ਗੁਰਦਾਸ ਸਿੰਘ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਗੁਰਦਾਸ ਸਿੰਘ: ਗੁਰਦਾਸ ਨਾਮ ਆਉਂਦੇ ਹੀ ਦੋ ਗੁਰਦਾਸ ਸਾਡੇ ਸਾਮ੍ਹਣੇ ਆਉਂਦੇ ਹਨ-ਪਹਿਲੇ ਭਾਈ ਗੁਰਦਾਸ ਜੋ ਕਿ ਆਦਿ ਗ੍ਰੰਥ ਦੇ ਲਿਖਾਰੀ ਤੇ ਛੇਵੇਂ ਪਾਤਸ਼ਾਹ ਤੱਕ ਗੁਰੂ ਸਾਹਿਬਾਨ ਨਾਲ ਸੰਬੰਧਿਤ ਰਹੇ ਹਨ ਅਤੇ ਦੂਜੇ ਗੁਰਦਾਸ ਸਿੰਘ ਜੋ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿਚ ਰਹੇ। ਇਹਨਾਂ ਦੋ ਗੁਰਦਾਸ ਨਾਵਾਂ ਦੇ ਕਵੀਆਂ ਦੇ ਨਾਲ ਹੀ ਇੱਕ ਤੀਜਾ ਗੁਰਦਾਸ ਵੀ ਹੈ। ਇਸ ਗੁਰਦਾਸ ਨੂੰ ਆਮ ਤੌਰ `ਤੇ ‘ਗੁਰਦਾਸ ਗੁਣੀ’ ਕਰ ਕੇ ਵਧੇਰੇ ਜਾਣਿਆ ਜਾਂਦਾ ਹੈ। ਗੁਰਦਾਸ ਗੁਣੀ ਨੇ ਕਥਾ ਹੀਰ ਰਾਂਝਣ ਲਿਖੀ ਹੈ। ਇਸ ਦੀ ਭਾਸ਼ਾ ਹਿੰਦੀ ਲੱਦੀ ਪੰਜਾਬੀ ਹੈ। ਪੰਜਾਬ ਪ੍ਰਾਂਤੀਯ ਹਿੰਦੀ ਸਾਹਿਤਯ ਕਾ ਇਤਿਹਾਸ ਵਿੱਚ ਗੁਰਦਾਸ ਬਾਰੇ ਚੰਗਾ ਚਾਨਣਾ ਪਾਇਆ ਗਿਆ ਹੈ। ਇਸ ਪੁਸਤਕ ਦੇ ਲੇਖਕ ਦੂਜੇ ਤੇ ਤੀਜੇ ਗੁਰਦਾਸ ਨੂੰ ਇੱਕੋ ਹੀ ਵਿਅਕਤੀ ਮੰਨਦੇ ਹਨ। ਉਹਨਾਂ ਨੇ ਗੁਰਦਾਸ ਗੁਣੀ ਰਚਿਤ ਹੀਰ ਦੀ ਇੱਕ ਤੁਕ ਲਈ ਹੈ, ਜੋ ਇਸ ਤਰ੍ਹਾਂ ਹੈ, “ਪਾਤਸ਼ਾਹ ਕੇ ਸਨ ਪੱਚਾਸੇ, ਇਯੌ ਆਇਯੌ ਹ੍ਰਿਦੇ ਗੁਰਦਾਸੇ।" ਬਾਦਸ਼ਾਹ ਦੇ ਜਨਮ ਤੋਂ ਪੰਜਾਹ ਵਰ੍ਹੇ ਮਗਰੋਂ ਕਵੀ ਗੁਰਦਾਸ ਦੇ ਦਿਲ ਵਿੱਚ ‘ਹੀਰ ਰਾਂਝਾ’ ਦੀ ਕਥਾ ਲਿਖਣ ਦਾ ਫੁਰਨਾ ਫੁਰਿਆ। ਔਰੰਗਜ਼ੇਬ ਦਾ ਜਨਮ 1675 ਬਿਕਰਮੀ ਮੰਨਿਆ ਜਾਂਦਾ ਹੈ। ਇਸ ਤੋਂ ਪੰਜਾਹ ਵਰ੍ਹੇ ਮਗਰੋਂ ਅਰਥਾਤ 1725 ਬਿਕਰਮੀ ਵਿੱਚ ਗੁਰਦਾਸ ਗੁਣੀ ਨੇ ਹੀਰ-ਰਾਂਝਾ ਦੀ ਕਥਾ ਕਲਮਬੰਦ ਕੀਤੀ।
ਉਪਰੋਕਤ ਪੁਸਤਕ ਦੇ ਲੇਖਕ ਚੰਦ੍ਰਕਾਂਤ ਬਾਲੀ ਸਿੱਟਾ ਕੱਢਦੇ ਹਨ-“ਜੇ 1725 ਬਿਕਰਮੀ ਵਿੱਚ ਹੀਰ ਰਾਂਝੇ ਦੀ ਕਥਾ ਲਿਖੀ ਗਈ ਹੋਵੇਗੀ, ਤਾਂ ਇਸ ਅਨੁਮਾਨ ਨੂੰ ਇੱਕ ਆਧਾਰ ਮਿਲ ਜਾਂਦਾ ਹੈ ਕਿ ਗੁਰਦਾਸ ਗੁਣੀ ਕਥਾ ਲਿਖਣ ਮਗਰੋਂ ਦਸਮ ਪਾਤਸ਼ਾਹ ਦੇ ਹਜ਼ੂਰ ਵਿੱਚ ਪੁੱਜਿਆ ਹੋਵੇਗਾ। ਬਹਰਹਾਲ, ਜਦ ਤੱਕ ਹੋਰ ਗੁਰਦਾਸ ਦੀ ਰਚਨਾ ਜਾਂ ਬਿਰਤਾਂਤ ਨਹੀਂ ਮਿਲਦਾ, ਓਦੋਂ ਤੱਕ ਇਹ ਦਲੀਲ ਅਕੱਟ ਰਹੇਗੀ।" ਗੁਰਦਾਸ ਗੁਣੀ ਨੇ ਸਭ ਤੋਂ ਪਹਿਲਾਂ ਹੀਰ ਰਾਂਝਾ ਦੀ ਕਥਾ ਲਿਖੀ। ਮਗਰੋਂ ਰਤਾ ਪਕੇਰੀ ਉਮਰ ਵਿੱਚ ਗੁਰਦਾਸ ਗੁਣੀ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿੱਚ ਪੁੱਜ ਗਿਆ।
ਸ਼ਾਇਦ ਕਵੀ ਨਾਲ ਲੱਗਾ ਗੁਣੀ ਪਦ ਵੀ ਭੁਲੇਖਾ ਪਾਉਣ ਵਾਲਾ ਹੈ। ਕਵੀ ਗੁਣੀ ਸ਼ਬਦ ਨੂੰ ਨਾਮ ਜਾਂ ਉਪਮਾ ਕਰ ਕੇ ਨਹੀਂ ਮੰਨਦਾ, ਸਗੋਂ ਮਗਰੋਂ ਹੋਰ ਕਿਸੇ ਨੇ ਉਸ ਦੇ ਗੁਣਾਂ ਨੂੰ ਮੁੱਖ ਰੱਖ ਕੇ ਹੀ ਗੁਰਦਾਸ ਨਾਲ ਗੁਣੀ ਜੋੜ ਦਿੱਤਾ ਹੈ। ਗੁਰਦਾਸ ਗੁਣੀ ਦਮੋਦਰ ਤੋਂ ਸੁਣੀ ਹੀਰ ਦੀ ਕਥਾ ਦਾ ਜ਼ਿਕਰ ਕਰਦਾ ਹੈ। ਇੱਥੇ ਉਹ ਦਮੋਦਰ ਦੇ ਨਾਂ ਨਾਲ ਵੀ ਗੁਣੀ ਸ਼ਬਦ ਦੀ ਵਰਤੋਂ ਕਰਦਾ ਹੈ :
