ਚਿੰਤਾਮਣੀ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਚਿੰਤਾਮਣੀ (1609–1680): ਹਿੰਦੀ ਸਾਹਿਤ ਦੇ ਰੀਤੀਕਾਲ ਵਿੱਚ ਹੋਏ ਅਚਾਰੀਆ ਕਵੀਆਂ ਵਿੱਚ ਚਿੰਤਾਮਣੀ ਦਾ ਨਾਂ ਸਭ ਤੋਂ ਪਹਿਲਾਂ ਲਿਆ ਜਾਂਦਾ ਹੈ। ਕੁਝ ਵਿਦਵਾਨਾਂ ਨੇ ਅਚਾਰੀਆ ਚਿੰਤਾਮਣੀ ਨੂੰ ਰੀਤੀਕਾਲ ਦਾ ਅਰੰਭ ਕਰਨ ਵਾਲੇ ਪ੍ਰਵਰਤਕ ਅਚਾਰੀਆ ਵਜੋਂ ਸਵੀਕਾਰ ਕੀਤਾ ਹੈ। ਇਸ ਦਾ ਜਨਮ 1609 ਅਤੇ ਦਿਹਾਂਤ 1680 ਦੇ ਆਸ-ਪਾਸ ਮੰਨਿਆ ਜਾਂਦਾ ਹੈ। ਪਰੰਪਰਾ ਅਨੁਸਾਰ ਚਿੰਤਾਮਣੀ ਨੂੰ ਤਿਕਵਾਂਕੁਰ (ਕਾਨ੍ਹਪੁਰ) ਦੇ ਰਤਨਾਕਰ ਤ੍ਰਿਪਾਠੀ ਦੇ ਪੁੱਤਰ ਅਤੇ ਮਤੀਰਾਮ, ਵਿ੍ਰੰਦ ਆਦਿ ਰੀਤੀਕਾਲੀਨ ਕਵੀਆਂ ਦੇ ਭਰਾ ਮੰਨਿਆ ਜਾਂਦਾ ਰਿਹਾ ਹੈ। ਪਰੰਤੂ ਨਵੀਆਂ ਖੋਜਾਂ ਤੋਂ ਪਤਾ ਲੱਗਾ ਹੈ ਕਿ ਅਸਲ ਵਿੱਚ ਉਹ ਉੱਤਰ ਪ੍ਰਦੇਸ਼ ਦੇ ਫਤੇਹਪੁਰ ਕੋਂਡਾ ਨਗਰ ਦੇ ਰਹਿਣ ਵਾਲਾ ਸੀ ਅਤੇ ਰਾਜਾ ਹਮੀਰ ਦੇ ਕਹਿਣ ਤੇ ਉਸ ਨੇ ਤਿਕਵਾਂਕੁਰ ਰਹਿਣਾ ਸ਼ੁਰੂ ਕੀਤਾ ਸੀ। ਚਿੰਤਾਮਣੀ ਕਾਵਿ-ਸ਼ਾਸਤਰ ਦਾ ਸ਼ਰੋਮਣੀ ਵਿਦਵਾਨ ਅਤੇ ਪ੍ਰਤਿਭਾਸ਼ਾਲੀ ਕਵੀ ਸੀ। ਅਜਿਹੇ ਗੁਣਵਾਨ ਕਵੀ ਦੀ ਪ੍ਰਤਿਭਾ ਦਾ ਮੁੱਲ ਪਾਉਣ ਵਾਲਿਆਂ ਦੀ ਕੀ ਕਮੀ ਹੋ ਸਕਦੀ ਸੀ। ਇਸ ਲਈ ਚਿੰਤਾਮਣੀ ਨੂੰ ਅਨੇਕ ਰਾਜਿਆਂ ਦੇ ਦਰਬਾਰ ਵਿੱਚ ਰਹਿਣ ਦਾ ਮਾਣ ਹਾਸਲ ਹੋਇਆ ਜਿਨ੍ਹਾਂ ਵਿੱਚੋਂ ਸ਼ਾਹਜਹਾਂ, ਦਾਰਾ ਸ਼ਿਕੋਹ ਅਤੇ ਸ਼ਾਹ ਜੀ ਭੌਂਸਲੇ ਦਾ ਨਾਂ ਪ੍ਰਮੁਖ ਹੈ।
