ਗੁਫ਼ਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਫ਼ਾ (ਨਾਂ,ਇ) ਪਹਾੜ ਵਿੱਚ ਬਣੀ ਜਾਂ ਬਣਾਈ ਕੰਦਰ; ਭੋਰਾ; ਤਹਿਖ਼ਾਨਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7932, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਗੁਫ਼ਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਗੁਫ਼ਾ : ਪਹਾੜੀ ਵਿਚਲੀ ਖੋੜ, ਜਿਸ ਦੇ ਅੰਦਰ ਜਾ ਕੇ ਪ੍ਰਾਣੀ ਆਸਾਨੀ ਨਾਲ ਤੁਰ ਫਿਰ ਸਕਦੇ ਹੋਣ, ਨੂੰ ਗੁਫ਼ਾ ਕਿਹਾ ਜਾਂਦਾ ਹੈ। ਕੈਵਰਨ ਸ਼ਬਦ ਵੀ ਅਜਿਹੀ ਖੋੜ ਲਈ ਹੀ ਵਰਤਿਆ ਜਾਂਦਾ ਹੈ ਪਰ ਇਸ ਦਾ ਭਾਵ ਵੱਡੀਆਂ ਵੱਡੀਆਂ ਗੁਫ਼ਾਵਾਂ ਜਾਂ ਕਈ ਗੁਫ਼ਾਵਾਂ ਦੇ ਸਮੂਹ ਤੋਂ ਲਿਆ ਜਾਂਦਾ ਹੈ। ਪਹਾੜਾਂ ਵਿਚ ਅਜਿਹੀਆਂ ਥਾਵਾਂ, ਜਿਨ੍ਹਾਂ ਦੀਆਂ ਖੈੜਾਂ ਦੇ ਮੂੰਹ-ਮੱਥੇ ਦਾ ਖੇਤਰਫ਼ਲ ਕਾਫ਼ੀ ਵੱਡਾ ਅਤੇ ਜਿਸ ਦੀ ਛੱਤ ਫਰਸ਼ ਨਾਲੋਂ ਕਾਫ਼ੀ ਅੱਗੇ ਵੱਲ ਵਧਵੀਂ ਹੋਵੇ ਨੂੰ ਵੀ ਗੁਫ਼ਾ ਕਿਹਾ ਜਾਂਦਾ ਹੈ। ਖੋੜ ਦੀ ਛੱਤ ਢਹਿ ਜਾਣ ਨਾਲ ਜਦੋਂ ਆਰ ਪਾਰ ਰਸਤਾ ਬਣ ਗਿਆ ਹੋਵੇ ਤਾਂ ਅਜਿਹੇ ਖੋੜ ਨੂੰ ਛੱਤ ਰਹਿਤ ਗੁਫ਼ਾਵਾਂ ਕਿਹਾ ਜਾਂਦਾ ਹੈ।

          ਆਰੰਭ––ਗੁਫ਼ਾਵਾਂ ਦਾ ਇਤਿਹਾਸ ਵੀ ਪਹਾੜਾਂ ਦੇ ਇਤਿਹਾਸ ਜਿੰਨਾ ਪੁਰਾਣਾ ਲਗਦਾ ਹੈ। ਪਹਿਲੀ ਕਿਸਮ ਦੀਆਂ ਗੁਫ਼ਾਵਾਂ ਲਾਵੇ ਦੇ ਜੰਮਣ ਨਾਲ ਬਣਦੀਆਂ ਹਨ, ਇਨ੍ਹਾਂ ਵਿਚੋਂ ਦੀ ਵਗ ਰਹੇ ਲਾਵੇ ਦੀ ਬਾਹਰਲੀ ਤਹਿ ਠੰਢੀ ਹੋ ਕੇ ਜੰਮ ਜਾਂਦੀ ਹੈ, ਜਦੋਂ ਕਿ ਅੰਦਰਲੀ ਤਹਿ ਤਰਲ ਹਾਲਤ ਵਿਚ ਹੀ ਰਹਿੰਦੀ ਹੋਈ ਵਗਦੀ ਰਹਿੰਦੀ ਹੈ। ਜਦੋਂ ਲਾਵਾ ਨਿਕਲਣਾ ਬੰਦ ਹੋ ਜਾਂਦਾ ਹੈ ਤਾਂ ਤਰਲ ਲਾਵੇ ਦੇ ਵਗ ਜਾਣ ਤੋਂ ਬਾਅਦ ਖੋੜ ਖਾਲੀ ਰਹਿ ਜਾਂਦੀ ਹੈ ਜਿਸ ਦਾ ਵਿਆਸ ਕਈ ਵਾਰੀ 3 ਮੀ. ਤੱਕ ਵੀ ਹੁੰਦਾ ਹੈ ਅਤੇ ਇਹ ਖੋੜ ਇਕ ਗੁਫ਼ਾ ਦਾ ਰੂਪ ਧਾਰਨ ਕਰ ਲੈਂਦੀ ਹੈ।

          ਬਹੁਤੀਆਂ ਗੁਫ਼ਾਵਾਂ ਪਦਾਰਥ ਦੇ ਹਟ ਜਾਣ ਤੋਂ ਬਾਅਦ ਖਾਲੀ ਥਾਂ ਦੇ ਪਹਾੜਾਂ ਦੁਆਰਾ ਘਿਰ ਜਾਣ ਨਾਲ ਹੋਂਦ ਵਿਚ ਆਉਂਦੀਆਂ ਹਨ। ਇਨ੍ਹਾਂ ਵਿਚੋਂ ਕੁਝ ਸਮੁੰਦਰੀ ਤੱਟਾਂ ਦੇ ਨਾਲ ਨਾਲ ਤੱਲਾਂ ਦੁਆਰਾ ਖ਼ਾਰ ਪੈਣ ਨਾਲ ਵੀ ਬਣੀਆਂ ਹੁੰਦੀਆਂ ਹਨ। ਇਹ ਸਮੁੰਦਰੀ ਗੁਫ਼ਾਵਾਂ ਕਿਸੇ ਖਾਸ ਕਿਸਮ ਦੀਆਂ ਪਹਾੜੀ ਗੁਫ਼ਾਵਾਂ ਨਹੀਂ ਹੁੰਦੀਆਂ ਕਿਉਂਕਿ ਇਨ੍ਹਾਂ ਵਿਚੋਂ ਕਿਸੇ ਕਿਸਮ ਦੀ ਇਕਸਾਰਤਾ ਨਹੀਂ ਹੁੰਦੀ। ਪਹਾੜੀ ਛੱਪਰ ਰੂਪੀ ਗੁਫ਼ਾਵਾਂ ਆਮ ਕਰਕੇ ਕਮਜ਼ੋਰ ਜਾਂ ਨਰਮ ਪਹਾੜੀਆਂ ਦੇ ਡਿਗ ਜਾਣ ਨਾਲ ਪਹਾੜਾਂ ਦੇ ਪੈਰਾਂ ਵਿਚ ਬਣੀਆਂ ਹੁੰਦੀਆਂ ਹਨ, ਜਦੋਂ ਮਜ਼ਬੂਤ ਚਟਾਨਾਂ ਛੱਤ ਦਾ ਕੰਮ ਕਰਦੀਆਂ ਹਨ।

