ਚਾਂਦਨੀ ਚੌਂਕ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਚਾਂਦਨੀ ਚੌਂਕ : ਚਾਂਦਨੀ ਚੌਂਕ ਤੋਂ ਆਮ ਕਰਕੇ ਭਾਵ ਸ਼ਹਿਰ ਦੇ ਮੁੱਖ ਚੌਂਕ ਤੋਂ, ਜਿਥੇ ਸ਼ਹਿਰ ਦੇ ਬਾਕੀ ਹਿੱਸਿਆਂ ਤੋਂ ਵਧੇਰੇ ਰੌਣਕ ਤੇ ਗਹਿਮਾ-ਗਹਿਮੀ ਰਹਿੰਦੀ ਹੋਵੇ, ਲਿਆ ਜਾਂਦਾ ਹੈ। ਸਾਧਾਰਨ ਤੌਰ ਤੇ ਚੌਂਕ ਤੋਂ ਚੌਰਾਹੇ ਦਾ ਭਾਵ ਹੀ ਲਿਆ ਜਾਂਦਾ ਹੈ ਪਰ ਕਈ ਥਾਵਾਂ ਤੇ ਇਹ ਨਾਂ ਬਾਜ਼ਾਰ ਨੂੰ ਵੀ ਦਿੱਤਾ ਗਿਆ ਹੈ। ਇਸੇ ਤਰ੍ਹਾਂ ਦਿੱਲੀ ਦਾ ਚਾਂਦਨੀ ਚੌਂਕ, ਦਿੱਲੀ ਦਾ ਇਕ ਪ੍ਰਸਿੱਧ ਬਾਜ਼ਾਰ ਹੈ ਜਿਸ ਵਿਚ ਸ੍ਰੀ ਗੁਰੂ ਤੇਗ ਬਹਾਦਰ ਦਾ ਸ਼ਹੀਦੀ ਸਥਾਨ ‘ਸੀਸ ਗੰਜ’ ਸਥਿਤ ਹੈ। ਇਸ ਸਥਾਨ ਤੇ ਔਰੰਗਜ਼ੇਬ ਨੇ ਗੁਰੂ ਜੀ ਦੀ ਸ਼ਹਾਦਤ ਕਰਵਾਈ ਸੀ। ਸਰਦਾਰ ਬਘੇਲ ਸਿੰਘ ਨੇ ਇਸ ਥਾਂ ਉਤੇ ਇਕ ਗੁਰਦੁਆਰਾ ਉਸਾਰ ਦਿੱਤਾ ਸੀ। ਪਿੱਛੋਂ ਮੁਸਲਮਾਨਾਂ ਨੇ ਇਸ ਗੁਰਦੁਆਰੇ ਦੀ ਇਮਾਰਤ ਢਾਹ ਕੇ ਇਕ ਮਸੀਤ ਉਸਾਰ ਦਿੱਤੀ। ਸੰਨ 1857 ਦੇ ਆਜ਼ਾਦੀ ਦੇ ਘੋਲ ਪਿੱਛੋਂ ਜੀਂਦ ਦੇ ਰਾਜੇ ਸਰੂਪ ਸਿੰਘ ਨੇ ਇਥੇ ਇਕ ਇਮਾਰਤ ਬਣਵਾਈ ਅਤੇ ਪਿਛੋਂ ਪ੍ਰੇਮੀ ਸਿੱਖਾਂ ਨੇ ਇਸ ਇਮਾਰਤ ਨੂੰ ਇਕ ਸ਼ਾਨਦਾਰ ਗੁਰਦੁਆਰੇ ਵਿਚ ਬਦਲ ਦਿੱਤਾ।

