ਗੁਰੂ-ਸੇਵਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗੁਰੂ-ਸੇਵਾ: ਗੁਰਬਾਣੀ ਅਨੁਸਾਰ ਜਿਗਿਆਸੂ ਨੂੰ ਅਧਿਆਤਮਿਕ ਮਾਰਗ ਉਤੇ ਅਗੇ ਤੋਰਨ ਲਈ ਸਰਬ ਪ੍ਰਮੁਖ ਪ੍ਰੇਰਕ ਅਤੇ ਪਥ-ਪ੍ਰਦਰਸ਼ਕ ਤੱਤ੍ਵ ਹੈ ਗੁਰੂ-ਸੇਵਾ। ਗੁਰੂ ਦੇ ਪਥ-ਪ੍ਰਦਰਸ਼ਨ ਤੋਂ ਬਿਨਾ ਸਾਧਕ ਦੀ ਸਾਧਨਾ ਪੂਰੀ ਨਹੀਂ ਹੋ ਸਕਦੀ। ਗੁਰੂ ਦੇ ਮਹਾਨ ਵਿਅਕਤਿਤਵ ਪ੍ਰਤਿ ਸਾਧਕ ਦੀ ਆਪਣੇ ਆਪ ਅਪਾਰ ਨਿਸ਼ਠਾ ਪੈਦਾ ਹੋ ਜਾਂਦੀ ਹੈ ਜੋ ਉਸ ਨੂੰ ਸੇਵਾ ਲਈ ਪ੍ਰੇਰਿਤ ਕਰਦੀ ਹੈ।

ਗੁਰੂ ਦੀ ਸੇਵਾ ਦੋ ਪ੍ਰਕਾਰ ਦੀ ਹੋ ਸਕਦੀ ਹੈ। ਇਕ ਉਹ ਜਿਸ ਦੁਆਰਾ ਗੁਰੂ ਨੂੰ ਸ਼ਰੀਰਿਕ ਸੁਖ ਮਿਲਦਾ ਹੈ। ਇਸ ਨੂੰ ਬਾਹਰਮੁਖੀ ਸੇਵਾ ਕਿਹਾ ਜਾ ਸਕਦਾ ਹੈ। ਦੂਜੀ ਸੇਵਾ ਅੰਤਰਮੁਖੀ ਹੈ ਜਿਸ ਰਾਹੀਂ ਇਕ-ਮਨ, ਇਕ-ਚਿੱਤ ਗੁਰੂ ਦਾ ਧਿਆਨ ਕੀਤਾ ਜਾਂਦਾ ਹੈ। ਗੁਰੂ ਦਾ ਦਰਸ਼ਨ ਕਰਨਾ, ਉਸ ਦੇ ਬਚਨ ਸੁਣਨਾ ਅਤੇ ਉਨ੍ਹਾਂ ਬਚਨਾਂ ਅਨੁਸਾਰ ਕਰਮ ਕਰਨਾ ਆਦਿ ਨੂੰ ਅੰਤਰਮੁਖੀ ਜਾਂ ਮਾਨਸਿਕ ਸੇਵਾ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।

