ਗੁੱਡੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁੱਡੀ (ਨਾਂ,ਇ) 1 ਪਤਲੇ ਕਾਗਜ਼ ਨਾਲ ਬਾਂਸ ਦੀਆਂ ਬਾਰੀਕ ਕਾਂਪਾਂ ਜੋੜ ਕੇ ਡੋਰ ਬੰਨ੍ਹਣ ਉਪਰੰਤ ਹਵਾ ਦੇ ਜ਼ੋਰ ਉਡਾਈ ਜਾਣ ਵਾਲੀ ਪਤੰਗ 2 ਬਾਲ-ਖੇਡ ਲਈ ਲੀਰਾਂ ਆਦਿ ਦੀ ਬਣਾਈ ਅਕ੍ਰਿਤੀ 3 ਚਰਖ਼ੇ ਦੀ ਮੁੰਨੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16734, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਗੁੱਡੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁੱਡੀ [ਨਾਂਇ] ਬੱਚਿਆਂ ਦੇ ਖੇਡਣ ਲਈ ਕੁੜੀ ਦੇ ਰੂਪ ਵਾਲ਼ਾ ਖਿਡੌਣਾ; ਕਾਗਜ਼ ਅਤੇ ਤੀਲਿਆਂ ਨਾਲ਼ ਬਣੀ ਇੱਕ ਛੋਟੀ ਪਤੰਗ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16796, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗੁੱਡੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁੱਡੀ ਸੰਗ੍ਯਾ—ਪੁਤਲੀ. ਖੇਡਣ ਅਤੇ ਤਮਾਸ਼ੇ ਲਈ ਕਾਠ ਵਸਤ੍ਰ ਆਦਿ ਦੀ ਬਣਾਈ ਹੋਈ ਮੂਰਤਿ. “ਗੁਡੀਆ ਰਹੀ ਸਭਾਲਤੀ.” (ਗੁਪ੍ਰਸੂ) ੨ ਪਤੰਗ. ਚੰਗ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16622, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੁੱਡੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਗੁੱਡੀ : ਗੁੱਡੀ ਬੱਚਿਆਂ ਦੇ ਪੁਰਾਤਨ ਖਿਡੌਣਿਆਂ ਵਿਚੋਂ ਇਕ ਵਿਸ਼ੇਸ਼ ਖਿਡੌਣਾ ਹੈ। ਮਨੁੱਖੀ ਰੂਪ ਦਾ ਪੁਰਸ਼-ਰੂਪੀ ਖਿਡੌਣਾ ‘ਗੁੱਡਾ’ ਅਤੇ ਇਸਤਰੀ-ਰੂਪੀ ‘ਗੁੱਡੀ’ ਕਹਾਉਂਦਾ ਹੈ। ਗੁੱਡੀਆਂ ਦਾ ਇਤਿਹਾਸ ਮਨੁੱਖ ਦੀ ਸਭਿਅਤਾ ਦੇ ਨਾਲ ਹੀ ਆਰੰਭ ਹੁੰਦਾ ਹੈ। ਬੱਚਿਆਂ ਵਿਚ ਖੇਡਣ ਦੀ ਪ੍ਰਵਿਤਰੀ ਜਨਮ ਤੋਂ ਹੀ ਹੁੰਦੀ ਹੈ, ਇਸ ਲਈ ਸਭਿਅਤਾ ਅਤੇ ਰੁਚੀ ਅਨੁਸਾਰ ਖਿਡੌਣੇ ਸ਼ੁਰੂ ਤੋਂ ਹੀ ਬਣਾਏ ਜਾਂਦੇ ਰਹੇ ਹਨ।
ਵੱਖ ਵੱਖ ਦੇਸ਼ਾਂ ਦੇ ਇਤਿਹਾਸ ਅਤੇ ਪੁਰਾਤੱਤਵਾਂ ਦੇ ਅਧਿਐਨ ਦੁਆਰਾ ਸਾਨੂੰ ਗੁੱਡੀਆਂ ਬਾਰੇ ਕਾਫ਼ੀ ਜਾਣਕਾਰੀ ਮਿਲਦੀ ਹੈ ਜਿਨ੍ਹਾਂ ਤੋਂ ਅੱਗੇ ਅਸੀਂ ਉਸ ਸਮੇਂ ਦੀ ਸਭਿਅਤਾ ਅਤੇ ਪਹਿਰਾਵੇ ਆਦਿ ਬਾਰੇ ਕਿਆਸ ਕਰ ਸਕਦੇ ਹਾਂ। ਪੂਰਵ-ਇਤਿਹਾਸਕ ਕਬਰਾਂ ਵਿਚੋਂ ਗੁੱਡੀਆਂ ਦਾ ਕੋਈ ਚਿੰਨ੍ਹ ਨਹੀਂ ਮਿਲਦਾ। ਅਨੁਮਾਨ ਲਗਾਇਆ ਜਾਂਦਾ ਹੈ ਕਿ ਉਸ ਸਮੇਂ ਇਹ ਖੇਡਾਂ ਨਾਸ਼ ਹੋਣ ਵਾਲੇ ਪਦਾਰਥਾਂ ਜਿਵੇਂ ਲੱਕੜੀ, ਬਸਤਰ ਆਦਿ ਦੀਆਂ ਬਣਾਈਆਂ ਜਾਂਦੀਆਂ ਹੋਣਗੀਆਂ। 3000 ਤੋਂ 2000 ਈ. ਪੂ. ਦੌਰਾਨ ਬਣਾਈ ਗਈ ਗੁੱਡੀ ਦਾ ਇਕ ਟੁਕੜਾ ਬੈਬੀਲੋਨ ਤੋਂ ਮਿਲਿਆ ਸੀ। ਇਹ ਚੂਨੇ-ਪੱਥਰ ਦਾ ਬਣਿਆ ਹੋਇਆ ਹੈ ਅਤੇ ਇਸ ਦੀਆਂ ਬਾਹਵਾਂ ਉਪਰ-ਨੀਚੇ ਜਾਂ ਸੱਜੇ-ਖੱਬੇ ਨੂੰ ਹਿੱਲ ਸਕਦੀਆਂ ਹਨ। ਮਿਸਰ ਦੀਆਂ ਕਬਰਾਂ ਵਿਚੋਂ ਲੱਕੜ ਦੀਆਂ ਉਕਰਾਈਦਾਰ ਗੁੱਡੀਆਂ ਮਿਲੀਆਂ ਹਨ। ਇਨ੍ਹਾਂ ਉਪਰ ਜੁਮੈਟਰੱਈ ਨਮੂਨੇ ਬਣੇ ਹੋਏ ਹਨ। ਮਿੱਟੀ ਦੀਆਂ ਬਣੀਆਂ ਹੋਈਆਂ ਪੁਰਾਤਨ ਯੂਨਾਨੀ ਗੁੱਡੀਆਂ ਦੀਆਂ ਲੱਤਾਂ-ਬਾਹਾਂ ਉਨ੍ਹਾਂ ਨੂੰ ਕੱਪੜੇ ਆਸਾਨੀ ਨਾਲ ਪਹਿਨਾਉਣ ਪੱਖੋਂ, ਕਿੱਲਾਂ ਦੇ ਸਾਹਰੇ ਜੋੜੀਆਂ ਹੋਈਆਂ ਹਨ। ਇਥੇ ਕਈ ਤਰ੍ਹਾਂ ਦੀਆਂ ਹੋਰ ਵੀ ਗੁੱਡੀਆਂ ਮਿਲੀਆਂ ਹਨ, ਜਿਨ੍ਹਾਂ ਵਿਚੋਂ ਕੋਰਿੰਥ (Corinth) ਵਿਖੇ 500 ਈ. ਪੂ. ਵਿਚ ਮਿਲਣ ਵਾਲੀਆਂ ਧਾਰਮਿਕ ਦ੍ਰਿਸ਼ਟੀ ਦੇ ਪੱਖ ਤੋਂ ਬਣਾਈਆ ਹੋਈਆਂ ਹਨ। ਪੁਰਾਤਨ ਯੂਨਾਨ ਅਤੇ ਰੋਮ ਦੀਆਂ ਕੁੜੀਆਂ ਆਪਣੇ ਵਿਆਹ ਤੋਂ ਪਹਿਲਾਂ ਪੁਰਾਣੀਆਂ ਸਭ ਗੁੱਡੀਆਂ ਨੂੰ ਵੀਨਸ ਅਤੇ ਡਾਇਆਨਾ ਦੇਵਤਿਆਂ ਨੂੰ ਭੇਟ ਚੜ੍ਹਾ ਦਿੰਦੀਆਂ ਸਨ। ਮਿਸਰ, ਯੂਨਾਨ ਅਤੇ ਰੋਮ ਵਿਚ ਗੁੱਡੀਆਂ ਨੂੰ ਬੱਚਿਆਂ ਦੀਆਂ ਕਬਰਾਂ ਵਿਚ ਨਾਲ ਹੀ ਦਫ਼ਨਾ ਦਿੱਤਾ ਜਾਂਦਾ ਸੀ। ਦੱਖਣੀ ਸੰਯੁਕਤ ਰਾਜ ਵਿਚ ਤਾਂ ਹੁਣ ਵੀ ਕਈ ਵਾਰ ਗੁੱਡੀਆਂ ਦੇ ਸ਼ੀਸ਼ੇ ਦੇ ਘਰ, ਗੁੱਡੀਆਂ ਅਤੇ ਸਭ ਖਿਡੌਣੇ ਬੱਚਿਆਂ ਦੀਆਂ ਕਬਰਾਂ ਵਿਚ ਨਾਲ ਹੀ ਰੱਖ ਦਿੱਤੇ ਜਾਂਦੇ ਹਨ। ਕੱਪੜੇ ਦੀਆਂ ਲੀਰਾਂ ਦੀ ਭਰਤੀ ਵਾਲੀਆਂ ਗੁੱਡੀਆਂ ਵੀ ਮਿਲੀਆਂ ਹਨ। ਮਿਸਰ ਦੀਆਂ 500 ਪੂਰਵ. ਈ. ਦੀਆਂ ਗੁੱਡੀਆਂ ਕ੍ਰੋਸ਼ੀਏ ਨਾਲ ਉੱਨ ਦੇ ਭੜਕੀਲੇ ਰੰਗਾਂ ਵਿਚ ਬਣੀਆਂ ਹੋਈਆਂ ਹਨ। ਮੱਧ ਕਾਲ ਨਾਲ ਸਬੰਧਤ ਗੁੱਡੀਆਂ ਦੀ ਕੋਈ ਨਿਸ਼ਾਨੀ ਨਹੀਂ ਮਿਲਦੀ।
ਸੰਨ 1413 ਤੋਂ ਨੂਰਬਰਗ ਵਿਖੇ ਕੁਝ ਮਾਹਿਰ ਬੰਦਿਆਂ ਨੇ ਗੁੱਡੀਆਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਿਹੜਾ 16ਵੀਂ ਤੋਂ 18ਵੀਂ ਸਦੀ ਦੌਰਾਨ ਗੁੱਡੀਆਂ ਅਤੇ ਹੋਰ ਖਿਡੌਣੇ ਬਣਾਉਣ ਵਿਚ ਸਭ ਤੋਂ ਪਹਿਲੇ ਨੰਬਰ ਤੇ ਸੀ। 1469 ਈ. ਵਿਚ ਬ੍ਰਿਟੈਨੀ ਦੀ ਐਨੀ. ਨੇ ਸਪੇਨ ਦੀ ਰਾਣੀ ਨੂੰ ਜਿਉਂਦੇ-ਮਨੁੱਖੀ ਆਕਾਰ ਦੀ ਇਕ ਗੁੱਡੀ ਭੇਜੀ।
ਪਹਿਲਾਂ ਗੁੱਡੀਆਂ ਦੇ ਸਿਰ ਲੱਕੜ, ਚੂਨੇ-ਪੱਥਰ ਮੋਮ ਆਦਿ ਦੇ ਬਣਾਏ ਜਾਂਦੇ ਸਨ। ਲਗਭਗ 1820 ਵਿਚ ਮਿੱਟੀ ਦੇ ਰੰਗਦਾਰ ਜਾਂ ਸਫ਼ੈਦ ਅਤੇ ਮੂਰਤੀ-ਮਿੱਟੀ ਦੇ ਰੰਗ-ਰਹਿਤ ਸਿਰ ਪ੍ਰਚੱਲਤ ਹੋਏ। ਇਸ ਮਿੱਟੀ ਦੀ ਇਕ ਗੁੱਡੀ 1862 ਵਿਚ ਫ਼ਰਾਂਸ ਵਿਚ ਤਿਆਰ ਕੀਤੀ ਗਈ ਜਿਸ ਦੀ ਗਰਦਨ ਚੂੜ-ਛੱਲੇਦਾਰ ਬਣਾਈ ਗਈ ਸੀ ਅਤੇ ਬਾਕੀ ਦਾ ਸਰੀਰ ਮੇਮਨੇ ਦੀ ਚਮੜੀ ਵਿਚ ਲੱਕੜ ਦਾ ਬੂਰਾ ਭਰ ਕੇ ਤਿਆਰ ਕੀਤਾ ਗਿਆ। ਇਸ ਤਰ੍ਹਾਂ ਦਾ ਰਿਵਾਜ ਕਾਫ਼ੀ ਦੇਰ ਪ੍ਰਚੱਲਤ ਰਿਹਾ। ਪਿਛੋਂ ਜਾ ਕੇ ਲੱਕੜੀ ਦੇ ਬੂਰੇ ਦੀ ਜਗ੍ਹਾ ਪਲਾਸਟਿਕ ਨੇ ਲੈ ਲਈ। 19ਵੀਂ ਸਦੀ ਵਿਚ ਅੱਖਾਂ ਖੁਲ੍ਹਣ ਅਤੇ ਬੰਦ ਕਰ ਲੈਣ ਵਾਲੀਆਂ ਆਵਾਜ਼ਦਾਰ, ਤੁਰਦੀਆਂ ਫਿਰਦੀਆਂ ਗੁੱਡੀਆਂ ਵੀ ਬਣਨ ਲੱਗ ਪਈਆਂ। ਫੇਰ ਕਾਗਜ਼ੀ ਗੁੱਡੀਆਂ ਇੰਡੀਆ-ਰਬੜ ਜਾਂ ਗੱਤਾ-ਪਰਚਾ ਗੁੱਡੀਆਂ ਵੀ ਬਣ ਗਈਆਂ। ਸੰਨ 1860 ਤੋਂ 1980 ਤੱਕ ਦਾ ਸਮਾਂ ਚੂਨੇ-ਪੱਥਰ ਵਾਲੀਆਂ, ਤਰ੍ਹਾਂ ਤਰ੍ਹਾਂ ਦੀਆਂ ਪੁਸ਼ਾਕਾਂ ਵਾਲੀਆਂ ਗੁੱਡੀਆਂ ਲਈ ਅਤੇ ਗੁੱਡੀਆਂ ਬਣਾਉਣ ਵਾਲਿਆਂ ਲਈ ਸੁਨਹਿਰੀ ਸਮਾਂ ਸੀ।
ਅਮਰੀਕਾ ਦੀਆਂ ਸਭ ਤੋਂ ਪੁਰਾਤਨ ਗੁੱਡੀਆਂ ਅਜ਼ਟੈੱਕ ਦੀਆਂ ਕਬਰਾਂ ਵਿਚੋਂ ਮਿਲੀਆਂ ਸਨ। ਲਗਭਗ 1820 ਵਿਚ ਯੂਰਪ ਵੱਲੋਂ ਗੁੱਡੀਆਂ ਦੇ ਚੀਨੀ ਸਿਰ ਵੀ ਮੰਗਵਾਏ ਗਏ ਅਤੇ 1858 ਵਿਚ ਇਥੋਂ ਦੇ ਲੁਦਵਿਗ ਗ੍ਰੀਨਰ ਨੇ ਗੁੱਡੀਆਂ ਬਣਾਉਣ ਦੀ ਰਾਖਵੀਂ ਕਾਢ ਦੀ ਪਹਿਲੀ ਗੁੱਡੀ ਬਣਾ ਕੇ ਦਿਖਾਈ। ਇਸ ਦੀਆਂ ਕੱਚ ਦੀਆਂ ਅੱਖਾਂ ਵਾਲੀਆਂ ‘Papier mache’ (ਪੇਪਰ ਮੈਸ਼ੀ) ਗੁੱਡੀਆਂ ਦੀ ਹੋਰਨਾਂ ਗੁੱਡੀਆਂ ਵਿਚ ਵਿਸ਼ੇਸ਼ ਥਾਂ ਸੀ।