          ਚੂਨੇ ਦੇ ਪੱਥਰ ਅਤੇ ਡੋਲਮਾਈਟ ਦੀਆਂ ਗੁਫ਼ਾਵਾਂ––ਇਸ ਕਿਸਮ ਦੀਆਂ ਗੁਫ਼ਾਵਾਂ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਗੁਫ਼ਾਵਾਂ ਵਿਚੋਂ ਹਨ ਅਤੇ ਇਨ੍ਹਾਂ ਦੀ ਗਿਣਤੀ ਵੀ ਹੋਰ ਕਿਸਮ ਦੀਆਂ ਗੁਫ਼ਾਵਾਂ ਨਾਲੋਂ ਵਧੇਰੇ ਹੈ। ਇਹ ਚੂਨੇਦਾਰ ਚਟਾਨਾਂ, ਸ਼ੁੱਧ ਪਾਣੀ ਵਿਚ ਬਹੁਤ ਘੱਟ ਘੁਲਣਸ਼ੀਲ ਹਨ ਪਰ ਜੇਕਰ ਇਸ ਵਿਚ ਕਾਰਬਨੀ ਪਦਾਰਥ ਜਾਂ ਕਾਰਬਨ ਡਾਈਆੱਕਸਾਈਡ ਰਲੀ ਹੋਈ ਹੋਵੇ ਤਾਂ ਇਹ ਬਹੁਤ ਜਲਦੀ ਖੁਰ ਜਾਂਦੀਆਂ ਹਨ। ਝਰਨਿਆਂ ਜਾਂ ਨਾਲੀਆਂ ਦੇ ਰੂਪ ਵਿਚ ਵਹਿੰਦਾ ਹੋਇਆ ਪਾਣੀ ਆਪਣੇ ਆਲੇ-ਦੁਆਲੇ ਨੂੰ ਖੋਰਦਾ ਰਹਿੰਦਾ ਹੈ, ਇਸ ਤਰ੍ਹਾਂ ਬਣਿਆ ਇਹ ਰਸਤਾ ਗੁਫ਼ਾਵਾਂ ਦਾ ਰੂਪ ਧਾਰਨ ਕਰ ਲੈਂਦਾ ਹੈ।

          ਧਰਤੀ ਅੰਦਰ ਪਾਣੀ ਦੀ ਤਹਿ ਤੋਂ ਹੇਠਾਂ ਖੂਹ ਪੁੱਟਣ ਨਾਲ ਚੂਨੇ ਦੇ ਪੱਥਰ ਅਤੇ ਡੋਲਮਾਈਟ ਦੀਆਂ ਗੁਫ਼ਾਵਾਂ ਦਾ ਪਤਾ ਲੱਗਾ ਹੈ ਅਤੇ ਇਹ ਪੂਰੀ ਤਰ੍ਹਾਂ ਪਾਣੀ ਨਾਲ ਭਰੀਆਂ ਹੋਈਆਂ ਹਨ। ਗੁਫ਼ਾਵਾਂ ਵਿਚ ਖੁਸ਼ਕ ਮੌਸਮ ਸਮੇਂ ਆਸਾਨੀ ਨਾਲ ਅੰਦਰ ਜਾਇਆ ਜਾ ਸਕਦਾ ਹੈ ਪਰ ਬਰਸਾਤ ਵਿਚ ਇਹ ਪਾਣੀ ਨਾਲ ਭਰੀਆਂ ਹੁੰਦੀਆਂ ਹਨ। ਅਨੇਕਾਂ ਅਜਿਹੀਆਂ ਗੁਫ਼ਾਵਾਂ ਹਨ ਜਿਨ੍ਹਾਂ ਵਿਚ ਸਾਰਾ ਸਾਲ ਹੀ ਤੁਰਿਆ ਫਿਰਿਆ ਜਾ ਸਕਦਾ ਹੈ ਬੇਸ਼ਕ ਉਨ੍ਹਾਂ ਦੇ ਫਰਸ਼ ਤੇ ਥੋੜ੍ਹਾ ਥੋੜ੍ਹਾ ਪਾਣੀ ਸਿੰਮਦਾ ਰਹਿੰਦਾ ਹੈ। ਕਈ ਗੁਫ਼ਾਵਾਂ ਅਜਿਹੀਆਂ ਹਨ ਜਿਨ੍ਹਾਂ ਵਿਚ ਪਾਣੀ ਬਿਲਕੁਲ ਵੀ ਨਹੀਂ ਵਹਿੰਦਾ, ਪਾਣੀ ਉਨ੍ਹਾਂ ਦੇ ਆਕਾਰ, ਦੀਵਾਰਾਂ ਆਦਿ ਤੋਂ ਪਤਾ ਲਗਦਾ ਹੈ ਕਿ ਇਹ ਪਾਣੀ ਦੇ ਵਹਿਣ ਕਾਰਨ ਖੁਰਕੇ ਹੀ ਬਣੀਆਂ ਹੋਈਆਂ ਹਨ। ਕਈ ਗੁਫ਼ਾਵਾਂ ਦੀਆਂ ਛੱਤਾਂ ਉਤੇ ਬਣੇ ਆਕਾਰਾਂ ਤੋਂ ਉਨ੍ਹਾਂ ਦੇ ਆਰੰਭ ਦਾ ਪਤਾ ਲਗਦਾ ਹੈ ਕਿ ਇਹ ਕਦੇ ਪਾਣੀ ਦੀ ਮੇਨ ਪਾਈਪ ਦੀ ਤਰ੍ਹਾਂ ਵਗਦੀਆਂ ਹੁੰਦੀਆਂ ਸਨ। ਕਈ ਗੁਫਾਵਾਂ ਤੋਂ ਪੁਰਾਣੇ ਸ਼ਹਿਰ ਦੀਆਂ ਗਲੀਆਂ ਆਦਿ ਦਾ ਪਤਾ ਲਗਦਾ ਹੈ।

          ਸੈਕੰਡਰੀ ਪਰਤ––ਬਹੁਤ ਸਾਰੀਆਂ ਗੁਫ਼ਾਵਾਂ, ਜਿਨ੍ਹਾਂ ਅੰਦਰ ਜਾ ਸਕਦੇ ਹਾਂ, ਹੋਰ ਵੱਡੀਆਂ ਹੋਣ ਤੋਂ ਰੁਕ ਗਈਆਂ ਹਨ। ਇਸ ਦੀ ਥਾਂ ਇਨ੍ਹਾਂ ਦੇ ਫਰਸ਼ ਅਤੇ ਛੱਤਾਂ ਉਤੇ ਟਰੈਵਰਟਾਈਨ ਅਤੇ ਸਟੇਲ-ਲੈਗਮਾਈਟ ਦੇ ਰੂਪ ਵਿਚ ਕੈਲਸ਼ੀਅਮ ਕਾਰਬੋਨੇਟ ਦੀਆਂ ਸੈਕੰਡਰੀ ਪਰਤਾਂ ਜੰਮ ਜਾਣ ਨਾਲ ਇਨ੍ਹਾਂ ਦਾ ਆਕਾਰ ਘਟਦਾ ਜਾ ਰਿਹਾ ਹੈ। ਇਹ ਸੈਕੰਡਰੀ ਪਰਤਾਂ ਇਨ੍ਹਾਂ ਗੁਫਾਵਾਂ ਦੀ ਸੁੰਦਰਤਾ ਵਧਾਉਂਦੀਆਂ ਹਨ ਅਤੇ ਸੈਲਾਨੀਆਂ ਨੂੰ ਵਧੇਰੇ ਪ੍ਰਭਾਵਿਤ ਕਰਦੀਆਂ ਹਨ। ਸ਼ੁੱਧ ਕੈਲਸ਼ੀਅਮ ਕਾਰਬੋਨੇਟ ਪਿਘਲਣ ਤੋਂ ਬਾਅਦ ਲਾਲ, ਪੀਲੇ ਅਤੇ ਭੂਰੇ ਰੰਗ ਦੀ ਭਾਅ ਮਾਰਦਾ ਹੈ ਤੇ ਇਨ੍ਹਾਂ ਨੂੰ ਹੋਰ ਵੀ ਮਨ ਮੋਹਣਾ ਬਣਾਉਂਦੀ ਹੈ।

