ਗੌਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੌਰ. ਸੰ. ਵਿ—ਗੋਰਾ. ਚਿੱਟਾ। ੨ ਪੀਲੇ ਰੰਗਾ। ੩ ਲਾਲ ਰੰਗਾ। ੪ ਸੰਗ੍ਯਾ—ਸੁਵਰਣ. ਸੋਨਾ । ੫ ਕੇਸਰ । ੬ ਚੰਦ੍ਰਮਾ । ੭ ਹੜਤਾਲ । ੮ ਅ਼ ਗ਼ੌਰ. ਸੋਚ. ਵਿਚਾਰ। ੯ ਖ਼ਿਆਲ. ਧ੍ਯਾਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 42898, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੌਰ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਗੌਰ : ਰਾਜ : ਇਸ ਪੱਛਮੀ ਕੇਂਦਰੀ ਅਫ਼ਗ਼ਾਨਿਸਤਾਨ ਦੀ ਇਕ ਵਲਾਇਤ (ਰਾਜ) ਹੈ। ਇਸ ਦੇ ਉੱਤਰ ਵੱਲ ਫਾਰਯਾਬ ਰਾਜ ਅਤੇ ਜੁਜ਼ਜਾਨ ਰਾਜ : ਪੂਰਬ ਵੱਲ ਬਾਮੀਆਨ ਦੱਖਣ ਵੱਲ ਉਰੁ-ਜ਼ਗਾਨ ਹੈਲਮੰਡ ਅਤੇ ਫਰ੍ਹਾ ਅਤੇ ਪੱਛਮ ਵੱਲ ਹੈਰਾਤ ਅਤੇ ਬਾਡਗਸ ਰਾਜ ਹਨ। ਰਾਜ ਦਾ ਕੁਲ ਖੇਤਰਫ਼ਲ 38658 ਵ. ਕਿ. ਮੀ. (14,926 ਵ. ਮੀਲ) ਅਤੇ ਆਬਾਦੀ 353,494 (1982 ਅੰਦਾ.) ਹੈ। ਫਰ੍ਹਾਰੂਦ, ਹਰੀਰੂਦ ਅਤੇ ਮੋਰਗਾਬ ਦਰਿਆ ਇਸ ਦੇ ਪਹਾੜੀ ਖੇਤਰ ਦੀ ਜਲ-ਨਿਕਾਸੀ ਕਰਦੇ ਹਨ। ਇਥੇ ਜਿਸਤ ਅਤੇ ਸਿੱਕੇ ਦੀ ਖਾਣ-ਖੁਦਾਈ ਕੀਤੀ ਜਾਂਦੀ ਹੈ ਪਰ ਇਥੋਂ ਦੇ ਬਹੁਤੇ ਲੋਕ ਖੇਤੀਬਾੜੀ ਹੀ ਕਰਦੇ ਹਨ। ਪਹਿਲਾਂ ਇਹ ਖੇਤਰ ਦੱਖਣੀ ਪੱਛਮੀ ਏਸ਼ੀਆ ਦੀ ਇਕ ਪੁਰਾਤਨ ਸਲਤਨਤ ਸੀ। 