            ਇਨ੍ਹਾਂ ਦੋਹਾਂ ਤਰ੍ਹਾਂ ਦੀ ਸੇਵਾ ਵਿਚੋਂ ਦੂਜੀ ਭਾਵ ਅੰਤਰਮੁਖੀ ਅਥਵਾ ਮਾਨਸਿਕ ਸੇਵਾ ਦਾ ਮਹੱਤਵ ਬਹੁਤ ਅਧਿਕ ਹੈ। ਪਹਿਲੀ ਸੇਵਾ ਅਸਲ ਵਿਚ ਦੂਜੀ ਸੇਵਾ ਦੀ ਭੂਮਿਕਾ ਨਿਭਾਉਂਦੀ ਹੈ। ਗੁਰੂ ਨਾਨਕ ਦੇਵ ਜੀ ਦਾ ਕੋਈ ਸ਼ਰੀਰੀ ਗੁਰੂ ਨਹੀਂ ਸੀ , ਇਸ ਲਈ ਉਨ੍ਹਾਂ ਦੀ ਬਾਣੀ ਵਿਚ ਗੁਰੂ ਅਥਵਾ ਸਤਿਗੁਰੂ ਬ੍ਰਹਮ ਵਾਚਿਕ ਹੈ, ਪਰ ਪਰਵਰਤੀ ਗੁਰੂ ਸਾਹਿਬਾਨ ਸਾਹਮਣੇ ਸ਼ਰੀਰੀ ਗੁਰੂ ਮੌਜੂਦ ਸਨ। ਇਸ ਲਈ ਉਨ੍ਹਾਂ ਦੀ ਬਾਣੀ ਵਿਚ ਗੁਰੂ ਦੀ ਬਾਹਰਲੀ ਸੇਵਾ ਦਾ ਵਿਸਤਾਰ ਨਾਲ ਵਰਣਨ ਹੋਇਆ ਹੈ। ਗੁਰੂ ਅਮਰਦਾਸ ਜੀ ਦੀ ਅਦੁੱਤੀ ਗੁਰੂ-ਸੇਵਾ ਇਤਿਹਾਸ ਪ੍ਰਸਿੱਧ ਹੈ। ਗੁਰੂ ਅਰਜਨ ਦੇਵ ਜੀ ਨੇ ਤਾਂ ਆਪਣੇ ਗੁਰੂ ਦੀ ਸੇਵਾ ਨਿਮਿਤ ਆਪਣਾ ਪ੍ਰਾਣ-ਧਨ ਅਰਪਿਤ ਕਰਨ ਤਕ ਵੀ ਕਿਹਾ ਹੈ— ਅਨਿਕ ਭਾਂਤਿ ਕਰਿ ਸੇਵਾ ਕਰੀਐ ਜੀਉ ਪ੍ਰਾਨ ਧਨੁ ਆਗੈ ਧਰੀਐ ਪਾਨੀ ਪਖਾ ਕਰਉ ਤਜਿ ਅਭਿਮਾਨੁ ਅਨਿਕ ਬਾਰ ਜਾਈਐ ਕੁਰਬਾਨੁ (ਗੁ.ਗ੍ਰੰ.391)। ਗੁਰੂ ਦੀ ਸੇਵਾ ਕੀਤਿਆਂ ਸਾਧਕ ਵਿਚ ਇਕ ਸਮਾਜਿਕ ਬਿਰਤੀ ਵਿਕਸਿਤ ਹੁੰਦੀ ਹੈ। ਇਸ ਨਾਲ ਉਸ ਨੂੰ ਅਧਿਆਤਮਿਕ ਸੁਖ ਹੀ ਪ੍ਰਾਪਤ ਨਹੀਂ ਹੁੰਦਾ , ਸਗੋਂ ਉਹ ਹੋਰਨਾਂ ਨੂੰ ਵੀ ਸੰਸਾਰ-ਸਾਗਰ ਤੋਂ ਪਾਰ ਉਤਾਰਨ ਦੇ ਸਮਰਥ ਹੁੰਦਾ ਹੈ— ਗੁਰ ਕੀ ਸੇਵਾ ਸਦਾ ਸੁਖੁ ਪਾਏ ਸੰਤ ਸੰਗਤਿ ਮਿਲਿ ਹਰਿ ਗੁਣ ਗਾਏ ਨਾਮੇ ਨਾਮਿ ਕਰੇ ਵੀਚਾਰੁ ਆਪਿ ਤਰੈ ਕੁਲ ਉਧਰਣਹਾਰੁ (ਗੁ.ਗ੍ਰੰ.362)।

            ਗੁਰੂ ਦੀ ਸੇਵਾ ਕਰ ਸਕਣਾ ਕਿਸੇ ਦੇ ਵਸ ਦੀ ਗੱਲ ਨਹੀਂ ਹੈ। ਇਹ ਉਹੀ ਕਰ ਸਕਦਾ ਹੈ ਜਿਸ ਤੋਂ ਪਰਮਾਤਮਾ ਪ੍ਰਸੰਨਤਾ ਪੂਰਵਕ ਇਹ ਸੇਵਾ ਲੈਂਦਾ ਹੈ। ਇਸ ਲਈ ਸਿਰ ਦੀ ਭੇਂਟ ਚੜ੍ਹਾਉਣੀ ਪੈਂਦੀ ਹੈ। ਇਸੇ ਅਨੁਸਾਰ ਸਾਧਕ ਦੇ ਕਰਮਾਂ ਦਾ ਸਰੂਪ ਨਿਸਚਿਤ ਹੁੰਦਾ ਹੈ ਅਤੇ ਅਧਿਆਤਮਿਕ ਖੇਤਰ ਵਿਚ ਉਸ ਦਾ ਸਹੀ ਮੁੱਲ ਪੈਂਦਾ ਹੈ— ਗੁਰ ਕੀ ਸੇਵਾ ਸੋ ਕਰੇ ਜਿਸੁ ਆਪਿ ਕਰਾਏ ਨਾਨਕ ਸਿਰੁ ਦੇ ਛੂਟੀਐ ਦਰਗਹ ਪਤਿ ਪਾਏ (ਗੁ.ਗ੍ਰੰ.421)।

