ਗੁੱਜਰ ਸਿੰਘ ਭੰਗੀ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁੱਜਰ ਸਿੰਘ ਭੰਗੀ (ਅ.ਚ. 1788): ਉਸ ਤਿਕੜੀ ਵਿਚੋਂ ਇਕ ਸੀ , ਜਿਸਨੇ ਮਹਾਰਾਜਾ ਰਣਜੀਤ ਸਿੰਘ ਦੇ ਕਬਜ਼ੇ ਤੋਂ ਪਹਿਲਾਂ ਲਾਹੌਰ ਉੱਪਰ 30 ਸਾਲ ਤਕ ਸ਼ਾਸਨ ਕੀਤਾ ਸੀ। ਇਹ ਇਕ ਸਧਾਰਨ ਸਾਧਨਾਂ ਵਾਲੇ ਕਿਸਾਨ ਨਥਾ ਸਿੰਘ ਦਾ ਪੁੱਤਰ ਸੀ। ਤਕੜੇ ਅਤੇ ਚੰਗੀ ਡੀਲ ਡੋਲ ਵਾਲੇ ਗੁੱਜਰ ਸਿੰਘ ਨੇ ਆਪਣੇ ਨਾਨੇ ਗੁਰਬਖ਼ਸ਼ ਸਿੰਘ ਰੋੜਾਂਵਾਲਾ ਹੱਥੋਂ ਅੰਮ੍ਰਿਤ ਛਕਿਆ ਅਤੇ ਖ਼ਾਲਸਾ ਸਜ ਗਿਆ; ਨਾਨੇ ਨੇ ਇਸਨੂੰ ਇਕ ਘੋੜਾ ਦਿੱਤਾ ਅਤੇ ਆਪਣੇ ਜਥੇ ਦਾ ਮੈਂਬਰ ਨਿਯੁਕਤ ਕਰ ਲਿਆ। ਕਿਉਂਕਿ ਗੁਰਬਖ਼ਸ਼ ਸਿੰਘ ਬੁੱਢਾ ਹੋ ਰਿਹਾ ਸੀ ਉਸਨੇ ਗੁੱਜਰ ਸਿੰਘ ਨੂੰ ਆਪਣੇ ਜਥੇ ਦਾ ਮੁਖੀ ਬਣਾ ਦਿੱਤਾ। ਛੇਤੀ ਹੀ ਇਹ ਜਥਾ ਭੰਗੀ ਮਿਸਲ ਦੇ ਮੁਖੀ ਹਰੀ ਸਿੰਘ ਭੰਗੀ ਦੀ ਫ਼ੌਜ ਨਾਲ ਆ ਮਿਲਿਆ। ਗੁੱਜਰ ਸਿੰਘ ਨੇ ਆਪਣੇ ਮੁਢਲੇ ਜੀਵਨ ਦੀ ਸ਼ੁਰੂਆਤ ਕਬਜ਼ੇ ਕਰਨ ਅਤੇ ਮਾਰਧਾੜ ਨਾਲ ਸ਼ੁਰੂ ਕੀਤੀ। 1765 ਵਿਚ ਇਸਨੇ ਗੁਰਬਖ਼ਸ਼ ਸਿੰਘ ਦੇ ਗੋਦ ਲਏ ਪੁੱਤਰ ਲਹਿਣਾ ਸਿੰਘ ਅਤੇ ਜੈ ਸਿੰਘ ਕਨ੍ਹਈਆ ਦੇ ਸਹਿਯੋਗੀ ਸੋਭਾ ਸਿੰਘ ਨਾਲ ਮਿਲਕੇ ਅਫ਼ਗ਼ਾਨਾਂ ਤੋਂ ਲਾਹੌਰ ਜਿੱਤ ਲਿਆ। ਜਿਵੇਂ ਕਿ ਲਹਿਣਾ ਸਿੰਘ ਰਿਸ਼ਤੇ ਵਿਚ ਮਾਮਾ ਹੋਣ ਕਰਕੇ ਵੱਡੀ ਥਾਂ ‘ਤੇ ਸੀ, ਗੁੱਜਰ ਸਿੰਘ ਨੇ ਲਹਿਣਾ ਸਿੰਘ ਨੂੰ ਸ਼ਹਿਰ ਅਤੇ ਕਿਲ੍ਹੇ ਉੱਪਰ ਕਬਜ਼ਾ ਲੈਣ ਦੀ ਮਨਜ਼ੂਰੀ ਦੇ ਦਿੱਤੀ ਅਤੇ ਆਪ ਉਸ ਸਮੇਂ ਦੇ ਜੰਗਲ , ਸ਼ਹਿਰ ਦੇ ਪੂਰਬੀ ਭਾਗ ਉੱਤੇ ਕਬਜ਼ਾ ਕਰ ਲਿਆ। ਗੁੱਜਰ ਸਿੰਘ ਨੇ ਉੱਥੇ ਇਕ ਗੜ੍ਹੀ ਦੀ ਉਸਾਰੀ ਕਰਵਾਈ ਅਤੇ ਲੋਕਾਂ ਨੂੰ ਉੱਥੇ ਆ ਕੇ ਵੱਸਣ ਲਈ ਸੱਦਾ ਦਿੱਤਾ। ਇਸ ਨੇ ਪਾਣੀ ਮੁਹੱਈਆ ਕਰਨ ਲਈ ਖੂਹਾਂ ਦੀ ਪੁਟਾਈ ਕਰਵਾਈ। ਮੁਸਲਮਾਨਾਂ ਲਈ ਮਸਜਿਦ ਬਣਵਾਈ। ਇਹ ਜਗ੍ਹਾ ਅੱਜ-ਕੱਲ੍ਹ ਲਾਹੌਰ ਦੇ ਰੇਲਵੇ ਸਟੇਸ਼ਨ ਵਾਲੀ ਥਾਂ ‘ਤੇ ਹੈ, ਜਿਸਦਾ ਅੱਜ ਵੀ ਨਾਂ ਉਸਦੇ ਨਾਂ ਉੱਤੇ ਹੈ, ਜਿਸਨੂੰ ਕਿਲ੍ਹਾ ਗੁੱਜਰ ਸਿੰਘ ਵਜੋਂ ਜਾਣਿਆ ਜਾਂਦਾ ਹੈ। ਫਿਰ ਗੁੱਜਰ ਸਿੰਘ ਨੇ ਐਮਨਾਬਾਦ , ਵਜ਼ੀਰਾਬਾਦ , ਸੋਧਰਾ ਅਤੇ ਗੁਜਰਾਂਵਾਲਾ ਜ਼ਿਲੇ ਦੇ ਤਕਰੀਬਨ 150 ਪਿੰਡਾਂ ਉੱਤੇ ਕਬਜ਼ਾ ਕਰ ਲਿਆ। ਇਸਨੇ ਸੁਲਤਾਨ ਸੁਕੱਰਬ ਖ਼ਾਨ ਤੋਂ ਵੀ ਗੁਜਰਾਤ ਦਾ ਕਬਜ਼ਾ ਲਿਆ, ਜਿਸਨੂੰ ਇਸਨੇ ਦਸੰਬਰ 1765 ਵਿਚ ਸ਼ਹਿਰ ਦੇ ਅੰਦਰੂਨੀ ਹਿੱਸੇ ਵਿਚ ਹੀ ਹਰਾ ਦਿੱਤਾ ਸੀ ਅਤੇ ਸ਼ਹਿਰ ਅਤੇ ਨਾਲ ਲੱਗਦੇ ਇਲਾਕਿਆਂ ਉੱਪਰ ਕਬਜ਼ਾ ਕਰਕੇ ਗੁਜਰਾਤ ਨੂੰ ਆਪਣਾ ਮੁੱਖ ਕੇਂਦਰ ਬਣਾ ਲਿਆ। ਅਗਲੇ ਸਾਲ ਇਸਨੇ ਜੰਮੂ ਨੂੰ ਉਜਾੜ ਦਿੱਤਾ, ਇਸਲਾਮਗੜ੍ਹ, ਪੁੰਛ , ਦੇਵ ਬਟਾਲਾ ਉੱਤੇ ਕਬਜ਼ਾ ਕਰ ਲਿਆ ਅਤੇ ਆਪਣੇ ਇਲਾਕਿਆਂ ਦਾ ਵਿਸਤਾਰ ਉੱਤਰ ਵਿਚ ਭਿੰਬਰ ਦੀਆਂ ਪਹਾੜੀਆਂ ਅਤੇ ਦੱਖਣ ਵਿਚ ਮਾਝਾ ਦੇ ਇਲਾਕਿਆਂ ਤਕ ਕਰ ਲਿਆ। ਅਹਮਦ ਸ਼ਾਹ ਦੁੱਰਾਨੀ ਦੇ ਅਠਵੇਂ ਹਮਲੇ ਦੌਰਾਨ, ਗੁੱਜਰ ਸਿੰਘ ਨੇ ਆਪਣੇ ਕੁਝ ਹੋਰ ਸਿੱਖ ਸਰਦਾਰਾਂ ਨਾਲ ਉਸਦਾ ਸਖ਼ਤ ਮੁਕਾਬਲਾ ਕੀਤਾ ਸੀ। ਜਨਵਰੀ 1767 ਵਿਚ ਜਦੋਂ ਦੁੱਰਾਨੀ ਦਾ ਮੁੱਖ ਸੈਨਾਪਤੀ, ਜਹਾਨ ਖ਼ਾਨ, ਆਪਣੇ 1500 ਫ਼ੌਜੀਆਂ ਸਮੇਤ ਅੰਮ੍ਰਿਤਸਰ ਪਹੁੰਚਿਆ ਤਾਂ ਸਿੱਖ ਸਰਦਾਰਾਂ ਨੇ ਅਫ਼ਗ਼ਾਨੀ ਲਸ਼ਕਰ ਨੂੰ ਭਾਂਜ ਦਿੱਤੀ। ਇਸ ਤੋਂ ਤੁਰੰਤ ਬਾਅਦ ਗੁੱਜਰ ਸਿੰਘ ਨੇ ਰੋਹਤਾਸ ਦੇ ਮਸ਼ਹੂਰ ਕਿਲ੍ਹੇ ਦੀ ਘੇਰਾਬੰਦੀ ਕਰ ਲਈ ਜੋ ਉਸ ਸਮੇਂ ਗੱਖੜਾਂ ਦੇ ਕਬਜ਼ੇ ਵਿਚ ਸੀ। ਇਸ ਵਿਚ ਇਸਨੇ ਚੜ੍ਹਤ ਸਿੰਘ ਸੁੱਕਰਚੱਕੀਆ ਦੀ ਸਹਾਇਤਾ ਲਈ, ਜਿਸ ਨਾਲ ਉਸ ਸਮੇਂ ਇਸਦੇ ਗੂੜ੍ਹੇ ਮਿੱਤਰਤਾਪੂਰਨ ਸੰਬੰਧ ਸਨ ਅਤੇ ਇਸਨੇ ਆਪਣੀ ਪੁੱਤਰੀ ਰਾਜ ਕੌਰ ਦਾ ਵਿਆਹ ਵੀ ਉਸਦੇ ਪੁੱਤਰ ਸਾਹਿਬ ਸਿੰਘ ਨਾਲ ਕਰ ਦਿੱਤਾ ਸੀ। ਗੁੱਜਰ ਸਿੰਘ ਨੇ ਉੱਤਰ-ਪੱਛਮੀ ਪੰਜਾਬ ਦੇ ਲੜਾਕੇ ਕਬੀਲਿਆਂ ਨੂੰ ਆਪਣੇ ਅਧੀਨ ਕਰ ਲਿਆ ਅਤੇ ਪੋਠੋਹਾਰ , ਰਾਵਲਪਿੰਡੀ ਅਤੇ ਹਸਨ ਅਬਦਾਲ ਦੇ ਹਿੱਸਿਆਂ ਉੱਤੇ ਅਧਿਕਾਰ ਕਰ ਲਿਆ ਸੀ। ਗੁੱਜਰ ਸਿੰਘ ਦਾ 1788 ਨੂੰ ਲਾਹੌਰ ਵਿਖੇ ਅਕਾਲ ਚਲਾਣਾ ਹੋ ਗਿਆ।


ਲੇਖਕ : ਸ.ਸ.ਭ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2230, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਗੁੱਜਰ ਸਿੰਘ ਭੰਗੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਗੁੱਜਰ ਸਿੰਘ ਭੰਗੀ : ਸਿੱਖ ਮਿਸਲਾਂ ਵਿਚੋਂ ਸਭ ਤੋਂ ਤਾਕਤਵਰ ਮਿਸਲ ਭੰਗੀ ਦਾ ਇਹ ਇਕ ਨਾਮਵਰ ਸਰਦਾਰ ਸੀ। ਇਹ ਸਰਦਾਰ ਗੁਰਬਖਸ਼ ਸਿੰਘ ਰੋੜਾਂਵਾਲੇ ਦਾ ਦੋਹਤਰਾ ਸੀ। ਸੁੱਖਾ ਸਿੰਘ, ਸਾਹਿਬ ਸਿੰਘ ਅਤੇ ਫਤਹਿ ਸਿੰਘ ਇਸਦੇ ਤਿੰਨ ਲੜਕੇ ਸਨ। ਸਮਕਾਲੀ ਭੰਗੀ ਸਰਦਾਰਾਂ ਤੇ ਹੋਰਨਾਂ ਮਿਸਲਾਂ ਦੇ ਉੱਘੇ ਸਰਦਾਰਾਂ ਨਾਲ ਰਲਕੇ ਇਸ ਨੇ ਕਈ ਇਲਾਕੇ ਜਿੱਤੇ ਅਤੇ ਸਿੱਖ ਇਤਿਹਾਸ ਵਿਚ ਆਪਣਾ ਨਾਂ ਪੈਦਾ ਕੀਤਾ। ਸੰਨ 1761 ਵਿਚ ਖਵਾਜਾ ਅਬਦ ਖ਼ਾਨ (ਅਬਦਾਲੀ ਦਾ ਲਾਹੌਰ ਦਾ ਸੂਬੇਦਾਰ) ਅਤੇ ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀਏ ਵਿਚਕਾਰ ਗੁਜਰਾਂਵਾਲੇ ਦੀ ਲੜਾਈ ਹੋਈ। ਖ਼ਵਾਜ਼ਾ ਅਬਦ ਖ਼ਾਨ ਨੇ ਗੁਜਰਾਂਵਾਲੇ ਦੇ ਕਿਲੇ ਨੂੰ ਘੇਰ ਲਿਆ। ਇਹ ਖ਼ਬਰ ਸਿੱਖ ਸਰਦਾਰਾਂ ਤਕ ਵੀ ਪਹੁੰਚ ਗਈ। ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਹਰੀ ਸਿੰਘ ਭੰਗੀ, ਝੰਡਾ ਸਿੰਘ, ਜੈ ਸਿੰਘ ਕਨ੍ਹਈਆ, ਲਹਿਣਾ ਸਿੰਘ, ਸੋਭਾ ਸਿੰਘ ਅਤੇ ਗੁੱਜਰ ਸਿੰਘ ਭੰਗੀ ਹੋਰਾਂ ਨੇ ਚੜ੍ਹਤ ਸਿੰਘ ਦੀ ਮੱਦਦ ਲਈ ਤਾਕਤ ਇਕੱਠੀ ਕੀਤੀ ਅਤੇ ਗੁਜਰਾਂਵਾਲੇ ਨੂੰ ਕੂਚ ਕਰ ਦਿਤਾ। ਸਾਰੇ ਸਿੱਖ ਸਰਦਾਰਾਂ ਨੇ ਗੁਜਰਾਂਵਾਲੇ ਸ਼ਹਿਰ ਤੋਂ 6 ਕਿ. ਮੀ. ਹਟਵਾਂ ਹੀ ਡੇਰਾ ਲਾ ਲਿਆ। ਹੁਣ ਖਵਾਜ਼ਾ ਅਬਦਖ਼ਾਨ ਸਿੱਖ ਸਰਦਾਰਾਂ ਦੀ ਫ਼ੌਜ ਨਾਲ ਘਿਰ ਚੁੱਕਾ ਸੀ। ਰਾਤ ਪੈਣ ਤੇ ਖਵਾਜ਼ਾ ਅਬਦ ਮੈਦਾਨ ਛੱਡ ਕੇ ਭੱਜ ਗਿਆ। ਸਰਦਾਰ ਚੜ੍ਹਤ ਸਿੰਘ ਦੀ ਸ਼ਾਨਦਾਰ ਫਤਹਿ ਹੋਈ।

          ਸਰਦਾਰ ਗੁਰਬਖਸ਼ ਸਿੰਘ ਰੋੜਾਂਵਾਲੇ ਦੇ ਅਧੀਨ ਚਾਲ੍ਹੀ ਪਿੰਡ ਸਨ। ਉਸ ਦਾ ਆਪਣਾ ਕੋਈ ਪੁੱਤਰ ਨਹੀਂ ਸੀ ਅਤੇ ਉਸ ਨੇ ਦਰਗਾਹੀਆ ਸਿੰਘ ਪਿੰਡ ਸਾਧਾਂ ਵਾਲਾ, ਜ਼ਿਲ੍ਹਾ ਅੰਮ੍ਰਿਤਸਰ ਦੇ ਪੁੱਤਰ ਲਹਿਣਾ ਸਿੰਘ ਨੂੰ ਆਪਣਾ ਪੁਤਰੇਲਾ (ਗੋਦ ਲਿਆ) ਬਣਾਇਆ ਹੋਇਆ ਸੀ। ਸੰਨ 1763 ਵਿਚ ਸਰਦਾਰ ਗੁਰਬਖਸ਼ ਸਿੰਘ ਸੁਰਗਵਾਸ ਹੋ ਗਿਆ। ਗੁਰਬਖਸ਼ ਸਿੰਘ ਦੀ ਮੌਤ ਉਪਰੰਤ ਸਰਦਾਰ ਗੁੱਜਰ ਸਿੰਘ ਭੰਗੀ ਅਤੇ ਸਰਦਾਰ ਲਹਿਣਾ ਸਿੰਘ ਵਿਚਕਾਰ ਝਗੜਾ ਛਿੜ ਪਿਆ। ਸਰਦਾਰ ਹਰੀ ਸਿੰਘ ਭੰਗੀ ਨੇ ਦੋਹਾਂ ਦੀ ਸੁਲ੍ਹਾ ਕਰਵਾ ਕੇ ਜਾਗੀਰ ਅਧੋ ਅੱਧ ਵੰਡ ਦਿਤੀ। ਸਰਦਾਰ ਲਹਿਣਾ ਸਿੰਘ ਰੋੜਾਂਵਾਲੇ ਅਤੇ ਸਰਦਾਰ ਗੁੱਜਰ ਸਿੰਘ ਰਣਗੜ੍ਹ ਜਾ ਵਸਿਆ।

          ਮਾਰਚ, 1765 ਦੇ ਨੇੜੇ ਤੇੜੇ ਸਿੱਖਾਂ ਦੀਆਂ ਅਬਦਾਲੀ ਨਾਲ ਕਈ ਲੜਾਈਆਂ ਸ਼ੁਰੂ ਹੋ ਗਈਆਂ। ਕੁਝ ਦਿਨ ਸਰਹਿੰਦ ਠਹਿਰਨ ਤੋਂ ਪਿੱਛੋਂ ਅਬਦਾਲੀ ਨੇ ਆਪਣੇ ਵਤਨ ਨੂੰ ਮੁੜਨਾ ਸ਼ੁਰੂ ਕੀਤਾ ਅਤੇ ਸ਼ਾਇਦ ਰੋਪੜ ਦੇ ਸਥਾਨ ਤੋਂ ਉਸ ਨੇ ਸਤਲੁਜ ਦਰਿਆ ਪਾਰ ਕੀਤਾ। ਸਤਲੁਜ ਦਰਿਆ ਉਤੇ ਸਿੱਖਾਂ ਅਤੇ ਅਬਦਾਲੀ ਦੀਆਂ ਫੌਜਾਂ ਵਿਚਕਾਰ ਲੜਾਈ ਹੁੰਦੀ ਰਹੀ। ਸਿੱਖ ਸਰਦਾਰਾਂ ਦੀਆਂ ਫ਼ੌਜਾਂ ਨੇ ਅਬਦਾਲੀ ਦੀਆਂ ਫ਼ੌਜਾਂ ਦਾ ਸੱਤ ਦਿਨ ਤਕ ਨੱਕ ਵਿਚ ਦਮ ਕਰੀ ਰੱਖਿਆ। ਇਸ ਲੜਾਈ ਵਿਚ ਸਿੱਖ ਫ਼ੌਜਾਂ ਦੀ ਖੱਬੇ ਪਾਸੇ ਵਲੋਂ ਹਰੀ ਸਿੰਘ ਭੰਗੀ, ਰਾਮ ਦਾਸ, ਗੁਲਾਬ ਸਿੰਘ ਅਤੇ ਗੁੱਜਰ ਸਿੰਘ ਭੰਗੀ ਨੇ ਕਮਾਨ ਸੰਭਾਲੀ ਸੀ।

          ਸਤਲੁਜ ਦਰਿਆ ਦੀ ਲੜਾਈ ਦੇ ਸੱਤਵੇਂ ਦਿਨ ਅਬਦਾਲੀ ਦੀਆਂ ਫ਼ੌਜਾਂ ਬਿਆਸ ਦਰਿਆ ਦੇ ਘਾਟ ਤੇ ਪਹੁੰਚ ਗਈਆਂ। ਬਿਆਸ ਦੀ ਲੜਾਈ ਵਿਚ ਹੋਰਨਾਂ ਸਿੱਖ ਸਰਦਾਰਾਂ ਦੇ ਨਾਲ ਗੁੱਜਰ ਸਿੰਘ ਭੰਗੀ ਵੀ ਸ਼ਾਮਲ ਸੀ।

