ਗੁਰੂ ਰਾਮਦਾਸ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਗੁਰੂ ਰਾਮਦਾਸ (1534–1581): ਗੁਰੂ ਰਾਮਦਾਸ ਸਿੱਖਾਂ ਦੇ ਚੌਥੇ ਗੁਰੂ ਹਨ। ਆਪ ਦੇ ਜੀਵਨ ਇਤਿਹਾਸ ਨਾਲ ਸੰਬੰਧਿਤ ਵੇਰਵੇ ਦੱਸਦੇ ਹਨ ਕਿ ਆਪ ਤੀਜੇ ਗੁਰੂ ਅਮਰਦਾਸ ਦੇ ਜਵਾਈ ਸਨ। ਆਪ ਦੇ ਪਿਤਾ ਸ੍ਰੀ ਹਰਦਾਸ ਸਨ ਅਤੇ ਮਾਤਾ ਦਇਆ, ਜਿਨ੍ਹਾਂ ਦੀ ਕੁੱਖੋਂ ਆਪ ਦਾ ਜਨਮ 24 ਸਤੰਬਰ 1534 ਨੂੰ ਚੂਨਾ ਮੰਡੀ, ਲਾਹੌਰ ਵਿਖੇ ਹੋਇਆ।

     ਗੁਰੂ ਰਾਮਦਾਸ ਦਾ ਬਚਪਨ ਥੁੜ੍ਹਾਂ ਤੰਗੀਆਂ ਅਤੇ ਉਦਾਸ ਯਾਦਾਂ ਦੀ ਦਾਸਤਾਨ ਹੈ। ਸੱਤ ਸਾਲ ਦੀ ਉਮਰ ਵਿੱਚ ਆਪ ਦੇ ਸਿਰ ਤੋਂ ਮਾਤਾ-ਪਿਤਾ ਦਾ ਸਾਇਆ ਉੱਠ ਗਿਆ। ਆਪ ਦੀ ਨਾਨੀ ਆਪ ਨੂੰ ਬਾਸਰਕੇ ਲੈ ਆਈ। ਉੱਥੇ ਵੀ ਘਰ ਦੀ ਮਾਲੀ ਹਾਲਤ ਠੀਕ ਨਾ ਹੋਣ ਕਰ ਕੇ ਆਪ ਘੁੰਗਣੀਆਂ ਵੇਚਦੇ ਰਹੇ। ਬਾਰ੍ਹਾਂ ਸਾਲਾਂ ਦੀ ਉਮਰ ਵਿੱਚ ਗੁਰੂ ਅਮਰਦਾਸ ਦੇ ਦਰਸ਼ਨਾਂ ਲਈ ਬਾਸਰਕੇ ਤੋਂ ਗੋਇੰਦਵਾਲ ਸਾਹਿਬ ਜਾਣ ਦਾ ਸੰਜੋਗ ਬਣਿਆ। ਉੱਥੇ ਗੁਰੂ ਦੀ ਸੇਵਾ ਵਿੱਚ ਅਜਿਹਾ ਮਨ ਟਿਕਿਆ ਕਿ ਪਿੱਛੇ ਮੁੜ ਕੇ ਨਹੀਂ ਦੇਖਿਆ। ਆਪ ਉਸ ਸਮੇਂ ਭਾਈ ਜੇਠਾ ਦੇ ਨਾਂ ਨਾਲ ਜਾਣੇ ਜਾਂਦੇ ਸਨ।

     ਗੁਰੂ ਅਮਰਦਾਸ ਦੀ ਸੰਗਤ ਅਤੇ ਸਰਪ੍ਰਸਤੀ ਵਿੱਚ ਆਪ ਨੇ ਸਿੱਖ ਆਦਰਸ਼ਾਂ ਸੇਵਾ-ਸਾਧਨਾ, ਨਿਮਰਤਾ ਅਤੇ ਮਿੱਠੇ ਬੋਲਾਂ ਦੀ ਮਹੱਤਤਾ ਨੂੰ ਸਮਝਿਆ ਅਤੇ ਜੀਵਿਆ। ਆਪ ਨੇ ਸੇਵਾ ਭਾਵਨਾ ਨਾਲ ਸਿੱਖ ਸੰਗਤਾਂ ਦਾ ਮਨ ਵੀ ਮੋਹ ਲਿਆ। ਆਪ ਦੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਦਾ ਮਾਣ-ਸਤਿਕਾਰ ਹੋਰ ਵੀ ਵਧ ਗਿਆ, ਜਦੋਂ 1553 ਵਿੱਚ ਆਪ ਦਾ ਵਿਆਹ ਗੁਰੂ ਅਮਰਦਾਸ ਦੀ ਸਪੁੱਤਰੀ ਬੀਬੀ ਭਾਨੀ ਵਰਗੀ ਸੁਘੜ ਸੰਸਕਾਰੀ ਲੜਕੀ ਨਾਲ ਹੋਇਆ। ਬੀਬੀ ਭਾਨੀ ਦੀ ਕੁੱਖੋਂ ਆਪ ਦੇ ਘਰ ਪ੍ਰਿਥੀ ਚੰਦ, ਮਹਾਂਦੇਵ ਅਤੇ ਅਰਜਨ ਦੇਵ ਨਾਂ ਦੇ ਤਿੰਨ ਪੁੱਤਰਾਂ ਦਾ ਜਨਮ ਹੋਇਆ।

