ਘੰਟਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘੰਟਾ [ਨਾਂਪੁ] 60 ਮਿੰਟ ਦਾ ਸਮਾਂ; ਟੱਲ , ਘੜਿਆਲ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8773, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਘੰਟਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘੰਟਾ. ਸੰ. ਸੰਗ੍ਯਾ—ਟੱਲ. ਕਾਂਸੀ ਆਦਿ ਧਾਤੁ ਦਾ ਮੂਧੇ ਭਭਕੇ (ਗਲਾਸ) ਦੇ ਆਕਾਰ ਦਾ ਭਾਂਡਾ , ਜਿਸ ਦੇ ਕਿਨਾਰੇ ਬਾਹਰ ਵੱਲ ਉਭਰੇ ਹੋਏ ਹੁੰਦੇ ਹਨ. ਇਹ ਢਾਲਕੇ ਤਿਆਰ ਕੀਤਾ ਜਾਂਦਾ ਹੈ, ਅਰ ਅੰਦਰੋਂ ਇੱਕ ਲਟਕਦੀ ਹੋਈ ਹਥੌੜੀ ਦ੍ਵਾਰਾ ਵਜਦਾ ਹੈ, ਜਾਂ ਬਾਹਰੋਂ ਹਥੌੜੀ ਨਾਲ ਵਜਾਇਆ ਜਾਂਦਾ ਹੈ. ਨਿੱਕੇ ਘੰਟੇ ਬਹੁਤ ਪੁਰਾਣੇ ਸਮੇਂ ਤੋਂ ਚਲੇ ਆਉਂਦੇ ਹਨ, ਕਿਉਂਕਿ ਇਹ ਮਿਸਰ ਦੀਆਂ ਪੁਰਾਣੀਆਂ ਕਬਰਾਂ ਵਿੱਚੋਂ, ਅਰ ਨਿਨੀਵੇ (Nineveh) ਦੇ ਖੰਡਰਾਂ ਵਿੱਚੋਂ ਲੱਭੇ ਹਨ. ਰੋਮ ਵਿੱਚ ਸ਼ਾਹੀ ਸਨਾਨ ਦਾ ਸਮਾਂ ਘੰਟੇ ਦ੍ਵਾਰਾ ਦੱਸਿਆ ਜਾਂਦਾ ਸੀ. ਭਾਰਤ ਵਿੱਚ ਘੰਟੇ ਬਹੁਤ ਪੁਰਾਣੇ ਸਮੇਂ ਤੋਂ ਦੇਵਾਲਿਆਂ ਵਿੱਚ ਵਜਦੇ ਆਏ ਹਨ. ਹਿੰਦੁਸਤਾਨ ਵਿੱਚ ਸਭ ਤੋਂ ਵਡਾ ਘੰਟਾ ਸੋਮਨਾਥ ਦੇ ਮੰਦਿਰ ਵਿੱਚ ਸੀ, ਜਿਸ ਨੂੰ ਮਹਮੂਦ ਗਜਨਵੀ ਨੇ ਚੂਰ ਚੂਰ ਕੀਤਾ ਅਤੇ ਸੋਨੇ ਦਾ ਜੰਜੀਰ ਲੁੱਟਿਆ.
ਇਸ ਵੇਲੇ ਸਭ ਤੋਂ ਵੱਡਾ ਘੰਟਾ ਮਾਸਕੋ (ਰੂਸ) ਵਿੱਚ ਹੈ. ਇਸ ਦਾ ਵਜ਼ਨ ਪੰਜ ਹਜ਼ਾਰ ਪੰਜ ਸੌ ਚੁਤਾਲੀ ਮਣ ਪੱਕੇ (੧੯੮ ਟਨ) ਹੈ ਇਹ ਸਨ ੧੭੩੩ ਵਿੱਚ ਢਾਲਿਆ ਗਿਆ ਸੀ. ਇਸੇ ਸ਼ਹਰ ਵਿੱਚ ਇਕ ਹੋਰ ਘੰਟਾ ਹੈ, ਜਿਸ ਦਾ ਵਜ਼ਨ ਤਿੰਨ ਹਜ਼ਾਰ ਪੰਜ ਸੌ ਚੁਰਾਸੀ ਮਣ ਪੱਕੇ (੧੨੮ ਟਨ) ਹੈ. ਬਰਮਾ, ਪੈਕਿੰਗ (ਚੀਨ), ਕੋਲਾਨ (ਜਰਮਨੀ), ਵੀਐਨਾ ਅਤੇ ਪੈਰਿਸ ਵਿੱਚ ਭੀ ਵਜਨਦਾਰ ਤੇ ਕੱਦਾਵਰ ਘੰਟੇ ਹਨ. ਇੰਗਲਿਸਤਾਨ ਵਿੱਚ ਸਭ ਤੋਂ ਵੱਡਾ ਘੰਟਾ ਕੁੱਲ ਚਾਰ ਸੌ ਅਠਤਾਲੀ ਮਣ ਪੱਕੇ (੧੬ ਟਨ) ਦਾ ਹੈ, ਜੋ “ਸੇਂਟ ਪਾਲ” ਨਾਮੇਂ ਮਹਾਨ ਗਿਰਜੇ ਵਿੱਚ ਮੌਜੂਦ ਹੈ. “ਘੰਟਾ ਜਾਕਾ ਸੁਨੀਐ ਚਹੁ ਕੁੰਟ.” (ਆਸਾ ਮ: ੫) ਭਾਵ—ਅਨਹਤਨਾਦ। ੨ ਢਾਈ ਘੜੀ ਦਾ ਸਮਾ. ੬੦ ਮਿਨਟ ਪ੍ਰਮਾਣ ਸਮਾਂ. Hour. ਦੇਖੋ, ਕਾਲਪ੍ਰਮਾਣ। ੩ ਘੰਟੇ ਦਾ ਪ੍ਰਮਾਣ ਦੱਸਣ ਵਾਲਾ ਯੰਤ੍ਰ. Clock. ਦੇਖੋ, ਘੜੀ ਨੰ: ੩.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8688, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਘੰਟਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਘੰਟਾ (ਸੰ.। ਸੰਸਕ੍ਰਿਤ) ਘੜਿਆਲ। ਯਥਾ-‘ਘੰਟਾ ਜਾ ਕਾ ਸੁਨੀਐ ਚਹੁ ਕੁੰਟ ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8656, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਘੰਟਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਘੰਟਾ : ਘੰਟਾ ਵਜਾਉਣਾ ਹਿੰਦੂ ਧਰਮ ਦੇ ਪੂਜਾ-ਪਾਠ ਦਾ ਇਕ ਅਭਿੰਨ ਅੰਗ ਹੈ ਅਤੇ ਇਸ ਨੂੰ ਖੁਸ਼ੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸਨਾਤਨ ਧਰਮ ਵਿਚ ਤਾਂ ਘੰਟਿਆਂ ਦਾ ਹੋਣਾ ਲਾਜ਼ਮੀ ਹੈ, ਬੁੱਧ ਤੇ ਜੈਨ ਧਰਮਾਂ ਦੀ ਪੂਜਾ-ਪਾਠ ਵਿਚ ਵੀ ਘੰਟਿਆਂ ਦੀ ਕਾਫ਼ੀ ਮਹਾਨਤਾ ਹੈ। ਸਕੰਦ ਪੁਰਾਣ ਅਨੁਸਾਰ ਗਰੁੜ ਦੀ ਮੂਰਤੀ ਵਾਲਾ ਘੰਟਾ ਵਿਸ਼ਨੂੰ ਨੂੰ ਬਹੁਤ ਪਿਆਰਾ ਸੀ। ਇਹ ਮੰਨਿਆ ਜਾਂਦਾ ਹੈ ਕਿ ਅਜਿਹਾ ਘੰਟਾ ਜਿਸ ਘਰ ਵਿਚ ਰਹਿੰਦਾ ਹੈ, ਉੱਥੇ ਸੱਪਾਂ ਦਾ ਕੋਈ ਡਰ ਨਹੀਂ ਹੁੰਦਾ।
ਇਸੇ ਤਰ੍ਹਾਂ ਈਸਾਈ ਧਰਮ ਵਿਚ ਵੀ ਘੰਟਿਆਂ ਨੂੰ ਪਵਿੱਤਰ ਅਤੇ ਸ਼ੁਭ-ਸ਼ਗਨ ਵਾਲਾ ਮੰਨਿਆ ਜਾਂਦਾ ਹੈ। ਘੰਟਾ ਬਣਾਉਣ ਲਗਿਆਂ ਅਨੇਕਾਂ ਪ੍ਰਕਾਰ ਦੇ ਧਾਰਮਕ ਪਾਠ ਕੀਤੇ ਜਾਂਦੇ ਹਨ ਅਤੇ ਜਦੋਂ ਘੰਟਾ ਤਿਆਰ ਹੋ ਜਾਂਦਾ ਤਾਂ ਪੂਰਨ ਧਾਰਮਕ ਮਰਿਯਾਦਾ ਅਨੁਸਾਰ ਉਸ ਦਾ ਬਪਤਿਸਮਾ (ਨਾਮਕਰਨ-ਸੰਸਕਾਰ) ਕੀਤਾ ਜਾਂਦਾ ਹੈ। ਘੰਟੇ ਉੱਤੇ ਪਵਿੱਤਰ ਸ਼ਲੋਕ ਲਿਖੇ ਜਾਂਦੇ ਹਨ ਅਤੇ ਇਸ ਦੀ ਆਵਾਜ਼ ਦੇ ਨਾਲ ਨਾਲ ਮੁਖ ਤੋਂ ਪਵਿੱਤਰ ਸ਼ਲੋਕਾਂ ਦਾ ਉਚਾਰਨ ਕਰਨਾ ਸ਼ੁਭ ਅਤੇ ਖੁਸ਼ੀਆਂ ਭਰਿਆ ਮੰਨਿਆ ਜਾਂਦਾ ਹੈ।
