ਚਰਨ ਦਾਸ ਸਿੱਧੂ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਚਰਨ ਦਾਸ ਸਿੱਧੂ (1938): ਪੰਜਾਬੀ ਨਾਟਕ ਸਾਹਿਤ ਦੀ ਤੀਜੀ ਪੀੜ੍ਹੀ ਦੇ ਪ੍ਰਮੁਖ ਨਾਟਕਕਾਰਾਂ ਵਿੱਚੋਂ ਚਰਨ ਦਾਸ ਸਿੱਧੂ ਪ੍ਰਸਿੱਧ ਨਾਟਕਕਾਰ ਹੈ। ਉਸ ਦਾ ਜਨਮ 14 ਮਾਰਚ 1938 ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਭਾਮ ਵਿਖੇ ਹੋਇਆ। ਉਸ ਨੇ ਸਕੂਲੀ ਸਿੱਖਿਆ ਖਾਲਸਾ ਹਾਈ ਸਕੂਲ, ਬੱਡੋਂ ਤੋਂ ਪ੍ਰਾਪਤ ਕੀਤੀ ਅਤੇ ਬੀ.ਏ. (ਆਨਰਜ਼) ਦੀ ਡਿਗਰੀ ਪੰਜਾਬ ਯੂਨੀਵਰਸਿਟੀ ਕਾਲਜ, ਹੁਸ਼ਿਆਰਪੁਰ ਰਾਹੀਂ ਪ੍ਰਾਪਤ ਕੀਤੀ। ਇਸ ਉਪਰੰਤ ਉਸ ਨੇ ਐਮ.ਏ. ਅੰਗਰੇਜ਼ੀ ਦੀ ਡਿਗਰੀ 1960 ਵਿੱਚ, ਰਾਮਜਸ ਕਾਲਜ, ਦਿੱਲੀ ਰਾਹੀਂ ਪ੍ਰਾਪਤ ਕੀਤੀ ਅਤੇ ਇਸੇ ਸਾਲ ਹੀ ਉਸ ਨੇ ਹੰਸ ਰਾਜ ਕਾਲਜ, ਦਿੱਲੀ ਵਿਖੇ ਅੰਗਰੇਜ਼ੀ ਦੇ ਲੈਕਚਰਾਰ ਵਜੋਂ ਪੜ੍ਹਾਉਣਾ ਸ਼ੁਰੂ ਕੀਤਾ। ਪੜ੍ਹਾਈ ਵਿੱਚ ਉਸ ਨੂੰ ਬਹੁਤ ਸ਼ੌਕ ਸੀ। 1967 ਵਿੱਚ ਉਸ ਨੂੰ ਫੁਲਬਰਾਈਟ ਫੈਲੋਸ਼ਿਪ ਦਾ ਮੌਕਾ ਮਿਲਿਆ ਅਤੇ ਉਹ ਯੂ.ਐਸ.ਏ. ਵਿਖੇ ਅਗਲੇਰੀ ਪੜ੍ਹਾਈ ਲਈ ਚਲਿਆ ਗਿਆ। ਉਸ ਨੇ ਵਿਸਕੌਨਸਿਨ ਯੂਨੀਵਰਸਿਟੀ, ਮੈਡੀਸਨ, ਅਮਰੀਕਾ ਤੋਂ ਐਮ.ਏ. ਅਤੇ ਪੀ-ਐਚ.ਡੀ. ਦੀ ਡਿਗਰੀ ਹਾਸਲ ਕੀਤੀ। ਉਸ ਨੇ ਪੀ-ਐਚ.ਡੀ. ਦੀ ਡਿਗਰੀ ਲਈ ਬਰਨਾਰਡ ਸ਼ਾਅ ਦੇ ਨਾਟਕਾਂ ਸੰਬੰਧੀ ਖੋਜ-ਪ੍ਰਬੰਧ ਲਿਖਿਆ।