     ਗੁਰੂ ਰਾਮਦਾਸ ਨੇ ਗ੍ਰਹਿਸਥ ਦੀਆਂ ਜ਼ੁੰਮੇਵਾਰੀਆਂ ਵੀ ਸਾਂਭੀਆਂ ਅਤੇ ਅਧਿਆਤਮਿਕ ਸਾਧਨਾ ਦੀ ਮਰਯਾਦਾ ਵੀ ਨਿਭਾਈ। ਆਪ ਦੇ ਵਿਅਕਤਿਤਵ ਦੇ ਇਸ ਆਦਰਸ਼ ਸੰਤੁਲਨ ਸਦਕਾ ਹੀ 1574 ਨੂੰ ਗੁਰੂ ਅਮਰਦਾਸ ਨੇ ਪੂਰੀ ਸੋਚ ਵਿਚਾਰ ਮਗਰੋਂ ਆਪ ਨੂੰ ਗੁਰਗੱਦੀ ਦੀ ਉੱਤਰਦਾਇਤਾ ਸੌਂਪੀ। ਪੰਜ ਪੈਸੇ ਅਤੇ ਨਾਰੀਅਲ ਅੱਗੇ ਰੱਖ ਕੇ ਬਾਬਾ ਬੁੱਢਾ ਜੀ ਨੇ ਤਿਲਕ ਲਗਾਇਆ ਅਤੇ ਸਾਰੀ ਸੰਗਤ ਸਮੇਤ ਨਮਸਕਾਰ ਵਿੱਚ ਸੀਸ ਝੁਕਾਇਆ।

     ਗੁਰੂ ਰਾਮਦਾਸ ਨੇ ਸੱਤ ਸਾਲ ਗੱਦੀ ਸੰਭਾਲੀ। ਇਸ ਸਮੇਂ ਦੇ ਦੌਰਾਨ ਗੁਰਗੱਦੀ ਦੇ ਨਾਲ ਸੰਬੰਧਿਤ ਕਾਰਜ- ਨੀਤੀ ਵਿੱਚ ਕੁਝ ਤਬਦੀਲੀਆਂ ਅਤੇ ਸੁਧਾਰ ਵੀ ਕੀਤੇ। ਗੁਰਗੱਦੀ ਦਾ ਆਗੂ ਚੁਣਨ ਵਿੱਚ ਹੁਣ ਸਾਧ ਸੰਗਤ ਦੀ ਵੀ ਵਿਸ਼ੇਸ਼ ਭੂਮਿਕਾ ਹੋ ਗਈ। ਗੁਰੂ ਰਾਮਦਾਸ ਨੂੰ ਆਪਣੇ ਵੱਡੇ ਲੜਕੇ ਪ੍ਰਿਥੀ ਚੰਦ ਦੇ ਝਗੜੇ ਅਤੇ ਕਲੇਸ਼ ਕਰ ਕੇ ਅਜਿਹਾ ਕਰਨਾ ਪਿਆ। ਇਸ ਤਕਰਾਰ ਦਾ ਜ਼ਿਕਰ ਆਪ ਦੀ ਬਾਣੀ ਵਿੱਚ ਵੀ ਹੈ :