ਸ਼ੁਰੂ ਸ਼ੁਰੂ ਵਿਚ ਜਦੋਂ ਕੋਈ ਈਸਾਈ ਮਰ ਜਾਂਦਾ ਸੀ ਤਾਂ ਘੰਟਾ ਵਜਦਾ ਹੁੰਦਾ ਸੀ ਪ੍ਰੰਤੂ ਬਾਅਦ ਵਿਚ ਮੌਤ ਤੋਂ ਕੁਝ ਪਲ ਪਹਿਲਾਂ ਘੰਟਾ ਵਜਾਉਣ ਦੀ ਰੀਤ ਚੱਲ ਪਈ। ਕਹਿੰਦੇ ਹਨ ਕਿ ਘੰਟੇ ਦੀ ਆਵਾਜ਼ ਨਾਲ ਮਰਨ ਵਾਲੇ ਦੀ ਦੇਹ ਪਵਿੱਤਰ ਅਤੇ ਸਾਰੇ ਬੰਧਨਾਂ ਤੋਂ ਮੁਕਤ ਹੋ ਜਾਂਦੀ ਹੈ ਪਰ ਅੱਜਕਲ੍ਹ ਇਸ ਗੱਲ ਤੇ ਬਹੁਤਾ ਵਿਸ਼ਵਾਸ ਨਹੀਂ ਕੀਤਾ ਜਾਂਦਾ ਫਿਰ ਵੀ ਮ੍ਰਿਤਕ ਤੇ ਅੰਤਮ ਸੰਸਕਾਰ ਤਕ ਉਸ ਦੇ ਸਨਮਾਨ ਵਿਚ ਘੰਟਾ ਵਜਾਇਆ ਜਾਂਦਾ ਹੈ।
ਘੰਟੇ ਦੀ ਢਲਾਈ––ਘੰਟੇ ਦੀ ਪਛਾਣ ਇਸ ਦੀ ਗੁੰਬਦ-ਨੁਮਾ ਸ਼ਕਲ ਹੁੰਦੀ ਹੈ। ਪ੍ਰਾਚੀਨ ਘੰਟੇ ਚਪਟੀਆਂ ਪੱਤੀਆਂ ਨੂੰ ਕੁੱਟ ਕੇ ਬਣਾਏ ਜਾਂਦੇ ਸਨ, ਧਾਤ ਯੁੱਗ ਤਕ ਇਹੋ ਜਿਹੇ ਘੰਟੇ ਹੀ ਪ੍ਰਚਲਤ ਰਹੇ, ਹਾਲਾਂ ਕਿ ਛੋਟੀਆਂ ਛੋਟੀਆਂ ਘੰਟੀਆਂ ਦੀ ਢਲਾਈ ਦਾ ਕੰਮ ਸ਼ੁਰੂ ਹੋ ਗਿਆ ਸੀ। ਮਗਰੋਂ ਘੰਟਾ ਢਲਾਈ ਦਾ ਕੰਮ ਅਲੋਪ ਹੋ ਗਿਆ ਜਿਸ ਦੇ ਫਲਸਰੂਪ ਪੱਤੀਆਂ ਨੂੰ ਰਿਬਟਾਂ ਰਾਹੀਂ ਜੋੜ ਕੇ ਬਣਾਏ ਜਾਣ ਵਾਲੇ ਘੰਟੇ ਪ੍ਰਚਲਤ ਹੋ ਗਏ। ਅੱਠਵੀਂ ਸਦੀ ਦੇ ਲਗਭਗ ਮੁੜ ਘੰਟਾ ਢਲਾਈ ਦਾ ਕੰਮ ਸ਼ੁਰੂ ਹੋਇਆ। ਇਸ ਤੋਂ ਬਾਅਦ ਲਗਭਗ ਸਾਰੇ ਦੇ ਸਾਰੇ ਘੰਟੇ ਕਾਂਸੀ ਨੂੰ ਢਾਲ ਕੇ ਬਣਾਏ ਜਾਣ ਲੱਗ ਪਏ ਜਿਨ੍ਹਾਂ ਦੀ ਆਵਾਜ਼ ਬਿਲਕੁਲ ਸਹੀ ਅਤੇ ਸੰਗੀਤਮਈ ਸੀ।
ਪਿਛਲੇਰੇ ਸਮਿਆਂ ਵਿਚ ਅਨੇਕਾਂ ਕਿਸਮਾਂ ਦੀਆਂ ਮਿਸ਼ਰਿਤ-ਧਾਤਾਂ ਤੋਂ ਘੰਟੇ ਤਿਆਰ ਕੀਤੇ ਜਾਂਦੇ ਰਹੇ ਹਨ। ਲੋਹਾ, ਸਟੀਲ, ਸੋਨਾ, ਚਾਂਦੀ, ਜਿਸਤ ਅਤੇ ਸਿੱਕਾ ਆਦਿ ਇਕੱਲੀਆਂ ਜਾਂ ਮਿਸ਼ਰਿਤ-ਧਾਤਾਂ ਦੇ ਰੂਪ ਵਿਚ ਵਰਤੀਆਂ ਜਾਂਦੀਆਂ ਹਨ ਪ੍ਰੰਤੂ ਇਨ੍ਹਾਂ ਧਾਤਾਂ ਵਿਚੋਂ ਕੋਈ ਵੀ 1960 ਤੋਂ ਪਹਿਲਾਂ ਬਣੀਆਂ ਕਾਂਸੀ ਦੀਆਂ ਘੰਟੀਆਂ ਦੀ ਆਵਾਜ਼ ਦਾ ਮੁਕਾਬਲਾ ਨਹੀਂ ਸੀ ਕਰਦੀਆਂ। ਅੱਜਕਲ੍ਹ ਕਾਂਸੀ (77% ਤਾਂਬਾ + 23 % ਕਲੱਈ) ਤੋਂ ਘੰਟੇ ਬਣਾਏ ਜਾਂਦੇ ਹਨ।
