ਗੱਪ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਗੱਪ: ‘ਗੱਪ’ ਸਦੀਆਂ ਤੋਂ ਮਨੁੱਖੀ ਸੁਭਾਅ ਦਾ ਅਟੁੱਟ ਹਿੱਸਾ ਬਣਿਆ ਤੁਰਿਆ ਆ ਰਿਹਾ ਹੈ। ‘ਗੱਪ’ ਕੋਈ ਸਾਹਿਤ ਰੂਪ ਨਹੀਂ ਸਗੋਂ ਇਹ ਮਨੁੱਖੀ ਮਨੋ-ਬਿਰਤੀ ਨਾਲ ਸੰਬੰਧਿਤ ਹੈ ਅਤੇ ਕੰਨ ਰਸ ਨਾਲ ਸੰਬੰਧ ਰੱਖਦਾ ਹੈ। ਗੱਪ ਦਾ ਸ਼ਾਬਦਿਕ ਅਰਥ ਅਤੇ ਆਧਾਰ ਝੂਠ ਹੈ। ਗੱਪ ਦਾ ਜਨਮ ਕਿਸੇ ਦੂਸਰੇ ਜਾਂ ਦੂਸਰਿਆਂ ਨੂੰ ਪ੍ਰਭਾਵਿਤ ਕਰਨ, ਆਪਣਾ ਝੂਠਾ ਸਿੱਕਾ ਮਨਵਾਉਣ ਅਤੇ ਆਪਣੀਆਂ ਕਪੋਲ ਕਲਪਨਾਵਾਂ ਨੂੰ ਸੱਚਾ ਸਿੱਧ ਕਰਨ ਲਈ ਕੀਤਾ ਗਿਆ ਪ੍ਰਯਤਨ ਹੁੰਦਾ ਹੈ। ਗੱਪ ਮਾਰਨ ਵਾਲੇ ਬੰਦੇ ਨੂੰ ਗੱਪੀ ਕਿਹਾ ਜਾਂਦਾ ਹੈ। ਇਸ ਨਾਲ ਸੰਬੰਧਿਤ ਸ਼ਬਦ ਗਪੌੜ ਸੰਖ ਹੈ। ਪੁਰਾਣੇ ਸਮੇਂ ਜਦੋਂ ਵਿਅਕਤੀ ਕੋਲ ਸਮਾਂ ਬਹੁਤ ਹੁੰਦਾ ਸੀ, ਉਸ ਸਮੇਂ ਗੱਪ ਸੁਣਾਉਣ ਦੀ ਪ੍ਰਥਾ ਵਧੇਰੇ ਪ੍ਰਚਲਿਤ ਸੀ, ਅੱਜ ਦੇ ਮਨੁੱਖ ਕੋਲ ਸਮਾਂ ਨਹੀਂ ਹੈ, ਵਿਹਲ ਨਹੀਂ ਹੈ, ਇਸ ਲਈ ਗੱਪ ਸੁਣਨ ਅਤੇ ਸੁਣਾਉਣ ਦਾ ਰਿਵਾਜ ਵੀ ਘੱਟ ਰਿਹਾ ਹੈ ਅਤੇ ਤਕਰੀਬਨ ਘੱਟ ਗਿਆ ਹੈ।
ਗੱਪ ਦਾ ਸੁਧਰਿਆ ਰੂਪ ਜਦੋਂ ਸਾਹਿਤ ਵਿੱਚ ਪ੍ਰਯੋਗ ਹੋਣ ਲੱਗਦਾ ਹੈ ਤਾਂ ਉਸ ਨੂੰ ਅਸੀਂ ਕਾਲਪਨਿਕ ਰਚਨਾਵਾਂ ਦੀ ਸਾਕਾਰ ਹੋਂਦ ਦੇ ਸਰੂਪ ਵਿੱਚੋਂ ਪਹਿਚਾਣ ਸਕਦੇ ਹਾਂ। ਕਿਉਂ ਜੋ ਗੱਪ ਵੀ ਤਾਂ ਕਿਸੇ ਨਾ ਕਿਸੇ ਰੂਪ ਵਿੱਚ ਕਲਪਨਾ ਉਪਰ ਹੀ ਆਧਾਰਿਤ ਹੁੰਦੀ ਹੈ।
ਇਵੇਂ ਲੱਗਦਾ ਹੈ ਜਿਵੇਂ ‘ਗੱਪ’ ਸ਼ਬਦ ਗੁਫ਼ਤਗੂ ਸ਼ਬਦ ਦਾ ਵਿਗੜਿਆ ਰੂਪ ਹੋਵੇ। ਵੇਖਿਆ ਜਾਵੇ ਤਾਂ ਗੱਪ ਆਧਾਰਹੀਣ, ਸਿਧਾਂਤਹੀਣ ਅਤੇ ਤਰਕਹੀਣ ਹੁੰਦੀ ਹੈ। ਜਿਵੇਂ ਕਿਹਾ ਜਾਂਦਾ ਹੈ ਕਿ ਸੱਚ ਕੋਲ ਪ੍ਰਮਾਣ ਹੁੰਦਾ ਹੈ, ਝੂਠ ਕੋਲ ਕੋਈ ਪ੍ਰਮਾਣ ਨਹੀਂ ਹੁੰਦਾ। ਇਸੇ ਤਰ੍ਹਾਂ ਗੱਪੀ ਦੇ ਗੱਪਾਂ ਦੀ ਜਦੋਂ ਪੋਲ ਖੁੱਲ੍ਹਦੀ ਹੈ ਤਦ ਗੱਪੀ ਨੂੰ ਨਮੋਸ਼ੀ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਲੋਕ ਕਹਾਵਤ ਹੈ ‘ਗੱਪੀ ਨੂੰ ਗੱਪ ਪਿਆਰੇ, ਸੱਚੇ ਨੂੰ ਸੱਚ ਨਿਤਾਰੇ।’
‘ਗੱਪੀ’ ਆਪਣੀ ਗੱਪ ਨੂੰ ਰਸਦਾਇਕ ਬਣਾਉਣ ਲਈ ਮਿੱਠੀਆਂ-ਮਿੱਠੀਆਂ ਕਹਾਣੀਆਂ ਦੀ ਸਿਰਜਣਾ ਕਰਦਾ ਰਹਿੰਦਾ ਹੈ। ਗੱਪੀ ਨੂੰ ਸੱਥ ਦਾ ਸ਼ਿੰਗਾਰ ਵੀ ਆਖਿਆ ਜਾ ਸਕਦਾ ਹੈ। ਉਸ ਕੋਲ ਆਪਣੀ ਗੱਲ ਨੂੰ ਲਮਕਾਅ ਕੇ ਕਹਿਣ ਦੀ ਵਿਧੀ ਹੁੰਦੀ ਹੈ। ਗੱਪੀ ਸ੍ਰੋਤਿਆਂ ਅੰਦਰ ਜਿਗਿਆਸਾ ਪੈਦਾ ਕਰ ਕੇ ਆਪਣੀ ਵਾਰਤਾ ਦਾ ਵਿਸਤਾਰ ਕਰਦਾ ਰਹਿੰਦਾ ਹੈ। ‘ਗੱਪੀ’ ਕਈ ਵਾਰ ਆਪਣੇ ਢੰਗ ਤਰੀਕੇ ਕਰ ਕੇ ਮਖੌਲ ਦਾ ਕੇਂਦਰ ਬਿੰਦੂ ਵੀ ਬਣਦਾ ਹੈ ਅਤੇ ਉਸ ਦੀਆਂ ਗੱਪਾਂ ਕਈ ਵਾਰ ਪੰਗੇ ਵੀ ਪਾ ਦਿੰਦੀਆਂ ਹਨ।
ਹਰੇਕ ਗੱਪ ਮਾਰਨ ਵਾਲਾ ਆਪਣੀ ਗੱਪ ਨੂੰ ਇਸ ਢੰਗ ਨਾਲ ਸਿਰਜਦਾ ਅਤੇ ਵਿਉਂਤਦਾ ਹੈ ਕਿ ਦੂਸਰਾ ਸੁਣਨ ਵਾਲਾ, ਸੁਣ ਕੇ ਦੰਗ ਰਹਿ ਜਾਵੇ। ਉਦਾਹਰਨ ਲਈ ਦੋ ਗੱਪੀਆਂ ਦੀ ਵਾਰਤਾਲਾਪ ਇੱਥੇ ਸੰਖੇਪ ਵਿੱਚ ਦਰਜ ਕੀਤੀ ਜਾਂਦੀ ਹੈ :
ਪਹਿਲਾ ਗੱਪੀ: ਸਾਡੇ ਘਰ ਏਡੀ ਵੱਡੀ ਖੁਰਲੀ ਹੈ ਜਿਸ ਵਿੱਚ ਸਾਰੇ ਸੰਸਾਰ ਦੇ ਡੰਗਰ ਚਾਰਾ ਚਰ ਸਕਦੇ ਹਨ, ਅਣਗਿਣਤ ਡੰਗਰ।
ਦੂਜਾ ਗੱਪੀ: ਸਾਡੇ ਘਰੇ ਏਡਾ ਵੱਡਾ ਢਾਂਗਾ ਹੈ ਜਦੋਂ ਕਦੇ ਮੀਂਹ ਨਾ ਪੈਂਦਾ ਹੋਵੇ ਤਾਂ ਸਾਡੇ ਬਜ਼ੁਰਗ ਉਸ ਢਾਂਗੇ ਨੂੰ ਬੱਦਲਾਂ ਵਿੱਚ ਮਾਰ ਕੇ ਮੀਂਹ ਵਰ੍ਹਾ ਲੈਂਦੇ ਹਨ।