ਕਾਹੇ ਪੂਤ ਝਗਰਤ ਹੋਉ ਸੰਗਿ ਬਾਪ॥

ਜਿਨ ਕੇ ਜਣੇ ਬਡੀਰੇ ਤੁਮ ਹਉ

          ਤਿਨ ਸਿਉ ਝਗਰਤ ਪਾਪ॥

     ਗੁਰੂ ਰਾਮਦਾਸ ਗੁਰਮਤਿ ਦੇ ਪ੍ਰਚਾਰ ਲਈ ਪਹਿਲਾਂ ਤੋਂ ਚਲੀ ਆ ਰਹੀ ‘ਮੰਜੀ-ਪ੍ਰਣਾਲੀ’ ਨਾਲ ਬਹੁਤ ਨੇੜਿਉਂ ਜੁੜੇ ਹੋਏ ਸਨ। ਆਪ ਨੇ ਇਸ ਨੂੰ ਵਧੇਰੇ ਕੁਸ਼ਲਤਾ ਨਾਲ ਸਰਗਰਮ ਕੀਤਾ। ਗੁਰੂ ਅਮਰਦਾਸ ਦੇ ਆਦੇਸ਼ ਅਨੁਸਾਰ ਆਪ ਨੇ ਗੋਇੰਦਵਾਲ ਸਾਹਿਬ ਵਿੱਚ ਬਾਉਲੀ ਬਣਵਾਈ। ਗੁਰਗੱਦੀ ਮਿਲਣ ਉਪਰੰਤ ਆਪ ਗੋਇੰਦਵਾਲ ਸਾਹਿਬ ਛੱਡ ਕੇ ਅੰਮ੍ਰਿਤਸਰ ਆ ਗਏ। ਆਪ ਨੇ ‘ਮਸੰਦ ਪ੍ਰਥਾ’ ਵੀ ਚਲਾਈ। ਮਸੰਦ ਪਿੰਡਾਂ ਵਿੱਚ ਜਾ ਜਾ ਕੇ ਸਿੱਖ- ਸਿਧਾਂਤਾਂ ਦਾ ਪ੍ਰਚਾਰ ਕਰਦੇ ਅਤੇ ਨਾਲ ਹੀ ਲੰਗਰ ਦੀ ਸੇਵਾ ਅਤੇ ਅੰਮ੍ਰਿਤਸਰ ਸਰੋਵਰ ਦੀ ਉਸਾਰੀ ਲਈ ਭੇਟਾ ਵੀ ਇਕੱਠੀ ਕਰਦੇ। ਆਪ ਨੇ ਅੰਮ੍ਰਿਤਸਰ ਦੇ ਆਲੇ- ਦੁਆਲੇ ਸੁਲਤਾਨਵਿੰਡ, ਤੁੰਗ ਅਤੇ ਗੁਮਟਾਲਾ ਆਦਿ ਪਿੰਡਾਂ ਤੋਂ ਮਹਿੰਗੀ ਜ਼ਮੀਨ ਖ਼ਰੀਦ ਕੇ ‘ਗੁਰੂ ਕਾ ਚੱਕ’ ਨਾਂ ਨਾਲ ਨਵੀਂ ਅਬਾਦੀ ਵਸਾਈ। ਸ਼ਰਧਾਲੂ ਸੰਗਤਾਂ ਨੇ ਇਸ ਦਾ ਨਾਂ ‘ਰਾਮਦਾਸਪੁਰਾ’ ਰੱਖਿਆ। ਪਿੱਛੋਂ ਜਾ ਕੇ ਇਹੋ ਰਾਮਦਾਸਪੁਰਾ ਅੰਮ੍ਰਿਤਸਰ ਸ਼ਹਿਰ ਕਹਾਇਆ ਅਤੇ ਸਿੱਖੀ ਦਾ ਮਜ਼ਬੂਤ ਕੇਂਦਰ ਬਣਿਆ। ਇਹ ਸ਼ਹਿਰ ਅੱਜ ਵੀ ਸਿੱਖ ਕੌਮ ਲਈ ਸਦੀਵੀ ਪ੍ਰੇਰਨਾ ਦਾ ਧੁਰਾ ਹੈ।

     ਗੁਰੂ ਰਾਮਦਾਸ ਨੇ ਨਿਰਮਾਣਕਾਰੀ ਕਾਰਜਾਂ ਦੇ ਨਾਲ- ਨਾਲ ਸਿੱਖ ਕੌਮ ਲਈ ਧਾਰਮਿਕ, ਸਮਾਜਿਕ ਅਤੇ ਨੈਤਿਕ ਮਾਨ ਦੰਡਾਂ ਦਾ ਨਿਰੂਪਣ ਵੀ ਕੀਤਾ। ਆਪ ਦੀ ਬਾਣੀ ਵਿੱਚ ਸਮਾਜਿਕ ਵਿਵਹਾਰ ਦਾ ਅਧਿਆਤਮਿਕ ਵਿਸਤਾਰ ਮਿਲਦਾ ਹੈ। ਸਿੱਖ ਜੀਵਨ ਨੂੰ ਗਿਆਨ ਅਤੇ ਸੰਜਮ ਵਿੱਚ ਬੰਨ੍ਹਣ ਲਈ ਉਹਨਾਂ ਸਾਮ੍ਹਣੇ ‘ਨਿਤਨੇਮ’ ਦਾ ਉੱਦਮਸ਼ੀਲ ਮਾਰਗ ਰੱਖਿਆ। ਆਪ ਨੇ ਮਾਨਵੀ ਸੱਭਿਆਚਾਰ ਦੇ ਨਿਰਮਾਣ ਦਾ ਆਧਾਰ ਨਾਮ-ਸਿਮਰਨ ਨੂੰ ਮੰਨਿਆ ਅਤੇ ਨਾਮ-ਮੁਖੀ ਵਿਚਾਰਧਾਰਾ ਦੀ ਸਾਰਥਕਤਾ ਨੂੰ ਦ੍ਰਿੜ੍ਹ ਕਰਦੇ ਹੋਏ ਫ਼ਰਮਾਇਆ :

