ਗੁਰਬਿਲਾਸ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰਬਿਲਾਸ [ਨਿਪੁ] ਇੱਕ ਪੁਸਤਕ ਜਿਸ ਵਿੱਚ ਛੇਵੇਂ ਗੁਰੂ ਦਾ ਜੀਵਨ ਚਰਿਤਰ ਅੰਕਿਤ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4035, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗੁਰਬਿਲਾਸ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰਬਿਲਾਸ. ਦੇਖੋ, ਗੁਰੁਵਿਲਾਸ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3924, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੁਰਬਿਲਾਸ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗੁਰਬਿਲਾਸ (ਕਾਵਿ-ਵਿਧਾ) :ਇਹ ਦੋ ਸ਼ਬਦਾਂ ਦਾ ਸੰਯੁਕਤ ਰੂਪ ਹੈ— ‘ਗੁਰਅਤੇ ‘ਬਿਲਾਸ’। ‘ਗੁਰ’ ਸ਼ਬਦ ਤੋਂ ਇਥੇ ਭਾਵ ਹੈ ‘ਗੁਰੂ’ ਜੋ ਵਿਸ਼ੇਸ਼ ਰੂਪ ਵਿਚ ਸਿੱਖ ਗੁਰੂ ਸਾਹਿਬਾਂ ਨਾਲ ਸੰਬੰਧਿਤ ਹੈ ਜਾਂ ਉਨ੍ਹਾਂ ਦਾ ਵਾਚਕ ਹੈ। ‘ਬਿਲਾਸ’ ਸ਼ਬਦ ਸੰਸਕ੍ਰਿਤ ਦੇ ‘ਵਿਲਾਸ’ ਸ਼ਬਦ ਦਾ ਤਦਭਵ ਰੂਪ ਹੈ ਜਿਸ ਦਾ ਅਰਥ ਹੈ— ਕ੍ਰੀੜਾ, ਖੇਡ , ਲੀਲਾ। ਭਾਰਤੀ ਦਰਸ਼ਨ ਅਤੇ ਧਰਮ-ਸਾਧਨਾ ਵਿਚ ਸੰਸਾਰ ਨੂੰ ਛਿਣ-ਭੰਗੁਰ ਸਮਝ ਕੇ ਇਸ ਵਿਚ ਵਿਚਰਨ ਕਰ ਰਹੇ ਪ੍ਰਾਣੀਆਂ ਨੂੰ ਵੀ ਸਥਾਈ ਨਹੀਂ ਮੰਨਿਆ ਗਿਆ। ਸਭ ਜਗ ਚਲਣਹਾਰ ਹੈ ਅਤੇ ਇਸ ਵਿਚ ਮੌਜੂਦ ਜੀਵਾਂ ਨੂੰ ਵੀ ਸਮਾਂ ਆਉਣ’ਤੇ ਇਸ ਸੰਸਾਰ ਨੂੰ ਛਡਣਾ ਹੈ। ਮਨੁੱਖ ਦੇ ਪ੍ਰਸੰਗ ਵਿਚ ਇਹ ਸਥਾਪਨਾ ਵਿਸ਼ੇਸ਼ ਰੂਪ ਵਿਚ ਹੋਈ ਹੈ। ਇਸ ਲਈ ਇਹ ਸੰਸਾਰ ਮਨੁੱਖ ਲਈ ਇਕ ਕ੍ਰੀੜਾ-ਸਥਲੀ ਹੈ, ਖੇਡ ਦਾ ਮੈਦਾਨ ਹੈ ਜਿਥੇ ਖੇਡ ਦੇ ਖ਼ਤਮ ਹੋਣ ’ਤੇ ਸਭ ਨੇ ਆਪਣੇ ਆਪਣੇ ਰਾਹ ਤੁਰ ਜਾਣਾ ਹੈ। ਇਸ ਤਰ੍ਹਾਂ ਇਹ ਸਾਰਾ ਜਗਤ ਖੇਡ-ਤਮਾਸ਼ਾ ਹੈ ਅਤੇ ਇਸ ਖੇਡ ਵਿਚ ਹਿੱਸਾ ਲੈਣ ਵਾਲੇ ਆਉਂਦੇ ਜਾਂਦੇ ਰਹਿੰਦੇ ਹਨ। ਮਹਾਪੁਰਸ਼ ਵੀ ਇਸ ਸੰਸਾਰ ਵਿਚ ਆ ਕੇ ਜਗਤ-ਤਮਾਸ਼ਾ ਵੇਖਣ ਉਪਰੰਤ ਪ੍ਰਸਥਾਨ ਕਰ ਜਾਂਦੇ ਹਨ। ਉਨ੍ਹਾਂ ਦੇ ਚਰਿਤ ਜਾਂ ਜੀਵਨ ਲੀਲਾ ਨੂੰ ‘ਬਿਲਾਸ’ ਪਦ ਨਾਲ ਨਿਰਦਿਸ਼ਟ ਕੀਤਾ ਗਿਆ ਹੈ। ਕਵੀ ਸੁਖਾ ਸਿੰਘ ਨੇ ਖ਼ੁਦ ਲਿਖਿਆ ਹੈ :