ਘੰਟੇ ਦੇ ਠੋਲੂ ਦੇ ਲਗਾਤਾਰ ਵੱਜਣ ਨਾਲ ਪ੍ਰਾਚੀਨ ਘੰਟਿਆਂ ਵਿਚ ਤਰੇੜਾਂ ਪੈ ਜਾਂਦੀਆਂ ਸਨ, ਇਸ ਲਈ ਇਸ ਦੇ ਮੂੰਹ ਜਿਸ ਥਾਂ ਠੋਲੂ ਵਜਦਾ ਸੀ, ਨੂੰ ਵਧੇਰੇ ਮਜ਼ਬੂਤ ਬਣਾਉਣ ਲਈ ਧਾਤ ਦਾ ਇਕ ਛੱਲਾ ਚੜ੍ਹਾਇਆ ਜਾਣ ਲੱਗਾ। ਇਸ ਵਿਚ ਤਬਦੀਲੀ ਨਾਲ ਘੰਟੇ ਦੀ ਆਵਾਜ਼ ਕਾਫ਼ੀ ਸੁਰੀਲੀ ਹੋ ਗਈ।
ਪੁਰਾਤਨ ਘੰਟੇ––ਸੰਸਾਰ ਦਾ ਸਭ ਤੋਂ ਪੁਰਾਣਾ ਘੰਟਾ ਜਿਹੜਾ ਕਿ ਬਾਬਲ ਨੇੜੇ ਮਿਲਿਆ ਸੀ, ਲਗਭਗ 3,000 ਸਾਲ ਪੁਰਾਣਾ ਦਸਿਆ ਜਾਂਦਾ ਹੈ। ਚੀਨ, ਜਾਪਾਨ, ਬਰਮਾ, ਭਾਰਤ, ਮਿਸਰ ਅਤੇ ਦੂਜੀਆਂ ਹੋਰ ਪ੍ਰਾਚੀਨ ਸਭਿਆਤਾਵਾਂ ਸਮੇਂ ਘੰਟਿਆਂ ਦਾ ਉਪਯੋਗ ਕਿਸੇ ਹੋਰ ਮੰਤਵ ਲਈ ਕੀਤਾ ਜਾਂਦਾ ਸੀ ਜਿਸ ਨਾਲ ਸਬੰਧਤ ਇਤਿਹਾਸ ਦੀ ਭਾਲ ਕਰਨਾ ਲਗਭਗ ਅਸੰਭਵ ਹੀ ਹੈ। ਘੋੜਿਆਂ ਦੇ ਗਲ ਵਿਚ ਪਾਉਣ ਵਾਲੀਆਂ ਘੰਟੀਆਂ ਦਾ ਜ਼ਿਕਰ ਜੈਕ ਨਾਮੀ ਪੁਸਤਕ ਦੀ ਚੌਦ੍ਹਵੀਂ ਜਿਲਦ ਦੇ ਪੰਨਾ 20 ਉੱਤੇ ਮਿਲਦਾ ਹੈ। ਮਿਸਰ-ਸਾਹਿਤ ਵਿਚ ਘੰਟਿਆਂ ਦਾ ਜ਼ਿਕਰ ਈਯੂਰੀਪਾਈਡਜ਼ (484-407 ਈ. ਪੂ.) ਦੀ ਪੁਸਤਕ ‘Rhesus’ ਵਿਚ ਮਿਲਦਾ ਹੈ। ਅਰਿਸਟੋਫੇਨਜ਼ ਨੇ ‘Fregs’ ਵਿਚ ਘੰਟਿਆਂ ਬਾਰੇ ਲਿਖਿਆ ਹੈ ਅਤੇ ਜਿਨ੍ਹਾਂ ਦਾ ਜ਼ਿਕਰ ਫੇਰਮਡਰਸ ਦੀਆਂ ਕਲਪਿਤ ਕਹਾਣੀਆਂ ਵਿਚ ਵੀ ਆਉਂਦਾ ਹੈ। ਰੋਮ ਦੇ ਅਨੇਕਾਂ ਲੇਖਕਾਂ ਨੇ ਵੀ ਘੰਟਿਆਂ ਦਾ ਜ਼ਿਕਰ ਕੀਤਾ ਹੈ। ਪਲੱਟਰਚ ਦੀ ਪੁਸਤਕ ‘Life of Brutus’ ਵਿਚ ਲਿਖਿਆ ਹੈ ਕਿ ਦਰਿਆ ਦੇ ਆਰ-ਪਾਰ ਜਾਲਾਂ ਨਾਲ ਘੰਟੀਆਂ ਲਟਕਾਈਆਂ ਹੁੰਦੀਆਂ ਸਨ, ਜਿਹੜੀਆਂ ਤੈਰ ਕੇ ਭੱਜਣ ਵਾਲੇ ਲੋਕਾਂ ਬਾਰੇ ਸੂਚਿਤ ਕਰ ਦਿੰਦੀਆਂ ਸਨ। ਸਜਾਵਟੀ ਰਸਮੀ ਘੰਟਿਆਂ ਬਾਰੇ ਵੀ ਕੁਝ ਰਿਕਾਰਡ ਮਿਲਦੇ ਹਨ; 6ਵੀਂ ਈ. ਪੂ. ਵਿਚ ਲਾਰਸ ਪਾਰੋਸਨ ਦੇ ਮਕਬਰੇ ਉੱਤੇ ਅਤੇ ਸਿਕੰਦਰ ਮਹਾਨ ਦੀ ਅਰਥੀ ਉੱਤੇ (356-323 ਈ. ਪੂ.) ਲਟਕਾਈਆਂ ਘੰਟੀਆਂ ਅਜਿਹੀਆਂ ਉਦਾਹਰਨਾਂ ਹਨ। ਯਹੂਦੀ-ਰੋਮਨ ਇਤਿਹਾਸਕਾਰ ਫਲੈੱਵੀਸ ਜੋਸੇਫਸ ਨੇ ਲਿਖਿਆ ਹੈ ਕਿ ਸੁਲਤਾਨ ਸੁਲੇਮਾਨ (974 ਤੋਂ 937 ਈ. ਪੂ.) ਨੇ ਆਪਣੇ ਮੰਦਰ ਦੀ ਛੱਤ ਉੱਤੇ ਸੋਨੇ ਦੇ ਵੱਡੇ ਵੱਡੇ ਘੰਟੇ ਲਗਵਾਏ ਹੋਏ ਸਨ, ਜਿਨ੍ਹਾਂ ਦੀ ਸਹਾਇਤਾ ਨਾਲ ਪੰਛੀਆਂ ਨੂੰ ਮੰਦਰ ਉੱਤੇ ਬੈਠਣ ਤੋਂ ਰੋਕਿਆ ਜਾਂਦਾ ਸੀ। ਇਸ ਦਾ ਵੀ ਪ੍ਰਮਾਣ ਮਿਲਦਾ ਹੈ ਕਿ ਅਗਸਟਸ ਬਾਦਸ਼ਾਹ ਨੇ ਬ੍ਰਹਿਸਪਤ ਦੇ ਮੰਦਰ ਅੱਗੇ ਘੰਟਾ ਲਟਕਾਇਆ ਹੋਇਆ ਸੀ। ਏਥਨਜ਼ ਦੇ ਧਾਰਮਿਕ ਰੀਤੀ-ਰਿਵਾਜ਼ਾਂ ਸਮੇਂ ਸੀਬੇਲ (Cybele, “The great mother of gods”) ਦਾ ਪੁਜਾਰੀ ਵੀ ਹੱਥ ਘੰਟੀਆਂ ਦਾ ਇਸਤੇਮਾਲ ਕਰਦਾ ਸੀ। ਇਕ ਪ੍ਰਸਿੱਧ ਯੂਨਾਨ ਇਤਿਹਾਸਕਾਰ ਹੋਰੋਡਟਸ ਲਿਖਦਾ ਹੈ ਕਿ ਸਪਾਰਟਾ ਵਿਚ ਜਦੋਂ ਰਾਜਾ ਮਰਿਆ ਤਾਂ ਔਰਤਾਂ ਘੰਟੀਆਂ ਵਜਾਉਂਦੀਆਂ ਹੋਈਆਂ ਗਲੀਆਂ ਵਿਚੋਂ ਦੀ ਲੰਘੀਆਂ ਸਨ। ਇਸ ਤਰ੍ਹਾਂ ਪੁਰਾਤਤਵ ਵਿਗਿਆਨੀਆਂ ਦੁਆਰਾ ਕੀਤੀਆਂ ਗਈਆਂ ਖੋਜਾਂ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਘੰਟੀਆਂ ਦਾ ਉਪਯੋਗ ਆਦਿ ਕਾਲ ਤੋਂ ਹੁੰਦਾ ਆ ਰਿਹਾ ਹੈ।
ਪ੍ਰਾਚੀਨ ਆਕਾਰ ਤੋਂ ਵਿਕਾਸ ਵੱਲ ਘੰਟਿਆਂ ਦੇ ਦੋ ਵੱਖ ਵੱਖ ਸ਼ਕਲਾਂ ਅਰਥਾਤ ਪੂਰਬੀ ਅਤੇ ਪੱਛਮੀ ਅਖ਼ਤਿਆਰ ਕਰ ਲਈਆਂ। ਪੂਰਬ ਵਿਚ ਦੇਗਜੇ ਅਤੇ ਠੂਠੀ ਵਰਗੀਆਂ ਸ਼ਕਲਾਂ ਦੇ ਘੰਟੇ ਪ੍ਰਚਲਤ ਹੋਏ ਜਦੋਂ ਕਿ ਪੱਛਮ ਵਾਲਿਆਂ ਨੇ ਕੱਪ-ਨੁਮਾ ਘੰਟਿਆਂ ਦਾ ਵਿਕਾਸ ਕੀਤਾ।
ਪੱਛਮੀ ਸਭਿਅਤਾ ਨੇ ਕੱਪ-ਰੂਪੀ ਘੰਟੀ ਦਾ ਵਿਕਾਸ ਕਰਕੇ ਉਸ ਦੇ ਅੰਦਰ ਵੱਜਣ ਵਾਲਾ ਇਕ ਲਟਕਣ ਜਾਂ ਡੋਲਕ ਲਗਾਇਆ; ਇਸ ਤਰ੍ਹਾ ਵੱਜਣ ਵਾਲੀਆਂ ਘੰਟੀਆਂ ਦੀ ਧਾਰਨਾ ਸਾਹਮਣੇ ਆਈ। ਆਧੁਨਿਕ ਘੰਟੀ ਦੇ ਨਾਲ ਰਲਦੀ ਮਿਲਦੀ ਘੰਟੀ ਤਿਆਰ ਕਰਨ ਦਾ ਸਿਹਰਾ (400 ਈ. ਪੂ. ਦੇ ਲਗਭਗ) ਨੋਲਾ ਦੇ ਪਾਊਲੀਨਸ ਨਾਮੀ ਪਾਦਰੀ ਦੇ ਸਿਰ ਹੈ। ਪਾਊਲੀਨਸ ਬਾਰੇ ਇਕ ਲੇਖਕ ਲਿਖਦਾ ਹੈ ਕਿ ਇਸ ਨੇ ਤਾਂਬੇ ਜਾਂ ਕਾਂਸੀ ਦਾ ਇਕ ਬਹੁਤ ਵੱਡਾ ਭਾਂਡਾ ਗਿਰਜਾ ਘਰ ਉੱਤੇ ਟੰਗਿਆ ਹੋਇਆ ਸੀ ਤੇ ਇਸ ਤੋਂ ਘੰਟੀ ਵਜਾਉਣ ਦਾ ਕੰਮ ਲਿਆ ਕਰਦਾ ਸੀ। ਦੂਜੇ ਪਾਸੇ 752 ਈ. ਪੂ. ਵਿਚ ਪੋਪ ਸਟੀਫ਼ਨ ਤੀਜੇ ਨੇ ਰੋਮ ਵਿਚ ਸੇਂਟ ਪੀਟਰਜ਼ ਵਿਖੇ ਗਿਰਜਾ ਘਰ ਵਿਚ ਤਿੰਨ ਘੰਟੀਆਂ ਵਾਲਾ ਘੰਟਾ ਉਸਾਰਿਆ ਸੀ, ਜਿਸ ਨੂੰ ਕੈਮਪੇਨੀਆ ਕਿਹਾ ਜਾਂਦਾ ਸੀ।
ਅਨੇਕਾਂ ਥਾਵਾਂ ਤੇ ਛੋਟੀਆਂ ਛੋਟੀਆਂ ਘੰਟੀਆਂ ਆਮ ਬਣਾਈਆਂ ਜਾਂਦੀਆਂ ਸਨ ਕਿਉਂਕ ਵੱਡੀਆਂ ਵੱਡੀਆਂ ਘੰਟੀਆਂ ਤਿਆਰ ਕਰਨ ਲਈ ਕੋਈ ਅਜਿਹੀ ਧਾਤ ਉਪਲੱਬਧ ਨਹੀਂ ਸੀ। ਆਇਰਲੈਂਡ ਵਿਚ ਤਾਂਬਾ ਆਮ ਸੀ ਪਰ ਕਲੱਈ ਨਹੀਂ ਸੀ ਤਾਂ ਜੋ ਕਾਂਸੀ ਤਿਆਰ ਕੀਤੀ ਜਾ ਸਕੇ। ਸਥਾਨਕ ਘੰਟੀਆਂ ਦੀ ਥਾਂ ਕਾਉਬੈੱਲ ਕਿਸਮ ਨੇ ਲੈ ਲਈ ਜਿਹੜੀ ਕਿ 450 ਈ. ਪੂ. ਦੇ ਲਗਭਗ ਰੋਮ ਦੇ ਦੋ ਸੈਲਾਨੀਆਂ ਸੇਂਟ ਪੈਟਰਿਕ ਅਤੇ ਪਲਾਡੀਅਸ ਦੁਆਰਾ ਲਿਆਂਦੀ ਗਈ ਸੀ। ਇਹ ਘੰਟੀਆਂ ਇਕ ਪੱਧਰੀ ਚਾਦਰ ਤੋਂ ਨੁਕਰਾਂ ਕੱਟ ਕੇ ਮੋੜ ਕੇ ਅਤੇ ਰਿਬਟਾਂ ਨਾਲ ਜੋੜ ਲਗਾ ਕੇ ਵਰਗਾਕਾਰ ਅਤੇ ਲੰਬੂਤਰੇ ਆਕਾਰ ਦੀਆਂ ਹੁੰਦੀਆਂ ਸਨ। ਯੂਰਪ ਵਿਚ ਅਜਿਹੀਆਂ ਘੰਟੀਆਂ ਦਾ ਇਸਤੇਮਾਲ ਲਗਭਗ 4 ਸਦੀਆਂ ਤਕ ਹੁੰਦਾ ਰਿਹਾ। ਅਜਿਹੀਆਂ ਘੰਟੀਆਂ ਦੇ ਅਨੇਕਾਂ ਨਮੂਨੇ ਅੱਜਕਲ੍ਹ ਵੀ ਵੇਖੇ ਜਾ ਸਕਦੇ ਹਨ ਜਿਵੇਂ ਕਿ 612 ਈ. ਪੂ. ਦੇ ਲਗਭਗ ਤਿਆਰ ਹੋਈ ਘੰਟੀ ਸਵਿਟਜ਼ਰਲੈਂਡ ਵਿਚ ਸੇਂਟ ਗਲੈੱਨ ਵਿਖੇ ਪਈ ਹੈ।
ਵੱਡੇ ਘੰਟੇ––ਯੂਰਪ ਅਤੇ ਦੱਖਣੀ ਪੂਰਬ ਏਸ਼ੀਆ ਦੇ ਦੇਸ਼ਾਂ ਵਿਚ ਜਿਹੋ ਜਿਹੇ ਵੱਡੇ ਵੱਡੇ ਘੰਟੇ ਮਿਲਦੇ ਹਨ, ਉਹੋ ਜਿਹੇ ਭਾਰਤ ਵਿਚ ਨਹੀਂ ਮਿਲਦੇ। ਬਰ੍ਹਮਾ ਵਿਚ ਬਹੁਤ ਸਾਰੇ ਘੰਟੇ ਅਜਿਹੇ ਹਨ, ਜਿਨ੍ਹਾਂ ਵਿਚ ਡੋਲਕ ਨਹੀਂ ਹੁੰਦਾ, ਇਨ੍ਹਾਂ ਨੂੰ ਹਿਰਨ ਦੇ ਸਿੰਗ ਦੀ ਹਥੌੜੀ ਨਾਲ ਵਜਾਇਆ ਜਾਂਦਾ ਹੈ।
ਰੂਸ ਨੂੰ ਵੱਡੇ ਤੋਂ ਵੱਡੇ ਘੰਟੇ ਰਖਣ ਦਾ ਮਾਣ ਹਾਸਲ ਹੈ ‘ਤਸਾਰ ਕਾਲੋਕੇ’ ਜਿਸ ਨੂੰ ਘੰਟਿਆਂ ਦਾ ਸਰਤਾਜ ਕਿਹਾ ਜਾਂਦਾ ਹੈ ਅਤੇ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ, ਸੰਨ 1773 ਵਿਚ ਢਲਾਈ ਕਰਕੇ ਤਿਆਰ ਕੀਤਾ ਗਿਆ। ਇਹ ਘੰਟਾ 5.791 ਮੀ. (19 ਫੁੱਟ) ਉੱਚਾ, 6.706 ਮੀ. (22.5 ਫੁੱਟ) ਵਿਆਸ ਵਾਲਾ ਹੈ, ਇਸ ਦਾ ਭਾਰ ਲਗਭਗ 196 ਟਨ ਹੈ ਅਤੇ ਇਹ ਕਦੇ ਵੀ ਵਜਾਇਆ ਨਹੀਂ ਗਿਆ। ਸੰਨ 1737 ਵਿਚ ਅੱਗ ਲੱਗ ਜਾਣ ਨਾਲ ਇਸ ਦਾ ਆਧਾਰ ਤਬਾਹ ਹੋ ਗਿਆ ਸੀ ਤੇ ਇਸ ਦੇ ਡਿਗ ਜਾਣ ਨਾਲ ਇਕ ਪਾਸੇ ਤੋਂ ਲਗਭਗ 11 ਮੀ. ਟਨ ਦੇ ਭਾਰ ਵਾਲਾ ਟੁਕੜਾ ਵੱਖਰਾ ਹੋ ਗਿਆ। ਫਰੋਟਜ਼ਕੋਏ ਵਿਖੇ ਪਏ ਘੰਟੇ ਦਾ ਭਾਰ ਲਗਭਗ 17.4 ਮੀ. ਟਨ ਹੈ। ਆਮ ਵਰਤੋਂ ਵਿਚ ਆਉਣ ਵਾਲੇ ਘੰਟਿਆਂ ਵਿਚ ਸਭ ਤੋਂ ਵੱਡਾ ਮਾਸਕੋ ਦਾ ਦੂਜਾ ਘੰਟਾ ਹੈ ਜਿਸ ਦਾ ਭਾਰ ਲਗਭਗ 112 ਮੀ. ਟਨ ਹੈ।