          ਪ੍ਰਾਚੀਨ ਝੋਂਪੜੀਆਂ––ਪ੍ਰਾਚੀਨ ਮਨੁੱਖ ਨੇ ਗੁਫ਼ਾਵਾਂ ਦੁਆਰਾ ਬਣੀਆ ਕੁਦਰਤੀ ਝੋਂਪੜੀਆਂ ਨੂੰ ਰਹਿਣ ਵਾਸਤੇ ਇਸਤੇਮਾਲ ਕੀਤਾ ਜਿਨ੍ਹਾਂ ਵਿਚੋਂ ਚਟਾਨਾਂ ਦੀਆਂ ਗੁਫ਼ਾਵਾਂ ਨੂੰ ਵਧੇਰੇ ਪਸੰਦ ਕੀਤਾ ਜਾਂਦਾ ਸੀ। ਪ੍ਰਾਚੀਨ ਮਨੁੱਖ ਦੇ ਹਥਿਆਰ, ਸੰਦ, ਗਹਿਣੇ, ਭੱਠੀਆਂ, ਮੁਰਦਿਆਂ ਦੀਆਂ ਹੱਡੀਆਂ ਅਤੇ ਇਸ ਦੁਅਾਰਾ ਦੀਵਾਰਾਂ ਉਤੇ ਬਣਾਏ ਚਿਤਰਾਂ ਤੋਂ ਗੁਫ਼ਾ ਦੇ ਵਾਸੀਆਂ ਬਾਰੇ ਪੂਰਨ ਜਾਣਕਾਰੀ ਮਿਲਦੀ ਹੈ। ਬਰਫ਼ ਯੁਗ ਦੇ ਗੁਫ਼ਾ ਰਿੱਛ, ਸ਼ੇਰ ਆਦਿ ਨੇ ਵੀ ਯੂਰਪ ਅਤੇ ਉੱਤਰੀ ਅਮਰੀਕਾ, ਦੀਆਂ ਮੌਜੂਦਾ ਗੁਫ਼ਾਵਾਂ ਦਾ ਇਸਤੇਮਾਲ ਕੀਤਾ।

          ਗੁਫ਼ਾਵਾਂ ਦੇ ਪ੍ਰਸਿੱਧ ਖੇਤਰ––ਸੰਸਾਰ ਦੇ ਗੁਫ਼ਾਵਾਂ ਲਈ ਪ੍ਰਸਿੱਧ ਖੇਤਰ ਮੁੱਖ ਤੌਰ ਤੇ ਚੂਨੇ ਦੇ ਪੱਥਰਾਂ ਵਾਲੇ ਕੇਂਦਰੀ ਅਤੇ ਦੱਖਣੀ ਯੂਰਪ ਦੇ ਐਲਪਸ ਪਹਾੜ ਹਨ ਜਿਹੜੇ ਕਿ ਫ਼ਰਾਂਸ ਤੋਂ ਲੈ ਕੇ ਸਵਿਟਜ਼ਰਲੈਂਡ ਅਤੇ ਆਸਟਰੀਆ ਵਿਚ ਦੀ ਹੁੰਦੇ ਹੋਏ ਯੂਗੋਸਲਾਵੀਆ ਤੱਕ ਫੈਲੇ ਹੋਏ ਹਨ। ਇਸ ਖੇਤਰ ਵਿਚ ਮਨੁੱਖ ਦੁਆਰਾ ਬਣਾਈਆਂ ਡੂੰਘੀਆਂ ਗੁਫ਼ਾਵਾਂ ਵੀ ਮਿਲਦੀਆਂ ਹਨ ਜਿਵੇਂ ਕਿ ਗਰੇਨੋਬਲ, ਫ਼ਰਾਂਸ ਦੇ ਨੇੜੇ ਗਾਊਫਰੇ ਬਰਜ਼ਰ ਦੀ ਗੁਫਾ (1121-664 ਮੀ.) (3,680 ਫੁੱਟ) ਸੰਸਾਰ ਦੀ ਸਭ ਤੋਂ ਲੰਬੀ ਗੁਫ਼ਾ ਸਵਿਟਜ਼ਰਲੈਂਡ ਵਿਚ ਹਾਲੋਚ ਵਿਖੇ ਹੈ ਜਿਸ ਦੀ ਲੰਬਾਈ 60.3 ਕਿ. ਮੀ. ਹੈ (37.6 ਮੀਲ) ਹੈ। ਸੰਸਾਰ ਦੀਆਂ ਸਭ ਤੋਂ ਵੱਡੀਆਂ ਕੈਵਰਨਾਂ ਵਿਚ ਪ੍ਰਮੁੱਖ ਤੌਰ ਤੇ ਫ਼ਰਾਂਸ ਦੀ ਐਲਿਜ਼ਬੈਥ ਕਾਸਟੇਰਟ ਕੈਵਰਨ ਹੈ, ਜਿਹੜੀ ਕਿ 396,24 ਮੀ. ਲੰਬੀ (1300 ਫੁੱਟ ਲੰਬੀ), 152240 ਮੀ. ਚੌੜੀ (500 ਫੁੱਟ ਚੌੜੀ) ਅਤੇ 45.72 ਮੀ. (150 ਫੁੱਟੀ) ਤੋਂ ਵੱਧ ਉੱਚੀ ਹੈ। ਬਹੁਤ ਸਾਰੀਆਂ ਗੁਫ਼ਾਵਾਂ ਵਿਚ ਬਰਫ਼ ਦੇ ਤੋਦੇ ਭਰੇ ਹੋਏ ਹੁੰਦੇ ਹਨ, ਜਿਵੇਂ ਕਿ ਆਸਟਰੀਆ ਵਿਚ ਸਾਲਜ਼ਬਰਗ ਦੇ ਨੇੜੇ ਈਸਰੀਏਸਨਵੈਲਟ ਹੈ ਜਿਹੜੀ ਕਿ ਬਰਫ਼ ਦੀਆਂ ਗੁਫ਼ਾਵਾਂ ਦੀ ਲੜੀ ਹੈ ਅਤੇ ਜਿਸ ਦੀ ਲੰਬਾਈ 33,193 ਕਿ. ਮੀ. (25 ਮੀਲ) ਅਤੇ ਉੱਚਾਈ 1645.92 ਮੀਟਰ (5400 ਫੁੱਟ) ਤੋਂ ਵੀ ਵੱਧ ਹੈ। ਐਲਪਾਈਨ ਗੁਫਾਵਾਂ ਦਾ ਵੱਡਾ ਆਕਾਰ ਤੇ ਵਧੇਰੇ ਡੁੰਘਾਈ, ਅਸ਼ੁੱਧ ਚੂਨੇ ਦੇ ਪੱਥਰ ਕਰਦੇ ਹਨ ਜਿਸ ਉਤੇ ਬਾਰਸ਼ ਅਤੇ ਬਰਫ਼ੀਲੇ ਜਲਵਾਯੂ ਕਰਕੇ, ਕਿਰਿਆ ਹੁੰਦੀ ਰਹਿੰਦੀ ਹੈ।

          ਦੱਖਣ-ਪੱਛਮੀ ਯੂਰਪ ਵਿਚ ਚੂਨੇ ਦਾ ਉਤਪਾਦਨ ਐਲਪਸ ਨਾਲੋਂ ਬਹੁਤ ਘੱਟ ਹੈ ਅਤੇ ਗੁਫ਼ਾਵਾਂ ਛੋਟੀਆਂ ਹਨ। ਪ੍ਰਾਚੀਨ ਖੇਤਰ ਵਿਚ ਕਈ ਸੂਖਮ ਗੁਫ਼ਾਵਾਂ ਹਨ, ਮੁੱਖ ਤੌਰ ਤੇ ਮਾਲਟਾ ਅਤੇ ਲਿਬਨਾਨ ਵਿਚ ਜਿਬਰਾਲਟਰ ਪਹਾੜੀਆਂ ਦੀਆਂ ਗੁਫ਼ਾਵਾਂ ਹਨ ਜੋ ਹੁਣ ਬਿਲਕੁਲ ਖੁਫ਼ਕ ਹਨ। ਸੰਯੁਕਤ ਰਾਜ ਵਿਚ ਪ੍ਰਮੁੱਖ ਗੁਫ਼ਾ ਖਤੇਰ ਕੇਟਕੀ ਮੀਸੋਰੀ ਅਤੇ ਨਿਊ ਮੈਕਸੀਕੋ ਹਨ। ਸੰਯੁਕਤ ਰਾਜ ਦੀਆਂ ਸਭ ਤੋਂ ਡੂੰਘੀਆਂ ਗੁਫ਼ਾਵਾਂ ਨੈਫੇਜ਼ ਗੁਫ਼ਾ ਉਟਾਅ 360,6 ਮੀਟਰ ਅਤੇ ਕਾਰਲਸਬੈਂਡ ਕੈਵਰਨ 401.4 ਮੀਟਰ ਆਦਿ ਹਨ। ਇਹ ਸਾਰੀਆਂ ਰੇਗਿਸਤਾਨ ਵਿਚ ਹਨ ਜਿਥੇ ਇਹ ਵਾਟਰ-ਟੇਬਲ ਦੇ ਕਾਫ਼ੀ ਨੀਵੇਂ ਹੋਣ ਨਾਲ ਬਣੀਆਂ ਹਨ।

