ਹੋ ਸਕਦੀ ਹੈ ਅਤੇ ਇਸ ਤੋਂ ਇਲਾਵਾ ਹੋਰ ਸਾਰੇ ਯਤਨ ਨਿਸਫ਼ਲ ਹਨ (ਗੁ.ਗ੍ਰ.465)। ਗਿਆਨ ਦੀ ਪ੍ਰਾਪਤੀ ਪਰਮਾਤਮਾ ਦਾ ਨਾਮ ਸੁਣਨ, ਉਸ ਵਿਚ ਵਿਸ਼ਵਾਸ ਰੱਖਣ, ਉਸ ਨਾਲ ਪ੍ਰੇਮ ਕਰਨ ਅਤੇ ਆਪਣੇ ਮਨ ਨੂੰ ਧੁਰ ਅੰਦਰ ਤਕ ਖੋਜਣ, ਵਿਚਾਰਨ, ਮਨਨ ਅਤੇ ਵਿਵੇਚਨ ਰਾਹੀਂ ਹੀ ਹੋ ਸਕਦੀ ਹੈ। ਪਰਮਸਤਿ ਦੀ ਸੂਝ ਜਾਂ ਗਿਆਨ ਦਾ ਖ਼ਜ਼ਾਨਾ ਵਿਅਕਤੀ ਦੇ ਅੰਦਰ ਹੀ ਮੌਜੂਦ ਹੈ ਜਿਸ ਨੂੰ ਗੁਰੂ ਦੀ ਸਿੱਖਿਆ ‘ਤੇ ਚੱਲ ਕੇ ਅਤੇ ਪਰਮਾਤਮਾ ਦੀ ਬਖ਼ਸ਼ਸ਼ ਦੁਆਰਾ ਹਾਸਲ ਕੀਤਾ ਜਾ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਸੇ ਸਿੱਖਿਆ ‘ਤੇ ਵਾਰ-ਵਾਰ ਜ਼ੋਰ ਦਿੱਤਾ ਗਿਆ ਹੈ। ਵਿਸ਼ਵਾਸ ਨੂੰ ਭਾਵੇਂ ਜ਼ਰੂਰੀ ਮੰਨਿਆ ਗਿਆ ਹੈ ਪਰ ਜ਼ਿਆਦਾ ਜ਼ੋਰ ਵਿਚਾਰ ‘ਤੇ ਦਿੱਤਾ ਗਿਆ ਹੈ। ਗਿਆਨ ਦੀ ਪ੍ਰਾਪਤੀ ਦਾ ਇਕ ਹੋਰ ਮਹੱਤਵਪੂਰਨ ਹਿੱਸਾ ਗੁਰੂ ਹੈ ਜਿਸ ਦੀ ਸਿੱਖਿਆ ਅਤੇ ਕਿਰਪਾ ਦ੍ਰਿਸ਼ਟੀ ਨਾਲ ਸਹੀ ਸੋਝੀ ਹੋ ਸਕਦੀ ਹੈ। ਸਿੱਖਾਂ ਦੇ ਗੁਰੂ, ਗੁਰੂ ਨਾਨਕ ਦੇਵ ਜੀ (1469- 1539) ਤੋਂ ਗੁਰੂ ਗੋਬਿੰਦ ਸਿੰਘ (1666-1708) ਤਕ ਦਸ ਗੁਰੂ ਸਾਹਿਬਾਨ ਤੋਂ ਬਾਅਦ, ਸ਼ਬਦ ਹੈ ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਹੈ। ਸੰਤ ਪੁਰਸ਼ਾਂ ਅਤੇ ਸਤਿਸੰਗਤ ਦਾ ਸਾਥ ਗਿਆਨ ਦੀ ਪ੍ਰਾਪਤੀ ਦਾ ਇਕ ਮਹੱਤਵਪੂਰਨ ਸਾਧਨ ਮੰਨਿਆ ਗਿਆ ਹੈ। ਦੂਜੇ ਪਾਸੇ ਵਾਦ ਵਿਰੋਧ ਨੂੰ ਵਿਅਰਥ ਕਿਹਾ ਗਿਆ ਹੈ ਜੋ ਕਿ ਮਨ ਅਤੇ ਸਰੀਰ ਲਈ ਹਾਨੀਕਾਰਕ ਹੈ (ਗੁ.ਗ੍ਰੰ. 230)।

     ਪਰਾ-ਤਾਰਕਿਕ ਅਤੇ ਪਰਾ-ਇੰਦ੍ਰਿਆਵੀ ਪ੍ਰਬੰਧ ਰਾਹੀਂ ਹਾਸਲ ਕੀਤੇ ਗਿਆਨ ਨੂੰ ਅੰਤਰਦਰਸ਼ੀ ਅਤੇ ਰਹੱਸਵਾਦੀ ਮੰਨਿਆ ਗਿਆ ਹੈ। ਇਹ ਗਿਆਨ ਦੀ ਉੱਚਤਮ ਅਵਸਥਾ ਹੈ ਜਿਸ ਨੂੰ ਪਰਾ-ਗਿਆਨ ਕਿਹਾ ਗਿਆ ਹੈ। ਇਸ ਦੀ ਪ੍ਰਾਪਤੀ ਨਾ ਕੇਵਲ ਜਿਗਿਆਸੂ ਨੂੰ ਮੁਕਤੀ ਦੇ ਰਾਹ ‘ਤੇ ਲੈ ਜਾਂਦੀ ਹੈ ਸਗੋਂ ਉਸਨੂੰ ਹੋਰਨਾਂ ਦੀ ਮੁਕਤੀ ਲਈ ਵੀ ਕੰਮ ਕਰਨ ਦੇ ਸਮੱਰਥ ਬਣਾਉਂਦੀ ਹੈ। ਉੱਚਤਮ ਗਿਆਨ ਹਾਸਲ ਕਰਨ ਵਾਲੇ, ਬ੍ਰਹਮਗਿਆਨੀ ਦੀ ਪ੍ਰਸੰਸਾ ਪੰਜਵੇਂ ਨਾਨਕ, ਗੁਰੂ ਅਰਜਨ ਦੇਵ ਜੀ ਨੇ ਇੱਥੋਂ ਤਕ ਕੀਤੀ ਹੈ ਕਿ ਉਸਦੀ ਤੁਲਨਾ ਪਰਮਾਤਮਾ ਨਾਲ ਕੀਤੀ ਗਈ ਹੈ (ਗੁ.ਗ੍ਰੰ. 272-74)।


ਲੇਖਕ : ਧ.ਸ. ਅਤੇ ਮ.ਗ.ਸ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17360, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਗਿਆਨ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗਿਆਨ (ਸੰ.। ਸੰਸਕ੍ਰਿਤ ਗ੍ਯਾਨ) ਜਾਣਨਾ। ਯਥਾ-‘ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ’। ਤਥਾ-‘ਅਸੰਖ ਭਗਤ ਗੁਣ ਗਿਆਨ ਵੀਚਾਰ’। ਦੇਖੋ , ‘ਗਿਆਨ ਖੰਡ

                    ‘ਗਿਆਨ ਅੰਜਨ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 17354, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.