ਗੱਦੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੱਦੀ (ਨਾਂ,ਇ) ਰਾਜਾ ਦਾ ਸਿੰਘਾਸਨ; ਕਿਸੇ ਸੰਪਰਦਾਇ ਦੇ ਮਹੰਤ ਦਾ ਆਸਣ; ਹਟਵਾਣੀਏ ਦੇ ਬੈਠਣ ਦੀ ਥਾਂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8309, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਗੱਦੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੱਦੀ 1 [ਨਾਂਇ] ਛੋਟਾ ਗਦੇਲਾ; ਤਖ਼ਤ , ਸਿੰਘਾਸਣ; ਬੈਠਣ ਦੀ ਥਾਂ, ਆਸਣ , ਸੀਟ 2 [ਨਿਇ] ਇੱਕ ਪਹਾੜੀ ਜਾਤੀ; ਕੁੱਤਿਆਂ ਦੀ ਇੱਕ ਨਸਲ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8298, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗੱਦੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੱਦੀ. ਸੰਗ੍ਯਾ—ਛੋਟਾ ਗਦੇਲਾ। ੨ ਰਾਜਾ ਦਾ ਸਿੰਘਾਸਨ। ੩ ਮਹੰਤ ਦਾ ਆਸਨ । ੪ ਪਹਾੜੀ ਇ਼ਲਾਕੇ਼ ਵਿੱਚ ਇੱਕ ਦ੍ਵਿਜ ਜਾਤਿ ਹੈ ਜੋ, ਜਨੇਊ ਦਾ ਅਧਿਕਾਰ ਰੱਖਦੀ ਹੈ. ਗੁਰੁਪ੍ਰਤਾਪਸੂਰਯ ਵਿੱਚ ਇਸ ਜਾਤਿ ਦਾ ਨਾਉਂ “ਗਧੀਲਾ” ਲਿਖਿਆ ਹੈ। ੫ ਇੱਕ ਨੀਚ ਜਾਤਿ, ਜੋ ਭੇਡ ਗਧੇ ਆਦਿਕ ਰਖਦੀ ਹੈ ਅਤੇ ਖ਼ਾਨਾਬਦੋਸ਼ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8181, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੱਦੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਗੱਦੀ :  ਗੱਦੀ ਭਾਰਤ ਦੀ ਇਕ ਜਾਤੀ ਦਾ ਨਾਂ ਹੈ। ਇਸ ਜਾਤੀ ਵਿਚ ਮੁਸਲਮਾਨ ਅਤੇ ਹਿੰਦੂ ਦੋਵੇਂ ਹਨ। ਦਿੱਲੀ, ਕਰਨਾਲ ਅਤੇ ਅੰਬਾਲੇ ਦੇ ਮੁਸਲਮਾਨ ਗੱਦੀ ਜਮਨਾ ਤੇ ਗੰਗਾ ਦੇ ਵਿਚਕਾਰਲੇ ਭਾਗ ਦੇ ਉੱਤਰੀ ਖੇਤਰ ਵਿਚ ਵਸੇ ਹੋਏ ਹਨ। ਇਹ ਅਹੀਰਾ ਦੀਹੀ ਇਕ ਸ਼ਾਖ ਜਾਪਦੇ ਹਨ ਅਤੇ ਇਨ੍ਹਾਂ ਦਾ ਜੱਦੀ ਪੇਸ਼ਾ ਵਧੇਰੇ ਕਰਕੇ ਗਵਾਲਿਆਂ ਦਾ ਅਤੇ ਕੁਝ ਹੱਦ ਤੱਕ ਖੇਤੀ-ਬਾੜੀ ਹੈ।

ਚੰਬਾ ਅਤੇ ਕਾਂਗੜੇ ਦੇ ਪਹਾੜੀ ਇਲਾਕਿਆਂ ਵਿਚ ਵੀ ਗੱਦੀ ਲੋਕ ਵਸੇ ਹੋਏ ਹਨ। ਇਹ ਗੱਦੀ ਬੋਲੀ ਬੋਲਦੇ ਹਨ।

