ਗੁਰੂ ਕਾ ਲੰਗਰ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਗੁਰੂ ਕਾ ਲੰਗਰ: ਵੇਖੋ ‘ਲੰਗਰ ਗੁਰੂ ਕਾ ’।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7884, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਗੁਰੂ ਕਾ ਲੰਗਰ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁਰੂ ਕਾ ਲੰਗਰ: (ਅੱਖਰੀ, ਲੰਗਰ ਜਾਂ ਗੁਰੂ ਦਾ ਲੰਗਰ ਵਾਲਾ ਕਮਰਾ): ਗੁਰੂ ਜੀ ਦੇ ਨਾਂ ‘ਤੇ ਚਲਾਈ ਜਾ ਰਹੀ ਸਮੂਹ ਜਾਂ ਭਾਈਚਾਰਿਕ ਰਸੋਈ ਹੈ। ਇਹ ਆਮਤੌਰ ‘ਤੇ ਗੁਰਦੁਆਰੇ ਨਾਲ ਸੰਬੰਧਿਤ ਹੁੰਦੀ ਹੈ। ਲੰਗਰ, ਫ਼ਾਰਸੀ ਦਾ ਸ਼ਬਦ ਹੈ ਜਿਸਦਾ ਅਰਥ ਹੈ ‘ਦਾਨ ਘਰ`, ਗ਼ਰੀਬ ਅਤੇ ਮੁਥਾਜ ਲਈ ‘ਠਹਿਰ ਘਰ`, ‘ਇਕ ਆਮ ਲੰਗਰ ਜਿਹੜਾ ਮਹਾਂਪੁਰਖਾਂ ਦੁਆਰਾ ਆਪਣੇ ਚੇਲਿਆਂ ਅਤੇ ਨਿਰਭਰ ਵਿਅਕਤੀਆਂ, ਪਵਿੱਤਰ ਮਨੁੱਖਾਂ ਅਤੇ ਲੋੜਵੰਦਾਂ ਲਈ ਚਲਾਇਆ ਜਾਂਦਾ ਹੈ।` ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਲੰਗਰ ਸ਼ਬਦ, ਸੰਸਕ੍ਰਿਤ ਦੇ ਸ਼ਬਦ ‘ਅਨਲਗ੍ਰਹ` (ਭੋਜਨ ਤਿਆਰ ਕਰਨ ਦੀ ਜਗ੍ਹਾ) ਲਈ ਵਰਤਿਆ ਜਾਂਦਾ ਸ਼ਬਦ ਹੈ। ਫ਼ਾਰਸੀ ਵਿਚ ਖ਼ਾਸ ਸ਼ਬਦ ਲੰਗਰ ਸਮਾਨ ਅਰਥਾਂ ਵਿਚ ਵਰਤਿਆ ਗਿਆ ਹੈ। ਇਸ ਸ਼ਬਦ ਦੀ ਵਰਤੋਂ ਤੋਂ ਇਲਾਵਾ ਲੰਗਰ ਦੀ ਸੰਸਥਾ ਫ਼ਾਰਸੀ ਪਰੰਪਰਾ ਵਿਚ ਲੱਭੀ ਜਾ ਸਕਦੀ ਹੈ। 12ਵੀਂ ਅਤੇ 13ਵੀਂ ਸਦੀ ਵਿਚ ਸੂਫ਼ੀਆਂ ਦੇ ਕੇਂਦਰਾਂ ਵਿਚ ਲੰਗਰ ਇਕ ਆਮ ਵਿਸ਼ੇਸ਼ਤਾ ਹੁੰਦੀ ਸੀ। ਅੱਜ ਵੀ ਸੂਫ਼ੀ ਸੰਤਾਂ ਦੀ ਯਾਦ ਵਿਚ ਕੁਝ ਦਰਗਾਹਾਂ ਜਾਂ ਪਵਿੱਤਰ ਸਥਾਨਾਂ ‘ਤੇ ਲੰਗਰ ਚਲਾਏ ਜਾਂਦੇ ਹਨ, ਜਿਵੇਂ ਅਜਮੇਰ ਵਿਚ ਖ਼ਵਾਜਾ ਮੁਈਨ ਉਦ-ਦੀਨ ਚਿਸ਼ਤੀ ਦਾ ਲੰਗਰ।
ਸਿੱਖ ਧਰਮ ਵਿਚ, ਲੰਗਰ ਦੀ ਸੰਸਥਾ ਇਸਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਆਪ ਚਲਾਈ ਸੀ। ਸਾਂਝੇ ਲੰਗਰ, ਉਹਨਾਂ ਸੰਗਤਾਂ ਨਾਲ ਹੋਂਦ ਵਿਚ ਆਏ ਜਿਹੜੇ ਗੁਰੂ (ਨਾਨਕ) ਜੀ ਦੇ ਸਮੇਂ ਕਈ ਸਥਾਨਾਂ ‘ਤੇ ਉੱਭਰ ਕੇ ਸਾਮ੍ਹਣੇ ਆਏ ਹੋਏ ਸਨ। ਸਿੱਖ , ਲੰਗਰ ਵਿਚ ਤਿਆਰ ਕੀਤੇ ਭੋਜਨ ਨੂੰ ਵੰਡ ਕੇ ਛਕਣ ਲਈ ਬਿਨਾਂ ਜਾਤ-ਪਾਤ ਜਾਂ ਰੁਤਬੇ ਦੇ ਭੇਦ-ਭਾਵ ਦੇ ਪੰਗਤ (ਸ਼ਬਦੀ, ਇਕ ਕਤਾਰ) ਵਿਚ ਬੈਠਦੇ ਸਨ। ਰਸੋਈ ਜਿੱਥੇ ਭੋਜਨ ਪੱਕਦਾ ਸੀ, ‘ਲੰਗਰ` ਤੋਂ ਭਾਵ ਸੀ ਜਿੱਥੇ ਲੰਗਰ ਲਈ ਰਸਦ ਪਹੁੰਚਾਈ ਜਾਂਦੀ ਸੀ ਅਤੇ ਜਿੱਥੇ ਬੈਠਕੇ ਇਸਨੂੰ ਛਕਿਆ ਜਾਂਦਾ ਸੀ। ਸਿੱਖ ਆਪਣੀਆਂ ਭੇਟਾਵਾਂ ਲਿਆਉਂਦੇ ਸਨ ਅਤੇ ਹੱਥੀਂ ਭੋਜਨ ਬਣਾਉਂਦੇ ਅਤੇ ਛਕਾਉਂਦੇ ਸਨ। ਗੁਰੂ ਨਾਨਕ ਜੀ ਅਤੇ ਇਹਨਾਂ ਦੇ ਉੱਤਰਾਧਿਕਾਰੀਆਂ ਨੇ ਲੰਗਰ ਨੂੰ ਬਹੁਤ ਮਹੱਤਤਾ ਦਿੱਤੀ ਅਤੇ ਇਸ ਤਰ੍ਹਾਂ ਇਹਨਾਂ ਦੇ ਸਮੇਂ ਸਮਾਜ ਸੁਧਾਰ ਦਾ ਇਹ ਇਕ ਤਕੜਾ ਸਾਧਨ ਬਣ ਗਿਆ। ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਪ੍ਰਚਾਰਕ ਉਦਾਸੀਆਂ ਦੇ ਅੰਤ ਵਿਚ ਕਰਤਾਰਪੁਰ ਵਿਚ ਸਥਾਪਿਤ ਕੀਤੀ ਧਰਮਸਾਲਾ ਵਿਚ ਇਸਨੂੰ ਕੇਂਦਰੀ ਸਥਾਨ ਦਿੱਤਾ। ਇਹ ਆਪਣੇ ਖੇਤਾਂ ਵਿਚ ਆਪਣੇ ਆਪ ਲਈ ਅਤੇ ਆਪਣੇ ਪਰਵਾਰ ਦੇ ਨਿਰਬਾਹ ਲਈ ਕੰਮ ਕਰਦੇ ਸਨ ਅਤੇ ਆਪਣਾ ਹਿੱਸਾ ਸਾਂਝੇ ਲੰਗਰ ਲਈ ਦਿੰਦੇ ਸਨ। ਇਹਨਾਂ ਦੇ ਅਜਿਹੇ ਸ਼ਾਗਿਰਦ ਸਨ ਜੋ ਧਰਮਸਾਲਾਵਾਂ ਅਤੇ ਲੰਗਰਾਂ ਨੂੰ ਸਥਾਪਿਤ ਕਰਨ ਦੀ ਸਮਰੱਥਾ ਰੱਖਦੇ ਸਨ। ਇਹਨਾਂ ਵਿਚੋਂ ਸਨ ਸੱਜਣ ਠੱਗ ਜੋ ਕਦੇ ਰੱਬ ਵੱਲੋਂ ਭੁੱਲਿਆ ਸੀ ਅਤੇ ਇਕ ਅਮੀਰ ਆਦਮੀ ਮਲਿਕ ਭਾਗੋ , ਦੋਵੇਂ ਹੀ ਇਹਨਾਂ ਦੇ ਉਪਦੇਸ਼ ਨਾਲ ਬਦਲੇ ਸਨ। ਭੂਮੀਆਂ , ਜੋ ਪਹਿਲਾਂ ਇਕ ਡਾਕੂ ਸੀ, ਨੂੰ ਗੁਰੂ ਨਾਨਕ ਜੀ ਨੇ ਆਪਣੀ ਰਸੋਈ ਨੂੰ ਰੱਬ ਦੇ ਨਾਮ ‘ਤੇ ਲੰਗਰ ਵਿਚ ਬਦਲਣ ਲਈ ਕਿਹਾ। ਸੰਗਲਾਦੀਪ (ਸ੍ਰੀਲੰਕਾ) ਦੇ ਰਾਜਾ ਸ਼ਿਵਨਾਭ ‘ਤੇ ਇਕ ਸ਼ਰਤ ਲਗਾ ਦਿੱਤੀ ਗਈ ਕਿ ਉਹ ਪਹਿਲਾਂ ਲੰਗਰ ਖੋਲ੍ਹੇ ਫਿਰ ਉਹ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰ ਸਕਦਾ ਹੈ। ਇਹ ਕਿਹਾ ਜਾਂਦਾ ਹੈ ਕਿ ਰਾਜਾ ਖ਼ੁਸ਼ੀ ਨਾਲ ਮੰਨ ਗਿਆ ਸੀ।
ਗੁਰੂ ਅੰਗਦ ਦੇਵ ਜੀ, ਨਾਨਕ II, ਨੇ ਇਸ ਸੰਸਥਾ ਨੂੰ ਹੋਰ ਅੱਗੇ ਵਧਾਇਆ। ਇਹਨਾਂ ਨੇ ਭੋਜਨ ਪਕਾਉਣ ਅਤੇ ਲੰਗਰ ਵਿਚ ਵਰਤਾਉਣ ਦੀ ਸੇਵਾ ਵਿਚ ਮਦਦ ਕੀਤੀ। ਇਹਨਾਂ ਦੀ ਪਤਨੀ ਮਾਤਾ ਖੀਵੀ ਜੀ, ਯਾਤਰੀਆਂ ਅਤੇ ਦਰਸ਼ਨਾਰਥੀਆਂ ਦੀ ਬਹੁਤ ਧਿਆਨ ਨਾਲ ਸੇਵਾ ਸੰਭਾਲ ਕਰਦੇ ਸਨ। ਲੰਗਰ ਦੇ ਕੰਮ ਵਿਚ ਇਹਨਾਂ ਦੀ ਇਤਨੀ ਸ਼ਰਧਾ ਸੀ ਕਿ ਇਹਨਾਂ ਦੇ ਨਾਂ ‘ਤੇ ‘ਮਾਤਾ ਖੀਵੀ ਜੀ ਪ੍ਰਸਿੱਧ ਹੋ ਗਿਆ। ਢਾਡੀ ਬਲਵੰਡ, ਗੁਰੂ ਗ੍ਰੰਥ ਸਾਹਿਬ ਵਿਚ ਆਪਣੀ ਬਾਣੀ ਵਿਚ ਇਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਕਹਿੰਦੇ ਹਨ ਕਿ :
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ॥
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥ (ਗੁ.ਗ੍ਰੰ. 967)