ਚਿੰਤਾਮਣੀ ਦੇ ਰਚੇ ਹੋਏ ਨੌਂ ਗ੍ਰੰਥ ਦੱਸੇ ਜਾਂਦੇ ਹਨ, ਜਿਨ੍ਹਾਂ ਦੇ ਨਾਂ ਇਸ ਪ੍ਰਕਾਰ ਹਨ-ਰਸ ਬਿਲਾਸ, ਛੰਦ ਵਿਚਾਰ ਪਿੰਗਲ, ਸ਼ਿੰਗਾਰ-ਮੰਜਰੀ, ਕਵੀ ਕੁਲ ਕਲਪਤਰੂ, ਕ੍ਰਿਸ਼ਨ ਚਰਿਤ, ਕਾਵਯ-ਵਿਵੇਕ, ਕਾਵਯ ਪ੍ਰਕਾਸ਼, ਕਵਿੱਤ-ਵਿਚਾਰ ਅਤੇ ਪਿੰਗਲ। ਇਹਨਾਂ ਵਿੱਚੋਂ ਪਹਿਲੇ ਪੰਜ ਗ੍ਰੰਥ ਹੀ ਉਪਲਬਧ ਹਨ। ਚਿੰਤਾਮਣੀ ਨੇ ਜਿਨ੍ਹਾਂ ਲੱਛਣ ਗ੍ਰੰਥਾਂ ਦੀ ਰਚਨਾ ਕੀਤੀ ਹੈ, ਉਹਨਾਂ ਉਪਰ ਸੰਸਕ੍ਰਿਤ ਦੇ ਕਾਵਿ-ਸ਼ਾਸਤਰ ਨਾਲ ਸੰਬੰਧਿਤ ਗ੍ਰੰਥਾਂ ਦਾ ਸਪਸ਼ਟ ਪ੍ਰਭਾਵ ਦਿਖਾਈ ਦਿੰਦਾ ਹੈ। ਕਵੀ ਦੀ ਮੌਲਿਕਤਾ ਇਸ ਗੱਲ ਵਿੱਚ ਹੈ ਕਿ ਉਸ ਨੇ ਸੰਸਕ੍ਰਿਤ ਦੀ ਇਸ ਪਰੰਪਰਾ ਨੂੰ ਹਿੰਦੀ ਵਿੱਚ ਲੈ ਆਂਦਾ ਹੈ।
ਰਸ ਬਿਲਾਸ ਵਿੱਚ ਕਾਵਿ-ਰਸਾਂ ਦਾ ਵਿਵੇਚਨ ਕੀਤਾ ਗਿਆ ਹੈ। ਸੰਸਕ੍ਰਿਤ ਦੇ ਅਚਾਰੀਆ ਵਿਸ਼ਵਨਾਥ ਦੀ ਰਚਨਾ ਸਾਹਿਤ ਦਰਪਣ, ਭਾਨੂਦੱਤ ਦੀ ਰਸ ਮੰਜਰੀ ਅਤੇ ਰਸ ਤਰੰਗਣੀ ਨੂੰ ਰਸ ਬਿਲਾਸ ਦਾ ਆਧਾਰ ਬਣਾਇਆ ਗਿਆ ਹੈ। ਸ਼ਿੰਗਾਰ ਮੰਜਰੀ ਆਂਧਰਾ ਪ੍ਰਦੇਸ਼ ਦੇ ਸੰਤ ਅਕਬਰ ਸ਼ਾਹ ਦੀ ਇਸੇ ਨਾਂ ਦੀ ਪੁਸਤਕ ਦੇ ਸੰਸਕ੍ਰਿਤ ਅਨੁਵਾਦ ਦਾ ਹਿੰਦੀ ਵਿੱਚ ਕੀਤਾ ਗਿਆ ਤਰਜਮਾ ਹੈ।
ਕਵੀ ਕੁਲ ਕਲਪਤਰੂ ਚਿੰਤਾਮਣੀ ਦਾ ਸਭ ਤੋਂ ਪ੍ਰਸਿੱਧ ਗ੍ਰੰਥ ਹੈ। ਇਸ ਵਿੱਚ ਕਵੀ ਨੇ ਕਾਵਿ ਦੇ ਸਾਰੇ (ਦਸਾਂ) ਅੰਗਾਂ ਦਾ ਨਿਰੂਪਣ ਕੀਤਾ ਹੈ। ਸਿਰਫ਼ ਗੁਣੀਭੂਤ ਵਿਅੰਗ ਦਾ ਨਿਰੂਪਣ ਇਸ ਵਿੱਚ ਨਹੀਂ ਕੀਤਾ ਗਿਆ। ਇਸ ਗ੍ਰੰਥ ਦੇ ਨਿਰਮਾਣ ਵਿੱਚ ਉਸ ਨੇ ਅਨੇਕ ਗ੍ਰੰਥਾਂ ਨੂੰ ਆਧਾਰ ਸਮਗਰੀ ਵਜੋਂ ਇਸਤੇਮਾਲ ਕੀਤਾ ਹੈ ਜਿਨ੍ਹਾਂ ਵਿੱਚ ਸੰਸਕ੍ਰਿਤ ਦੇ ਅਚਾਰੀਆ ਮੰਮਟ ਦਾ ਕਾਵਯ-ਪ੍ਰਕਾਸ਼, ਧਨੰਜਯ ਦਾ ਦਸ਼ਰੂਪਕ ਅਤੇ ਅਚਾਰੀਆ ਵਿਸ਼ਵਨਾਥ ਦੇ ਗ੍ਰੰਥ ਸ਼ਾਮਲ ਹਨ। ਕਾਵਿ-ਰੂਪ, ਸ਼ਬਦ-ਸ਼ਕਤੀ, ਧ੍ਵਨੀ, ਕਾਵਿ-ਗੁਣ- ਦੋਸ਼ ਪ੍ਰਕਰਨ ਆਦਿ ਵਿੱਚ ਉਹ ਮੰਮਟ ਤੋਂ ਪ੍ਰਭਾਵਿਤ ਹੈ ਜਦੋਂ ਕਿ ਰਸ-ਪ੍ਰਕਰਨ ਵਿੱਚ ਇਸ ਉਪਰ ਵਿਸ਼ਵਨਾਥ ਅਤੇ ਮੰਮਟ ਦੋਵਾਂ ਦਾ ਪ੍ਰਭਾਵ ਦਿਖਾਈ ਦਿੰਦਾ ਹੈ। ਅਲੰਕਾਰ ਪ੍ਰਕਰਨ ਵਿੱਚ ਉਪਰੋਕਤ ਦੋਵਾਂ ਅਚਾਰੀਆਂ ਤੋਂ ਬਿਨਾਂ ਧਨੰਜਯ ਦੇ ਗ੍ਰੰਥਾਂ ਦੀ ਵੀ ਸਹਾਇਤਾ ਲਈ ਗਈ ਹੈ। ਨਾਇਕਾ-ਭੇਦ ਨਿਰੂਪਣ ਵਿੱਚ ਇਹ ਵਿਸ਼ਵਨਾਥ ਅਤੇ ਭਾਨੂਦੱਤ ਮਿਸ਼ਰ ਦੋਵਾਂ ਤੋਂ ਪ੍ਰਭਾਵਿਤ ਹੋਇਆ ਹੈ। ਇਸ ਪ੍ਰਕਾਰ ਚਿੰਤਾਮਣੀ ਨੇ ਅਨੇਕ ਅਚਾਰੀਆਂ ਦੇ ਮਤਾਂ ਨੂੰ ਲੈ ਕੇ ਆਪਣੇ ਗ੍ਰੰਥ ਨੂੰ ਪ੍ਰਮਾਣਿਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।
ਕਵੀ ਨੇ ਕਾਵਿ-ਅੰਗਾਂ ਦੇ ਲਖਸ਼ ਨਿਰੂਪਣ ਕਰਦਿਆਂ ਦੋਹਾ ਅਤੇ ਸੋਰਠਾ ਛੰਦਾਂ ਦਾ ਇਸਤੇਮਾਲ ਕੀਤਾ ਹੈ ਜਦੋਂ ਕਿ ਉਦਾਹਰਨ ਪੇਸ਼ ਕਰਦੇ ਸਮੇਂ ਕਵਿੱਤ ਅਤੇ ਸਵੱਈਆ ਛੰਦ ਅਪਣਾਏ ਹਨ। ਕਿਸੇ-ਕਿਸੇ ਥਾਂ ਤੇ ਲੋੜੀਂਦਾ ਸਪਸ਼ਟੀਕਰਨ ਦੇਣ ਲਈ ਗੱਦ ਦਾ ਵੀ ਸਹਾਰਾ ਲਿਆ ਗਿਆ ਹੈ।
ਛੰਦ ਵਿਚਾਰ ਪਿੰਗਲ ਚਿੰਤਾਮਣੀ ਦਾ ਛੰਦ ਸੰਬੰਧੀ ਗ੍ਰੰਥ ਹੈ ਜੋ ਕਿ ਸੰਸਕ੍ਰਿਤ ਦੇ ਵ੍ਰਿਤਰਤਨਾਕਰ ਅਤੇ ਪ੍ਰਾਕਿਰਤ ਪੈਂਗਲਮ ਗ੍ਰੰਥਾਂ ਤੇ ਆਧਾਰਿਤ ਹੈ। ਇਸ ਵਿੱਚ ਅਨੇਕ ਛੰਦਾਂ ਦੇ ਲੱਛਣ ਉਦਾਹਰਨ ਸਰਸ ਬ੍ਰਜ ਭਾਸ਼ਾ ਪੇਸ਼ ਕੀਤੇ ਗਏ ਹਨ। ਕਵੀ ਨੇ ਕੁਝ ਨਵੇਂ ਛੰਦਾਂ ਦਾ ਵੀ ਉਲੇਖ ਕੀਤਾ ਹੈ। ਭਾਵੇਂ ਗ੍ਰੰਥ ਸਧਾਰਨ ਪੱਧਰ ਦਾ ਹੈ ਪਰ ਹਿੰਦੀ ਵਿੱਚ ਛੰਦ-ਸ਼ਾਸਤਰ ਦੇ ਮੁਢਲੇ ਗ੍ਰੰਥ ਵਜੋਂ ਇਸ ਦਾ ਮਹੱਤਵ ਨਿਰਵਿਵਾਦ ਹੈ।
ਚਿੰਤਾਮਣੀ ਨੇ ਰੀਤੀ ਨਿਰੂਪਣ ਨੂੰ ਬਹੁਤ ਗੰਭੀਰਤਾ ਅਤੇ ਨਿਸ਼ਠਾ ਨਾਲ ਅਪਣਾਇਆ। ਉਸ ਦੇ ਇਸ ਸਿਧਾਂਤ-ਵਿਵੇਚਨ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਉਸ ਨੇ ਕਿਸੇ ਇਕੋ ਅਚਾਰੀਆ ਦੇ ਮੱਤ ਨੂੰ ਪ੍ਰਮਾਣ ਦੇ ਤੌਰ ਤੇ ਸਵੀਕਾਰ ਨਹੀਂ ਕੀਤਾ। ਆਪਣੇ ਵੱਲੋਂ ਕਾਵਿ-ਲੱਛਣ ਪ੍ਰਸਤੁਤ ਕਰਨ ਤੋਂ ਪਹਿਲਾਂ ਉਹ ਸਾਰੇ ਆਧਾਰ ਗ੍ਰੰਥਾਂ ਵਿੱਚ ਦਿੱਤੇ ਗਏ ਲੱਛਣਾਂ ਨੂੰ ਜੋਖ-ਪਰਖ ਕੇ ਵੇਖਦਾ ਹੈ ਅਤੇ ਜੋ ਠੀਕ ਜਚਦਾ ਹੈ ਉਸ ਨੂੰ ਗ੍ਰਹਿਣ ਕਰ ਲੈਂਦਾ ਹੈ। ਜ਼ਰੂਰਤ ਪੈਣ ਤੇ ਉਹ ਥੋੜ੍ਹੀ ਬਹੁਤ ਫੇਰ ਬਦਲ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦਾ। ਏਨਾ ਹੋਣ ਦੇ ਬਾਵਜੂਦ ਵੀ ਚਿੰਤਾਮਣੀ ਹਿੰਦੀ ਕਾਵਿ-ਸ਼ਾਸਤਰ ਨੂੰ ਕੋਈ ਮੌਲਿਕ ਯੋਗਦਾਨ ਨਹੀਂ ਦੇ ਸਕਿਆ। ਉਹ ਆਪਣੇ-ਆਪ ਨੂੰ ਸੰਸਕ੍ਰਿਤ ਕਾਵਿ-ਸ਼ਾਸਤਰ ਦੀ ਲਛਮਣ-ਰੇਖਾ ਤੋਂ ਬਾਹਰ ਨਹੀਂ ਕੱਢ ਸਕਿਆ ਅਤੇ ਉਸ ਦੁਆਰਾ ਪੇਸ਼ ਕੀਤੇ ਗਏ ਕਾਵਿ-ਲੱਛਣ ਸੰਸਕ੍ਰਿਤ ਵਿੱਚ ਦਿੱਤੇ ਗਏ ਕਾਵਿ-ਲੱਛਣਾਂ ਦਾ ਬ੍ਰਜ ਭਾਸ਼ਾ ਵਿੱਚ ਕੀਤਾ ਗਿਆ ਭਾਵ ਅਨੁਵਾਦ ਹੀ ਕਹੇ ਜਾ ਸਕਦੇ ਹਨ।
