ਗੈਂਡਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੈਂਡਾ [ਨਾਂਪੁ] ਭੈਂਸੇ ਵਰਗਾ ਇੱਕ ਜਾਨਵਰ ਜਿਸ ਦੇ ਮੱਥੇ ਉੱਤੇ ਦੋ ਸਿੰਗ ਹੁੰਦੇ ਹਨ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22957, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗੈਂਡਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੈਂਡਾ. ਸੰ. गण्डक —ਗੰਡਕ. ਸੰਗ੍ਯਾ—ਖੜਗ. ਤੁੰਗਮੁਖ. ਵਜ੍ਰਚਰਮਾ. ਵਾਰਧੀਨਸ. ਕੁਰਗ. ਨੱਕ ਪੁਰ ਸਿੰਗ ਰੱਖਣ ਵਾਲਾ ਜੰਗਲੀ ਭੈਂਸੇ ਜੇਹਾ ਪਸ਼ੁ. Rhinoceros. “ਗੈਂਡਾ ਮਾਰਿ ਹੋਮ ਜਗੁ ਕੀਏ ਦੇਵਤਿਆ ਕੀ ਬਾਣੇ.” (ਮ: ੧ ਵਾਰ ਮਲਾ) ਰਾਜ ਵੱਲਭ ਵਿੱਚ ਲਿਖਿਆ ਹੈ ਕਿ ਗੈਂਡੇ ਦਾ ਮਾਸ ਉਮਰ ਵਧਾਉਣ ਵਾਲਾ, ਪਿਤਰ ਅਤੇ ਦੇਵਤਿਆਂ ਨੂੰ ਤ੍ਰਿਪਤਿ ਦੇਣ ਵਾਲਾ ਹੈ. ਮਨੁ ਸਿਮ੍ਰਿਤਿ ਦੇ ਤੀਜੇ ਅਧ੍ਯਾਯ ਦੇ ੨੭੨ਵੇ ਸ਼ਲੋਕ ਵਿੱਚ ਗੈਂਡੇ ਦਾ ਮਾਸ ਸ਼੍ਰੱਧ ਵਿੱਚ ਵਰਤਣਾ ਵਿਧਾਨ ਕੀਤਾ ਹੈ.
ਗੈਂਡੇ ਦੇ ਚਮੜੇ ਦੀ ਢਾਲ ਪੁਰਾਣੇ ਜ਼ਮਾਨੇ ਬਹੁਤ ਵਰਤੀ ਜਾਂਦੀ ਸੀ, ਜੋ ਤੀਰ ਅਤੇ ਤਲਵਾਰ ਦੇ ਘਾਉ ਤੋਂ ਰਖ੍ਯਾ ਕਰਦੀ ਸੀ. ਹਿੰਦੂਮਤ ਵਿੱਚ ਗੈਂਡੇ ਦੇ ਸਿੰਗ ਦਾ ਅਰਘਾ ਦੇਵਤਾ ਅਤੇ ਪਿਤਰਾਂ ਨੂੰ ਜਲ ਦੇਣ ਲਈ ਬਹੁਤ ਪਵਿਤ੍ਰ ਮੰਨਿਆ ਹੈ।