ਸੱਤਾ ਅਤੇ ਬਲਵੰਡ ਦੀ ਵਾਰ ਵਿਚ ਗੁਰੂ ਅਮਰਦਾਸ ਜੀ ਦੇ ਲੰਗਰ ਦੀ ਉਪਮਾ ਵੀ ਹੈ ਜਿੱਥੇ “ਘਿਉ ਅਤੇ ਆਟੇ ਦੀ ਭਰਪੂਰਤਾ ਹੈ।” ਲੰਗਰ ਵਿਚ ਕਈ ਤਰ੍ਹਾਂ ਦੇ ਖਾਣਿਆਂ ਦੇ ਬਾਵਜੂਦ ਵੀ ਗੁਰੂ ਅਮਰਦਾਸ ਜੀ ਆਪਣੇ ਹੱਥੀਂ ਆਪ ਮਿਹਨਤ ਕਰਕੇ ਸਾਦਾ ਭੋਜਨ ਛਕਦੇ ਸਨ। ਜੋ ਕੁਝ ਵੀ ਸ਼ਰਧਾਲੂਆਂ ਦੁਆਰਾ ਮਿਲਦਾ ਉਸਨੂੰ ਉਸੇ ਦਿਨ ਹੀ ਛਕਿਆ ਜਾਂਦਾ ਸੀ ਅਤੇ ਅਗਲੇ ਦਿਨ ਲਈ ਕੁਝ ਵੀ ਬਚਾ ਕੇ ਨਹੀਂ ਰੱਖਿਆ ਜਾਂਦਾ ਸੀ। ਗੁਰੂ ਕੇ ਲੰਗਰ ਲਈ ਦੇਣਾ ਸਿੱਖਾਂ ਲਈ ਇਕ ਰਿਵਾਜ ਬਣ ਗਿਆ ਸੀ। ਸ਼ਰਧਾਲੂਆਂ ਅਤੇ ਯਾਤਰੀਆਂ ਲਈ ਗੁਰੂ ਜੀ ਦੇ ਦਰਸ਼ਨ ਕਰਨ ਤੋਂ ਪਹਿਲਾਂ ਗੁਰੂ ਕੇ ਲੰਗਰ ਛਕਣ ਦੀ ਜ਼ਰੂਰੀ ਸ਼ਰਤ ਰੱਖ ਦਿੱਤੀ ਗਈ ਸੀ। ਗੁਰੂ ਅਮਰਦਾਸ ਜੀ ਦਾ ਆਦੇਸ਼ ਸੀ: “ਪਹਿਲੇ ਪੰਗਤ ਪਾਛੇ ਸੰਗਤ” (ਪਹਿਲਾਂ ਇਕੱਠੇ ਖਾਣਾ, ਫਿਰ ਇਕੱਠੇ ਮਿਲਣਾ)। ਇਸ ਤਰ੍ਹਾਂ ਬਰਾਬਰੀ ਦੇ ਸਿਧਾਂਤਿਕ ਵਿਚਾਰ ਨੂੰ ਲੰਗਰ ਨਾਲ ਅਮਲੀ ਰੂਪ ਮਿਲਿਆ। ਬਾਦਸ਼ਾਹ ਅਕਬਰ, ਜੋ ਇਕ ਵਾਰੀ ਗੋਇੰਦਵਾਲ ਗੁਰੂ ਅਮਰਦਾਸ ਜੀ ਨੂੰ ਮਿਲਣ ਆਇਆ, ਤਾਂ ਉਸਨੂੰ ਵੀ ਆਮ ਯਾਤਰੀਆਂ ਦੀ ਤਰ੍ਹਾਂ ਸਾਂਝੇ ਲੰਗਰ ਵਿਚੋਂ ਭੋਜਨ ਛਕਣਾ ਪਿਆ। ਜਿਵੇਂ ਕਿ ਮਹਿਮਾ ਪ੍ਰਕਾਸ਼ ਵਿਚ ਅੰਕਿਤ ਹੈ ਕਿ, ਬਾਦਸ਼ਾਹ ਨੇ ਸੇਵਾਦਾਰਾਂ ਵੱਲੋਂ ਤੁਰਨ ਲਈ ਵਿਛਾਏ ਗਏ ਰੇਸ਼ਮ ਦੇ ਕੱਪੜਿਆਂ ‘ਤੇ ਤੁਰਨ ਤੋਂ ਇਨਕਾਰ ਕਰ ਦਿੱਤਾ ਸੀ ਜਦੋਂ ਉਹ ਗੁਰੂ ਜੀ ਦੇ ਦਰਸ਼ਨ ਕਰਨ ਲਈ ਜਾ ਰਿਹਾ ਸੀ। ਉਸਨੇ ਵਿਛਾਏ ਕੱਪੜੇ ਆਪ ਆਪਣੇ ਹੱਥਾਂ ਨਾਲ ਚੁੱਕੇ ਅਤੇ ਨੰਗੇ ਪੈਰੀਂ ਗੁਰੂ ਜੀ ਦੀ ਹਜ਼ੂਰੀ ਵਿਚ ਪਹੁੰਚਿਆ।
ਭਾਈ ਜੇਠਾ , ਜੋ ਅਧਿਆਤਮਿਕ ਉਤੱਰਾਧਿਕਾਰੀ ਵਜੋਂ ਗੁਰੂ ਰਾਮਦਾਸ ਜੀ ਦੇ ਤੌਰ ‘ਤੇ ਆਏ ਸਨ ਉਹਨਾਂ ਨੇ ਗੁਰੂ ਅਮਰਦਾਸ ਜੀ ਦੇ ਲੰਗਰ ਵਿਚ ਭੋਜਨ ਵਰਤਾਇਆ ਸੀ, ਜੰਗਲਾਂ ਤੋਂ ਲੱਕੜਾਂ ਲਿਆਇਆ ਕਰਦੇ ਸਨ ਅਤੇ ਖੂਹ ਤੋਂ ਪਾਣੀ ਢੋਂਦੇ ਸਨ। ਇਸ ਕਿਸਮ ਦੇ ਸ਼ਰਧਾ ਦੇ ਕੰਮਾਂ ਨਾਲ, ਉਹਨਾਂ ਨੂੰ ਗਿਆਨ ਪ੍ਰਾਪਤ ਹੋ ਗਿਆ ਅਤੇ ਗੁਰੂ ਅਮਰਦਾਸ ਜੀ ਦੇ ਵਿਸ਼ਵਾਸਪਾਤਰ ਬਣ ਗਏ। ਲੰਗਰ ਵਿਚ ਕੰਮ ਕਰਨ ਨਾਲ ਸਿੱਖਾਂ ਨੂੰ ਸੇਵਾ ਕਰਨ ਦਾ ਤਰੀਕਾ ਆਇਆ ਅਤੇ ਜਾਤੀ ਭੇਦ ਭਾਵ ਨੂੰ ਖ਼ਤਮ ਕਰਨ ਵਿਚ ਮਦਦ ਮਿਲੀ।
ਹੁਣ ਤਕ ਲੰਗਰ ਸੰਸਥਾ ਸਿੱਖ ਵਿਚਾਰਧਾਰਾ ਦਾ ਇਕ ਅਨਿੱਖੜਵਾਂ ਅੰਗ ਬਣ ਗਈ ਸੀ ਅਤੇ ਇਸਦੀ ਗਿਣਤੀ ਵਿਚ ਵਾਧੇ ਨਾਲ ਇਸਨੇ ਅੱਗੇ ਹੋਰ ਪ੍ਰਸਿੱਧੀ ਅਤੇ ਸ਼ਕਤੀ ਹਾਸਲ ਕੀਤੀ ਸੀ। ਗੁਰੂ ਅਮਰਦਾਸ ਜੀ ਅਤੇ ਗੁਰੂ ਅਰਜਨ ਦੇਵ ਦੇ ਸਮੇਂ ਅੰਮ੍ਰਿਤਸਰ ਦੀ ਸਿੱਖ ਧਰਮ ਦੇ ਕੇਂਦਰ ਦੇ ਤੌਰ ‘ਤੇ ਉਨਤੀ ਹੋਈ, ਤਾਂ ਸਥਾਨਿਕ ‘ਗੁਰੂ ਕਾ ਲੰਗਰ’ ਦੀ ਸ਼ਕਤੀ ਕਈ ਗੁਣਾਂ ਵਧ ਗਈ। ਸਿੱਖ, ਗੁਰੂ ਜੀ ਦੇ ਦਰਸ਼ਨ ਕਰਨ ਲਈ ਦੂਰੋਂ-ਦੂਰੋਂ ਆਉਂਦੇ ਸਨ ਅਤੇ ਇਮਾਰਤੀ ਕੰਮ ਵਿਚ ਹੱਥ ਵਟਾਉਂਦੇ ਸਨ। ਉਹਨਾਂ ਸਾਰਿਆਂ ਨੂੰ ਗੁਰੂ ਦੇ ਲੰਗਰ ਵਿਚੋਂ ਭੋਜਨ ਵਰਤਾਇਆ ਜਾਂਦਾ ਸੀ।
ਗੁਰੂ ਹਰਿਗੋਬਿੰਦ ਜੀ ਅਤੇ ਗੁਰੂ ਤੇਗ਼ ਬਹਾਦਰ ਜੀ ਨੇ ਉੱਤਰ ਅਤੇ ਉੱਤਰ-ਪੂਰਬੀ ਭਾਰਤ ਵਿਚ ਦੂਰ-ਦੂਰ ਤਕ ਯਾਤਰਾਵਾਂ ਕੀਤੀਆਂ। ਇਸ ਨਾਲ ਕਈ ਨਵੀਂਆਂ ਸੰਗਤਾਂ ਹੋਂਦ ਵਿਚ ਆਈਆਂ। ਹਰ ਇਕ ਸੰਗਤ ਦਾ ਆਪਣਾ ਲੰਗਰ ਹੁੰਦਾ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਲੰਗਰ ਦੀ ਸੰਸਥਾ ਨੇ ਹੋਰ ਮਹੱਤਤਾ ਹਾਸਲ ਕਰ ਲਈ ਸੀ। ਸਿੱਖ ਧਰਮ ਦੇ ਨਵੇਂ ਕੇਂਦਰ ਅਨੰਦਪੁਰ ਵਿਖੇ, ਕਈ ਲੰਗਰ ਚੱਲਦੇ ਸਨ ਅਤੇ ਹਰ ਇਕ ਲੰਗਰ ਸ਼ਰਧਾਵਾਨ ਅਤੇ ਪਵਿੱਤਰ ਸਿੱਖ ਦੀ ਦੇਖ-ਰੇਖ ਹੇਠਾਂ ਸੀ। ਇਹਨਾਂ ਲੰਗਰਾਂ ਵਿਚ ਦਿਨ-ਰਾਤ ਭੋਜਨ ਤਿਆਰ ਹੁੰਦਾ ਸੀ।