            ਵਾਸਤਵ ਵਿਚ, ਗੁਰੂ ਦੀ ਸੇਵਾ ਨਾਲ ਪਰਮਾਤਮਾ ਦੇ ਦਰ ਉਤੇ ਸ਼ੋਭਾ ਮਿਲਦੀ ਹੈ। ਇਸ ਤੋਂ ਬਿਨਾ ਸੰਸਾਰਿਕ ਯਾਤ੍ਰਾ ਨਿਸਫਲ ਅਤੇ ਨਿਰਾਧਾਰ ਹੈ। ਇਹੀ ਕਾਰਣ ਹੈ ਕਿ ਬਾਣੀ ਵਿਚ ਗੁਰੂ/ਸਤਿਗੁਰੂ ਦੀ ਸੇਵਾ ਨਿਸੰਗ ਹੋ ਕੇ ਕਰਨ ਦਾ ਆਦੇਸ਼ ਦਿੱਤਾ ਗਿਆ ਹੈ— ਸਤਿਗੁਰ ਸੇਵਹੁ ਸੰਕ ਕੀਜੈ ਆਸਾ ਮਾਹਿ ਨਿਰਾਸੁ ਰਹੀਜੈ ਸੰਸਾ ਦੁਖ ਬਿਨਾਸਨੁ ਸੇਵਹੁ ਫਿਰਿ ਬਾਹੁੜਿ ਰੋਗੁ ਲਾਇਆ (ਗੁ.ਗ੍ਰੰ.1043)।

            ਗੁਰਬਾਣੀ ਵਿਚ ਗੁਰੂ ਦੀ ਸੇਵਾ ਤੋਂ ਪ੍ਰਾਪਤ ਹੋਣ ਵਾਲੇ ਲਾਭਾਂ ਵਲ ਥਾਂ ਪੁਰ ਥਾਂ ਸੰਕੇਤ ਕੀਤਾ ਗਿਆ ਹੈ। ਇਹ ਸਾਰੇ ਲਾਭ ਅਧਿਆਤਮਿਕ ਖੇਤਰ ਦੇ ਹਨ, ਭੌਤਿਕਤਾ ਨਾਲ ਇਨ੍ਹਾਂ ਦਾ ਕੋਈ ਸੰਬੰਧ ਨਹੀਂ ਹੈ। ਗੁਰੂ ਦੀ ਸੇਵਾ ਨਾਲ ਆਤਮਿਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਜੋ ਮੋਖ-ਦੁਆਰ ਦੇ ਪ੍ਰਾਪਤ ਹੋਣ ਦਾ ਵਸੀਲਾ ਹੈ। ਇਸ ਨਾਲ ਸਾਧਕ ਨੂੰ ਵਿਵੇਕ-ਗਿਆਨ ਅਥਵਾ ਪੂਰਣ-ਚੇਤਨਾ ਪ੍ਰਾਪਤ ਹੁੰਦੀ ਹੈ, ਉਹ ਫਿਰ ਕਾਲ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ।

            ਗੁਰੂ ਦੀ ਸੇਵਾ ਪ੍ਰੇਮ-ਭਗਤੀ ਅਥਵਾ ਗੁਰਮਤਿ- ਭਗਤੀ ਦਾ ਇਕ ਮਹੱਤਵਪੂਰਣ ਅੰਗ ਹੈ। ਇਸ ਤੋਂ ਬਿਨਾ ਅਨੇਕ ਯਤਨ ਕਰਨ’ਤੇ ਵੀ ਭਗਤੀ ਵਿਚ ਸਫਲਤਾ ਪ੍ਰਾਪਤ ਨਹੀਂ ਹੋ ਸਕਦੀ। ਸਚ ਤਾਂ ਇਹ ਹੈ ਕਿ ਪਰਮਾਤਮਾ ਰੂਪ ਮਹਾ -ਨਾਇਕ ਦਾ ਸੰਯੋਗ-ਸੁਖ ਪ੍ਰਾਪਤ ਕਰਨ ਲਈ ਗੁਰੂ ਦੀ ਸੇਵਾ ਦੀ ਬਹੁਤ ਲੋੜ ਹੈ। ਇਸ ਲਈ ਜੀਵਾਤਮਾ ਰੂਪੀ ਇਸਤਰੀ ਨੂੰ ਸਹਿਜ ਦਾ ਸ਼ਿੰਗਾਰ ਕਰਨਾ ਪੈਂਦਾ ਹੈ, ਜਿਸ ਨਾਲ ਉਸ ਦੇ ਚਰਿਤ੍ਰ ਵਿਚ ਸੁੰਦਰ ਗੁਣਾਂ ਦਾ ਵਿਕਾਸ ਹੁੰਦਾ ਹੈ—ਗੁਰ ਸੇਵਾ ਸੁਖੁ ਪਾਈਐ ਹਰ ਵਰੁ ਸਹਜਿ ਸੀਗਾਰੁ ਸਚਿ ਮਾਣੇ ਪਿਰ ਸੇਜੜੀ ਗੂੜਾ ਹੇਤੁ ਪਿਆਰੁ ਗੁਰਮੁਖਿ ਜਾਣਿ ਸਿਞਾਣੀਐ ਗੁਰਿ ਮੇਲੀ ਗੁਣ ਚਾਰੁ (ਗੁ.ਗ੍ਰੰ.58)।