ਪਹਿਲਾ ਗੱਪੀ: ਫੇਰ ਉਸ ਨੂੰ ਰੱਖਦੇ ਕਿੱਥੇ ਹੋ?
ਦੂਜਾ ਗੱਪੀ: ਤੁਹਾਡੇ ਵਾਲੀ ਖੁਰਲੀ ਵਿੱਚ ਹੋਰ ਕਿੱਥੇ।
ਇਸ ਤਰ੍ਹਾਂ ਕਲਪਨਾ, ਵਿਚਿੱਤਰਤਾ ਅਤੇ ਵਿਨੋਦ ਕੁਝ ਕੁ ਅਜਿਹੇ ਭਾਵ ਹਨ ਜਿਨ੍ਹਾਂ ਦੇ ਆਧਾਰ ਉਪਰ ਗੱਪੀ ਆਪਣੇ ਗੱਪ ਦੀ ਇਮਾਰਤ ਬਣਾਉਂਦੇ ਹਨ।
ਲੇਖਕ : ਸੁਦਰਸ਼ਨ ਗਾਸੋ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4469, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਗੱਪ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੱਪ (ਨਾਂ,ਇ) ਵਧਾ ਚੜ੍ਹਾ ਕੇ ਕੀਤੀ ਝੂਠੀ ਗੱਲ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4469, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਗੱਪ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੱਪ [ਨਾਂਇ] ਝੂਠਾ ਕਥਨ, ਗਪੌੜ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4454, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗੱਪ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੱਪ. ਸੰਗ੍ਯਾ—ਪ੍ਰਾ. ਗਲੑਪ. ਮਿਥ੍ਯਾ ਪ੍ਰਵਾਦ. ਝੂਠੀ ਗੱਲ. ਅਸਤ੍ਯ ਕਲਪਨਾ। ੨ ਫ਼ਾ ਬਾਤ. ਗੱਲ । ੩ ਸ਼ੇਖ਼ੀ ਮਾਰਨੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4266, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First