ਗੁਰਬਾਣੀ ਦੀ ਕੁੰਜੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗੁਰਬਾਣੀ ਦੀ ਕੁੰਜੀ: ਰਵਾਇਤ ਅਨੁਸਾਰ ਭਾਵੇਂ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਨ ਕੀਤਾ, ਪਰ ਉਸ ਦੇ ਗੁਰਮਤਿ ਅਨੁਰੂਪੀ ਆਸ਼ੇ ਨੂੰ ਸਾਹਮਣੇ ਰਖਦਿਆਂ ਉਸ ਨੂੰ ‘ਗੁਰਬਾਣੀ ਦੀ ਕੁੰਜੀ’ ਹੋਣ ਦਾ ਗੌਰਵ ਬਖ਼ਸ਼ਿਆ। ਇਥੇ ਕੁੰਜੀ ਤੋਂ ਭਾਵ ਹੈ ਗੁਰਮਤਿ ਸਿੱਧਾਂਤਾਂ ਦੀ ਅਧਿਕਾਰੀ ਢੰਗ ਨਾਲ ਵਿਆਖਿਆ ਕਰਨ ਦੀ ਸਮਰਥ ਰਚਨਾ। ‘ਕੁੰਜੀ’ ਸ਼ਬਦ ਗੁਰਦਾਸ-ਬਾਣੀ ਨੂੰ ਪ੍ਰਦਾਨ ਕੀਤਾ ਪ੍ਰਮਾਣਿਕਤਾ ਦਾ ਚਿੰਨ੍ਹ ਹੈ। ਇਸ ਉਕਤੀ ਦਾ ਵਿਸ਼ਲੇਸ਼ਣ ਕੁਝ ਵਿਸਤਾਰ ਨਾਲ ਕਰਨਾ ਉਚਿਤ ਹੋਵੇਗਾ।

ਭਾਈ ਗੁਰਦਾਸ ਦੀਆਂ ਵਾਰਾਂ ਚੂੰਕਿ ਗੁਰਬਾਣੀ ਦੀ ਵਿਚਾਰਧਾਰਾ ਦੇ ਵਿਸ਼ਲੇਸ਼ਣ ਨਿਮਿਤ ਲਿਖੀਆਂ ਗਈਆਂ ਸਨ , ਇਸ ਲਈ ਕਵੀ ਦਾ ਚਿੰਤਨ ਗੁਰਬਾਣੀ ਅਨੁਸਾਰੀ ਸੀ ਅਤੇ ਉਸ ਦਾ ਵਿਸਤਾਰਕ ਵੀ ਸੀ। ਬ੍ਰਹਮ ਦੇ ਅਲਖ , ਬੇਅੰਤ, ਅਸਗਾਹ, ਨਿਰੰਜਨ , ਅਗੰਮ, ਅਗੋਚਰ , ਕਰਤਾ-ਰੂਪ, ਓਅੰਕਾਰ ਆਦਿ ਦਾ ਉੱਲੇਖ ਕਰਕੇ ਉਨ੍ਹਾਂ ਦੇ ਨਿਰਗੁਣਵਾਦੀ ਰੂਪ ਨੂੰ ਸਪੱਸ਼ਟ ਕੀਤਾ ਹੈ। ਨਿਰਗੁਣ ਭਗਤੀ ਵਿਚ ਭਾਈ ਗੁਰਦਾਸ ਨੇ ਗੁਰਬਾਣੀ ਵਾਂਗ , ਦੇਵੀ- ਦੇਵਤਿਆਂ ਨੂੰ ਇਸ਼ਟ ਵਜੋਂ ਕੋਈ ਮਹੱਤਵ ਨਹੀਂ ਦਿੱਤਾ ਅਤੇ ਇਸ ਗੱਲ ’ਤੇ ਬਲ ਦਿੱਤਾ ਹੈ ਕਿ ਇਹ ਸਭ ਪਰਮਾਤਮਾ ਦੁਆਰਾ ਪੈਦਾ ਕੀਤੇ ਹੋਏ ਹਨ ਅਤੇ ਉੇਸੇ ਦੀ ਆਰਾਧਨਾ ਵਿਚ ਮਗਨ ਹਨ। ਉਹ ਸਭ ਪਰਮਾਤਮਾ ਦੇ ਮੁਕਾਬਲੇ ਤੁਛ ਅਤੇ ਮਹੱਤਵਹੀਨ ਹਨ— ਬਿਸਨ ਲਏ ਅਵਤਾਰ ਦਸ ਵੈਰ ਵਿਰੋਧ ਜੋਧ ਸੰਘਾਰੇ ਮਛ ਕਛ ਵੈਰਾਹ ਰੂਪ ਹੋਇ ਨਰ ਸਿੰਘ ਬਾਵਨ ਬਉਧਾਰੇ ਪਰਸਰਾਮ ਰਾਮੁ ਕਿਸਨੁ ਹੋਇ ਕਿਲੁਕਿ ਕਲੰਕੀ ਅਤਿ ਅਹੰਕਾਰੇ ਖਤ੍ਰੀ ਮਾਰਿ ਇਕੀਹ ਵਾਰ ਰਾਮਾਇਣ ਕਰਿ ਭਾਰਥ ਭਾਰੇ ਕਾਮ ਕਰੋਧ ਸਾਧਿਓ ਲੋਭੁ ਮੋਹ ਅਹੰਕਾਰ ਮਾਰੇ ਸਤਿਗੁਰ ਪੁਰਖੁ ਭੇਟਿਆ ਸਾਧ ਸੰਗਤਿ ਸਹਲੰਗ ਸਾਰੇ ਹਉਮੈ ਅੰਦਰਿ ਕਾਰਿ ਵਿਕਾਰੈ (ਵਾਰ 12/8)। ਇਥੇ ਇਕ ਪਾਸੇ ਅਵਤਾਰਵਾਦ ਦਾ ਖੰਡਨ ਹੋਇਆ ਹੈ ਅਤੇ ਦੂਜੇ ਪਾਸੇ ਗੁਰੂ ਅਤੇ ਸਾਧ -ਸੰਗਤਿ ਦੇ ਸ਼ਰਣ ਵਿਚ ਆਉਣ ਦੀ ਗੱਲ ਉਤੇ ਬਲ ਦਿੱਤਾ ਗਿਆ ਹੈ।

ਸ੍ਰਿਸ਼ਟੀ ਦੀ ਉਤਪੱਤੀ ਵੀ ਗੁਰਮਤਿ (ਕੀਤਾ ਪਸਾਉ ਏਕੋ ਕਵਾਉ) ਅਨੁਸਾਰ ਹੀ ਦਸੀ ਗਈ ਹੈ— ਓਅੰਕਾਰੁ ਆਕਾਰੁ ਕਰਿ ਏਕ ਕਵਾਉ ਪਸਾਉ ਪਸਾਰਾ... (ਵਾਰ 1/4)।

            ਸ੍ਰਿਸ਼ਟੀ ਰਚਨਾ ਤੋਂ ਪਹਿਲਾਂ ਵਿਆਪੇ ਘੁਪ ਹਨੇਰੇ ਦੀ ਅਵਸਥਾ ਦਾ ਉੱਲੇਖ ਵੀ ਗੁਰਬਾਣੀ ਅਨੁਸਾਰ ਹੈ। ਇਸ ਸੰਬੰਧ ਵਿਚ ਪਹਿਲੀ ਵਾਰ ਦੀਆਂ ਮੁੱਢਲੀਆਂ ਪਉੜੀਆਂ ਵਿਸ਼ੇਸ਼ ਰੂਪ ਵਿਚ ਵਿਚਾਰਨ-ਯੋਗ ਹਨ। ਕਵੀ ਨੇ ਮਨੁੱਖ ਦੇਹੀ ਨੂੰ ਦੁਰਲਭ ਮੰਨ ਕੇ ਜਿਗਿਆਸੂ ਨੂੰ ਹਰਿ-ਭਗਤੀ ਵਿਚ ਰੁਚੀ ਰਖਣ ਲਈ ਪ੍ਰੇਰਿਆ ਹੈ ਅਤੇ ਕਿਤੇ ਕਿਤੇ ਮੁਕਤੀ ਅਤੇ ਉਸ ਦੇ ਪ੍ਰਾਪਤੀ-ਸਾਧਨਾਂ ਵਲ ਵੀ ਸੰਕੇਤ ਕੀਤਾ ਹੈ। ਅਸਲ ਵਿਚ, ਇਹ ਸਾਰਾ ਅਧਿਆਤਮਿਕ ਚਿੰਤਨ ਭਾਈ ਗੁਰਦਾਸ ਦਾ ਮੌਲਿਕ ਨਹੀਂ, ਗੁਰਮਤਿ ਦੇ ਸਿੱਧਾਂਤਾਂ ਦੀ ਪੁਨਰ-ਸਥਾਪਨਾ ਹੈ।

ਸਿੱਖੀ ਦਾ ਮਾਰਗ ਅਧਿਆਤਮਿਕ ਹੁੰਦਾ ਹੋਇਆ ਵੀ ਇਕ ਵਿਵਹਾਰਿਕ ਮਾਰਗ ਹੈ। ਇਹ ਜੀਵਨ ਅਤੇ ਧਰਤੀ ਨਾਲ ਜੁੜਿਆ ਹੋਇਆ ਇਕ ਅਜਿਹਾ ਮਾਰਗ ਹੈ ਜੋ ਨਿਰਾ- ਪੁਰਾ ਸਿੱਧਾਂਤਾਂ ਉਤੇ ਟਿਕਿਆ ਹੋਇਆ ਨਹੀਂ, ਸਗੋਂ ਇਹ ਇਕ ਜੀਵਨ-ਜਾਚ ਹੈ ਜਿਸ ਵਿਚ ਭੇਦ-ਬੁੱਧੀ ਦੀ ਥਾਂ ਨਿਮਰਤਾ, ਸੇਵਾ , ਪਰਉਪਕਾਰ , ਪ੍ਰੇਮ-ਭੇਗਤੀ ਦੀ ਭਾਵਨਾ ਨੂੰ ਵਿਕਸਿਤ ਕਰਨ ਉਤੇ ਬਲ ਦਿੱਤਾ ਗਿਆ ਹੈ। ਇਸ ਜੀਵਨ-ਜਾਚ ਅਥਵਾ ਗੁਰਸਿਖੀ ਦੀ ਪਾਲਣਾ ਅਲੂਣੀ ਸਿਲ ਚਟਣ ਵਾਂਗ ਔਖੀ, ਖੰਡੇ ਦੀ ਤਿਖੀ ਧਾਰ ਉਤੇ ਚਲਣ ਵਾਂਗ ਕਠਿਨ, ਵਾਲ ਨਾਲੋਂ ਵੀ ਸੂਖਮ ਪਰ ਤਿੰਨ ਕਾਲਾਂ ਵਿਚ ਅਤੁੱਲ ਹੈ। ਇਹ ਦ੍ਵੈਤ-ਭਾਵ ਦੀ ਨਾਸ਼ਕ, ਅਨੇਕਤਾ ਤੋਂ ਏਕਤਾ ਵਲ ਲੈ ਜਾਣ ਵਾਲੀ ਅਤੇ ਅਤਿਅੰਤ ਸੁਖਦਾਇਕ ਹੈ। 12ਵੀਂ ਅਤੇ 28ਵੀਂ ਵਾਰਾਂ ਵਿਚ ਗੁਰ-ਸਿੱਖੀ ਦੇ ਮਾਰਗ ਉਤੇ ਵਿਸਤਾਰ ਸਹਿਤ ਪ੍ਰਕਾਸ਼ ਪਾਇਆ ਗਿਆ ਹੈ।

