ਗੁਰ ਪ੍ਰਤਾਪ ਸੂਰਜ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਗੁਰ ਪ੍ਰਤਾਪ ਸੂਰਜ (ਗ੍ਰੰਥ) :ਇਹ ਮਹਾਕਵੀ ਸੰਤੋਖ ਸਿੰਘ ਦੀ ਸਰਬ ਪ੍ਰਮੁਖ ਅਤੇ ਮਹੱਤਵਪੂਰਣ ਰਚਨਾ ਹੈ। ਇਸ ਨੂੰ ਕਵੀ ਨੇ ਸੰ. 1893 ਬਿ. (1836 ਈ.) ਵਿਚ ਕੈਥਲ ਨਗਰ ਅੰਦਰ ਸ਼ੁਰੂ ਕਰਕੇ 7 ਸਾਲ ਦੀ ਲਗਾਤਾਰ ਸਾਧਨਾ ਤੋਂ ਬਾਦ 1900 ਬਿ. (1843 ਈ.) ਵਿਚ ਪੂਰਾ ਕੀਤਾ। ਇਸ ਗ੍ਰੰਥ ਦੇ ਨਾਂ ਅਨੁਸਾਰ ਇਹ ਗੁਰੂ ਸਾਹਿਬਾਨ ਦੇ ਪ੍ਰਤਾਪ ਦਾ ਸੂਰਜ ਹੈ। ਇਸ ਲਈ ਸਾਰੇ ਕਥਾਨਕ ਨੂੰ ਸੂਰਜ ਦੀ ਗਤੀ ਅਨੁਸਾਰ 12 ਰਾਸਾਂ , 6 ਰੁਤਾਂ ਅਤੇ ਦੋ ਐਨਾਂ (ਅਯਨਾਂ) ਵਿਚ ਵੰਡਿਆ ਹੋਇਆ ਹੈ। ਇਸ ਤਰ੍ਹਾਂ ਇਸ ਗ੍ਰੰਥ ਦੇ ਕੁਲ ਵੀਹ ਅਧਿਆਇ ਬਣਦੇ ਹਨ। ਇਨ੍ਹਾਂ ਅਧਿਆਵਾਂ ਨੂੰ ਅਗੋਂ 1151 ਅੰਸ਼ੂਆਂ/ਕਿਰਨਾਂ ਵਿਚ ਵੰਡਿਆ ਹੋਇਆ ਹੈ। ਇਸ ਵਿਚ ਕੁਲ ਛੰਦ ਗਿਣਤੀ 51829 ਹੈ। ਗੋਸੁਆਮੀ ਤੁਲਸੀ ਦਾਸ ਨੇ ‘ਰਾਮਚਰਿਤ ਮਾਨਸ ’ ਦੇ ਕਥਾਨਕ ਨੂੰ ਜਿਸ ਪ੍ਰਕਾਰ ਮਾਨਸਰੋਵਰ ਦੇ ਰੂਪ ਰਾਹੀਂ ਚਿਤਰਿਆ ਹੈ, ਉਸੇ ਤਰ੍ਹਾਂ ਕਵੀ ਨੇ ‘ਗੁਰ ਪ੍ਰਤਾਪ ਸੂਰਜ’ ਦਾ ਕਥਾਨਕ ਸੂਰਜ ਦੇ ਰੂਪਕ ਰਾਹੀਂ ਚਿਤਰ ਕੇ ਅੰਧ-ਵਿਸ਼ਵਾਸ ਅਤੇ ਅਗਿਆਨ ਦੇ ਹਨੇਰੇ ਨੂੰ ਦੂਰ ਕਰਨ ਵਾਲਾ ਦਸਿਆ ਹੈ। ਗੁਰੂ ਰੂਪੀ ਸੂਰਜ ਦੇ ਉਦੈ ਹੋਣ ਨਾਲ ਸਾਤਵਿਕ ਰੁਚੀਆਂ ਵਾਲੇ ਲੋਕ ਵਿਗਸਿਤ ਹੁੰਦੇ ਹਨ ਅਤੇ ਜਿਗਿਆਸੂ ਰੂਪੀ ਭੌਰੇ ਉਨ੍ਹਾਂ ਦੇ ਇਰਦ-ਗਿਰਦ ਘੁੰਮਦੇ ਹਨ। ਭਾਈ ਗੁਰਦਾਸ ਨੇ ਵੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਨੂੰ ਸੂਰਜ ਦੇ ਉਦੈ ਹੋਣ ਨਾਲ ਉਪਮਾਇਆ ਹੈ। ਇਸ ਗ੍ਰੰਥ ਨੂੰ ਭਾਈ ਵੀਰ ਸਿੰਘ ਨੇ ਸੰਪਾਦਿਤ ਕਰਕੇ ਪ੍ਰਕਾਸ਼ਿਤ ਕੀਤਾ ਹੈ।
ਸਿੱਖ ਧਰਮ ਦੇ ਪ੍ਰਚਾਰ ਲਈ ਭਾਈ ਸੰਤੋਖ ਸਿੰਘ ਨੇ ਇਸ ਕਥਾ-ਪ੍ਰਧਾਨ ਚਰਿਤ-ਕਾਵਿ ਵਿਚ ਗੁਰੂ ਨਾਨਕ ਦੇਵ ਜੀ ਨੂੰ ਛਡ ਕੇ ਬਾਕੀ ਨੌਂ ਗੁਰੂ ਸਾਹਿਬਾਨ ਅਤੇ ਬੰਦਾ ਬਹਾਦਰ ਦੇ ਚਰਿਤ ਨੂੰ ਸ਼ਾਮਲ ਕੀਤਾ ਹੈ। ਇਸ ਲਈ ਕਵੀ ਨੇ ਦਸਮ ਗ੍ਰੰਥ , ਗੁਰ ਸ਼ੋਭਾ , ਗੁਰ ਬਿਲਾਸ, ਮਹਿਮਾ ਪ੍ਰਕਾਸ਼ , ਗੁਰ ਕੀਰਤ ਪ੍ਰਕਾਸ਼ ਅਤੇ ਪਰਚੀ ਸਾਹਿਤ ਦੀ ਖੁਲ੍ਹ ਕੇ ਵਰਤੋਂ ਕੀਤੀ ਹੈ ਅਤੇ ਲੋੜ ਅਨੁਸਾਰ ਕਈਆਂ ਥਾਂਵਾਂ’ਤੇ ਖ਼ੁਦ ਜਾ ਕੇ ਸਾਮਗ੍ਰੀ ਇਕੱਠੀ ਕੀਤੀ ਹੈ। ਗੁਰੂ ਸਾਹਿਬਾਨ ਸੰਬੰਧੀ ਉਪਲਬਧ ਸਾਰੀਆਂ ਰਚਨਾਵਾਂ ਵਿਚੋਂ ਇਹ ਅਧਿਕ ਵਿਸਤ੍ਰਿਤ ਅਤੇ ਸੰਪੂਰਣ ਕ੍ਰਿਤੀ ਹੈ।
ਕਵੀ ਨੂੰ ਗੁਰੂ ਸਾਹਿਬਾਨ ਸੰਬੰਧੀ ਜੋ ਕੁਝ ਮਿਲ ਸਕਿਆ, ਉਹ ਸਾਰਾ ਇਸ ਗ੍ਰੰਥ ਵਿਚ ਸਮੋ ਦਿੱਤਾ ਹੈ ਅਤੇ ਜੋ ਇਸ ਤੋਂ ਬਾਹਰ ਰਹਿ ਗਿਆ ਹੈ, ਉਸ ਦੀ ਪ੍ਰਮਾਣਿਕਤਾ ਸ਼ਕੀ ਹੈ। ਇਸ ਤਰ੍ਹਾਂ ਇਹ ਗ੍ਰੰਥ ‘ਗੁਰੂ ਨਾਨਕ ਪ੍ਰਕਾਸ਼ ’ ਸਮੇਤ ਸਿੱਖ ਧਰਮ ਦਾ ਵਿਸ਼ਵ-ਕੋਸ਼ ਹੈ ਜਿਸ ਦੀ ਸਥਾਨ-ਪੂਰਤੀ ਕਿਸੇ ਹੋਰ ਸਾਧਨ ਰਾਹੀਂ ਸੰਭਵ ਨਹੀਂ। ਸਚ ਤਾਂ ਇਹ ਹੈ ਕਿ ਆਕਾਰ-ਪ੍ਰਕਾਰ ਵਜੋਂ ਇਸ ਦਾ ਸਥਾਨ ਮਹਾਭਾਰਤ ਤੋਂ ਬਾਦ ਆਉਂਦਾ ਹੈ। ਪ੍ਰਬੰਧ ਕਾਵਿ ਦੀ ਪਰੰਪਰਾ ਵਿਚ ਇਸ ਦੇ ਆਰੰਭ ਵਿਚ ਮੰਗਲਾਚਰਣ ਦਿੱਤਾ ਗਿਆ ਹੈ ਜਿਸ ਵਿਚ ਅਕਾਲ ਪੁਰਸ਼ , ਗੁਰੂ ਸਾਹਿਬਾਨ ਆਦਿ ਤੋਂ ਇਲਾਵਾ ਕਈ ਦੇਵੀ ਦੇਵਤਿਆਂ ਅਤੇ ਪੁਰਾਣ ਪੁਰਸ਼ਾਂ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ।
ਇਸ ਗ੍ਰੰਥ ਵਿਚ ਗੁਰੂ ਤੇਗ ਬਹਾਦਰ ਜੀ ਦੀਆਂ ਯਾਤ੍ਰਾਵਾਂ ਦਾ ਵਿਸਤਾਰ ਸਹਿਤ ਵਰਣਨ ਹੋਇਆ ਹੈ। ਛੇਵੇਂ ਅਤੇ ਦਸਵੇਂ ਗੁਰੂ ਸਾਹਿਬਾਨ ਦੇ ਯੁੱਧ-ਪ੍ਰਸੰਗਾਂ ਦਾ ਬੜੀ ਰੁਚੀ ਨਾਲ ਵਰਣਨ ਇਸ ਗ੍ਰੰਥ ਦੀ ਮਹੱਤਵਪੂਰਣ ਪ੍ਰਾਪਤੀ ਕਹੀ ਜਾ ਸਕਦੀ ਹੈ। ਯੁੱਧ-ਪ੍ਰਸੰਗਾਂ ਨੂੰ ਸ਼ੰਕਾ-ਪੱਖ ਤੋਂ ਲੈ ਕੇ ਸਮਾਧਾਨ-ਪੱਖ ਤਕ ਬੜੀ ਬਾਰੀਕੀ ਨਾਲ ਚਿਤਰਿਆ ਗਿਆ ਹੈ। ਸੈਨਿਕ ਦਲਾਂ ਦੀ ਤਿਆਰੀ, ਯੁੱਧ ਭੂਮੀ ਲਈ ਪ੍ਰਸਥਾਨ, ਸੈਨਾਵਾਂ ਦਾ ਆਹਮਣੇ-ਸਾਹਮਣੇ ਡਟਣਾ, ਮੁੱਖ ਸੈਨਿਕਾਂ ਦੀਆਂ ਗਰਬ-ਪੂਰਣ ਉਕਤੀਆਂ, ਤੁਮੁਲ ਯੁੱਧ, ਦੁਅੰਦ ਯੁੱਧ, ਮੁਸ਼ਟ ਯੁੱਧ, ਮੱਲ ਯੁੱਧ ਆਦਿ ਸਾਰਿਆਂ ਪੱਖਾਂ ਦੇ ਚਿਤ੍ਰਣ ਨੂੰ ਵੇਖ ਕੇ ਇੰਜ ਪ੍ਰਤੀਤ ਹੁੰਦਾ ਹੈ ਕਿ ਕਵੀ ਖ਼ੁਦ ਯੁੱਧ-ਵਿਦਿਆ ਵਿਚ ਨਿਪੁਣ ਸੀ। ਰਣ-ਭੂਮੀ ਦੇ ਦ੍ਰਿਸ਼ਾਂ ਨੂੰ ਵੀ ਬੜੇ ਧਿਆਨ ਨਾਲ ਚਿਤਰਿਆ ਗਿਆ ਹੈ। ਯੁੱਧ- ਵਰਣਨ ਵੇਲੇ ਯੁੱਧ ਦੀ ਗਤੀ ਅਨੁਸਾਰ ਲਘੂ ਅਤੇ ਦੀਰਘ ਛੰਦਾਂ ਦੀ ਵਰਤੋਂ ਕਰਕੇ ਕਵੀ ਨੇ ਆਪਣੀ ਕਲਾਤਮਕ ਪ੍ਰਤਿਭਾ ਦਾ ਪਰਿਚਯ ਦਿੱਤਾ ਹੈ। ਵਸਤੂ-ਵਰਣਨ ਵੀ ਸੁੰਦਰ ਢੰਗ ਨਾਲ ਹੋਇਆ। ਪ੍ਰਕ੍ਰਿਤੀ-ਚਿਤ੍ਰ੍ਰਣ ਬਹੁਤ ਸਜੀਵ ਹੈ। ਅਲੰਕਾਰ-ਵਿਧਾਨ ਵਿਚ ਕਵੀ ਪੂਰੀ ਤਰ੍ਹਾਂ ਸਫਲ ਹੈ। ਭਾਸ਼ਾ -ਪ੍ਰਯੋਗ ਵਿਚ ਕਵੀ ਅਦੁੱਤੀ ਹੈ। ਬ੍ਰਜ-ਭਾਸ਼ਾ ਦਾ ਜੋ ਸ਼ੁੱਧ ਅਤੇ ਮੰਜਿਆ ਹੋਇਆ ਰੂਪ ਇਸ ਗ੍ਰੰਥ ਵਿਚ ਮਿਲਦਾ ਹੈ, ਉਸ ਨੂੰ ਪੰਜਾਬ ਵਿਚ ਰਚੇ ਗਏ ਬ੍ਰਜ-ਭਾਸ਼ੀ ਕਾਵਿ ਵਿਚ ਲਭਣਾ ਸਰਲ ਨਹੀਂ।
ਕਵੀ ਦਾ ਮੁੱਖ ਉਦੇਸ਼ ਗੁਰੂ ਸਾਹਿਬਾਨ ਨੂੰ ਦੈਵੀ ਰੂਪ ਵਿਚ ਪੇਸ਼ ਕਰਨਾ ਹੈ। ਇਸ ਆਸ਼ੇ ਦੀ ਪੂਰਤੀ ਲਈ ਕਰਾਮਾਤਾਂ, ਚਮਤਕਾਰਾਂ, ਅਲੌਕਿਕ ਘਟਨਾਵਾਂ ਦਾ ਚਿਤ੍ਰਣ ਹੋਣਾ ਸੁਭਾਵਿਕ ਹੈ। ਕਵੀ ਨੇ ਇਸ ਚਰਿਤ-ਕਾਵਿ ਨੂੰ ਭਾਰਤੀ ਸੰਸਕ੍ਰਿਤੀ ਦੇ ਵਿਆਪਕ ਸੰਦਰਭ ਵਿਚ ਰਚਿਆ ਹੈ। ਇਸ ਲਈ ਗੁਰੂ ਸਾਹਿਬਾਨ ਦੇ ਜਨਮ-ਸੰਬੰਧੀ ਅਵਤਾਰਵਾਦੀ ਭਾਵ-ਭੂਮੀ ਦੇ ਸੰਕਲਪ ਨੂੰ ਮੁੱਖ ਰਖਿਆ ਗਿਆ ਹੈ। ਫਲਸਰੂਪ ਅਨੇਕ ਅਜਿਹੇ ਤੱਤ੍ਵਾਂ ਦਾ ਸਮਾਵੇਸ਼ ਇਸ ਗ੍ਰੰਥ ਵਿਚ ਹੋ ਗਿਆ ਹੈ ਜਿਨ੍ਹਾਂ ਨੂੰ ਗੁਰਬਾਣੀ ਵਲੋਂ ਮਾਨਤਾ ਪ੍ਰਾਪਤ ਨਹੀਂ ਹੈ। ਪਰ ਕਵੀ ਗੁਰੂ ਸਾਹਿਬਾਨ ਦੇ ਬਿੰਬ ਨੂੰ ਨਿਰਾ-ਪੁਰਾ ਇਤਿਹਾਸਿਕ ਨ ਰਖ ਕੇ ਪੌਰਾਣਿਕ ਬਣਾਉਣਾ ਚਾਹੁੰਦਾ ਹੈ। ਅਜਿਹੇ ਯਤਨ ਕਾਰਣ ਹੇਠ ਲਿਖੀਆਂ ਪ੍ਰਵ੍ਰਿੱਤੀਆਂ ਇਸ ਪ੍ਰਬੰਧ-ਕਾਵਿ ਵਿਚ ਦ੍ਰਿਸ਼ਟੀਗੋਚਰ ਹੁੰਦੀਆਂ ਹਨ, ਜਿਵੇਂ :
(1) ਗੁਰੂ ਸਾਹਿਬਾਨ ਦੇ ਚਰਿਤ੍ਰਾਂ ਵਿਚ ਅਵਤਾਰਵਾਦੀ ਭਾਵਨਾ ਦਾ ਆਰੋਪ ਕਰਨਾ,
(2) ਇਤਿਹਾਸਿਕ ਘਟਨਾਵਾਂ ਦਾ ਸਰੂਪ ਆਪਣੀ ਭਾਵਨਾ ਅਨੁਸਾਰ ਬਦਲ ਕੇ ਪੌਰਾਣਿਕ ਪਿਛੋਕੜ ਸਹਿਤ ਪੇਸ਼ ਕਰਨਾ,
(3) ਗੁਰੂ ਸਾਹਿਬਾਨ ਦੇ ਚਰਿਤ੍ਰਾਂ ਵਿਚ ਅਤਿ-ਮਾਨਵੀ ਘਟਨਾਵਾਂ ਨੂੰ ਸ਼ਾਮਲ ਕਰਨਾ,
(4) ਕਿਤੇ ਕਿਤੇ ਪੌਰਾਣਿਕ ਆਖਿਆਨਾਂ ਨੂੰ ਸ਼ਾਮਲ ਕਰਨਾ,
(5) ਇਤਿਹਾਸਿਕ ਘਟਨਾਵਾਂ ਨੂੰ ਨਵੀਨ ਪੌਰਾਣਿਕ ਸੰਦਰਭ ਪ੍ਰਦਾਨ ਕਰਨਾ।
ਅਜਿਹੀਆਂ ਪ੍ਰਵ੍ਰਿੱਤੀਆਂ ਤੋਂ ਭਲੀ-ਭਾਂਤ ਸਪੱਸ਼ਟ ਹੈ ਕਿ ਕਵੀ ਨੇ ਇਤਿਹਾਸ ਨੂੰ ਪੁਰਾਣ ਰੂਪ ਵਿਚ ਢਾਲਣ ਦਾ ਯਤਨ ਕੀਤਾ ਹੈ।