ਕਰੋਂ ਕਥਾ ਜੋ ਪਾਛੈ ਸੁਨੀ,
ਜਯੋਂ ਬਰਨੀ ਦਾਮੋਦਰ ਗੁਨੀ।
ਸਪਸ਼ਟ ਹੈ ਕਿ ਗੁਰਦਾਸ ਨੇ ਹੀਰ-ਰਾਂਝੇ ਦੀ ਕਥਾ ਦਮੋਦਰ ਦੀ ਹੀਰ ਪੜ੍ਹ ਜਾਂ ਸੁਣ ਕੇ ਆਪਣੀ ਭਾਸ਼ਾ ਵਿੱਚ ਇਸ ਕਥਾ ਨੂੰ ਉਤਾਰਿਆ। ਇਸ ਲਈ ਇਸ ਗੱਲ ਦੀ ਪੁਸ਼ਟੀ ਸਹਿਜੇ ਹੀ ਹੋ ਜਾਂਦੀ ਹੈ ਕਿ ਗੁਰਦਾਸ ਗੁਣੀ ਹੀ ਮਗਰੋਂ ਜਾ ਕੇ ਗੁਰਦਾਸ ਸਿੰਘ ਬਣ ਗਿਆ। ਗੁਰਦਾਸ ਗੁਣੀ ਦੀ ਹੀਰ ਵਿੱਚ ਆਇਆ ਸੱਚੇ ਪਾਤਸ਼ਾਹ ਦਾ ਵਰਣਨ, ਗੁਰੂ ਪ੍ਰਤਿ ਨਿਸ਼ਠਾ ਭਾਵ, ਨਾਮ ਭਗਤੀ ਉੱਤੇ ਦਿੱਤਾ ਜ਼ੋਰ, ਇੱਥੋਂ ਤੱਕ ਕਿ ਬਹੁਤ ਸਾਰੇ ਇੱਕੋ ਜਿਹੇ ਸ਼ਬਦਾਂ ਦੀ ਵਰਤੋਂ ਸਭ ਸਿੱਧ ਕਰਦੇ ਹਨ ਕਿ ਇਹ ਦੋਵੇਂ ਕਵੀ ਇੱਕੋ ਹੀ ਹਨ। ਪਰ ਗੁਰਦਾਸ ਦੇ ਜਨਮ ਕਾਲ ਦਾ ਸਮਾਂ ਫੇਰ ਵੀ ਮਿਲ ਨਹੀਂ ਸਕਿਆ ਹੈ। ਅਸੀਂ ਅਨੁਮਾਨ ਲਾ ਸਕਦੇ ਹਾਂ। ਹੀਰ ਰਾਂਝਾ ਦੀ ਕਥਾ ਸੰਮਤ 1725 ਵਿੱਚ ਜਾਂ 1668 ਵਿੱਚ ਰਚੀ ਗਈ ਹੈ। ਜੇਕਰ ਗੁਰਦਾਸ ਉਸ ਵੇਲੇ 20-25 ਵਰ੍ਹੇ ਦਾ ਨੌਜਵਾਨ ਵੀ ਹੋਵੇ ਤਾਂ ਇਸਦਾ ਜਨਮ 1645 ਅਤੇ 1648 ਦੇ ਵਿਚਕਾਰ ਹੀ ਹੋਣਾ ਮਿਥਿਆ ਜਾ ਸਕਦਾ ਹੈ। ਗੁਰਦਾਸ ਦੀ ਹੀਰ ਦੇ ਕੁਝ ਬੋਲ ਦੇਖੇ ਜਾ ਸਕਦੇ ਹਨ। ਇਹਨਾਂ ਦਾ ਮਿਲਾਨ ਭਾਈ ਗੁਰਦਾਸ ਸਿੰਘ ਲਿਖਤ ਵਾਰ ਨਾਲ ਕਰ ਕੇ ਸਹਿਜੇ ਹੀ ਇਹ ਅਨੁਮਾਨ ਸਚਾਈ ਵਿੱਚ ਬਦਲ ਜਾਵੇਗਾ। ਦੇਖੋ :