            ਗੁਰੂ/ਸਤਿਗੁਰੂ ਇਸ ਜੀਵਨ-ਜਾਚ ਦਾ ਚਾਨਣ ਮੁਨਾਰਾ ਹੈ। ਬਿਨਾ ਚਾਨਣ ਮੁਨਾਰੇ ਦੇ ਜਿਵੇਂ ਕੋਈ ਯਾਤ੍ਰੀ ਭਟਕ ਸਕਦਾ ਹੈ, ਤਿਵੇਂ ਗੁਰੂ ਦੀ ਅਗਵਾਈ ਤੋਂ ਬਿਨਾ ਸਾਧਕ ਵੀ ਵਾਸਤਵਿਕ ਮਾਰਗ ਤੋਂ ਖੁੰਝ ਸਕਦਾ ਹੈ। ਇਹੀ ਕਾਰਣ ਹੈ ਕਿ ਭਾਈ ਗਰਦਾਸ ਨੇ ਗੁਰੂ ਦੇ ਸਰੂਪ ਅਤੇ ਮਹੱਤਵ ਨੂੰ ਬੜੇ ਵਿਸਤਾਰ ਅਤੇ ਰੁਚੀ ਪੂਰਣ ਢੰਗ ਨਾਲ ਚਿਤਰਿਆ ਹੈ। ਸ਼ਾਇਦ ਹੀ ਕੋਈ ਐਸੀ ਪਉੜੀ ਹੋਵੇ ਜਿਸ ਵਿਚ ਗੁਰੂ ਦੀ ਮਹਿਮਾ ਨ ਗਾਈ ਗਈ ਹੋਵੇ। ਕਵੀ ਨੇ ਇਸ ਜੀਵਨ- ਜਾਚ ਵਿਚ ਗੁਰੂ-ਸ਼ਬਦ ਨੂੰ ਵੀ ਬਹੁਤ ਮਹੱਤਵਪੂਰਣ ਮੰਨਿਆ ਹੈ। ਗੁਰੂ-ਸ਼ਬਦ ਤੋਂ ਭਾਵ ਹੈ ਗੁਰੂ ਦੀ ਬਾਣੀ, ਗੁਰੂ ਦੀ ਮਤਿ ਜਾਂ ਗੁਰੂ ਦੀ ਸਿਖਿਆ। ਇਸ ਦਾ ਮਹੱਤਵ ਗੁਰੂ ਜਿਤਨਾ ਹੀ ਮੰਨਿਆ ਜਾਂਦਾ ਹੈ ਕਿਉਂਕਿ ਗੁਰੂ ਆਪਣੇ ਸ਼ਬਦ ਵਿਚ ਵੀ ਵਿਆਪਕ ਹੈ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ- ਪਦ ਇਸ ਲਈ ਦਿੱਤਾ ਗਿਆ ਸੀ ਕਿਉਂਕਿ ਗੁਰੂ ਸ਼ਬਦ-ਰੂਪ ਹੋ ਕੇ ਇਸ ਵਿਚ ਵਿਦਮਾਨ ਹੈ। ਇਸ ਦਾ ਪਠਨ-ਪਾਠਨ ਗੁਰੂ ਦੇ ਉਪਦੇਸ਼ ਦੇ ਸੁਣਨ ਵਾਂਗ ਹੈ। ਕਵੀ ਨੇ ਗੁਰੂ-ਸ਼ਬਦ ਨੂੰ ਗੁਰੂ ਦੀ ਮੂਰਤ ਜਾਂ ਸਰੂਪ ਮੰਨ ਕੇ ਇਸ ਨੂੰ ਸਾਧ-ਸੰਗਤਿ ਵਿਚ ਪ੍ਰਗਟ ਦਸਿਆ ਹੈ— ਗੁਰ ਮੂਰਤਿ ਗੁਰ ਸ਼ਬਦ ਹੈ ਸਾਧ ਸੰਗਤ ਵਿਚ ਪਰਗਟੀ ਆਇਆ (ਵਾਰ 24/25)। ਗੁਰੂ-ਸੇਵਾ ਉਤੇ ਵੀ ਬਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਗੁਰੂ-ਸਿੱਖ ਦੇ ਪਰਸਪਰ ਰਿਸ਼ਤੇ ਉਤੇ ਵੀ ਪ੍ਰਕਾਸ਼ ਪਾਇਆ ਗਿਆ ਹੈ ਅਤੇ ਗੁਰੂ-ਨਿੰਦਕਾਂ ਦੀ ਨਿਖੇਧੀ ਕੀਤੀ ਗਈ ਹੈ। ਨਿਗੁਰੇ ਵਿਅਕਤੀ ਨੂੰ ਭਾਈ ਗੁਰਦਾਸ ਨੇ ਨੀਚ ਅਤੇ ਬੁਰਾ ਕਿਹਾ ਹੈ।

            ਸਿੱਖੀ-ਮਾਰਗ ਦੀ ਰੀੜ੍ਹ ਦੀ ਹੱਡੀ ਹੈ ‘ਭਾਉ- ਭਗਤੀ ’। ਇਨ੍ਹਾਂ ਵਾਰਾਂ ਵਿਚ ਇਸ ਤੱਥ ਨੂੰ ਚੰਗੀ ਤਰ੍ਹਾਂ ਦ੍ਰਿੜ੍ਹ ਕਰਵਾਇਆ ਗਿਆ ਹੈ। ‘ਭਾਉ’ ਸ਼ਬਦ ਪ੍ਰੇਮ ਦੇ ਪਰਿਆਇ ਰੂਪ ਵਿਚ ਵਰਤਿਆ ਗਿਆ ਹੈ। ਇਹ ਪ੍ਰੇਮ ਪਰਮਾਤਮਾ ਅਤੇ ਗੁਰੂ ਦੋਹਾਂ ਪ੍ਰਤਿ ਹੈ। 27ਵੀਂ ਵਾਰ ਵਿਚ ‘ਪੀਰ ਮੁਰੀਦਾਂ ਪਿਰਹੜੀ’ ਦੀ ਗੱਲ ਨੂੰ ਬੜੀ ਦ੍ਰਿੜ੍ਹਤਾ ਨਾਲ ਸਪੱਸ਼ਟ ਕੀਤਾ ਗਿਆ ਹੈ। ਪ੍ਰੇਮ ਦੀ ਭਾਵਨਾ ਨੂੰ ਬਲਵਾਨ ਕਰਨ ਲਈ ਸਾਧ- ਸੰਗਤ ਵਿਚ ਜਾਣਾ ਅਤਿ ਆਵੱਸ਼ਕ ਹੈ। ਪਰ ਉਥੇ ਜਾਣਾ ਸਾਤਵਿਕ ਰੁਚੀਆਂ ਵਾਲਿਆਂ ਲਈ ਹੀ ਲਾਭਕਾਰੀ ਹੈ, ਕਪਟੀ ਪੁਰਸ਼ਾਂ ਲਈ ਇਹ ਪ੍ਰਤਿਕੂਲ ਵਾਤਾਵਰਣ ਹੈ। ਭਾਉ- ਭਗਤੀ ਦੀ ਪ੍ਰਕਾਰਜ-ਵਿਧੀ ਨਾਮ-ਸਿਮਰਨ ਹੈ। ਭਾਈ ਗੁਰਦਾਸ ਨੇ ਉਕਤੀਆਂ-ਯੁਕਤੀਆਂ, ਪ੍ਰਮਾਣਾਂ-ਦ੍ਰਿਸ਼ਟਾਂਤਾਂ ਨਾਲ ਇਸ ਵਿਧੀ ਨੂੰ ਅਪਣਾਉਣ ਲਈ ਜਿਗਿਆਸੂ ਨੂੰ ਤਿਆਰ ਕੀਤਾ ਹੈ ਕਿਉਂਕਿ ਪ੍ਰਭੂ-ਪ੍ਰਾਪਤੀ ਲਈ ਇਹੀ ਸਹੀ ਸਾਧਨ ਹੈ ਅਤੇ ਇਸੇ ਦੁਆਰਾ ਆਤਮ- ਸ਼ੁੱਧੀ ਸੰਭਵ ਹੈ— ਪਰਤਨ ਪਰਧਨ ਪਰਨਿੰਦ ਮੇਟਿ ਨਾਮੁ ਦਾਨੁ ਇਸ਼ਨਾਨੁ ਦ੍ਰਿੜਾਇਆ (ਵਾਰ 29/2)।

