ਗਿਆਨੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਿਆਨੀ [ਵਿਸ਼ੇ] ਜਾਣਨ ਵਾਲ਼ਾ , ਗਿਆਤਾ, ਆਲਮ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6437, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗਿਆਨੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਿਆਨੀ. ਸੰ. ज्ञानिन्. ਗ੍ਯਾਨੀ. ਵਿ—ਜਾਣਨ ਵਾਲਾ. ਗ੍ਯਾਤਾ. ਅ਼ਲਿਮ. “ਆਪੁ ਬੀਚਾਰੇ ਸੁ ਗਿਆਨੀ ਹੋਇ.” (ਗਉ ਮ: ੧) “ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ। ਕਹੁ ਨਾਨਕ ਸੁਨ ਰੇ ਮਨਾ, ਗਿਆਨੀ ਤਾਹਿ ਬਖਾਨ.” (ਸ: ਮ: ੯)2 ੨ ਦੇਖੋ, ਗ੍ਯਾਨੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6309, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗਿਆਨੀ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਗਿਆਨੀ: ਸੰਸਕ੍ਰਿਤ ਦੇ ਪਿਛੋਕੜ ਵਾਲੇ ਇਸ ਸ਼ਬਦ ਦਾ ਅਰਥ ਹੈ ਜਾਣਨ ਵਾਲਾ, ਵਿਦਵਾਨ, ਆਲਿਮ , ਪੰਡਿਤ। ਗੁਰੂ ਗ੍ਰੰਥ ਸਾਹਿਬ ਵਿਚ ਇਹ ਸ਼ਬਦ ਸਾਧਾਰਣ ਵਿਦਵਾਨ ਤੋਂ ਇਲਾਵਾ ਅਧਿਆਤਮਿਕ ਗਿਆਨ-ਸੰਪੰਨ ਵਿਅਕਤੀ ਲਈ ਵਿਸ਼ੇਸ਼ ਤੌਰ ’ਤੇ ਵਰਤਿਆ ਗਿਆ ਹੈ। ਗੁਰੂ ਨਾਨਕ ਦੇਵ ਜੀ ਨੇ ਇਸ ਦਾ ਸਰੂਪ ਸਪੱਸ਼ਟ ਕਰਦਿਆਂ ਸਿਰੀ ਰਾਗ ਵਿਚ ਕਿਹਾ ਹੈ ਕਿ ਗਿਆਨੀ ਉਹ ਹੈ ਜੋ ਆਪਣੇ ਆਤਮ- ਸਰੂਪ ਨੂੰ ਪਛਾਣਦਾ ਹੋਵੇ ਅਤੇ ਗੁਰੂ ਦੀ ਕ੍ਰਿਪਾ ਨਾਲ ਬ੍ਰਹਮ ਗਿਆਨ ਸੰਬੰਧੀ ਵਿਚਾਰ ਕਰਦਾ ਹੋਵੇ। ਅਜਿਹਾ ਗਿਆਨੀ ਹੀ ਸੱਚੀ ਦਰਗਾਹ ਵਿਚ ਸਵੀਕ੍ਰਿਤੀ ਪ੍ਰਾਪਤ ਕਰਨ ਦਾ ਅਧਿਕਾਰੀ ਬਣਦਾ ਹੈ— ਪ੍ਰਣਵਤਿ ਨਾਨਕ ਗਿਆਨੀ ਕੈਸਾ ਹੋਇ। ਆਪੁ ਪਛਾਣੈ ਬੂਝੈ ਸੋਇ। ਗੁਰ ਪਰਸਾਦਿ ਕਰੇ ਬੀਚਾਰੁ। ਸੋ ਗਿਆਨੀ ਦਰਗਹ ਪਰਵਾਣੁ। (ਗੁ.ਗ੍ਰੰ. 25)।