12ਵੀਂ ਤੇ 13ਵੀਂ ਸਦੀ ਵਿਚ ਇਹ ਗੌਰੀ ਖ਼ਾਨਦਾਨ ਦੀ ਵਿਸ਼ਾਲ ਸਲਤਨਤ ਦਾ ਹੀ ਇਕ ਹਿੱਸਾ ਸੀ। ਇਥੋਂ ਦੇ ਰਾਜਕੁਮਾਰਾਂ ਦਾ ਪਹਿਲਾਂ ਜ਼ਿਕਰ 11ਵੀਂ ਸਦੀ ਦੇ ਇਤਿਹਾਸ ਵਿਚ ਆਉਂਦਾ ਹੈ। ਇਥੋਂ ਦੇ ਸ਼ਾਹੀ ਖ਼ਾਨਦਾਨ ਦੀ ਗਜ਼ਨਵੀ ਖ਼ਾਨਦਾਨ ਨਾਲ ਨਜ਼ਦੀਕੀ ਸਾਂਝ ਸੀ। ਇਥੋਂ ਦੇ ਇਕ ਮਹਾਨ ਬਾਦਸ਼ਾਹ ਮੁਹੰਮਦ ਗੌਰੀ ਨੇ 1173 ਵਿਚ ਗਜ਼ਨੀ ਉਤੇ ਅਧਿਕਾਰ ਕਰ ਲਿਆ ਸੀ ਅਤੇ 1186-1206 ਤਕ ਲਗਭਗ ਸਾਰੇ ਉੱਤਰੀ ਭਾਰਤ ਤੇ ਵੀ ਕਬਜ਼ਾ ਕਰ ਲਿਆ ਸੀ।
ਹ. ਪੁ.––ਐਨ. ਬ੍ਰਿ. ਮਾ. 5 : 243; ਵੈ. ਜਿ. ਡਿ.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 31449, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-17, ਹਵਾਲੇ/ਟਿੱਪਣੀਆਂ: no
ਗੌਰ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਗੌਰ : ਸ਼ਹਿਰ––ਇਹ ਭਾਰਤ ਦੇ ਪੱਛਮੀ ਬੰਗਾਲ ਰਾਜ ਦੇ ਮਾਲਦਾ ਜ਼ਿਲ੍ਹੇ ਦਾ ਇਕ ਪੁਰਾਣਾ ਉਜੜਿਆ ਹੋਇਆ ਸ਼ਹਿਰ ਹੈ ਜੋ ਵੱਖ ਵੱਖ ਸਮਿਆਂ ਵਿਚ ਕਈ ਰਾਜਾਂ ਦਾ ਸਦਰ ਮੁਕਾਮ ਰਿਹਾ ਹੈ। ਇਸ ਸ਼ਹਿਰ ਦੇ ਮੁੱਢ ਅਤੇ ਇਤਿਹਾਸ ਬਾਰੇ ਸਪੱਸ਼ਟ ਤੌਰ ਤੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਹ ਜ਼ਰੂਰ ਪਤਾ ਲਗਦਾ ਹੈ ਕਿ ਹਿੰਦੂ ਰਾਜਿਆਂ ਦੇ ਸਮੇਂ ਵਿਚ ਇਹ ਬੰਗਾਲ ਦਾ ਸਦਰ ਮੁਕਾਮ ਸੀ। ਇਥੋਂ ਦੀਆਂ ਸਥਾਨਕ ਰਵਾਇਤਾਂ ਅਨੁਸਾਰ ਇਥੋਂ ਦੇ ਕੁਝ ਖੰਡਰਾਤਾਂ ਨੂੰ ਬਲਾਲ ਸੇਨ ਅਤੇ ਲਕਸ਼ਮਨ ਸੇਨ ਦੇ ਨਾਵਾਂ ਨਾਲ ਜੋੜਿਆ ਜਾਂਦਾ ਹੈ। ਇਨ੍ਹਾਂ ਵਿਚੋਂ ਦੂਜੇ ਦੇ ਨਾਂ ਤੇ ਹੀ ਇਸ ਸ਼ਹਿਰ ਦਾ ਨਾਂ ਲਕਸ਼ਮਨਾਵਤੀ ਜਾਂ ਲਖਨੌਤੀ ਵੀ ਰਿਹਾ ਹੈ। ਗੌਰ ਨਾਂ ਦਾ ਪੁਰਾਤਨਤਾ ਨਾਲ ਵੀ ਕਾਫ਼ੀ ਸਬੰਧ ਰਿਹਾ ਹੈ ਪਰ ਇਸ ਨਾਂ ਦਾ ਸਬੰਧ ਸ਼ਹਿਰ ਨਾਲੋਂ ਇਥੋਂ ਦੇ ਗੌਰੀਆ ਬੰਗਲਾ ਰਾਜ ਨਾਲ ਜ਼ਿਆਦਾ ਸਬੰਧਤ ਹੈ। ਕਨਿੰਘਮ ਅਨੁਸਾਰ ਇਹ ਗੌਰ ਨਾਮ ‘ਗੁੜ’ ਤੋਂ ਬਣਿਆ ਹੈ ਜੋ ਸ਼ੁਰੂ ਤੋਂ ਹੀ ਇਥੇ ਭਾਰੀ ਮਾਤਰਾ ਵਿਚ ਹੁੰਦਾ ਹੈ।