          ਮਾਰਚ, 1765 ਦੇ ਅਖ਼ੀਰ ਵਿਚ ਅਹਿਮਦ ਸ਼ਾਹ ਅਬਦਾਲੀ ਆਪਣੇ ਵਤਨ ਵਾਪਸ ਜਾ ਪਹੁੰਚਿਆ।

          ਇਸ ਵੇਲੇ ਵੱਖ ਵੱਖ ਮਿਸਲਾਂ ਦੇ ਸਰਦਾਰਾਂ ਕੋਲ ਵੱਖ ਵੱਖ ਇਲਾਕੇ ਸਨ। ਸਰਦਾਰ ਗੁੱਜਰ ਸਿੰਘ ਭੰਗੀ ਅਤੇ ਲਹਿਣਾ ਸਿੰਘ ਕੋਲ ਵਾਣੀਕੀ ਦਾ ਇਲਾਕਾ ਸੀ ਅਤੇ ਇਹ ਇਥੋਂ ਹੀ ਆਪਣੀ ਆਮਦਨ ਪ੍ਰਾਪਤ ਕਰਦੇ ਹੁੰਦੇ ਸਨ।

          ਸਿੱਖ ਸਰਦਾਰਾਂ ਨੇ ਅਹਿਮਦ ਸ਼ਾਹ ਅਬਦਾਲੀ ਦਾ ਪਿੱਛਾ ਕਰਨਾ ਛੱਡ ਦਿੱਤਾ। ਸਾਰੇ ਸਿੱਖ ਵੈਸਾਖੀ ਦਾ ਤਿਉਹਾਰ ਮਨਾਉਣ ਲਈ ਅੰਮ੍ਰਿਤਸਰ ਵਲ ਨੂੰ ਤੁਰ ਗਏ। ਲਗਭਗ ਇਕ ਮਹੀਨੇ ਤਕ ਇਹ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਇਸ ਤੋਂ ਪਿੱਛੋਂ ਸਭ ਸਿੱਖ ਸਰਦਾਰ ਆਪੋ ਆਪਣੀਆਂ ਫ਼ੌਜਾਂ ਨਾਲ ਆਪੋ ਆਪਣਿਆਂ ਇਲਾਕਿਆਂ ਨੂੰ ਚਲੇ ਗਏ। ਲਹਿਣਾ ਸਿੰਘ ਭੰਗੀ ਅਤੇ ਗੁੱਜਰ ਸਿੰਘ ਭੰਗੀ ਲਾਹੌਰ ਦੇ ਨੇੜੇ ਆਪਣੇ ਸਦਰ ਮੁਕਾਮ ਰੰਗਰੂਨੀ ਵਿਖੇ ਪਹੁੰਚ ਗਏ। ਇਸ ਵੇਲੇ ਪੰਜਾਬ ਦੀ ਰਾਜਧਾਨੀ ਅਹਿਮਦ ਸ਼ਾਹ ਅਬਦਾਲੀ ਦੇ ਗਵਰਨਰ (ਕਾਬਲੀ ਮੱਲ) ਅਧੀਨ ਸੀ ਅਤੇ ਨਾਲ ਹੀ ਇਹ ਸ਼ਹਿਰ ਸਿੱਖਾਂ ਦੀ ਧਾਰਮਕ ਰਾਜਧਾਨੀ (ਸ੍ਰੀ ਅੰਮ੍ਰਿਤਸਰ) ਦੇ ਬਹੁਤ ਕੋਲ ਸੀ। ਇਹ ਦੋਵੇਂ ਗੱਲਾਂ ਹੀ ਇਨ੍ਹਾਂ ਸਰਦਾਰਾਂ ਨੂੰ ਰੜਕਦੀਆਂ ਰਹਿੰਦੀਆਂ ਸਨ। ਕਾਬਲੀ ਮੱਲ ਅਠਵੇਂ ਹਮਲੇ ਤੋਂ ਮੁੜਦੇ ਅਬਦਾਲੀ ਨੂੰ ਤੋਰਨ ਗਿਆ ਹੋਇਆ ਸੀ ਅਤੇ ਉਸ ਦਾ ਭਤੀਜਾ ਅਮੀਰ ਸਿੰਘ ਲਾਹੌਰ ਦੀ ਸੂਬੇਦਾਰੀ ਚਲਾ ਰਿਹਾ ਸੀ। ਅਜਿਹੇ ਮੌਕੇ ਦਾ ਫਾਇਦਾ ਲੈਂਦਿਆਂ ਭੰਗੀ ਸਰਦਾਰ ਗੁੱਜਰ ਸਿੰਘ ਅਤੇ ਲਹਿਣਾ ਸਿੰਘ 2000 ਸਿਪਾਹੀਆਂ ਦੀ ਅਗਵਾਈ ਕਰਦੇ ਬਗ਼ਬਾਨਪੁਰੇ ਆ ਬੈਠੇ ਅਤੇ ਕਿਲੇ ਅੰਦਰ ਕੰਮ ਕਰਦੇ ਪੂਰਬੀਆਂ ਨਾਲ ਗੱਲਾਂਬਾਤਾਂ ਕਰਨੀਆਂ ਸ਼ੁਰੂ ਕਰ ਦਿਤੀਆਂ ਪਰ ਇਹ ਪੂਰਬੀਏ ਕਿਸੇ ਗੱਲ ਉਪਰ ਨਾ ਆਏ। ਇਸ ਮਗਰੋਂ ਸਿੱਖ ਸਰਦਾਰਾਂ ਨੇ ਨਕਰਾ ਜਾਟ ਮਿਹਰ ਸੁਲਤਾਨ, ਗੁਲਾਮ ਰਸੂਲ, ਅਸ਼ਰਾਫ਼ ਚੁੰਨੂੰ, ਬਕਰ ਅਤੇ ਬਗ਼ਬਾਨਪੁਰੇ ਦੇ ਅਰਾਈਆਂ ਨੂੰ ਆਪਣੇ ਨਾਲ ਰਲਾ ਲਿਆ।

          ਗੁੱਜਰ ਸਿੰਘ ਆਪਣੇ 50 ਚੋਣਵੇਂ ਸਾਥੀਆਂ ਦੇ ਨਾਲ ਕਿਲੇ ਵਿਚ ਦਾਖ਼ਲ ਹੋਣ ਵਾਲਾ ਪਹਿਲਾ ਸਿੱਖ ਸਰਦਾਰ ਸੀ। ਪੰਜਾਬ ਚੀਫ਼ਸ ਦਾ ਕਰਤਾ ਲਿਖਦਾ ਹੈ ਕਿ ਗੁੱਜਰ ਸਿੰਘ ਕਿਲੇ ਦੇ ਅੰਦਰ ਇਕ ਮੋਰੀ ਵਿਚੋਂ ਦੀ ਵੜਿਆ ਸੀ। ਲਹਿਣਾ ਸਿੰਘ ਨੂੰ ਬੁਲਾਉਣ ਲਈ ਇਸ ਨੇ ਉਸ ਨਾਲ ਬਣਾਈ ਆਪਣੀ ਗੋਂਦ ਅਨੁਸਾਰ ਅਹਿਮਦ ਸ਼ਾਹ ਦੇ ਬਣੇ ਲੱਕੜ ਦੇ ਖੇਮੇ ਨੂੰ ਅੱਗ ਲਾ ਦਿਤੀ, ਪਿਛੋਂ ਲਹਿਣਾ ਸਿੰਘ ਵੀ ਆ ਪਹੁੰਚਿਆ। ਅਮੀਰ ਸਿੰਘ ਮਹਿਲਾਂ ਵਿਚ ਨਾਚ ਵੇਖ ਰਿਹਾ ਸੀ। ਭੰਗੀ ਸਰਦਾਰਾਂ ਨੇ ਅਮੀਰ ਸਿੰਘ ਨੂੰ ਫੜ ਕੇ ਕੈਦੀ ਬਣਾ ਲਿਆ ਅਤੇ ਮੁਜੰਗ ਵਿਚ ਬੰਦ ਕਰ ਦਿਤਾ। ਇਸ ਤਰ੍ਹਾਂ 15 ਮਈ, 1765 ਨੂੰ ਭੰਗੀ ਸਰਦਾਰਾਂ ਦਾ ਲਾਹੌਰ ਉਤੇ ਕਬਜ਼ਾ ਹੋ ਗਿਆ। ਅਗਲੇ ਦਿਨ ਨਿਆਜ਼ਬੇਗ ਵਾਲਾ ਸਰਦਾਰ ਸੋਭਾ ਸਿੰਘ ਵੀ 200 ਸਿਪਾਹੀਆਂ ਨਾਲ ਆ ਮਿਲਿਆ। ਤਿੰਨਾਂ ਸਰਦਾਰਾਂ ਨੇ ਲਾਹੌਰ ਉਤੇ ਆਪਣੀ ਸਰਦਾਰੀ ਕਾਇਮ ਕਰ ਲਈ। ਤਿੰਨਾਂ ਦੀਆਂ ਫ਼ੌਜਾਂ ਨੇ ਸ਼ਹਿਰ ਵਿਚ ਵੜਦਿਆਂ ਹੀ ਲੁਟ ਮਾਰ ਕਰਨੀ ਸ਼ੁਰੂ ਕਰ ਦਿਤੀ। ਇਸ ਦੇ ਨਾਲ ਹੀ ਗੁਆਂਢੀ ਪਿੰਡਾਂ ਦੇ ਜ਼ਿਮੀਂਦਾਰਾਂ ਨੇ ਵੀ ਸ਼ਹਿਰ ਦੀ ਤਬਾਹੀ ਕਰਨੀ ਸ਼ੁਰੂ ਕਰ ਦਿਤੀ। ਸ਼ਹਿਰ ਦੇ ਪਤਵੰਤੇ ਚੌਧਰੀ ਰੂਪਾ, ਮੀਰ ਨਥੂ ਸ਼ਾਹ ਮੀਆਂ ਮੁਹੰਮਦ ਆਸ਼ਕ, ਹਾਫਿਜ਼ ਕਾਦਰ ਬਖਸ਼, ਦੀਵਾਨ ਸੂਰਤ ਸਿੰਘ ਦੇ ਪੁੱਤਰ ਲਾਲਾ ਬਿਸ਼ਨ ਸਿੰਘ ਅਤੇ ਮਹਾਰਾਜ ਸਿੰਘ ਆਦਿ ਫ਼ਰਿਆਦ ਲੈ ਕੇ ਸਿੱਖ ਸਰਦਾਰਾਂ ਕੋਲ ਪਹੁੰਚੇ ਅਤੇ ਨਜ਼ਰਾਨੇ ਭੇਟ ਕਰਕੇ ਬੇਨਤੀ ਕੀਤੀ।

          “ਇਹ ਸ਼ਹਿਰ ਗੁਰੂ ਦਾ ਜਨਮ-ਅਸਥਾਨ ਹੈ। ਜੇ ਤੁਸੀਂ ਇਸ ਦੀ ਰਖਵਾਲੀ ਕਰੋਗੇ ਤਾਂ ਤੁਸੀਂ ਬਹੁਤ ਤਰੱਕੀ ਕਰੋਗੇ ਪਰ ਜੇ ਤੁਸੀਂ ਇਸ ਨੂੰ ਢਹਿ ਢੇਰੀ ਕਰ ਦਿੱਤਾ ਤਾਂ ਇਸ ਵਿਚੋਂ ਤੁਹਾਨੂੰ ਕੁਝ ਨਹੀਂ ਪ੍ਰਾਪਤ ਹੋਵੇਗਾ।”