ਅਚਾਰੀਆ ਹੋਣ ਦੇ ਨਾਲ-ਨਾਲ ਚਿੰਤਾਮਣੀ ਦਾ ਕਾਵਿ-ਕੌਸ਼ਲ ਵੀ ਮਹੱਤਵਪੂਰਨ ਹੈ। ਉਸ ਨੇ ਅਚਾਰੀਆ ਅਤੇ ਕਵੀ ਦੋਵਾਂ ਦੇ ਰੂਪ ਵਿੱਚ ਆਪਣੀ ਭੂਮਿਕਾ ਨਾਲ ਇਨਸਾਫ਼ ਕਰਨ ਦੀ ਪੂਰੀ-ਪੂਰੀ ਕੋਸ਼ਿਸ਼ ਕੀਤੀ ਹੈ। ਰਸਵਾਦੀ ਅਚਾਰੀਆ ਹੋਣ ਕਾਰਨ ਕਾਵਿ-ਰਚਨਾ ਵਿੱਚ ਸਾਰੇ ਰਸਾਂ ਦਾ ਸੁੰਦਰ ਸੁਮੇਲ ਦਿਸਦਾ ਹੈ। ਖ਼ਾਸ ਕਰ ਕੇ ਸ਼ਿੰਗਾਰ ਰਸ ਦੇ ਨਿਰੂਪਣ ਵਿੱਚ ਉਸ ਨੂੰ ਵਿਸ਼ੇਸ਼ ਸਫਲਤਾ ਮਿਲੀ ਹੈ।
ਉਸ ਦੀ ਕਵਿਤਾ ਵਿੱਚ ਕਲਪਨਾ ਦੀ ਉੱਚੀ ਉਡਾਣ ਜਾਂ ਜਜ਼ਬਿਆਂ ਦਾ ਵੇਗ ਭਾਵੇਂ ਨਜ਼ਰੀਂ ਨਹੀਂ ਪੈਂਦਾ ਫਿਰ ਵੀ ਹਿਰਦੇ ਦੀ ਸੱਚੀ-ਸੁੱਚੀ ਅਨੁਭੂਤੀ ਦੀ ਸਿੱਧੀ ਸਰਲ ਭਾਸ਼ਾ ਵਿੱਚ ਕੀਤੀ ਗਈ ਪੇਸ਼ਕਾਰੀ ਪ੍ਰਤੱਖ ਨਜ਼ਰੀਂ ਆਉਂਦੀ ਹੈ। ਭਾਸ਼ਾ ਸ਼ੈਲੀ ਪੱਖੋਂ ਉਸ ਦੀ ਰਚਨਾ ਨੂੰ ਮਿਆਰੀ ਕਿਹਾ ਜਾ ਸਕਦਾ ਹੈ। ਭਾਸ਼ਾ ਦਾ ਪ੍ਰਯੋਗ ਨਿਯਮਬੱਧ ਹੈ, ਸ਼ਬਦ-ਯੋਜਨਾ ਖ਼ੂਬਸੂਰਤ ਹੈ ਅਤੇ ਅਲੰਕਾਰਾਂ ਦਾ ਢੁੱਕਵਾਂ ਪ੍ਰਯੋਗ ਕੀਤਾ ਗਿਆ ਹੈ। ਕਵਿਤਾ ਅਲੰਕਾਰਾਂ ਦੇ ਵਾਧੂ ਬੋਝ ਤੋਂ ਮੁਕਤ ਹੈ। ਰਸਵਾਦੀ ਕਵੀ ਹੋਣ ਕਰ ਕੇ ਅਲੰਕਾਰਾਂ ਦੇ ਚਮਤਕਾਰ ਤੇ ਬਹੁਤਾ ਜ਼ੋਰ ਨਹੀਂ ਦਿੱਤਾ। ਭਾਸ਼ਾ ਸਰਲ, ਸੁਬੋਧ ਅਤੇ ਭਾਵਾਂ ਦੇ ਅਨੁਕੂਲ ਹੈ। ਛੰਦਾਂ ਦੇ ਪੱਖ ਤੋਂ ਉਸ ਨੇ ਕਵਿੱਤ-ਸਵੱਯੇ ਦਾ ਪ੍ਰਯੋਗ ਜ਼ਿਆਦਾ ਕੀਤਾ ਹੈ। ਰੀਤੀਕਾਲ ਵਿੱਚ ਸ਼ਿੰਗਾਰ ਵਰਣਨ ਦੇ ਨਾਂ ਤੇ ਪਾਈ ਜਾਣ ਵਾਲੀ ਅਸ਼ਲੀਲਤਾ ਇਸ ਦੀ ਰਚਨਾ ਵਿੱਚ ਨਜ਼ਰੀਂ ਨਹੀਂ ਆਉਂਦੀ।