੨ ਭਾਈ ਭਗਤੂਵੰਸ਼ੀ ਦੇਸੂ (ਦੇਸਰਾਜ) ਦਾ ਪੁਤ੍ਰ। ੩ ਚਾਹਲ ਗੋਤ ਦਾ ਇੱਕ ਸੁਲਤਾਨੀਆਂ ਜੱਟ ਜੋ ਦੇਸੂ (ਦੇਸਰਾਜ) ਦਾ ਪੁਤ੍ਰ ਅਤੇ ਭਿੱਖੀ ਪਿੰਡ (ਰਾਜ ਪਟਿਆਲਾ) ਦਾ ਵਸਨੀਕ ਸੀ. ਇਸ ਦੇ ਪਿਤਾ ਨੂੰ ਗੁਰੂ ਤੇਗਬਹਾਦੁਰ ਸਾਹਿਬ ਨੇ ਸਿੱਖ ਕੀਤਾ ਅਤੇ ਪੰਜ ਤੀਰ ਬਖ਼ਸ਼ੇ ਸਨ, ਪਰ ਇਸਤ੍ਰੀ ਦੇ ਆਖੇ ਇਹ ਫੇਰ ਸ਼੍ਰਧਾ ਰਹਿਤ ਹੋ ਗਿਆ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22849, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੈਂਡਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਗੈਂਡਾ ਸੰਸਕ੍ਰਿਤ ਗਣੑਡਕ:। ਪ੍ਰਾਕ੍ਰਿਤ ਗੰਡਯ। ਗੈਂਡਾ, ਜਾਨਵਰ ਵਿਸ਼ੇਸ਼- ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 22812, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਗੈਂਡਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਗੈਂਡਾ : ਇਹ ਪੂਰਬੀ ਅਤੇ ਦੱਖਣੀ ਅਫ਼ਰੀਕਾ ਅਤੇ ਤਪਤ-ਖੰਡੀ ਏਸ਼ੀਆ ਵਿਚ ਮਿਲਣ ਵਾਲੇ ਭਾਰੇ ਖੁਰਾਂ ਵਾਲੇ ਥਣਧਾਰੀ ਪ੍ਰਾਣੀਆਂ ਦੀਆਂ ਪੰਜ ਜਾਤੀਆਂ ਲਈ ਇਕ ਆਮ ਨਾਂ ਹੈ। ਅਜੋਕੇ ਗੈਂਡਿਆਂ ਦੀ ਖ਼ਾਸੀਅਤ ਉਨ੍ਹਾਂ ਦੀ ਥੁਥਨੀ ਦੇ ਉਪਰ ਇਕ (ਰ੍ਹਾਈਨੋਸਰਸ ਪ੍ਰਜਾਤੀ ਦੀਆਂ ਦੋ ਜਾਤੀਆਂ) ਜਾਂ ਦੋ (ਬਾਕੀ ਤਿੰਨ ਪ੍ਰਜਾਤੀਆਂ) ਸਿੰਗਾਂ ਦਾ ਹੋਣਾ ਹੈ। ਇਹ ਸਿੰਗ ਅਸਲੀ ਸਿੰਗ ਨਹੀਂ ਸਗੋਂ ਕੈਰਾਟਿਨ ਪ੍ਰੋਟੀਨ ਦੇ ਬਣੇ ਹੁੰਦੇ ਹਨ।
ਅਜੋਕੇ ਗੈਂਡੇ ਬਹੁਤ ਵੱਡੇ ਜਾਨਵਰ ਹਨ। ਇਨ੍ਹਾਂ ਦੀ ਲੰਬਾਈ 2.5 ਮੀ. ਤੋਂ 4.3 ਮੀ. ਅਤੇ ਇਨ੍ਹਾਂ ਦੇ ਮੋਢਿਆਂ ਤੱਕ ਉਚਾਈ 1.5 ਮੀ. (ਸਮਾਰਟਾ ਦਾ ਗੈਂਡਾ) ਤੋਂ 2 ਮੀ. (ਭਾਰਤੀ ਵੱਡੇ ਗੈਂਡੇ) ਤੱਕ ਹੁੰਦੀ ਹੈ। ਵੱਡੀਆਂ ਜਾਤੀਆਂ ਦੇ ਬਾਲਗ਼ ਗੈਂਡੇ 3–5 ਟਨ ਭਾਰੇ ਹੁੰਦੇ ਹਨ। ਇਹ ਪ੍ਰਾਣੀ ਆਪਣੀ ਮੋਟੀ ਚਮੜੀ ਕਰਕੇ ਪ੍ਰਸਿੱਧ ਹਨ ਜਿਸ ਤੋਂ ਮੋਢਿਆਂ ਅਤੇ ਪੱਟਾਂ ਉਤੇ ਪਲੇਟਾਂ ਵਰਗੇ ਵੱਲ ਬਣੇ ਹੁੰਦੇ ਹਨ। ਸਾਰੇ ਗੈਂਡੇ ਸਲੇਟੀ ਜਾਂ ਭੂਰੇ ਰੰਗ ਦੇ ਹੁੰਦੇ ਹਨ। ਚਿੱਟੇ ਜਾਂ ਚੌਰਸ ਬੁੱਲ੍ਹਾਂ ਵਾਲੇ ਗੈਂਡੇ (Ceratothericom simum) ਦਾ ਰੰਗ ਕੁਝ ਪਿੱਲਤਣ ਤੇ ਹੁੰਦਾ ਹੈ। ਇਹ ਕਰੀਬ ਕਰੀਬ ਜਾਂ ਪੂਰੀ ਤਰ੍ਹਾਂ ਹੀ ਵਾਲਾਂ ਤੋਂ ਬਿਨਾਂ ਹੁੰਦੇ ਹਨ, ਸਿਰਫ਼ ਪੂਛ ਦੇ ਸਿਰੇ ਤੇ ਜਾਂ ਕੰਨਾਂ ਦੀ ਕੰਨੀ ਤੇ ਹੀ ਵਾਲ ਹੁੰਦੇ ਹਨ। ਇਨ੍ਹਾਂ ਦੇ ਪੈਰਾਂ ਦੀਆਂ ਤਿੰਨ-ਤਿੰਨ ਛੋਟੀਆਂ ਉਂਗਲਾਂ ਹੁੰਦੀਆਂ ਹਨ ਜਿਨ੍ਹਾਂ ਦੇ ਸਿਰਿਆਂ ਤੇ ਚੌੜੇ, ਖੁੰਢੇ ਨਹੁੰ ਹੁੰਦੇ ਹਨ। ਗੈਂਡਿਆਂ ਦੀ ਨਜ਼ਰ ਕਮਜ਼ੋਰ ਪਰ ਸੁਣਨ ਤੇ ਸੁੰਘਣ-ਸ਼ਕਤੀ ਬਹੁਤ ਤੇਜ਼ ਹੁੰਦੀ ਹੈ।
ਬਹੁਤੇ ਗੈਂਡੇ ਖੁਲ੍ਹੀਆਂ ਚਾਰਗਾਹਾਂ, ਸਵਾਨਾ, ਝਾੜੀਦਾਰ ਜੰਗਲਾਂ ਜਾਂ ਬੇਲਿਆਂ ਵਿਚ ਇਕੱਲੇ-ਇਕੱਲੇ ਰਹਿੰਦੇ ਹਨ; ਪਰ ਸਮਾਰਟਾ ਦਾ ਗੈਂਡਾ ਸਿਰਫ਼ ਘਣੇ ਜੰਗਲਾਂ ਵਿਚ ਮਿਲਦਾ ਹੈ। ਚੌਰਸ ਬੁੱਲ੍ਹਾਂ ਵਾਲੇ ਗੈਂਡੇ 10 ਤੱਕ ਦੇ ਗਰੁੱਪਾਂ ਵਿਚ ਇਕੱਠੇ ਰਹਿੰਦੇ ਹਨ। ਇਹ ਪ੍ਰਾਣੀ ਆਮ ਤੌਰ ਤੇ ਮਨੁੱਖ ਤੋਂ ਕਿਨਾਰਾ ਹੀ ਕਰਦੇ ਹਨ ਪਰ ਪ੍ਰਜਣਨ ਰੁੱਤ ਵਿਚ ਨਰ, ਖ਼ਾਸ ਤੌਰ ਤੇ ਗੁਸੈਲੇ ਸੁਭਾਅ ਵਾਲੇ ਅਤੇ ਬੱਚੇ ਵਾਲੀ ਮਾਦਾ ਥੋੜ੍ਹਾ ਜਿਹਾ ਛੇੜਨ ਤੇ ਵੀ ਮਨੁੱਖ ਤੇ ਹਮਲਾ ਕਰ ਦਿੰਦੇ ਹਨ।