ਭਗਤਉ ਹੇਤਲੀਨ ਅਵਤਾਰਾ,
ਸਬ ਸੰਤਨ ਕੋ ਦੁੱਖ ਨਿਵਾਰਾ।
ਐਸੇ ਠਾਕੁਰ ਸਦਾ ਧਿਆਈਏ,
ਬਾਰ ਬਾਰ ਜਾ ਪਰ ਬਲਿ ਜਾਈਏ।
ਨਮੋ ਨਮੋ ਗੁਰਦੇਵ ਦਿਯਾਲਾ,
ਆਨ ਦਿਯੌ ਜਿਹ ਨਿਪਟ ਉਜਾਲਾ।
ਜੋ ਕਿਛੁ ਜਾ ਹੈ ਯਾ ਮਨ ਮੇਰੋ,
ਗਿਆਨ ਸੰਬੰਧ ਤੈ ਮਿਟੈ ਅੰਧੇਰੌਂ।
ਭਕਤੀਭਾਵ ਕੋ ਰਾਹ ਦਿਖਾਇਯੌ,
ਅਤਿ ਸੰਤੋਖ ਮੇਰੇ ਮਨ ਆਇਯੌ।
ਐਸੇ ਗੁਰ ਕੇ ਪਦ ਬਲਿਹਾਰੀ,
ਕ੍ਰਿਪਾ ਦ੍ਰਿਸ਼ਟੀ ਦਾਮਨ ਪੈ ਧਾਰੀ।
ਸਪਸ਼ਟ ਹੈ ਕ੍ਰਿਪਾ ਦ੍ਰਿਸ਼ਟੀ ਪਾਉਣ ਵਾਲੇ ਤੇ ਭਗਤੀ ਦਾ ਰਾਹ ਦੱਸਣ ਵਾਲੇ ਇਹ ਗੁਰੂ ਦੇਵ ਹੋਰ ਕੋਈ ਨਹੀਂ, ਗੁਰੂ ਗੋਬਿੰਦ ਸਿੰਘ ਹੀ ਹਨ। ਮਗਰੋਂ ਇਹਨਾਂ ਗੁਰੂ ਸਾਹਿਬ ਬਾਰੇ ਆਪਣੀ ਵਾਰ ਲਿਖੀ ਜਿਸਦਾ ਨਾਂ ਹੈ-ਵਾਰ ਰਾਮਕਲੀ ਪਾਤਸ਼ਾਹੀ ਦਸਵੀਂ ਕੀ। ਇਸੇ ਵਾਰ ਵਿੱਚ ਉਹ ਪ੍ਰਸਿੱਧ ਪੰਕਤੀਆਂ ਹਨ :
ਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ,
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ।
