ਗੁਰਮਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰਮਤ. ਸਤਿਗੁਰੂ ਦਾ ਸਿੱਧਾਂਤ। ੨ ਗੁਰੂ ਦਾ ਥਾਪਿਆ ਧਰਮ ਦਾ ਨਿਯਮ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9031, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੁਰਮਤ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗੁਰਮਤ/ਗੁਰੁਮਤਿ: ਇਸ ਸ਼ਬਦ ਦੇ ਦੋ ਅਰਥ ਵਿਵਹਾਰ ਵਿਚ ਆਉਂਦੇ ਹਨ। ਪਹਿਲਾ ਅਰਥ ਹੈ— ਗੁਰੂ ਦੀ ਮਤ , ਗੁਰੂ ਦੀ ਰਾਏ , ਗੁਰੂ ਦੀ ਨਸੀਹਤ , ਗੁਰੂ ਦੀ ਸੰਮਤੀ। ਜਿਗਿਆਸੂ ਨੂੰ ਆਪਣਾ ਜੀਵਨ ਚੰਗੀ ਤਰ੍ਹਾਂ ਬਤੀਤ ਕਰਨ ਲਈ ਗੁਰੂ ਤੋਂ ਉਪਦੇਸ਼ ਗ੍ਰਹਿਣ ਕਰਨਾ ਚਾਹੀਦਾ ਹੈ। ਗੁਰੂ ਚੂੰਕਿ ਅਧਿਆਤਮਿਕਤਾ ਵਿਚ ਪੁਗੀ ਹੋਈ ਸ਼ਖ਼ਸੀਅਤ ਦਾ ਸੁਆਮੀ ਹੁੰਦਾ ਹੈ, ਇਸ ਲਈ ਉਸ ਦੀ ਰਾਏ ਸਿੱਖ ਲਈ ਸਭ ਤੋਂ ਅਧਿਕ ਮਹੱਤਵ ਰਖਦੀ ਹੈ। ਗੁਰਬਾਣੀ ਵਿਚ ਗੁਰੂ ਦੀ ਮਤ ਪ੍ਰਾਪਤ ਕਰਨ ਲਈ ਬਹੁਤ ਤਾਕੀਦ ਕੀਤੀ ਗਈ ਹੈ। ਗੁਰੂ ਨਾਨਕ ਦੇਵ ਜੀ ਨੇ ਮਾਰੂ ਰਾਗ ਵਿਚ ਕਿਹਾ ਹੈ— ਗੁਰਮਤਿ ਲੇਹੁ ਤਰਹੁ ਭਵ ਦੁਤਰੁ ਮੁਕਤਿ ਭਏ ਸੁਖੁ ਪਾਇਆ (ਗੁ.ਗ੍ਰੰ.1041)। ਗੁਰੂ ਰਾਮਦਾਸ ਜੀ ਨੇ ਬਿਹਾਗੜਾ ਰਾਗ ਵਿਚ ਕਿਹਾ ਹੈ ਕਿ ਗੁਰੂ ਦੀ ਮਤ ਅਨੁਸਾਰ ਚਲਣ ਵਾਲਾ ਵਿਅਕਤੀ ਕਦੇ ਡੋਲਦਾ ਨਹੀਂ ਹੈ—ਗੁਰਮਤਿ ਮਨੁ ਠਹਿਰਾਈਐ ਮੇਰੀ ਜਿੰਦੁੜੀਏ ਅਨਤ ਕਾਹੂ ਡੋਲੇ ਰਾਮ (ਗੁ.ਗ੍ਰੰ.538)। ਗੁਰੂ ਅਰਜਨ ਦੇਵ ਜੀ ਨੇ ‘ਸੁਖਮਨੀ ’ ਨਾਂ ਦੀ ਬਾਣੀ ਵਿਚ ਸਪੱਸ਼ਟ ਕਿਹਾ ਹੈ ਕਿ ਹੇ ਮੂਰਖ ਵਿਅਕਤੀ! ਗੁਰੂ ਦੀ ਮਤ ਅਨੁਸਾਰ ਚਲ ਕਿਉਂਕਿ ਭਗਤੀ ਤੋਂ ਬਿਨਾ ਕਈ ਸਿਆਣੇ ਅਖਵਾਉਣ ਵਾਲੇ ਸੰਸਾਰ ਸਾਗਰ ਵਿਚ ਡੁਬ ਗਏ ਹਨ— ਗੁਰ ਕੀ ਮਤਿ ਤੂੰ ਲੇਹਿ ਇਆਨੇ ਭਗਤਿ ਬਿਨਾ ਬਹੁ ਡੂਬੇ ਸਿਆਨੇ (ਗੁ.ਗ੍ਰੰ.288)।