ਪੀਕਿੰਗ ਦੇ ਹੋਰ ਵੱਡੇ ਘੰਟੇ ਗ੍ਰੇਟ ਬੈੱਲ ਦਾ ਭਾਰ ਲਗਭਗ 54 ਮੀ. ਟਨ ਹੈ ਜਿਸ ਉੱਤੇ ਚੀਨੀ ਭਾਸ਼ਾ ਵਿਚ ਬੁੱਧ ਦੇ ਉਪਦੇਸ਼ ਉੱਕਰੇ ਹੋਏ ਹਨ। ਇਸ ਤੋਂ ਇਲਾਵਾ ਘੰਟੇ ਵਜਾਉਣ ਨਾਲ ਦੋ ਤਰ੍ਹਾਂ ਦੀ ਆਵਾਜ਼ ਅਰਥਾਤ ਇਕ ਸਥਾਈ ਆਵਾਜ਼ ਅਤੇ ਦੂਜੀ ਗੂੰਜਨ ਆਵਾਜ਼ ਨਿਕਲਦੀ ਹੈ। ਹੋਰ ਵੀ ਅਨੇਕਾਂ ਸੁਰਾਂ ਨਿਕਲਦੀਆਂ ਹਨ।
ਘੰਟੇ ਦੀ ਪਿੱਚ ਘਟਾਉਣ ਲਈ ਉਸ ਦਾ ਵਿਆਸ ਵਧਾਇਆ ਅਤੇ ਵਧਾਉਣ ਲਈ ਘਟਾਇਆ ਜਾਂਦਾ ਹੈ। ਘੰਟੇ ਦੀ ਅੰਦਰਲੀ ਸਤ੍ਹਾ ਨੂੰ ਘਸਾਕੇ ਪਤਲਾ ਕੀਤਾ ਜਾਂਦਾ ਹੈ ਅਤੇ ਬਾਹਰੀ ਕਿਨਾਰੇ ਨੂੰ ਰਗੜ ਕੇ ਵਿਆਸ ਘਟਾਇਆ ਜਾਂਦਾ ਹੈ ਪ੍ਰੰਤੂ ਇਕ ਵਾਰੀ ਘੰਟੇ ਦੀ ਢਲਾਈ ਹੋ ਜਾਣ ਬਾਅਦ ਉਸ ਵਿਚ ਤਬਦੀਲੀਆਂ ਕਰਨ ਨਾਲ ਉਸ ਦੀਆਂ ਸੁਰਾਂ ਦੇ ਮੁੱਖ ਗੁਣ ਖ਼ਤਮ ਹੋ ਜਾਂਦੇ ਹਨ।
ਸੰਸਾਰ ਦਾ ਸਭ ਤੋਂ ਉੱਚਾ ਘੰਟਾ ਮੀਟਰੋਪੋਲੀਟਨ ਲਾਈਡ ਇਨਸ਼ੋਰੈਂਸ ਟਾਵਰ, ਨਿਊਯਾਰਕ ਉੱਤੇ ਜੜ੍ਹਿਆ ਹੋਇਆ ਹੈ। ਇਸ ਦੀ ਉਚਾਈ ਲਗਭਗ 213.4 ਮੀ. ਹੈ ਅਤੇ ਇਸ ਦੀ ਆਵਾਜ਼ 45.5 ਕਿ. ਮੀ. ਤਕ ਸੁਣਾਈ ਦਿੰਦੀ ਹੈ।
ਆਧੁਨਿਕ ਅਤੇ ਇਲੈੱਕਟ੍ਰੋਮਕੈਨੀਕਲ ਘੰਟੇ ––ਇਲੈੱਕਟ੍ਰਾੱਨਿਕਸ ਦੀ ਉੱਨਤੀ ਨੇ ਕਈ ਬਿਜਲਈ ਘੰਟੇ ਦਿੱਤੇ ਹਨ ਜਿਨ੍ਹਾਂ ਦੀ ਵਰਤੋਂ ਅੱਜਕਲ੍ਹ ਵੀ ਕਈ ਥਾਵਾਂ ਤੇ ਹੋ ਰਹੀ ਹੈ। ਇਨ੍ਹਾਂ ਦਾ ਸਿਧਾਂਤ ਬਿਜਲ-ਚੁੰਬਕਤਾ ਤੇ ਆਧਾਰਿਤ ਬਿਜਲੀ ਦੀ ਘੰਟੀ ਹੈ।
ਹ. ਪੁ.––ਐਨ. ਬ੍ਰਿ. 3 : 441; ਹਿੰ. ਵਿ. ਕੋ. 4 : 100
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5709, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-17, ਹਵਾਲੇ/ਟਿੱਪਣੀਆਂ: no