ਵਾਰ ਵਿੱਚ ਮੰਗਲਾਚਰਨ ਦੇ ਇਹ ਮੁਢਲੇ ਬੋਲ ਹਨ। ਕਵੀ ਹਰਿ ਦੇ ਸੱਚੇ ਤਖ਼ਤ, ਸਤ ਸੰਗਤਿ, ਫੇਰ ਗੁਰੂ ਨਾਨਕ ਦੇਵ, ਪਾਹੁਲ ਪੀ ਕੇ ਜਨਮ ਸਫਲ ਕਰਨ ਦੀ ਗੱਲ ਕਰਦਾ ਹੈ। ਸਿਮਰ ਮਨਾਈ ਕਾਲਕਾ ਕਹਿ ਕੇ ਯੁੱਧ ਦੀ ਦੇਵੀ ਦਾ ਸਿਮਰਨ ਕੀਤਾ ਹੈ। ਯੁੱਧ ਦੀ ਦੇਵੀ ਕੋਈ ਜਿਸਮ ਨਹੀਂ, ਸਗੋਂ ਇੱਕ ਸ਼ਕਤੀ ਹੈ, ਆਦਿ ਸ਼ਕਤੀ ਹੈ, ਜਗਤਮਾਤਾ ਹੈ। ਜਗਤਮਾਤਾ ਦਾ ਕੋਈ ਰੂਪ ਰੰਗ, ਜਾਤ-ਪਾਤ, ਚਿੰਨ੍ਹ ਵਰਣਨ ਨਹੀਂ। ਇਹ ਤਾਂ ਲੋਕ ਮਾਤਾ ਹੈ। ਉਸ ਪਾਰਬ੍ਰਹਮ ਦਾ ਇੱਕ ਸਰੂਪ ਉਹ ਵੀ ਹੈ, ਜਿਸ ਨੂੰ ਲੋਕ ਮਾਤਾ, ਜਗਤਮਾਤਾ ਆਦਿ ਸ਼ਕਤੀ ਕਿਹਾ ਜਾਂਦਾ ਹੈ।
ਕਵੀ ਦੇ ਵਰਣਨ ਤੋਂ ਪਤਾ ਲੱਗਦਾ ਹੈ ਕਿ ਉਹ ਯੋਗ, ਜਪ-ਤਪ, ਸੰਜਮ ਸਾਧਨਾ ਅਤੇ ਭਗਤੀ, ਨਾਮ ਸਿਮਰਨ, ਖਟ ਚੱਕਰ, ਸਹਿਜ, ਗਗਨ ਮੰਡਲ, ਦਰਗਹ, ਗੁਰਮੁਖ ਤੇ ਮਨਮੁਖ ਵਿੱਚ ਫ਼ਰਕ, ਖੰਡੇ ਧਾਰ ਪਾਹੁਲ ਦਾ ਪਾਨ ਕਰਨ, ਨਾਮ ਮਹਿਮਾ, ਗੁਰੂ ਦੀ ਬਖ਼ਸ਼ਿਸ਼ ਆਦਿ ਵਿੱਚ ਵਿਸ਼ਵਾਸ ਕਰਦਾ ਹੈ। ਵਾਰ ਵਿੱਚ ਆਮ ਤੌਰ `ਤੇ ਯੁੱਧ ਵਰਣਨ ਹੁੰਦਾ ਹੈ। ਵੀਰ ਰਸ ਤੋਂ ਛੁੱਟ ਰੌਦਰ, ਵੀਭਤਸ ਆਦਿ ਰਸਾਂ ਦਾ ਵਰਣਨ ਹੁੰਦਾ ਹੈ। ਪਰ ਇਸ ਵਾਰ ਵਿੱਚ ਭਾਈ ਗੁਰਦਾਸ ਆਪਣੇ ਨਾਇਕ - ਗੁਰੂ ਗੋਬਿੰਦ ਸਿੰਘ ਦੇ ਵਿਅਕਤਿਤਵ, ਮਿਸ਼ਨ ਤੇ ਕਾਰਨਾਮਿਆਂ ਦਾ ਸੰਖੇਪ ਪਰ ਭਾਵਪੂਰਨ ਵਰਣਨ ਕਰਦਾ ਹੈ।
ਇਸੇ ਪ੍ਰਸੰਗ ਵਿੱਚ ਕਵੀ ਨੇ ਖ਼ਾਲਸਾ ਸਾਜਣਾ ਦਾ ਉਦੇਸ਼, ਸਿੱਖੀ ਕੀ ਹੈ, ਧਰਮ ਕੀ ਹੈ, ਬਾਰੇ ਲਿਖਿਆ ਹੈ। ਗੁਰੂ ਜੀ ਨੇ ਧਰਮ ਦੀ ਸਥਾਪਨਾ ਕੀਤੀ, ਅਧਰਮ ਨੂੰ ਜੜੋਂ ਪੁੱਟਿਆ, ਤੁਰਕਾਂ ਤੇ ਦੁਸ਼ਟਾਂ ਨੂੰ ਖ਼ਤਮ ਕੀਤਾ। ਧਰਮ ਚਲਾਵਨ, ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ ਦੇ ਗੁਰੂ ਸਾਹਿਬ ਦੇ ਬਚਿਤ੍ਰ ਨਾਟਕ ਦੇ ਬਚਨਾਂ `ਤੇ ਇਹ ਵਾਰ ਪੂਰੀ ਤਰ੍ਹਾਂ ਢੁੱਕਵੀਂ ਬੈਠਦੀ ਹੈ। ਕਵੀ ਗੁਰਮਤਿ ਤੇ ਭਗਤੀ, ਗੁਰਮਤਿ ਤੇ ਯੋਗ ਦਾ ਸੁਮੇਲ ਕਰਦਾ ਹੈ। ਕਵੀ ਨੇ ਅਧਿਆਤਮ ਦੀ ਸੰਪੂਰਨ ਸ਼ਬਦਾਵਲੀ ਨੂੰ ਗੁਰਮਤਿ ਆਸ਼ਿਆਂ ਅਨੁਸਾਰ ਢਾਲ ਕੇ ਧਰਮ ਦਾ ਸਹੀ ਸਰੂਪ ਸਾਮ੍ਹਣੇ ਲਿਆਂਦਾ ਹੈ। ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਦੇ ਜੀਵਨ, ਬਾਣੀ, ਸ਼ਖ਼ਸੀਅਤ ਅਤੇ ਕਾਰਨਾਮਿਆਂ ਦਾ ਜਿੰਨਾ ਸੁੰਦਰ ਵਰਣਨ ਗੁਰਦਾਸ ਸਿੰਘ ਨੇ ਕੀਤਾ ਹੈ, ਉਹ ਆਪਣੇ-ਆਪ ਵਿੱਚ ਇੱਕ ਮਿਸਾਲ ਹੈ।
ਗੁਰਦਾਸ ਸਿੰਘ ਗੁਰੂ ਜੀ ਦਾ ਦਰਬਾਰੀ ਕਵੀ ਹੀ ਨਹੀਂ ਸੱਚਾ ਸ਼ਰਧਾਲੂ ਸਿੰਘ ਸੀ। ਇਹ ਗੱਲ ਵਾਰ ਦੀ ਅੰਦਰਲੀ ਗੁਆਹੀ ਤੋਂ ਸਪਸ਼ਟ ਹੈ। ਗੁਰੂ ਜੀ ਨੇ ਲੱਖਾਂ ਵਰਿਆਮੜੇ ਜਗਾਏ। ਕਲਿਜੁਗ ਵਿੱਚ ਅਵਤਾਰ ਧਾਰ ਕੇ ਸਤਜੁਗ ਵਰਤਾਇਆ। ਸੰਤ, ਭਗਤ ਤੇ ਗੁਰਸਿਖ ਹੋ ਕੇ ਜੱਗ ਨੂੰ ਤਾਰਨ ਆਏ ਸਨ। ਅੰਤ ਵਿੱਚ ਗੁਰਦਾਸ ਗੁਰੂ ਜੀ ਅੱਗੇ ਬੇਨਤੀ ਕਰਦੇ ਹਨ :
ਗੁਰਦਾਸ ਖੜਾ ਦਰ ਪਕੜ ਕਰਿ, ਇਉਂ ਉਚਰਿ ਸੁਨਾਏ।