ਭਾਰਤ ਵਿਚ ਮਿੱਟੀ ਅਤੇ ਧਾਤ ਦੀਆਂ ਗੁੱਡੀਆਂ ਤੋਂ ਸਿਵਾਇ ਹੋਰ ਕਿਸੇ ਤਰ੍ਹਾਂ ਦੀਆਂ ਵੀ ਪ੍ਰਾਚੀਨ ਗੁੱਡੀਆਂ ਪ੍ਰਾਪਤ ਨਹੀਂ ਹੋਈਆਂ ਜਦੋਂ ਕਿ ਕੱਪੜੇ ਤੇ ਲੱਕੜ ਆਦਿ ਦੀਆਂ ਗੁੱਡੀਆਂ ਬਣਦੀਆਂ ਜ਼ਰੂਰ ਸਨ। ਭਾਰਤੀ ਲੜਕੀਆਂ ਵਿਚ ਗੁੱਡੀ-ਪਟੋਲਿਆਂ ਦੀ ਖੇਡ ਬਹੁਤ ਪਿਆਰੀ ਸੀ। ਕਈ ਤਿਉਹਾਰ ਵੀ ਗੁੱਡੀਆਂ ਨਾਲ ਵਿਸ਼ੇਸ਼ ਤੌਰ ਤੇ ਸਬੰਧਤ ਹਨ। ਉੱਤਰ ਪ੍ਰਦੇਸ਼ ਦੇ ਪੂਰਬ ਵਿਚ ਨਾਗ ਪੰਚਮੀ ਵਾਲੇ ਦਿਨ ਗੁੱਡੀਆਂ ਨੂੰ ਜਲ-ਪ੍ਰਵਾਹ ਕੀਤਾ ਜਾਂਦਾ ਹੈ। ਇਸ ਨੂੰ ਗੁੱਡੀਆਂ ਦਾ ਮੇਲਾ ਵੀ ਕਹਿੰਦੇ ਹਨ। ਪੰਜਾਬ ਵਿਚ ਛੋਟੀਆਂ ਛੋਟੀਆਂ ਕੁੜੀਆਂ ਗੁੱਡੀ-ਪਟੋਲਿਆਂ ਦੀ ਖੇਡ ਬਹੁਤ ਦਿਲਚਸਪੀ ਨਾਲ ਖੇਡਦੀਆਂ ਹਨ ਜਿਸ ਵਿਚ ਗੁੱਡੀ-ਗੁੱਡੇ ਦਾ ਵਿਆਹ ਵਿਸ਼ੇਸ਼ ਕਰਕੇ ਬਹੁਤ ਪ੍ਰਸਿੱਧ ਹੈ। ਇਸੇ ਤਰ੍ਹਾਂ ਜਾਪਾਨ ਵਿਚ ਵੀ ਗੁੱਡੀਆਂ ਨਾਲ ਸਬੰਧਤ ਬਹੁਤ ਸਾਰੇ ਤਿਉਹਾਰ ਬਣੇ ਹੋਏ ਹਨ। ਬਗ਼ਦਾਦ ਵਿਚ ਇਨ੍ਹਾਂ ਨੂੰ ਬਦਕਿਸਮਤੀ ਦਾ ਪ੍ਰਤੀਕ ਗਿਣਿਆ ਜਾਂਦਾ ਹੈ।
ਅਫ਼ਰੀਕਾ ਦੀ ਫਿੰਜੋ ਸਟੇਟ ਵਿਚ ਹਰ ਲੜਕੀ ਨੂੰ ਇਕ ਗੁੱਡੀ ਉਸ ਦੇ ਪਹਿਲੇ ਬੱਚੇ ਵਜੋਂ ਦਿੱਤੀ ਜਾਂਦੀ ਹੈ; ਪਹਿਲਾ ਬੱਚਾ ਹੋਣ ਤੋਂ ਬਾਅਦ ਇਕ ਹੋਰ ਗੁੱਡੀ ਬੱਚੇ ਦੇ ਤੌਰ ਤੇ ਰੱਖਣ ਲਈ ਦਿੰਦੇ ਹਨ।
ਹ. ਪੁ.––ਹਿੰ. ਵਿ. ਕੋ. 3 : ਐਨ. ਬ੍ਰਿ. 7 : 557
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 12257, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-16, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First