ਇਹ ਚਾਰ ਸ਼੍ਰੇਣੀਆਂ ਵਿਚ ਵੰਡ ਹੋਏ ਹਨ :

(1) ਬ੍ਰਾਹਮਣ, (2) ਖੱਤਰੀ ਅਤੇ ਰਾਜਪੂਤ ਜਿਹੜੇ ਜਨੇਊ ਪਹਿਨ ਕੇ ਰਖਦੇ ਹਨ, 3) ਠਾਕੁਰ ਅਤੇ ਰਾਠੀ ਜੋ ਜਨੇਉ ਨਹੀਂ ਪਹਿਨਦੇ ਅਤੇ 4) ਕਮੀਨ ਸ਼੍ਰੇਣੀ ਜਿਨ੍ਹਾਂ ਵਿਚ ਕੋਲੀ, ਲੋਹਾਰ ਅਤੇ ਸਿਪੀ ਆਦਿ ਸ਼ਾਮਲ ਹਨ। ਹਰ ਸ਼੍ਰੇਣੀ ਅੱਗੇ ਅਨੇਕ ਗੋਤਰਾਂ ਵਿਚ ਵੰਡੀ ਹੋਈ ਹੈ। ਰਾਜਪੂਤਾਂ ਵਾਂਗ ਆਪਣੇ ਤੋਂ ਨੀਵੀਂ ਗੋਤਰ ਦੀ ਇਸਤਰੀ ਨਾਲ ਵਿਆਹ ਕਰਵਾਉਣ ਦਾ ਰਿਵਾਜ ਇਨ੍ਹਾਂ ਵਿਚ ਆਮ ਹੈ।

ਗੱਦੀ ਮੈਦਾਨਾਂ ਦੇ ਹੀ ਵਾਸੀ ਹਨ ਪਰ ਕਈ ਰਾਜਪੂਤ ਤੇ ਖੱਤਰੀ ਸ਼੍ਰੇਣੀਆਂ, ਔਰੰਗਜ਼ੇਬ ਦੀ ਧਾਰਮਿਕ ਕੱਟੜਤਾ ਕਾਰਨ ਪਹਾੜਾਂ ਵਿਚ ਜਾ ਵਸੀਆਂ।

ਬ੍ਰਾਹਮਣਵਾਦ ਵਾਲੇ ਸਾਰੇ ਮੁਢਲੇ ਗੋਤਰ ਇਨ੍ਹਾਂ ਦੀਆਂ ਸ਼੍ਰੇਣੀਆਂ ਵਿਚ ਮਿਲਦੇ ਹਨ ਅਤੇ ਇਹ ਗੋਤਰ ਅੱਗੋਂ ਅਣਗਿਣਤ 'ਅੱਲਾਂ' ਵਿਚ ਵੰਡੇ ਗਏ ਹਨ। ਗੱਦੀ ਲੋਕ ਆਪਣੀ 'ਅੱਲ' ਤੋਂ ਹੀ ਪਛਾਣੇ ਜਾਂਦੇ ਹਨ।

ਗੱਦੀ ਲੋਕ ਚੰਬੇ ਦੇ ਹੋਰ ਲੋਕਾਂ ਨਾਲੋਂ ਬਹੁਤ ਭਿੰਨ ਹਨ। ਗੱਦੀ ਮਰਦ ਪੱਟ ਦਾ ਲੰਬਾ ਕੋਟ ਪਹਿਨਦੇ ਹਨ ਜਿਸਨੂੰ ਚੋਲਾ ਕਹਿੰਦੇ ਹਨ। ਕਮਰ ਦੇ ਦੁਆਲੇ ਭੇਡ ਦੀ ਉੱਨ ਦਾ ਬਣਿਆ ਇਕ ਕਾਲੇ ਰੰਗ ਦਾ ਰੱਸਾ ਲਪੇਟਦੇ ਹਨ। ਪਗੜੀ ਜਾਂ ਟੋਪੀ ਵਿਚ ਇਹ ਲੋਕ ਮੌਸਮੀ ਫੁੱਲ ਟੰਗ ਕੇ ਰੱਖਦੇ ਹਨ। ਇਸਤਰੀਆਂ ਦਾ ਚੋਲੂ ਗਿੱਟਿਆਂ ਤੱਕ ਲੰਬਾ ਹੁੰਦਾ ਹੈ। ਪੁਰਸ਼ ਅਤੇ ਇਸਤਰੀਆਂ ਦੋਵੇਂ ਹੀ ਗਹਿਣੇ ਪਾਉਣ ਦੇ ਸ਼ੌਕੀਨ ਹਨ।

