ਗ੍ਰਹਿਣ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗ੍ਰਹਿਣ (ਨਾਂ,ਪੁ) ਸੂਰਜ ਜਾਂ ਚੰਦਰਮਾ ਦੇ ਆਵਰਣ (ਓਹਲੇ) ਵਿੱਚ ਆ ਜਾਣ ਦੀ ਦਸ਼ਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5643, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਗ੍ਰਹਿਣ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗ੍ਰਹਿਣ [ਨਾਂਪੁ] (ਭੂਗੋ) ਕਬੂਲਣ ਦਾ ਭਾਵ, ਲੈਣ ਦਾ ਭਾਵ, ਫੜਨ ਦਾ ਭਾਵ, ਪ੍ਰਵਾਨ ਕਰਨ ਦਾ ਭਾਵ; ਚੰਦ ਅਤੇ ਸੂਰਜ ਦੇ ਵਿਚਕਾਰ ਧਰਤੀ ਦੇ ਆ ਜਾਣ ਕਾਰਨ ਜਾਂ ਸੂਰਜ ਅਤੇ ਧਰਤੀ ਦੇ
ਵਿਚਕਾਰ ਚੰਦ ਦੇ ਆ ਜਾਣ ਕਾਰਨ ਸੂਰਜ ਜਾਂ ਚੰਦ ਦਾ ਕੁਝ ਹਿੱਸਾ ਜਾਂ ਸਾਰਾ ਹੀ ਛੁਪ ਜਾਣ ਦਾ ਭਾਵ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5641, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗ੍ਰਹਿਣ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ
ਗ੍ਰਹਿਣ : ਬ੍ਰਹਿਮੰਡ ਵਿਚ ਘੁੰਮਦੇ-ਘੁੰਮਦੇ ਨਛੱਤਰ ਜਾਂ ਗ੍ਰਹਿ ਜਦੋਂ ਇਕ ਦੂਸਰੇ ਦੇ ਵਿਚਕਾਰ ਆ ਜਾਂਦੇ ਹਨ ਤਾਂ ਅਜਿਹੀ ਹਾਲਤ ਵਿਚ ਰੌਸ਼ਨੀ ਪੂਰੀ ਜਾਂ ਅੰਸ਼ਿਕ ਤੌਰ ਤੇ ਰੁਕਦੀ ਹੈ। ਇਸ ਸਥਿਤੀ ਨੂੰ ਗ੍ਰਹਿਣ ਕਿਹਾ ਜਾਂਦਾ ਹੈ। ਗ੍ਰਹਿਣ ਸੂਰਜ ਅਤੇ ਚੰਦਰਮਾ ਦੋਹਾਂ ਨੂੰ ਹੀ ਲਗਦੇ ਹਨ। ਆਮ ਤੌਰ ਤੇ ਸੂਰਜ-ਗ੍ਰਹਿਣ ਦੇ ਮੁਕਾਬਲੇ ਚੰਨ ਗ੍ਰਹਿਣ ਜ਼ਿਆਦਾ ਦਿਸਦੇ ਹਨ। ਉਂਞ ਸੂਰਜ ਗ੍ਰਹਿਣਾਂ ਦੀ ਗਿਣਤੀ ਚੰਨ ਗ੍ਰਹਿਣਾਂ ਨਾਲੋਂ ਜ਼ਿਆਦਾ ਹੁੰਦੀ ਹੈ। ਇਸ ਦਾ ਕਾਰਨ ਇਹ ਹੈ ਕਿ ਚੰਨ ਗ੍ਰਹਿਣ ਧਰਤੀ ਦੇ ਅੱਧੇ ਤੋਂ ਜ਼ਿਆਦਾ ਹਿੱਸੇ ਵਿਚ ਦਿਖਾਈ ਦਿੰਦੇ ਹਨ ਜਦੋਂ ਕਿ ਸੂਰਜ ਗ੍ਰਹਿਣ ਧਰਤੀ ਤੇ ਬਹੁਤ ਥੋੜ੍ਹੇ ਹਿੱਸੇ ਵਿਚ ਹੀ ਦਿਸਦੇ ਹਨ। ਤਿੰਨ ਚੰਨ ਗ੍ਰਹਿਣਾਂ ਪਿੱਛੇ ਚਾਰ ਸੂਰਜ ਗ੍ਰਹਿਣ ਲਗਦੇ ਹਨ।
ਜਦੋਂ ਚੰਦਰਮਾ ਧਰਤੀ ਅਤੇ ਸੂਰਜ ਦੇ ਵਿਚਕਾਰ ਆ ਜਾਂਦਾ ਹੈ ਤਾਂ ਸੂਰਜ ਦੀਆਂ ਕਿਰਨਾਂ ਧਰਤੀ ਦੇ ਕੁਝ ਹਿੱਸਿਆਂ ਵਿਚ ਪਹੁੰਚਣ ਤੋਂ ਅਸਮਰੱਥ ਹੁੰਦੀਆਂ ਹਨ ਅਤੇ ਧਰਤੀ ਦੇ ਉਨ੍ਹਾਂ ਹਿੱਸਿਆ ਉੱਤੇ ਸੂਰਜ ਗ੍ਰਹਿਣ ਲਗਦਾ ਹੈ। ਉਸ ਸਮੇਂ ਸੂਰਜ ਉੱਤੇ ਦਿਸਣ ਵਾਲਾ ਕਾਲਾ ਚੱਕਰ ਚੰਦਰਮਾ ਦਾ ਹੁੰਦਾ ਹੈ।
ਜਦੋਂ ਸੂਰਜ ਅਤੇ ਚੰਦਰਮਾ ਦੇ ਵਿਚਕਾਰ ਧਰਤੀ ਆ ਜਾਂਦੀ ਹੈ ਤਾਂ ਚੰਨ ਗ੍ਰਹਿਣ ਲਗਦਾ ਹੈ। ਚੰਨ ਗ੍ਰਹਿਣ ਦੇ ਸਮੇਂ ਜਿਹੜਾ ਕਾਲਾ ਚੱਕਰ ਚੰਦਰਮਾ ਨੂੰ ਢਕਦਾ ਦਿਖਾਈ ਦਿੰਦਾ ਹੈ ਉਹ ਧਰਤੀ ਦੇ ਪਰਛਾਵੇ ਦਾ ਹੁੰਦਾ ਹੈ। ਚੰਦਰਮਾ ਜਦੋਂ ਇਸ ਪਰਛਾਵੇਂ ਵਿਚੋਂ ਹੋ ਕੇ ਜਾਂਦਾ ਹੈ ਤਾਂ ਧਰਤੀ ਦੇ ਖੱਬੇ ਪਾਸੇ ਵਾਲੇ ਅੱਧੇ ਹਿੱਸੇ ਵਿਚ ਰਹਿਣ ਵਾਲੇ ਲੋਕਾਂ ਨੂੰ ਚੰਨ ਗ੍ਰਹਿਣ ਦਿਸਦਾ ਹੈ।
ਧਰਤੀ ਦਾ ਜਿਹੜਾ ਪਰਛਾਵਾਂ ਚੰਦਰਮਾ ਤੇ ਪੈਂਦਾ ਹੈ ਉਹ ਆਮ ਪਰਛਾਵੇਂ ਨਾਲੋਂ ਵੱਖਰੀ ਕਿਸਮ ਦਾ ਹੁੰਦਾ ਹੈ। ਚੰਨ ਗ੍ਰਹਿਣ ਦੇ ਸਮੇਂ ਧਰਤੀ ਦੇ ਪਰਛਾਵੇਂ ਦਾ ਰੂਪ ਕਾਲੇ ਠੋਸ ਕੋਨ ਵਰਗਾ ਹੁੰਦਾ ਹੈ। ਆਕਾਸ਼ ਵਿਚ ਫੈਲਿਆ ਧਰਤੀ ਦਾ ਇਹ ਪਰਛਾਵਾਂ ਤਕਰੀਬਨ 13,79,210 ਕਿ. ਮੀ. ਲੰਬਾ ਹੁੰਦਾ ਹੈ। ਇਸ ਦੀ ਲੰਬਾਈ ਧਰਤੀ ਅਤੇ ਸੂਰਜ ਦੇ ਦਰਮਿਆਨ ਦੀ ਦੂਰੀ ਉੱਤੇ ਨਿਰਭਰ ਕਰਦੀ ਹੈ। ਕਿਉਂਕਿ ਇਹ ਦੂਰੀ ਘਟਦੀ-ਵਧਦੀ ਰਹਿੰਦੀ ਹੈ, ਇਸ ਕਰਕੇ ਇਹ ਪਰਛਾਵਾਂ ਵੀ ਲਗਭਗ, 14,01,740 ਕਿ. ਮੀ. ਤੱਕ ਅਤੇ ਕਦੇ ਘਟ ਕੇ ਲਗਭਗ 13,56,680 ਕਿ. ਮੀ. ਲੰਬਾ ਰਹਿ ਜਾਂਦਾ ਹੈ। ਕੋਨ ਰੂਪੀ ਇਸ ਪਰਛਾਵੇਂ ਨੂੰ ਅੰਬਰਾ ਕਹਿੰਦੇ ਹਨ। ਇਸ ਦੇ ਨਾਲ ਨਾਲ ਇਕ ਕੋਨ ਰੂਪੀ ਉਪ-ਪਰਛਾਵਾਂ ਵੀ ਹੁੰਦਾ ਹੈ ਜਿਸ ਨੂੰ ਪਨੰਬਰਾ ਕਹਿੰਦੇ ਹਨ। ਅੰਬਰਾ ਵਾਲੇ ਹਿੱਸੇ ਵਿਚ ਆਉਣ ਵਾਲੇ ਲੋਕਾਂ ਨੂੰ ਪੂਰਨ ਗ੍ਰਹਿਣ ਅਤੇ ਪਨੰਬਰਾ ਵਾਲਿਆਂ ਨੂੰ ਅਪੂਰਨ ਗ੍ਰਹਿਣ ਦਿਸਦਾ ਹੈ, ਕਿਉਂਕਿ ਪਨੰਬਰਾ ਜਾਂ ਉਪ-ਪਰਛਾਵੇਂ ਵਿਚ ਕੁਝ ਰੋਸ਼ਨੀ ਪਹੁੰਚਦੀ ਰਹਿੰਦੀ ਹੈ।
ਚੰਨ ਗ੍ਰਹਿਣ ਹਮੇਸ਼ਾ ਪੂਰਨਮਾਸ਼ੀ ਦੀ ਰਾਤ ਨੂੰ ਲਗਦਾ ਹੈ। ਇਸ ਦਾ ਕਾਰਨ ਇਹ ਹੈ ਕਿ ਧਰਤੀ ਦਾ ਪਰਛਾਵਾਂ ਚੰਦਰਮਾ ਉੱਤੇ ਤਾਂ ਹੀ ਪੈ ਸਕਦਾ ਹੈ ਜਦੋਂ ਚੰਦਰਮਾ, ਧਰਤੀ ਅਤੇ ਸੂਰਜ ਤਿੰਨੇ ਇਕ ਸਿੱਧੀ ਰੇਖਾ ਵਿਚ ਹੋਣ। ਅਜਿਹਾ ਸਿਰਫ਼ ਪੂਰਨਮਾਸ਼ੀ ਦੇ ਸਮੇਂ ਹੀ ਹੁੰਦਾ ਹੈ। ਚੰਦਰਮਾ ਆਪਣੇ ਪਥ ਦੁਆਲੇ ਚੱਕਰ ਕਟਦਾ ਹੋਇਆ ਜਦੋਂ ਧਰਤੀ ਦੇ ਪਨੰਬਰਾ ਵਿਚ ਦਾਖ਼ਲ ਹੁੰਦਾ ਹੈ, ਉਸ ਸਮੇਂ ਕੋਈ ਖ਼ਾਸ ਤਬਦੀਲੀ ਆਉਂਦੀ ਨਹੀਂ ਦਿਸਦੀ ਪਰ ਜਿਉਂ ਹੀ ਉਹ ਧਰਤੀ ਦੇ ਅੰਬਰਾ ਦੇ ਨੇੜੇ ਆਉਂਦਾ ਹੈ, ਉਸ ਉੱਤੇ ਗ੍ਰਹਿਣ ਪ੍ਰਤੀਤ ਹੋਣ ਲਗਦਾ ਹੈ ਅਤੇ ਜਦੋਂ ਉਸ ਦਾ ਸਾਰਾ ਹਿੱਸਾ ਪਰਛਾਵੇਂ ਦੇ ਅੰਦਰ ਆ ਜਾਂਦਾ ਹੈ ਤਾਂ ਪੂਰਨ ਗ੍ਰਹਿਣ ਜਾਂ ਪੂਰਨਗ੍ਰਾਸ ਚੰਨ ਗ੍ਰਹਿਣ ਲਗਦਾ ਹੈ।
ਗ੍ਰਹਿਣ ਦੇ ਸਮੇਂ ਵੀ ਚੰਦਰਮਾ ਪੂਰੀ ਤੌਰ ਤੇ ਅੱਖਾਂ ਤੋਂ ਓਝਲ ਨਹੀਂ ਹੋ ਜਾਂਦਾ ਸਗੋਂ ਧੁੰਦਲਾ ਜਿਹਾ ਤਾਂਬੇ ਰੰਗਾ ਦਿਸਦਾ ਹੈ। ਇਸ ਦਾ ਕਾਰਨ ਇਹ ਹੈ ਕਿ ਸੂਰਜ ਦੀਆਂ ਕਿਰਨਾਂ ਧਰਤੀ ਦੇ ਵਾਯੂਮੰਡਲ ਦੁਆਰਾ ਪ੍ਰਾਵਰਤਿਤ ਹੋ ਕੇ ਮੁੜ ਜਾਂਦੀਆਂ ਹਨ ਅਤੇ ਚੰਦਰਮਾ ਤੱਕ ਪਹੁੰਚ ਜਾਂਦੀਆਂ ਹਨ। ਇਨ੍ਹਾਂ ਕਿਰਨਾਂ ਸਦਕਾ ਹੀ ਪੂਰਨ ਗ੍ਰਹਿਣ ਸਮੇਂ ਵੀ ਚੰਦਰਮਾ ਦਿਖਾਈ ਦਿੰਦਾ ਹੈ। ਕੁਝ ਕਿਰਨਾਂ ਜਦੋਂ ਧਰਤੀ ਦੇ ਵਾਯੂਮੰਡਲ ਵਿਚ ਜਜ਼ਬ ਹੋ ਜਾਂਦੀਆਂ ਹਨ ਅਤੇ ਜੋ ਕਿਰਨਾਂ ਬਾਕੀ ਬਚਦੀਆਂ ਹਨ ਉਹ ਲਾਲ ਰੰਗ ਦੀਆਂ ਹੁੰਦੀਆਂ ਹਨ। ਇਹੀ ਕਿਰਨਾਂ ਉਸ ਸਮੇਂ ਚੰਦਰਮਾ ਉੱਤੇ ਪੈਂਦੀਆਂ ਹਨ ਜਿਸ ਕਰਕੇ ਉਹ ਪੂਰਨ ਗ੍ਰਹਿਣ ਸਮੇਂ ਲਾਲ ਰੰਗ ਦਾ ਦਿਖਾਈ ਦਿੰਦਾ ਹੈ।
ਗ੍ਰਹਿਣ ਦਾ ਸਮਾਂ ਚੰਦਰਮਾ ਅਤੇ ਧਰਤੀ ਦੇ ਵਿਚਕਾਰ ਦੀ ਦੂਰੀ ਉੱਤੇ ਨਿਰਭਰ ਕਰਦਾ ਹੈ। ਕਈ ਵਾਰ ਧਰਤੀ ਦਾ ਪਰਛਾਵਾਂ ਉਸ ਹਿੱਸੇ ਉੱਤੇ ਜਿੱਥੇ ਚੰਦਰਮਾ ਉਸ ਨੂੰ ਪਾਰ ਕਰਦਾ ਹੈ, ਚੰਦਰਮਾ ਦੇ ਵਿਆਸ ਦੇ ਤਿੰਨ-ਗੁਣੇ ਤੋਂ ਵੀ ਵੱਧ ਹੁੰਦਾ ਹੈ। ਜਿੰਨਾ ਜ਼ਿਆਦਾ ਚੌੜਾ ਪਰਛਾਵਾਂ ਹੋਵੇਗਾ ਉੱਨਾ ਹੀ
ਵੱਧ ਸਮੇਂ ਤੱਕ ਚੰਦ ਗ੍ਰਹਿਣ ਰਹਿੰਦਾ ਹੈ। ਗ੍ਰਹਿਣ ਦਾ ਪੂਰਾ ਸਮਾਂ ਚਾਰ ਘੰਟੇ ਹੋ ਸਕਦਾ ਹੈ ਪਰ ਆਮ ਤੌਰ ਤੇ ਪੂਰਨ ਗ੍ਰਹਿਣ ਕਾਫ਼ੀ ਘੱਟ ਸਮੇਂ ਤੱਕ ਰਹਿੰਦਾ ਹੈ।
ਗ੍ਰਹਿਣ ਦੇ ਸਮੇਂ ਰੌਸ਼ਨੀ ਦੇ ਨਾਲ ਨਾਲ ਚੰਦਰਮਾ ਦੀ ਗਰਮੀ ਵੀ ਘੱਟ ਹੁੰਦੀ ਹੈ। ਜਿਸ ਸਮੇਂ ਪੂਰਨ ਗ੍ਰਹਿਣ ਲੱਗ ਚੁੱਕਦਾ ਹੈ ਉਸ ਸਮੇਂ ਤੱਕ ਕੋਈ 98% ਤੋਂ ਵੀ ਜ਼ਿਆਦਾ ਗਰਮੀ ਲੁਪਤ ਹੋ ਚੁੱਕੀ ਹੁੰਦੀ ਹੈ ਪਰ ਜਿਉਂ ਹੀ ਚੰਦਰਮਾ ਪਰਛਾਵੇਂ ਤੋਂ ਬਾਹਰ ਆਉਂਦਾ ਹੈ ਉਸ ਦੀ ਗਰਮੀ ਉੱਨੀ ਤੇਜ਼ੀ ਨਾਲ ਹੀ ਫਿਰ ਵੱਧਣ ਲਗਦੀ ਹੈ ਜਿੰਨੀ ਤੇਜ਼ੀ ਨਾਲ ਇਹ ਘਟੀ ਸੀ। ਚੰਨ ਗ੍ਰਹਿਣ ਹਰ ਸਾਲ ਘੱਟੋ ਘੱਟ ਦੋ ਗ੍ਰਹਿਣ ਜ਼ਰੂਰੀ ਹਨ। ਜਿਸ ਸਾਲ ਸਿਰਫ ਦੋ ਹੀ ਗ੍ਰਹਿਣ ਹੋਣਗੇ ਉਹ ਦੋਵੇਂ ਸੂਰਜ ਗ੍ਰਹਿਣ ਹੀ ਹੋਣਗੇ।
ਬਹੁਤ ਸਾਰੇ ਲੋਕਾਂ ਨੂੰ ਗ੍ਰਹਿਣ ਦਾ ਅਸਲ ਕਾਰਨ ਨਹੀਂ ਪਤਾ, ਉਨ੍ਹਾ ਨੇ ਇਸ ਨਾਲ ਕਈ ਧਾਰਮਿਕ ਗੱਲਾਂ ਅਤੇ ਵਹਿਮ ਜੋੜੇ ਹੋਏ ਹਨ।
ਗ੍ਰਹਿਣ ਸਿਰਫ਼ ਚੰਨ ਅਤੇ ਸੂਰਜ ਨੂੰ ਹੀ ਨਹੀਂ ਲਗਦੇ ਸਗੋਂ ਹੋਰ ਗ੍ਰਹਿਆਂ ਅਤੇ ਉਪ-ਗ੍ਰਹਿਆਂ ਨੂੰ ਵੀ ਲਗਦੇ ਹਨ।
ਹ. ਪੁ. ਹਿੰ. ਵਿ. 4 : 61; ਐਨ. ਬ੍ਰਿ. 7 : 905
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4318, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-06, ਹਵਾਲੇ/ਟਿੱਪਣੀਆਂ: no
ਗ੍ਰਹਿਣ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗ੍ਰਹਿਣ, (ਸੰਸਕ੍ਰਿਤ : ग्रहण) \ ਪੁਲਿੰਗ : ੧. ਜ਼ਮੀਨ ਆਦਿ ਕਿਸੇ ਚੀਜ਼ ਦੇ ਸਾਹਮਣੇ ਆਉਣ ਤੇ ਸੂਰਜ, ਚੰਦ ਆਦਿ ਗ੍ਰਹਿਆਂ ਦੀ ਰੌਸ਼ਨੀ ਦਾ ਕੁੱਝ ਹਿੱਸਾ ਕਟ ਜਾਣ ਕਾਰਨ ਇਹ ਗ੍ਰਹਿ ਕੁੱਝ ਕੁ ਕਾਲੇ ਕਾਲੇ ਵਿਖਾਈ ਦਿੰਦੇ ਹਨ, ਇਸ ਛਾਉਂ ਜਾ ਅਕਸ ਪੈਣ ਦੀ ਕਿਰਿਆ ਨੂੰ ਗ੍ਰਹਿਣ ਆਖਦੇ ਹਨ, ਪੁਰਾਣਾਂ ਵਿੱਚ ਗ੍ਰਹਿਣ ਦਾ ਕਾਰਨ ਰਾਹੂ ਅਤੇ ਕੇਤੂ ਕਰਕੇ ਸੂਰਜ ਅਤੇ ਚੰਦਰ ਦਾ ਗ੍ਰਸੇ ਜਾਣਾ ਮੰਨਿਆ ਹੈ ਪਰ ਅਸਲ ਵਿੱਚ ਸੂਰਜ ਅਤੇ ਚੰਦ ਦੇ ਵਿਚਕਾਰ ਧਰਤੀ ਦੇ ਆਉਣ ਕਰਕੇ ਚੰਦ ਗ੍ਰਹਿਣ ਅਤੇ ਸੂਰਜ ਤੇ ਧਰਤੀ ਦੇ ਵਿਚਕਾਰ ਚੰਦ ਆ ਜਾਣ ਕਾਰਨ ਸੂਰਜ ਗ੍ਰਹਿਣ ਹੁੰਦਾ ਹੈ। ਸੂਰਜ ਗ੍ਰਹਿਣ ਕੇਵਲ ਅਮਾਵਸ ਨੂੰ ਅਤੇ ਚੰਦ ਗਰਹਿਣ ਕੇਵਲ ਪੂਰਨਮਾਸ਼ੀ ਦੀ ਰਾਤ ਨੂੰ ਹੋਇਆ ਕਰਦਾ ਹੈ। ਗ੍ਰਹਿਣ ਸਮੇਂ ਸੂਰਜ ਅਤੇ ਚੰਦ ਨੂੰ ਵਿਪਤਾ ਤੋਂ ਛੁਡਾਉਣ ਲਈ ਹਿੰਦੂ ਲੋਕ ਦਾਨ ਅਤੇ ਜਪ ਵੀ ਕਰਦੇ ਹਨ ਅਤੇ ਖਾਣ ਪੀਣ ਤੋਂ ਪਰਹੇਜ਼ ਕਰਦੇ ਹਨ (ਲਾਗੂ ਕਿਰਿਆ ਹੱਟਣਾ,ਲੱਗਣਾ); ੨. ਸੂਰਜ ਜਾਂ ਚੰਦਰਮਾਂ ਉਤੇ ਛਾਇਆ ਪੈ ਜਾਣ ਦੀ ਕਿਰਿਆ; ੩. ਫੜਨ ਜਾਂ ਪਕੜਨ ਦੀ ਕਿਰਿਆ, ਭਾਵ ਕੈਦ ਜਾਂ ਗਰਿਫ਼ਤਾਰ ਕਰਨ ਦੀ ਕਿਰਿਆ; ੪.ਕਬੂਲਣ,ਲੈਣ ਜਾਂ ਪਰਵਾਨ ਕਰਨ ਦਾ ਭਾਵ,5 ਅਰਥਾਂ ਦੇ ਸਮਝਣ ਦੀ ਕਿਰਿਆ (ਲਾਗੂ ਕਿਰਿਆ : ਕਰਨਾ)
–ਗ੍ਰਹਿਣਸ਼ੀਲਤਾ, ਇਸਤਰੀ ਲਿੰਗ : ਗ੍ਰਹਿਣ ਕਰਨ ਦਾ ਗੁਣ, ਕਬੂਲਣ ਜਾਂ ਸਵੀਕਾਰ ਕਰਨ ਦੀ ਸਿਫ਼ਤ
–ਗ੍ਰਹਿਣ ਯੋਗ, ਵਿਸ਼ੇਸ਼ਣ :੧. ਕਬੂਲਣ ਯੋਗ, ਸਵੀਕਾਰ ਕਰਨ ਯੋਗ, ਮੰਨਣ ਯੋਗ, ਵਾਜਬ; ੨. ਪਰਾਪਤ ਕਰਨ ਯੋਗ
–ਗ੍ਰਹਿਣਿਆ ਜਾਣਾ, ਮੁਹਾਵਰਾ : ਗ੍ਰਹਿਣ ਦਾ ਅਸਰ ਪੈਣਾ, ਵਿਸ਼ੇਸ਼ ਕਰਕੇ ਗਰਭਵਤੀ ਦੇ ਪੇਟ ਵਾਲੇ ਬੱਚੇ ਤੇ ਅਸਰ ਪੈਣਾ
–ਪਾਣੀਗ੍ਰਹਿਣ ਕਰਨਾ, ਮੁਹਾਵਰਾ : ਵਿਆਹੁਣਾ, ਵਿਆਹ ਕਰਨਾ (ਭਾਈ ਬਿਸ਼ਨਦਾਸ ਪੁਰੀ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 6, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-01-03-55-25, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First