ਚਮੜੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚਮੜੀ (ਨਾਂ,ਇ) ਸਰੀਰ ਦੀ ਖੱਲੜੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5251, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਚਮੜੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚਮੜੀ [ਨਾਂਇ] ਸਰੀਰ ਦੀ ਉੱਪਰਲੀ ਪਰਤ, ਚੰਮ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5244, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਚਮੜੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚਮੜੀ. ਦੇਖੋ, ਗਲਿਚਮੜੀ। ੨ ਸੰਗ੍ਯਾ—ਚਰਮ. ਖੱਲ. “ਖਪਰੀ ਲਕੜੀ ਚਮੜੀ.” (ਆਸਾ ਮ: ੧) ਕਾਪਾਲਿਕ, ਦੰਡੀ ਅਤੇ ਮ੍ਰਿਗਚਰਮ ਧਾਰੀ ਬ੍ਰਹਚਾਰੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5100, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਚਮੜੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਚਮੜੀ (ਗੁ.। ਦੇਖੋ , ਚਮਰੇ ੨.) ੧. ਚਿਮਟੀ ਹੋਈ। ਯਥਾ-‘ਗਲਿ ਚਮੜੀ ਜਉ ਛੋਡੈ ਨਾਹੀ’।
੨. (ਦੇਖੋ, ਚਮ) ਚੰਮ , ਮ੍ਰਿਗਾਨ। ਯਥਾ-‘ਖਲੜੀ ਖਪਰੀ ਲਕੜੀ ਚਮੜੀ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5069, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਚਮੜੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਚਮੜੀ : ਪ੍ਰਾਣੀਆਂ ਦੇ ਸਰੀਰ ਦੀ ਸਭ ਤੋਂ ਬਾਹਰਲੀ ਕੱਜਣ (ਸਤ੍ਹਾ) ਨੂੰ ਚਮੜੀ ਕਹਿੰਦੇ ਹਨ। ਰੀੜ੍ਹਧਾਰੀ ਪ੍ਰਾਣੀਆਂ ਵਿਚ ਇਸ ਦੀ ਬਣਤਰ ਬੜੀ ਗੁੰਝਲਦਾਰ ਹੁੰਦੀ ਹੈ ਅਤੇ ਇਹ ਕਈ ਅਜਿਹੇ ਜ਼ਰੂਰੀ ਕੰਮ ਕਰਦੀ ਹੈ ਜਿਨ੍ਹਾਂ ਦੀ ਜਿਉਂਦੇ ਰਹਿਣ ਲਈ ਬਹੁਤ ਮਹੱਤਤਾ ਹੈ। ਸਾਰੇ ਰੀੜ੍ਹਧਾਰੀ ਪ੍ਰਾਣੀਆਂ ਵਿਚ ਚਮੜੀ ਦੀਆਂ ਦੋ ਮੁੱਖ ਤਹਿਆਂ ਅਰਥਾਤ ਬਾਹਰਲੀ (ਐਪੀਡਰਮਿਸ) ਅਤੇ ਅੰਦਰਲੀ (ਡਰਮਿਸ, ਕਿਉਟਿਸ ਜਾਂ ਕੋਰੀਮ) ਹੁੰਦੀਆਂ ਹਨ।