            ਅਸਲ ਸੇਵਾ ਉਹ ਹੈ ਜਿਸ ਨਾਲ ਗੁਰੂ ਦਾ ਮਨ ਮੰਨ ਜਾਏ, ਅਰਥਾਤ ਸੇਵਾ ਨੂੰ ਸਵੀਕ੍ਰਿਤੀ ਅਥਵਾ ਪ੍ਰਵਾਨਗੀ ਪ੍ਰਾਪਤ ਹੋ ਜਾਏ। ਜੇ ਅਜਿਹਾ ਹੋ ਜਾਏ, ਭਾਵ ਸਤਿਗੁਰੂ ਸਾਧਕ ਉਤੇ ਦਿਆਲੂ ਹੋ ਜਾਏ ਤਾਂ ਸੰਸਾਰਿਕ ਸੰਕਟ , ਪਾਪਾਂ ਦੀ ਮੈਲ, ਹਰ ਪ੍ਰਕਾਰ ਦੀਆਂ ਵਾਸਨਾਵਾਂ ਖ਼ਤਮ ਹੋ ਜਾਂਦੀਆਂ ਹਨ ਅਤੇ ਜਿਗਿਆਸੂ ਸਹਿਜ ਸੁਭਾ ਆਪਣੀ ਮੰਜ਼ਿਲ ਵਲ ਵਧਦਾ ਜਾਂਦਾ ਹੈ। ਗੁਰੂ ਰਾਮਦਾਸ ਜੀ ਨੇ ਕਿਹਾ ਹੈ— ਸਾ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੈ ਜਾ ਸਤਿਗੁਰ ਕਾ ਮਨੁ ਮੰਨਿਆ ਤਾ ਪਾਪ ਕਸੰਮਲ ਭੰਨੇ (ਗੁ.ਗ੍ਰੰ. 314)।

            ਸਪੱਸ਼ਟ ਹੈ ਕਿ ਗੁਰਮਤਿ ਵਿਚ ਗੁਰੂ ਦਾ ਵਿਸ਼ੇਸ਼ ਮਹੱਤਵ ਹੈ। ਇਸ ਲਈ ਇਸ ਮਹੱਤਵਪੂਰਣ ਧਰਮ-ਆਗੂ ਦੀ ਬਾਹਰਲੀ ਅਤੇ ਅੰਦਰਲੀ ਹਰ ਤਰ੍ਹਾਂ ਦੀ ਸੇਵਾ ਕਰਨੀ ਚਾਹੀਦੀ ਹੈ। ਅਜਿਹੇ ਸੇਵਕ ਦਾ ਵਿਅਕਤਿਤਵ ਮਹਾਨ ਨਿਖਾਰ ਨੂੰ ਪ੍ਰਾਪਤ ਹੁੰਦਾ ਹੈ। ਗੁਰੂ ਅਮਰਦਾਸ ਜੀ ਅਜਿਹੇ ਸਾਧਕ ਦੇ ਚਰਣਾਂ ਦਾ ਸਪਰਸ਼ ਪ੍ਰਾਪਤ ਕਰਨ ਲਈ ਉਤਸੁਕ ਹਨ ਕਿਉਂਕਿ ਅਜਿਹਾ ਕਰਨ ਨਾਲ ਆਪ ਹੀ ਨਹੀਂ ਸਾਰੀ ਕੁਲ , ਇਥੋਂ ਤਕ ਕਿ ਸਾਰਾ ਸਮਾਜ ਵੀ ਤਰ ਜਾਂਦਾ ਹੈ— ਜੋ ਸਤਿਗੁਰੁ ਸੇਵਹਿ ਆਪਣਾ ਭਾਈ ਤਿਨ ਕੈ ਹਉ ਲਾਗਉ ਪਾਇ ਜਨਮੁ ਸਵਾਰੀ ਆਪਣਾ ਭਾਈ ਕੁਲੁ ਭੀ ਲਈ ਬਖਸਾਇ (ਗੁ.ਗ੍ਰੰ.638)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4245, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.