ਗੌਰ ਦਾ ਪਰਮਾਣਿਕ ਇਤਿਹਾਸ ਸੰਨ 1198 ਤੋਂ ਮਿਲਦਾ ਹੈ ਜਦੋਂ ਮੁਸਲਮਾਨਾਂ ਨੇ ਇਸ ਉਤੇ ਕਬਜ਼ਾ ਕੀਤਾ ਅਤੇ ਲਗਭਗ 300 ਸਾਲਾਂ ਤਕ ਇਸ ਸ਼ਹਿਰ ਨੂੰ ਬੰਗਾਲ ਵਿਚ ਆਪਣੀ ਰਾਜਧਾਨੀ ਬਣਾਈ ਰਖਿਆ ਅਤੇ ਇਥੇ ਕਈ ਮਸਜਿਦਾਂ ਅਤੇ ਹੋਰ ਇਮਾਰਤਾਂ ਬਣਵਾਈਆਂ ਸਨ ਜਿਨ੍ਹਾਂ ਵਿਚੋਂ ਕਈ ਅੱਜ ਵੀ ਸੰਤੋਸ਼ਜਨਕ ਹਾਲਤ ਵਿਚ ਸੰਭਾਲੀਆਂ ਹੋਈਆਂ ਹਨ। ਬੰਗਾਲ ਦੇ ਅਫ਼ਗ਼ਾਨ ਰਾਜਿਆਂ ਦੀ ਆਜ਼ਾਦੀ ਸਥਾਪਤ ਹੋ ਜਾਣ ਤੋਂ ਬਾਅਦ ਉਨ੍ਹਾਂ ਨੇ ਪੰਡੂਆ ਵਿਖੇ ਫ਼ਿਰੋਜ਼ਾਬਾਦ ਨਾਮ ਦਾ ਇਕ ਨਵਾਂ ਸ਼ਹਿਰ ਉਸਾਰਿਆ ਤੇ ਆਪਣਾ ਸਦਰ ਮੁਕਾਮ ਉਥੇ ਤਬਦੀਲ ਕਰ ਲਿਆ ਪਰ ਇਸ ਤੋਂ 70 ਸਾਲ ਬਾਅਦ ਹੀ ਜਲਾਲੁੱਦੀਨ ਮੁਹੰਮਦ ਸ਼ਾਹ ਨੇ ਗੌਰ ਨੂੰ ਫਿਰ ਤੋਂ ਆਪਣੀ ਰਾਜਧਾਨੀ ਬਣਾ ਲਿਆ। ਇਸ ਮਗਰੋਂ ਸ਼ਾਹੀ ਨਿਵਾਸ ਗੌਰ ਵਿਚ ਹੀ ਰਿਹਾ ਤੇ ਸ਼ਹਿਰ ਨੂੰ ਕਈ ਨਾਵਾਂ ਨਾਲ ਜਾਣਿਆ ਜਾਣ ਲੱਗਾ ਜਿਵੇਂ ਜਨਅਤਾਬਾਦ, ਫ਼ਤਿਹਾਬਾਦ, ਹੁਸੈਨਾਬਾਦ ਅਤੇ ਨੁਸਰਤਾਬਾਦ। ਇਨ੍ਹਾਂ ਵਿਚੋਂ ਪਹਿਲਾਂ ਨਾਂ ਇਸ ਨੂੰ ਮੁਗ਼ਲ ਬਾਦਸ਼ਾਹ ਹਮਾਯੂੰ ਨੇ 1538 ਈ. ਵਿਚ ਉਸ ਦੀ ਇਥੇ ਰਿਹਾਇਸ਼ ਦੌਰਾਨ ਦਿੱਤਾ ਸੀ। ਸੰਨ 1539 ਵਿਚ ਸ਼ੇਰਸ਼ਾਹ ਨੇ ਬੰਗਾਲ ਉਤੇ ਕਬਜ਼ਾ ਕਰਕੇ ਆਪਣੀ ਰਾਜਧਾਨੀ ਇਥੋਂ ਬਦਲ ਕੇ ਟਾਂਡਾ ਜਾਂ ਟਾਨਰਾ ਲੈ ਆਂਦੀ ਜੋ ਇਸ ਤੋਂ ਦੱਖਣ-ਪੱਛਮ ਵਲ ਕੁਝ ਕਿ. ਮੀ. ਦੀ ਦੂਰੀ ਤੇ ਗੰਗਾ ਦਰਿਆ ਦੀ ਮੁੱਖ ਧਾਰਾਂ ਤੇ ਸਥਿਤ ਸੀ। ਗੰਗਾ ਦਰਿਆ ਉਸ ਸਮੇਂ ਹੌਲੀ ਹੌਲੀ ਪੱਛਮ ਵਲ ਪਿੱਛੇ ਹਟਦਾ ਜਾ ਰਿਹਾ ਸੀ।