ਚਰਨ ਦਾਸ ਸਿੱਧੂ ਨੇ ਹੁਣ ਤੱਕ ਜਿਹੜੇ ਨਾਟਕ ਪ੍ਰਕਾਸ਼ਿਤ ਕਰਵਾਏ ਹਨ, ਉਹਨਾਂ ਦੇ ਨਾਂ ਇਸ ਪ੍ਰਕਾਰ ਹਨ-ਇੰਦੂਮਤੀ, ਸੱਤਿਦੇਵ, ਸੁਆਮੀ ਜੀ, ਭਜਨੋ, ਲੇਖੂ ਕਰੇ ਕੁਵੱਲੀਆਂ, ਬਾਬਾ ਬੰਤੂ, ਅੰਬੀਆਂ ਨੂੰ ਤਰਸੇਂਗੀ, ਕਲ੍ਹ ਕਾਲਜ ਬੰਦ ਰਵ੍ਹੇਗਾ, ਪੰਜ ਖੂਹ ਵਾਲੇ, ਬਾਤ ਫੱਤੂ ਝੀਰ ਦੀ, ਮਸਤ ਮੇਘੋਵਾਲੀਆ, ਭਾਈਆ ਹਾਕਮ ਸਿੰਹੁ, ਸ਼ਿਰੀ ਪਦ-ਰੇਖਾ ਗ੍ਰੰਥ, ਸ਼ੇਕਸਪੀਅਰ ਦੀ ਧੀ, ਅਮਾਨਤ ਦੀ ਲਾਠੀ, ਜੀਤਾ ਫਾਹੇ ਲੱਗਣਾ, ਕਿਰਪਾ ਬੌਣਾ, ਨੀਨਾ ਮਹਾਂਵੀਰ, ਮੰਗੂ ਤੇ ਬਿੱਕਰ, ਪਰੇਮ ਪਿਕਾਸੋ, ਚੰਨੋ ਬਾਜ਼ੀਗਰਨੀ, ਇੱਕੀਵੀਂ ਮੰਜ਼ਿਲ, ਏਕਲਵਯ ਬੋਲਿਆ, ਬੱਬੀ ਗਈ ਕੋਹਕਾਫ਼, ਕਿੱਸਾ ਪੰਡਤ ਕਾਲੂ ਘੁਮਾਰ, ਭਾਗਾਂ ਵਾਲਾ ਪੋਤਰਾ, ਇਨਕਲਾਬੀ ਪੁੱਤਰ, ਨਾਸਤਕ ਸ਼ਹੀਦ, ਪੂਨਮ ਦੇ ਬਿਛੂਏ, ਸ਼ਾਸਤਰੀ ਦੀ ਦੀਵਾਲੀ, ਪਹਾੜਨ ਦਾ ਪੁੱਤ, ਪੰਜ ਪੰਡਾਂ ਇੱਕ ਪੁੱਤ ਸਿਰ, ਬਾਬਲ ਮੇਰਾ ਡੋਲਾ ਅੜਿਆ, ਵੱਤਨਾਂ ਵੱਲ ਫ਼ੇਰਾ, ਭਗਤ ਸਿੰਘ ਸ਼ਹੀਦ। ਉਸ ਦੀਆਂ ਨਾਟ-ਪੁਸਤਕਾਂ ਤੋਂ ਇਲਾਵਾ ਉਸ ਨੇ ਦੋ ਪੁਸਤਕਾਂ ਅੰਗਰੇਜ਼ੀ ਵਿਆਕਰਨ ਸੰਬੰਧੀ ਵੀ ਪ੍ਰਕਾਸ਼ਿਤ ਕਰਵਾਈਆਂ ਹਨ। ਇਸ ਦੇ ਨਾਲ ਹੀ Indian Education: A Primer for Reforms, The Pattern of Tragic Comedy in Bernard Shaw, Ishwar Chander Nanda ਪੁਸਤਕਾਂ ਵੀ ਚਰਚਾ ਦਾ ਵਿਸ਼ਾ ਰਹੀਆਂ ਹਨ। ਚਰਨ ਦਾਸ ਸਿੱਧੂ ਨਾ ਕੇਵਲ ਨਾਟਕਕਾਰ ਅਤੇ ਨਾਟ-ਆਲੋਚਕ ਹੈ, ਉਹ ਇੱਕ ਸਫਲ ਨਿਰਦੇਸ਼ਕ ਅਤੇ ਰੰਗਕਰਮੀ ਵੀ ਹੈ। ਉਸ ਨੇ, 1978 ਵਿੱਚ ਦਿੱਲੀ ਵਿਖੇ ਕਾਲਜੀਏਟ ਡਰਾਮਾ ਸੁਸਾਇਟੀ ਬਣਾਈ। ਇਸ ਸੁਸਾਇਟੀ ਨੇ ਅੰਗਰੇਜ਼ੀ, ਪੰਜਾਬੀ, ਹਿੰਦੀ ਅਤੇ ਉਰਦੂ ਭਾਸ਼ਾ ਵਿੱਚ ਕੋਈ ਸੱਠ ਦੇ ਕਰੀਬ ਨਾਟਕ ਖੇਡੇ ਹਨ। ਸਿੱਧੂ ਨੇ ਸੋਫੋਕਲੀਜ਼, ਪਲੌਟਸ, ਸ਼ੇਕਸਪੀਅਰ, ਮਿਲਟਨ, ਸਟਰਿੰਡਬਰਗ, ਆਰਥਰ ਮਿਲਰ ਅਤੇ ਮੋਹਨ ਰਾਕੇਸ਼ ਦੇ ਨਾਟਕਾਂ ਦੀ ਨਿਰਦੇਸ਼ਨਾ ਵੀ ਕੀਤੀ ਹੈ। ਚਰਨ ਦਾਸ ਸਿੱਧੂ ਕਿੱਤੇ ਵਜੋਂ ਅਧਿਆਪਕ ਹੈ, ਸਾਹਿਤ ਰਚਨਾ ਪੱਖੋਂ ਨਾਟਕਕਾਰ ਹੈ ਪਰ ਰੰਗ-ਮੰਚ ਦੇ ਖੇਤਰ ਵਿੱਚ ਪ੍ਰਵੀਨ ਰੰਗਕਰਮੀ ਹੈ ਅਤੇ ਪ੍ਰਬੁੱਧ ਨਿਰਦੇਸ਼ਕ ਹੈ।
ਚਰਨ ਦਾਸ ਸਿੱਧੂ ਨੇ ਪੜ੍ਹਾਈ ਵਜੋਂ ਅੰਗਰੇਜ਼ੀ ਸਾਹਿਤ ਨੂੰ ਚੁਣਿਆ ਅਤੇ ਅਧਿਐਨ ਕਰਦਿਆਂ ਉਸ ਨੂੰ ਪੱਛਮੀ ਸਾਹਿਤ ਦੇ ਨਾਟਕਕਾਰਾਂ ਨੇ ਪ੍ਰਭਾਵਿਤ ਕੀਤਾ ਪਰ ਉਹ ਪੰਜਾਬ ਦਾ ਜੰਮਪਲ ਸੀ। ਉਸ ਨੇ ਪੇਂਡੂ ਜਨ-ਜੀਵਨ ਨੂੰ ਮਾਣਿਆ ਸੀ। ਉਹ ਇਸ ਜਨ-ਜੀਵਨ ਦੀਆਂ ਸਮੱਸਿਆਵਾਂ ਤੋਂ ਜਾਣੂ ਸੀ ਅਤੇ ਉਸ ਨੇ ਬਹੁਤ ਸਾਲ ਸ਼ਹਿਰੀ ਜੀਵਨ ਨੂੰ ਵੀ ਨੇੜਿਉਂ ਵੇਖਿਆ ਸੀ। ਇਸ ਤਰ੍ਹਾਂ ਉਸ ਨੇ ਆਪਣੇ ਨਾਟਕਾਂ ਵਿੱਚ ਪੇਂਡੂ ਅਤੇ ਸ਼ਹਿਰੀ ਜੀਵਨ ਦੀਆਂ ਸਮੱਸਿਆਵਾਂ ਨੂੰ ਆਪਣੇ ਘੇਰੇ ਵਿੱਚ ਲਿਆ ਹੈ। ਉਹ ਜ਼ਿੰਦਗੀ ਦੇ ਕਠੋਰ ਯਥਾਰਥ ਨੂੰ ਆਪਣੇ ਨਾਟਕਾਂ ਵਿੱਚ ਆਲੋਚਨਾਤਮਿਕ ਢੰਗ ਨਾਲ ਪੇਸ਼ ਕਰਦਾ ਹੈ। ਉਹ ਆਪਣੇ ਨਾਟਕਾਂ ਵਿੱਚ ਸਮਾਜ ਵੱਲੋਂ ਅਣਗੌਲੇ ਲੋਕ, ਕਾਮੇ ਅਤੇ ਮਜ਼ਦੂਰ ਵਰਗ ਦੀਆਂ ਆਰਥਿਕ ਤੰਗੀਆਂ ਤੁਰਸ਼ੀਆਂ ਨੂੰ ਵੀ ਪੇਸ਼ ਕਰਦਾ ਹੈ। ਉਹ ਆਪਣੇ ਨਾਟਕਾਂ ਵਿੱਚ ਜਾਤ-ਪਾਤ, ਊਚ-ਨੀਚ, ਵਹਿਮ-ਭਰਮ, ਸਮਾਜਿਕ ਕੁਰੀਤੀਆਂ, ਅਖੌਤੀ ਸਾਧ-ਸੰਤਾਂ ਵੱਲੋਂ ਕੀਤੀ ਜਾਂਦੀ ਲੁੱਟ-ਖਸੁੱਟ ਆਦਿ ਦੇ ਸੰਦਰਭ ਵਿੱਚ ਮਸਲਿਆਂ ਨੂੰ ਵਿਚਾਰਦਾ ਹੋਇਆ ਮਾਨਵ-ਕਲਿਆਣਕਾਰੀ ਸੋਚ ਪੈਦਾ ਕਰਨ ਦਾ ਯਤਨ ਕਰਦਾ ਹੈ। ਉਸ ਦੇ ਨਾਟਕਾਂ ਵਿੱਚ ਨਿਮਨ ਕਿਰਸਾਣੀ ਦੇ ਸੰਕਟ ਨੂੰ ਵਿਚਾਰਿਆ ਗਿਆ ਹੈ। ਉਹ ਸ਼ਹਿਰੀ ਮੱਧ-ਵਰਗੀ ਲੋਕਾਂ ਦੀਆਂ ਚਾਲਾਂ ਨੂੰ ਵੀ ਵਿਅੰਗ ਦਾ ਨਿਸ਼ਾਨਾ ਬਣਾਉਂਦਾ ਹੈ। ਅਜੋਕੀ ਵਿੱਦਿਅਕ ਪ੍ਰਣਾਲੀ ਦੀਆਂ ਤਰੁੱਟੀਆਂ ਬਾਰੇ ਆਪਣੇ ਵਿਚਾਰ ਦਿੰਦਾ ਹੈ। ਉਹ ਵਿੱਦਿਅਕ ਢਾਂਚੇ ਤੇ ਵਿਅੰਗਾਤਮਿਕ ਰੂਪ ਵਿੱਚ ਕਰਾਰੀ ਚੋਟ ਲਗਾਉਂਦਾ ਹੈ। ਅਧਿਆਪਕ ਅਤੇ ਵਿਦਿਆਰਥੀ ਵਰਗ ਵਿੱਚ ਆਈ ਆਚਰਨਿਕ ਗਿਰਾਵਟ ਨੂੰ ਚਰਨ ਦਾਸ ਸਿੱਧੂ ਬੜੀ ਬੇਬਾਕੀ ਅਤੇ ਦਲੇਰੀ ਨਾਲ ਪੇਸ਼ ਕਰਦਾ ਹੈ। ਉਸ ਦੇ ਨਾਟਕ ਨੂੰ ਪੰਜਾਬੀ ਨਾਟ-ਸਾਹਿਤ ਵਿੱਚ ਵਿਸ਼ੇਸ਼ ਅਤੇ ਵਿਲੱਖਣ ਸਥਾਨ ਪ੍ਰਾਪਤ ਹੈ। ਉਸ ਦੀ ਇਸ ਪ੍ਰਾਪਤੀ ਸਦਕਾ ਉਸ ਨੂੰ ਬਹੁਤ ਮਾਣ-ਸਨਮਾਨ ਮਿਲਿਆ ਹੈ। ਇਹਨਾਂ ਇਨਾਮਾਂ- ਸਨਮਾਨਾਂ ਵਿੱਚੋਂ ਸਾਹਿਤਯ ਅਕਾਦਮੀ ਦਿੱਲੀ ਦੇ ਇਨਾਮ (2003) ਤੋਂ ਇਲਾਵਾ ਪੰਜਾਬੀ ਅਕਾਦਮੀ ਦਿੱਲੀ, ਸਾਹਿਤਯ ਕਲਾ ਪਰਿਸ਼ਦ ਦਿੱਲੀ, ਪੰਜਾਬ ਸੰਗੀਤ ਨਾਟਕ ਅਕੈਡਮੀ, ਦਿੱਲੀ ਨਾਟਯ ਸੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਾ ਨੰਦਾ ਅਵਾਰਡ, ਧਾਲੀਵਾਲ ਪੁਰਸਕਾਰ ਪ੍ਰਮੁੱਖ ਹਨ।
ਲੇਖਕ : ਸਤਨਾਮ ਸਿੰਘ ਜੱਸਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 9435, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
ਮਨਦੀਪ ਕੌਰ,
( 2020/04/04 04:1202)
Please Login First