ਇਕ ਵਾਰੀ ਗੁਰੂ ਗੋਬਿੰਦ ਸਿੰਘ ਜੀ, ਇਕ ਸਧਾਰਨ ਯਾਤਰੀ ਦੇ ਭੇਸ ਵਿਚ ਅਨੰਦਪੁਰ ਵਿਖੇ ਇਹਨਾਂ ਲੰਗਰਾਂ ਨੂੰ ਦੇਖਣ ਲਈ ਅਚਾਨਕ ਗਏ। ਗੁਰੂ ਜੀ ਨੇ ਵੇਖਿਆ ਕਿ ਭਾਈ ਨੰਦ ਲਾਲ ਦਾ ਲੰਗਰ ਸਭ ਤੋਂ ਵਧੀਆ ਤਰੀਕੇ ਨਾਲ ਚਲਾਇਆ ਜਾ ਰਿਹਾ ਸੀ। ਇਹਨਾਂ ਨੇ ਭਾਈ ਨੰਦ ਲਾਲ ਨੂੰ ਅਸ਼ੀਰਵਾਦ ਦਿੱਤਾ ਅਤੇ ਬਾਕੀਆਂ ਨੂੰ ਉਹਨਾਂ ਵਰਗੀ ਸ਼ਰਧਾ ਅਤੇ ਸੇਵਾ ਦੇ ਮਿਆਰ ਨੂੰ ਬਰਕਰਾਰ ਰੱਖਣ ਲਈ ਆਦੇਸ਼ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਵਿਚੋਂ ਇਕ ਇਹ ਵੀ ਸੀ ਕਿ ਜਦੋਂ ਇਕ ਸਿੱਖ ਦੂਸਰੇ ਦੇ ਘਰ ਜਾਵੇ ਤਾਂ ਉਸਨੂੰ ਬਿਨਾਂ ਝਿਝਕ ਜਾਂ ਦੇਰੀ ਦੇ ਭੋਜਨ ਛਕਾਇਆ ਜਾਵੇ। ਇਹਨਾਂ ਦਾ ਇਕ ਹੋਰ ਬਚਨ ਇਸ ਪ੍ਰਕਾਰ ਹੈ: “ਗ਼ਰੀਬ ਦਾ ਮੂੰਹ ਗੁਰੂ ਕੀ ਗੋਲਕ - ਗ਼ਰੀਬ ਦੇ ਮੂੰਹ ਪਾਉਣਾ ਗੁਰੂ ਨੂੰ ਛਕਾਉਣਾ ਹੈ।” ਵੰਡ ਕੇ ਛਕਣ ਦੀ ਇਹ ਭਾਵਨਾ ਅਤੇ ਆਪਸੀ ਮਿਲਵਰਤਣ ਅਤੇ ਸੇਵਾ ਦੀ ਭਾਵਨਾ ਸਿੱਖ ਪਰੰਪਰਾ ਦੇ ਲੰਗਰ ਦਾ ਬੁਨਿਆਦੀ ਸਿਧਾਂਤ ਸੀ।
“ਹਮੇਸ਼ਾ ਲੰਗਰ ਚਾਲੂ ਰੱਖੋ” ਗੁਰੂ ਗੋਬਿੰਦ ਸਿੰਘ ਜੀ ਦੇ ਨਾਂਦੇੜ ਵਿਖੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਭਾਈ ਸੰਤੋਖ ਸਿੰਘ ਨੂੰ ਕਹੇ ਸ਼ਬਦ, ਆਖ਼ਰੀ ਕਹੇ ਜਾਂਦੇ ਹਨ। ਇਹਨਾਂ ਦੇ ਦਸਮ ਗ੍ਰੰਥ ਵਿਚੋਂ ਇਕ ਤੁੱਕ ਇਸ ਤਰ੍ਹਾਂ ਹੈ ਕਿ “ਦੇਗ ਤੇਗ਼ ਜਗ ਮੇ ਦੋਉ ਚਲੈ-ਲੰਗਰ (ਦਾਨ) ਅਤੇ ਤਲਵਾਰ (ਨਿਆਂ ਪ੍ਰਾਪਤ ਕਰਨ ਦਾ ਹਥਿਆਰ) ਦੋਵੇਂ ਸੰਸਾਰ ਵਿਚ ਰਹਿਣ ।” ਅਠਾਰਵੀਂ ਸਦੀ ਵਿਚ ਬਣਾਏ ਪਹਿਲੇ ਸਿੱਕੇ ਉੱਪਰ ਫ਼ਾਰਸੀ ਵਿਚ ਅਖੌਤ ਸੀ-“ਦੇਗ ਤੇਗ਼ ਫ਼ਤਿਹ - ਲੰਗਰ ਅਤੇ ਤਲਵਾਰ ਦੀ ਹਮੇਸ਼ਾ ਜਿੱਤ ਹੋਵੇ।”