ਹੇ ਸਤਿਗੁਰ ਜਮਤ੍ਰਾਸ ਸੋ, ਮੋਹਿ ਲੇਹੁ ਛੁਡਾਏ।
ਹਉਂ ਦਾਸਨ ਕੋ ਦਾਸਰੇ ਗੁਰ ਟਹਿਲ ਕਮਾਏ।
ਤਬ ਛੂਟੇ ਬੰਧਨ ਸਕਲ, ਫੁਨ ਨਰਕ ਨ ਜਾਏ।
ਹਰਿ ਦਾਸਾਂ ਚਿੰਦਿਆ ਸਦਾ ਸਦਾ, ਦਾਸਾਂ ਗੁਰ ਮੇਲਾ।
ਵਾਹ ਵਾਹ ਗੋਬਿੰਦ ਸਿੰਘ, ਆਪੇ ਗੁਰ ਚੇਲਾ॥
ਗੁਰਦਾਸ ਸਿੰਘ ਰਚਿਤ ਇੱਕ ਬਾਰਾਂਮਾਹ ਮਿਲਦਾ ਹੈ। ਨਾਂ ਹੈ - ਬਾਰਾਂਮਾਹ ਸ੍ਰੀ ਰਾਮਚੰਦ੍ਰ ਜੀ ਕਾ। ਇਹ ਬਹੁਤ ਵਧੀਆ ਕਾਵਿ-ਰਚਨਾ ਹੈ। ਕਵੀ ਰਾਮਚੰਦ੍ਰ ਲਈ ਹਰ ਥਾਂ ‘ਪ੍ਰਭੂ’ ਸ਼ਬਦ ਹੀ ਵਰਤਦਾ ਹੈ। ਰਾਮ ਦੀ ਮਹਿਮਾ ਕਰਦਾ ਹੈ। ਉਹ ਰਾਮ ਪਤਿਤ ਪਾਵਨ ਹੈ ਅਤੇ ਸੰਤਨ ਕਾ ਸੰਗੀ ਹੈ, ਕਵਲਾਕੰਤ (ਵਿਸ਼ਣੂ) ਹੈ। ਬਹੁਤ ਹੀ ਕਲਾਪੂਰਨ ਢੰਗ ਨਾਲ ਕਵੀ ਸਮੁੱਚੀ ਰਾਮਕਥਾ ਦਰਜ ਕਰ ਜਾਂਦਾ ਹੈ। ਉਸ ਨੂੰ ਪੂਰਾ ਅਹਿਸਾਸ ਹੈ ਕਿ ਬਾਰਾਂਮਾਹ ਵਿੱਚ ਕੇਵਲ ਦੁੱਖ, ਵਿਛੋੜੇ ਦਾ ਹੀ ਵਰਣਨ ਕਰੇ। ਬਾਕੀ ਕਥਾ ਉਹ ਛੜੱਪੇ ਮਾਰ ਕੇ ਨਿਕਲ ਜਾਂਦਾ ਹੈ। ਪਰ ਉਹ ਦਸ਼ਰਥ, ਕੁਸ਼ੱਲਿਆ, ਸੀਤਾ ਅਤੇ ਭਰਤ ਦਾ ਵਿਯੋਗ ਵਰਣਨ ਹੀ ਮੁੱਖ ਰੂਪ ਵਿੱਚ ਕਰਦਾ ਹੈ। ਭਰਤ ਦਾ ਵਿਯੋਗ-ਵਰਣਨ ਸਾਰੀ ਕਥਾ `ਤੇ ਪੂਰੀ ਤਰ੍ਹਾਂ ਛਾਇਆ ਰਹਿੰਦਾ ਹੈ। ਭਰਤ ਪਹਿਲਾਂ ਨਾਨਕਿਉਂ ਮੁੜ ਕੇ ਵਿਰਲਾਪ ਕਰਦੇ, ਫੇਰ ਜੰਗਲ ਵਿੱਚ ਜਾ ਕੇ ਰਾਮ ਸਾਮ੍ਹਣੇ ਪਛਤਾਵਾ ਕਰਦਾ ਤੇ ਹੌਂਕੇ ਭਰਦੈ। ਫੇਰ ਗਰਮ ਤੇ ਸਰਦ ਰੁੱਤ ਵਿੱਚ ਰਾਮ ਦੀ ਹਾਲਤ ਦਾ ਅਨੁਮਾਨ ਕਰ ਕੇ ਹੰਝੂ ਵਗਾਉਂਦਾ ਹੈ। ਇਸ ਪਿੱਛੋਂ ਭਰਤ ਬੇਸਬਰੀ ਨਾਲ ਰਾਮ ਨੂੰ ਉਡੀਕ ਰਿਹਾ ਹੈ। ਖੜਾਵਾਂ ਸਿੰਘਾਸਣ `ਤੇ ਰੱਖ ਕੇ ਸਾਧੂ ਭੇਸ ਵਿੱਚ ਕਲਪਦਾ ਹੈ। ਇਹ ਸਭ ਦ੍ਰਿਸ਼ ਬਾਰਾਂਮਾਹ ਦੇ ਧਰਮ ਨੂੰ ਪੂਰੀ ਤਰ੍ਹਾਂ ਨਿਭਾਉਂਦੇ ਹਨ। ਅੰਤ ਵਿੱਚ ਉਹ ਲਿਖਦਾ ਹੈ :
- ਜਾਚਕ ਭਏ ਕੁਮੇਰ ਸਮ, ਠੰਕ ਨ ਰਹਿਓ ਕੋਇ।
ਗੁਰਦਾਸ ਸਿੰਘ ਕੀ ਬੇਨਤੀ, ਦਰਸ ਤਿਹਾਰੋ ਹੋਇ।
ਕਿੰਨੀ ਪੀੜ ਹੈ ਇੱਕੋ ਪੰਕਤੀ ਵਿੱਚ :
- ਜਿਨਕੇ ਪੂਤ ਬੈਰਾਗੀ ਥੀਵੈ,
ਤਿਨ ਕੇ ਮਾਤ ਪਿਤਾ ਕਿਉਂ ਜੀਵੈ।
- ਮਨ ਤਨ ਅਰਪ ਧਰੀ ਤਿਸ ਆਗੇ,
ਜੋ ਕੋਈ ਰਾਮ ਮਿਲਾਵੈ।
- ਨਾਲ ਦਿਵਾਰਾਂ ਸੀਸ ਫੋੜਦਾ, ਰੋ ਰੋ ਨੈਣ ਵੰਞਾਈ।
-ਮਾਤਾ ਦ੍ਰਿਗ ਭਰ ਹੰਝੂ ਰੋਈ, ਪ੍ਰੇਮ ਨ ਮਾਉਦਾ।
ਪਿਆਰ-ਵਿਛੋੜੇ ਅਤੇ ਕਾਵਿ-ਗੁਣਾਂ ਦੀਆਂ ਧਾਰਨੀ ਇਹ ਤੁਕਾਂ ਹੀ ਕਾਫ਼ੀ ਹਨ। ਭਾਈ ਗੁਰਦਾਸ ਸਿੰਘ ਉੱਚ-ਪਾਏ ਦਾ ਕਵੀ ਹੈ। ਉਸ ਦੀ ਰਚਨਾ ਵਿੱਚ ਵਿਵਿਧਤਾ ਹੈ। ਉਹ ਕਿੱਸਾਕਾਰ, ਵਾਰਕਾਰ ਅਤੇ ਬਾਰਾਂਮਾਹ ਲੇਖਕ ਸਭ ਕੁਝ ਹੈ।
ਲੇਖਕ : ਧਰਮਪਾਲ ਸਿੰਗਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2954, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First