ਇਸ ਤੋਂ ਕੁਝ ਸਮੇਂ ਬਾਅਦ ਹੀ ਇਥੇ ਪਲੇਗ ਦੀ ਬੀਮਾਰੀ ਫੈਲ ਗਈ। ਉਦੋਂ ਮੁਨੀਮ ਖ਼ਾਂ ਅਫ਼ਗ਼ਾਨਾਂ ਦੇ ਅਖੀਰਲੇ ਰਾਜੇ ਦਾਉਦ ਸ਼ਾਹ ਨੂੰ ਹਰਾ ਕੇ 1575 ਦੀ ਬਰਸਾਤ ਵਿਚ ਇਥੇ ਪਹੁੰਚਿਆ। ਪਲੇਗ ਕਾਰਨ ਹਜ਼ਾਰਾਂ ਦੀ ਗਿਣਤੀ ਵਿਚ ਫ਼ੌਜੀ ਤੇ ਹੋਰ ਲੋਕ ਮਰੇ। ਪਲੇਗ ਦੀ ਇਸ ਮਹਾਂਮਾਰੀ ਤੋਂ ਬਾਅਦ ਗੌਰ ਫਿਰ ਕਦੇ ਵੀ ਇਸ ਤਰ੍ਹਾਂ ਆਬਾਦ ਨਹੀਂ ਹੋ ਸਕਿਆ ਬੇਸ਼ਕ ਸਮੇਂ ਸਮੇਂ ਤੇ ਕੁਝ ਨਵੀਆਂ ਇਮਾਰਤਾਂ ਜ਼ਰੂਰ ਹੋਂਦ ਵਿਚ ਆਈਆਂ ਜਿਵੇਂ ਨਿਆਮਤ-ਉੱਲਾ-ਵਲੀ (ਜੋ ਗੌਰ ਦੇ ਉਪਨਗਰ ਫਿਰੋਜ਼ਪੁਰ ਦਾ ਇਕ ਸੰਤ ਸੀ) ਦੇ ਚੇਲੇ, ਰਾਜਾ ਸੁਲਤਾਨ ਸੁਜ਼ਾ ਨੇ 1650 ਵਿਚ ਇਸ ਦੇ ਕਿਲੇ ਦਾ ਪੂਰਬੀ ਦਰਵਾਜ਼ਾ ਬਣਵਾਇਆ।
ਸ਼ਹਿਰ ਦੀ ਆਖਰੀ ਤਬਾਹੀ ਉਦੋਂ ਹੋਈ ਜਦੋਂ ਮੁਗ਼ਲ ਵਾਇਸਰਾਏ ਨੇ ਆਪਣੀ ਰਾਜਧਾਨੀ ਨੂੰ ਇਥੋਂ ਬਦਲ ਕੇ ਢਾਕਾ ਅਤੇ ਮੁਰਸ਼ਿਦਾਬਾਦ ਵਿਚ ਲੈ ਆਂਦਾ। ਸੰਨ 1683 ਤਕ ਇਥੋਂ ਦੀਆਂ ਬਹੁਤ ਸਾਰੀਆਂ ਇਮਾਰਤਾਂ ਸਲਾਮਤ ਸਨ। ਇਮਾਰਤਾਂ ਦਾ ਬਹੁਤ ਨੁਕਸਾਨ ਉਦੋਂ ਹੋਇਆ ਜਦੋਂ ਲੋਕਾਂ ਨੇ ਇਨ੍ਹਾਂ ਵਿਚੋਂ ਇੱਟਾਂ, ਪੱਥਰ ਪੁਟ ਕੇ ਆਪਣੇ ਘਰਾਂ ਦੀ ਉਸਾਰੀ ਲਈ ਲੈ ਜਾਣੇ ਸ਼ੁਰੂ ਕਰ ਦਿੱਤੇ। ਬਾਅਦ ਵਿਚ ਬੇਸ਼ਕ ਸਰਕਾਰ ਨੇ ਇਸ ਉਤੇ ਪਾਬੰਦੀ ਲਗਾ ਦਿੱਤੀ ਪਰ ਉਦੋਂ ਤਕ ਲੋਕ ਬਹੁਤ ਨੁਕਸਾਨ ਕਰ ਚੁੱਕੇ ਸਨ।