ਅਤਿ ਦੇ ਜ਼ੁਲਮ ਦੇ ਦਿਨਾਂ ਵਿਚ ਵੀ ਲੰਗਰ ਆਪਣਾ ਵੱਖਰਾ ਰੋਲ ਅਦਾ ਕਰਦਾ ਰਿਹਾ। ਮਾਰੂਥਲਾਂ ਅਤੇ ਜੰਗਲਾਂ ਵਿਚ ਘੁੰਮਦੇ ਸਿੱਖਾਂ ਦੇ ਜਥਿਆਂ ਨੂੰ ਜੋ ਮਿਲਦਾ ਸੀ ਪਕਾਉਂਦੇ ਸਨ ਅਤੇ ਬਰਾਬਰ ਵੰਡ ਕੇ ਛਕਣ ਲਈ ਇਕੱਠੇ ਪੰਗਤ ਵਿਚ ਬੈਠਦੇ ਸਨ। ਬਾਅਦ ਵਿਚ, ਜਦੋਂ ਸਿੱਖ ਤਾਕਤ ਵਿਚ ਆਏ ਤਾਂ ਲੰਗਰ ਦੀ ਸੰਸਥਾ ਹੋਰ ਪਕੇਰੀ ਬਣ ਗਈ ਕਿਉਂਕਿ ਗੁਰਦੁਆਰਿਆਂ ਦੀ ਗਿਣਤੀ ਵਧ ਗਈ ਸੀ ਜੋ ਲੰਗਰ ਚਲਾਉਂਦੇ ਸਨ ਅਤੇ ਇਸ ਉਦੇਸ਼ ਲਈ ਗੁਰਦੁਆਰਿਆਂ ਨੂੰ ਜਗੀਰਾਂ ਵੀ ਸੌਂਪੀਆਂ ਗਈਆਂ ਸਨ।
ਮਹਾਰਾਜਾ ਰਣਜੀਤ ਸਿੰਘ ਨੇ ਲੰਗਰਾਂ ਨੂੰ ਜਾਰੀ ਰੱਖਣ ਲਈ ਗੁਰਦੁਆਰਿਆਂ ਨੂੰ ਜਗੀਰਾਂ ਦਿੱਤੀਆਂ ਸਨ। ਇਸ ਤਰ੍ਹਾਂ ਦੇ ਧਰਮ-ਦਾਨ ਹੋਰ ਸਿੱਖ ਹਾਕਮਾਂ ਦੁਆਰਾ ਵੀ ਦਿੱਤੇ ਗਏ ਸਨ। ਅੱਜ ਲਗ-ਪਗ ਹਰ ਇਕ ਗੁਰਦੁਆਰੇ ਨਾਲ ਲੰਗਰ ਹੈ ਜਿਸ ਨੂੰ ਸਿੱਖ ਸੰਗਤ ਆਮ ਕਰਕੇ ਚਲਾਉਂਦੀ ਹੈ। ਛੋਟੇ ਗੁਰਦੁਆਰਿਆਂ ਵਿਚ ਵੱਖੋ-ਵੱਖਰੇ ਘਰਾਂ ਵਿਚੋਂ ਪਕਾਇਆ ਹੋਇਆ ਪ੍ਰਾਪਤ ਖਾਣਾ ਲੰਗਰ ਦੇ ਰੂਪ ਵਿਚ ਵਰਤਾਇਆ ਜਾਂਦਾ ਹੈ। ਕਿਸੇ ਵੀ ਹਾਲਤ ਵਿਚ ਹਰ ਇਕ ਯਾਤਰੀ ਜਾਂ ਸ਼ਰਧਾਲੂ ਨੂੰ ਗੁਰਦੁਆਰੇ ਵਿਚ ਖਾਣੇ ਦੇ ਸਮੇਂ ਜ਼ਰੂਰ ਭੋਜਨ ਮਿਲਦਾ ਹੈ। ਪੰਗਤ ਵਿਚ ਬੈਠਕੇ ਸਾਂਝਾ ਭੋਜਨ ਛਕਣਾ ਸਿੱਖ ਲਈ ਇਕ ਪਵਿੱਤਰ ਕੰਮ ਹੈ। ਇਸੇ ਤਰ੍ਹਾਂ ਭੋਜਨ ਪਕਾਉਣਾ ਜਾਂ ਲੰਗਰ ਵਿਚ ਵਰਤਾਉਣਾ ਅਤੇ ਜੂਠੇ ਭਾਂਡੇ ਸਾਫ਼ ਕਰਨੇ ਵੀ ਇਕ ਪਵਿੱਤਰ ਕੰਮ ਹੈ। ਸਿੱਖੀ ਵਿਚ ਦਾਨ ਦੀ ਧਾਰਨਾ ਆਵਸ਼ਕ ਤੌਰ ਤੇ ਸਮਾਜਿਕ ਹੈ। ਇਕ ਸਿੱਖ ਲਈ ਧਾਰਮਿਕ ਪ੍ਰਤਿਗਿਆ ਅਧੀਨ ਇਹ ਜ਼ਰੂਰੀ ਹੈ ਕਿ ਉਹ ਕੌਮ ਦੀ ਬੇਹਤਰੀ ਲਈ ਆਪਣੀ ਕਮਾਈ ਵਿਚੋਂ ਦਸਵਾਂ ਹਿੱਸਾ ਦੇਵੇ। ਜਦੋਂ ਉਸਨੂੰ ਮੌਕਾ ਮਿਲੇ ਉਹ ਹੱਥੀਂ ਸੇਵਾ ਕਰੇ ਅਤੇ ਲੰਗਰ ਵਿਚ ਕੀਤੀ ਸੇਵਾ ਸਭ ਤੋਂ ਵਧ ਸਲਾਹੁਣਯੋਗ ਹੈ।