ਤਿਨੈ ਦੇਖ ਪੋਥੀ ਕਹੑਯੋ ਯੋ ਪ੍ਰਕਾਸੰ

ਕ੍ਰਿਪਾਸਿੰਧ ਜੁ ਜੀ ਕਰੈ ਬਿਲਾਸੰ

ਰੋ ਨਾਮ ਤਾ ਕੋ ਇਹੇ ਗੁਰ ਬਿਲਾਸੰ

ੜੈ ਜੋ ਸੁਨੈ ਕੋ ਪੁਰੈ ਤਾਹਿ ਆਸੰ

                                                                                                                                    (ਅਧਿ. 30/104)

            ਚਰਿਤ-ਕਾਵਿ ਦੀ ਪਰੰਪਰਾ ਦਾ ਆਰੰਭ ਅਪਭ੍ਰੰਸ਼ ਸਾਹਿਤ ਤੋਂ ਹੋਇਆ ਪ੍ਰਤੀਤ ਹੁੰਦਾ ਹੈ ਅਤੇ ਇਸ ਦੇ ਪ੍ਰਭਾਵ ਦੇ ਫਲਸਰੂਪ ਹਿੰਦੀ ਸਾਹਿਤ ਵਿਚ ਵੀ ਚਰਿਤ-ਕਾਵਿ ਦੀ ਪਰੰਪਰਾ ਚਲੀ ਹੈ। ਪੰਜਾਬ ਵਿਚ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਧਾਰਮਿਕ ਅਤੇ ਸਮਾਜਿਕ ਤੌਰ’ਤੇ ਬੜੀ ਜ਼ਬਰਦਸਤ ਤਬਦੀਲੀ ਵਿਆਪਕ ਹੋਈ ਅਤੇ ਕਾਲਾਂਤਰ ਵਿਚ ਇਸ ਤਬਦੀਲੀ ਨੇ ਪੰਜਾਬ ਦੀ ਰਾਜਨੈਤਿਕ ਸਥਿਤੀ ਨੂੰ ਵੀ ਪ੍ਰਭਾਵਿਤ ਕੀਤਾ। ਗੁਰੂ ਨਾਨਕ ਦੇਵ ਜੀ, ਅਸਲ ਵਿਚ, ਉਸ ਵੇਲੇ ਮਿਧੀ ਜਾ ਰਹੀ ਭਾਰਤੀ ਜਨਤਾ ਲਈ ਮਸੀਹਾ ਬਣ ਕੇ ਆਏ। ਉਨ੍ਹਾਂ ਨੇ ਇਥੋਂ ਦੇ ਲੋਕਾਂ ਨੂੰ ਸਵੈ- ਭਰੋਸੇ ਲਈ ਪ੍ਰੇਰਿਆ, ਇਥੋਂ ਦੇ ਲੋਕਾਂ ਦੇ ਮਨ ਵਿਚ ਆਤਮ- ਗੌਰਵ ਦੀ ਭਾਵਨਾ ਭਰੀ। ਉਨ੍ਹਾਂ ਨੂੰ ਇਕ ਧਰਮ ਦਿੱਤਾ, ਇਕ ਇਸ਼ਟਦੇਵ ਪ੍ਰਤਿ ਰੁਚਿਤ ਕੀਤਾ, ਸਾਂਝੀ ਕੌਮੀਅਤ ਦਿੱਤੀ, ਇਕ ਭਾਸ਼ਾ ਦਿੱਤੀ, ਇਕ ਲਿਪੀ ਦਿੱਤੀ, ਸੁਤੰਤਰਤਾ ਪੂਰਵਕ ਜੀਵਨ ਜੀਣ ਲਈ ਸਚੇਤ ਕੀਤਾ। ਗੱਲ ਕੀ ਸਾਰੇ ਪੰਜਾਬ ਦਾ, ਸਾਰੇ ਪੰਜਾਬੀਆਂ ਦਾ ਕਾਇਆ ਕਲਪ ਹੋ ਗਿਆ, ਉਨ੍ਹਾਂ ਨੂੰ ਆਪਣੀ ਹੋਂਦ ਦਾ ਅਹਿਸਾਸ ਹੋਣ ਲਗਾ। ਇਨ੍ਹਾਂ ਉਪਕਾਰਾਂ ਦੇ ਫਲਸਰੂਪ ਲੋਕੀਂ ਗੁਰੂ ਨਾਨਕ ਦੇਵ ਦੇ ਮਹਾਨ ਚਰਿਤ ਵਲ ਆਕਰਸ਼ਿਤ ਹੋਏ, ਉਨ੍ਹਾਂ ਦੀ ਵਿਚਾਰ- ਧਾਰਾ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੇ ਸ਼ਰਧਾਲੂ ਬਣੇ, ਅਨੁਯਾਈ ਬਣ ਕੇ ਉਨ੍ਹਾਂ ਦਾ ਜਸ ਗਾਉਣ ਲਗੇ। ਸਮਾਂ ਬੀਤਣ ਨਾਲ ਗੁਰੂ ਨਾਨਕ ਦੇਵ ਦੇ ਚਰਿਤ ਵਿਚ ਅਲੌਕਿਕ ਤੱਤ੍ਵਾਂ ਦੀ ਹੋਂਦ ਦੀ ਗੱਲ ਤੁਰ ਪਈ। ਉਹ ਨਰ ਤੋਂ ਨਾਰਾਇਣ ਸਮਝੇ ਜਾਣ ਲਗੇ। ਸਾਹਿਤਿਕ ਰੁਚੀਆਂ ਵਾਲੇ ਅਨੁਯਾਈਆਂ ਨੇ ਉਨ੍ਹਾਂ ਦੇ ਚਰਿਤ ਬਾਰੇ ਆਪਣੀ ਭਾਵ-ਅਭਿਵਿਅਕਤੀ ਸ਼ੁਰੂ ਕੀਤੀ ਜੋ ਜਨਮ-ਸਾਖੀਆਂ ਦੇ ਰੂਪ ਵਿਚ ਸਾਡੇ ਸਾਹਮਣੇ ਆਈ। ਜਨਮ-ਸਾਖੀਆਂ ਵਿਚ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਲੈ ਕੇ ਜੋਤੀ ਜੋਤਿ ਸਮਾਉਣ ਤਕ ਦੀਆਂ ਘਟਨਾਵਾਂ ਦਾ ਸਾਖੀਆਂ ਜਾਂ ਗੋਸ਼ਟਾਂ ਵਿਚ ਵਿਵਰਣ ਦਿੱਤਾ ਗਿਆ ਹੈ।

