ਗੁਰਮੁਖ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰਮੁਖ ਸਿੰਘ: ਪੰਜਾਬ ਦੇ ਜਲੰਧਰ ਜ਼ਿਲੇ ਦੇ ਪਿੰਡ ਕੰਦੋਲਾ ਦਾ ਪਾਣੀ ਢੋਣ ਵਾਲਾ (ਝਿਊਰ) 1848-49 ਦੇ ਬਰਤਾਨੀਆਂ ਵਿਰੋਧੀ ਵਿਦਰੋਹ ਦੇ ਆਗੂ ਭਾਈ ਮਹਾਰਾਜ ਸਿੰਘ ਦਾ ਨਜ਼ਦੀਕੀ ਵਿਸ਼ਵਾਸਪਾਤਰ ਸੀ। ਦੂਜੇ ਐਂਗਲੋ- ਸਿੱਖ ਯੁੱਧ ਦੌਰਾਨ, ਗੁਰਮੁਖ ਸਿੰਘ ਨੇ ਮਹਾਰਾਜ ਸਿੰਘ ਦੀ ਖ਼ਾਲਸਾ ਫ਼ੌਜ ਲਈ ਭੋਜਨ ਅਤੇ ਚਾਰੇ ਦਾ ਪ੍ਰਬੰਧ ਕਰਕੇ ਉਹਨਾਂ ਨੂੰ ਪਹੁੰਚਾਉਣ ਵਿਚ ਮਦਦ ਕੀਤੀ ਸੀ। ਇਹ ਉਹਨਾਂ ਲਈ ਖਾਣਾ ਵੀ ਬਣਾਇਆ ਕਰਦਾ ਸੀ ਅਤੇ ਇਸ ਲਈ ਇਸ ਨੂੰ ਲਾਂਗਰੀ ਦਾ ਨਾਂ ਵੀ ਦਿੱਤਾ ਗਿਆ ਸੀ। ਜਦੋਂ ਮਹਾਰਾਜ ਸਿੰਘ ਮੁੜ ਦੋਆਬਾ ਖੇਤਰ ਵਿਚ ਦਾਖ਼ਲ ਹੋਇਆ ਤਾਂ ਗੁਰਮੁਖ ਸਿੰਘ ਨੇ ਉਸਨੂੰ ਉੱਥੋਂ ਦੇ ਬਹੁਤ ਸਾਰੇ ਉਹਨਾਂ ਪ੍ਰਭਾਵਸ਼ਾਲੀ ਸਥਾਨਿਕ ਵਿਅਕਤੀਆਂ ਨਾਲ ਮਿਲਾਉਣ ਵਿਚ ਸਹਾਇਤਾ ਕੀਤੀ ਸੀ, ਜਿਨ੍ਹਾਂ ਦੀ ਹੁਸ਼ਿਆਰਪੁਰ ਨੇੜੇ ਬਜਵਾੜਾ ਵਿਖੇ ਸਰਕਾਰੀ ਖ਼ਜ਼ਾਨੇ ਉੱਤੇ ਯੋਜਨਾ ਬਣਾ ਕੇ ਅਚਾਨਕ ਹਮਲਾ ਕਰਨ ਲਈ ਲੋੜ ਪੈਣੀ ਸੀ। ਗੁਰਮੁਖ ਸਿੰਘ ਉਸ ਸਮੇਂ ਹਾਜ਼ਰ ਨਹੀਂ ਸੀ ਜਦੋਂ ਭਾਈ ਮਹਾਰਾਜ ਸਿੰਘ ਆਪਣੇ 20 ਸਾਥੀਆਂ ਨਾਲ, 28-29 ਦਸੰਬਰ 1849 ਦੀ ਰਾਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਪਰੰਤੂ ਜਲੰਧਰ ਦੀ ਸਿਵਲ ਜੇਲ੍ਹ ਦੇ ਨੇੜੇ ਜਿੱਥੇ ਕੈਦੀਆਂ ਨੂੰ ਬਾਅਦ ਵਿਚ ਕੈਦਖ਼ਾਨੇ ਵਿਚ ਰੱਖਣ ਲਈ ਲਿਆਇਆ ਜਾਂਦਾ ਸੀ ਇਸਨੂੰ ਇਕੱਠੀ ਹੋਈ ਭੀੜ ਵਿਚੋਂ ਪਛਾਣ ਲਿਆ ਗਿਆ ਅਤੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ।


ਲੇਖਕ : ਮ.ਲ.ਅ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3768, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਗੁਰਮੁਖ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰਮੁਖ ਸਿੰਘ (1799-1870): ਅੰਮ੍ਰਿਤਸਰ ਦੇ ਨੇੜੇ ਤੁੰਗ ਪਿੰਡ ਦੇ ਵਾਸੀ ਫ਼ਤਿਹ ਸਿੰਘ ਦਾ ਪੁੱਤਰ ਸੀ। 1816 ਵਿਚ, ਇਹ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਵਿਚ ਭਰਤੀ ਹੋਇਆ ਸੀ। ਇਸਨੂੰ ਸੌ ਘੋੜਿਆਂ ਦੀ ਕਮਾਂਡ ਦੇ ਕੇ ਮਿਸਰ ਦੀਵਾਨ ਚੰਦ ਦੇ ਅਧੀਨ ਨਿਯੁਕਤ ਕਰ ਦਿੱਤਾ ਗਿਆ ਅਤੇ 1825 ਵਿਚ ਮਿਸਰ ਦੀਵਾਨ ਚੰਦ ਦੀ ਮੌਤ ਤੋਂ ਬਾਅਦ ਇਸ ਨੂੰ ਦੇਸਾ ਸਿੰਘ ਮਜੀਠੀਆ ਅਧੀਨ ਨਿਯੁਕਤ ਕੀਤਾ ਗਿਆ। ਗੁਰਮੁਖ ਸਿੰਘ ਨੇ ਰਾਮਗੜੀਆ ਬਰਗੇਡ ਵਿਚ ਕਮਾਨ ਅਫ਼ਸਰ ਦੇ ਤੌਰ ਤੇ ਸੇਵਾ ਕੀਤੀ ਅਤੇ ਬਹੁਤ ਸਾਰੀਆਂ ਲੜਾਈਆਂ ਵਿਚ ਹਿੱਸਾ ਲਿਆ ਜਿਨ੍ਹਾਂ ਵਿਚ ਮੁਲਤਾਨ ਦੀ ਲੜਾਈ (1818), ਕਸ਼ਮੀਰ ਦੀ ਲੜਾਈ (1819), ਮਾਨਕੇਰਾ ਦੀ ਲੜਾਈ (1821) ਅਤੇ ਪਿਸ਼ਾਵਰ ਦੀ ਲੜਾਈ (1822) ਸ਼ਾਮਲ ਹਨ। ਇਹ 1845-46 ਦੇ ਪਹਿਲੇ ਐਂਗਲੋ-ਸਿੱਖ ਯੁੱਧ ਵਿਚ ਵੀ ਲੜਿਆ ਜਿਸ ਵਿਚ ਇਸਦਾ ਭਰਾ , ਨਿਧਾਨ ਸਿੰਘ ਮਾਰਿਆ ਗਿਆ ਸੀ।

     1870 ਵਿਚ, ਗੁਰਮੁਖ ਸਿੰਘ ਅਕਾਲ ਚਲਾਣਾ ਕਰ ਗਿਆ।


ਲੇਖਕ : ਸ.ਸ.ਭ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3768, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.