ਗੱਦੀ ਲੋਕ ਆਪਣੇ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਉਂਦੇ ਹਨ। ਇਨ੍ਹਾਂ ਦੇ ਮੁੱਖ ਤਿਉਹਾਰ ਵਿਸਾਖੀ, ਪਹਿਲੀ ਭਾਦੋਂ, ਲੋਹੜੀ ਹੋਲੀ ਤੇ ਸ਼ਿਵਰਾਤਰੀ ਆਦਿ ਹਨ। ਭੇਡਾਂ-ਬੱਕਰੀਆਂ ਇਨ੍ਹਾਂ ਦੀ ਅਸਲੀ ਸੰਪਤੀ ਹਨ। ਕੁਝ ਗੱਦੀ ਖੇਤੀਬਾੜੀ ਵੀ ਕਰਦੇ ਹਨ। ਗਰਮੀਆਂ ਵਿਚ ਗੱਦੀ ਪਾਂਗੀ ਅਤੇ ਲਾਹੌਲ ਦੀਆਂ ਉੱਚੀਆਂ ਪਹਾੜੀਆਂ ਵਿਚ ਚਲੇ ਜਾਂਦੇ ਹਨ ਅਤੇ ਸਰਦੀਆਂ ਵਿਚ ਧੌਲਾਧਾਰ ਵਾਲੇ ਪਾਸੇ ਉਤਰ ਆਉਂਦੇ ਹਨ।

ਹ. ਪੁ. – ਗ. ਟ੍ਰਾ. ਕਾ. 2 : 255


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5784, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-06, ਹਵਾਲੇ/ਟਿੱਪਣੀਆਂ: no

ਗੱਦੀ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਗੱਦੀ : ਇਸ ਕਬੀਲੇ ਦੇ ਲੋਕ ਧੌਲਾਧਾਰ ਦੀਆਂ ਪਹਾੜੀਆਂ ਦੇ ਵਸਨੀਕ ਹਨ। ਇਹ ਲੋਕ ਆਮ ਕਰ ਕੇ ਆਜੜੀ ਹੁੰਦੇ ਹਨ ਪਰ ਕਿਧਰੇ ਕਿਧਰੇ ਖੇਤੀ ਵੀ ਕਰਦੇ ਹਨ। ਇਨ੍ਹਾਂ ਲੋਕਾਂ ਦੇ ਪਿੰਡ ਧੌਲਾਧਾਰ ਦੇ ਦੋਵੇਂ ਪਾਸੇ ਕਾਂਗੜੇ ਤੇ ਚੰਬੇ ਵਿਚ ਵਸੇ ਹੋਏ ਹਨ। ਇਨ੍ਹਾਂ ਦੀ ਨਿਵਾਸ ਭੂਮੀ ਨੂੰ ਗੱਧੇਚਨ ਕਿਹਾ ਜਾਂਦਾ ਹੈ। ਘਰਾਂ ਵਿਚ ਕੰਧਾਂ ਉੱਤੇ ਗਾਚਨੀ ਦਾ ਲੇਪ ਕਰਨਾ ਇਨ੍ਹਾਂ ਦੀ ਵਿਸ਼ੇਸ਼ਤਾ ਹੈ। ਇਹ ਲੋਕ ਅਕਸਰ 1300 ਤੋਂ 2600 ਮੀਟਰ ਦੀ ਉਚਾਈ ਤਕ ਰਹਿੰਦੇ ਹਨ। ਗੱਦਣਾਂ ਚਾਂਦੀ ਦੇ ਗਹਿਣੇ ਪਾਉਂਦੀਆਂ ਹਨ ਤੇ ਇੱਜੜ ਚਾਰਦੀਆਂ ਹਨ।