          ਮੁਗ਼ਲ ਰਾਜ ਸਮੇਂ ਇਹ ਬਾਜ਼ਾਰ ਖ਼ਾਸ ਮਹੱਤਤਾ ਰੱਖਦਾ ਸੀ। ਉਨ੍ਹਾਂ ਦਿਨਾਂ ਵਿਚ ਇਹ ਬਾਜ਼ਾਰ ਲਾਲ ਕਿਲੇ ਦੇ ਲਾਹੌਰੀ ਗੇਟ ਤੋਂ ਫ਼ਤਹਿਪੁਰੀ ਮਸਜਿਦ ਤੱਕ ਫੈਲਿਆ ਹੋਇਆ ਸੀ ਅਤੇ ਇਸਦੇ ਮੱਧ ਵਿਚ ਅਲੀ ਮਰਦਾਨ ਖ਼ਾਨ ਨਾਮੀ ਨਹਿਰ ਵਗਦੀ ਸੀ। ਇਸ ਬਾਜ਼ਾਰ ਦੇ ਵਿਚਾਲੇ ਜਿਹੇ ਇਕ ਤਲਾਬ ਬਣਿਆ ਹੋਇਆ ਸੀ ਜਿਥੇ ਕਿ ਅੱਜਕੱਲ੍ਹ ਚੌਂਕ ਘੰਟਾ-ਘਰ ਬਣਿਆ ਹੋਇਆ ਹੈ। ਚਾਂਦਨੀ ਚੌਕ ਦੇ ਇਕ ਹਿੱਸੇ ਨੂੰ, ਜੋ ਕਿ ਲਾਲ ਕਿਲੇ ਅਤੇ ਦੜਿਬਾ ਵਿਚਕਾਰ ਹੈ, ਉਰਦੂ ਜਾਂ ਮਿਲਟਰੀ ਬਾਜ਼ਾਰ ਕਿਹਾ ਜਾਂਦਾ ਸੀ। ਦੜਿਬਾ ਦੇ ਪੱਛਮ ਵਿਚ ਫੂਲ ਕੀ ਮੰਡੀ ਸੀ ਜਿਸ ਤੋਂ ਅੱਗੇ ਜੌਹਰੀ ਸਿਰੇ ਤੇ ਇਕ ਬਾਜ਼ਾਰ ਅਤੇ ਖ਼ਾਸ ਚਾਂਦਨੀ ਚੌਂਕ ਆਉਂਦਾ ਹੈ। ਇਸ ਬਾਜ਼ਾਰ ਦੇ ਪੂਰਬੀ ਸਿਰੇ ਤੇ ਇਤਿਹਾਸਕ ਜੈਨ ਮੰਦਰ ਸਥਿਤ ਹੈ। ਉਸ ਤੋਂ ਅਗੇ ਦੜਿਬਾ ਗਲੀ ਹੈ ਜੋ ਕਿ ਡਫਰਿਨ ਨਗਰਪਾਲਿਕਾ ਹਸਪਤਾਲ ਤੋਂ ਚਾਂਦਨੀ ਚੌਂਕ ਤੱਕ ਜਾਂਦੀ ਹੈ। ਸੰਲ 1857 ਦੇ ਆਜ਼ਾਦੀ ਦੇ ਘੋਲ ਵਿਚ ਇਸ ਥਾਂ ਦਾ ਅਹਿਮ ਰੋਲ ਹੈ। ਇਹ ਗਲੀ ਖ਼ੂਨੀ ਦਰਵਾਜ਼ੇ ਰਾਹੀਂ ਚਾਂਦਨੀ ਚੌਂਕ ਨਾਲ ਆ ਰਲਦੀ ਹੈ। ਇਥੇ ਨਾਦਿਰ ਸ਼ਾਹ ਦੇ ਹੁਕਮ ਨਾਲ ਕਤਲੇਆਮ ਹੋਇਆ ਸੀ। ਇਸੇ ਗੇਟ ਰਾਹੀਂ ਹੀ 14 ਸਤੰਬਰ, 1857 ਨੂੰ ਅੰਗਰੇਜ਼ੀ ਹਮਲਾਵਰ ਟੁਕੜੀ ਦੜਿਬਾ ਗਲੀ ਵਿਚੋਂ ਲੰਘਦੀ ਹੋਈ ਜਾਮਾ ਮਸਜਿਦ ਵੱਲ ਵਧੀ ਸੀ।

          ਬਾਜ਼ਾਰ ਦੇ ਮੱਧ ਵਿਚ, ਕੋਤਵਾਲੀ ਦੇ ਸਾਹਮਣੇ ਫਾਂਸੀ ਦੇ ਰੱਸੇ ਲਟਕਾਏ ਗਏ ਸਨ। ਇਸ ਥਾਂ ਤੇ ਆਜ਼ਾਦੀ ਦੀ ਲਹਿਰ ਦੇ ਕਈ ਦੀਵਾਨਿਆਂ ਨੂੰ ਫਾਂਸੀ ਲਟਕਾਇਆ ਗਿਆ ਸੀ। ਇਨ੍ਹਾਂ ਸ਼ਹੀਦਾਂ ਵਿਚ ਝੱਜਰ ਦਾ ਨਵਾਬ ਅਬਦੁਲ ਰਹਿਮਾਨ ਖ਼ਾਨ ਅਤੇ ਬਲਬਗੜ੍ਹ ਦਾ ਰਾਜਾ ਨਾਹਰ ਸਿੰਘ ਵੀ ਸ਼ਾਮਲ ਸਨ। ਇਸੀ ਹੀ ਥਾਂ ਤੇ 22 ਸਤੰਬਰ, 1857 ਨੂੰ ਕੈਪਟਨ ਹਡਸਨ ਦੁਆਰਾ ਮਾਰੇ ਗਏ ਤਿੰਨ ਸ਼ਹਿਜ਼ਾਦਿਆਂ, ਬਾਦਸ਼ਾਹ ਦੇ ਦੋ ਪੁੱਤਰਾਂ ਅਤੇ ਇਕ ਪੋਤਰੇ ਦੇ ਮ੍ਰਿਤਕ ਸਰੀਰਾਂ ਨੂੰ ਲੋਕਾਂ ਸਾਹਮਣੇ ਵਿਖਾਉਣ ਲਈ ਰੱਖਿਆ ਗਿਆ ਸੀ।