          ਸਰਦਾਰਾਂ ਨੇ ਇਹ ਬੇਨਤੀ ਪਰਵਾਨ ਕਰ ਲਈ ਅਤੇ ਸ਼ਹਿਰ ਵਿਚ ਫਿਰ ਕੇ ਅਮਨ ਸਥਾਪਿਤ ਕੀਤਾ ਅਤੇ ਲੁਟੇਰਿਆਂ ਨੂੰ ਸਖ਼ਤ ਸਜ਼ਾ ਦੇਣ ਦਾ ਢੰਡੋਰਾ ਫੇਰਿਆ।

          ਕਾਬਲੀ ਮੱਲ ਦਾ ਕੈਦ ਕੀਤਾ ਹੋਇਆ ਪਰਿਵਾਰ ਤੀਹ ਹਜ਼ਾਰ ਨਜਰਾਨਾ ਲੈ ਕੇ ਰਿਹਾ ਕਰ ਦਿੱਤਾ ਗਿਆ। ਕਾਬਲੀ ਮੱਲ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਜੰਮੂ ਨੂੰ ਚਲਾ ਗਿਆ। ਲਾਹੌਰ ਸ਼ਹਿਰ ਦੀ ਤਿੰਨਾਂ ਸਰਦਾਰਾਂ ਵਿਚ ਵੰਡ ਕੀਤੀ ਗਈ। ਸ਼ਹਿਰ ਦਾ ਪੂਰਬੀ ਹਿੱਸਾ-ਕਾਬਲੀ ਮੱਲ ਦੀ ਹਵੇਲੀ ਤੋਂ ਲੈ ਕੇ ਸ਼ਾਲਾਮਾਰ ਬਾਗ਼ ਤੱਕ ਗੁੱਜਰ ਸਿੰਘ ਦੇ ਹਿੱਸੇ ਆਇਆ। ਗੁੱਜਰ ਸਿੰਘ ਨੇ ਚਾਰ ਦੀਵਾਰੀ ਬਗ਼ੈਰ ਇਕ ਕਿਲਾ ਬਣਵਾਇਆ ਜਿਸ ਦਾ ਨਾਂ ‘ਕਿਲਾ ਗੁੱਜਰ ਸਿੰਘ’ ਰੱਖਿਆ ਗਿਆ ਅਤੇ ਇਸੇ ਕਿਲੇ ਨੂੰ ਇਸ ਨੇ ਆਪਣਾ ਤਖ਼ਤ ਬਣਾਇਆ।

          ਲਾਹੌਰ ਕਬਜ਼ਾ ਹੋਣ ਦੀ ਖ਼ਬਰ ਸੁਣ ਕੇ ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀਆ ਵੀ ਲਾਹੌਰ ਪਹੁੰਚਿਆ। ਸ੍ਰ. ਗੁੱਜਰ ਸਿੰਘ, ਸ੍ਰ. ਲਹਿਣਾ ਸਿੰਘ ਅਤੇ ਸੋਭਾ ਸਿੰਘ ਨੇ ਅਜਿਹੇ ਤਾਕਤਵਰ ਸਰਦਾਰ ਨੂੰ ਆਪਣਾ ਦੁਸ਼ਮਣ ਬਣਾਉਣਾ ਯੋਗ ਨਾ ਸਮਝਿਆ ਅਤੇ ਹਿੱਸੇ ਵਜੋਂ ਉਸ ਨੂੰ ਜ਼ਮਜ਼ਮਾ ਤੋਪ (ਭੰਗੀਆਂ ਵਾਲੀ ਤੋਪ) ਜਿਹੜੀ ਅੱਜਕਲ੍ਹ ਲਾਹੌਰ ਵਿਚ ਅਜਾਇਬ ਘਰ ਵਾਲੇ ਚੌਕ ਵਿਚ ਯਾਦਗਾਰ ਵਜੋਂ ਸਜਾ ਕੇ ਰੱਖੀ ਹੋਈ ਹੈ, ਖੁਸ਼ੀ ਖੁਸ਼ੀ ਉਸਦੇ ਹਵਾਲੇ ਕਰ ਦਿੱਤੀ।

          ਲਾਹੌਰ ਤੇ ਕਬਜ਼ਾ ਕਰਕੇ ਇਸ ਨੇ ਦੂਜੇ ਸਰਦਾਰਾਂ ਨਾਲ ਰਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਸਿੱਕੇ ਜਾਰੀ ਕੀਤੇ।

          ਸੰਨ 1741 ਤੋਂ 1765 ਤਕ ਚੱਜ ਦੁਆਬ ਵਿਚਕਾਰ ਮੁਕਰਬ ਖ਼ਾਨ ਨਾਂ ਦਾ ਇਕ ਪ੍ਰਸਿੱਧ ਗੱਖੜ ਸਰਦਾਰ ਰਹਿੰਦਾ ਸੀ ਜਿਹੜਾ ਅਹਿਮਦ ਸ਼ਾਹ ਦੁਰਾਨੀ ਪ੍ਰਤਿ ਬਹੁਤ ਵਫ਼ਾਦਾਰੀ ਰੱਖਦਾ ਸੀ। ਸਰਦਾਰ ਗੁੱਜਰ ਸਿੰਘ ਭੰਗੀ ਨੇ ਗੱਖੜ ਸਰਦਾਰ ਦੇ ਇਲਾਕਿਆਂ ਨੂੰ ਜਿੱਤਣ ਲਈ ਭਾਰੀ ਫੌਜ ਲੈ ਕੇ ਲਾਹੌਰ ਤੋਂ ਕੂਚ ਕੀਤਾ। ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀਆ ਵੀ ਇਸ ਦੇ ਨਾਲ ਆ ਰਲਿਆ। ਮੁਕੱਰਬ ਖ਼ਾਨ ਦੀਆਂ ਫ਼ੌਜਾਂ ਸਿੱਖ ਫੌਜਾਂ ਅੱਗੇ ਬਹੁਤਾ ਚਿਰ ਨਾ ਅੜ ਸਕੀਆਂ। ਮੁਕੱਰਬ ਖ਼ਾਨ ਹਾਰ ਖਾ ਕੇ ਆਪਣੀ ਰਾਜਧਾਨੀ ਗੁਜਰਾਤ ਵਲ ਨੂੰ ਭੱਜ ਗਿਆ ਪਰ ਗੁੱਜਰ ਸਿੰਘ ਨੇ ਬਾਅਦ ਵਿਚ ਗੁਜਰਾਤ ਸ਼ਹਿਰ ਤੇ ਵੀ ਕਬਜ਼ਾ ਕਰ ਲਿਆ। ਸਿੱਖ ਫ਼ੌਜਾਂ ਨੇ ਸ਼ਹਿਰ ਵਿਚ ਕਿਲਾਬੰਦੀਆਂ ਕੀਤੀਆਂ ਅਤੇ ਦੀਵਾਰਾਂ ਨੂੰ ਮਜ਼ਬੂਤ ਕੀਤਾ। ਸਰਦਾਰ ਗੁੱਜਰ ਸਿੰਘ ਨੇ ਆਪਣੀ ਰਾਜਧਾਨੀ ਹੀ ਗੁਜਰਾਤ ਸ਼ਹਿਰ ਵਿਚ ਕਾਇਮ ਕਰ ਲਈ। ਫਿਰ ਗੁਜਰਾਤ ਦਾ ਸਾਰਾ ਹੀ ਜ਼ਿਲ੍ਹਾ ਬਿਨਾਂ ਕਿਸੇ ਹੋਰ ਲੜਾਈ ਦੇ ਗੁੱਜਰ ਸਿੰਘ ਭੰਗੀ ਅਤੇ ਚੜ੍ਹਤ ਸਿੰਘ ਦੇ ਅਧੀਨ ਹੋ ਗਿਆ। ਜ਼ਿਲ੍ਹੇ ਨੂੰ ਦੋਹਾਂ ਸਿੱਖ ਸਰਦਾਰਾਂ ਨੇ ਆਪਸ ਵਿਚ ਬਰਾਬਰ ਬਰਾਬਰ ਵੰਡ ਲਿਆ। ਗੁਜਰਾਤ ਅਤੇ ਵੜਾਇਚ ਤੇ ਤਅੱਲੁਕੇ ਗੁੱਜਰ ਸਿੰਘ ਭੰਗੀ ਦੇ ਹਿੱਸੇ ਆ ਗਏ। ਕੁੰਜਾਹ ਪਰਗਨੀ ਉਤੇ ਚੜ੍ਹਤ ਸਿੰਘ ਨੇ ਕਬਜ਼ਾ ਕਰ ਲਿਆ। ਸਾਲਟ ਰੇਂਜ ਦੀਆਂ ਪਹਾੜੀਆਂ ਅਤੇ ਸਾਹੀਵਾਲ ਤਕ ਚਨਾਬ ਵਿਚਕਾਰਲਾ ਇਲਾਕਾ ਭੰਗੀਆਂ ਅਧੀਨ ਆ ਗਿਆ।

          ਨਵੰਬਰ, 1766 ਨੂੰ ਅਬਦਾਲੀ ਨੇ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਲਈ ਪੰਜਾਬ ਤੇ ਅਠਵਾਂ ਹੱਲਾ ਕੀਤਾ। ਜਿਹਲਮ ਦਰਿਆ ਦੇ ਨੇੜੇ ਹੋਈ ਲੜਾਈ ਵਿਚ ਇਸ ਨੇ ਸਿੱਖਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਕਰ ਦਿੱਤੀਆਂ। ਜਿੱਤ ਦੇ ਨਗਾਰੇ ਵਜਾਉਂਦਾ ਹੋਇਆ ਅਬਦਾਲੀ ਗੁਜਰਾਤ ਵਿਚੋਂ ਦੀ ਸਿਆਲਕੋਟ ਵਲ ਨੂੰ ਵਧਿਆ। ਅਬਦਾਲੀ ਨੇ ਸਿੱਖਾਂ ਨੂੰ ਗਿਰਫ਼ਤਾਰ ਕਰਨ ਅਤੇ ਖ਼ਤਮ ਕਰਨ ਸਬੰਧੀ ਜ਼ਿਮੀਦਾਰਾਂ ਨੂੰ ਹੁਕਮ ਜਾਰੀ ਕੀਤੇ। ਜਦੋਂ ਸਿਆਲਕੋਟ ਤੋਂ ਅਫ਼ਗਾਨ ਲਾਹੌਰ ਵਲ ਨੂੰ ਵਧੇ ਤਾਂ ਗੁੱਜਰ ਸਿੰਘ ਭੰਗੀ, ਲਹਿਣਾ ਸਿੰਘ ਭੰਗੀ ਅਤੇ ਸੋਭਾ ਸਿੰਘ ਹੋਰਾਂ ਨੂੰ ਲਾਹੌਰ ਛੱਡਣਾ ਪਿਆ। 27 ਦਸੰਬਰ, 1766 ਨੂੰ ਅਬਦਾਲੀ ਨੇ ਲਾਹੌਰ ਉੱਤੇ ਕਬਜ਼ਾ ਕਰ ਲਿਆ ਅਤੇ ਦਾਦਨ ਖ਼ਾਨ ਨੂੰ ਲਾਹੌਰ ਦੇ ਸੂਬੇਦਾਰ ਥਾਪ ਕੇ ਆਪ ਵਾਪਸ ਚਲਾ ਗਿਆ। ਅਬਦਾਲੀ ਦੇ ਜਾਣ ਦੀ ਹੀ ਦੇਰ ਸੀ ਕਿ ਗੁੱਜਰ ਸਿੰਘ, ਲਹਿਣਾ ਸਿੰਘ ਅਤੇ ਸੋਭਾ ਸਿੰਘ ਫ਼ੌਜਾਂ ਲੈ ਕੇ ਸ਼ਾਲਾਮਾਰ ਬਾਗ਼ ਵਿਚ ਆਣ ਬੈਠੇ। ਤਿੰਨਾਂ ਸਰਦਾਰਾਂ ਨੇ ਦਾਦਨ ਖ਼ਾਨ ਨੂੰ ਲਾਹੌਰ ਖਾਲੀ ਕਰਨ ਦਾ ਸੁਨੇਹਾ ਭੇਜਿਆ। ਦਾਦਨ ਖ਼ਾਨ ਬਿਨਾਂ ਕਿਸੇ ਲੜਾਈ ਦੇ ਇਨ੍ਹਾਂ ਦੀ ਸ਼ਰਨ ਆ ਪਿਆ। ਇਸ ਤਰ੍ਹਾਂ ਭੰਗੀਆਂ ਨੇ ਫਿਰ ਲਾਹੌਰ ਤੇ ਆਪਣਾ ਕਬਜ਼ਾ ਜਮਾ ਲਿਆ।