ਗੱਦੀ ਲੋਕ ਭਾਵੇਂ ਕਾਂਗੜੇ ਵੱਲ ਹੋਣ ਜਾਂ ਚੰਬੇ ਵੱਲ, ਹਮੇਸ਼ਾ ਖੁਸ਼ ਰਹਿੰਦੇ ਹਨ। ਇਨ੍ਹਾਂ ਲੋਕਾਂ ਦੇ ਆਮ ਕਰ ਕੇ ਦੋ ਘਰ ਹੁੰਦੇ ਹਨ-ਇਕ ਪਹਾੜੀ ਦੀ ਉੱਤਰੀ ਢਲਾਨ ਉੱਤੇ ਤੇ ਦੂਜਾ ਦੱਖਣੀ ਢਲਾਨ ਉੱਤੇ। ਇਹ ਇਕ ਤੋਂ ਦੂਜੇ ਘਰ ਆਉਂਦੇ ਜਾਂਦੇ ਰਹਿੰਦੇ ਹਨ। ਇਕ ਪਾਸੇ ਦੇ ਗੱਦੀਆਂ ਦੇ ਵਿਆਹ ਦੂਜੇ ਪਾਸੇ ਦੇ ਗੱਦੀਆਂ ਨਾਲ ਹੁੰਦੇ ਰਹਿੰਦੇ ਹਨ। ਅਸਲ ਵਿਚ ਇਹ ਲੋਕ ਪੰਜਾਬੀ ਹਨ ਜਿਹੜੇ ਕੁਝ ਸਦੀਆਂ ਪਹਿਲਾਂ ਇਥੋਂ ਉਜੜ ਕੇ ਪਹਾੜਾਂ ਵਿਚ ਜਾ ਵਸੇ। ਇਨ੍ਹਾਂ ਵਿਚ ਸਭ ਜਾਤਾਂ (ਬ੍ਰਾਹਮਣ, ਖੱਤਰੀ, ਰਾਜਪੂਤ ਅਤੇ ਨਿਮਨ ਜਾਤੀਆਂ) ਸ਼ਾਮਲ ਹਨ ਪਰ ਇਨ੍ਹਾਂ ਵਿਚੋਂ ਬਹੁਤੇ ਖੱਤਰੀ ਹੀ ਹਨ। ਕਿਹਾ ਜਾਂਦਾ ਹੈ ਕਿ ਜਦੋਂ ਔਰੰਗਜ਼ੇਬ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ ਸੀ ਤਾਂ ਗੱਦੀ ਲੋਕ  ਉਜੜ ਕੇ ਧੌਲਾਧਾਰ ਦੀਆਂ ਪਹਾੜੀਆਂ ਵਿਚ ਜਾ ਲੁਕੇ। ਉਨ੍ਹਾਂ ਨੇ ਪੁਰਾਣੇ ਰਿਵਾਜਾਂ ਨੂੰ ਜੋ ਅਜੋਕੇ ਪੰਜਾਬ ਵਿਚ ਖਤਮ ਹੋ ਗਏ ਹਨ, ਅਜੇ ਤਕ ਸੰਭਾਲ ਕੇ ਰਖਿਆ ਹੋਇਆ ਹੈ।