ਘੰਟਾ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਘੰਟਾ : ਘੰਟਾ ਵਜਾਉਣਾ ਹਿੰਦੂ ਧਰਮ ਦੇ ਪੂਜਾ-ਪਾਠ ਦਾ ਇਕ ਜ਼ਰੂਰੀ ਅੰਗ ਹੈ ਅਤੇ ਇਹ ਖੁਸ਼ੀ ਦਾ ਪ੍ਰਤੀਕ ਹੁੰਦਾ ਹੈ। ਸਨਾਤਨ ਧਰਮ ਵਿਚ ਘੰਟਿਆਂ ਦਾ ਹੋਣਾ ਲਾਜ਼ਮੀ ਹੁੰਦਾ ਹੈ। ਬੁੱਧ ਧਰਮ ਅਤੇ ਜੈਨ ਧਰਮ ਵਿਚ ਵੀ ਇਸ ਦੀ ਮਹੱਤਤਾ ਹੈ। ਸਕੰਦ ਪੁਰਾਣ ਵਿਚ ਲਿਖਿਆ ਹੈ ਕਿ ਗਰੁੜ ਜੀ ਦੀ ਮੂਰਤੀ ਵਾਲਾ ਘੰਟਾ ਭਗਵਾਨ ਵਿਸ਼ਨੂੰ ਜੀ ਨੂੰ ਬਹੁਤ ਪਿਆਰਾ ਸੀ। ਇਹ ਮੰਨਿਆ ਜਾਂਦਾ ਹੈ ਕਿ ਜਿਸ ਘਰ ਵਿਚ ਅਜਿਹਾ ਘੰਟਾ ਹੋਵੇ, ਉਥੇ ਦੁੱਖਾਂ ਤੋਂ ਬਚਾਅ ਰਹਿੰਦਾ ਹੈ।
ਈਸਾਈ ਧਰਮ ਵਿਚ ਵੀ ਘੰਟਿਆਂ ਨੂੰ ਪਵਿੱਤਰ ਅਤੇ ਸ਼ੁਭ ਸ਼ਗਨ ਵਾਲਾ ਮੰਨਿਆ ਜਾਂਦਾ ਹੈ। ਘੰਟਾ ਜਿਸ ਸਮੇਂ ਬਣਾਇਆ ਜਾਂਦਾ ਹੈ, ਉਸ ਸਮੇਂ ਅਨੇਕਾਂ ਪ੍ਰਕਾਰ ਦੇ ਧਾਰਮਕ ਪਾਠ ਕੀਤੇ ਜਾਂਦੇ ਹਨ। ਜਦੋਂ ਇਹ ਤਿਆਰ ਹੋ ਜਾਂਦਾ ਹੈ, ਤਾਂ ਪੂਰਨ ਧਾਰਮਕ ਮਰਿਆਦਾ ਅਨੁਸਾਰ ਇਸ ਦਾ ਬਪਤਿਸਮਾ (ਨਾਮ-ਕਰਣ) ਕੀਤਾ ਜਾਂਦਾ ਹੈ। ਪਵਿੱਤਰ ਸਲੋਕ ਘੰਟੇ ਉੱਪਰ ਲਿਖੇ ਜਾਂਦੇ ਹਨ ਅਤੇ ਇੋਸ ਦੀ ਆਵਾਜ਼ ਦੇ ਨਾਲ ਨਾਲ ਪਵਿੱਤਰ ਸਲੋਕਾਂ ਨੂੰ ਉਚਾਰਿਆ ਜਾਂਦਾ ਹੈ। ਇਸ ਅਵਸਰ ਨੂੰ ਖੁਸ਼ੀਆਂ ਭਰਿਆ ਅਵਸਰ ਮੰਨਿਆ ਜਾਂਦਾ ਹੈ।
ਆਰੰਭ ਵਿਚ ਕਿਸੇ ਈਸਾਈ ਦੇ ਮਰਨ ਉਪਰੰਤ ਹੀ ਘੰਟਾ ਵਜਾਇਆ ਜਾਂਦਾ ਸੀ ਪਰ ਬਾਅਦ ਵਿਚ ਮੌਤ ਤੋਂ ਕੁਝ ਪਹਿਲਾਂ ਹੀ ਘੰਟਾ ਵਜਾਉਣ ਦਾ ਰਿਵਾਜ ਚਲ ਪਿਆ। ਇਹ ਖ਼ਿਆਲ ਕੀਤਾ ਜਾਂਦਾ ਹੈ ਕਿ ਘੰਟੇ ਦੀ ਆਵਾਜ਼ ਨਾਲ ਮਰਨ ਵਾਲੇ ਦੀ ਦੇਹ ਪਵਿੱਤਰ ਅਤੇ ਸਾਰੇ ਬੰਧਨਾਂ ਤੋਂ ਮੁਕਤ ਹੋ ਜਾਂਦੀ ਹੈ। ਅੱਜਕੱਲ੍ਹ ਇਸ ਗੱਲ ਤੇ ਬਹੁਤਾ ਵਿਸ਼ਵਾਸ ਨਹੀਂ ਕੀਤਾ ਜਾਂਦਾ, ਫ਼ਿਰ ਵੀ ਮ੍ਰਿਤਕ ਦੇ ਅੰਤਿਮ ਸੰਸਕਾਰ ਤਕ, ਉਸ ਦੇ ਸਨਮਾਨ ਵਿਚ ਘੰਟਾ ਵਜਾਇਆ ਜਾਂਦਾ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4792, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-13-04-33-48, ਹਵਾਲੇ/ਟਿੱਪਣੀਆਂ: ਹ. ਪੁ. –ਹਿੰ. ਵਿ. ਕੋ. 4: 100
ਵਿਚਾਰ / ਸੁਝਾਅ
Please Login First