ਗੁਰੂ ਤੇਗ ਬਹਾਦਰ ਜੀ ਨੇ ਉਸ ਨੂੰ ‘ਗਿਆਨੀ’ ਕਿਹਾ ਹੈ ਜਿਸ ਉਤੇ ਸੁਖ-ਦੁਖ ਕਿਸੇ ਪ੍ਰਕਾਰ ਦਾ ਕੋਈ ਪ੍ਰਭਾਵ ਨਹੀਂ ਪਾ ਸਕਦੇ— ਦੁਖੁ ਸੁਖੁ ਏ ਬਾਧੇ ਜਿਹ ਨਾਹਨਿ ਤਿਹ ਤੁਮ ਜਾਨਉ ਗਿਆਨੀ। (ਗੁ.ਗ੍ਰੰ. 220)। 16ਵੇਂ ਸ਼ਲੋਕ ਵਿਚ ਗਿਆਨੀ ਦੇ ਲੱਛਣ ਦਸਦਿਆਂ ਨੌਵੇਂ ਗੁਰੂ ਨੇ ਸਥਾਪਿਤ ਕੀਤਾ ਹੈ— ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨਿ। ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ। (ਗੁ.ਗ੍ਰੰ. 1427)।
ਗੁਰੂ ਅਮਰਦਾਸ ਜੀ ਨੇ ਗਿਆਨੀ ਦੇ ਵਿਅਕਤਿਤਵ ਉਤੇ ਪ੍ਰਕਾਸ਼ ਪਾਉਂਦਿਆਂ ਦਸਿਆ ਹੈ ਕਿ ਉਸ ਨੂੰ ਸਚ (ਸਤਿ-ਸਰੂਪ ਬ੍ਰਹਮ) ਦੀ ਪੂਰੀ ਸੋਝੀ ਹੁੰਦੀ ਹੈ ਅਤੇ ਉਹ ਕਿਸੇ ਦਾ ਭੁਲਾਇਆ ਭੁਲ ਨਹੀਂ ਸਕਦਾ— ਗਿਆਨੀਆ ਨੋ ਸਭੁ ਸਚੁ ਹੈ ਸਚੁ ਸੋਝੀ ਹੋਈ। ਓਇ ਭੁਲਾਏ ਕਿਸੈ ਦੇ ਨ ਭੁਲਨ੍ਹੀ ਸਚੁ ਜਾਣਨਿ ਸੋਈ। (ਗੁ.ਗ੍ਰੰ. 425)।
ਗਿਆਨੀ ਦੇ ਮਨ ਅੰਦਰ ਹਰਿ-ਲਿਵ ਲਗੀ ਹੋਈ ਹੈ ਅਤੇ ਉਹ ਸਦਾ ਖੇੜੇ ਦੀ ਅਵਸਥਾ ਵਿਚ ਰਹਿੰਦੇ ਹਨ— ਗਿਆਨੀਆ ਅੰਦਰਿ ਗੁਰ ਸਬਦੁ ਹੈ ਨਿਤ ਹਰਿ ਲਿਵ ਸਦਾ ਵਿਗਾਸੁ। (ਗੁ.ਗ੍ਰੰ. 1415)। ਗੁਰੂ ਨਾਨਕ ਦੇਵ ਜੀ ਨੇ ਗਿਆਨੀ ਨੂੰ ਸਦੀਵੀ ਜੀਵਨ ਵਾਲਾ ਕਿਹਾ ਹੈ ਅਤੇ ਪਰਮਾਤਮਾ ਵਿਚ ਲਗੀ ਸੁਰਤਿ ਕਾਰਣ ਉਹ ਸਮਾਦ੍ਰਿਤ ਹੈ— ਰਜਿ ਨ ਕੋਈ ਜੀਵਿਆ ਪਹੁਚਿ ਨ ਚਲਿਆ ਕੋਇ। ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤਿ ਹੋਇ। (ਗੁ.ਗ੍ਰੰ. 1412)।
ਗੁਰੂ ਅਰਜਨ ਦੇਵ ਜੀ ਨੇ ਬ੍ਰਹਮ ਦਾ ਗਿਆਨ ਰਖਣ ਵਾਲੇ ਸਾਧਕ ਨੂੰ ਨਿਰਾ ‘ਗਿਆਨੀ’ ਨ ਕਹਿ ਕੇ ‘ਬ੍ਰਹਮ-ਗਿਆਨੀ ’ ਕਿਹਾ ਹੈ ਅਤੇ ਉਸ ਦੇ ਲੱਛਣ ਇਸ ਪ੍ਰਕਾਰ ਦਸੇ ਹਨ— ਮਨਿ ਸਾਚਾ ਮੁਖਿ ਸਾਚਾ ਸੋਇ। ਅਵਰੁ ਨ ਪੇਖੈ ਏਕਸੁ ਬਿਨੁ ਕੋਇ। ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ। (ਗੁ.ਗ੍ਰੰ. 272)। ‘ਸੁਖਮਨੀ ’ ਨਾਂ ਦੀ ਰਚਨਾ ਦੀ ਅੱਠਵੀਂ ਅਸ਼ਟਪਦੀ ਵਿਚ ‘ਬ੍ਰਹਮ-ਗਿਆਨੀ’ ਦੇ ਸਰੂਪ ਨੂੰ ਬੜੇ ਵਿਸਤਾਰ ਨਾਲ ਚਿਤਰਿਆ ਗਿਆ ਹੈ। ਉਸ ਨੂੰ ਨਿਰਲੇਪ, ਨਿਰਦੋਖ, ਸਮਾਨ ਦ੍ਰਿਸ਼ਟੀ ਵਾਲਾ, ਸਹਿਜ-ਸੁਭਾ ਵਾਲਾ, ਨਿਰਮਲਾ, ਵੈਰੀ-ਮਿਤਰ ਨੂੰ ਸਮਾਨ ਸਮਝਣ ਵਾਲਾ, ਅਭਿਮਾਨ-ਰਹਿਤ, ਊਚ ਤੇ ਊਚਾ, ਸਭ ਤੇ ਨੀਚਾ, ਸਮਦਰਸੀ , ਪਰਉਪਕਾਰੀ, ਅਹੰ-ਬੁਧਿ ਤਿਆਗਣ ਵਾਲਾ, ਆਦਿ ਕਿਹਾ ਹੈ। ਸਮੁੱਚੇ ਤੌਰ’ਤੇ ਉਸ ਵਿਚ ਬ੍ਰਹਮ ਵਾਲੇ ਸਾਰੇ ਗੁਣ ਪ੍ਰਵੇਸ਼ਿਤ ਹੁੰਦੇ ਹਨ— ਬ੍ਰਹਮ ਗਿਆਨੀ ਕਾ ਸਗਲ ਅਕਾਰੁ। ਬ੍ਰਹਮ ਗਿਆਨੀ ਆਪਿ ਨਿਰੰਕਾਰੁ। ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ। ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ। (ਗੁ.ਗ੍ਰੰ. 273-74)।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6276, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਗਿਆਨੀ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਿਆਨੀ: ਸ਼ਬਦ ਦੀ ਉਤਪਤੀ ਗਿਆਨ ਸ਼ਬਦ ਜਾਂ ਸੰਸਕ੍ਰਿਤ ਦੇ ‘ਞੰਆਨ’ ਤੋਂ ਹੋਈ ਹੈ ਜਿਸ ਦਾ ਅਰਥ ਹੈ ਉਹ ਮਨੁੱਖ ਜਿਸ ਪਾਸ ਗਿਆਨ ਜਾਂ ਆਤਮਿਕ ਸੂਝ-ਬੂਝ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗਿਆਨੀ ਅਤੇ ਬ੍ਰਹਮਗਿਆਨੀ ਦੀ ਕਾਫ਼ੀ ਵਡਿਆਈ ਕੀਤੀ ਗਈ ਹੈ ਜਿਵੇਂ: ਸੋ ਗਿਆਨੀ ਜਿਨਿ ਸਬਦਿ ਲਿਵ ਲਾਈ (ਗੁ.ਗ੍ਰੰ. 831)। ਅਜਿਹਾ ਵਿਅਕਤੀ ਮਨ , ਬਚਨ ਅਤੇ ਕਰਮ ਕਰਕੇ ਸੱਚ ਉੱਤੇ ਪਹਿਰਾ ਦਿੰਦਾ ਹੈ ਅਤੇ ਇਸ ਸੰਸਾਰ ਵਿਚ ਰਹਿੰਦੇ ਹੋਏ ਦੁਨਿਆਵੀ ਲਾਲਸਾਵਾਂ, ਵਾਸ਼ਨਾਵਾਂ ਅਤੇ ਤ੍ਰਿਸ਼ਨਾਵਾਂ ਤੋਂ ਨਿਰਲੇਪ ਰਹਿੰਦਾ ਹੈ: ਬ੍ਰਹਮ ਗਿਆਨੀ ਸਦਾ ਨਿਰਲੇਪ॥ ਜੈਸੇ ਜਲ ਮਹਿ ਕਮਲ ਅਲੇਪ॥ (ਗੁ.ਗ੍ਰੰ. 272)। ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਸ਼ਬਦ ਦੀ ਵਰਤੋਂ ਤੋਂ ਪਰੰਪਰਾਗਤ ਸਿੱਖ ਰਹਿਤ ਦੇ ਗੁਣਾਂ ਦੇ ਧਾਰਨੀ ਮਨੁੱਖ ਦੀ ਹੋਂਦ ਦੀ ਆਸ ਕੀਤੀ ਗਈ ਹੈ। ਇਸ ਬਾਰੇ ਸ੍ਰੀ ਗੁਰੂ ਗ੍ਰੰਥ ਵਿਚ ਦੱਸੇ ਗਏ ਨੈਤਿਕ ਗੁਣਾਂ ਨੂੰ ਧਾਰਨ ਤੋਂ ਇਲਾਵਾ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਹੈ ਕਿ ਅਜਿਹੇ ਮਨੁੱਖ ਨੂੰ ਸਿੱਖ ਸਿਧਾਂਤਾਂ ਦਾ ਗਿਆਨ ਹੋਵੇ ਅਤੇ ਇਹਨਾਂ ਨੂੰ ਨਿੱਜੀ ਜੀਵਨ ਵਿਚ ਲਾਗੂ ਕਰਨ ਲਈ ਪਾਬੰਦ ਹੋਵੇ। ਸਿੰਘ ਸਭਾਈ ਅਤੇ ਰਵਾਇਤੀ ਹਲਕਿਆਂ ਵਿਚ ਅਜੇ ਤਕ ਵੀ ਇਸ ਦੀ ਮਾਨਤਾ ਹੈ। ਸਿੱਖੀ ਦੀ ਵਿਆਖਿਆ ਦੀ ਪ੍ਰਣਾਲੀ ਇਸ ਨਾਮ ਨਾਲ ਜਾਣੀ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਦੇ ਸਮਕਾਲੀ ਸਿੱਖ ਭਾਈ ਮਨੀ ਸਿੰਘ (ਅ.ਚ. 1738) ਦੀ ਚੜ੍ਹਤ ਦੌਰਾਨ ਇਹ ਸ਼ਬਦ ਖ਼ਾਸ ਸਤਿਕਾਰ ਦਾ ਪਾਤਰ ਬਣਿਆ। ਸੋ ਇਹਨਾਂ ਅਰਥਾਂ ਵਿਚ ਇਸ ਦੇ ਯੂਨੀਵਰਸਿਟੀਆਂ ਵੱਲੋਂ ਪੰਜਾਬੀ ਸਾਹਿਤ ਵਿਚ ਦਿੱਤੀ ਜਾਣ ਵਾਲੀ ਗਿਆਨੀ ਡਿਗਰੀ ਤੋਂ ਇਸ ਦੇ ਅਰਥ ਵੱਖਰੇ ਹਨ।
ਲੇਖਕ : ਡਬਲਯੂ. ਐਚ. ਮ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6275, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਗਿਆਨੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਗਿਆਨੀ (ਸੰ.। ਸੰਸਕ੍ਰਿਤ ਗ੍ਯਾਨੀ) ਗਿਆਨ ਵਾਲਾ। ਯਥਾ-‘ਗਿਆਨੀ ਹੋਇ ਸੁ ਚੇਤੰਨੁ ਹੋਇ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6272, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First