ਇਕ ਲੋਕ ਸਿੱਧੇ ਸਾਦੇ ਅਤੇ ਸ਼ਰੀਫ਼ ਹੁੰਦੇ ਹਨ। ਇਹ ਕਿਸੇ ਜੁਰਮ ਵਿਚ ਦੋਸ਼ੀ ਨਹੀਂ ਸੁਣੇ ਗਏ। ਇਹ ਹਸਮੁੱਖ ਤੇ ਖੁਸ਼ ਰਹਿਣੇ ਹੁੰਦੇ ਹਨ। ਮੇਲਿਆਂ ਤੇ ਤਿਉਹਾਰਾਂ ਉੱਤੇ ਇੱਕਠੇ ਹੋ ਕੇ ਲੁਗੜੀ ਪੀ ਕੇ ਖੂਬ ਨੱਚਦੇ ਹਨ। ਗੱਦੀਆਂ ਦਾ ਪਹਿਰਾਵਾ ਵਖਰੀ ਕਿਸਮ ਦਾ ਹੈ। ਇਹ ਇਕ ਢਿਲਾ ਜਿਹਾ ਉੱਨੀ ਚੋਲਾ ਪਾਉਂਦੇ ਹਨ ਜਿਸ ਨੂੰ ਇਹ ਲੱਕ ਤੇ ਕਾਲੀ ਉੱਨ ਦੀਆਂ ਰਸੀਆਂ ਨਾਲ ਬੰਨ੍ਹਦੇ ਹਨ। ਸਿਰ ਤੇ ਇਕ ਟੋਪੀ ਪਾਉਂਦੇ ਹਨ ਜਿਸ ਨੂੰ ਸਰਦੀ ਦੇ ਦਿਨਾਂ ਵਿਚ ਕੰਨਾਂ ਤਕ ਖਿਚ ਲੈਂਦੇ ਹਨ। ਲੱਤਾਂ ਨੰਗੀਆਂ ਰੱਖਦੇ ਹਨ। ਇਹ ਆਪਣੇ ਚੋਲਿਆਂ ਵਿਚ ਹਰ ਤਰ੍ਹਾਂ ਦੀਆਂ ਚੀਜ਼ਾਂ ਸੰਭਾਲ ਲੈਂਦੇ ਹਨ। ਚਮੜੇ ਦੇ ਥੈਲਿਆਂ ਵਿਚ ਆਪਣੀ ਰੋਟੀ ਤੇ ਆਲੂ ਆਦਿ ਲਪੇਟ ਕੇ ਆਪਣੇ ਨਾਲ ਹੀ ਰੱਖਦੇ ਹਨ। ਗੱਦਣਾਂ ਦਾ ਚੋਲਾ ਮਰਦਾਂ ਨਾਲੋਂ ਵੱਖਰਾ ਹੁੰਦਾ ਹੈ। ਇਨ੍ਹਾਂ ਦੇ ਚੋਲਿਆਂ ਉੱਪਰ ਅਕਸਰ ਲਾਲ ਫੁੱਲ ਕੱਢੇ ਹੁੰਦੇ ਹਨ। ਗੱਦਣਾਂ ਰੰਗ ਬਰੰਗੇ ਰੁਮਾਲਾਂ ਦੀਆਂ ਬਹੁਤ ਸ਼ੌਕੀਨ ਹੁੰਦੀਆਂ ਹਨ।

ਗੱਦੀ ਲੋਕਾਂ ਵਿਚ ਵਿਆਹ ਤੋਂ ਪਹਿਲਾਂ ਮੁੰਡੇ-ਕੁੜੀ ਦੀ ਰਜ਼ਾਮੰਦੀ ਲਈ ਜਾਂਦੀ ਹੈ। ਵਿਆਹ ਦੀ ਰਸਮ ਬਹੁਤ ਲੰਬੀ ਹੁੰਦੀ ਹੈ। ਬ੍ਰਾਹਮਣਾਂ ਨੂੰ ਛੱਡ ਕੇ ਗੱਦੀਆਂ ਵਿਚ ਵਿਧਵਾ ਇਸਤ੍ਰੀਆਂ ਦੇ ਮੁੜ ਵਿਆਹ ਦੀ ਪ੍ਰਥਾ ਹੈ।

