ਗੁਲਾਬ ਰਾਏ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਗੁਲਾਬ ਰਾਏ (1888–1963): ਹਿੰਦੀ ਦੇ ਉੱਚ-ਕੋਟੀ ਦੇ ਨਿਬੰਧਕਾਰਾਂ ਤੇ ਆਲੋਚਕਾਂ ਵਿੱਚ ਗੁਲਾਬ ਰਾਏ ਦਾ ਨਾਂ ਵਿਸ਼ੇਸ਼ ਰੂਪ ਵਿੱਚ ਲਿਆ ਜਾਂਦਾ ਹੈ। ਉਸ ਦਾ ਲੇਖਣ ਸਮਾਂ ਦ੍ਵਿਵੇਦੀ ਯੁੱਗ ਰਿਹਾ। ਇਸ ਯੁੱਗ ਦੇ ਆਲੋਚਕਾਂ ਵਿੱਚ ਉਸ ਦੀ ਨਵੇਕਲੀ ਥਾਂ ਹੈ। ਉਸ ਦੇ ਹਿੰਦੀ ਸਮੀਖਿਆ ਨੂੰ ਵਿਸਤਾਰ ਪ੍ਰਦਾਨ ਕੀਤਾ। ਭਾਰਤੀ ਤੇ ਪੱਛਮੀ ਕਾਵਿ- ਸ਼ਾਸਤਰ ਨੂੰ ਸਹਿਜ ਰੂਪ ਵਿੱਚ ਪ੍ਰਸਤੁਤ ਕਰਨ ਵਾਲਾ ਇਹ ਪਹਿਲਾ ਵਿਦਵਾਨ ਸਵੀਕਾਰ ਕੀਤਾ ਜਾਂਦਾ ਹੈ। ਉਸ ਦੀਆਂ ਪੁਸਤਕਾਂ ਨੂੰ ਵਿਦਿਆਰਥੀ ਪਾਠ ਪੁਸਤਕਾਂ ਦੇ ਰੂਪ ਵਿੱਚ ਪੜ੍ਹਦੇ ਹਨ।

     ਗੁਲਾਬ ਰਾਏ ਦਾ ਜਨਮ ਇਟਾਵਾ ਵਿੱਚ 1888 ਅਤੇ ਦਿਹਾਂਤ 13 ਅਪ੍ਰੈਲ 1963 ਨੂੰ ਹੋਇਆ। ਦਰਸ਼ਨ- ਸ਼ਾਸਤਰ ਵਿੱਚ ਐਮ.ਏ., ਬਾਅਦ ਵਿੱਚ ਐਲ-ਐਲ.ਬੀ. ਅਤੇ ਆਗਰਾ ਯੂਨੀਵਰਸਿਟੀ ਤੋਂ ਡੀ.ਲਿਟ. ਦੀ ਉਪਾਧੀ ਪ੍ਰਾਪਤ ਕੀਤੀ। ਫ਼ਾਰਸੀ, ਕਾਵਿ-ਸ਼ਾਸਤਰ ਅਤੇ ਦਰਸ਼ਨ ਸ਼ਾਸਤਰ ਦੀ ਪੜ੍ਹਾਈ ਦੇ ਨਾਲ-ਨਾਲ ਸੰਸਕ੍ਰਿਤ ਦੀ ਪੜ੍ਹਾਈ ਘਰ ਵਿੱਚ ਹੀ ਪ੍ਰਾਪਤ ਕੀਤੀ। ਗੁਲਾਬ ਰਾਏ ਹਿੰਦੀ ਸਾਹਿਤ ਜਗਤ ਵਿੱਚ ‘ਬਾਬੂ ਜੀ’ ਨਾਂ ਨਾਲ ਜਾਣਿਆ ਜਾਂਦਾ ਹੈ। ਬਾਬੂ ਗੁਲਾਬ ਰਾਏ ਬਾਰੇ ਹਿੰਦੀ ਦੇ ਉੱਚ-ਕੋਟੀ ਦੇ ਲੇਖਕ ਆਲੋਚਕ ਵਿਨਯ ਮੋਹਨ ਸ਼ਰਮਾ ਨੇ ਆਪਣੀ ਪੁਸਤਕ ਵੇ ਦਿਨ ਵੇ ਲੋਗ ਵਿੱਚ ਇਸ ਬਾਰੇ ਅਨੇਕ ਵਡਮੁੱਲੀਆਂ ਗੱਲਾਂ ਦੱਸੀਆਂ ਹਨ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਉਹ ਮੂਲ ਰੂਪ ਵਿੱਚ ਭਾਰਤੀ ਸੀ। ਉਸ ਉਪਰ ਅੰਗਰੇਜ਼ੀਪਨ ਦੀ ਗੱਲ ਕਰਨੀ ਠੀਕ ਨਹੀਂ। ਗੁਲਾਬ ਰਾਏ ਨੇ ਪੱਛਮੀ ਚਿੰਤਕਾ ਨੂੰ ਪੜ੍ਹਿਆ ਤੇ ਹਿੰਦੀ ਭਾਸ਼ਾ ਨੂੰ ਇਸ ਨਾਲ ਸਮਰਿੱਧ ਵੀ ਕੀਤਾ ਪਰ ਉਸ ਦੀ ਮੂਲ ਚੇਤਨਾ ਭਾਰਤੀ ਰਹੀ। ਉਸ ਨੂੰ ਆਪਣੀ ਸੰਸਕ੍ਰਿਤੀ ਤੇ ਪੂਰਾ ਮਾਣ ਸੀ। ਉਹ ਆਪਣੇ ਸਮੇਂ ਸਾਹਿਤ ਦੀ ਸੇਵਾ ਗੋਸ਼ਟੀਆਂ ਕਰਦਾ ਰਿਹਾ। ਇਸ ਤਰ੍ਹਾਂ ਦਾ ਸਾਹਿਤਿਕ ਵਾਤਾਵਰਨ ਤਿਆਰ ਕਰਨ ਵਿੱਚ ਉਸ ਦੀ ਵਿਸ਼ੇਸ਼ ਭੂਮਿਕਾ ਰਹੀ।

     ਇਹ ਵੀ ਦੱਸਿਆ ਜਾਂਦਾ ਹੈ ਕਿ ਉਹ ਕਾਫ਼ੀ ਚਿਰ- ਛਤਰਪੁਰ ਦੇ ਮਹਾਰਾਜਾ ਦਾ ਨਿੱਜੀ ਸਕੱਤਰ ਰਿਹਾ। ਰਿਆਸਤ ਦੀ ਸੇਵਾ ਕਰਦਿਆਂ ਵੀ ਉਸ ਨੇ ਕਦੇ ਸਾਹਿਤ ਸੇਵਾ ਵੱਲੋਂ ਮੂੰਹ ਨਹੀਂ ਮੋੜਿਆ। ਪੂਰਾ ਜੀਵਨ ਸਾਹਿਤ ਨੂੰ ਸਮਰਪਿਤ ਕਰ ਦਿੱਤਾ। ਉਸ ਦੇ ਵਿਸ਼ੇ ਸਾਹਿਤ ਤੇ ਦਰਸ਼ਨ ਰਹੇ। ਉਸ ਨੇ ਸਾਹਿਤ ਸੰਦੇਸ਼ ਨਾਂ ਦੀ ਪੱਤ੍ਰਿਕਾ ਦਾ ਸੰਪਾਦਨ ਕੀਤਾ ਅਤੇ ਨਵੇਂ ਲੇਖਕਾਂ ਨੂੰ ਉਸ ਵਿੱਚ ਛਾਪ ਕੇ ਹਮੇਸ਼ਾਂ ਉਹਨਾਂ ਨੂੰ ਹੱਲਾ-ਸ਼ੇਰੀ ਦਿੰਦਾ ਰਿਹਾ। ਉਹ ਸਾਹਿਤ ਦਾ ਸੱਚਾ ਤੇ ਸੁੱਚਾ ਸਾਧਕ ਸੀ।