ਸੰਨ 1810 ਵਿਚ ਡਾ. ਹੈਮਿਲਟਨ ਇਥੇ ਆਇਆ ਤਾਂ ਉਸ ਨੇ ਇਨ੍ਹਾਂ ਖੰਡਰਾਤਾਂ ਤੋਂ ਸ਼ਹਿਰ ਬਾਰੇ ਜੋ ਅਨੁਮਾਨ ਲਾਇਆ ਉਹ ਇਸ ਤਰ੍ਹਾਂ ਹੈ––
ਸ਼ਹਿਰ ਇਸ ਦੇ ਉਪਨਗਰਾਂ ਸਮੇਤ ਲਗਭਗ 56 ਤੋਂ 77 ਵ. ਕਿ. ਮੀ. ਵਿਚ ਫੈਲਿਆ ਹੋਇਆ ਸੀ ਤੇ ਸ਼ਹਿਰ ਦਾ ਆਪਣਾ ਖੇਤਰਫਲ (ਉਪਨਗਰਾਂ ਤੋਂ ਇਲਾਵਾ) ਲਗਭਗ 35 ਵ. ਕਿ. ਮੀ. ਸੀ। ਇਸ ਦੇ ਪੱਛਮ ਵੱਲ ਗੰਗਾ ਦਰਿਆ, ਪੂਰਬ ਵੱਲ ਮਹਾਂ ਨੰਦਾ ਦਰਿਆ ਹੈ। ਦੱਖਣ ਵੱਲ ਮਹਾਂਨੰਦਾ ਅਤੇ ਗੰਗਾ ਦਰਿਆ ਦਾ ਸੰਗਮ ਵਾਲਾ ਸਥਾਨ ਹੈ ਤੇ ਬਾਹਰੀ ਹਮਲਿਆਂ ਤੋਂ ਇਨ੍ਹਾਂ ਤਿੰਨਾਂ ਪਾਸਿਆਂ ਤੋਂ ਸ਼ਹਿਰ ਸੁਰੱਖਿਅਤ ਹੈ। ਕੇਵਲ ਉੱਤਰ ਵਲੋਂ ਸੁਰੱਖਿਆ ਲਈ ਕਿਲੇ ਦੀ ਦੀਵਾਰ ਵਗੈਰਾ ਬਣਾਉਣ ਦੀ ਲੋੜ ਸੀ। ਇਸ ਲਈ ਇਥੇ ਲਗਭਗ 10 ਕਿ. ਮੀ. ਲੰਬੀ ਇਕ ਗੜ੍ਹੀ ਵਾਲੀ ਦੀਵਾਰ ਬਣਾਈ ਹੋਈ ਹੈ ਜੋ ਹੇਠਾਂ ਤੋਂ ਲਗਭਗ 30 ਮੀ. ਚੌੜੀ ਸੀ। ਇਸ ਦੀਵਾਰ ਤੇ ਉੱਤਰ-ਪੂਰਬ ਵੱਲ ਸੁਰਖਿਆ ਪਖੋਂ ਇਕ ਮਜਬੂਤ ਗੇਟ ਬਣਾਇਆ ਹੋਇਆ ਸੀ। ਇਸ ਦੇ ਉੱਤਰ ਵੱਲ ਬਲਾਲ ਸੇਨ ਦੇ ਮਹਿਲ ਦੇ ਖੰਡਰਾਤ ਹਨ। ਦੀਵਾਰ ਦੇ ਪਿਛੇ ਸ਼ਹਿਰ ਦਾ ਉੱਤਰੀ ਉਪ ਨਗਰ ਸੀ ਜੋ 5016.78 ਵ. ਮੀ. ਵਿਚ ਗੋਲੇ ਦੇ ਚੌਥੇ ਹਿੱਸੇ ਦੇ ਆਕਾਰ ਦੀ ਸ਼ਕਲ ਵਿਚ ਫੈਲਿਆ ਹੋਇਆ ਸੀ। ਪੂਰਬੀ ਹਿੱਸਾ ਹੁਣ ਦਲਦਲ ਨਾਲ ਭਰਿਆ ਹੋਇਆ ਹੈ ਪਰ ਭਾਗੀਰਥੀ ਦਰਿਆ ਦੇ ਨੇੜੇ ਦੇ ਪੱਛਮੀ ਹਿੱਸੇ ਵਿਚ ਬਹੁਤ ਸਾਰੀਆਂ ਸਰਕਾਰੀ ਇਮਾਰਤਾਂ ਦੇ ਖੰਡਰਾਤ ਹਨ। ਇਥੇ ਹੀ ਬੰਗਾਲ ਦਾ ਸਭ ਤੋਂ ਮਸ਼ਹੂਰ ਪਾਣੀ ਦਾ ਨਕਲੀ ਭੰਡਾਰ ‘ਸਾਗਰ ਦਿਘੀ’ ਹੈ। ਇਸ ਦੇ ਕੰਢੇ ਦੇ ਬਹੁਤ ਸਾਰੀਆਂ ਮੁਗ਼ਲ ਇਮਾਰਤਾਂ ਸਨ। ਇਸ ਦੇ ਨਜ਼ਦੀਕ ਹੀ ਹਿੰਦੂਆਂ ਦੇ ਦੋ ਤੀਰਥ-ਸਥਾਨ-ਸਾਧੁਲਪੁਰ ਘਾਟ ਅਤੇ ਦੁਆਰਬਾਸਿਨੀ ਹਨ। ਇਸ ਦੇ ਇਕ ਦਮ ਦੱਖਣ ਵਲ ਸ਼ਹਿਰ ਦਾ ਖੇਤਰ ਹੈ। ਸ਼ਹਿਰ ਦੇ ਉਪਨਗਰਾਂ ਵਾਲੇ ਪਾਸੇ ਅਤੇ ਗੰਗਾ ਦਰਿਆ ਵੱਲ (ਦਰਿਆ ਦੀ ਢਾਹ ਤੋਂ ਬਚਾਉਣ ਲਈ) ਬੜੀ ਮਜਬੂਤ ਦੀਵਾਰ ਅਤੇ ਖਾਈ ਬਣਾਈ ਹੋਈ ਹੈ। ਭਾਗੀਰਥੀ ਦਰਿਆ ਦੇ ਕੰਢੇ ਤੋਂ ਦੱਖਣ ਵੱਲ ਮੁਗ਼ਲਾਂ ਦਾ ਬਣਾਇਆ ਇਕ ਕਿਲਾ ਹੈ। ਇਸ ਦੇ ਦੁਆਲੇ ਵੀ ਇਕ ਕੱਚੀ ਦੀਵਾਰ ਹੈ। ਇਸ ਦੀਵਾਰ ਦੇ ਉੱਤਰ ਵੱਲ ਦਾਖਿਲ ਦਰਵਾਜ਼ਾ ਸੀ। ਕਿਲੇ ਦੀ ਦੱਖਣ-ਪੂਰਬੀ ਗੁੱਠ ਵਿਚ ਮਹਿਲ ਬਣਿਆ ਹੋਇਆ ਸੀ। ਇਸ ਦੇ ਦੁਆਲੇ ਵੀ ਦੀਵਾਰ ਬਣੀ ਹੋਈ ਸੀ ਜਿਸ ਦਾ ਕੇਵਲ ਕੁਝ ਹਿੱਸਾ ਹੀ ਹੁਣ ਮੌਜੂਦ ਹੈ। ਇਸ ਤੋਂ ਥੋੜ੍ਹਾ ਉੱਤਰ ਵਲ ਸ਼ਾਹੀ ਸਤੰਭ ਹਨ। ਜ਼ਿਲ੍ਹੇ ਦੀ ਪੂਰਬੀ ਦੀਵਾਰ ਦੇ ਬਾਹਰ ਇਕ ਕਾਫ਼ੀ ਵੱਡਾ ਸਮਾਧਾਂ ਹੈ ਜਿਸ ਨੂੰ ਫਿਰੋਜ਼ ਮਿਨਾਰ ਕਿਹਾ ਜਾਂਦਾ ਹੈ ਇਸ ਤੋਂ ਦੂਰ ਕਿਲੇ ਦੀ ਪੂਰਬੀ ਦੀਵਾਰ ਦੇ ਨਾਲ ਦੋ ਲੋਟਨ ਮਸਜਿਦਾਂ ਹਨ। ਉਪਰੋਕਤ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਮਹੱਤਵਪੂਰਨ ਇਮਾਰਤਾਂ ਸਨ। ਇਨ੍ਹਾਂ ਇਮਾਰਤਾਂ ਦੇ ਖੰਡਰਾਂ ਨੂੰ ਸੰਨ 1900 ਤੋਂ ਸਰਕਾਰ ਨੇ ਸੰਭਾਲਣ ਦੀ ਕੋਸ਼ਿਸ਼ ਕੀਤੀ।
ਹ. ਪੁ.––ਇੰਪ. ਗ. ਇੰਡ. 12 : 186
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 31447, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-17, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First