ਚਾਂਦਨੀ ਚੌਕ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਚਾਂਦਨੀ ਚੌਕ: ਸਿੱਖ ਇਤਿਹਾਸ ਵਿਚ ਚਾਂਦਨੀ ਚੌਕ ਦਾ ਵਿਸ਼ੇਸ਼ ਉਲੇਖ ਹੈ। ਉਂਜ ਤਾਂ ਲਾਲ ਕਿਲ੍ਹੇ ਦੇ ਲਾਹੌਰ ਗੇਟ ਤੋਂ ਲੈ ਕੇ ਫਤਹਪੁਰੀ ਮਸਜਿਦ ਤਕ ਸਾਰੇ ਬਾਜ਼ਾਰ ਨੂੰ ਹੀ ‘ਚਾਂਦਨੀ ਚੌਕ’ ਕਹਿ ਦਿੱਤਾ ਜਾਂਦਾ ਹੈ, ਪਰ ਸਿੱਖ ਇਤਿਹਾਸ ਵਿਚ ਉਸ ਚੌਕ ਨੂੰ ਵਿਸ਼ੇਸ਼ ਤੌਰ ਉਤੇ ‘ਚਾਂਦਨੀ ਚੌਕ’ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ ਜਿਥੇ ਗੁਰੂ ਤੇਗ ਬਹਾਦੁਰ ਜੀ ਨੂੰ ਮੁਗ਼ਲ ਸਰਕਾਰ ਨੇ ਸ਼ਹੀਦ ਕੀਤਾ ਸੀ। ਇਥੇ ਉਦੋਂ ਦਿੱਲੀ ਨਗਰ ਦੀ ਕੋਤਵਾਲੀ ਸੀ। ਇਸ ਦੇ ਨੇੜੇ ਹੀ ਰੌਸ਼ਨੁੱਦੌਲਾ ਮਸਜਿਦ ਹੈ। ਗੁਰੂ ਸਾਹਿਬ ਦੀ ਸ਼ਹਾਦਤ (11 ਨਵੰਬਰ 1675 ਈ.) ਤੋਂ ਬਾਦ ਲਗਭਗ ਇਕ ਸੌ ਸਾਲ ਤਕ ਇਥੇ ਕੋਈ ਸਮਾਰਕ ਨਹੀਂ ਬਣਾਇਆ ਗਿਆ ਸੀ। ਸੰਨ 1783 ਈ. ਵਿਚ ਜਦੋਂ ਸਿੱਖਾਂ ਨੇ ਦਿੱਲੀ ਫਤਹਿ ਕੀਤੀ ਤਾਂ ਸ. ਬਘੇਲ ਸਿੰਘ ਨੇ ਉਦਮ ਕਰਕੇ ਗੁਰੂ-ਧਾਮਾਂ ਦੀ ਨਿਸ਼ਾਨਦੇਹੀ ਕਰਵਾਈ। ਜਿਸ ਮਾਸ਼ਕੀ ਨੇ ਸ਼ਹਾਦਤ ਵਾਲੀ ਥਾਂ ਉਤੇ ਡੁਲ੍ਹੇ ਗੁਰੂ ਜੀ ਦੇ ਖੂਨ ਨੂੰ ਆਪਣੀ ਮਸ਼ਕ ਦੇ ਪਾਣੀ ਨਾਲ ਸਾਫ਼ ਕੀਤਾ ਸੀ, ਉਸ ਦੀ ਬੁਢੀ ਵਿਧਵਾ ਨੇ ਸ. ਬਘੇਲ ਸਿੰਘ ਨੂੰ ਪਿਪਲ ਦੇ ਬ੍ਰਿਛ ਹੇਠਲੀ ਉਹ ਥਾਂ ਵਿਖਾਈ। ਸ. ਬਘੇਲ ਸਿੰਘ ਨੇ ਉਸ ਥਾਂ ਉਤੇ ਗੁਰੂ-ਧਾਮ ਬਣਵਾਇਆ। ਬਾਦ ਵਿਚ ਮੁਸਲਮਾਨਾਂ ਨੇ ਉਹ ਗੁਰਦੁਆਰਾ ਢਾਹ ਕੇ ਮਸੀਤ ਉਸਾਰ ਲਈ। ਫਿਰ ਸੰਨ 1857 ਈ. ਦੇ ਗ਼ਦਰ ਵੇਲੇ ਜੀਂਦ ਦੇ ਰਾਜਾ ਸਰੂਪ ਸਿੰਘ ਨੇ ਗੁਰਦੁਆਰੇ ਦੀ ਇਮਾਰਤ ਬਣਵਾਈ। ਵਿਸਤਾਰ ਲਈ ਵੇਖੋ ‘ਦਿੱਲੀ ਦੇ ਗੁਰੂ-ਧਾਮ ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4064, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.