     ਗੁਲਾਬ ਰਾਏ ਦੀਆਂ ਰਚਨਾਵਾਂ ਦੇ ਅਨੇਕਾਂ ਰੂਪ ਇਸ ਤਰ੍ਹਾਂ ਹਨ ਕਾਵਿ-ਸ਼ਾਸਤਰਕਾਰ, ਆਲੋਚਕ, ਨਿਬੰਧਕਾਰ, ਦਾਰਸ਼ਨਿਕ। ਕਾਵਿ-ਸ਼ਾਸਤਰ ਨਾਲ ਜੁੜੀਆਂ ਹੋਈਆਂ ਉਹਨਾਂ ਦੀਆਂ ਰਚਨਾਵਾਂ - ਨਵਰਸ, ਸਿਧਾਂਤ ਔਰ ਅਧਿਅਨ ਕਾਵਿ ਕੇ ਰੂਪ, ਹਿੰਦੀ ਨਾਟਯ ਵਿਮਰਸ਼ ਆਦਿ ਅਤੇ ਆਲੋਚਨਾਤਮਿਕ ਰਚਨਾਵਾਂ ਵਿੱਚ ਉਲੇਖ ਯੋਗ ਹਿੰਦੀ ਸਾਹਿਤ ਕਾ ਸੁਬੋਧ ਇਤਿਹਾਸ, ਅਧਿਐਨ ਔਰ ਆਸਵਾਦ, ਹਿੰਦੀ ਕਾਵਿ ਵਿਮਰਸ਼ ਹਨ। ਗੁਲਾਬ ਰਾਏ ਰਚਿਤ ਪ੍ਰਮੁਖ ਨਿਬੰਧ ਸੰਕਲਨ ਠਲੁਆ ਕਲਬ, ਫਿਰ ਨਿਰਾਸ਼ਾ ਕਿਯੈ, ਮੇਰੀ ਅਸਫਲਤਾਏਂ (ਹਾਸਯ ਵਿਅੰਗ ਸ਼ੈਲੀ ਮੇਂ ਪ੍ਰਸਤੁਤ ਆਤਮਕਥਾ), ਮੇਰੇ ਨਿਬੰਧ, ਕੁਛ ਉਥਲੇ, ਕੁਛ ਗਹਰੇ, ਮਨੋਵਿਗਿਆਨਕ ਨਿਬੰਧ, ਰਾਸ਼ਟਰੀਅਤਾ, ਜੀਵਨ-ਰਸ਼ਮਿਆਂ (ਪ੍ਰੈਸ ਵਿੱਚ) ਅਤੇ ਦਾਰਸ਼ਨਿਕ ਗ੍ਰੰਥਾਂ ਵਿੱਚ ਆਉਣ ਵਾਲੀਆਂ ਰਚਨਾਵਾਂ ਵਿੱਚ ਮਨ ਕੀ ਬਾਤੇਂ, ਤਰਕ-ਸ਼ਾਸਤਰ, ਕਰਤੱਵ ਸ਼ਾਸਤਰ, ਪਾਸ਼ਚਾਤਯ ਦਰਸ਼ਨੋਂ ਕਾ ਇਤਿਹਾਸ ਬੌਧ ਧਰਮ ਆਦਿ ਸ਼ਾਮਲ ਹਨ।

     ਉਸ ਦੀ ਪ੍ਰਤਿਭਾ ਦਾ ਸਭ ਤੋਂ ਉਲੇਖਯੋਗ ਲੱਛਣ ਸੁਮੇਲ ਹੈ। ਉਹ ਆਪਣੀਆਂ ਧਾਰਨਾਵਾਂ ਨੂੰ ਪ੍ਰਾਚੀਨ ਅਤੇ ਨਵੀਨ ਦੋਵਾਂ ਦੇ ਆਧਾਰ ਤੇ ਪ੍ਰਸਤੁਤ ਕਰਦਾ ਹੈ। ਇੱਕ ਤਰ੍ਹਾਂ ਨਾਲ ਉਸ ਦੇ ਵਿਚਾਰ ਸੰਤੁਲਿਤ ਹਨ। ਉਹ ਆਪਣੀ ਗੱਲ ਸਹਿਜੇ ਅਤੇ ਤਰਕ ਨਾਲ ਪ੍ਰਸਤੁਤ ਕਰਦਾ ਹੈ। ਉਸ ਦੇ ਨਿਬੰਧਾਂ, ਲੇਖਾਂ ਅਤੇ ਆਲੋਚਨਾ ਦੀ ਨਿੱਜੀ ਵਿਸ਼ੇਸ਼ਤਾ ਹੈ।

