ਗੁਰੁ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁਰੁ. ਦੇਖੋ, ਗੁਰ ੩। ੨ ਸੰਗ੍ਯਾ—ਧਰਮਉਪਦੇ. ਧਰਮ ਦਾ ਆਚਾਰਯ. “ਗੁਰੁ ਈਸਰੁ ਗੁਰੁ ਗੋਰਖੁ ਬਰਮਾ.” (ਜਪੁ) ਗੁਰੂ ਹੀ ਸ਼ਿਵ ਵਿਸ਼ਨੁ ਅਤੇ ਬ੍ਰਹ ਹੈ. “ਤਿਨਿ ਕਉ ਕਿਆ ਉਪਦੇਸੀਐ ਜਿਨਿ ਗੁਰੁ ਨਾਨਕਦੇਉ?” (ਮ: ੨ ਵਾਰ ਮਾਝ) “ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉਂ। ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ.” (ਸੁਖਮਨੀ) “ਬ੍ਰਹਮ ਬਿੰਦੇ ਸੋ ਸਤਿਗੁਰ ਕਹੀਐ.” (ਮਲਾ ਮ: ੪)
ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਚਾਰ ਪ੍ਰਕਾਰ ਦੇ ਗੁਰੂ ਦੱਸੇ ਹਨ1:—
(ੳ) ਭ੍ਰਿੰਗੀਗੁਰੁ. ਭ੍ਰਿੰਗੀ ਖ਼ਾਸ ਜਾਤਿ ਦੇ ਕੀੜੇ ਨੂੰ ਆਪ ਜੇਹਾ ਕਰ ਲੈਂਦਾ ਹੈ, ਪਰ ਹਰੇਕ ਕ੍ਰਿਮਿ ਨੂੰ ਨਹੀਂ.
(ਅ) ਪਾਰਸ ਗੁਰੁ. ਲੋਹੇ ਨੂੰ ਸੋਨਾ ਕਰਦਾ ਹੈ, ਪਰ ਪਾਰਸਰੂਪ ਕਿਸੇ ਨੂੰ ਨਹੀਂ ਕਰਦਾ.
(ੲ) ਵਾਮਨਚੰਦਨ ਗੁਰੁ. ਖ਼ਾਸ ਰੁੱਤ ਵਿੱਚ ਪਾਸ ਦੇ ਬਿਰਛਾਂ ਨੂੰ ਸੁਗੰਧਿ ਵਾਲਾ ਕਰ ਦਿੰਦਾ ਹੈ, ਪਰ ਸਾਰੀ ਰੁੱਤਾਂ ਵਿੱਚ ਨਹੀਂ ਅਤੇ ਬਾਂਸ ਨੂੰ ਕਿਸੇ ਰੁੱਤ ਵਿੱਚ ਭੀ ਸੁਗੰਧਿ ਵਾਲਾ ਨਹੀਂ ਕਰਦਾ.
(ਸ) ਦੀਪਕ ਗੁਰੁ. ਆਪਣੇ ਤੁੱਲ ਹੀ ਦੂਜੇ ਦੀਪਕ ਨੂੰ ਜੋਤਿਵਾਲਾ ਕਰ ਦਿੰਦਾ ਹੈ।
੩ ਵ੍ਰਿਹਸਪਤਿ। ੪ ਉਸਤਾਦ. ਵਿਦ੍ਯਾ ਦੱਸਣ ਵਾਲਾ।2 ੫ ਦੋ ਮਾਤ੍ਰਾ ਵਾਲਾ ਅੱਖਰ. ਲਘੁ ਨਾਲੋਂ ਦੂਣਾ ਸਮਾਂ ਜਿਸ ਦੇ ਉੱਚਾਰਣ ਵਾਸਤੇ ਲੱਗੇ ਉਹ “ਗੁਰੁ” ਹੈ. ਕੰਨਾ, ਬਿਹਾਰੀ, ਦੋਲੈਂਕੇ, ਏਲਾਂ, ਦੁਲਾਈਆਂ, ਹੋੜਾ , ਕਨੌੜਾ, ਬਿੰਦੀ (ਅਨੁਸ੍ਵਾਰ ਅਥਵਾ ਟਿੱਪੀ) ਵਿਸਰਗ, ਇਜਾਫ਼ਤ ਅਤੇ ਅਧਿਕ ਵਾਲਾ ਅੱਖਰ ਗੁਰੁ ਹੁੰਦਾ ਹੈ. ਪਦ ਵਿੱਚ ਦੁੱਤ (ਦ੍ਵਿਤ੍ਵ) ਅੱਖਰ ਦੇ ਆਦਿ ਦਾ ਅੱਖਰ ਲਘੁ ਭੀ ਗੁਰੁ ਮੰਨਿਆ ਜਾਂਦਾ ਹੈ, ਜੈਸੇ “ਸ਼ਤ੍ਰੁ ਮਿਤ੍ਰ” ਵਿੱਚ “ਸ਼” ਅਤੇ “ਮਿ” ਗੁਰੂ ਹਨ. ਜੇ ਸੰਯੋਗੀ ਅੱਖਰ ਤੋਂ ਪਹਿਲੇ ਲਘੁ ਉੱਪਰ ਉੱਚਾਰਣ ਸਮੇਂ ਦਬਾਉ ਨਾ ਪਵੇ, ਤਦ ਗੁਰੁ ਨਹੀਂ ਹੁੰਦਾ, ਉਹ ਲਘੁ ਹੀ ਰਹਿੰਦਾ ਹੈ, ਜੈਸੇ—ਪ੍ਰ ਅਤੇ ਕਨ੍ਹੈਯਾ ਪਦ ਦਾ “” ਅਤੇ “ਕ” ਗੁਰੁ ਨਹੀਂ.
ਕਦੇ ਕਦੇ ਛੰਦ ਦੇ ਪਾਠ ਨੂੰ ਸਹੀ ਰੱਖਣ ਵਾਸਤੇ ਲਘੁ ਨੂੰ ਗੁਰੁ ਕਰਕੇ ਪੜ੍ਹੀਦਾ ਅਤੇ ਲਿਖੀਦਾ ਹੈ, ਜੈਸੇ—“ਨਾਥ ਨਿਰੰਜਨ ਤ੍ਵ ਸਰਨ.” ਇਸ ਵਾਕ ਵਿੱਚ “ਤ੍ਵ” ਲਘੁ ਹੈ, ਪਰੰਤੁ ਛੱਪਯ ਦੀ ਮਾਤ੍ਰਾ ਪੂਰਨ ਕਰਨ ਲਈ “ਤ੍ਵੈ” ਪੜ੍ਹੀਦਾ ਹੈ, ਇਵੇਂ ਹੀ “ਰੱਛਾ ਹੋਇ ਤਾਂਹਿ ਸਭ ਕਾਲਾ। ਦੁ ਅਰਿ ਟਰਹਿਂ ਤਤਕਾਲਾ.” ਇਸ ਥਾਂ ਕਾਲ ਅਤੇ ਤਤਕਾਲ ਦਾ “ਲ” ਦੀਰਘ ਲਿਖਿਆ ਹੈ.
ਗੁਰੁ ਦੇ ਨਾਮ ਗ, ਗੁ, ਗੋ, ਦੀਹ ਅਤੇ ਦੀਰਘ ਹਨ, ਇਸ ਦੀਆਂ ਮਾਤ੍ਰਾਂ ਦੋ ਗਿਣੀਆਂ ਜਾਂਦੀਆਂ ਹਨ ਅਤੇ ਲਿਖਣ ਦਾ ਸੰਕੇਤ ਇਹ “” ਹੈ।
੬ ਪਿਤਾ । ੭ ਰਾਜਾ । ੮ ਗੁਰੂ ਨਾਨਕਦੇਵ। ੯ ਪਾਰਬ੍ਰਹਮ. ਕਰਤਾਰ । ੧੦ ਵਿ—ਵਜ਼ਨਦਾਰ. ਭਾਰੀ। ੧੧ ਲੰਮਾ ਚੌੜਾ। ੧੨ ਸੰਗ੍ਯਾ—ਕਿਸੇ ਅਰਥ ਅਥਵਾ ਸਿੱਧਾਂਤ ਦੀ ਤਾਲਿਕਾ (ਕੁੰਜੀ).
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 42973, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First