ਰੀੜ੍ਹਧਾਰੀਆਂ ਦੀ ਚਮੜੀ––ਹੇਠਾਂ ਰੀੜ੍ਹਧਾਰੀਆਂ ਦੀਆਂ ਅਨੇਕਾਂ ਸ਼੍ਰੇਣੀਆਂ ਦੀ ਕੱਜਣ ਦਾ ਕੁਝ ਸੰਖੇਪ ਜਿਹਾ ਵੇਰਵਾ ਦਿੱਤਾ ਹੈ।
ਚੱਕਰਮੁਖੀ (ਸਾਈਕਲੋਸਟੋਮ)––ਲੈਂਪਰੀ ਵਿਚ ਚਮੜੀ ਬਿਲਕੁਲ ਪੱਧਰੀ ਹੁੰਦੀ ਹੈ ਤੇ ਚਾਣੇ ਨਹੀਂ ਹੁੰਦੀ। ਚਿਪਚਿਪਾ ਪਦਾਰਥ ਪੈਣਾ ਕਰਨ ਵਾਲੇ ਗਲੈਂਡ ਸੈੱਲ, ਐਪੀਥੀਲੀਅਲ ਸੈੱਲਾਂ ਵਿਚ ਰਲੇ ਹੁੰਦੇ ਹਨ।
ਇਲੈਸਮੋਬੈਂਕ ਮੱਛੀਆਂ––ਇਨ੍ਹਾਂ ਵਿਚੋਂ ਸ਼ਾਰਕਾਂ ਦੀ ਚਮੜੀ ਬਹੁਤ ਕਰੜੀ ਹੁੰਦੀ ਹੈ। ਇਸ ਉਤੇ ਨਿੱਕੇ ਦੰਦ ਜਾਂ ਪਲੇਟਨੁਮਾ ਚਾਣੇ ਹੁੰਦੇ ਹਨ। ਇਨ੍ਹਾਂ ਵਿਚੋਂ ਹਰੇਕ ਦੀ ਪਲਪ ਖੋੜ ਹੁੰਦੀ ਹੈ। ਇਸ ਖੋੜ ਦੇ ਕਿਨਾਰੇ ਦੇ ਦੁਆਲੇ ਓਡੌਂਟੋਬਲਾਸਟ ਸੈੱਲਾਂ ਦੀ ਇਕ ਕਤਾਰ ਹੁੰਦੀ ਹੈ, ਜਿਨ੍ਹਾਂ ਤੋਂ ਨਿੱਕੇ ਦੰਦ ਜਾਂ ਚਾਣੇ ਦਾ ਕੈਲਸੀਅਮਯੁਕਤ ਮਾਦਾ ਰਿਸਦਾ ਹੈ। ਨਿੱਕੇ ਦੰਦਾਂ ਦੇ ਉੱਪਰ ਇਨੈਮਲ ਦੀ ਤਹਿ ਹੁੰਦੀ ਹੈ।
ਮੱਛੀਆਂ––ਅਜੋਕੇ ਐਰਾ ਦੀਆਂ ਪ੍ਰਮੁੱਖ (ਜਾਂ ਹਾਣੀ) ਟੀਲੀ-ਓਸਟ ਮੱਛੀਆਂ ਹਨ। ਇਨ੍ਹਾਂ ਦੇ ਚਾਣੇ ਅੰਦਰੂਨੀ ਹੁੰਦੇ ਹਨ ਅਤੇ ਇਹ ਉੱਪਰੋਂ ਚਮੜੀ ਨਾਲ ਢਕੇ ਹੁੰਦੇ ਹਨ। ਟਰਾਊਟ ਦੀ ਐਪੀਡਰਮਿਸ ਦੀ ਐਪੀਥੀਲੀਅਲ ਤੋਂ ਇਕ ਸਿਥਿਲ ਕੈਰਾਟਿਨ ਦੀ ਤਹਿ ਬਣਦੀ ਹੈ। ਚਾਣ, ਡਰਮਿਸ ਵਿਚ ਪਈਆਂ ਪਤਲੀਆਂ, ਇਕ ਦੂਜੇ ਨੂੰ ਢਕਦੀਆਂ ਹੱਡਲ ਪਲੇਟਾਂ ਹੁੰਦੀਆਂ ਹਨ। ਇਨ੍ਹਾਂ ਦੇ ਨੰਗੇ ਹਿੱਸਿਆਂ ਵਿਚ ਪਿਗਮੈਂਟ ਹੁੰਦੇ ਹਨ। ਚਾਣੇ ਦੀ ਹੱਡੀ ਬਸੰਤ ਅਤੇ ਗਰਮੀ ਦੀ ਰੁੱਤੇ ਬੜੀ ਤੇਜ਼ੀ ਨਾਲ ਚੱਕਰਾਂ ਵਿਚ ਜਮ੍ਹਾਂ ਹੁੰਦੀ ਰਹਿੰਦੀ ਹੈ। ਇਨ੍ਹਾਂ ਚੱਕਰਾਂ ਤੋਂ ਮੱਛੀ ਦੀ ਉਮਰ ਦਾ ਪਤਾ ਵੀ ਲਗਦਾ ਹੈ।