          ਕਈ ਪ੍ਰਸਿੱਧ ਗੁਫ਼ਾਵਾਂ ਹਿਮਾਲਿਆ, ਮਲਾਇਆ ਇੰਡੋਚੀਨ, ਦੱਖਣੀ ਅਫਰੀਕਾ ਅਤੇ ਆਸਟ੍ਰੇਲੀਆ ਵਿਚ ਸਥਿਤ ਹਨ। ਸਿੱਲ੍ਹੇ ਗਰਮ, ਚੂਨਾ-ਪੱਥਰ ਦੇ ਖੇਤਰਾਂ ਵਿਚ ਵੱਡੀਆਂ ਗੁਫ਼ਾਵਾਂ ਬਹੁਤ ਹੁੰਦੀਆਂ ਹਨ ਅਤੇ ਆਮ ਕਰਕੇ ਉਨ੍ਹਾਂ ਵਿਚ ਟਰੈਵਰਟਾਈਨ ਅਤੇ ਸਟੈਸੈਸਮਾਈਟ ਹੁੰਦਾ ਹੈ। ਇਸ ਦਾ ਕਾਰਨ ਇਨ੍ਹਾਂ ਖੇਤਰਾਂ ਵਿਚ ਵਧੇਰੇ ਬਾਰਿਸ਼ ਅਤੇ ਉੱਚਾ ਤਾਪਮਾਨ ਹੈ। ਤਪਤ-ਖੰਡ ਦੀਆਂ ਗੁਫ਼ਾਵਾਂ ਚਮਗਿਦੜਾਂ ਦੇ ਰਹਿਣ-ਸਥਾਨ ਕਰਕੇ ਪ੍ਰਸਿੱਧ ਹਨ ਜਿਵੇਂ ਕਿ ਜਮੈਕਾ ਵਿਚਲੀ ਵਿੰਡਸ ਗੁਫ਼ਾ ਕਈ ਗੁਫ਼ਾਵਾਂ ਖੋਲ੍ਹ ਕੇ ਆਮ ਲੋਕਾਂ ਦੇ ਪਹੁੰਚਣਯੋਗ ਕਰ ਦਿਤੀਆਂ ਗਈਆਂ ਹਨ।

          ਗੁਫ਼ਾਵਾਂ ਦਾ ਵਿਗਿਆਨਕ ਅਧਿਐਨ (ਸਪੇਲਿਆੱਲੋਜੀ)––ਗੁਫ਼ਾਵਾਂ ਦੇ ਵਿਗਿਆਨਕ ਅਧਿਐਨ ਅਧੀਨ ਗੁਫ਼ਾਵਾਂ ਦੀ ਖੋਜ ਅਤੇ ਪੜਤਾਲ ਢੰਗ, ਸਰਵੇਖਣ ਕਰਨਾ, ਫੋਟੋਗ੍ਰਾਫ਼ੀਸ, ਭੂ-ਵਿਗਿਆਨਕ ਤੇ ਰਸਾਇਣ-ਵਿਗਿਆਨਕ ਪੱਖੋਂ ਮੂਲ ਅਤੇ ਵਿਕਾਸ ਸਬੰਧੀ ਅਧਿਐਨ ਭੌਤਿਕ ਅਤੇ ਮੌਸਮ ਸਬੰਧੀ ਹਾਲਤਾਂ, ਗੁਫ਼ਾ ਦੇ ਪ੍ਰਾਣੀ ਅਤੇ ਪੌਦਿਆਂ ਦੇ ਸੰਗ੍ਰਹਿ ਸਬੰਧੀ ਅਧਿਐਨ; ਚੂਨੇ ਦੇ ਪੱਥਰ ਜਾਂ ਇਸ ਤੋਂ ਬਿਨਾਂ ਪਰਤਾਂ ਦਾ ਅਧਿਐਨ ਆਦਿ ਕਰਨਾ ਸ਼ਾਮਲ ਹੈ। ਗੁਫ਼ਾਵਾਂ ਦਾ ਵਿਗਿਆਨਕ ਅਧਿਐਨ ਕਰਨਾ ਬਹੁਤ ਹੀ ਪੇਚੀਦਾ ਹੈ, ਜਿਸ ਲਈ ਅਨੇਕਾਂ ਵੱਖ ਵੱਖ ਪਹਿਲੂਆਂ ਦਾ ਗਿਆਨ ਹੋਣਾ ਜ਼ਰੂਰੀ ਹੈ।

          ਆਧੁਨਿਕ ਸਪੇਲਿਆੱਲੋਜੀ 19ਵੀਂ ਸਦੀ ਦੇ ਮੱਧ ਤੋਂ ਆਰੰਭ ਹੋਈ ਹੈ ਅਤੇ ਪਹਿਲੀ ਸਪੇਲਿਆੱਲੋਜੀ ਸੋਸਾਇਟੀ 1895 ਵਿਚ ਫ਼ਰਾਂਸ ਵਿਚ ਸਥਾਪਿਤ ਹੋਈ। ਸੰਸਾਰ ਦੇ ਅਨੇਕਾਂ ਦੇਸ਼ਾਂ ਜਿਵੇਂ ਸੰਯੁਕਤ ਰਾਜ ਅਤੇ ਰੂਸ ਆਦਿ ਦੀਆਂ ਆਪਣੀਆਂ ਆਪਣੀਆਂ ਸਪੇਲਿਆੱਲੋਜੀਕਲ ਸੋਸਾਇਟੀਆਂ ਹਨ। ਪਹਿਲੀ ਇੰਟਰਨੈਸ਼ਨਲ ਕਾਂਗਰਸ ਆਫ਼ ਸਪੇਲਿਆੱਲੋਜੀ ਪੈਰਿਸ ਵਿਖੇ ਸੰਨ 1953 ਵਿਚ ਆਯੋਜਿਤ ਕੀਤੀ ਗਈ। ਧਰਤੀ ਦੀ ਸਤ੍ਹਾ ਥੱਲੇ ਕਾਫ਼ੀ ਲੰਬੇ ਅਰਸੇ ਲਈ ਰਹਿਣਾ ਵੀ ਜ਼ਰੂਰੀ ਬਣ ਜਾਂਦਾ ਹੈ। ਭੂਮੀ-ਅੰਤਰ ਜਲ ਸਤੱਰ ਅਤੇ ਅੱਧ ਡੁੱਬੇ ਰਸਤਿਆਂ ਦੀ ਭਾਲ ਕਰਨਾ ਤਜਰਬੇਕਾਰ ਗੋਤਾਖ਼ੋਰਾਂ ਦਾ ਕੰਮ ਹੁੰਦਾ ਹੈ। ਇਸ ਲਈ ਗੁਫ਼ਾਵਾਂ ਦੇ ਅਧਿਐਨ ਵਿਚ ਸਿਰ ਤਲੀ ਤੇ ਰੱਖ ਕੇ ਤੁਰਨਾ ਪੈਂਦਾ ਹੈ।

          ਹ. ਪੁ.––ਐਨ. ਬ੍ਰਿ. 5 : 115


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5384, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-16, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.