       ਸਿੱਖ ਇਤਿਹਾਸ ਵਿਚ ਗੁਰੂ ਨਾਨਕ ਦੇਵ ਜੀ ਤੋਂ ਬਾਦ ਧਰਮ-ਸਾਧਨਾ ਦੇ ਸਰੂਪ ਵਿਚ ਮਹੱਤਵਪੂਰਣ ਪਰਿਵਰਤਨ ਲਿਆਉਣ ਵਾਲੇ ਦਸਮ ਗੁਰੂ ਸਨ। ਉਨ੍ਹਾਂ ਦੇ ਚਰਿਤ ਵਿਚ ਵਿਲੱਖਣ ਤੱਤ੍ਵ ਬਹੁਤ ਅਧਿਕ ਸਨ। ਉਨ੍ਹਾਂ ਦੇ ਕਾਰਨਾਮਿਆਂ ਅਤੇ ਉਪਕਾਰਾਂ ਨੇ ਲੋਕਾਂ/ਅਨੁਯਾਈਆਂ ਦੀ ਸੋਚਣੀ ਹੀ ਇਕਦਮ ਬਦਲ ਦਿੱਤੀ। ਲੋਕ-ਚੇਤਨਾ ਅਤੇ ਕਵੀ-ਮਨ ਨੂੰ ਹਲੂਣਾ ਦੇਣ ਵਾਲੀ ਇਕ ਸ਼ਖ਼ਸੀਅਤ ਸਾਹਮਣੇ ਆਈ। ਇਸ ਲਈ ਉਨ੍ਹਾਂ ਦੇ ਚਰਿਤਾਂ, ਕੌਤਕਾਂ ਅਤੇ ਉਪਕਾਰਾਂ ਨੂੰ ਸੰਭਾਲਣ ਲਈ ਸਾਹਿਤਕਾਰਾਂ ਦੇ ਮਨ ਵਿਚ ਉਮੰਗ ਪੈਦਾ ਹੋਈ। ਉਹੀ ਉਮੰਗ ਉਨ੍ਹਾਂ ਰਚਨਾਵਾਂ ਦੇ ਰੂਪ ਵਿਚ ਸਾਹਮਣੇ ਪਾਈ ਜਿਨ੍ਹਾਂ ਨੂੰ ‘ਗੁਰਬਿਲਾਸ’ ਜਾਂ ਇਸ ਪ੍ਰਕਾਰ ਦਾ ਕੋਈ ਹੋਰ ਨਾਂ ਦਿੱਤਾ ਗਿਆ, ਜਿਵੇਂ :

(1)   ਗੁਰ ਸੋਭਾ (ਕਵੀ ਸੈਨਾਪਤ)— 1758 ਬਿ.,

(2)   ਗੁਰਬਿਲਾਸ ਪਾ. ੧੦ (ਸੁਖਾ ਸਿੰਘ)— 1854 ਬਿ.,

(3)   ਗੁਰਬਿਲਾਸ ਪਾ. ੧੦ (ਕੁਇਰ ਸਿੰਘ)— 1808 ਬਿ. (ਸੰਦਿਗਧ),

(4)   ਗੁਰ ਪ੍ਰਤਾਪ ਸੂਰਜ (ਸੰਤੋਖ ਸਿੰਘ)— 1900 ਬਿ.

(5)        ਸਿੰਘ ਸਾਗਰ (ਵੀਰ ਸਿੰਘ ਬਲ)— 1884 ਬਿ. ਆਦਿ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3875, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.