ਜਲ-ਥਲੀ ਪ੍ਰਾਣੀ––ਸਾਰੇ ਜਲ-ਥਲੀ ਪ੍ਰਾਣੀ ਚਮੜੀ ਨੂੰ ਗਿੱਲਾ ਰੱਖਦੇ ਹਨ ਅਤੇ ਉਸ ਰਾਹੀਂ ਸਾਹ ਲੈਂਦੇ ਹਨ। ਚਮੜੀ ਦੀਆਂ ਬਾਹਰਲੀਆਂ ਤਹਿਆਂ ਸਿੰਗਮਈ ਹੁੰਦੀਆਂ ਹਨ। ਬਾਲਗ ਡੱਡੂ ਦੀ ਐਪੀਡਰਮਿਸ ਸਮੇਂ ਸਮੇਂ ਕੁੰਜ ਲਾਹੁਣ ਦੀ ਕਿਰਿਆ ਰਾਹੀਂ ਬਦਲਦੀ ਰਹਿੰਦੀ ਹੈ। ਡੱਡੂ ਦੀ ਚਮੜੀ ਦੇ ਉਭਾਰ ਉਸ ਦੀ ਚਮੜੀ ਦੀ ਮੋਟਾਈ ਵਿਚ ਫ਼ਰਕ ਕਰਕੇ ਹੁੰਦੇ ਹਨ।
ਰੀਂਗਣ ਵਾਲੇ ਪ੍ਰਾਣੀ––ਰੀਂਗਣ ਵਾਲੇ ਪ੍ਰਾਣੀਆਂ ਦੀ ਚਮੜੀ ਖੁਸ਼ਕ ਹੁੰਦੀ ਹੈ। ਇਸ ਵਿਚ ਗਲੈਂਡ ਬਹੁਤ ਘੱਟ ਜਾਂ ਫਿਰ ਬਿਲਕੁਲ ਹੀ ਨਹੀਂ ਹੁੰਦੇ। ਡਰਮਿਸ ਵਿਚ ਖ਼ਾਸ ਤੌਰ ਤੇ ਸਿਰ ਦੇ ਹਿੱਸੇ ਉੱਤੇ ਹੱਡਲ ਪਲੇਟਾਂ ਹੁੰਦੀਆਂ ਹਨ। ਬਹੁਤੇ ਪ੍ਰਾਣੀ ਰੰਗ-ਬਰੰਗੇ ਹੁੰਦੇ ਹਨ ਤੇ ਕਈ (ਜਿਵੇਂ ਗਿਰਗਿਟ) ਆਪਣੇ ਰੰਗ ਬਦਲ ਵੀ ਸਕਦੇ ਹਨ।
ਪੰਛੀ––ਇਨ੍ਹਾਂ ਦੀ ਖ਼ਾਸੀਅਤ ਖੰਭਾਂ ਦੀ ਹੋਂਦ ਹੈ, ਜਿਹੜੇ ਇਕ ਪਤਲੀ, ਢਿੱਲੀ ਅਤੇ ਸੁੱਕੀ ਚਮੜੀ ਨਾਲ ਜੁੜੇ ਹੁੰਦੇ ਹਨ। ਸਿਰਫ਼ ਪੂਛ ਦੇ ਮੁੱਢ ਵਿਚ ਇਕੋ ਹੀ ਤੇਲ ਕੱਢਣ ਵਾਲਾ ਯੂਰੋਪਾਈਜੀਅਲ ਜਾਂ ਪ੍ਰੀਨ ਗਲੈਂਡ ਹੁੰਦਾ ਹੈ। ਖੰਭ ਕੈਰਾਟਿਨ ਦੇ ਬਣੇ ਹੁੰਦੇ ਹਨ (ਖੰਭਾਂ ਦੇ ਕੰਮਾਂ ਲਈ ਵੇਖੋ––ਖੰਭ)।
ਥਣਧਾਰੀ ਪ੍ਰਾਣੀ––ਸਾਰੇ ਥਣਧਾਰੀਆਂ ਦੇ ਸਰੀਰ ਉੱਤੇ ਵਾਲ ਹੁੰਦੇ ਹਨ। ਵਾਲੇ ਲੰਮੇ ਸਪੱਰਸ਼-ਰੋਮ ਅਤੇ ਛੋਟੇ ਵਾਲ (ਜਿਹੜੇ ਸਾਰੇ ਸਰੀਰ ਦੇ ਉੱਤੇ ਹੁੰਦੇ ਹਨ) ਦੋ ਕਿਸਮਾਂ ਦੇ ਹੁੰਦੇ ਹਨ। ਇਨ੍ਹਾਂ ਤੋਂ ਇਲਾਵਾ ਸਿੰਗ, ਨਹੁੰਦਰਾਂ, ਖੁਰ ਅਤੇ ਗਿਲਟੀਆਂ ਵੀ ਹੋ ਸਕਦੀਆਂ ਹਨ। ਇਹ ਚਮੜੀ ਦੇ ਉਪ-ਅੰਗ ਹਨ। ਸਿਰਫ਼ ਆਰਮਾਡਿੱਲੋ ਹੀ ਇਕ ਅਜਿਹਾ ਜਿਉਂਦਾ ਥਣਧਾਰੀ ਹੈ ਜਿਸ ਵਿਚ ਅਸਲੀ ਹੱਡਲ ਬਾਹਰਲਾ ਪਿੰਜਰ ਹੁੰਦਾ ਹੈ।
ਸਿੰਗ ਤਿੰਨ ਕਿਸਮਾਂ ਦੇ ਹੁੰਦੇ ਹਨ। ਹਿਰਨਾਂ ਦੇ ਸਿੰਗ (ਜਾਂ ਐਂਟਲਰ) ਅਸਲੀ ਹੱਡਲ ਹੁੰਦੇ ਹਨ। ਇਨ੍ਹਾਂ ਉਤੇ ਵਸਕੂਲਰ ਚਮੜੀ ਦੀ ਤਹਿ ਹੁੰਦੀ ਹੈ ਜਿਹੜੀ ਵਿਕਾਸ ਪੂਰਾ ਹੋ ਜਾਣ ਤੋਂ ਬਾਅਦ ਲੁਪਤ ਹੋ ਜਾਂਦੀ ਹੈ। ਇਹ ਸਿੰਗ ਹਰ ਸਾਲ ਗਿਰ ਕੇ ਨਵੇਂ ਉੱਗਦੇ ਹਨ। ਜਿਰਾਫ਼ਾਂ ਦੇ ਛੋਟੇ ਛੋਟੇ ਸਿੰਗ ਵੀ ਹੱਡਲ ਪਰ ਸਥਿਰ ਹੁੰਦੇ ਹਨ। ਉਗਾਲੀ ਕਰਨ ਵਾਲੇ ਪ੍ਰਾਣੀਆਂ ਦੇ ਸਿੰਗ ਇਕ ਹੱਡਲ ਕੋਰ ਉੱਪਰ ਸਖ਼ਤ ਹੋਈ ਹੋਈ ਐਪੀਡਰਮਿਸ ਦਾ ਖੋਖਲਾ ਕੱਜਣ ਹੁੰਦੇ ਹਨ। ਦੁਸਾਂਗੀ ਸਿੰਗਾਂ ਵਾਲੇ ਹਿਰਨਾਂ ਨੂੰ ਛੱਡ ਬਾਕੀਆਂ ਦੇ ਸਿੰਗ ਸਥਿਰ ਹੁੰਦੇ ਹਨ। ਗੈਂਡੇ ਦੇ ਸਿੰਗ ਵਾਲ ਵਰਗੇ ਹਾੱਰਨੀ ਰੇਸ਼ਿਆਂ ਦਾ ਗੁੱਛਾ ਹੁੰਦੇ ਹਨ ਜਿਹੜੇ ਸੈੱਲਾਂ ਰਾਹੀਂ ਆਪਸ ਵਿਚ ਜੁੜੇ ਹੁੰਦੇ ਹਨ। ਇਹ ਡਰਮਲ ਪੈਪਿਲੀ ਤੋਂ ਉੱਗਦੇ ਹਨ।
ਮਨੁੱਖੀ ਚਮੜੀ––ਮਨੁੱਖ ਵਿਚ ਚਮੜੀ ਦੀ ਮੋਟਾਈ ਸਰੀਰ ਦੇ ਵੱਖ ਵੱਖ ਹਿੱਸਿਆਂ ਤੇ ਵੱਖ ਵੱਖ ਹੁੰਦੀ ਹੈ। ਅੱਖ ਦੇ ਛੱਪਰਾਂ ਤੇ ਇਸ ਦੀ ਮੋਟਾਈ ਇਕ ਮਿ. ਮੀ. ਤੋਂ ਵੀ ਘੱਟ ਅਤੇ ਹੱਥਾਂ ਤੇ ਪੈਰਾਂ ਦੀਆਂ ਤਲੀਆਂ ਉਤੇ ਤਿੰਨ ਮਿ. ਮੀ. ਜਾਂ ਇਸ ਤੋਂ ਵੀ ਵੱਧ ਹੁੰਦੀ ਹੈ। ਇਹ ਲਚਕਦਾਰ, ਨਰਮ ਅਤੇ ਪੱਧਰੀ ਹੁੰਦੀ ਹੈ ਜਿਸ ਉਤੇ ਇਕ ਦੂਜੇ ਨੂੰ ਕਟਦੀਆਂ ਲਕੀਰਾਂ, ਵਲ, ਉਭਾਰ ਅਤੇ ਸੂਖ਼ਮ ਛੇਕ ਹੁੰਦੇ ਹਨ।
ਐਪੀਡਰਮਿਸ––ਇਹ ਇਕ-ਸੈੱਲਮਈ, ਪਤਲੀ, ਚਮੜੀ ਦੀ ਬਾਹਰਲੀ ਤਹਿ ਹੈ ਜਿਹੜੀ ਭਰੂਣ ਦੀ ਐਕਟੋਡਰਮ ਤੋਂ ਵਿਕਸਿਤ ਹੁੰਦੀ ਹੈ। ਇਸ ਦੀ ਔਸਤਨ ਮੋਟਾਈ 0.1 ਮਿ. ਮੀ. ਹੁੰਦੀ ਹੈ। ਇਹ ਤਲੀਆਂ ਤੇ 10-15 ਗੁਣਾਂ ਜ਼ਿਆਦਾ ਮੋਟੀ ਹੁੰਦੀ ਹੈ।
ਐਪੀਡਰਮਿਸ ਨੂੰ ਅੱਗੋਂ ਕਈ ਤਹਿਆਂ ਵਿਚ ਵੰਡਿਆ ਜਾ ਸਕਦਾ ਹੈ। ਸਭ ਤੋਂ ਹੇਠਲੀ (ਡਰਮਿਸ ਉਤੇ ਪਈ) ਤਹਿ ਨੂੰ ਸਟ੍ਰੈਅਮ ਜਰਮੀਨੇਟਿਵਮ ਕਹਿੰਦੇ ਹਨ। ਇਹ ਕਾੱਲਮ ਆਕਾਰ ਐਪੀਥੀਲੀਅਮ ਸੈੱਲਾਂ ਦੀ ਇਕਹਿਰੀ ਤਹਿ ਬਣੀ ਹੁੰਦੀ ਹੈ। ਇਨ੍ਹਾਂ ਸੈੱਲਾਂ ਦੇ ਵਿਚ ਵਿਚ ਅਤੇ ਹੇਠਾਂ ਮਲੈਨੋਸਾਈਟ ਸੈੱਲਾਂ ਦਾ ਜਾਲ ਹੁੰਦਾ ਹੈ। ਇਨ੍ਹਾਂ ਮਲੈਨੋਸਾਈਟ ਸੈੱਲਾਂ ਦੇ ਅਨੇਕਾਂ ਪਤਲੇ ਤੇ ਸ਼ਾਖ਼ਾਵਾਂ ਵਰਗੇ ਸਾਈਟੋਪਲਾਜ਼ਮ ਦੇ ਵਧਾਅ ਇਕ ਦੂਜੇ ਨਾਲ ਸੰਪਰਕ ਜੋੜੀ ਰਖਦੇ ਹਨ ਤੇ ਐਪੀਡਰਮਿਸ ਦੇ ਹੇਠਲੇ ਹਿੱਸਿਆਂ ਵਿਚ ਮਲੈਨਿਨ ਪਿਗਮੈਂਟ ਭੇਜਦੇ ਹਨ। ਇਸ ਤੋਂ ਉਪਰ ਸਟ੍ਰੈਟਮ ਮਿਊਕੋਸਮ, ਸਪਾਈਕੋਸਮ ਜਾਂ ਨੋਕਦਾਰ ਸੈੱਲਾਂ ਵਾਲੀ ਤਹਿ ਹੁੰਦੀ ਹੈ। ਇਸ ਤੋਂ ਉਪਰਲੀ ਤਹਿ ਨੂੰ ਗ੍ਰੈਨੂਲੋਸਮ ਕਿਹਾ ਜਾਂਦਾ ਹੈ।