ਇਸ ਤਰ੍ਹਾਂ ‘ਗੁਰ ਪ੍ਰਤਾਪ ਸੂਰਜ’ (ਗੁਰੂ ਨਾਨਕ ਪ੍ਰਕਾਸ਼ ਸਹਿਤ) ਕੇਵਲ ਗੁਰੂ ਸਾਹਿਬਾਨ ਦੇ ਉਪਕਾਰਾਂ ਦਾ ਇਤਿਹਾਸ ਨਹੀਂ, ਸਗੋਂ ਭਾਰਤੀ ਸੰਸਕ੍ਰਿਤੀ ਦਾ ਵੀ ਗੌਰਵ ਗ੍ਰੰਥ ਹੈ ਜਿਸ ਵਿਚ ਆਦਰਸ਼ ਮਨੁੱਖ ਦੇ ਸਰੂਪ ਦਾ ਚਿਤ੍ਰਣ ਬੜੀ ਸਹਿਜ ਬਿਰਤੀ ਨਾਲ ਹੋਇਆ ਹੈ। ਅਜਿਹਾ ਕਰਨ ਵੇਲੇ ਪ੍ਰਾਚੀਨ ਧਾਰਮਿਕ ਸਥਾਪਨਾਵਾਂ, ਲੋਕ-ਪਰੰਪਰਾਵਾਂ ਅਤੇ ਸਾਹਿਤਿਕ ਗ੍ਰੰਥਾਂ ਵਿਚੋਂ ਜੋ ਕੁਝ ਉਪਯੋਗੀ ਮਿਲਿਆ, ਉਸ ਨੂੰ ਗੁਰੂ-ਬ੍ਰਿੱਤਾਂਤ ਦੀ ਮਾਲਾ ਵਿਚ ਪਰੋ ਦਿੱਤਾ। ਇਸ ਤਰ੍ਹਾਂ ਇਸ ਗ੍ਰੰਥ ਵਿਚ ਭਾਰਤੀ ਸੰਸਕ੍ਰਿਤਿਕ ਮੁੱਲਾਂ ਦੀ ਪੁਨਰ -ਸੰਸਥਾਪਨਾ ਹੋਈ ਹੈ। ਭਾਰਤੀ ਸਾਹਿਤ ਵਿਚ ਰਾਮਾਇਣ, ਮਹਾਭਾਰਤ ਅਤੇ ਭਾਗਵਤ ਪੁਰਾਣ ਨੂੰ ਉਪਜੀਵੀ ਗ੍ਰੰਥ ਹੋਣ ਦਾ ਗੌਰਵ ਹਾਸਲ ਹੈ ਕਿਉਂਕਿ ਪਰਵਰਤੀ ਸਾਹਿਤ ਇਨ੍ਹਾਂ ਵਿਚਲੀ ਸਾਮਗ੍ਰੀ ਨੂੰ ਕਿਸੇ ਨ ਕਿਸੇ ਰੂਪ ਵਿਚ ਅਪਣਾ ਕੇ ਚਲਿਆ ਹੈ। ਭਾਈ ਸੰਤੋਖ ਸਿੰਘ ਦਾ ਇਹ ਗ੍ਰੰਥ ਵੀ ਗੁਰੂ -ਇਤਿਹਾਸ ਸੰਬੰਧੀ ਹਰ ਪ੍ਰਕਾਰ ਦੀ ਪੂਰਬ ਉਪਲਬਧ ਸਾਮਗ੍ਰੀ ਨੂੰ ਆਤਮ-ਸਾਤ ਕਰਕੇ ਅਜਿਹੇ ਵਿਸ਼ਾਲ ਕਾਵਿ ਨੂੰ ਜਨਮ ਦਿੰਦਾ ਹੈ ਜੋ ਸਿੱਖ ਇਤਿਹਾਸ ਅਤੇ ਧਰਮ ਨਾਲ ਸੰਬੰਧਿਤ ਹਰ ਪ੍ਰਕਾਰ ਦੀਆਂ ਪਰਵਰਤੀ ਰਚਨਾਵਾਂ ਲਈ ਉਪਜੀਵੀ ਹੋਣ ਦੀ ਭੂਮਿਕਾ ਨਿਭਾਉਣ ਵਿਚ ਸਫਲ ਹੋਇਆ ਹੈ। ਸਿੱਖ ਧਰਮ, ਦਰਸ਼ਨ, ਇਤਿਹਾਸ, ਜੀਵਨ- ਵਿਧੀ, ਸਾਧਨਾ-ਪੱਧਤੀ, ਰਹਿਤ-ਮਰਯਾਦਾ ਦੀ ਸਰਬਾਂਗੀ ਵਿਆਖਿਆ ਇਸ ਗ੍ਰੰਥ ਵਿਚ ਸਮੋਈ ਪਈ ਹੈ। ਸਚਮੁਚ ਇਹ ਗ੍ਰੰਥ ਸਿੱਖ ਧਰਮ ਦਾ ਹੀ ਨਹੀਂ, ਭਾਰਤੀ ਗਿਆਨ ਦਾ ਵੀ ਰਤਨਾਕਰ ਹੈ। ਅਸਲ ਵਿਚ ਇਸ ਗ੍ਰੰਥ ਅੰਦਰ ਭਾਰਤੀ ਦਰਸ਼ਨ, ਧਰਮ ਅਤੇ ਚਿੰਤਨ ਨੂੰ ਸਿੱਖ ਇਤਿਹਾਸ ਦੇ ਸੰਦਰਭ ਵਿਚ ਪੁਨਰ-ਸੁਰਜੀਤ ਕਰਨ ਦਾ ਸ਼ਲਾਘਾਯੋਗ ਉੱਦਮ ਕੀਤਾ ਗਿਆ ਹੈ।
ਸਮੁੱਚੇ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਭਾਈ ਸੰਤੋਖ ਸਿੰਘ ਨੇ ਆਪਣੇ ਤੋਂ ਪਹਿਲਾਂ ਲਿਖੀਆਂ ਇਤਿਹਾਸ- ਨੁਮਾ ਰਚਨਾਵਾਂ ਦਾ ਲਾਭ ਉਠਾਇਆ ਹੈ। ਪਰ ਉਹ ਰਚਨਾਵਾਂ ਵਿਵਸਥਿਤ ਅਤੇ ਵਿਸਤਰਿਤ ਰੂਪ ਵਿਚ ਗੁਰੂ ਸਾਹਿਬਾਨ ਦੇ ਚਰਿਤ੍ਰਾਂ ਨੂੰ ਨਹੀਂ ਉਘਾੜਦੀਆਂ, ਕਿਉਂਕਿ ਮੁੱਢਲੇ ਸਿੱਖ-ਇਤਿਹਾਸ ਉਦੋਂ ਲਿਖੇ ਗਏ ਜਦੋਂ ਅਜੇ ਸਿੱਖ ਆਪਣਾ ਇਤਿਹਾਸ ਬਣਾ ਰਹੇ ਸਨ , ਉਸ ਨੂੰ ਲਿਪੀ-ਬਧ ਕਰਨ ਦਾ ਸਮਾਂ ਬਾਦ ਵਿਚ ਹੀ ਆਉਣਾ ਸੀ ਅਤੇ ਉਸ ਲੋੜ ਨੂੰ ਭਾਈ ਸੰਤੋਖ ਸਿੰਘ ਨੇ ਪੂਰਾ ਕੀਤਾ। ਉਨ੍ਹਾਂ ਨੇ ਪੂਰਵ-ਸਿਰਜਿਤ ਪੁਸਤਕਾਂ/ਪੋਥੀਆਂ ਤੋਂ ਲਾਭ ਉਠਾਉਣ ਦੇ ਨਾਲ ਨਾਲ ਗੁਰੂ-ਧਾਮਾਂ, ਪੀੜ੍ਹੀ ਦਰ ਪੀੜ੍ਹੀ ਚਲੀਆਂ ਆਉਂਦਆਂ ਰਵਾਇਤਾਂ ਅਤੇ ਸਾਖੀਆਂ ਨੂੰ ਇਕੱਠਾ ਕੀਤਾ ਅਤੇ ਬਜ਼ੁਰਗ ਸਿੱਖਾਂ ਅਤੇ ਹੋਰਨਾਂ ਵਿਅਕਤੀਆਂ ਤੋਂ ਜਾਣਕਾਰੀ ਇਕੱਠੀ ਕੀਤੀ। ਇਸ ਤਰ੍ਹਾਂ 20 ਸਾਲ ਤੋਂ ਅਧਿਕ ਸਮੇਂ ਵਿਚ ਇਕੱਠੀ ਕੀਤੀ ਸਾਮਗ੍ਰੀ ਨੂੰ ਇਸ ਗ੍ਰੰਥ ਵਿਚ ਵਿਵਸਥਿਤ ਰੂਪ ਦਿੱਤਾ ਹੈ। ਇਸ ਵਿਚ ਸੰਦੇਹ ਨਹੀਂ ਕਿ ਇਸ ਵਿਚ ਵਿਗਿਆਨਿਕ ਦ੍ਰਿਸ਼ਟੀ ਤੋਂ ਕਈ ਇਤਿਹਾਸਿਕ ਤੱਥ ਕਮਜ਼ੋਰ ਹੋਣਗੇ, ਪਰ ਉਸ ਸਮੇਂ ਵਿਚ ਇਸ ਤੋਂ ਅਧਿਕ ਸਫਲ ਹੋਰ ਕੋਈ ਰਚਨਾ ਉਪਲਬਧ ਨਹੀਂ ਹੈ। ਇਸ ਗ੍ਰੰਥ ਵਿਚ ਇਤਿਹਾਸਿਕਤਾ ਅਤੇ ਅਧਿਆਤਮਿਕਤਾ ਦਾ ਸੁੰਦਰ ਸੁਮੇਲ ਹੋਇਆ ਹੈ। ਸਿੱਖ ਧਰਮ ਦੇ ਮੁੱਖ ਮੁੱਖ ਅਧਿਆਤਮਿਕ, ਧਾਰਮਿਕ ਅਤੇ ਸਮਾਜਿਕ ਮੁੱਲਾਂ ਨੂੰ ਬੜੇ ਸੁੰਦਰ ਢੰਗ ਨਾਲ ਇਤਿਹਾਸਿਕ ਕਥਾ-ਪ੍ਰਸੰਗਾਂ ਵਿਚ ਸਮੋ ਕੇ ਉਨ੍ਹਾਂ ਨੂੰ ਵਿਵਹਾਰਿਕਤਾ ਪ੍ਰਦਾਨ ਕੀਤੀ ਹੈ। ਪ੍ਰੇਮ-ਭਗਤੀ ਨੂੰ ਸਿੱਖ ਧਰਮ ਦੀ ਸਾਧਨਾ ਦਾ ਮੂਲਾਧਾਰ ਮੰਨਦੇ ਹੋਇਆਂ ਇਸ ਨੂੰ ਹੋਰਨਾਂ ਸਾਧਨਾ-ਮਾਰਗਾਂ ਤੋਂ ਸ੍ਰੇਸ਼ਠ ਦਸਿਆ ਹੈ ਅਤੇ ਵੈਧੀ ਭਗਤੀ ਦੀਆਂ ਸੀਮਾਵਾਂ ਤੋਂ ਹਟਾ ਕੇ ਇਸ ਭਗਤੀ ਨੂੰ ਸਮਾਜਿਕ ਸੰਦਰਭ ਪ੍ਰਦਾਨ ਕਰਦੇ ਹੋਇਆਂ ਨਵੇਂ ਸਭਿਆਚਾਰ ਦਾ ਧੁਰਾ ਮੰਨਿਆ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4397, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First