            ਗੁਰਮਤਿ ਦਾ ਦੂਜਾ ਅਰਥ ਹੈ ਗੁਰੂ ਸਾਹਿਬਾਨ ਦੁਆਰਾ ਸਥਾਪਿਤ ਸਿੱਧਾਂਤ। ਇਸੇ ਤੋਂ ਵਿਸਤਰਿਤ ਹੋਇਆ ਅਰਥ ਗੁਰੂਆਂ ਦੁਆਰਾ ਸਥਾਪਿਤ ਸਿੱਧਾਂਤਾਂ ਨੂੰ ਆਧਾਰ ਬਣਾ ਕੇ ਚਲਣ ਵਾਲਾ ਧਰਮ। ਗੁਰੂ ਗ੍ਰੰਥ ਸਾਹਿਬ ਗੁਰਮਤਿ ਦਾ ਭੰਡਾਰ ਹੈ। ਗੁਰਮਤਿ ਤੋਂ ਭਾਵ ਕੇਵਲ ਗੁਰੂ ਸਾਹਿਬਾਨ ਦੀ ਬਾਣੀ ਹੀ ਨਹੀਂ, ਸਗੋਂ ਉਹ ਸਾਰੀ ਭਗਤ ਅਤੇ ਭੱਟ- ਬਾਣੀ ਵੀ ਹੈ ਜੋ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਗੰਗਾ ਵਿਚ ਮਿਲਣ ਵਾਲੀਆਂ ਸਾਰੀਆਂ ਨਦੀਆਂ ਗੰਗਾ ਹੀ ਅਖਵਾਉਂਦੀਆਂ ਹਨ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਹਰ ਪ੍ਰਕਾਰ ਦੀ ਬਾਣੀ ਗੁਰਬਾਣੀ ਹੀ ਅਖਵਾਉਣ ਦਾ ਅਧਿਕਾਰ ਰਖਦੀ ਹੈ। ਗੁਰੂ ਗ੍ਰੰਥ ਸਾਹਿਬ ਵਿਚਲੀ ਸਾਰੀ ਬਾਣੀ ਨੂੰ ਅਸ਼ੇਸ਼ ਅਤੇ ਅਭਿੰਨ ਰੂਪ ਵਿਚ ਗੁਰਬਾਣੀ ਹੀ ਕਿਹਾ ਗਿਆ ਹੈ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸਾਰੀ ਬਾਣੀ ਵਿਚ ਦਰਸਾਏ ਸਿੱਧਾਂਤ ਸਮੁੱਚੇ ਰੂਪ ਵਿਚ ‘ਗੁਰਮਤਿ’ ਅਖਵਾਉਂਦੇ ਹਨ। ਇਹ ‘ਗੁਰਮਤਿ’ ਹੀ ਸਿੱਖ-ਸਾਧਕ ਦੁਆਰਾ ਅਪਣਾਈ ਜਾਣ ਵਾਲੀ ਜੀਵਨ- ਜਾਚ ਹੈ। ਇਸ ਨੂੰ ‘ਗੁਰਮਤਿ ਭਗਤੀ ’ (ਵੇਖੋ) ਕਿਹਾ ਜਾ ਸਕਦਾ ਹੈ। ਗੁਰਮਤਿ ਦੀ ਸਿੱਧਾਂਤ-ਪੱਧਤੀ ਨੂੰ ਅਪਣਾਉਣ ਵਾਲੇ ਅਨੁਯਾਈ ਸਮਾਜ ਨੂੰ ਗੁਰਮਤਿ-ਧਰਮ ਵੀ ਕਿਹਾ ਜਾਂਦਾ ਹੈ। ‘ਗੁਰਮਤਿ’ ਦੇ ਪਹਿਲੇ ਵਿਆਖਿਆਕਾਰ ਭਾਈ ਗੁਰਦਾਸ ਮੰਨੇ ਜਾਂਦੇ ਹਨ। ਵੇਖੋ ‘ਗੁਰਦਾਸ, ਭਾਈ’।

ਕਈ ਵਿਦਵਾਨ ਗੁਰਮਤਿ-ਸਾਹਿਤ ਦੀ ਸੀਮਾ ਦਾ ‘ਗੁਰੂ ਗ੍ਰੰਥ ਸਾਹਿਬ’ ਤੋਂ ਵਿਸਤਾਰ ਕਰਕੇ ਭਾਈ ਗੁਰਦਾਸ ਦੀ ਬਾਣੀ ਅਤੇ ‘ਦਸਮ ਗ੍ਰੰਥ ’ ਨੂੰ ਵੀ ਇਸ ਦੇ ਕਲਾਵੇ ਵਿਚ ਸਮੇਟਦੇ ਹਨ ਅਤੇ ਕਈ ਰਹਿਤਨਾਮਿਆਂ ਨੂੰ ਵੀ ਇਸ ਵਿਚ ਸ਼ਾਮਲ ਕਰ ਲੈਂਦੇ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6141, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਗੁਰਮਤ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰਮਤ: (ਗੁਰ-ਮਤ, ਮਤ , ਸੰਸਕ੍ਰਿਤ ਸ਼ਬਦ ਮਤਿ, ਅਰਥਾਤ ਗੁਰੂ ਦੇ ਉਦੇਸ਼ ਜਾਂ ਸਿਧਾਂਤ , ਵਿਸ਼ੇਸ਼ ਰੂਪ ਵਿਚ ਗੁਰੂ ਦੁਆਰਾ ਨਿਰਧਾਰਿਤ ਕੀਤੇ ਹੋਏ ਧਾਰਮਿਕ ਨਿਯਮ) ਇਕ ਅਜਿਹਾ ਪਰਿਭਾਸ਼ਿਕ ਸ਼ਬਦ ਹੈ ਜਿਸਨੂੰ ਇਸਦੇ ਪੂਰਨ ਅਰਥਾਂ ਵਿਚ ਸਿੱਖ ਧਰਮ ਦੇ ਸਮਾਨਾਰਥਿਕ ਰੂਪ ਵਿਚ ਸਮਝਿਆ ਜਾਂਦਾ ਹੈ। ਗੁਰਮਤ ਵਿਚ ਸਿੱਖ ਧਰਮ ਅਤੇ ਪ੍ਰਥਾ ਦੇ ਸਿਧਾਂਤਿਕ, ਪਰੰਪਰਾਗਤ ਅਤੇ ਦਿਸ਼ਾਤਮਿਕ ਪਹਿਲੂ ਸ਼ਾਮਲ ਹਨ। ਬੁਨਿਆਦੀ ਅਧਿਆਤਮਿਕ ਸੰਰਚਨਾ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਨੌਂ ਉੱਤਰਾਧਿਕਾਰੀਆਂ ਦੀਆਂ ਸਿੱਖਿਆਵਾਂ ਤੋਂ ਉਤਪੰਨ ਹੋਈ ਸਿਧਾਂਤਿਕ ਵਿਚਾਰਧਾਰਾ ਸਦੀਆਂ ਤੋਂ ਵਿਕਸਿਤ ਹੋਈ ਸਮੁੱਚੀ ਸਿੱਖ ਜੀਵਨ-ਜਾਚ ਦਾ ਵਿਅਕਤੀਗਤ ਅਤੇ ਸਮਾਜਿਕ ਪ੍ਰਗਟਾਵਾ ਪੇਸ਼ ਕਰਦੀ ਹੈ। ਗੁਰੂਆਂ ਦੁਆਰਾ ਸਥਾਪਿਤ ਕੀਤੀਆਂ ਗਈਆਂ ਸੰਸਥਾਵਾਂ ਤੋਂ ਸਿੱਖਾਂ ਵੱਲੋਂ ਰੋਜ਼ਾਨਾ ਮਾਮਲਿਆਂ ਵਿਚ ਰਹਿਨੁਮਾਈ ਪ੍ਰਾਪਤ ਕਰਨਾ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੇ ਵਿਕਸਿਤ ਹੋ ਰਿਹਾ ਭਾਈਚਾਰਾ ਵੀ ਗੁਰਮਤ ਦੇ ਘੇਰੇ ਵਿਚ ਹੀ ਆ ਜਾਂਦਾ ਹੈ। ਕਿਸੇ ਵੀ ਔਕੜ ਸਮੇਂ ਅਨੁਯਾਈਆਂ ਦੁਆਰਾ ਜੋ ਵੀ ਫ਼ੈਸਲਾ ਲਿਆ ਜਾਂਦਾ ਹੈ ਉਹ ਗੁਰਮਤ ਦੀ ਵਿਚਾਰਧਾਰਾ ਅਤੇ ਪਰੰਪਰਾ ਦੇ ਸਮਰੂਪ ਹੋਣਾ ਚਾਹੀਦਾ ਹੈ।

     ਗੁਰਮਤ ਵਿਚ ‘ਗੁਰੂ’ ਤੋਂ ਭਾਵ ਸਿੱਖ ਧਰਮ ਦੇ ਦਸ ਗੁਰੂਆਂ ਅਤੇ ਗੁਰ-ਬਾਣੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ ਗਈ ਹੈ। ਗੁਰੂ ਦੇ ਮਤ ਤੋਂ ਭਾਵ ਇਸ ਪਵਿੱਤਰ ਸ਼ਬਦ ਦੁਆਰਾ ਸਿੱਖਿਆ ਦੇਣਾ ਅਤੇ ਵਿਅਕਤੀਗਤ ਤੌਰ ਤੇ ਦਸਾਂ ਗੁਰੂ ਸਾਹਿਬਾਨ ਦੁਆਰਾ ਕਾਇਮ ਕੀਤੀ ਮਿਸਾਲ ਹੈ। ਇਹਨਾਂ ਸ੍ਰੋਤਾਂ ਤੋਂ ਲਈ ਗਈ ਸੇਧ ਇਕ ਸਿੱਖ ਵਾਸਤੇ ਆਪਣੀ ਸੰਪੂਰਨ ਜੀਵਨ-ਜਾਚ ਨੂੰ ਬਨਾਉਣ ਵਾਸਤੇ ਅੰਤਿਮ ਆਚਰਨ ਹੈ ਅਤੇ ਇਸੇ ਰਾਹੀਂ ਉਹ ਅਧਿਆਤਮਿਕ ਅਤੇ ਸੰਸਾਰਿਕ ਦੋਵੇਂ ਪੱਖਾਂ ਦੀ ਘਾੜਤ ਘੜਦਾ ਹੈ। ਇਹ ਅਧਿਆਤਮਿਕ ਰਸਤਾ ਜਿਸ ਤੇ ਉਹ ਚੱਲਣ ਦੀ ਪ੍ਰੇਰਨਾ ਲੈਂਦਾ ਹੈ ਉਸ ਨੂੰ ਮੁਕਤੀ ਦਾ ਮਾਰਗ ਦਰਸਾਉਣ ਵਾਲਾ ਅਤੇ ਉਸ ਨੂੰ ਜਨਮ-ਮਰਨ ਦੇ ਆਵਾਗਮਨ ਦੇ ਬੰਧਨਾਂ ਤੋਂ ਮੁਕਤ ਕਰਨ ਵਾਲਾ ਹੋਣਾ ਚਾਹੀਦਾ ਹੈ। ਇਸ ਵਿਚ ਉਸਦੇ ਸੰਪੂਰਨ ਧਾਰਮਿਕ ਅਤੇ ਜਾਤੀ ਵਿਹਾਰ ਆਪਣੀ ਕੌਮ ਅਤੇ ਸਮਾਜ ਨਾਲ ਸਮੁੱਚੇ ਰੂਪ ਵਿਚ ਅਵੱਸ਼ਕ ਤੌਰ ਤੇ ਜੁੜੇ ਹੋਣੇ ਚਾਹੀਦੇ ਹਨ ਅਤੇ ਇਹ ਸਭ ਕੁਝ ਸੰਪੂਰਨ ਤੌਰ ਤੇ ਗੁਰਮਤ ਸਿਧਾਂਤ ਦੇ ਅੰਤਰਗਤ ਹੀ ਆ ਜਾਂਦਾ ਹੈ।