ਭਾਈ ਗੁਰਦਾਸ ਨੇ ਇਨ੍ਹਾਂ ਵਾਰਾਂ ਵਿਚ ਗੁਰਬਾਣੀ ਅਤੇ ਖ਼ਾਸ ਕਰ ਗੁਰੂ ਨਾਨਕ ਬਾਣੀ ਦੇ ਸਮਾਜਿਕ ਦ੍ਰਿਸ਼ਟੀਕੋਣ ਦੀ ਪੁਨਰ-ਸੰਸਥਾਪਨਾ ਕੀਤੀ ਹੈ। ਕਵੀ ਨੇ ਵਰਣ- ਵਿਵਸਥਾ ਨੂੰ ਕਿਸੇ ਪ੍ਰਕਾਰ ਦਾ ਕੋਈ ਮਹੱਤਵ ਨਹੀਂ ਦਿੱਤਾ। ਮਨੁੱਖਤਾ ਦੇ ਵਿਕਾਸ ਵਿਚ ਰੁਕਾਵਟ ਪਾਉਣ ਵਾਲੀ ਇਸ ਵਿਵਸਥਾ ਨੂੰ ਮੱਧ-ਯੁਗ ਵਿਚ ਬੜਾ ਨਕਾਰਾਤਮਕ ਮੰਨਿਆ ਗਿਆ। ਭਾਈ ਜੀ ਨੇ ਪਹਿਲੀ ਵਾਰ ਵਿਚ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਦੀ ਸਥਿਤੀ ਨੂੰ ਚਿਤਰਦਿਆਂ ਇਸ ਵਿਵਸਥਾ ਦੇ ਮਾੜੇ ਪ੍ਰਭਾਵ ਨੂੰ ਸਪੱਸ਼ਟ ਕੀਤਾ ਹੈ। ਗੁਰੂ ਨਾਨਕ ਦੇਵ ਜੀ ਦਾ ਜੀਵਨ-ਉਦੇਸ਼ ਭੇਦ-ਬੁੱਧੀ ਨੂੰ ਖ਼ਤਮ ਕਰਨਾ ਸੀ ਅਤੇ ਇਸ ਗੱਲ ਨੂੰ ਕਵੀ ਨੇ ਗੁਰੂ ਨਾਨਕ- ਚਰਿਤ ਨਾਲ ਸੰਬੰਧਿਤ ਪਹਿਲੀ ਵਾਰ ਵਿਚ ਪ੍ਰਗਟ ਕੀਤਾ ਹੈ।

            ਇਸ ਤੋਂ ਇਲਾਵਾ ਆਸ਼੍ਰਮ-ਵਿਵਸਥਾ ਸੰਬੰਧੀ ਵੀ ਭਾਈ ਗੁਰਦਾਸ ਨੇ ਗੁਰਬਾਣੀ ਦੀ ਵਿਚਾਰਧਾਰਾ ਨੂੰ ਪ੍ਰਸਾਰਿਤ ਕੀਤਾ ਹੈ। ਗ੍ਰਿਹਸਥ ਧਰਮ ਨੂੰ ਗੁਰਬਾਣੀ ਵਿਚ ਮਾਨਤਾ ਮਿਲੀ ਹੈ ਅਤੇ ਸਮਾਜ ਵਿਚ ਇਸਤਰੀ ਨੂੰ ਗੌਰਵਮਈ ਸਥਾਨ ਦਿੱਤਾ ਗਿਆ ਹੈ। ਭਾਈ ਸਾਹਿਬ ਨੇ ਵੀ ਇਸ ਧਾਰਣਾ ਨੂੰ ਆਪਣੀ ਰਚਨਾ ਵਿਚ ਉਘਾੜਿਆ ਹੈ— ਲੋਕ ਵੇਦ ਗੁਣੁ ਗਿਆਨ ਵਿਚਿ ਅਰਧ ਸਰੀਰੀ ਮੋਖ ਦੁਆਰੀ ਗੁਰਮੁਖਿ ਸੁਖ ਫਲ ਨਿਹਚਉ ਨਾਰੀ (ਵਾਰ 5/16)। ਇਸ ਤੋਂ ਛੁਟ , ਗੁਰਸਿੱਖ ਲਈ ਪੁਰਖ-ਨਾਰੀ-ਸੰਬੰਧ ਬਾਰੇ ਮਰਯਾਦਾ ਵੀ ਨਿਸ਼ਚਿਤ ਕੀਤੀ ਗਈ ਹੈ। ਭਾਈ ਗੁਰਦਾਸ ਦੁਆਰਾ ਸਥਾਪਿਤ ਮਰਯਾਦਾਵਾਦ ਅਨੁਸਾਰ ਜੀਵਨ-ਜੀਉਣ ਵਾਲੇ ਮਨੁੱਖ ‘ਗੁਰਮੁਖ ’ ਹਨ ਅਤੇ ਇਸ ਮਰਯਾਦਾਵਾਦ ਦਾ ਉਲੰਘਨ ਕਰਨ ਵਾਲਿਆਂ ਨੂੰ ‘ਮਨਮੁਖ ’ ਕਿਹਾ ਗਿਆ ਹੈ। ਇਸ ਲਈ ਮੀਣਾ , ਬੇਮੁਖ, ਦੋਬਾਜਰਾ ਆਦਿ ਸ਼ਬਦ ਵੀ ਵਰਤੇ ਗਏ ਹਨ।