     ਲੇਖਕ ਔਖੀ ਤੋਂ ਔਖੀ ਗੱਲ ਨੂੰ ਵੀ ਬੜੇ ਹੀ ਸਰਲ ਢੰਗ ਨਾਲ ਪ੍ਰਸਤੁਤ ਕਰਨ ਦੀ ਚੇਸ਼ਟਾ ਰੱਖਦਾ ਹੈ। ਉਸ ਦੀ ਆਲੋਚਨਾ ਨੂੰ ਸਿਧਾਂਤਿਕ ਅਤੇ ਵਿਵਹਾਰਿਕ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਸਿਧਾਂਤਿਕ ਵਿੱਚ ਉਸ ਨੇ ਸਾਹਿਤ ਸ਼ਾਸਤਰ ਤੇ ਭਾਰਤੀ ਅਤੇ ਪੱਛਮੀ ਸਿਧਾਂਤਾਂ ਨੂੰ ਬੜੇ ਹੀ ਸਰਲ ਢੰਗ ਨਾਲ ਸਮਝਾਉਣ ਦਾ ਮਹੱਤਵਪੂਰਨ ਕਾਰਜ ਕੀਤਾ ਹੈ। ਉਸ ਦੀ ਵਿਵਹਾਰਿਕ ਸਮੀਖਿਆ ਨੂੰ ਵਿਦਵਾਨਾਂ ਨੇ ਵਿਆਖਿਆਤਮਕ ਸਵੀਕਾਰ ਕੀਤਾ ਹੈ।

     ਉਹ ਆਪਣੀ ਆਲੋਚਨਾ ਵਿੱਚ ਅਨੇਕ ਵਾਰ ਦਰਸ਼ਨ ਅਤੇ ਜੀਵਨ ਦਰਸ਼ਨ ਬਾਰੇ ਵੀ ਸਾਰਥਕ ਧਾਰਨਾਵਾਂ ਪ੍ਰਸਤੁਤ ਕਰਦਾ ਹੈ। ਜੀਵ ਬ੍ਰਹਮ ਦੀ ਏਕਤਾ ਸਵੀਕਾਰ ਕਰਦਿਆਂ ਵੀ ਸੰਸਾਰ ਨੂੰ ਮਿਥਿਆ ਨਹੀਂ ਮੰਨਦਾ। ਇਹ ਵਿਚਾਰ ਉਸ ਦੇ ਨਿਬੰਧਾਂ ਵਿੱਚ ਮਿਲਦਾ ਹੈ।

     ਗੁਲਾਬ ਰਾਏ ਹਿੰਦੀ ਵਿੱਚ ਵਿਅਕਤੀਗਤ ਨਿਬੰਧ ਦਾ ਆਦਰਸ਼ਕ ਨਿਬੰਧਕਾਰ ਸੀ। ਉਹ ਇਹ ਵੀ ਮੰਨਦਾ ਹੈ ਕਿ ਉਸ ਦਾ ਸਾਰਾ ਲੇਖਨ ਸਿਰਜਣ ਦੇ ਵਿਕਾਸ ਲਈ ਹੈ ਅਤੇ ਇਸ ਨਾਲ ਉਸ ਨੂੰ ਨਿੱਜੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਇਸ ਲੇਖਕ ਦੀ ਸਭ ਤੋਂ ਵੱਡੀ ਖ਼ੂਬੀ ਇਹ ਮੰਨੀ ਜਾ ਸਕਦੀ ਹੈ ਕਿ ਉਹ ਆਪਣੀਆਂ ਸਫਲਤਾਵਾਂ ਦੀ ਬਜਾਏ ਅਸਫਲਤਾਵਾਂ ਪ੍ਰਤਿ ਵਧੇਰੇ ਸੁਚੇਤ ਸੀ। ਮੇਰੀ ਅਸਫਲਤਾਏਂ ਰਚਨਾ ਉਸ ਦੇ ਨਿਜੀ ਜੀਵਨ ਸਾਹਿਤ- ਲੇਖਨ ਦੀ ਬੇਜੋੜ ਦਸਤਾਵੇਜ਼ ਮੰਨੀ ਜਾ ਸਕਦੀ ਹੈ।


ਲੇਖਕ : ਸ਼ੀਲਾ ਰਾਜਪਾਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2086, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.