     ਧਰਮ-ਸ਼ਾਸਤਰੀ ਦ੍ਰਿਸ਼ਟੀ ਅਨੁਸਾਰ, ਗੁਰਮਤ ਪੱਕੇ ਤੌਰ ਤੇ ਏਕੇਸ਼ਵਰਵਾਦੀ ਵਿਸ਼ਵਾਸ ਦਾ ਧਾਰਨੀ ਹੈ। ਅਖੰਡ ਸੱਚਾਈ ਪਾਰਗਾਮੀ ਪ੍ਰਭੂ ਸਰਬਉੱਚ ਹੈ, ਗੁਣਾਤੀਤ ਹੈ ਅਤੇ ਉਸ ਉੱਤੇ ਵਿਸ਼ਵਾਸ ਹੀ ਗੁਰਮਤ ਦਾ ਪਹਿਲਾ ਸਿਧਾਂਤ ਹੈ। ਸਿੱਖ ਧਰਮ ਵਿਚ ਪਰਮਾਤਮਾ ਦੀ ਸਰਬ- ਵਿਆਪਕਤਾ ਗੁਣਵਾਨਤਾ ਨੂੰ ਵੀ ਪ੍ਰਵਾਨ ਕੀਤਾ ਗਿਆ ਹੈ। ਪਰਮਾਤਮਾ ਦੇ ਏਸੇ ਗੁਣ ਕਾਰਨ ਉਹ ਰਚਨਾ ਕਰਨ ਦੀ ਵੀ ਸਮਰੱਥਾ ਰੱਖਦਾ ਹੈ। ਸਿਰਜਣਹਾਰ ਇਸ ਬ੍ਰਹਿਮੰਡ/ਸ੍ਰਿਸ਼ਟੀ ਨੂੰ ਆਪਣੇ ਹੁਕਮ ਜਾਂ ਇੱਛਾ ਨਾਲ ਬਿਨਾਂ ਕਿਸੇ ਦੀ ਸਹਾਇਤਾ ਦੇ ਹੋਂਦ ਵਿਚ ਲਿਆਇਆ ਹੈ। ਸ੍ਰਿਸ਼ਟੀ ਦੀ ਸਿਖਰ ਮਨੁੱਖ ਵਿਚ ਦਿੱਬ ਅੰਸ਼ ਹੈ ਅਤੇ ਉਸਦੀ ਮੁਕਤੀ ਉਸਦੇ ਆਪਣੇ ਅੰਦਰਲੇ ਤੱਤ ਸਾਰ ਨੂੰ ਅਤੇ ਸੰਸਾਰ ਵਿਚ ਪਰਮਾਤਮਾ ਦੀ ਪਸਰੀ ਹੋਈ ਦਿਬੱਤਾ ਨੂੰ ਪਛਾਨਣ ਵਿਚ ਹੈ। ਹਉਮੈ ਨੂੰ ਸਮਾਪਤ ਕਰਨ, ਮਨੁੱਖਤਾ ਦੀ ਨਿਸਵਾਰਥ ਸੇਵਾ ਉਸ ਪ੍ਰਤੀ ਪਿਆਰ ਅਤੇ ਸਹਿਨਸ਼ੀਲਤਾ ਧਾਰਨ ਕਰਨ ਉਪਰੰਤ ਹੀ ਸੰਤੁਸ਼ਟੀ ਅਤੇ ਪ੍ਰਾਪਤੀ ਸੰਭਵ ਹੁੰਦੀ ਹੈ।

     ਗੁਰਮਤ ਵਿਚ ਜੀਵਨ ਢੰਗ ਨੂੰ ਗੁਰਬਾਣੀ ਦੀਆਂ ਸਿੱਖਿਆਵਾਂ ਉੱਪਰ ਪੂਰਨ ਵਿਸ਼ਵਾਸ ਕਰਨ, ਰੱਬੀ ਇੱਛਾ ਦੇ ਪ੍ਰਤੱਖ ਗਿਆਨ ਨੂੰ ਸਰਬਉੱਚ ਕਾਨੂੰਨ ਵਜੋਂ ਮੰਨਣ ਅਤੇ ਗ੍ਰਹਿਸਥ ਹੋ ਕੇ ਇਮਾਨਦਾਰੀ ਨਾਲ ਆਪਣੀਆਂ ਜ਼ੁੰਮੇਵਾਰੀਆਂ ਨਿਭਾਉਣ ਨੂੰ ਅਵਸ਼ਕ ਫ਼ਰਜ ਦੇ ਤੌਰ ਤੇ ਸਮਝਣ ਦਾ ਆਦੇਸ਼ ਦਿੱਤਾ ਗਿਆ ਹੈ। ਸਭ ਤੋਂ ਪਹਿਲਾਂ ਸੁਝਾਇਆ ਗਿਆ ਕਾਰਜ ਬੰਦਗੀ ਹੈ -ਬੰਦਗੀ ਤੋਂ ਭਾਵ ਵਿਅਕਤੀ ਦਾ ਨਿੱਜੀ ਰੂਪ ਵਿਚ ਗੁਰਬਾਣੀ ਦਾ ਪਾਠ ਕਰਨਾ, ਸਮੂਹਿਕ ਸੇਵਾ ਵਿਚ ਹਿੱਸਾ ਲੈਣਾ ਜਾਂ ਇਕਾਂਤ ਵਿਚ ਬੈਠ ਕੇ ਵਿਅਕਤੀ ਦੁਆਰਾ ਇਲਾਹੀ ਸ਼ਬਦ ਵਿਚ ਲਿਵ ਲਾਉਣਾ ਇਸ ਵਿਚ ਸ਼ਾਮਲ ਹੈ। ਕਿਰਤ ਕਰਨਾ, ਵੰਡ ਛਕਣਾ ਤੇ ਨਾਮ ਜਪਣਾ ਇਕ ਅਜਿਹਾ ਮੰਤਰ ਹੈ ਜਿਹੜਾ ਸੰਖੇਪਤਾ ਨਾਲ ਸਾਰਾਂਸ਼ ਪੇਸ਼ ਕਰਦਾ ਹੈ ਕਿ ਸਿੱਖ ਲਈ ਕੀ ਕਰਨਾ ਲੋੜੀਂਦਾ ਹੈ: ਉਹ ਆਪਣੇ ਜੀਵਨ ਨਿਰਬਾਹ ਲਈ ਹੱਥੀਂ ਕੰਮ ਕਰਕੇ ਕਮਾਈ ਕਰੇ , ਆਪਣੇ ਉੱਦਮ/ਮਿਹਨਤ ਦਾ ਫਲ ਦੂਜਿਆਂ ਨਾਲ ਵੰਡ ਕੇ ਛਕੇ ਅਤੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੇ। ਗੁਰਮਤ ਨੇ ਸਿੱਖਾਂ ਲਈ ਰਹਿਤ ਅਤੇ ਰੀਤੀ-ਰਿਵਾਜਾਂ/ਮਰਯਾਦਾ ਦੀ ਪਰੰਪਰਾ ਨੂੰ ਵਿਕਸਿਤ ਕੀਤਾ, ਜੋ ਜ਼ਿਆਦਾਤਰ ਪਵਿੱਤਰ ਗ੍ਰੰਥ , ਗੁਰੂ ਗ੍ਰੰਥ ਸਾਹਿਬ ਦੇ ਆਲੇ-ਦੁਆਲੇ ਕੇਂਦਰਿਤ ਸੀ। ਗੁਰਮਤ ਨੇ ਆਪਣੇ ਆਪ ਵਿਚ ਪੁਜਾਰੀ ਸ਼੍ਰੇਣੀ ਨੂੰ ਕੋਈ ਮਾਨਤਾ ਨਹੀਂ ਦਿੱਤੀ ਅਤੇ ਸਿੱਖਾਂ ਵਿਚੋਂ ਕੋਈ ਵੀ ਸੰਗਤ ਵਿਚ ਬੈਠਾ ਸਿੱਖ ਕਿਸੇ ਵੀ ਕਿਸਮ ਦੀ ਸੇਵਾ ਦੀ ਅਗਵਾਈ ਕਰ ਸਕਦਾ ਹੈ। ਉਹ ਪਾਠਾਂ ਦੀ, ਵਿਆਹ ਦੀ ਰਸਮ ਜਿਸਨੂੰ ਅਨੰਦ ਕਾਰਜ ਵਜੋਂ ਜਾਣਿਆ ਜਾਂਦਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਤੋਂ ਪਾਠ ਕਰਨ ਦੀ ਸੇਵਾ ਕਰ ਸਕਦਾ ਹੈ। ਵਿਸ਼ੇਸ਼ ਕਰਮਕਾਂਡ ਅਰਥਾਤ ਬੱਚੇ ਦੇ ਜਨਮ ਸਮੇਂ ਅੰਮ੍ਰਿਤਪਾਨ ਸਮੇਂ, ਵਿਆਹ ਅਤੇ ਮੌਤ ਨਾਲ ਸੰਬੰਧਿਤ ਰਸਮਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਕੀਤੀਆਂ ਜਾਂਦੀਆਂ ਹਨ। ਉਹ ਅਰਦਾਸ ਨਾਲ ਅਤੇ ਪਵਿੱਤਰ ਕੜਾਹ ਪ੍ਰਸਾਦ ਵਰਤਾਉਣ ਨਾਲ ਸੰਪੂਰਨ ਹੁੰਦੀਆਂ ਹਨ। ਅਨੰਦ ਸਾਹਿਬ ਦੀਆਂ ਛੇ ਪੌੜੀਆਂ ਦਾ ਪਾਠ ਹਰ ਰਸਮ ਲਈ ਚਾਹੇ ਉਹ ਖ਼ੁਸ਼ੀ ਜਾਂ ਗਮੀ ਦੀ, ਸ਼ਾਦੀ ਜਾਂ ਮੌਤ ਦੀ ਹੋਵੇ ਲਾਜ਼ਮੀ ਹੈ।

     ਨੈਤਿਕ ਪੱਧਰ ਉੱਤੇ ਗੁਰਮਤ ਜ਼ੁੰਮੇਵਾਰੀਆਂ ਦੀ ਨੇਮਾਵਲੀ ਅਤੇ ਨੈਤਿਕ ਗੁਣਾਂ ਨੂੰ ਖ਼ਾਲਸੇ ਲਈ ਆਵਸ਼ਕ ਵੱਖਰੀ ਦਿੱਖ ਬਣਾਈ ਰੱਖਣ ਸੰਬੰਧੀ ਕਰਤੱਵ ਨਿਰਧਾਰਿਤ ਕਰਦਾ ਹੈ। ਇਕ ਸਿੱਖ ਖ਼ਾਲਸਾ ਭਾਈਬੰਦੀ ਦਾ ਪੂਰਾ ਮੈਂਬਰ ਉਦੋਂ ਹੀ ਬਣ ਸਕਦਾ ਹੈ ਜਦੋਂ ਉਹ ਅੰਮ੍ਰਿਤਪਾਨ ਕਰ ਲਵੇ ਅਤੇ ਇਸਦੇ ਨਾਲ ਲਏ ਜਾਣ ਵਾਲੇ ਪ੍ਰਣ ਲਵੇ। ਖ਼ਾਲਸੇ ਦੀ (ਵਿਸ਼ੇਸ਼ ਕਰਕੇ ਚਾਰ ਪਾਬੰਦੀਆਂ) ਨਿਯਮਾਂਵਲੀ ਦੇ ਕਿਸੇ ਵੀ ਹਿੱਸੇ ਦੀ ਉਲੰਘਣਾ ਕਰਨ ਤੇ ਖ਼ਾਲਸੇ ਨਾਲ ਗੁਰਮਤ ਦੀ ਅਵੱਗਿਆ ਕਰਨ ਵਾਲੇ ਵਾਂਗ ਵਰਤਾਉ ਕੀਤਾ ਜਾਂਦਾ ਹੈ ਅਤੇ ਉਲੰਘਣਾ ਕਰਨ ਵਾਲੇ ਨੂੰ ਬੇਮੁੱਖਤਾ ਕਰਨ ਵਾਲਾ ਕਰਾਰ ਕੀਤਾ ਜਾਂਦਾ ਹੈ। ਅੰਮ੍ਰਿਤਸਰ ਵਿਖੇ ਸ੍ਰੀ ਅਕਾਲ ਤਖ਼ਤ ਦੇ ਦਰਬਾਰ ਨੂੰ ਪਰੰਪਰਾ ਦੇ ਤੌਰ ਤੇ ਸਿੱਖਾਂ ਦੇ ਧਾਰਮਿਕ, ਸਮਾਜਿਕ ਅਤੇ ਵਿਹਾਰਿਕ ਮਾਮਲਿਆਂ ਵਿਚ ਸਰਬਉੱਚ ਮੰਨਿਆ ਜਾਂਦਾ ਰਿਹਾ ਹੈ ਅਤੇ ਅਕਾਲ ਤਖ਼ਤ ਕੋਲ ਇਹ ਸ਼ਕਤੀ ਹੈ ਕਿ ਉਹ ਪੰਥ ਨੂੰ ਸੇਧ ਪ੍ਰਦਾਨ ਕਰਨ ਲਈ ਹੁਕਮ ਜਾਰੀ ਕਰ ਸਕਦਾ ਹੈ ਅਤੇ ਕਿਸੇ ਵਿਅਕਤੀ ਨੂੰ ਪੰਥ ਵਿਚੋਂ ਛੇਕ ਸਕਦਾ ਹੈ। ਜਿਸਨੇ ਇਸਦੇ ਹਿਤ ਵਿਰੁੱਧ ਕੋਈ ਕੰਮ ਕੀਤਾ ਹੋਵੇ ਜਾਂ ਸਥਾਪਿਤ ਕੀਤੀ ਗਈ ਸਿੱਖ ਮਰਯਾਦਾ ਨੂੰ ਨਕਾਰਨ ਦੀ ਕੋਸ਼ਿਸ਼ ਕਰਨ ਵਾਲੇ ਕਸੂਰਵਾਰ ਨੂੰ ਵੀ ਸ੍ਰੀ ਅਕਾਲ ਤਖ਼ਤ ਦੰਡਿਤ ਕਰ ਸਕਦਾ ਹੈ।

     ਵਿਅਕਤੀਆਂ ਨੂੰ ਜਾਂ ਕੌਮਾਂ ਨੂੰ ਦਿਸ਼ਾ- ਨਿਰਦੇਸ਼ ਗੁਰਮਤ ਅਨੁਸਾਰ ਪੰਜ ਪਿਆਰਿਆਂ ਦੁਆਰਾ ਹੀ ਜਾਰੀ ਕੀਤੇ ਜਾ ਸਕਦੇ ਹਨ। ਉਹ ਉਹਨਾਂ ਸਮੱਸਿਆਵਾਂ ਦਾ ਹਲ ਪ੍ਰਦਾਨ ਕਰਦੇ ਹਨ ਜਿਹੜੀਆਂ ਸਮੱਸਿਆਵਾਂ ਉਹਨਾਂ ਸਾਮ੍ਹਣੇ ਲਿਆਈਆਂ ਜਾਂਦੀਆਂ ਹਨ ਜਾਂ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਾਮ੍ਹਣੇ ਹਾਜ਼ਰ ਹੋ ਕੇ ਗੁਰੂ ਦੀ ਸਲਾਹ ਲੈ ਸਕਦਾ ਹੈ ਅਤੇ ਉਸ ਉਲਝਣ ਭਰੇ ਪਲਾਂ ਵਿਚ (ਗੁਰੂ ਦੀ) ਰਹਿਨੁਮਾਈ ਪ੍ਰਾਪਤ ਕਰ ਸਕਦਾ ਹੈ ਜਿਹੜੀ ‘ਸ਼ਬਦ’ ਦੇ ਰੂਪ ਵਿਚ ਸਾਮ੍ਹਣੇ ਆਉਂਦੀ ਹੈ। ‘ਸ਼ਬਦ’ ਤੋਂ ਭਾਵ ਪਵਿੱਤਰ ਸ਼ਬਦ ਜਾਂ ਪਦਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਹਿਜ ਸੁਭਾਅ ਖੋਲ੍ਹਣ ਤੇ ਖੱਬੇ ਹੱਥ ਵਾਲੇ ਪੰਨੇ ਉੱਪਰ ਜਿਸ ਤੇ ਸਭ ਤੋਂ ਪਹਿਲਾਂ ਨਿਗਾਹ ਪੈਂਦੀ ਹੈ ਉਸ ਤੋਂ ਹੈ। ਇੱਥੇ ਕੁਝ ਮਿਸਾਲਾਂ ਵੀ ਮਿਲਦੀਆਂ ਹਨ ਜਦੋਂ ਅਜਿਹੇ ਵਿਚਾਰ-ਵਟਾਂਦਰੇ ਲਈ ਸਿੱਖ ਕੌਮ ਦੇ ਆਗੂ ਅਜਿਹੀ ਵਿਧੀ ਰਾਹੀਂ ਫ਼ੈਸਲੇ ਕਰਦੇ ਸਨ। ਗੁਰਮਤਾ (ਪਵਿੱਤਰ ਮਤਾ/ਪ੍ਰਸਤਾਵ) ਦੀ ਸੰਸਥਾ , 18ਵੀਂ ਸਦੀ ਦੇ ਸ਼ੁਰੂ ਵਿਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਸਰਬ- ਸੰਮਤੀ ਨਾਲ ਲਿਆ ਗਿਆ ਜਾਂ ਸਰਬ-ਸੰਮਤੀ ਨਾਲ ਪਹੁੰਚਣ ਵਾਲਾ ਨਿਰਨਾ ਹੁੰਦਾ ਸੀ।