ਸਪੱਸ਼ਟ ਹੈ ਕਿ ਭਾਈ ਗੁਰਦਾਸ ਨੇ ਵਿਚਾਰਧਾਰਿਕ ਤੌਰ ’ਤੇ ਗੁਰਬਾਣੀ ਦੀ ਸਰਣੀ ਅਪਣਾਈ ਹੈ। ਇਸ ਵਿਚ ਸੰਦੇਹ ਨਹੀਂ ਕਿ ਇਸ ਪੱਖੋਂ ਉਨ੍ਹਾਂ ਦੀਆਂ ਵਾਰਾਂ ਵਿਚ ਮੌਲਿਕਤਾ ਦੀ ਘਾਟ ਹੈ, ਪਰ ਉਨ੍ਹਾਂ ਦੀ ਮੌਲਿਕਤਾ ਗੁਰਮਤਿ ਚਿੰਤਨ ਨੂੰ ਸਰਲ ਅਤੇ ਸਰਬ-ਗ੍ਰਾਹੀ ਢੰਗ ਨਾਲ ਪੁਨਰ- ਸਥਾਪਿਤ ਕਰਨ ਵਿਚ ਸਹਿਜ ਹੀ ਵੇਖੀ ਜਾ ਸਕਦੀ ਹੈ। ਇਸ ਲਈ ਇਨ੍ਹਾਂ ਵਾਰਾਂ ਨੂੰ ‘ਗੁਰਬਾਣੀ ਦੀ ਕੁੰਜੀ’ ਕਿਹਾ ਗਿਆ ਹੈ।

ਭਾਈ ਜੀ ਦੀ ਰਚਨਾ ਨੂੰ ‘ਗੁਰਬਾਣੀ ਦੀ ਕੁੰਜੀ’ ਕਹਿਣ ਦਾ ਦੂਜਾ ਪੱਖ ਇਹ ਹੈ ਕਿ ਆਪ ਨੇ ਗੁਰਬਾਣੀ ਦੇ ਕਈ ਸੰਦਰਭਾਂ/ਤੁਕਾਂ ਦੀ ਬੜੇ ਸਰਲ ਢੰਗ ਨਾਲ ਵਿਆਖਿਆ ਕਰਕੇ ਉਸ ਵਿਚਲੇ ਤੱਥ ਨੂੰ ਜਿਗਿਆਸੂ ਦੇ ਮਨ ਵਿਚ ਬਿਠਾਉਣ ਦਾ ਉਦਮ ਕੀਤਾ ਹੈ। ਗੁਰਬਾਣੀ ਦੇ ਹੁਣ ਤਕ ਕਈ ਟੀਕੇ, ਅਨੁਵਾਦ, ਵਿਆਖਿਆਵਾਂ ਹੋ ਚੁਕੀਆਂ ਹਨ, ਪਰ ਕਿਸੇ ਨੂੰ ਵੀ ਅਜਿਹਾ ਗੌਰਵ ਨਹੀਂ ਮਿਲਿਆ ਜਿਸ ਪ੍ਰਕਾਰ ਦਾ ਭਾਈ ਗੁਰਦਾਸ ਦੀ ਰਚਨਾ ਨੂੰ ਮਿਲਿਆ ਹੈ। ਇਨ੍ਹਾਂ ਵਾਰਾਂ ਦੀ ਰਚਨਾ ਨਾਲ ਪੰਜਾਬੀ ਵਿਚ ਗੁਰਬਾਣੀ ਦੀ ਵਿਆਖਿਆ ਦਾ ਆਰੰਭ ਹੁੰਦਾ ਹੈ।

