ਗੋਰੇ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਗੋਰੇ (Goree) : ਸੈਨੇਗਾਲ (ਪੱ. ਅਫ਼ਰੀਕਾ) ਦੇ ਕੇਪ ਵਰਡ ਪ੍ਰਾਇਦੀਪ ਦੇ ਦੱਖਣ ਵੱਲ ਵਾਕਿਆ ਇਹ ਇਕ ਟਾਪੂ ਹੈ। ਇਸ ਦਾ ਕੁਲ ਰਕਬਾ 32 ਹੈਕਟੇਅਰ (88 ਏਕੜ) ਅਤੇ ਆਬਾਦੀ ਲ. 900 (1971) ਹੈ। ਇਹ ਲਾਵੇ ਦੇ ਉਦਗਾਰ ਨਾਲ ਹੋਂਦ ਵਿਚ ਆਇਆ ਹੈ। ਅੱਜਕੱਲ੍ਹ ਇਹ ਸੈਲਾਨੀਆਂ ਲਈ ਇਕ ਦਿਲ ਖਿੱਚਵੀਂ ਥਾਂ ਹੈ। ਇਸਦੀ ਖੂਬਸੂਰਤੀ ਇਸ ਉਪਰਲੇ ਪਹਾੜ ਅਤੇ ਨਾਲ ਲਗਦੇ ਸਮੁੰਦਰ ਕਰਕੇ ਹੋਰ ਵੀ ਵੱਧ ਜਾਂਦੀ ਹੈ। ਇਹ ਪੱਛਮੀ ਅਫ਼ਰੀਕਾ ਵਿਚ ਯੂਰਪੀਆਂ ਦੀ ਸਭ ਤੋਂ ਪੁਰਾਣੀ ਬਸਤੀ ਹੈ। 15ਵੀਂ ਸਦੀ ਦੇ ਮੱਧ ਵਿਚ ਪੁਰਤਗੇਜ਼ੀ ਇਥੇ ਆਏ ਤੇ ਉਨ੍ਹਾਂ ਨੇ ਇਥੋਂ ਦੇ ਵਸਨੀਕਾਂ ਜੋ ਕਿ ਬੰਬਾਰਾ ਜਾਤੀ ਦੇ ਸਨ, ਨੂੰ ਹੋਰਨਾਂ ਥਾਵਾਂ ਤੇ ਭੇਜ ਦਿੱਤਾ ਅਤੇ ਟਾਪੂ ਤੇ ਆਪਣੇ ਕਬਜ਼ਾ ਕਰ ਲਿਆ। ਇਹ ਫ਼੍ਰੈਂਚ ਵੈਸਟ ਅਫ਼ਰੀਕਾ ਦੀ ਰਾਜਧਾਨੀ ਵੀ ਰਿਹਾ। ਫ਼ਰਾਂਸੀਸੀਆਂ ਨੇ 1677 ਵਿਚ ਇਥੇ ਕਬਜ਼ਾ ਕੀਤਾ। ਇਸ ਮਗਰੋਂ ਇਹ ਗੁਲਾਮਾਂ ਦੇ ਵਪਾਰ ਕੇਂਦਰ ਵਜੋਂ ਮਸ਼ਹੂਰ ਹੋ ਗਿਆ। ਨੈਪੋਲੀਅਨ ਦੀਆਂ ਲੜਾਈਆਂ ਦੌਰਾਨ ਇਸ ਉੱਤੇ ਬਰਤਾਨੀਆਂ ਦਾ ਕਬਜ਼ਾ ਹੋ ਗਿਆ ਪਰ 1817 ਵਿਚ ਇਸ ਨੂੰ ਫ਼ਰਾਂਸ ਨੂੰ ਹੀ ਸੌਂਪ ਦਿੱਤਾ ਗਿਆ। ਸੰਨ 1924 ਤੋਂ 1946 ਤੱਕ ਇਹ ਡਾਕਟਰ ਅਤੇ ਇਸ ਦੇ ਮਾਤਹਿਤ ਖੇਤਰ ਵਿਚ ਸ਼ਾਮਲ ਰਿਹਾ। ਸੰਨ 1946 ਵਿਚ ਡਾਕਾਰ ਅਤੇ ਇਸ ਦੇ ਅਧੀਨ ਖੇਤਰਾਂ ਵਿਚ ਇਸ ਟਾਪੂ ਨੂੰ ਵੀ ਸੈਨੇਗਾਲ ਨਾਲ ਜੋੜ ਦਿੱਤਾ ਗਿਆ। ਇਹ ਪ੍ਰਾਚੀਨ ਕਾਲ ਤੋਂ ਮਸ਼ਹੂਰ ਕੁਦਰਤੀ ਬੰਦਰਗਾਹ ਹੁੰਦੀ ਸੀ ਅਤੇ ਇਸ ਦੇ ਨਾਲ ਲਗਦਾ ਸਮੁੰਦਰ ਡਾਕਾਰ ਵੱਲੋਂ ਜਹਾਜ਼ ਖੜਾ ਕਰਨ ਲਈ ਵਰਤਿਆ ਜਾਂਦਾ ਸੀ ਪਰ ਹੁਣ ਡਾਕਾਰ ਅਤੇ ਸੇਂਟ ਲੂਈ ਬੰਦਰਗਾਹਾਂ ਦੇ ਉੱਨਤ ਹੋਣ ਨਾਲ ਇਸ ਟਾਪੂ ਦੀ ਮਹੱਤਤਾ ਪਹਿਲੋ ਜਿੰਨੀ ਨਹੀਂ ਰਹੀ।

          ਗੋਰੇ ਟਾਪੂ ਤੇ ਇਸੇ ਨਾਂ ਦੇ ਸ਼ਹਿਰ ਵਿਚ ਨਾਸਾਓ ਅਤੇ ਸੇਂਟ ਮਾਈਕਲ ਕਿਲੇ ਵੇਖਣ ਨੂੰ ਮਿਲਦੇ ਹਨ।

          ਹ. ਪੁ.––ਐਨ. ਬ੍ਰਿ. ਮਾ. 4 : 636; ਪੈ. ਜੀ. ਡਿੰ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 31457, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.