ਇਹ ਮਾਣਸ ਜਨਮੁ ਦੁਲੰਭੁ ਹੈ

ਨਾਮ ਬਿਨਾ ਬਿਰਥਾ ਸਭੁ ਜਾਏ॥

ਹੁਣਿ ਵਤੈ ਹਰਿ ਨਾਮ ਨਾ ਬੀਜਿਓ

          ਅਗੈ ਭੁਖਾ ਕਿਆ ਖਾਏ॥

          ਗੁਰੂ ਰਾਮਦਾਸ ਦੀ ਬਾਣੀ ਰਚਨਾ ਦੀ ਸਭ ਤੋਂ ਉਘੜਵੀਂ ਵਿਸ਼ੇਸ਼ਤਾ ਇਸ ਦਾ ਸੰਗੀਤਿਕ ਪੱਖ ਹੈ। ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ 31 ਰਾਗਾਂ ਵਿੱਚ ਹੈ, ਜਿਸ ਵਿੱਚੋਂ ਗੁਰੂ ਰਾਮਦਾਸ ਜੀ ਨੇ 30 ਰਾਗਾਂ ਵਿੱਚ ਬਾਣੀ ਰਚ ਕੇ ਮਹੱਤਵਪੂਰਨ ਯੋਗਦਾਨ ਪਾਇਆ ਹੈ। ਆਪ ਦੀ ਬਾਣੀ ਕਈ ਲੋਕ-ਸ਼ੈਲੀਆਂ ਵਿੱਚ ਅੰਕਿਤ ਹੈ ਜਿਵੇਂ ਕਿ ਘੋੜੀਆਂ, ਲਾਵਾਂ, ਪਹਿਰੇ, ਛਕੇ-ਛੰਦ, ਕਰਹਲੇ, ਬਿਲਾਵਲ, ਬਿਹਾਗੜਾ, ਵਾਰ, ਵਣਜਾਰਾ, ਵਡਹੰਸ, ਸੋਰਠਾ, ਸਾਰੰਗ, ਕਾਨੜਾ ਆਦਿ। ਇਹਨਾਂ ਸੁਤੰਤਰ ਬਾਣੀਆਂ ਵਿੱਚੋਂ ਲਾਵਾਂ ਸਿਰਲੇਖ ਹੇਠ ਸਿਰਜੀ ਗਈ ਬਾਣੀ ਦਾ ਵਿਸ਼ੇਸ਼ ਮਹੱਤਵ ਹੈ। ਸਿੱਖ ਸਮਾਜ ਵਿੱਚ ਹਰ ਲੜਕੀ-ਲੜਕੇ ਦੇ ਅਨੰਦ-ਕਾਰਜ ਵੇਲੇ ਇਸ ਬਾਣੀ ਦਾ ਗਾਇਨ ਹੁੰਦਾ ਹੈ। ਇਸ ਧਾਰਮਿਕ ਰੀਤ ਦੇ ਦੌਰਾਨ ਹਰ ਵਿਆਹ ਇੱਕ ਸੰਸਾਰਿਕ ਕਾਰ-ਵਿਹਾਰ ਨਾ ਰਹਿ ਕੇ ਪਾਰਗਾਮੀ ਘਟਨਾ ਬਣ ਜਾਂਦਾ ਹੈ। ਵਿਆਹੇ ਜਾ ਰਹੇ ਇਸਤਰੀ-ਪੁਰਸ਼ ਦਾ ਦੰਪਤਿਕ ਜੀਵਨ ਆਤਮਾ- ਪਰਮਾਤਮਾ ਦੇ ਅਧਿਆਤਮਿਕ ਰਿਸ਼ਤੇ ਦਾ ਰੂਪਕ ਬਣ ਜਾਂਦਾ ਹੈ। ਲੌਕਿਕ ਅਤੇ ਪਾਰ-ਲੌਕਿਕ ਸੰਬੰਧਾਂ ਦੇ ਸਮਨਵੈ ਰਾਹੀਂ ਮਨੁੱਖਤਾ ਨੂੰ ਮੁਕਤੀ ਦੇ ਰਾਹ ਉੱਤੇ ਤੋਰਨ ਵਾਲੇ ਗੁਰੂ ਰਾਮਦਾਸ ਸਤੰਬਰ 1581 ਨੂੰ ਜੋਤੀ-ਜੋਤ ਸਮਾ ਗਏ।


ਲੇਖਕ : ਕੁਲਜੀਤ ਸ਼ੈਲੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 11287, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.