            ਇਤਿਹਾਸ ਗਵਾਹ ਹੈ ਕਿ ਹਰ ਧਾਰਮਿਕ ਸੰਸਥਾ ਆਪਣੇ ਸਿੱਧਾਂਤਾਂ ਨੂੰ ਸਪੱਸ਼ਟ ਕਰਕੇ ਲੋਕ-ਸਵੀਕਰਣ ਲਈ ਤਿਆਰ ਕਰਦੀ ਆਈ ਹੈ। ਹਰ ਨਵਾਂ ਸਿੱਧਾਂਤ ਵਿਆਖਿਆ ਚਾਹੁੰਦਾ ਹੈ ਅਤੇ ਉਸ ਪ੍ਰਤਿ ਵਿਸ਼ਵਾਸ ਦੀ ਭਾਵਨਾ ਨੂੰ ਦ੍ਰਿੜ੍ਹ ਕਰਨ ਦੀ ਲੋੜ ਪੈਂਦੀ ਹੈ। ਭਾਈ ਗੁਰਦਾਸ ਦੀ ਬਾਣੀ ਸਿੱਖ ਧਰਮ ਦੇ ਪ੍ਰਚਾਰ-ਪ੍ਰਕਾਰਜ ਨੂੰ ਨਿਭਾਉਂਦੀ ਹੈ। ਇਸ ਉਦੇਸ਼-ਸਿੱਧੀ ਲਈ ਇਕ ਪਾਸੇ ਗੁਰਮਤਿ ਦੀ ਵਿਆਖਿਆ ਕਰਨਾ ਹੈ ਅਤੇ ਦੂਜੇ ਪਾਸੇ ਇਸ ਵਿਆਖਿਆ ਰਾਹੀਂ ਸਿੱਖ ਧਰਮ ਪ੍ਰਤਿ ਵਿਸ਼ਵਾਸ ਨੂੰ ਦ੍ਰਿੜ੍ਹ ਕਰਨਾ ਹੈ। ਇਸ ਲਈ ਭਾਈ ਗੁਰਦਾਸ ਨੇ ਗੁਰਮਤਿ ਪ੍ਰਤਿਪਾਦਿਤ ਮੁੱਖ ਜੀਵਨ- ਮੁੱਲਾਂ ਨੂੰ ਚੁਣ ਕੇ ਉਨ੍ਹਾਂ ਦੀ ਸਚੇਤ ਤੌਰ’ਤੇ ਮਾਨਤਾ ਸਥਾਪਿਤ ਕੀਤੀ ਹੈ। ਸਪੱਸ਼ਟ ਹੈ ਕਿ ਭਾਈ ਗੁਰਦਾਸ ਦੀ ਵਿਆਖਿਆ-ਵਿਧੀ ਗੁਰਬਾਣੀ ਦੇ ਇਕ ਇਕ ਸ਼ਬਦ ਨੂੰ ਕ੍ਰਮਵਾਰ ਲੈ ਕੇ ਉਨ੍ਹਾਂ ਦੇ ਅਰਥ ਸਪੱਸ਼ਟ ਕਰਨ ਵਾਲੀ ਨਹੀਂ, ਸਗੋਂ ਗੁਰਬਾਣੀ ਵਿਚਲੇ ਵਿਚਾਰਾਂ ਜਾਂ ਭਾਵਾਂ ਨੂੰ ਲੈ ਕੇ ਉਨ੍ਹਾਂ ਦਾ ਸਰਲ ਅਤੇ ਸੁਬੋਧ ਬੋਲੀ ਵਿਚ ਕਾਵਿਮਈ ਪ੍ਰਗਟਾਵਾ ਕਰਨਾ ਹੈ। ਅਜਿਹਾ ਕਰਨ ਨਾਲ ਉਨ੍ਹਾਂ ਦੀ ਰਚਨਾ ਦਾ ਕਵਿਤ੍ਵ ਕਾਇਮ ਰਹਿ ਸਕਿਆ ਹੈ। ਉਦਾਹਰਣ ਵਜੋਂ ਗੁਰੂ ਨਾਨਕ ਦੇਵ ਜੀ ਨੇ ਮਾਰੂ ਰਾਗ ਵਿਚ ‘ਗੁਰਮੁਖ’ ਅਤੇ ‘ਮਨਮੁਖ’ ਦੀ ਕ੍ਰਮਵਾਰ ਕਮਲ ਅਤੇ ਡੱਡੂ ਨਾਲ ਉਪਮਾ ਦਿੰਦਿਆਂ ਕਿਹਾ ਹੈ ਕਿ ਦੋਵੇਂ ਸੰਸਾਰ ਸਾਗਰ ਦੇ ਨਿਰਮਲ ਜਲ ਵਿਚ ਰਹਿੰਦੇ ਹਨ। ਇਸ ਜਲ ਵਿਚ ਵਿਸ਼ੇ-ਵਾਸਨਾਵਾਂ ਰੂਪੀ ਕਾਈ ਵੀ ਹੈ। ਕਮਲ ਸਦਾ ਕਾਈ ਨਾਲ ਘਿਰੇ ਰਹਿਣ ਦੇ ਬਾਵਜੂਦ ਉਸ ਦੀ ਸੰਗਤ ਦੇ ਦੋਸ਼ ਤੋਂ ਅਪ੍ਰਭਾਵਿਤ ਅਤੇ ਸਦਾ ਨਿਰਮਲ ਅਵਸਥਾ ਵਿਚ ਰਹਿੰਦਾ ਹੈ। ਇਸ ਦੇ ਉਲਟ ਡੱਡੂ ਸਦਾ ਕਾਈ ਨੂੰ ਭਖਦਾ ਹੋਇਆ ਨਿਰਮਲ ਜਲ ਦੀ ਵਿਸ਼ੇਸ਼ਤਾ ਅਤੇ ਮਹਾਨਤਾ ਨੂੰ ਨਹੀਂ ਸਮਝਦਾ, ਉਸ ਦੀ ਬਿਰਤੀ ਤਮੋਮਈ ਹੈ— ਬਿਮਲ ਮਝਾਰਿ ਬਸਸਿ ਨਿਰਮਲ ਜਲ ਪਦਮਨਿ ਜਾਵਲ ਰੇ ਪਦਮਨਿ ਜਾਵਲ ਜਲ ਰਸ ਸੰਗਤਿ ਸੰਗਿ ਦੋਖ ਨਹੀ ਰੇ ਦਾਦਰ ਤੂ ਕਬਹਿ ਜਾਨਸਿ ਰੇ ਭਖਸਿ ਸਿਬਾਲੁ ਬਸਸਿ ਨਿਰਮਲ ਜਲ ਅੰਮ੍ਰਿਤੁ ਲਖਸਿ ਰੇ (ਗੁ.ਗ੍ਰੰ. 990)।

            ਭਾਈ ਗੁਰਦਾਸ ਨੇ ਗੁਰੂ ਨਾਨਕ ਦੇਵ ਜੀ ਦੇ ਉਪਰੋਕਤ ਭਾਵ ਨੂੰ ਆਪਣੀ ਭਾਸ਼ਾ ਵਿਚ ਇਸ ਤਰ੍ਹਾਂ ਪ੍ਰਗਟਾਇਆ ਹੈ— ਨਿਰਮਲ ਨੀਰੁ ਸੁਹਾਵਣਾ ਸੁਭਰ ਸਰਵਰਿ ਕਵਲ ਫੁਲੰਦੇ ਰੂਪ ਅਨੂਪ ਸਰੂਪ ਅਤਿ ਗੰਧ ਸੁਗੰਧ ਮਹਿਕੰਦੇ ਭਵਰਾ ਵਾਸਾ ਵੰਝ ਵਣਿ ਖੋਜਹਿ ਏਕੋ ਖੋਜਿ ਲਹੰਦੇ ਲੋਭ ਲੁਭਤਿ ਮਕਰੰਦ ਰਸਿ ਦੂਰਿ ਦਿਸੰਤਰਿ ਆਇ ਮਿਲੰਦੇ ਸੂਰਜਿ ਗਗਨਿ ਉਦੋਤ ਹੋਇ ਸਰਵਰ ਕਵਲ ਧਿਆਨੁ ਧਰੰਦੇ ਡਡੂ ਚਿਕੜਿ ਵਾਸੁ ਹੈ ਕਵਲ ਸਿਝਾਣਿ ਮਾਣਿ ਸੁਕੰਦੇ ਸਾਧ ਸੰਗਤਿ ਗੁਰ ਸਬਦੁ ਸੁਣਿ ਗੁਰ ਉਪਦੇਸ ਰਹਤ ਰਹੰਦੇ ਮਸਤਕਿ ਭਾਗ ਜਿਨ੍ਹਾਂ ਦੇ ਮੰਦੇ (ਵਾਰ 17/2)।

            ਗੁਰਬਾਣੀ ਵਿਚ ਸਥਾਪਨਾ ਕੀਤੀ ਗਈ ਹੈ ਕਿ ਸਭ ਕੁਝ ਪਰਮਾਤਮਾ ਹੀ ਹੈ, ਉਸ ਤੋਂ ਭਿੰਨ ਕੁਝ ਵੀ ਨਹੀਂ ਕਿਉਂਕਿ ਸਭ ਕੁਝ ਉਸੇ ਦਾ ਰੂਪਾਂਤਰਣ ਅਥਵਾ ਵਟਿਆ ਹੋਇਆ ਰੂਪ ਹੀ ਹੈ, ਜਿਵੇਂ—(1) ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ (ਗੁ.ਗ੍ਰੰ.1291); (2) ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ ਆਪੇ ਹੋਵੈ ਚੋਲੜਾ ਆਪੇ ਸੇਜ ਭਤਾਰੁ (ਗੁ. ਗ੍ਰੰ.23)। ਉਕਤ ਭਾਵ ਨੂੰ ਦ੍ਰਿੜ੍ਹ ਕਰਨ ਲਈ ਸਰਲ ਸ਼ੈਲੀ ਵਿਚ ਭਾਈ ਗੁਰਦਾਸ ਨੇ ਅੰਕਿਤ ਕੀਤਾ ਹੈ ਕਿ ਉਹ ਪਰਮਾਤਮਾ ਆਪ ਹੀ ਭੁਖਾ ਹੋ ਕੇ ਰਸੋਈ ਵਿਚ ਜਾਂਦਾ ਹੈ। ਆਪ ਹੀ ਰਸਦਾਇਕ ਭੋਜਨ ਬਣਾਉਂਦਾ ਹੈ, ਖਾਂਦਾ ਅਤੇ ਸਲਾਹੁੰਦਾ ਹੈ। ਉਹ ਆਪ ਹੀ ਰਸ , ਰਸੀਆ ਅਤੇ ਰਸਨਾ ਹੈ, ਉਹ ਆਪ ਹੀ ਦਾਤਾ ਭੁਗਤਾ ਅਤੇ ਭੋਗਾਯਤਨ ਹੈ। ਆਪ ਹੀ ਪਲੰਘ ਅਤੇ ਆਪ ਹੀ ਉਪਰ ਸੌਣ ਵਾਲਾ ਹੈ। ਸੁਪਨਿਆਂ ਵਿਚ ਆਪ ਹੀ ਘੁੰਮਦਾ ਹੈ, ਰਾਉ ਤੋਂ ਰੰਕ ਹੁੰਦਾ ਹੈ, ਤੱਤਾ ਠੰਡਾ ਰੂਪ ਧਾਰਦਾ ਹੈ, ਹਰਖ ਅਤੇ ਸੋਗ ਨੂੰ ਮਾਣਦਾ ਹੈ। ਗੱਲ ਕੀ ਉਹ ਸਰਬਤ੍ਰ, ਸਭ ਰੂਪਾਂ ਵਿਚ ਵਰਤ ਰਿਹਾ ਹੈ। ਉਸ ਦਾ ਭੇਦ ਕੋਈ ਗੁਰਮੁਖ ਵਿਅਕਤੀ ਹੀ ਸਮਝ ਕੇ ਆਨੰਦਿਤ ਹੋ ਸਕਦਾ ਹੈ— ਆਪੇ ਭੂਖਾ ਹੋਇਕੈ ਆਪਿ ਜਾਇ ਰਸੋਈ ਭੋਜਨ ਆਪਿ ਬਣਾਇਦਾ ਰਸ ਵਿਚਿ ਰਸ ਗੋਈ ਆਪੇ ਖਾਇ ਸਲਾਹਿ ਕੈ ਹੋਇ ਤ੍ਰਿਪਤ ਸਮੋਈ ਆਪੈ ਰਸੀਆ ਆਪਿ ਰਸੁ ਰਸੁ ਰਸਨਾ ਭੋਈ ਦਾਤਾ ਭੁਗਤਾ ਆਪਿ ਹੈ ਸਰਬੰਗ ਸਮੋਈ ਆਪੇ ਆਪ ਵਰਤਦਾ ਗੁਰਮੁਖਿ ਸੁਖ ਹੋਈ3 ਆਪੇ ਪਲੰਘੁ ਵਿਛਾਇਕੈ ਆਪਿ ਅੰਦਰਿ ਸਉਂਦਾ ਸੁਹਣੇ ਅੰਦਰਿ ਜਾਇਕੈ ਦਸੰਤਰ ਭਉਂਦਾ ਰੰਕ ਰਾਉ ਰਾਉ ਰੰਕੁ ਹੋਇ ਦੁਖ ਸੁਖ ਵਿਚਿ ਪਉਂਦਾ ਤਤਾ ਸੀਅਰਾ ਹੋਇ ਜਲ ਆਵਟਣੁ ਖਉਂਦਾ ਹਰਖ ਸੋਗ ਵਿਚਿ ਪਾਵਦਾ ਚਾਵਾਏ ਚਾਉਂਦਾ4 (ਵਾਰ 2)।