ਬਹੁਤ ਭਾਰੇ ਹੋਣ ਦੇ ਬਾਵਜੂਦ ਵੀ ਗੈਂਡੇ ਬਹੁਤ ਫ਼ੁਰਤੀਲੇ ਪ੍ਰਾਣੀ ਹਨ। ਕਾਲਾ ਗੈਂਡਾ ਸੰਘਣੀਆਂ ਝਾੜੀਆਂ ਵਿਚ ਵੀ ਤਕਰੀਬਨ 45 ਕਿ. ਮੀ. ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਸਕਦਾ ਹੈ। ਸੁਰੱਖਿਆ ਕਾਨੂੰਨਾਂ ਦੇ ਬਾਵਜੂਦ ਵੀ ਕਈ ਸ਼ਿਕਾਰੀ ਗੈਂਡਿਆਂ ਦਾ ਸ਼ਿਕਾਰ ਕਰਦੇ ਹਨ। ਜਦੋਂ ਤੱਕ ਜੰਗਲਾਂ ਵਿਚ ਪੂਰੀ ਤਰ੍ਹਾਂ ਸੁਰੱਖਿਆ ਦਾ ਪ੍ਰਬੰਧ ਨਹੀਂ ਹੋ ਜਾਂਦਾ, ਕੁਝ ਜਾਤੀਆਂ ਨੂੰ ਬੰਦੀ ਹਾਲਤਾਂ ਵਿਚ ਪ੍ਰਜਣਨ ਕਰਵਾ ਕੇ ਹੀ ਬਚਾਇਆ ਜਾ ਸਕਦਾ ਹੈ।
ਹ. ਪੁ.––ਐਨ. ਬ੍ਰਿ. ਮਾ. 8 : 550
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 16299, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-17, ਹਵਾਲੇ/ਟਿੱਪਣੀਆਂ: no
ਗੈਂਡਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਗੈਂਡਾ : ਇਸ ਨੂੰ ਬਗੰਡਾ ਜਾਂ ਵਗੰਡਾ ਵੀ ਕਹਿੰਦੇ ਹਨ। ਇਹ ਯੂਗਾਂਡਾ ਵਿਚ ਵਿਕਟੋਰੀਆ ਝੀਲ ਤੇ ਉੱਤਰ-ਪੱਛਮ ਵਿਚ ਰਹਿਣ ਵਾਲੇ ਲੋਕਾਂ ਦਾ ਇਕ ਨਸਲੀ ਗਰੁੱਪ ਹੈ। ਇਹ ਬਾਂਟੂ ਬੋਲੀ ਬੋਲਦੇ ਹਨ। ਇਨ੍ਹਾਂ ਦਾ ਆਬਾਦੀ ਤਕਰੀਬਨ 1,500,000 ਹੈ। ਦੇਸ਼ ਦੇ ਬਾਕੀ ਕਬੀਲਿਆਂ ਨਾਲੋਂ ਇਹ ਕਬੀਲਾ ਜ਼ਿਆਦਾ ਪੜ੍ਹਿਆ-ਲਿਖਿਆ ਹੈ ਅਤੇ ਇਸ ਦਾ ਜੀਵਨ-ਪੱਧਰ ਉੱਚਾ ਵੀ ਹੈ।
ਇਹ ਲੋਕ ਖੇਤੀ ਕਰਦੇ ਹਨ ਅਤੇ ਕੇਲਾ ਇਨ੍ਹਾਂ ਦੀ ਮੁੱਖ ਪੈਦਾਵਾਰ ਹੈ। ਅੱਜਕਲ੍ਹ ਨਿਰਯਾਤ ਪੱਖੋਂ ਇਹ ਕਪਾਹ ਅਤੇ ਕਾਫ਼ੀ ਦਾ ਉਤਪਾਦਨ ਵੀ ਕਰਦੇ ਹਨ। ਭੇਡਾਂ, ਬੱਕਰੀਆਂ, ਮੁਰਗ਼ੀਆਂ ਅਤੇ ਪਸ਼ੂ ਵੀ ਪਾਲਦੇ ਹਨ। ਇਨ੍ਹਾਂ ਵਿਚੋਂ 50 ਕਬੀਲੇ ਮਾਨਤਾ-ਪ੍ਰਾਪਤ ਹਨ ਜਿਨ੍ਹਾਂ ਨੂੰ ਆਪੋ ਆਪਣੇ ਪਹਿਲੇ ਦੇ ਦੂਜੇ ਦਰਜੇ ਦੇ ਕੁਟੰਬ ਚਿੰਨ੍ਹ ਪਸ਼ੂ ਰੱਖੇ ਹੁੰਦੇ ਹਨ। ਇਨ੍ਹਾਂ ਨੂੰ ਮਾਰਿਆ ਜਾਂ ਖਾਧਾ ਨਹੀਂ ਜਾ ਸਕਦਾ।