ਹਿੰਦੀ ਵਿੱਚ ਇਹ ਚਰਚਾ ਵਿਵਾਦ ਦਾ ਵਿਸ਼ਾ ਰਹੀ ਕਿ ਕੇਸ਼ਵ ਅਤੇ ਚਿੰਤਾਮਣੀ ਦੋਵਾਂ ਵਿੱਚੋਂ ਰੀਤੀਕਾਲ ਦਾ ਮੋਢੀ ਕੌਣ ਸੀ। ਕੇਸ਼ਵ ਤੋਂ ਪੰਜਾਹ ਸਾਲ ਬਾਅਦ ਤੱਕ ਹਿੰਦੀ ਵਿੱਚ ਰੀਤੀ-ਨਿਰੂਪਣ ਸੰਬੰਧੀ ਕੋਈ ਗ੍ਰੰਥ ਨਹੀਂ ਲਿਖਿਆ ਗਿਆ ਪਰੰਤੂ ਚਿੰਤਾਮਣੀ ਤੋਂ ਬਾਅਦ ਅਜਿਹੇ ਗ੍ਰੰਥਾਂ ਦੀ ਪਰੰਪਰਾ ਅਖੰਡ ਰੂਪ ਵਿੱਚ ਚੱਲਦੀ ਨਜ਼ਰੀਂ ਆਉਂਦੀ ਹੈ। ਜੇ ਅਸੀਂ ਚਿੰਤਾਮਣੀ ਨੂੰ ਰੀਤੀਕਾਲ ਦਾ ਪ੍ਰਵਰਤਕ ਨਾ ਵੀ ਮੰਨੀਏ ਤਾਂ ਵੀ ਹਿੰਦੀ ਵਿੱਚ ਰੀਤੀ- ਨਿਰੂਪਣ ਦਾ ਗਾਡੀ-ਰਾਹ ਚਲਾਉਣ ਦਾ ਸਿਹਰਾ ਤਾਂ ਉਸ ਦੇ ਸਿਰ ਜਾਂਦਾ ਹੀ ਹੈ। ਕਵਿਤਾ ਦੇ ਸਾਰੇ ਅੰਗਾਂ ਦਾ ਸਫਲ ਵਿਵੇਚਨ ਪੇਸ਼ ਕਰਨ ਵਾਲੇ ਕਵੀ-ਅਚਾਰੀਆ ਵਜੋਂ ਉਸ ਦੀ ਦੇਣ ਬਹੁਤ ਮਹੱਤਵਪੂਰਨ ਹੈ।
ਲੇਖਕ : ਮੱਖਣ ਲਾਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2504, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਚਿੰਤਾਮਣੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਚਿੰਤਾਮਣੀ : ਇਹ ਰੀਤੀ ਕਾਲ ਦੇ ਦੋ ਹੋਰ ਪ੍ਰਸਿੱਧ ਕਵੀਆਂ ਮਤੀਰਾਮ ਤੇ ਭੂਸ਼ਣ ਦਾ ਸਕਾ ਭਰਾ ਮੰਨਿਆ ਜਾਂਦਾ ਹੈ। ਇਸ ਦਾ ਜਨਮ 1609 ਵਿਚ ਹੋਇਆ ਮੰਨਿਆ ਗਿਆ ਹੈ। ਇਸ ਦਾ ਜਨਮ ਸਥਾਨ ਉੱਤਰ-ਪ੍ਰਦੇਸ਼ ਵਿਚ ਤਿਕਵਾਂ ਪੁਰ (ਕਾਨ੍ਹਪੁਰ) ਦਸਿਆ ਜਾਂਦਾ ਹੈ। ਇਸ ਦੇ ਪਿਤਾ ਦਾ ਨਾਂ ਰਤਨਾਕਾਰ ਤ੍ਰਿਪਾਠੀ ਸੀ। ਵੱਖ ਵੱਖ ਸੋਮਿਆਂ ਤੋਂ ਅਜੇ ਤੱਕ ਇਸ ਬਾਰੇ ਇਹੀ ਪਤਾ ਲੱਗਾ ਹੈ ਕਿ ਇਹ ਸ਼ਾਹਜਹਾਨ, ਰੁਦਰਸਿੰਘ, ਸੋਲੰਕੀ, ਜੈਨਦੀ ਅਹਿਮਦ ਤੋਂ ਇਲਾਵਾ ਨਾਗਪੁਰ ਤੇ ਸੂਰਜਬੰਸ਼ੀ ਭੌਂਸਲਾ ਰਾਜਾ ਮਕਰੰਦ ਸ਼ਾਹ ਦੇ ਦਰਬਾਰ ਵਿਚ ਕਾਫ਼ੀ ਸਮੇਂ ਤੱਕ ਰਾਜ ਕਵੀ ਦੇ ਰੂਪ ਵਿਚ ਸਨਮਾਨ ਪਾਉਂਦਾ ਰਿਹਾ।