          ਇਸਦੇ ਨੇੜੇ ਹੀ ਰੌਸ਼ਨ-ਉੱਦ-ਦੌਲਾ ਮਸਜਿਦ ਹੈ ਜਿਥੇ ਕਿ ਮਾਰਚ, 1739 ਵਿਚ ਨਾਦਰ ਸ਼ਾਹ ਨੇ ਦਿੱਲੀ ਦੇ ਲੋਕਾਂ ਨੂੰ ਕਤਲ ਕਾਰਨ ਦੇ ਇਰਾਦੇ ਨਾਲ ਆਪਣੀ ਤਲਵਾਰ ਮਿਆਨ ਵਿਚੋਂ ਬਾਹਰ ਕੱਢੀ ਸੀ। ਇਸ ਪਿਛੋਂ ਕਈ ਘੰਟੇ ਕਤਲੇਆਮ ਚਲਦਾ ਰਿਹਾ ਸੀ।

          ਇਸ ਤੋਂ ਅੱਗੇ ਦਿੱਲੀ ਨਗਰ-ਨਿਗਮ ਦਾ ਦਫ਼ਤਰ ਹੈ ਜਿਥੇ ਕਿ ਹੁਣ ਤਕ ਘੰਟਾ-ਘਰ ਸੀ। ਇਹ ਘੰਟਾ-ਘਰ ਲਗਭਗ 33 ਮੀ. ਉੱਚਾ ਸੀ। ਇਸ ਨੂੰ ਉਸ ਸਮੇਂ ਦਿੱਲੀ ਦੇ ਕਾਰਜਕਾਰੀ ਇੰਜੀਨੀਅਰ ਈੲਜੇ ਮਾਰਟਿਨ ਨੇ ਬਣਵਾਇਆ ਸੀ। ਇਸ ਦਾ ਕੁਝ ਹਿੱਸਾ ਡਿਗ ਜਾਣ ਕਰਕੇ ਪਿਛੇ ਜਿਹੇ ਇਸ ਨੂੰ ਢਾਹ ਦਿੱਤਾ ਗਿਆ ਹੈ।

          ਫ਼ਤਹਿਪੁਰੀ ਮਸਜਿਦ ਚਾਂਦਨੀ ਚੌਂਕ ਦੇ ਪੱਛਮੀ ਸਿਰੇ ਤੇ ਹੈ। ਇਸ ਇਤਿਹਾਸਕ ਮਹੱਤਤਾ ਤੋਂ ਛੁਟ ਚਾਂਦਨੀ ਚੌਂਕ ਇਕ ਵੱਡਾ ਵਪਾਰਕ ਕੇਂਦਰ ਹੈ। ਇਹ ਸੋਨੇ, ਚਾਂਦੀ ਅਤੇ ਹਾਥੀ ਦੰਦ ਦੀ ਕਾਰੀਗਰੀ ਲਈ ਬਹੁਤ ਪ੍ਰਸਿੱਧ ਹੈ। ਸੁਤੰਰਤਾ ਉਪਰੰਤ ਵੀ ਇਸ ਬਾਜ਼ਾਰ ਦੀ ਵਪਾਰਕ ਮਹੱਤਤਾ ਉੇਸੇ ਤਰ੍ਹਾਂ ਹੀ ਕਾਇਮ ਹੈ।

          ਹ. ਪੁ.––ਮ. ਕੋ. 635; ਤਵਾ. ਗੁ. ਖਾ. 1 : 723; ਦੇਹਲੀ-ਹਿ. ਐਫ. ਪਲੇ. ਇੰਟ. 123; ਹਿ. ਸਿ.––ਖੁਸ਼ਵੰਤ ਸਿੰਘ 2 : 110


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2631, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.