          ‘ਆਸਾ ਕੀ ਵਾਰ ’ ਵਿਚ ਪਰਮਾਤਮਾ ਦੇ ਭੈ ਵਿਚ ਸਾਰੀ ਸ੍ਰਿਸ਼ਟੀ ਦੇ ਸੰਚਾਲਿਤ ਹੋਣ ਦੀ ਸਥਾਪਨਾ ਨੂੰ ਭਾਈ ਗੁਰਦਾਸ ਨੇ ਇਸ ਤਰ੍ਹਾਂ ਪ੍ਰਗਟਾਇਆ ਹੈ— ਭੈ ਵਿਚਿ ਧਰਤਿ ਆਗਾਸੁ ਹੈ ਨਿਰਾਧਾਰ ਭੈ ਭਾਰ ਧਰਾਇਆ ਪਉਣੁ ਪਾਣੀ ਬੈਸੰਤਰੋ ਭੈ ਵਿਚਿ ਰਖੇ ਮੇਲਿ ਮਿਲਾਇਆ ਪਾਣੀ ਅੰਦਰਿ ਧਰਤਿ ਧਰਿ ਵਿਣੁ ਥੰਮ੍ਹਾਂ ਆਗਾਸ ਠਹਰਾਇਆ ਕਾਠੈ ਅੰਦਰਿ ਅਗਨਿ ਧਰਿ ਕਰ ਪਰਫੁਲਤੁ ਸੁਫਲ ਫਲਾਇਆ ਨਵੀ ਦੁਆਰੀ ਪਵਣੁ ਧਰਿ ਭੈ ਵਿਚਿ ਸੂਰਜੁ ਚੰਦ ਚਲਾਇਆ ਨਿਰਭਉ ਆਪਿ ਨਿਰੰਜਨੁ ਰਾਇਆ5 (ਵਾਰ 15)।

            ਇਸ ਤਰ੍ਹਾਂ ਦੀਆਂ ਅਨੇਕ ਤੁਕਾਂ ਨਮੂਨੇ ਵਜੋਂ ਪੇਸ਼ ਕੀਤੀਆਂ ਜਾ ਸਕਦੀਆਂ ਹਨ। ਸਪੱਸ਼ਟ ਹੈ ਕਿ ਗੁਰਬਾਣੀ ਦੇ ਗੂੜ੍ਹ ਭਾਵਾਂ ਨੂੰ ਸਰਲ ਰੂਪ ਵਿਚ ਢੁਕਵੀਂ ਭਾਸ਼ਾ ਰਾਹੀਂ ਦ੍ਰਿੜ੍ਹ ਕਰਾਉਣ ਦਾ ਮਾਣ ਭਾਈ ਗੁਰਦਾਸ ਨੂੰ ਪ੍ਰਾਪਤ ਹੈ। ਇਸ ਲਈ ਇਹ ਕਹਿਣੋਂ ਸੰਕੋਚ ਨਹੀਂ ਕੀਤਾ ਜਾ ਸਕਦਾ ਕਿ ਭਾਈ ਗੁਰਦਾਸ ਪੰਜਾਬੀ ਭਾਸ਼ਾ ਦੇ ਪਹਿਲੇ ਅਜਿਹੇ ਕਵੀ ਹਨ ਜਿਨ੍ਹਾਂ ਨੇ ਗੁਰਬਾਣੀ ਦੀ ਵਿਆਖਿਆ ਕਰਨ ਦੀ ਪਿਰਤ ਪਾਈ। ਇਹ ਪਿਰਤ ਅਗੇ ਚਲ ਕੇ ਪੰਜਾਬੀ ਸਾਹਿਤ ਦੀ ਬੜੀ ਮਹੱਤਵਪੂਰਣ ਵਿਧਾ ਬਣੀ ਅਤੇ ਕਈ ਵਿਆਖਿਆ/ ਟੀਕਾ ਪੱਧਤੀਆਂ ਪ੍ਰਚਲਿਤ ਹੋਈਆਂ।

            ਭਾਈ ਜੀ ਦੇ ਰਚੇ ਕਬਿੱਤਾਂ ਸਵੈਯਾਂ ਵਿਚ ਅਧਿਕਤਰ ਗੁਰੂ ਭਗਤੀ, ਗੁਰੂ ਦੇ ਲੱਛਣ , ਸਿੱਖ ਦੇ ਲੱਛਣ, ਪ੍ਰੇਮ-ਭਗਤੀ ਅਤੇ ਦਾਸ-ਭਗਤੀ, ਗੁਰੂ ਅਤੇ ਸਿੱਖ ਦਾ ਨਾਤਾ, ਗੁਰੂ ਗਿਆਨ ਦਾ ਮਹੱਤਵ, ਗੁਰੂ-ਉਪਦੇਸ਼ ਦੀ ਸ਼ਕਤੀ, ਗੁਰੂ-ਭਗਤੀ ਰਾਹੀਂ ਮੁਕਤੀ ਦੀ ਪ੍ਰਾਪਤੀ ਆਦਿ ਵਿਸ਼ਿਆਂ ਬਾਰੇ ਭਾਵ ਪ੍ਰਗਟ ਕੀਤੇ ਗਏ ਹਨ। ਪਰ ਇਨ੍ਹਾਂ ਦਾ ਮੁੱਖ ਵਿਸ਼ਾ ਹੈ ਗੁਰੂ-ਭਗਤੀ। ਗੁਰਬਾਣੀ ਵਿਚ ਪਰਮਾਤਮਾ ਅਤੇ ਗੁਰੂ ਦੀ ਅਭੇਦਤਾ ਸਥਾਪਿਤ ਹੋਈ ਹੈ— ਗੁਰੂ ਗੋਵਿੰਦ ਗੋਵਿੰਦੁ ਗੁਰੂ ਹੈ ਨਾਨਕ ਭੇਦੁ ਭਾਈ ਅਸਲ ਵਿਚ, ਇਸ ਸੰਸਾਰ ਵਿਚ ਗੁਰੂ ਪਰਮਾਤਮਾ ਦਾ ਸਥੂਲ ਰੂਪ ਹੈ, ਉਸ ਦਾ ਪ੍ਰਤਿਨਿਧ ਹੈ। ਭਾਈ ਗੁਰਦਾਸ ਨੇ ਵੀ ਇਸੇ ਭਾਵ-ਧਾਰਾ ਦਾ ਵਿਕਾਸ ਕਰਦਿਆਂ ਪਰਮਾਤਮਾ ਦੇ ਸਾਰੇ ਲੱਛਣਾਂ ਅਥਵਾ ਗੁਣਾਂ ਨੂੰ ਗੁਰੂ ਉਤੇ ਆਰੋਪਿਤ ਕੀਤਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10043, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.