     ਗੁਰਮਤ ਦਾ ਲੰਮੇ ਸਮੇਂ ਤੋਂ ਚੱਲੇਰਹੇ ਵਿਵਾਦਾਂ ਨੂੰ ਸੁਲਝਾਉਣ ਲਈ ਸਥਾਪਿਤ ਕੀਤੀਆਂ ਗਈਆਂ ਮਰਯਾਦਾਵਾਂ ਅਤੇ ਰਿਵਾਜ ਵੀ ਗੁਰਮਤ ਦਾ ਹੀ ਅੰਗ ਬਣਦੇ ਰਹੇ ਹਨ। ਉਦਾਹਰਨ ਵਜੋਂ, ਵਿਆਹ ਦੀ ਰਸਮ ਜਿਸਨੂੰ ਕਿ ਅਨੰਦ ਕਾਰਜ ਦੀ ਰਸਮ ਦੇ ਰੂਪ ਵਿਚ ਸਰਬਵਿਆਪੀ ਪ੍ਰਵਾਨਤਾ ਹਾਸਲ ਹੈ, 20ਵੀਂ ਸਦੀ ਦੇ ਅਰੰਭ ਤਕ ਹਕੀਕਤ ਨਹੀਂ ਸੀ: ਇਸ ਰਸਮ ਦੀ ਕਿਸੇ ਹੋਰ ਰੂਪ ਦੀ ਪ੍ਰਵਾਨਗੀ ਅੱਜ ਗੁਰਮਤ ਤੋਂ ਨਹੀਂ ਮਿਲ ਸਕਦੀ। ਮਾਸ ਖਾਣ ਦੇ ਬਾਰੇ ਗੁਰਮਤ ਨੇ ਕੋਈ ਅੰਤਿਮ ਨਿਰਨਾ ਨਹੀਂ ਦਿੱਤਾ ਹੈ; ਸ਼ਾਕਾਹਾਰੀ ਅਤੇ ਮਾਸਾਹਾਰੀ ਦੋਵੇਂ ਨਾਲ- ਨਾਲ ਪ੍ਰਚਲਿਤ ਹਨ। ਫਿਰ ਵੀ ਨਸ਼ੀਲੀ ਵਸਤੂਆਂ ਦੀ ਵਰਤੋਂ ਦੀ ਸਾਫ਼-ਸਾਫ਼ ਮਨਾਹੀ ਹੈ। ਜਾਤੀਵਾਦ ਅਤੇ ਛੂਤ-ਛਾਤ ਨੂੰ ਸਿਧਾਂਤਿਕ ਤੌਰ ਤੇ ਖਾਰਜ ਕਰ ਦਿੱਤਾ ਗਿਆ ਹੈ; ਇਸਦੇ ਕੋਈ ਵੀ ਚਿੰਨ੍ਹ-ਸੰਕੇਤ ਜਿਵੇਂ ਕਿ ਜਾਤੀ-ਨਾਵਾਂ ਦੀ ਉਪਨਾਮਾਂ ਵਜੋਂ ਵਰਤੋਂ ਆਮ ਕਰਕੇ ਗੁਰਮਤ ਦੇ ਵਿਰੁੱਧ ਮੰਨੀ ਜਾਂਦੀ ਹੈ। 48 ਘੰਟੇ ਨਿਰੰਤਰ, ਨਿਰਵਿਘਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਨੂੰ, ਅਖੰਡ ਪਾਠ ਕਿਹਾ ਜਾਂਦਾ ਹੈ ਅਤੇ ਇਸ ਪਾਠ ਨੂੰ ਦਹਾਕਿਆਂ ਤੋਂ ਸਿੱਖ ਜੀਵਨ-ਜਾਚ ਦੇ ਹਿੱਸੇ ਵਜੋਂ ਸਵੀਕਾਰ ਕੀਤਾ ਜਾ ਚੁੱਕਾ ਹੈ।

     ਗੁਰਮਤ, ਸੰਨਿਆਸ ਨੂੰ ਪ੍ਰਵਾਨਗੀ ਨਹੀਂ ਦਿੰਦਾ। ਦੂਜੇ ਪਾਸੇ, ਇਹ ਜੀਵਨ ਵਿਚ ਕਿਰਿਆਸ਼ੀਲ ਸ਼ਮੂਲੀਅਤ ਉੱਤੇ ਜ਼ੋਰ ਦਿੰਦਾ ਹੈ। ‘ਨਾਮ’ ਦੇ ਗਿਆਨ ਰਾਹੀਂ, ਚਿੰਤਨ ਦੁਆਰਾ ਅਤੇ ਨਿਰਸੁਆਰਥ ਸੇਵਾ ਦੇ ਕੰਮਾਂ ਰਾਹੀਂ ਸਵੈ ਤੋਂ ਪਾਰਗਾਮੀ ਹੋਣ ਲਈ ਸਿੱਖ ਵਿਸ਼ਵਾਸ ਅਨੁਸਾਰ, ਮਨੁੱਖੀ ਹੋਂਦ ਇਕ ਦੁਰਲੱਭ ਮੌਕਾ ਪ੍ਰਦਾਨ ਕਰਦੀ ਹੈ। ਮਨੁੱਖ ਆਪਣੇ ਵਿਚ ਨਿਮਰਤਾ, ਦਇਆ ਅਤੇ ਭਾਈਚਾਰਿਕ ਗੁਣਾਂ ਦਾ ਇਸ ਸੰਸਾਰ ਵਿਚ ਰਹਿੰਦੇ ਸਮੇਂ ਹੀ ਚੰਗੀ ਤਰ੍ਹਾਂ ਅਭਿਆਸ ਕਰ ਸਕਦਾ ਹੈ। ਗੁਰਮਤ ਅਨੁਸਾਰ ਆਦਰਸ਼ ਮਨੁੱਖ ਇਕ ਗ੍ਰਹਿਸਥ ਵਿਅਕਤੀ ਹੁੰਦਾ ਹੋਇਆ ਆਪਣੀ ਉਪਜੀਵਕਾ ਲਈ ਨੇਕ ਕਮਾਈ ਕਰਦਾ ਹੈ, ਆਪਣੀ ਇਸ ਮਿਹਨਤ ਦੀ ਕਮਾਈ ਨੂੰ ਆਪਣੀ ਸਵੈ-ਇੱਛਾ ਅਨੁਸਾਰ ਦੂਸਰਿਆਂ ਨਾਲ ਸਾਂਝਾ ਕਰਦਾ ਹੈ ਅਤੇ ਹਮੇਸ਼ਾ ਵਿਚਾਰ ਰੱਖਦਾ ਹੈ ਕਿ ਪਰਮਾਤਮਾ ਉਸਦੇ ਦਿਲ ਵਿਚ ਵੱਸਦਾ ਹੈ। ਜਿਵੇਂ ਕਿ ਧਰਮੀ ਦਾ ਸਤਿਕਾਰ ਕਰਨਾ ਅਤੇ ਸੰਤ-ਸੁਭਾਅ ਵਾਲੇ ਮਨੁੱਖ ਦਾ ਯੋਗ ਢੰਗ ਨਾਲ ਆਦਰ ਕੀਤਾ ਜਾਂਦਾ ਹੈ, ਪਰ ਗੁਰਮਤ ਵਿਚ ਆਪਣੇ ਸੁਆਰਥ ਲਈ ਦੂਜੇ ਨੂੰ ਚੰਬੜੇ ਰਹਿਣ ਦੀ ਮਨਾਹੀ ਕੀਤੀ ਗਈ ਹੈ। ਜੀਵਨ ਵਿਚ ਚਰਿੱਤਰ ਦੀ ਸਵੱਛਤਾ ਵਾਲੀਆਂ ਕਦਰਾਂ-ਕੀਮਤਾਂ ਅਤੇ ਚੰਗੀਆਂ ਆਦਤਾਂ ਨੂੰ ਪੈਦਾ ਕਰਨ ਦੀ ਗੁਰਮਤ ਵੱਲੋਂ ਪ੍ਰਮੁਖ ਹਿਦਾਇਤ ਦਿੱਤੀ ਗਈ ਹੈ।

     ਗੁਰੂ ਸਾਹਿਬਾਨ ਦੀਆਂ ਲਿਖਤਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਵਿਚ ਸਾਂਭੀਆਂ ਪਈਆਂ ਲਿਖਤਾਂ ਵਿਚ ਇਸ ਸੰਬੰਧੀ ਵਧੀਆ ਤਰੀਕੇ ਨਾਲ ਵਿਆਖਿਆ ਅਤੇ ਸਪਸ਼ਟਤਾ ਕੀਤੀ ਗਈ ਹੈ ਕਿ ਗੁਰਮਤ ਕੀ ਹੈ। ਜਨਮਸਾਖੀਆਂ ਵਿਚ ਦਰਜ ਕੁਝ ਸਾਖੀਆਂ ਵੀ ਗੁਰਮਤ ਦੇ ਸਿਧਾਂਤਾਂ ਨੂੰ ਬਿਆਨ ਕਰਨ ਵਿਚ ਸਹਾਇਤਾ ਕਰਦੀਆਂ ਹਨ। ਗੁਰਮਤ ਦੇ ਸਿਧਾਂਤਾਂ ਦੀ ਤਰਕਸੰਗਤ ਵਿਆਖਿਆ ਪਹਿਲੀ ਵਾਰ ਭਾਈ ਗੁਰਦਾਸ (ਅ.ਚ. 1636) ਜੀ ਨੇ ਕੀਤੀ। ਇਹਨਾਂ ਨੇ ਗੁਰਬਾਣੀ ਵਿਚ ਆਏ ਸ਼ਬਦ ਗੁਰਮੁਖ , ਸੇਵਾ, ਸੰਗਤ ਆਦਿ ਦੀ ਆਪਣੀਆਂ ਵਾਰਾਂ ਵਿਚ ਵਿਆਖਿਆ ਕੀਤੀ ਅਤੇ ਗੁਰਬਾਣੀ ਦੀ ਟੀਕਾਕਾਰੀ ਦਾ ਚਿੰਤਨ-ਚੌਖਟਾ ਤਿਆਰ ਕੀਤਾ। ਵਿਆਖਿਆ ਦੀ ਇਸ ਪ੍ਰਕਿਰਿਆ ਨੂੰ ਵਿਦਵਾਨ ਵਿਅਕਤੀਆਂ ਦੁਆਰਾ ਜਾਰੀ ਰੱਖਿਆ ਗਿਆ: ਬਾਬਾ ਮਿਹਰਬਾਨ (1581-1640), ਭਾਈ ਮਨੀ ਸਿੰਘ (ਅ.ਚ. 1737) ਅਤੇ ਭਾਈ ਸੰਤੋਖ ਸਿੰਘ (1787-1843) ਅਤੇ ਰਹਿਤਨਾਮਿਆਂ ਦੇ ਲੇਖਕਾਂ ਰਾਹੀਂ ਇਹ ਪ੍ਰਕਿਰਿਆ ਸਿੰਘ ਸਭਾ ਲਹਿਰ ਵਿਚ ਆਪਣੇ ਸਿੱਖਰ ਤੇ ਪੁੱਜ ਗਈ ਜਿਸ ਨੇ ਭਾਈ ਕਾਨ੍ਹ ਸਿੰਘ (1861-1938), ਭਾਈ ਵੀਰ ਸਿੰਘ (1872-1957) ਅਤੇ ਭਾਈ ਜੋਧ ਸਿੰਘ (1882-1981) ਵਰਗੇ ਉੱਚੇ ਦਰਜੇ ਦੇ ਵਿਆਖਿਆਕਾਰ ਪੈਦਾ ਕੀਤੇ।


ਲੇਖਕ : ਵ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8982, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.