ਇਸ ਦੇ ਸੈੱਲ ਚਪਟੇ ਤੇ ਹੀਰੇ ਵਰਗੇ ਆਕਾਰਾਂ ਦੇ ਹੁੰਦੇ ਹਨ ਅਤੇ ਉਨ੍ਹਾਂ ਦੇ ਸਾਈਟੋਪਲਾਜ਼ਮ ਵਿਚ ਇਕ ਦਾਣੇਦਾਰ ਪਦਾਰਥ ਕੈਰਾਟੋਹਾਇਆਲਿਨ ਹੁੰਦਾ ਹੈ।
ਇਸ ਤੋਂ ਉਪਰ ਸਟ੍ਰੈਟਮ ਲੂਸਿਡਮ ਦੀ ਤਹਿ ਹਮੇਸ਼ਾ ਪ੍ਰਤੱਖ ਨਹੀਂ ਹੁੰਦੀ, ਜੇ ਹੁੰਦੀ ਹੈ ਤਾਂ ਸਪੱਸ਼ਟ ਹਮਵਾਰ ਲਕੀਰ ਵਾਂਗ ਦਿਸਦੀ ਹੈ। ਇਸ ਵਿਚ ਐਲੇਇਡੀਨ ਪਦਾਰਥ ਹੁੰਦਾ ਹੈ। ਚਮੜੀ ਵਿਚੋਂ ਪਾਣੀ ਅਤੇ ਲੂਣਾਂ ਦੇ ਲੰਘਣ ਦਾ ਇਹ ਮੁੱਖ ਬੈਰੀਅਰ ਹੈ। ਸਭ ਤੋਂ ਉਪਰਲੀ ਤਹਿ ਸਟ੍ਰੈਟਮ ਕਾੱਰਨੀਅਮ ਹੈ।
ਸੈੱਲ ਵਿਭਾਜਨ, ਸਟ੍ਰੈਟਮ ਜਰਮੀਨੇਟਿਵਮ ਅਤੇ ਸਟ੍ਰੈਟਮ ਮਿਊਕੋਸਮ ਦੀਆਂ ਹੇਠਲੀਆਂ ਤਹਿਆਂ ਵਿਚ ਹੁੰਦਾ ਹੈ ਅਤੇ ਇਸ ਤਰ੍ਹਾਂ ਸੈੱਲ ਬਾਹਰ ਵਲ ਧੱਕਦੇ ਜਾਂਦੇ ਹਨ। ਇਸ ਦੌਰਾਨ ਇਨ੍ਹਾਂ ਵਿਚ ਕਈ ਤਬਦੀਲੀਆਂ ਆਉਂਦੀਆਂ ਹਨ ਤੇ ਉਹ ਮਰ ਜਾਂਦੇ ਹਨ। ਇਨ੍ਹਾਂ ਦੀ ਪ੍ਰੋਟੀਨ ਸਖ਼ਤ, ਮਰੀ ਹੋਈ ਅਤੇ ਰੇਸ਼ੇਦਾਰ ਪ੍ਰੋਟੀਨ ਵਿਚ ਤਬਦੀਲ ਹੋ ਜਾਂਦੀ ਹੈ ਜਿਸ ਨੂੰ ਕੈਰਾਟਿਨ ਕਹਿੰਦੇ ਹਨ। ਐਪੀਡਰਮਿਸ ਵਿਚ ਲਹੂ-ਵਹਿਣੀਆਂ ਨਹੀਂ ਹੁੰਦੀਆਂ ਅਤੇ ਇਹ ਆਪਣਾ ਆਹਾਰ ਟਿਸ਼ੂ ਤਰਲਾਂ ਤੋਂ ਪ੍ਰਾਪਤ ਕਰਦੀ ਹੈ।
ਡਰਮਿਸ––ਇਹ ਮੀਜ਼ੋਡਰਮ ਤੋਂ ਵਿਕਸਿਤ ਹੋਣ ਵਾਲਾ ਚਮੜੀ ਦਾ ਸਖ਼ਤ ਅਤੇ ਮੋਟਾ ਅੰਦਰਲਾ ਭਾਗ ਹੈ। ਇਸ ਦੀ ਇਕ ਬਾਹਰਲੀ ਪਤਲੀ ਪੈਪਿਲਰੀ ਤਹਿ ਅਤੇ ਦੂਜੀ ਅੰਦਰਲੀ ਮੋਟੀ, ਸੰਘਣੀ ਰੈਟੀਕੁਲਰ ਤਹਿ ਹੁੰਦੀ ਹੈ, ਜਿਹੜੀ ਚਮੜੀ ਥਲਵੇ (ਜਾਂ ਸਬਕਿਊਟੇਨੀਅਸ) ਟਿਸ਼ੂ ਵਿਚ ਮਿਲਦੀ ਹੈ। ਬਾਹਰਲੀ ਤਹਿ ਤੇ ਪੈਪਿਲਾ ਉਂਗਲਾਂ ਵਰਗੇ ਛੋਟੇ ਉਭਾਰ ਹਨ ਜਿਹੜੇ ਇਸ ਤੋਂ ਉਪਰਲੀ ਐਪੀਡਰਮਿਸ ਦੀ ਤਹਿ ਦੇ ਅੰਦਰ ਪੂਰੇ ਆ ਜਾਂਦੇ ਹਨ। ਇਨ੍ਹਾਂ ਪੈਪਿਲੀ ਵਿਚ ਕੇਸ਼ਿਕਾ-ਵਹਿਣੀਆਂ ਦੇ ਲੂਪ ਤੇ ਕਈ ਵਾਰ ਸੰਵੇਦੀ ਨਾੜੀ-ਸਿਰੇ ਹੁੰਦੇ ਹਨ। ਐਪੀਡਰਮਿਸ ਤੇ ਡਰਮਿਸ ਦੇ ਜੋੜ ਵਾਲੀ ਥਾਂ ਤੇ ਮਿਊਕੋਪ੍ਰੋਟੀਨ ਦੀ ਇਕ ਪਤਲੀ ਤਹਿ ਹੁੰਦੀ ਹੈ।