ਗੱਦੀ ਲੋਕ ਸ਼ਿਵ ਜੀ ਦੀ ਉਪਾਸਨਾ ਕਰਦੇ ਹਨ। ਇਹ ਲੋਕ ਪਹਾੜਾਂ, ਜੰਗਲਾਂ ਤੇ ਧਰਤੀ ਦੇ ਕਈ ਹੋਰ ਦੇਵਤਿਆਂ ਦੀ ਪੂਜਾ ਵੀ ਕਰਦੇ ਹਨ। ਬਾਕੀ ਦੇਵੀ ਦੇਵਤਿਆਂ ਤੋਂ ਇਲਾਵਾ ਇਹ ਨਾਗ ਦੇਵਤਾ ਦੀ ਵੀ ਪੂਜਾ ਕਰਦੇ ਹਨ।

ਹਿਮਾਲਾ ਪਰਬਤ ਵਿਚ ਗੱਦਣਾਂ ਆਪਣੀ ਸੁੰਦਰਤਾ ਲਈ ਪ੍ਰਸਿੱਧ ਹਨ। ਖੁੱਲ੍ਹਾ ਡੁੱਲ੍ਹਾ ਜੀਵਨ, ਦੁੱਧ ਦੀ ਭਰਮਾਰ ਤੇ ਆਰੀਅਨ ਲੋਕਾਂ ਦੇ ਵੰਸ਼ਜ ਹੋਣਾ ਇਨ੍ਹਾਂ ਦੀ ਸੁੰਦਰਤਾ ਤੇ ਤਿੰਨ ਵੱਡੇ ਕਾਰਨ ਹਨ। ਇਨ੍ਹਾਂ ਦੇ ਨੈਣ ਲਕਸ਼ ਢਲਵੇਂ ਤੇ ਸਾਫ਼ ਹੁੰਦੇ ਹਨ।

ਗੱਦੀ ਲੋਕ ਧੌਲਾਧਾਰ ਨੂੰ ਮਾਂ ਕਹਿ ਕੇ ਬੁਲਾਉਂਦੇ ਹਨ ਕਿਉਂਕਿ ਇਨ੍ਹਾਂ ਦਾ ਜੀਵਨ ਧੌਲਾਧਾਰ ਦੀਆਂ ਪਹਾੜੀਆਂ ਤੇ ਹੀ ਨਿਰਭਰ ਕਰਦਾ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4718, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-06-12-58-19, ਹਵਾਲੇ/ਟਿੱਪਣੀਆਂ: ਹ. ਪੁ. -ਕਾਂਗੜਾ -ਰੰਧਾਵਾ : 145

ਗੱਦੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗੱਦੀ, (ਸੰਸਕ੍ਰਿਤ : गड्डर=ਭੇਡ) \ ਪੁਲਿੰਗ \ ਇਸਤਰੀ ਲਿੰਗ : ੧. ਪਹਾੜੀ, ਭੇਡਾਂ ਚਰਾਉਣ ਵਾਲਾ; ੨. ਭੇਡਾਂ ਚਰਾਉਣ ਵਾਲਿਆਂ ਦੀ ਇੱਕ ਪਹਾੜੀ ਜਾਤੀ


ਲੇਖਕ : ਭਾਸ਼ਾ ਵਿਭਾਗ,ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 68, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-25-04-34-37, ਹਵਾਲੇ/ਟਿੱਪਣੀਆਂ:

ਗੱਦੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗੱਦੀ, (ਪ੍ਰਾਕ੍ਰਿਤ : गठ; ਸੰਸਕ੍ਰਿਤ : ग्रन्धि) \ ਮੁਹਾਵਰਾ : ਨੋਟਾਂ ਆਦਿ ਦਾ ਪਲੰਦਾ, ਬਹੀ

(ਭਾਈ ਮਈਆ ਸਿੰਘ)


ਲੇਖਕ : ਭਾਸ਼ਾ ਵਿਭਾਗ,ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 68, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-25-04-36-22, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.