ਗੁਰੂ ਕੇ ਲੰਗਰ ਨੇ ਕੌਮ ਦੀ ਕਈ ਤਰ੍ਹਾਂ ਨਾਲ ਸੇਵਾ ਕੀਤੀ ਹੈ। ਇਸਨੇ ਮਨੁੱਖਤਾ ਦੀ ਸੇਵਾ ਵਿਚ ਇਸਤਰੀਆਂ ਅਤੇ ਬੱਚਿਆਂ ਦਾ ਹਿੱਸਾ ਲੈਣਾ ਯਕੀਨੀ ਬਣਾ ਦਿੱਤਾ ਹੈ। ਇਸਤਰੀਆਂ ਭੋਜਨ ਤਿਆਰ ਕਰਨ ਵਿਚ ਖ਼ਾਸ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ ਅਤੇ ਬੱਚੇ ਪੰਗਤ ਨੂੰ ਭੋਜਨ ਵਰਤਾਉਣ ਵਿਚ। ਲੰਗਰ, ਸਮੂਹ ਵਿਚ ਬੈਠਣ ਅਤੇ ਖਾਣ ਦੇ ਸੁਚੱਜ ਨੂੰ ਸਿਖਾਉਂਦਾ ਹੈ। ਲੰਗਰ ਨੇ ਦੁਬਾਰਾ ਸਾਰੇ ਮਨੁੱਖਾਂ ਵਿਚ ਬਰਾਬਰੀ ਦੀ ਭਾਵਨਾ ਪੈਦਾ ਕਰਨ ਵਿਚ ਮਹੱਤਵਪੂਰਨ ਰੋਲ ਅਦਾ ਕੀਤਾ ਹੈ।
ਗੁਰਦੁਆਰਿਆਂ ਨਾਲ ਸੰਬੰਧਿਤ ਲੰਗਰਾਂ ਤੋਂ ਇਲਾਵਾ, ਤਿਉਹਾਰਾਂ ਅਤੇ ਗੁਰਪੁਰਬਾਂ ਸਮੇਂ ਖੁੱਲ੍ਹੇ ਮੈਦਾਨ ਵਿਚ ਥੋੜ੍ਹੇ ਸਮੇਂ ਦੇ ਲੰਗਰਾਂ ਦਾ ਵੀ ਪ੍ਰਬੰਧ ਹੁੰਦਾ ਹੈ। ਅਜਿਹਿਆਂ ਮੌਕਿਆਂ ਤੇ ਖ਼ਾਸ ਕਰਕੇ ਲਗਾਏ ਲੰਗਰਾਂ ਵਿਚ ਦੁਨੀਆ ਵਿਚ ਸਭ ਤੋਂ ਵਧ ਹਾਜ਼ਰੀ ਇਸ ਤਰ੍ਹਾਂ ਦੇ ਲੰਗਰਾਂ ਵਿਚ ਹੁੰਦੀ ਹੈ। ਇਸ ਕਿਸਮ ਦੇ ਲੰਗਰਾਂ ਵਿਚ ਇਕ ਵਾਰੀ ਖਾਣਾ ਖਾਣ ਵਾਲੇ ਲੋਕਾਂ ਦੀ ਗਿਣਤੀ ਇਕ ਲੱਖ ਦੇ ਕਰੀਬ ਹੋ ਸਕਦੀ ਹੈ। ਜਿੱਥੇ ਵੀ ਸਿੱਖ ਹਨ, ਉਹਨਾਂ ਨੇ ਲੰਗਰ ਸਥਾਪਿਤ ਕਰ ਦਿੱਤੇ ਹਨ। ਆਪਣੀ ਅਰਦਾਸ ਵਿਚ, ਸਿੱਖ ਪਰਮਾਤਮਾ ਤੋਂ ਇਹੀ ਮੰਗਦੇ ਹਨ: “ਲੋਹ ਲੰਗਰ ਤਪਦੇ ਰਹਿਣ”, ਭਾਵ ਲੰਗਰ, ਸਦਾ ਸੇਵਾ ਵਿਚ ਬਣੇ ਰਹਿਣ।
ਲੇਖਕ : ਪਰ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7878, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First