ਇਸ ਦੇ ਹੇਠ ਲਿਖੇ ਛੇ ਪ੍ਰਮਾਣਿਕ ਗ੍ਰੰਥ ਮਿਲੇ ਹਨ :––
1) ਕਾਵਯ ਵਿਵੇਕ 2) ਕਵਿਕੁਲਕਲਪਤਰੁ 3) ਕਾਵਯ ਪ੍ਰਕਾਸ਼ 4) ਰਾਮਾਯਣ 5) ਛੰਦ ਵਿਚਾਰ ਪਿੰਗਲ 6) ਰਸਮੰਜਰੀ। ‘ਰਸਮੰਜਰੀ’ ਵਰਗੀ ਇਕ ਹੋਰ ਪੁਸਤਕ ‘ਸ਼ਿੰਗਾਰੀ ਮੰਜਰੀ’ ਵੀ ਇਸ ਦੀ ਰਚੀ ਹੋਈ ਮੰਨੀ ਜਾਂਦੀ ਹੈ ਜੋ ਮੌਲਿਕ ਰਚਨਾ ਨਹੀਂ ਸਗੋਂ ਤੇਲਗੂ ਲਿਪੀ ਵਿਚ ਲਿਖੇ ਗਏ ਸੰਸਕ੍ਰਿਤ ਦੇ ਵਾਰਤਕ ਗਰੰਥ ਦਾ ਛੰਦ-ਬੱਧ ਅਨੁਵਾਦ ਹੈ ਪਰ ਕੁਝ ਵਿਦਵਾਨ ਸ਼ਿੰਗਾਰੀ ਮੰਜਰੀ ਨੂੰ ਇਸ ਦੀ ਮੌਲਿਕ ਰਚਨਾ ਮੰਨਦੇ ਹਨ। ‘ਰਾਮਾਯਣ’ ਨੂੰ ਛੱਡ ਕੇ ਇਸ ਦੇ ਬਾਕੀ ਸਾਰੇ ਗ੍ਰੰਥ ਕਾਵਿ ਸ਼ਾਸਤਰ ਨਾਲ ਸਬੰਧਤ ਹਨ। ਇਸ ਦੀ ਪ੍ਰਸਿੱਧੀ ‘ਕਵਿਕੁਲਕਲਪਤਰੁ’ ਕਾਵਿ ਸ਼ਾਸਤਰ ਨਾਲ ਸਬੰਧਤ ਗਰੰਥ ਕਾਰਨ ਹੈ।
ਇਹ ਰੀਤੀ ਕਾਲ ਦਾ ਪ੍ਰਮੁੱਖ ਆਚਾਰੀਆ ਕਵੀ ਹੈ। ਇਸ ਦਾ ਆਚਾਰੀਆ ਪੱਖ ਕਾਵਿ-ਪੱਖ ਨਾਲੋਂ ਬਲਵਾਨ ਹੈ। ਆਚਾਰੀਆ ਦੇ ਰੂਪ ਵਿਚ ਇਸ ਨੇ ਮੰਮਟ ਤੇ ਵਿਸ਼ਵਨਾਥ ਦੀ ਪਰੰਪਰਾ ਨੂੰ ਅਪਣਾਇਆ ਤੇ ਉਸ ਮਗਰੋਂ ਰੀਤੀ-ਕਾਲ ਦੇ ਅਨੇਕ ਆਚਾਰੀਆਂ ਨੇ ਵੀ ਇਸੇ ਪਰੰਪਰਾ ਨੂੰ ਗ੍ਰਹਿਣ ਕੀਤਾ। ਰੀਤੀ ਕਾਲ ਬਾਰੇ ਅਧਿਐਨ ਕਰਨ ਵਾਲੇ ਵਿਦਵਾਨਾਂ ਨੇ ਇਸ ਰੀਤੀ-ਕਾਲ ਦਾ ਆਦਿ ਆਚਾਰੀਆ ਮੰਨਿਆ ਹੈ। ਆਚਾਰੀਆ ਦੇ ਰੂਪ ਵਿਚ ਇਸ ਦਾ ਸਥਾਨ ਦਾਸ ਅਤੇ ਕੁਲਪਤੀ ਦੇ ਬਰਾਬਰ ਹੈ। ਉਸ ਨੇ ਕਾਵਿ-ਸ਼ਾਸਤਰੀ ਨੁਕਤਿਆਂ ਨੂੰ ਬੜੀ ਗੰਭੀਰਤਾ ਨਾਲ ਪੇਸ਼ ਕੀਤਾ ਹੈ। ਆਚਾਰੀਆਂ ਹੁੰਦਿਆਂ ਹੋਇਆਂ ਵੀ ਕਵੀ ਦੇ ਰੂਪ ਵਿਚ ਇਸ ਦਾ ਸਥਾਨ ਮਹੱਤਵਪੂਰਨ ਹੈ। ਇਸ ਦੀ ਭਾਸ਼ਾ ਬੜੀ ਮਾਂਜੀ ਸਵਾਰੀ ਹੋਈ ਹੈ। ਇਹ ਰੀਤੀ-ਕਾਲ ਦਾ ਪ੍ਰਸਿੱਧ ਕਵੀ ਤੇ ਆਚਾਰੀਆ ਹੈ ਜਿਸ ਨੂੰ ਰੀਤੀ ਕਾਲ ਦਾ ਆਦਿ ਆਚਾਰੀਆ ਜਾਂ ਪਰਿਵਰਤਨ ਮੰਨਿਆ ਜਾਂਦਾ ਹੈ।
ਹ. ਪੁ.––ਹਿੰ. ਸਾ. ਕੋ. 2 : 172
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1605, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-21, ਹਵਾਲੇ/ਟਿੱਪਣੀਆਂ: no
ਚਿੰਤਾਮਣੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਚਿੰਤਾਮਣੀ : ਇਹ ਸ਼ਹਿਰ ਭਾਰਤ ਦੇ ਕਰਨਾਟਕ ਰਾਜ ਵਿਚ ਕੋਲਾਰ ਨਗਰ ਤੋਂ 43 ਕਿ. ਮੀ. ਉੱਤਰ-ਉੱਤਰ-ਪੱਛਮ ਵਿਚ ਵਾਕਿਆ ਹੈ। ਇਹ ਇਥੋਂ ਦਾ ਮੁੱਖ ਵਪਾਰਕ ਨਗਰ ਹੈ। ਇਥੇ ਅਧਿਕਤਰ ਸ਼ਾਹੂਕਾਰਾਂ ਦੀ ਵਸੋਂ ਹੈ। ਹੋਰ ਛੋਟੇ-ਛੋਟੇ ਵਪਾਰਾਂ ਤੋਂ ਇਲਾਵਾ ਇਥੇ ਸੋਨੇ, ਚਾਂਦੀ, ਜਵਾਹਰਾਤ ਅਦਿ ਦਾ ਵੀ ਵਪਾਰ ਹੁੰਦਾ ਹੈ। ਅਤਰ ਅਤੇ ਰੇਸ਼ਮੀ ਕੱਪੜੇ ਵੀ ਤਿਆਰ ਕੀਤੇ ਜਾਂਦੇ ਹਨ।
ਆਬਾਦੀ––50,394 (1991)
ਹ. ਪੁ.––ਹਿੰ. ਵਿ. ਕੋ. 4 : 210; ਇੰਪ. ਗ. ਇੰਡ. 10 : 286
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1605, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First