ਗੁੱਜਰਵਾਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁੱਜਰਵਾਲ. ਜਿਲਾ ਲੁਦਿਆਨਾ, ਥਾਣਾ ਡੇਹਲੋਂ ਦਾ ਇੱਕ ਨਗਰ, ਜੋ ਰੇਲਵੇ ਸਟੇਸ਼ਨ ਕਿ਼ਲਾ ਰਾਇਪੁਰ ਤੋਂ ਚਾਰ ਮੀਲ ਪੱਛਮ ਹੈ. ਇਸ ਥਾਂ ਛੀਵੇਂ ਸਤਿਗੁਰੂ ਕੁਝ ਸਮਾਂ ਵਿਰਾਜੇ ਹਨ. ਗੁਰਦ੍ਵਾਰਾ ਪਿੰਡ ਤੋਂ ਡੇਢ ਮੀਲ ਦੱਖਣ ਪੂਰਵ ਹੈ, ਜਿਸ ਨੂੰ “ਗੁਰੂਸਰ” ਭੀ ਆਖਦੇ ਹਨ. ੩੦ ਵਿੱਘੇ ਜ਼ਮੀਨ ਪਿੰਡ ਵੱਲੋਂ ਹੈ. ਚੇਤਚੌਦਸ ਨੂੰ ਮੇਲਾ ਹੁੰਦਾ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3418, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੁੱਜਰਵਾਲ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁੱਜਰਵਾਲ: ਲੁਧਿਆਣਾ ਜ਼ਿਲੇ ਵਿਚ ਇਕ ਪਿੰਡ , ਜੋ ਸ਼ਹਿਰ (30°-44`ਉ, 75°-43`ਪੂ) ਤੋਂ 30 ਕਿਲੋਮੀਟਰ ਦੂਰ ਹੈ। ਇੱਥੇ ਇਤਿਹਾਸਿਕ ਯਾਦਗਾਰ ਹੈ ਜਿਸਨੂੰ ‘ਗੁਰਦੁਆਰਾ ਗੁਰੂ ਸਰ ਮੰਜੀ ਸਾਹਿਬ ਛੇਵੀਂ ਪਾਤਸ਼ਾਹੀ` ਕਿਹਾ ਜਾਂਦਾ ਹੈ। 1631 ਵਿਚ ਗੁਰੂ ਹਰਿਗੋਬਿੰਦ ਜੀ ਆਪਣੀ ਮਾਲਵੇ ਦੀ ਯਾਤਰਾ ਦੌਰਾਨ ਇੱਥੇ ਠਹਿਰੇ ਅਤੇ ਤਲਾਅ ਦੇ ਨੇੜੇ ਡੇਰਾ ਲਾਇਆ ਸੀ। ਗੁੱਜਰਵਾਲ ਦੇ ਚੌਧਰੀ ਫ਼ਤੂਹੀ ਨੇ ਸ਼ਰਧਾ ਨਾਲ ਉਹਨਾਂ ਦੀ ਸੇਵਾ ਕੀਤੀ ਸੀ ਪਰੰਤੂ ਇਹ ਆਪਣੀ ਉਸ ਸੇਵਾ ‘ਤੇ ਹੰਕਾਰੀ ਹੋ ਗਿਆ ਅਤੇ ਇਹ ਗੁਰੂ ਜੀ ਕੋਲ ਆਪਣੇ ਬਹੁਤ ਸਾਰੇ ਨੌਕਰਾਂ ਨਾਲ ਅਤੇ ਅਮੀਰੀ ਦਿੱਖ ਵਾਲੇ ਪਹਿਰਾਵੇ ਨਾਲ ਹੱਥ ਵਿਚ ਬਾਜ਼ ਫੜਕੇ ਆਇਆ। ਇਸਨੇ ਗੁਰੂ ਜੀ ਨੂੰ ਪੁੱਛਿਆ ਕਿ ਉਹ ਉਹਨਾਂ ਲਈ ਹੋਰ ਕੀ ਕੁਝ ਕਰ ਸਕਦਾ ਹੈ। ਗੁਰੂ ਜੀ ਨੇ ਇਸਨੂੰ ਕਿਹਾ ਕਿ ਇਹ ਉਹਨਾਂ ਨੂੰ ਆਪਣਾ ਬਾਜ਼ ਦੇ ਦੇਵੇ। ਚੌਧਰੀ ਫ਼ਤੂਹੀ, ਗੁਰੂ ਜੀ ਦੀ ਇਸ ਅਚਨਚੇਤ ਮੰਗ ਤੇ ਹੱਕਾ-ਬੱਕਾ ਰਹਿ ਗਿਆ। ਇਹ ਆਪਣੇ ਬਾਜ਼ ਨੂੰ ਅਤਿਅੰਤ ਵਡਮੁੱਲਾ ਸਮਝਦਾ ਸੀ ਅਤੇ ਉਸ ਤੋਂ ਵੱਖ ਨਹੀਂ ਸੀ ਹੋਣਾ ਚਾਹੁੰਦਾ। ਜਦੋਂ ਇਹ ਸ਼ਸ਼ੋਪੰਜ ਵਿਚ ਪੈ ਗਿਆ ਅਤੇ ਬਹਾਨੇ ਬਣਾਉਣ ਲੱਗਾ ਤਾਂ ਗੁਰੂ ਜੀ ਨੇ ਇਸ ਨੂੰ ਕਿਹਾ ਕਿ ਇਹ ਚਿੰਤਾ ਨਾ ਕਰੇ ਅਤੇ ਬਾਜ਼ ਨੂੰ ਆਪਣੇ ਕੋਲ ਹੀ ਰੱਖੇ। ਫਿਰ ਇਸ ਤਰ੍ਹਾਂ ਵਾਪਰਿਆ ਕਿ, ਜਿਵੇਂ ਹੀ ਫ਼ਤੂਹੀ ਘਰ ਵਾਪਸ ਆਇਆ, ਉਸਦੇ ਬਾਜ਼ ਨੇ ਚਮੜੇ ਦਾ ਟੁਕੜਾ ਨਿਗਲ ਲਿਆ ਅਤੇ ਬੁਰੀ ਤਰ੍ਹਾਂ ਬਿਮਾਰ ਪੈ ਗਿਆ। ਉਸਨੂੰ ਠੀਕ ਕਰਨ ਦੇ ਸਾਰੇ ਯਤਨ ਵਿਅਰਥ ਹੋ ਗਏ। ਫ਼ਤੂਹੀ ਨੇ ਗੁਰੂ ਜੀ ਨੂੰ ਬਾਜ਼ ਲਈ ਮਨਾ ਕਰਨ ਦੀ ਗ਼ਲਤੀ ਨੂੰ ਮਹਿਸੂਸ ਕੀਤਾ। ਇਹ ਬਾਜ਼ ਨੂੰ ਗੁਰੂ ਜੀ ਕੋਲ ਲੈ ਗਿਆ ਅਤੇ ਆਪਣੇ ਪੰਛੀ (ਬਾਜ਼) ਦੀ ਜਾਨ ਬਚਾਉਣ ਲਈ ਉਹਨਾਂ ਅੱਗੇ ਨਿਮਰਤਾ ਨਾਲ ਬੇਨਤੀ ਕੀਤੀ। ਗੁਰੂ ਜੀ ਨੇ ਬਾਜ਼ ਨੂੰ ਥਪਕੀ ਦਿੱਤੀ। ਬਾਜ਼ ਨੇ ਤੁਰੰਤ ਚਮੜੇ ਦੇ ਟੁਕੜੇ ਦੀ ਉਛਾਲੀ ਕਰ ਦਿੱਤੀ ਅਤੇ ਤੰਦਰੁਸਤ ਹੋ ਗਿਆ। ਫ਼ਤੂਹੀ ਨੇ ਗੁਰੂ ਜੀ ਨੂੰ ਬਾਜ਼ ਦੀ ਪੇਸ਼ਕਸ਼ ਕੀਤੀ ਜਿਨ੍ਹਾਂ ਨੇ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਕਿ ਜੇਕਰ ਫ਼ਤੂਹੀ ਨੇ ਆਪਣਾ ਹੰਕਾਰ ਤਿਆਗ ਦਿੱਤਾ ਹੈ ਤਾਂ ਇਸਨੂੰ ਹੋਰ ਕੁਝ ਵੀ ਦੇਣ ਦੀ ਜ਼ਰੂਰਤ ਨਹੀਂ ਹੈ। ਗੁਰੂ ਜੀ ਨੇ ਦਰਅਸਲ ਫ਼ਤੂਹੀ ਨੂੰ ਇਕ ਪਗੜੀ ਦੀ ਬਖ਼ਸ਼ਸ਼ ਕੀਤੀ ਜੋ ਅੱਜ ਵੀ ਇਸਦੇ ਪਰਵਾਰ ਦੇ ਲੋਕਾਂ ਕੋਲ ਪਵਿੱਤਰ ਚਿੰਨ੍ਹ ਵਜੋਂ ਸੁਰੱਖਿਅਤ ਪਈ ਹੈ।
ਗੁਰਦੁਆਰੇ ਦੀ ਇਮਾਰਤ, ਜਿਸਦਾ 1935 ਵਿਚ ਨਿਰਮਾਣ ਕੀਤਾ ਗਿਆ ਸੀ, ਇਕ ਚਾਰ ਦੀਵਾਰੀ ਵਿਚ ਹੈ। ਪ੍ਰਕਾਸ਼ ਅਸਥਾਨ ਵਿਸ਼ਾਲ ਛੱਤਰੀਦਾਰ ਗੋਲ ਛੱਤ ਦੇ ਹੇਠਾਂ ਬਣਿਆ ਹੋਇਆ ਹੈ ਜੋ ਤਕਰੀਬਨ 10 ਮੀਟਰ ਦੇ ਘੇਰੇ ਵਿਚ ਹੈ। ਗੁਰੂ ਗ੍ਰੰਥ ਸਾਹਿਬ ਨੂੰ ਲੱਕੜੀ ਦੇ ਕੈਬਿਨ ਵਿਚ ਬਿਰਾਜਮਾਨ ਕੀਤਾ ਹੋਇਆ ਹੈ, ਜਿਸਦੇ ਅਗਲੇ ਪਾਸੇ ਅਤੇ ਖੱਬੇ-ਸੱਜੇ ਪਾਸਿਆਂ ‘ਤੇ ਵੀ ਸ਼ੀਸ਼ਾ ਲੱਗਿਆ ਹੋਇਆ ਹੈ। ਉਸਦੇ ਉੱਪਰ ਖ਼ੂਬਸੂਰਤ ਕਮਲ ਦੇ ਫੁੱਲ ਦੇ ਆਕਾਰ ਦਾ ਗੁੰਬਦ ਅਤੇ ਕਲਸ ਹੈ ਅਤੇ ਇਹ ਸਭ ਜਿਸਤੀ ਚਾਦਰ ਨਾਲ ਢੱਕਿਆ ਹੋਇਆ ਹੈ। ਪ੍ਰਕਾਸ਼ ਅਸਥਾਨ ਦੇ ਸਾਮ੍ਹਣੇ ਵੱਡਾ ਆਇਤਾਕਾਰ ਹਾਲ ਕਮਰਾ ਹੈ, ਜਿਸਦੇ ਤਿੰਨੋਂ ਪਾਸੇ ਵਰਾਂਡਾ ਬਣਿਆ ਹੋਇਆ ਹੈ। ਲੰਮੇ ਹਾਲ ਕਮਰੇ ਦੇ ਇਕ ਪਾਸੇ ਚੌਰਸ ਸਰੋਵਰ ‘ਗੁਰੂ ਸਰ` ਬਣਿਆ ਹੋਇਆ ਹੈ। ਇਸ ਗੁਰਦੁਆਰੇ ਦਾ ਪ੍ਰਬੰਧ ਸਥਾਨਿਕ ਕਮੇਟੀ ਦੀ ਸਹਾਇਤਾ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ।
ਲੇਖਕ : ਮ.ਗ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3346, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਗੁੱਜਰਵਾਲ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਗੁੱਜਰਵਾਲ : ਇਹ ਲੁਧਿਆਣੇ ਜ਼ਿਲ੍ਹੇ ਦੇ ਥਾਣਾ ਡੇਹਲੋਂ ਦਾ ਇਕ ਪਿੰਡ ਹੈ ਜੋ ਰਾਇਪੁਰ ਰੇਲਵੇ ਸਟੇਸ਼ਨ ਤੋਂ ਤਕਰੀਬਨ ਛੇ ਕਿ. ਮੀ. ਪੱਛਮ ਵੱਲ ਸਥਿਤ ਹੈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਇਥੇ ਬਿਰਾਜੇ ਸਨ। ਹੁਣ ਇਸ ਜਗ੍ਹਾ ਗੁਰਦੁਆਰਾ ਬਣਿਆ ਹੋਇਆ ਹੈ। ਇਹ ਗੁਰਦੁਆਰਾ ਪਿੰਡ ਤੋਂ ਲਗਭਗ ਦੋ ਕਿ. ਮੀ. ਦੂਰ ਹੈ। ਇਸ ਗੁਰਦੁਆਰੇ ਨੂੰ ਗੁਰੂਸਰ ਵੀ ਆਖਦੇ ਹਨ। ਗੁਰਦੁਆਰੇ ਦੇ ਨਾਂ ਕਾਫ਼ੀ ਜ਼ਮੀਨ ਪਿੰਡ ਵੱਲੋਂ ਲਗੀ ਹੋਈ ਹੈ।
ਚੇਤਰ ਦੀ ਚੌਦਸ ਵਾਲੇ ਦਿਨ ਇਥੇ ਭਾਰੀ ਮੇਲਾ ਲਗਦਾ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1862, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-09-02-11-22, ਹਵਾਲੇ/ਟਿੱਪਣੀਆਂ: ਹ. ਪੁ. -ਮ. ਕੋ.; ਤ. ਗਾ. ਗੁ.
ਵਿਚਾਰ / ਸੁਝਾਅ
Please Login First