          ਸੰਨ 1769 ਵਿਚ ਚੱਜ-ਦੁਆਬ ਦਾ ਇਲਾਕਾ ਗੁੱਜਰ ਸਿੰਘ ਦੇ ਕਬਜ਼ੇ ਵਿਚ ਸੀ। ਸੰਨ 1772 ਵਿਚ ਭੰਗੀਆਂ ਨੇ ਮੁਲਤਾਨ ਤੇ ਕਬਜ਼ਾ ਕੀਤਾ ਅਤੇ ਅੱਠ ਸਾਲਾਂ ਮਗਰੋਂ ਅਫ਼ਗਾਨਾਂ ਨੇ ਇਸ ਉਤੇ ਕਬਜ਼ਾ  ਕਰ ਲਿਆ। ਝੰਡਾ ਸਿੰਘ ਨੇ ਜਿਹਲਮ ਅਤੇ ਸਿੰਧ ਦਰਿਆ ਦੇ ਵਿਚਕਾਰਲੇ ਬੋਲਚੀ ਕਬੀਲਿਆਂ ਨੂੰ ਜਿੱਤ ਲਿਆ ਅਤੇ ਮਾਨਕੇਰਾ ਉੱਤੇ ਖਾਰਜ ਲਾਇਆ। ਸਿੰਧ ਦਰਿਆ ਨੂੰ ਪਾਰ ਕਰਕੇ ਕਾਲਾਬਾਗ਼ ਆਪਣੇ ਅਧੀਨ ਕੀਤਾ। ਇਸੇ ਵੇਲੇ ਹੀ ਗੁੱਜਰ ਸਿੰਘ ਭੰਗੀ ਨੇ ਧੁਰ ਉੱਤਰ ਵਲ ਦੇ ਗੱਖੜ, ਜੰਜੂਏ, ਆਵਾਨ, ਖੱਟੜ ਅਤੇ ਹੋਰ ਮੁਸਲਮਾਨੀ ਕਬੀਲਿਆਂ ਨੂੰ ਬੜੀ ਸਿਆਣਪ ਨਾਲ ਜਿੱਤਣਾ ਸ਼ੁਰੂ ਕੀਤਾ। ਗੁੱਜਰ ਸਿੰਘ ਦਾ ਕਪਤਾਨ ਸ੍ਰ. ਮਿਲਖਾ ਸਿੰਘ ਥੇਹਪੁਰੀਆ ਤਾਂ ਇਸ ਤੋਂ ਵੀ ਅੱਗੇ ਨਿਕਲ ਗਿਆ। ਉਸ ਨੇ ਰਾਵਲਪਿੰਡੀ ਨੂੰ ਆਪਣਾ ਸਦਰ ਮੁਕਾਮ ਬਣਾਇਆ। ਪਿੱਛੋਂ ਪਿੰਡੀਘੇਬ, ਫਤਹਿ ਜੰਗ ਅਤੇ ਅਟਕ ਨੂੰ ਆਪਣੇ ਕਬਜ਼ੇ ਵਿਚ ਲਿਆ।

          ਇਸੇ ਵੇਲੇ ਹੀ ਜਦੋਂ ਸਰਦਾਰ ਦੇਸਾ ਸਿੰਘ ਭੰਗੀ, ਮਿਸਲ ਦਾ ਸਰਦਾਰ ਬਣਿਆ ਤਾਂ ਗੁੱਜਰ ਸਿੰਘ ਉਸਦਾ ਵਜ਼ੀਰ ਬਣਿਆ। 8 ਫਰਵਰੀ, 1780 ਨੂੰ ਇਸ ਨੇ ਜੱਸਾ ਸਿੰਘ, ਹਕੀਕਤ ਸਿੰਘ ਆਦਿ ਹੋਰਨਾਂ ਸਰਦਾਰਾਂ ਨਾਲ ਰਲ ਕੇ ਸੂਜਾਬਾਦ ਦੇ ਨੇੜੇ ਤੈਮੂਰ ਨਾਲ ਸਖ਼ਤ ਲੜਾਈ ਕੀਤੀ।

          ਸੰਨ 1781 ਨੂੰ ਇਸ ਦੀ ਲਾਹੌਰ ਵਿਖੇ ਮੌਤ ਹੋ ਗਈ। ਇਸ ਦੀ ਸਮਾਧ ਸੁਮਨ ਬੁਰਜ ਦੇ ਨੇੜੇ ਹੈ।

          ਹ. ਪੁ.––ਸਿ. ਮਿ. ਸ. ਸ. ਸੀਤਲ; ਹਿ. ਸਿ.––ਹ. ਰ. ਗੁਪਤਾ; ਹਿ. ਸਿ––ਖੁਸ਼ਵੰਤ ਸਿੰਘ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1807, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-16, ਹਵਾਲੇ/ਟਿੱਪਣੀਆਂ: no

ਗੁੱਜਰ ਸਿੰਘ ਭੰਗੀ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਗੁੱਜਰ ਸਿੰਘ (ਭੰਗੀ) : ਸਿੱਖ ਮਿਸਲਾਂ ਵਿਚ ਸਭ ਤੋਂ ਤਾਕਤਵਰ ਮਿਸਲ ਭੰਗੀ ਦਾ ਇਹ ਇਕ ਨਾਮਵਰ ਸਰਦਾਰ ਸੀ। ਇਹ ਸਰਦਾਰ ਗੁਰਬਖ਼ਸ਼ ਸਿੰਘ ਰੋੜਾਂਵਾਲੇ ਦਾ ਦੋਹਤਰਾ ਸੀ। ਸੁੱਖਾ ਸਿੰਘ, ਸਾਹਿਬ ਸਿੰਘ ਅਤੇ ਫ਼ਤਹਿ ਸਿੰਘ ਇਸ ਦੇ ਤਿੰਨ ਲੜਕੇ ਸਨ। ਸਮਕਾਲੀ ਭੰਗੀ ਸਰਦਾਰਾਂ ਤੇ ਹੋਰਨਾਂ ਮਿਸਲਾਂ ਦੇ ਉੱਘੇ ਸਰਦਾਰਾਂ ਨਾਲ ਰਲ ਕੇ ਇਸ ਨੇ ਕਈ ਇਲਾਕੇ ਜਿੱਤੇ ਅਤੇ ਸਿੱਖ ਇਤਿਹਾਸ ਵਿਚ ਆਪਣਾ ਨਾਂ ਪੈਦਾ ਕੀਤਾ। ਸੰਨ 1761 ਵਿਚ ਖ਼ਵਾਜਾ ਅਬਦ ਖ਼ਾਨ (ਅਬਦਾਲੀ ਦਾ ਲਾਹੌਰ ਦਾ ਸੂਬੇਦਾਰ) ਅਤੇ ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀਏ ਵਿਚਕਾਰ ਗੁਜਰਾਂਵਾਲੇ ਦੀ ਲੜਾਈ ਹੋਈ । ਖ਼ਵਾਜਾ ਅਬਦ ਖ਼ਾਨ ਨੇ ਗੁਜਰਾਂਵਾਲੇ ਦੇ ਕਿਲੇ ਨੂੰ ਘੇਰ ਲਿਆ। ਇਹ ਖ਼ਬਰ ਸਿੱਖ ਸਰਦਾਰਾਂ ਤਕ ਵੀ ਪਹੁੰਚ ਗਈ। ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਹਰੀ ਸਿੰਘ ਭੰਗੀ, ਝੰਡਾ ਸਿੰਘ, ਜੈ ਸਿੰਘ ਕਨ੍ਹਈਆ, ਲਹਿਣਾ ਸਿੰਘ, ਸੋਭਾ ਸਿੰਘ ਅਤੇ ਗੁੱਜਰ ਸਿੰਘ ਭੰਗੀ ਹੋਰਾਂ ਨੇ ਚੜ੍ਹਤ ਸਿੰਘ ਦੀ ਮਦਦ ਲਈ ਤਾਕਤ ਇਕੱਠੀ ਕੀਤੀ ਅਤੇ ਗੁਜਰਾਂਵਾਲੇ ਵੱਲ ਕੂਚ ਕਰ ਦਿੱਤਾ। ਸਾਰੇ ਸਿੱਖ ਸਰਦਾਰਾਂ ਨੇ ਗੁਜਰਾਂਵਾਲੇ ਸ਼ਹਿਰ ਤੋਂ 6 ਕਿ. ਮੀ. ਹਟਵਾਂ ਹੀ ਡੇਰਾ ਲਾ ਲਿਆ। ਹੁਣ ਖ਼ਵਾਜਾ ਅਬਦ ਖ਼ਾਨ ਸਿੱਖ ਸਰਦਾਰਾਂ ਦੀ ਫ਼ੌਜ ਨਾਲ ਘਿਰ ਚੁੱਕਾ ਸੀ। ਰਾਤ ਪੈਣ ਤੇ ਖ਼ਵਾਜਾ ਅਬਦ ਮੈਦਾਨ ਛੱਡ ਕੇ ਭੱਜ ਗਿਆ। ਸਰਦਾਰ ਚੜ੍ਹਤ ਸਿੰਘ ਦੀ ਸ਼ਾਨਦਾਰ ਫ਼ਤਹਿ ਹੋਈ।

ਸਰਦਾਰ ਗੁਰਬਖ਼ਸ਼ ਸਿੰਘ ਰੋੜਾਂਵਾਲੇ ਦੇ ਅਧੀਨ ਚਾਲੀ ਪਿੰਡ ਸਨ। ਉਸ ਦਾ ਆਪਣਾ ਕੋਈ ਪੁੱਤਰ ਨਹੀਂ ਸੀ ਅਤੇ ਉਸ ਨੇ ਦਰਗਾਹੀਆ ਸਿੰਘ (ਪਿੰਡ ਸਾਧਾਂ ਵਾਲਾ, ਜ਼ਿਲ੍ਹਾ ਅੰਮ੍ਰਿਤਸਰ) ਦੇ ਪੁੱਤਰ ਲਹਿਣਾ ਸਿੰਘ ਨੂੰ ਆਪਣਾ ਪੁਤਰੇਲਾ (ਗੋਦ ਲਿਆ) ਬਣਾਇਆ ਹੋਇਆ ਸੀ। ਸੰਨ 1763 ਵਿਚ ਸਰਦਾਰ ਗੁਰਬਖ਼ਸ਼ ਸਿੰਘ ਸਵਰਗਵਾਸ ਹੋ ਗਿਆ। ਗੁਰਬਖਸ਼ ਸਿੰਘ ਦੀ ਮੌਤ ਉਪਰੰਤ ਸਰਦਾਰ ਗੁੱਜਰ ਸਿੰਘ ਭੰਗੀ ਅਤੇ ਸਰਦਾਰ ਲਹਿਣਾ ਸਿੰਘ ਵਿਚਕਾਰ ਝਗੜਾ ਛਿੜ ਪਿਆ। ਸਰਦਾਰ ਹਰੀ ਸਿੰਘ ਭੰਗੀ ਨੇ ਦੋਹਾਂ ਦੀ ਸੁਲ੍ਹਾ ਕਰਵਾ ਕੇ ਜਾਗੀਰ ਅੱਧੋ ਅੱਧ ਵੰਡ ਦਿੱਤੀ। ਸਰਦਾਰ ਲਹਿਣਾ ਸਿੰਘ ਰੋੜਾਂਵਾਲੇ ਅਤੇ ਸਰਦਾਰ ਗੁੱਜਰ ਸਿੰਘ ਰਣਗੜ੍ਹ ਜਾ ਵਸਿਆ।

ਮਾਰਚ, 1765 ਦੇ ਨੇੜੇ ਤੇੜੇ ਸਿੱਖਾਂ ਦੀਆਂ ਅਬਦਾਲੀ ਨਾਲ ਕਈ ਲੜਾਈਆਂ  ਸ਼ੁਰੂ ਹੋ ਗਈਆਂ। ਕੁਝ ਦਿਨ ਸਰਹਿੰਦ ਠਹਿਰਨ ਤੋਂ ਪਿੱਛੋਂ ਅਬਦਾਲੀ ਨੇ ਆਪਣੇ ਵਤਨ ਨੂੰ ਮੁੜਨਾ ਸ਼ੁਰੂ ਕੀਤਾ ਅਤੇ ਸ਼ਾਇਦ ਰੋਪੜ ਦੇ ਸਥਾਨ ਤੋਂ ਉਸ ਨੇ ਸਤਲੁਜ ਦਰਿਆ ਪਾਰ ਕੀਤਾ । ਸਤਲੁਜ ਦਰਿਆ ਉੱਤੇ ਸਿੱਖਾਂ ਅਤੇ ਅਬਦਾਲੀ ਦੀਆਂ ਫ਼ੌਜਾਂ ਵਿਚਕਾਰ ਲੜਾਈ ਹੁੰਦੀ ਰਹੀ। ਸਿੱਖ ਸਰਦਾਰਾਂ ਦੀਆਂ ਫ਼ੌਜਾਂ ਨੇ ਅਬਦਾਲੀ ਦੀਆਂ ਫ਼ੌਜਾਂ ਦਾ ਸੱਤ ਦਿਨ ਤਕ ਨੱਕ ਵਿਚ ਦਮ ਕਰੀ ਰੱਖਿਆ। ਇਸ ਲੜਾਈ ਵਿਚ ਸਿੱਖ ਫ਼ੌਜਾਂ ਦੀ ਖੱਬੇ ਪਾਸੇ ਵੱਲੋਂ ਹਰੀ ਸਿੰਘ ਭੰਗੀ, ਰਾਮ ਦਾਸ, ਗੁਲਾਬ ਸਿੰਘ ਅਤੇ ਗੁੱਜਰ ਸਿੰਘ ਭੰਗੀ ਨੇ ਕਮਾਨ ਸੰਭਾਲੀ ਸੀ।

ਸਤਲੁਜ ਦਰਿਆ ਦੀ ਲੜਾਈ ਦੇ ਸੱਤਵੇਂ ਦਿਨ ਅਬਦਾਲੀ ਦੀਆਂ ਫ਼ੌਜਾਂ, ਬਿਆਸ ਦਰਿਆ ਦੇ ਘਾਟ ਤੇ ਪਹੁੰਚ ਗਈਆਂ । ਬਿਆਸ ਦੀ ਲੜਾਈ ਵਿਚ ਹੋਰਨਾਂ ਸਿੱਖ ਸਰਦਾਰਾਂ ਦੇ ਨਾਲ ਗੁੱਜਰ ਸਿੰਘ ਭੰਗੀ ਵੀ ਸ਼ਾਮਲ ਸੀ।

ਮਾਰਚ, 1765 ਦੇ ਅਖ਼ੀਰ ਵਿਚ ਅਹਿਮਦ ਸ਼ਾਹ ਅਬਦਾਲੀ ਆਪਣੇ ਵਤਨ ਵਾਪਸ ਜਾ ਪਹੁੰਚਿਆ ।

ਇਸ ਵੇਲੇ ਵੱਖ ਵੱਖ ਮਿਸਲਾਂ ਦੇ ਸਰਦਾਰਾਂ ਕੋਲ ਵੱਖ ਵੱਖ ਇਲਾਕੇ ਸਨ। ਸਰਦਾਰ ਗੁੱਜਰ ਸਿੰਘ ਭੰਗੀ ਅਤੇ ਲਹਿਣਾ ਸਿੰਘ ਕੋਲ ਵਾਣੀਕੀ ਦਾ ਇਲਾਕਾ ਸੀ ਅਤੇ ਇਹ ਇਥੋਂ ਹੀ ਆਪਣੀ ਆਮਦਨ ਪ੍ਰਾਪਤ ਕਰਦੇ ਹੁੰਦੇ ਸਨ।

ਸਿੱਖ ਸਰਦਾਰਾਂ ਨੇ ਅਹਿਮਦ ਸ਼ਾਹ ਅਬਦਾਲੀ ਦਾ ਪਿੱਛਾ ਕਰਨਾ ਛੱਡ ਦਿੱਤਾ। ਸਾਰੇ ਸਿੱਖ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਅੰਮ੍ਰਿਤਸਰ ਵੱਲ ਨੂੰ ਤੁਰ ਗਏ। ਲਗਭਗ ਇਕ ਮਹੀਨੇ ਤਕ ਇਹ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਇਸ ਤੋਂ ਪਿੱਛੋਂ ਸਭ ਸਿੱਖ ਸਰਦਾਰ ਆਪੋ ਆਪਣੀਆਂ ਫ਼ੌਜਾਂ ਨਾਲ ਆਪੋ ਆਪਣਿਆਂ ਇਲਾਕਿਆਂ ਨੂੰ ਚਲੇ ਗਏ। ਲਹਿਣਾ ਸਿੰਘ ਭੰਗੀ ਅਤੇ ਗੁੱਜਰ ਸਿੰਘ ਭੰਗੀ ਲਾਹੌਰ ਦੇ ਨੇੜੇ ਆਪਣੇ ਸਦਰ ਮੁਕਾਮ ਰੰਗਰੂਨੀ ਵਿਖੇ ਪਹੁੰਚ ਗਏ। ਇਸ ਵੇਲੇ ਪੰਜਾਬ ਦੀ ਰਾਜਧਾਨੀ ਲਾਹੌਰ, ਅਹਿਮਦ ਸ਼ਾਹ ਅਬਦਾਲੀ ਦੇ ਗਵਰਨਰ (ਕਾਬਲੀ ਮੱਲ) ਅਧੀਨ ਸੀ ਅਤੇ ਨਾਲ ਹੀ ਇਹ ਸ਼ਹਿਰ ਸਿੱਖਾਂ ਦੀ ਧਾਰਮਕ ਰਾਜਧਾਨੀ (ਸ੍ਰੀ ਅੰਮ੍ਰਿਤਸਰ) ਦੇ ਬਹੁਤ ਨਜ਼ਦੀਕ ਸੀ। ਇਹ ਦੋਵੇਂ ਗੱਲਾਂ ਹੀ ਇਨ੍ਹਾਂ ਸਰਦਾਰਾਂ ਨੂੰ ਰੜਕਦੀਆਂ ਰਹਿੰਦੀਆਂ ਸਨ। ਕਾਬਲੀ ਮੱਲ ਆਪਣੇ ਅਠਵੇਂ ਹਮਲੇ ਤੋਂ ਮੁੜਦੇ ਅਬਦਾਲੀ ਨੂੰ ਤੋਰਨ ਗਿਆ ਹੋਇਆ ਸੀ ਅਤੇ ਉਸ ਦਾ ਭਤੀਜਾ ਅਮੀਰ ਸਿੰਘ ਲਾਹੌਰ ਦੀ ਸੂਬੇਦਾਰੀ ਚਲਾ ਰਿਹਾ ਸੀ। ਅਜਿਹੇ ਮੌਕੇ ਦਾ ਫਾਇਦਾ ਲੈਂਦਿਆਂ ਭੰਗੀ ਸਰਦਾਰ ਗੁੱਜਰ ਸਿੰਘ ਅਤੇ ਲਹਿਣਾ ਸਿੰਘ 2000 ਸਿਪਾਹੀਆਂ ਦੀ ਅਗਵਾਈ ਕਰਦੇ ਬਗ਼ਬਾਨਪੁਰੇ ਆ ਬੈਠੇ ਅਤੇ ਕਿਲੇ ਅੰਦਰ ਕੰਮ ਕਰਦੇ ਪੂਰਬੀਆਂ ਨਾਲ ਗੱਲਾਂਬਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਪਰ ਇਹ ਪੂਰਬੀਏ ਕਿਸੇ ਗੱਲ ਉੱਪਰ ਨਾ ਆਏ। ਇਸ ਮਗਰੋਂ ਸਿੱਖ ਸਰਦਾਰਾਂ ਨੇ ਨਕਰਾ ਜਾਟ ਮਿਹਰ ਸੁਲਤਾਨ, ਗ਼ੁਲਾਮ ਰਸੂਲ, ਅਸ਼ਰਫ਼ ਚੁਨੂੰ, ਬਕਰ ਅਤੇ ਬਗ਼ਬਾਨਪੁਰੇ ਦੇ ਅਰਾਈਆਂ ਨੂੰ ਆਪਣੇ ਨਾਲ ਰਲਾ ਲਿਆ।

