ਗੋਵਿੰਦ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੋਵਿੰਦ. ਦੇਖੋ, ਗੋਬਿੰਦ. “ਗੋਵਿੰਦ ਗੋਵਿੰਦ ਬਖਾਨੀਐ.” (ਆਸਾ ਮ: ੫) ੨ ਕ੍ਰਿਨ. “ਆਖਹਿ ਗੋਪੀ ਤੈ ਗੋਵਿੰਦ.” (ਜਪੁ) ੩ ਘੇਈ ਗੋਤ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਸੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5137, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੋਵਿੰਦ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਗੋਬਿੰਦ/ਗੋਵਿੰਦ: ਸੰਸਕ੍ਰਿਤ ਮੂਲ ਦੇ ‘ਗੋਵਿੰਦ’ ਸ਼ਬਦ ਦਾ ਅਰਥ ਪ੍ਰਾਚੀਨਾਂ ਨੇ ਆਪਣੇ ਆਪਣੇ ਢੰਗ ਨਾਲ ਕੀਤਾ ਹੈ। ਵਿਉਤਪੱਤੀ ਪੱਖੋਂ ਇਸ ਦਾ ਅਰਥ ਬਣਦਾ ਹੈ ਜੋ ਗਊ ਜਾਂ ਪ੍ਰਿਥਵੀ ਨੂੰ ਪ੍ਰਾਪਤ ਕਰਦਾ ਹੈ। ‘ਭਗਵਦ-ਗੀਤਾ’ (1/32) ਵਿਚ ਅਰਜਨ ਨੇ ਸ਼੍ਰੀ ਕ੍ਰਿਸ਼ਣ ਨੂੰ ‘ਗੋਵਿੰਦ’ ਸ਼ਬਦ ਨਾਲ ਸੰਬੋਧਿਤ ਕੀਤਾ ਹੈ।
‘ਵਿਸ਼ਣੁਤਿਲਕ’ ਨਾਂ ਦੀ ਰਚਨਾ ਵਿਚ ਇਸ ਸ਼ਬਦ ਦੀ ਵਿਉਤਪੱਤੀ ਦਸਦਿਆਂ ਕਿਹਾ ਗਿਆ ਹੈ ਕਿ ਗੋ (ਅਰਥਾਤ ਵੇਦ-ਬਾਣੀ) ਦੁਆਰਾ ਜੋ ਜਾਣਿਆ ਜਾਂਦਾ ਹੈ, ਉਹ ‘ਗੋਵਿੰਦ’ ਅਖਵਾਉਂਦਾ ਹੈ। ‘ਬ੍ਰਹਮਵੈਵਰਤ-ਪੁਰਾਣ’ (ਪ੍ਰਕ੍ਰਿਤੀ ਖੰਡ/24) ਵਿਚ ਵੀ ਕੁਝ ਇਹੋ ਜਿਹੀ ਵਿਉਤਪੱਤੀ ਦਸੀ ਗਈ ਹੈ।
ਮੱਧ-ਯੁਗ ਵਿਚ ਪਹੁੰਚਣ ਤਕ ਇਸ ਦੇ ਦੋ ਅਰਥ ਹੀ ਪ੍ਰਚਲਿਤ ਸਨ— ਇਕ ਸ਼੍ਰੀ ਕ੍ਰਿਸ਼ਣ ਅਤੇ ਦੂਜਾ ਬ੍ਰਹਮ। ਨਿਰਗੁਣਵਾਦੀ ਸੰਤਾਂ ਨੇ ਗੋਵਿੰਦ ਦੇ ਦੂਜੇ ਅਰਥ ਭਾਵ ਬ੍ਰਹਮ ਵਾਚਕ ਵਜੋਂ ਗ੍ਰਹਿਣ ਕੀਤਾ ਹੈ। ‘ਗੀਤ-ਗੋਬਿੰਦ’ ਦੇ ਰਚੈਤਾ ਭਗਤ ਜੈਦੇਵ ਨੇ ਵੀ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਆਪਣੇ ਸ਼ਬਦ ਵਿਚ ਇਸ ਨੂੰ ‘ਬ੍ਰਹਮ’ ਲਈ ਵਰਤਿਆ ਹੈ— ਗੋਬਿੰਦ ਗੋਬਿੰਦੇਤਿ ਜਪਿ ਨਰ ਸਕਲ ਸਿਧਿ ਪਦੰ। (ਗੁ.ਗ੍ਰੰ. 526)।
ਗੁਰਬਾਣੀ ਵਿਚ ‘ਗੋਬਿੰਦ’ ਸ਼ਬਦ ਦੀ ਵਰਤੋਂ ਨਿਰਾਕਾਰ ਬ੍ਰਹਮ ਜਾਂ ਸ੍ਰਿਸ਼ਟੀ-ਕਰਤਾ ਵਜੋਂ ਹੋਈ ਹੈ। ਗੁਰੂ ਅਰਜਨ ਦੇਵ ਜੀ ਨੇ ‘ਥਿਤੀ ’ ਬਾਣੀ ਵਿਚ ਕਿਹਾ ਹੈ— ਆਤਮੁ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ। ਸੰਤ ਪ੍ਰਸਾਦੀ ਭੈ ਮਿਟੇ ਨਾਨਕ ਬਿਨਸੀ ਚਿੰਦ। (ਗੁ.ਗ੍ਰੰ.299)। ਇਸੇ ਬਾਣੀ ਵਿਚ ਇਕ ਹੋਰ ਥਾਂ’ਤੇ ਕਿਹਾ ਹੈ— ਗੁਣ ਗੋਬਿੰਦ ਗੁਪਾਲ ਪ੍ਰਭ ਸਰਨਿ ਪਰਉ ਹਰਿ ਰਾਇ। ਤਾ ਕੀ ਆਸ ਕਲਿਆਣ ਸੁਖ ਜਾ ਤੇ ਸਭੁ ਕਛੁ ਹੋਇ। (ਗੁ.ਗ੍ਰੰ.296)।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4831, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-07, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First