ਡਰਮਿਸ ਦੇ ਮਾਦੇ ਵਿਚ ਬਹੁਤ ਰੇਸ਼ੇਦਾਰ ਪ੍ਰੋਟੀਨ, ਕਾੱਲਜੈੱਨ ਅਤੇ ਇਲੈਸਟਿਨ ਹੁੰਦੇ ਹਨ। ਇਲੈੱਕਟ੍ਰਾੱਨ ਸੂਖ਼ਮਦਰਸ਼ੀ ਹੇਠਾਂ ਦੱਖਣ ਤੋਂ ਪਤਾ ਲਗਦਾ ਹੈ ਕਿ ਕਾੱਲਜੈੱਨ ਰੇਸ਼ੇ ਬਹੁਤ ਬਾਰੀਕ ਰੇਸ਼ਿਆਂ ਦੇ ਤਾਣੇ-ਬਾਣੇ ਦੇ ਬਣੇ ਹੁੰਦੇ ਹਨ। ਡਰਮਿਸ ਵਿਚ ਲਹੂ-ਵਹਿਣੀਆਂ ਅਤੇ ਨਾੜੀਆਂ ਦਾ ਜਾਲ ਹੁੰਦਾ ਹੈ। ਇਸ ਤੋਂ ਇਲਾਵਾ ਗਰਦਨ ਅਤੇ ਚਿਹਰੇ ਦੇ ਹਿੱਸੇ ਵਿਚ ਧਾਰੀਦਾਰ ਪੱਠੇ ਹੁੰਦੇ ਹਨ ਅਤੇ ਪੱਧਰੇ ਪੱਠੇ ਛੋਟੇ ਛੋਟੇ ਬੰਡਲਾਂ ਵਿਚ ਰੋਮ-ਫਾੱਲੀਕਲਾਂ ਨਾਲ ਸਾਰੀ ਡਰਮਿਸ ਵਿਚ ਜੁੜੇ ਹੁੰਦੇ ਹਨ।
ਚਮੜੀ ਦੇ ਉਪ ਅੰਗ––ਚਮੜੀ ਦੇ ਮੁੱਖ ਉਪ ਅੰਗ ਪਾਈਲੋਸਿਬੇਸ਼ਿਸ਼ ਇਕਾਈਆਂ, ਪਸੀਨਾ ਗਲੈਂਡ ਅਤੇ ਨਹੁੰ ਹਨ। ਨਹੁੰ ਪਲੇਟ ਵਰਗੇ ਤੇ ਕੈਰਾਟਿਨ ਦੇ ਬਣੇ ਹੁੰਦੇ ਹਨ। ਇਨ੍ਹਾਂ ਸਾਰੀਆਂ ਉਂਗਲਾਂ ਦੇ ਸਿਰਿਆਂ ਤੇ ਇਕ ਵਿਸ਼ਿਸ਼ਟ ਨਹੁੰ-ਜੜ੍ਹ ਜਾ ਐਪੀਡਰਮਲ ਮੈਟ੍ਰਿਸ ਤੋਂ ਉੱਗਦੇ ਹਨ ਅਤੇ ਲੂਨਿਊਲਾ ਦੇ ਪਿਛਲੇ ਸਿਰੇ ਤਕ ਵਧਦੇ ਹਨ।
ਐੱਕਰਾਈਨ ਪਸੀਨਾ ਗ੍ਰੰਥੀਆਂ ਮਨੁੱਖ ਦੀ ਸਾਰੀ ਚਮੜੀ ਵਿਚ ਬਹੁਤ ਵੱਡੀ ਗਿਣਤੀ ਵਿਚ ਹੁੰਦੀਆਂ ਹਨ। ਹਰੇਕ ਐੱਕਰਾਈਨ ਪਸੀਨਾ ਗ੍ਰੰਥੀ ਇਕ ਸੁਤੰਤਰ ਪਤਲੀ ਤੇ ਬੰਦ ਨਿੱਕੀ ਨਲੀ ਹੁੰਦੀ ਹੈ। ਇਸ ਦਾ ਵਿਆਸ ਤਕਰੀਬਨ 20 𝝁 ਹੁੰਦਾ ਹੈ। ਇਹ ਸੈੱਲਾਂ ਦੀਆਂ ਦੋ ਤਹਿਆਂ ਅਰਥਾਤ ਅੰਦਰਲੀ ਐਪੀਥੀਲੀਅਮ ਅਤੇ ਬਾਹਰਲੀ ਮਾਇਓਐਪੀਥੀਲੀਅਮ ਦੀ ਬਣੀ ਹੁੰਦੀ ਹੈ। ਗ੍ਰੰਥੀ ਦਾ ਰਿਸਾਉ ਬਣਾਉਣ ਵਾਲਾ ਹਿੱਸਾ ਕੁੰਡਲਦਾਰ ਤੇ ਗੇਂਦ ਵਾਂਗ ਗੋਲ ਹੋਇਆ ਡਰਮਿਸ ਜਾਂ ਚਮੜੀ ਥਲਵੇਂ ਟਿਸ਼ੂ ਵਿਚ ਪਿਆ ਹੁੰਦਾ ਹੈ। ਇਥੋਂ ਇਸ ਦੀ ਨਿਕਾਸ ਵਹਿਣੀ ਡਰਮਿਸ ਵਿਚੋਂ ਕੁਝ ਘੱਟ ਪਰ ਐਪੀਡਰਮਿਸ ਵਿਚੋਂ ਜ਼ਿਆਦਾ ਵਲ ਖਾਂਦੀ ਹੋਈ ਲੰਘਦੀ ਹੈ ਅਤੇ ਸਭ ਤੋਂ ਜ਼ਿਆਦਾ ਸਟ੍ਰੈਟਮ ਕਾੱਰਨੀਅਮ ਵਿਚੋਂ ਇਹ ਇਕ ਛੋਟੇ ਜਿਹੇ ਪਸੀਨਾ ਛੇਕ ਰਾਹੀਂ ਬਾਹਰ ਖੁੱਲ੍ਹਦੀ ਹੈ। ਮਨੁੱਖ ਵਿਚ ਇਨ੍ਹਾਂ ਗ੍ਰੰਥੀਆਂ ਦੀ ਗਿਣਤੀ ਕੋਈ 2,000,000 ਦੇ ਕਰੀਬ ਅਤੇ ਵਹਿਣੀਆਂ ਦੀ ਕੁੱਲ ਲੰਬਾਈ ਕੋਈ 13 ਕਿ. ਮੀ. ਦੇ ਲਗਭਗ ਹੋ ਜਾਂਦੀ ਹੈ। ਇਨ੍ਹਾਂ ਗ੍ਰੰਥੀਆਂ ਵਿਚ ਪਸੀਨਾ ਬੜੀ ਜਲਦੀ ਰਿਸਦਾ ਹੈ। ਪਸੀਨਾ ਇਕ ਪਾਣੀ ਵਰਗਾ ਤਰਲ ਹੈ ਜਿਸ ਵਿਚ ਲੂਣ ਅਤੇ ਹੋਰ ਘੁਲਣਸ਼ੀਲ ਪਦਾਰਥ ਹੁੰਦੇ ਹਨ। ਮਨੁੱਖ ਵਿਚ ਪਸੀਨਾ ਰਿਸਾਉਣ ਦਾ ਮੁੱਖ ਮੰਤਵ ਵਾਸ਼ਪਨ ਰਾਹੀਂ ਸੀਤਲਨ ਕਰਕੇ ਸਰੀਰ ਦਾ ਤਾਪਮਾਨ ਨਿਯਮਿਤ ਕਰਨਾ ਹੈ।
ਪਾਈਲੋਸਿਬੇਸ਼ਿਸ ਇਕਾਈਆਂ ਚਮੜੀ ਦੇ ਤਕਰੀਬਨ ਹਰਕੇ ਹਿੱਸੇ ਵਿਚ ਅਤੇ ਕਾਫ਼ੀ ਮਾਤਰਾ ਵਿਚ ਮਿਲਦੀਆਂ ਹਨ। ਹਰੇਕ ਇਕਾਈ ਵਿਚ ਰੋਮ-ਫ਼ਾੱਲੀਕਲ, ਰੋਮ ਤੇ ਇਸ ਨਾਲ ਲਗਦਾ ਥੰਧਿਆਈ ਗਲੈਂਡ ਅਤੇ ਖੜੀਕਾਰੀ ਪੇਸ਼ੀ ਆਉਂਦੇ ਹਨ।
ਬਗ਼ਲ, ਪੈਰੀਨੀਅਲ ਅਤੇ ਪਿਊਬਿਸ ਹਿੱਸਿਆਂ ਵਿਚ ਅਤੇ ਥਣ-ਸਿਰਿਆਂ ਦੇ ਦੁਆਲੇ ਇਨ੍ਹਾਂ ਇਕਾਈਆਂ ਨਾਲ ਐਪੋਕ੍ਰਾਈਨ ਪਸੀਨਾ ਗ੍ਰੰਥੀਆਂ ਵਿਚ ਜੁੜੀਆਂ ਹੁੰਦੀਆਂ ਹਨ। ਇਨ੍ਹਾਂ ਗ੍ਰੰਥੀਆਂ ਦਾ ਰਿਸਾਉ ਕੱਢਣ ਦਾ ਤਰੀਕਾ ਵੀ ਐੱਕਰਾਈਨ ਗ੍ਰੰਥੀਆਂ ਤੋਂ ਵੱਖਰਾ ਹੈ।
ਥੰਧਿਆਈ ਗਲੈਂਡ ਅਨੇਕਾਂ ਛੋਟੇ ਛੋਟੇ ਖੰਨਾਂ ਦੇ ਬਣੇ ਹੁੰਦੇ ਹਨ। ਇਨ੍ਹਾਂ ਦਾ ਵਿਆਸ 0.2 ਤੋਂ 2 ਮਿ. ਮੀ. ਤਕ ਹੁੰਦਾ ਹੈ ਅਤੇ ਇਨ੍ਹਾਂ ਦੀਆਂ ਛੋਟੀਆਂ ਛੋਟੀਆਂ ਨਿਕਾਸ ਵਹਿਣੀਆਂ ਰੋਮ-ਫ਼ਾੱਲਿਕਲਾਂ ਦੀ ਗਰਦਨ ਦੇ ਹਿੱਸਿਆਂ ਵਿਚ ਖੁੱਲ੍ਹਦੀਆਂ ਹਨ। ਇਹ ਗਲੈਂਡ ਲਾਈਪਿਡਾਂ ਦਾ ਇਕ ਗੁੰਝਲਦਾਰ ਮਾਦਾ ਕਢਦੇ ਹਨ ਜਿਸ ਨੂੰ ਸੀਬਮ ਕਹਿੰਦੇ ਹਨ। ਇਹ ਮਾਦਾ ਬਣਨ ਦੀ ਕਿਰਿਆ ਵਿਚ ਗਲੈਂਡ ਦੇ ਕਿਨਾਰਿਆਂ ਦੇ ਜਰਮੀਨੇਟਿਵ ਸੈੱਲ ਵਾਰ ਵਾਰ ਵੰਡੀਦੇ ਰਹਿੰਦੇ ਹਨ ਅਤੇ ਜਿਉਂ ਜਿਉਂ ਇਹ ਸੈੱਲ ਗਲੈਂਡ ਦੇ ਕੇਂਦਰ ਵੱਲ ਜਾਂਦੇ ਰਹਿੰਦੇ ਹਨ ਲਾਈਪਿਡਾਂ ਦੇ ਵੱਖ ਹੁੰਦੇ ਕਤਰੇ ਇਨ੍ਹਾਂ ਦੇ ਸਾਈਟੋਪਲਾਜ਼ਮ ਵਿਚ ਜਮ੍ਹਾਂ ਹੁੰਦੇ ਰਹਿੰਦੇ ਹਨ। ਅਖ਼ੀਰ ਵਿਚ ਸੈੱਲ ਫਟ ਜਾਂਦੇ ਹਨ ਤੇ ਇਨ੍ਹਾਂ ਵਿਚਲਾ ਲਾਈਪਿਡਾਂ ਦਾ ਮਾਦਾ ਬਾਹਰ ਆ ਜਾਂਦਾ ਹੈ। ਇਹ ਮਾਦਾ ਉੱਪਰ ਵਲ ਪਰਸਰਨ ਰਾਹੀਂ ਫ਼ਾੱਲੀਕਲ ਵਿਚ ਪਹੁੰਚਦਾ ਰਹਿੰਦਾ ਹੈ ਤੇ ਰੋਮ ਅਤੇ ਆਲੇ-ਦੁਆਲੇ ਦੀਆਂ ਹਾੱਰਨੀ ਤਹਿਆਂ ਵਿਚ ਜਾਂਦਾ ਹੈ। ਇਸ ਤਰ੍ਹਾਂ ਇਹ ਚਮੜੀ ਉਤਲੀ ਚਿਕਨੀ ਤਹਿ ਦਾ ਹਿੱਸਾ ਬਣਦਾ ਹੈ। ਇਹ ਤਹਿ ਚਮੜੀ ਵਿਚੋਂ ਪਾਣੀ ਬਾਹਰ ਨਿਕਲਣ ਅਤੇ ਬਾਹਰਲੀਆਂ ਚੀਜ਼ਾਂ ਦੇ ਅੰਦਰ ਜਾਣ ਨੂੰ ਘਟਾਉਂਦੀ ਹੈ ਤੇ ਕਈ ਲਾਗਾਂ ਲੱਗਣ ਤੋਂ ਵੀ ਚਮੜੀ ਦੀ ਰੱਖਿਆ ਕਰਦੀ ਹੈ।
ਖੋਪਰੀ ਉੱਤੇ ਜਿੱਥੇ ਸਭ ਤੋਂ ਸੰਘਣੇ ਅਤੇ ਲੰਮੇ ਵਾਲ ਹੁੰਦੇ ਹਨ, ਇਨ੍ਹਾਂ ਦੀ ਔਸਤਨ ਗਿਣਤੀ 1,00,000 ਤੋਂ 1,50,000 ਹੁੰਦੀ ਹੈ। ਰੋਮ ਲਗਾਤਾਰ ਝੜਦੇ ਅਤੇ ਨਵੇਂ ਉੱਗਦੇ ਰਹਿੰਦੇ ਹਨ। ਰੋਮਾਂ ਦੀ ਔਸਤਨ ਆਯੂ 4-5 ਮਹੀਨੇ ਤੋਂ 3-5 ਸਾਲ (ਸਿਰ ਦੇ ਵਾਲ) ਤੱਕ ਹੁੰਦੀ ਹੈ। ਕੋਕਸਾੱਇਡ ਖੋਪਰੀ ਦੇ ਵਾਲ ਇਕ ਮਹੀਨੇ ਵਿਚ ਤਕਰੀਬਨ ਇਕ ਸੈਂ. ਮੀ. ਵੱਧਦੇ ਹਨ ਅਤੇ ਇਨ੍ਹਾਂ ਦੀ ਕੁੱਲ ਲੰਬਾਈ ਔਸਤਨ 60-75 ਸੈਂ. ਮੀ. ਹੁੰਦੀ ਹੈ।
ਚਮੜੀ ਦੇ ਕੰਮ––ਚਮੜੀ ਦੇ ਮੁੱਖ ਕੰਮ ਸੁਰੱਖਿਆ, ਸੰਵੇਦੀ ਅਤੇ ਸਰੀਰ ਦੇ ਤਾਪਮਾਨ ਨੂੰ ਨਿਯਮਿਤ ਕਰਨਾ ਹਨ। ਇਸ ਤੋਂ ਇਲਾਵਾ ਧੁੱਪ ਲਗਣ ਤੇ ਐਪੀਡਰਮਿਸ ਵਿਚ ਵਿਟਾਮਿਨ-ਡੀ ਪੈਦਾ ਹੋ ਜਾਂਦਾ ਹੈ। ਚੂਸਣ, ਰਿਸਾਉਣ ਤੇ ਤਿਆਗਣ ਅਤੇ ਸੁਆਸ ਕਿਰਿਆ ਆਦਿ ਦੇ ਕੰਮ ਵੀ ਚਮੜੀ ਕਰਦੀ ਹੈ। ਇਹ ਕਈ ਤਰ੍ਹਾਂ ਦੇ ਨੁਕਸਾਨਦਾਇਕ, ਰਸਾਇਣਕ, ਭੌਤਿਕ ਅਤੇ ਜੀਵ-ਵਿਗਿਆਨਕ ਫ਼ੈਕਟਰਾਂ ਤੋਂ ਸਰੀਰ ਦੀ ਰਖਿਆ ਕਰਦੀ ਹੈ। ਇਸ ਦੀਆਂ ਕੈਰਾਟਿਨਾਈਜ਼ਡ ਤਹਿਆਂ ਪਾਰ ਵੈਂਗਣੀ ਵਿਕੀਰਨਾਂ ਤੋਂ ਸਰੀਰ ਦੀ ਰੱਖਿਆ ਕਰਦੀਆਂ ਹਨ ਅਤੇ ਜਲ-ਸਹਿ ਹੋਣ ਕਰਕੇ ਪਾਣੀ ਅਤੇ ਲੂਣਾਂ ਦੇ ਪਰਸਰਨ ਨੂੰ ਰੋਕਦੀਆਂ ਹਨ।
ਹ. ਪੁ.––ਐਨ. ਬ੍ਰਿ. 20 : 750; ਐਨ. ਬ੍ਰਿ. ਮੈ. 16 : 840
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4475, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-18, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First