ਗੁੱਜਰ ਸਿੰਘ ਆਪਣੇ 50 ਚੋਣਵੇਂ ਸਾਥੀਆਂ ਦੇ ਨਾਲ ਕਿਲੇ ਵਿਚ ਦਾਖ਼ਲ ਹੋਣ ਵਾਲਾ ਪਹਿਲਾ ਸਿੱਖ ਸਰਦਾਰ ਸੀ। ਪੰਜਾਬ ਚੀਫ਼ਸ ਦਾ ਕਰਤਾ ਲਿਖਦਾ ਹੈ ਕਿ ਗੁੱਜਰ ਸਿੰਘ ਕਿਲੇ ਦੇ ਅੰਦਰ ਇਕ ਮੋਰੀ ਵਿਚੋਂ ਦੀ ਵੜਿਆ ਸੀ। ਲਹਿਣਾ ਸਿੰਘ ਨੂੰ ਬੁਲਾਉਣ ਲਈ ਇਸ ਨੇ ਉਸ ਨਾਲ ਬਣਾਈ ਆਪਣੀ ਗੋਂਦ ਅਨੁਸਾਰ ਅਹਿਮਦ ਸ਼ਾਹ ਦੇ ਬਣੇ ਲੱਕੜ ਦੇ ਖੇਮੇ ਨੂੰ ਅੱਗ ਲਾ ਦਿੱਤੀ, ਪਿੱਛੋਂ ਲਹਿਣਾ ਸਿੰਘ ਵੀ ਆ ਪਹੁੰਚਿਆ। ਅਮੀਰ ਸਿੰਘ ਮਹਿਲਾਂ ਵਿਚ ਨਾਚ ਵੇਖ ਰਿਹਾ ਸੀ। ਭੰਗੀ ਸਰਦਾਰਾਂ ਨੇ ਅਮੀਰ ਸਿੰਘ ਨੂੰ ਫੜ ਕੇ ਕੈਦੀ ਬਣਾ ਲਿਆ ਅਤੇ ਮੁਜੰਗ ਵਿਚ ਬੰਦ ਕਰ ਦਿੱਤਾ। ਇਸ ਤਰ੍ਹਾਂ 15 ਮਈ, 1765 ਨੂੰ ਭੰਗੀ ਸਰਦਾਰਾਂ ਦਾ ਲਾਹੌਰ ਉੱਤੇ ਕਬਜ਼ਾ ਹੋ ਗਿਆ। ਅਗਲੇ ਦਿਨ ਨਿਆਜ਼ਬੇਗ ਵਾਲਾ ਸਰਦਾਰ ਸੋਭਾ ਸਿੰਘ ਵੀ 200 ਸਿਪਾਹੀਆਂ ਨੂੰ ਨਾਲ ਲੈ ਕੇ ਇਨ੍ਹਾਂ ਨਾਲ ਆ ਮਿਲਿਆ। ਤਿੰਨਾਂ ਸਰਦਾਰਾਂ ਨੇ ਲਾਹੌਰ ਉੱਤੇ ਆਪਣੀ ਸਰਦਾਰੀ ਕਾਇਮ ਕਰ ਲਈ। ਤਿੰਨਾਂ ਦੀਆਂ ਫ਼ੌਜਾਂ ਨੇ ਸ਼ਹਿਰ ਵਿਚ ਵੜਦਿਆਂ ਹੀ ਲੁਟ ਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਗੁਆਂਢੀ ਪਿੰਡਾਂ ਦੇ ਜ਼ਿਮੀਂਦਾਰਾਂ ਨੇ ਵੀ ਸ਼ਹਿਰ ਦੀ ਤਬਾਹੀ ਕਰਨੀ ਸ਼ੁਰੂ ਕਰ ਦਿੱਤੀ।

ਸ਼ਹਿਰ ਦੇ ਪਤਵੰਤੇ ਚੌਧਰੀ ਰੂਪਾ, ਮੀਰ ਨਥੂ ਸ਼ਾਹ, ਮੀਆਂ ਮੁਹੰਮਦ ਆਸ਼ਕ, ਹਾਫ਼ਿਜ਼ ਕਾਦਰ ਬਖਸ਼, ਦੀਵਾਨ ਸੂਰਤ ਸਿੰਘ ਦੇ ਪੁੱਤਰ ਲਾਲਾ ਬਿਸ਼ਨ ਸਿੰਘ ਅਤੇ ਮਹਾਰਾਜ ਸਿੰਘ ਆਦਿ ਫ਼ਰਿਆਦ ਲੈ ਕੇ ਸਿੱਖ ਸਰਦਾਰਾਂ ਕੋਲ ਪਹੁੰਚੇ ਅਤੇ ਨਜ਼ਰਾਨੇ ਭੇਟ ਕਰ ਕੇ ਬੇਨਤੀ ਕੀਤੀ।

‘‘ਇਹ ਸ਼ਹਿਰ ਗੁਰੂ ਦਾ ਜਨਮ-ਅਸਥਾਨ ਹੈ। ਜੇ ਤੁਸੀਂ ਇਸ ਦੀ ਰਖਵਾਲੀ ਕਰੋਗੇ ਤਾਂ ਤੁਸੀਂ ਬਹੁਤ ਤਰੱਕੀ ਕਰੋਗੇ ਪਰ ਜੇ ਤੁਸੀਂ ਇਸ ਨੂੰ ਢਹਿ ਢੇਰੀ ਕਰ ਦਿੱਤਾ ਤਾਂ ਇਸ ਵਿਚੋਂ ਤੁਹਾਨੂੰ ਕੁਝ ਨਹੀਂ ਪ੍ਰਾਪਤ ਹੋਵੇਗਾ।’’

ਸਰਦਾਰਾਂ ਨੇ ਇਹ ਬੇਨਤੀ ਪ੍ਰਵਾਨ ਕਰ ਲਈ ਅਤੇ ਸ਼ਹਿਰ ਵਿਚ ਫ਼ਿਰ ਕੇ ਅਮਨ ਸਥਾਪਤ ਕੀਤਾ ਅਤੇ ਲੁਟੇਰਿਆਂ ਨੂੰ ਸਖ਼ਤ ਸਜ਼ਾ ਦੇਣ ਦਾ ਢੰਡੋਰਾ ਫੇਰਿਆ।

ਕਾਬਲੀ ਮੱਲ ਦਾ ਕੈਦ ਕੀਤਾ ਹੋਇਆ ਪਰਿਵਾਰ ਤੀਹ ਹਜ਼ਾਰ ਨਜ਼ਰਾਨਾ ਲੈ ਕੇ ਰਿਹਾਅ ਕਰ ਦਿੱਤਾ ਗਿਆ। ਕਾਬਲੀ ਮੱਲ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਜੰਮੂ ਨੂੰ ਚਲਾ ਗਿਆ। ਲਾਹੌਰ ਸ਼ਹਿਰ ਦੀ ਤਿੰਨਾਂ ਸਰਦਾਰਾਂ ਵਿਚ ਵੰਡ ਕੀਤੀ ਗਈ। ਸ਼ਹਿਰ ਦਾ ਪੂਰਬੀ ਹਿੱਸਾ-ਕਾਬਲੀ ਮੱਲ ਦੀ ਹਵੇਲੀ ਤੋਂ ਲੈ ਕੇ ਸ਼ਾਲਾਮਾਰ ਬਾਗ਼ ਤਕ ਗੁੱਜਰ ਸਿੰਘ ਦੇ ਹਿੱਸੇ ਆਇਆ। ਗੁੱਜਰ ਸਿੰਘ ਨੇ ਚਾਰ ਦੀਵਾਰੀ ਬਗ਼ੈਰ ਇਕ ਕਿਲਾ ਬਣਵਾਇਆ ਜਿਸ ਦਾ ਨਾਂ ‘ਕਿਲਾ ਗੁੱਜਰ ਸਿੰਘ’ ਰੱਖਿਆ ਗਿਆ ਅਤੇ ਇਸੇ ਕਿਲੇ ਨੂੰ ਇਸ ਨੇ ਆਪਣਾ ਤਖ਼ਤ ਬਣਾਇਆ।

ਲਾਹੌਰ ਉੱਤੇ ਕਬਜ਼ਾ ਹੋਣ ਦੀ ਖ਼ਬਰ ਸੁਣ ਕੇ ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀਆ ਵੀ ਲਾਹੌਰ ਪਹੁੰਚਿਆ। ਸ. ਗੁੱਜਰ ਸਿੰਘ, ਸ. ਲਹਿਣਾ ਸਿੰਘ ਅਤੇ ਸ. ਸੋਭਾ ਸਿੰਘ ਨੇ ਅਜਿਹੇ ਤਾਕਤਵਾਰ ਸਰਦਾਰ ਨੂੰ ਆਪਣਾ ਦੁਸ਼ਮਣ ਬਣਾਉਣਾ ਯੋਗ ਨਾ ਸਮਝਿਆ ਅਤੇ ਹਿੱਸੇ ਵੱਜੋਂ ਉਸ ਨੂੰ ਜ਼ਮਜ਼ਮਾ ਤੋਪ (ਭੰਗੀਆਂ ਵਾਲੀ ਤੋਪ) ਜਿਹੜੀ ਅੱਜਕੱਲ੍ਹ ਲਾਹੌਰ ਵਿਚ ਅਜਾਇਬ ਘਰ ਵਾਲੇ ਚੌਕ ਵਿਚ ਯਾਦਗਾਰ ਵੱਜੋਂ ਸਜਾ ਕੇ ਰੱਖੀ ਹੋਈ ਹੈ, ਖੁਸ਼ੀ ਖੁਸ਼ੀ ਉਸ ਦੇ ਹਵਾਲੇ ਕਰ ਦਿੱਤੀ।

ਲਾਹੌਰ ਤੇ ਕਬਜ਼ਾ ਕਰ ਕੇ ਗੁੱਜਰ ਸਿੰਘ ਨੇ ਦੂਜੇ ਸਰਦਾਰਾਂ ਨਾਲ ਰਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਸਿੱਕੇ ਜਾਰੀ ਕੀਤੇ।