ਰਵਾਇਤੀ ਤੌਰ ਤੇ ਇਹ ਲੋਕ ਆਪਣੇ ਵੱਡੇ-ਵਡੇਰਿਆਂ, ਪੁਰਾਣੇ ਰਾਜਿਆਂ ਅਤੇ ਰੂਹਾਂ ਆਦਿ ਦੀ ਮਾਨਤਾ ਕਰਦੇ ਹਨ। ਉਸੇ ਕਬੀਲੇ ਦੇ ਲੋਕੀ ਆਪਸ ਵਿਚ ਵਿਆਹ ਨਹੀਂ ਕਰਦੇ। ਆਧੁਨਿਕ ਗੈਂਡਾ ਜ਼ਿਆਦਾ ਕਰਕੇ ਈਸਾਈ ਮਤ ਵਿਚ ਵਿਸ਼ਵਾਸ ਰੱਖਦੇ ਹਨ। ਪਰੰਪਰਾ ਅਨੁਸਾਰ ਇਸ ਕਬੀਲੇ ਦੇ ਪਿੰਡ ਉਥੋਂ ਦੇ ਮੁਖੀਆਂ ਦੇ ਘਰਾਂ ਦੇ ਆਲੇ-ਦੁਆਲੇ ਵਸੇ ਹੋਏ ਹਨ।
19ਵੀਂ ਸਦੀ ਦੇ ਸ਼ੁਰੂ ਵਿਚ ਗੈਂਡਾ ਕਬੀਲਿਆਂ ਨੇ ਚੰਗੀ ਤਰ੍ਹਾਂ ਆਪਣੇ ਆਪ ਨੂੰ ਜਥੇਬੰਦ ਕੀਤਾ ਅਤੇ ਇਕ ਯੋਗ ਪ੍ਰਬੰਧ ਪ੍ਰਣਾਲੀ ਚਾਲੂ ਕੀਤੀ ਜਿਸ ਦੇ ਮੁਖੀ ‘ਕਾਬਾਕਾ (ਰਾਜਾ) ਹੁੰਦਾ ਸੀ ਅਤੇ ਇਹੋ ਆਦਮੀ ਧਾਰਮਿਕ ਮੁਖੀ ਅਤੇ ਸਭ ਤੋਂ ਵੱਡਾ ਜੱਜ ਵੀ ਹੁੰਦਾ ਸੀ। ਗਵਰਨਰਾਂ ਅਤੇ ਜ਼ਿਲ੍ਹਿਆਂ ਦੇ ਮੁਖੀਆਂ ਰਾਹੀਂ ਰਾਜਾ ਸਾਰੇ ਰਾਜ ਦਾ ਪ੍ਰਬੰਧ ਕਰਦਾ ਸੀ। ਯੂਗਾਂਡਾ ਪ੍ਰੋਟੈਕਟੋਰੇਟ ਵਿਚ ਗੈਂਡਾ ਨੂੰ ਖਾਸ ਅਧਿਕਾਰ ਅਤੇ ਦਰਜਾ ਮਿਲਿਆ ਹੋਇਆ ਸੀ, ਬਰਤਾਨੀਆ ਦਾ ਪ੍ਰਭਾਵ ਹੋਣ ਤੇ ਵੀ ਇਸ ਦਾ ਇਹ ਰਸੂਖ਼ ਬਣਿਆ ਰਿਹਾ।
ਹ. ਪੁ.––ਐਨ. ਬ੍ਰਿ. ਮਾ. 4 : 405
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 16299, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-17, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First