ਸੰਨ 1741 ਤੋਂ 1765 ਤਕ ਚੱਜ ਦੁਆਬ ਵਿਚਕਾਰ ਮੁਕੱਰਬ ਖ਼ਾਨ ਨਾਂ ਦਾ ਇਕ ਪ੍ਰਸਿੱਧ ਗੱਖੜ ਸਰਦਾਰ ਰਹਿੰਦਾ ਸੀ ਜਿਹੜਾ ਅਹਿਮਦ ਸ਼ਾਹ ਦੁਰਾਨੀ ਪ੍ਰਤੀ ਬਹੁਤ ਵਫ਼ਾਦਾਰੀ ਰੱਖਦਾ ਸੀ। ਸਰਦਾਰ ਗੁੱਜਰ ਸਿੰਘ ਭੰਗੀ ਨੇ ਗੱਖੜ ਸਰਦਾਰ ਦੇ ਇਲਾਕਿਆਂ ਨੂੰ ਜਿੱਤਣ ਲਈ ਭਾਰੀ ਫ਼ੌਜ ਲੈ ਕੇ ਲਾਹੌਰ ਤੋਂ ਕੂਚ ਕੀਤਾ। ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀਆ ਵੀ ਇਸ ਦੇ ਨਾਲ ਆ ਰਲਿਆ। ਮੁਕੱਰਬ ਖ਼ਾਨ ਦੀਆਂ ਫ਼ੌਜਾਂ ਸਿੱਖ ਫ਼ੌਜਾਂ ਅੱਗੇ ਬਹੁਤਾ ਚਿਰ ਨਾ ਅੜ ਸਕੀਆਂ। ਮੁਕੱਰਬ ਖ਼ਾਨ ਹਾਰ ਖਾ ਕੇ ਆਪਣੀ ਰਾਜਧਾਨੀ ਗੁਜਰਾਤ ਵੱਲ ਨੂੰ ਭੱਜ ਗਿਆ ਪਰ ਗੁੱਜਰ ਸਿੰਘ ਨੇ ਬਾਅਦ ਵਿਚ ਗੁਜਰਾਤ ਸ਼ਹਿਰ ਤੇ ਵੀ ਕਬਜ਼ਾ ਕਰ ਲਿਆ। ਸਿੱਖ ਫ਼ੌਜਾਂ ਨੇ ਸ਼ਹਿਰ ਵਿਚ ਕਿਲਾਬੰਦੀਆਂ ਕੀਤੀਆਂ ਅਤੇ ਦੀਵਾਰਾਂ ਨੂੰ ਮਜ਼ਬੂਤ ਕੀਤਾ। ਸਰਦਾਰ ਗੁੱਜਰ ਸਿੰਘ ਨੇ ਆਪਣੀ ਰਾਜਧਾਨੀ ਹੀ ਗੁਜਰਾਤ ਸ਼ਹਿਰ ਵਿਚ ਕਾਇਮ ਕਰ ਲਈ। ਫ਼ਿਰ ਗੁਜਰਾਤ ਦਾ ਸਾਰਾ ਹੀ ਜ਼ਿਲ੍ਹਾ ਬਿਨਾ ਕਿਸੇ ਹੋਰ ਲੜਾਈ ਦੇ ਗੁੱਜਰ ਸਿੰਘ ਭੰਗੀ ਅਤੇ ਚੜ੍ਹਤ ਸਿੰਘ ਦੇ ਅਧੀਨ ਹੋ ਗਿਆ। ਜ਼ਿਲ੍ਹੇ ਨੂੰ ਦੋਹਾਂ ਸਿੱਖ ਸਰਦਾਰਾਂ ਨੇ ਆਪਸ ਵਿਚ ਬਰਾਬਰ ਬਰਾਬਰ ਵੰਡ ਲਿਆ। ਗੁਜਰਾਤ ਅਤੇ ਵੜਾਇਚ ਦੇ ਤਾਅੱਲੁਕੇ ਗੁੱਜਰ ਸਿੰਘ ਭੰਗੀ ਦੇ ਹਿੱਸੇ ਆ ਗਏ। ਕੁੰਜਾਹ ਪਰਗਣੇ ਉੱਤੇ ਚੜ੍ਹਤ ਸਿੰਘ ਨੇ ਕਬਜ਼ਾ ਕਰ ਲਿਆ। ਸਾਲਟ ਰੇਂਜ ਦੀਆਂ ਪਹਾੜੀਆਂ ਅਤੇ ਸਾਹੀਵਾਲ ਤਕ ਚਨਾਬ ਵਿਚਕਾਰਲਾ ਇਲਾਕਾ ਭੰਗੀਆਂ ਅਧੀਨ ਆ ਗਿਆ।

ਨਵੰਬਰ, 1766 ਨੂੰ ਅਬਦਾਲੀ ਨੇ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਲਈ ਪੰਜਾਬ ਤੇ ਅਠਵਾਂ ਹੱਲਾ ਕੀਤਾ। ਜਿਹਲਮ ਦਰਿਆ ਦੇ ਨੇੜੇ ਹੋਈ ਲੜਾਈ ਵਿਚ ਇਸ ਨੇ ਸਿੱਖਾਂ ਦੀ ਸਾਰੀਆਂ ਕੋਸ਼ਿਸ਼ਾਂ ਨਾਕਾਮ ਕਰ ਦਿੱਤੀਆਂ। ਜਿੱਤ ਦੇ ਨਗਾਰੇ ਵਜਾਉਂਦਾ ਹੋਇਆ ਅਬਦਾਲੀ ਗੁਜਰਾਤ ਵਿਚੋਂ ਦੀ ਸਿਆਲਕੋਟ ਵੱਲ ਨੂੰ ਵਧਿਆ। ਅਬਦਾਲੀ ਨੇ ਸਿੱਖਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਖ਼ਤਮ ਕਰਨ ਸਬੰਧੀ ਜ਼ਿਮੀਦਾਰਾਂ ਨੂੰ ਹੁਕਮ ਜਾਰੀ ਕੀਤੇ। ਜਦੋਂ ਸਿਆਲਕੋਟ ਤੋਂ ਅਫ਼ਗਾਨ ਲਾਹੌਰ ਵੱਲ ਨੂੰ ਵਧੇ ਤਾਂ ਗੁੱਜਰ ਸਿੰਘ ਭੰਗੀ, ਲਹਿਣਾ ਸਿੰਘ ਭੰਗੀ ਅਤੇ ਸੋਭਾ ਸਿੰਘ ਹੋਰਾਂ ਨੂੰ ਲਾਹੌਰ ਛੱਡਣਾ ਪਿਆ। 27 ਦਸੰਬਰ, 1766 ਨੂੰ ਅਬਦਾਲੀ ਨੇ ਲਾਹੌਰ ਉੱਤੇ ਕਬਜ਼ਾ ਕਰ ਲਿਆ ਅਤੇ ਦਾਦਨ ਖ਼ਾਨ ਨੂੰ ਲਾਹੌਰ ਦਾ ਸੂਬੇਦਾਰ ਥਾਪ ਕੇ ਆਪ ਵਾਪਸ ਚਲਾ ਗਿਆ। ਅਬਦਾਲੀ ਦੇ ਜਾਣ ਦੀ ਹੀ ਦੇਰ ਸੀ ਕਿ ਗੁੱਜਰ ਸਿੰਘ, ਲਹਿਣਾ ਸਿੰਘ ਅਤੇ ਸੋਭਾ ਸਿੰਘ ਫ਼ੌਜਾਂ ਲੈ ਕੇ ਸ਼ਾਲਾਮਾਰ ਬਾਗ਼ ਵਿਚ ਆਣ ਬੈਠੇ। ਤਿੰਨਾਂ ਸਰਦਾਰਾਂ ਨੇ ਦਾਦਨ ਖ਼ਾਨ ਨੂੰ ਲਾਹੌਰ ਖਾਲੀ ਕਰਨ ਦਾ ਸੁਨੇਹਾ ਭੇਜਿਆ। ਦਾਦਨ ਖ਼ਾਨ ਬਿਨਾਂ ਕਿਸੇ ਲੜਾਈ ਦੇ ਇਨ੍ਹਾਂ ਦੀ ਸ਼ਰਨ ਆ ਪਿਆ। ਇਸ ਤਰ੍ਹਾਂ ਭੰਗੀਆਂ ਨੇ ਫ਼ਿਰ ਲਾਹੌਰ ਤੇ ਆਪਣਾ ਕਬਜ਼ਾ ਜਮਾ ਲਿਆ।

ਸੰਨ 1769 ਵਿਚ ਚੱਜ-ਦੁਆਬ ਦਾ ਇਲਾਕਾ ਗੁੱਜਰ ਸਿੰਘ ਦੇ ਕਬਜ਼ੇ ਵਿਚ ਸੀ। ਸੰਨ 1772 ਵਿਚ ਭੰਗੀਆਂ ਨੇ ਮੁਲਤਾਨ ਉੱਤੇ ਕਬਜ਼ਾ ਕੀਤਾ ਅਤੇ ਅੱਠ ਸਾਲਾਂ ਮਗਰੋਂ ਅਫ਼ਗਾਨਾਂ ਨੇ ਇਸ ਉੱਤੇ ਕਬਜ਼ਾ ਕਰ ਲਿਆ। ਝੰਡਾ ਸਿੰਘ ਨੇ ਜਿਹਲਮ ਅਤੇ ਸਿੰਧ ਦਰਿਆ ਦੇ ਵਿਚਕਾਰਲੇ ਬਲੋਚੀ ਕਬੀਲਿਆਂ ਨੂੰ ਜਿੱਤ ਲਿਆ ਅਤੇ ਮਾਨਕੇਰਾ ਉੱਤੇ ਖ਼ਰਾਜ ਲਾਇਆ। ਸਿੰਧ ਦਰਿਆ ਨੂੰ ਪਾਰ ਕਰ ਕੇ ਕਾਲਾ ਬਾਗ਼ ਆਪਣੇ ਅਧੀਨ ਕੀਤਾ। ਇਸ ਵੇਲੇ ਹੀ ਗੁੱਜਰ ਸਿੰਘ ਭੰਗੀ ਨੇ ਧੁਰ ਉੱਤਰ ਵੱਲ ਦੇ ਗੱਖੜ, ਜੰਜੂਏ, ਆਵਾਣ, ਖੱਟੜ ਅਤੇ ਹੋਰ ਮੁਸਲਮਾਨੀ ਕਬੀਲਿਆਂ ਨੂੰ ਬੜੀ ਸਿਆਣਪ ਨਾਲ ਜਿੱਤਣਾ ਸ਼ੁਰੂ ਕੀਤਾ। ਗੁੱਜਰ ਸਿੰਘ ਦਾ ਕਪਤਾਨ ਸ. ਮਿਲਖਾ ਸਿੰਘ ਥੇਹਪੁਰੀਆ ਤਾਂ ਇਸ ਤੋਂ ਵੀ ਅੱਗੇ ਨਿਕਲ ਗਿਆ। ਉਸ ਨੇ ਰਾਵਲਪਿੰਡੀ ਨੂੰ ਆਪਣਾ ਸਦਰ ਮੁਕਾਮ ਬਣਾਇਆ ਅਤੇ ਪਿੱਛੋਂ ਪਿੰਡੀਘੇਬ, ਫ਼ਤਹਿ ਜੰਗ ਅਤੇ ਅਟਕ ਨੂੰ ਆਪਣੇ ਕਬਜ਼ੇ ਵਿਚ ਲਿਆ।

ਇਸ ਵੇਲੇ ਹੀ ਜਦੋਂ ਸਰਦਾਰ ਦੇਸਾ ਸਿੰਘ ਭੰਗੀ, ਮਿਸਲ ਦਾ ਸਰਦਾਰ ਬਣਿਆ ਤਾਂ ਗੁੱਜਰ ਸਿੰਘ  ਉਸ ਦਾ ਵਜ਼ੀਰ ਬਣਿਆ। 8 ਫ਼ਰਵਰੀ, 1780 ਨੂੰ ਇਸ ਨੇ ਜੱਸਾ ਸਿੰਘ, ਹਕੀਕਤ ਸਿੰਘ ਆਦਿ ਹੋਰਨਾਂ ਸਰਦਾਰਾਂ ਨਾਲ ਰਲ ਕੇ ਸ਼ੁਜ਼ਾਬਾਦ ਦੇ ਨੇੜੇ ਤੈਮੂਰ ਨਾਲ ਸਖ਼ਤ ਲੜਾਈ ਕੀਤੀ।

ਸੰਨ 1781 ਨੂੰ ਇਸ ਦਾ ਲਾਹੌਰ ਵਿਖੇ ਦੇਹਾਂਤ ਹੋ ਗਿਆ। ਇਸ ਦੀ ਸਮਾਧ ਸੁੰਮਨ ਬੁਰਜ ਦੇ ਨੇੜੇ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1626, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-09-02-10-10, ਹਵਾਲੇ/ਟਿੱਪਣੀਆਂ: ਹ. ਪੁ. -ਸਿ. ਮਿ. -ਸੀਤਲ; ਹਿ. ਸਿ. -ਗੁਪਤਾ; ਹਿ. ਸਿ. -ਖੁਸ਼ਵੰਤ ਸਿੰਘ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.