ਚਿੰਨ੍ਹਵਾਦ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚਿੰਨ੍ਹਵਾਦ [ਨਾਂਪੁ] ਚਿੰਨ੍ਹਾਂ ਦੁਆਰਾ ਖ਼ਾਸ ਲੱਛਣ ਪ੍ਰਗਟਾਉਣ ਦਾ ਢੰਗ , ਪ੍ਰਤੀਕਵਾਦ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2848, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਚਿੰਨ੍ਹਵਾਦ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚਿੰਨ੍ਹਵਾਦ: ਗੁਰੂ ਗ੍ਰੰਥ ਸਾਹਿਬ ਦੀਆਂ ਰਚਨਾਵਾਂ ਵਿਸ਼ੇਸ਼ ਤੌਰ ਤੇ ਵੱਖ-ਵੱਖ ਬਿੰਬਾਂ ਅਤੇ ਚਿੰਨ੍ਹਾਂ ਦੀ ਭਰਪੂਰਤਾ ਕਰਕੇ ਧਿਆਨ ਦੇਣ ਯੋਗ ਹਨ। ਪਵਿੱਤਰ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਬਣੀਆਂ, ਗੁਰੂਆਂ ਅਤੇ ਸੰਤਾਂ ਦੀਆਂ ਰਚਨਾਵਾਂ ਨੇ ਰਹੱਸਾਤਮਿਕ ਅਤੇ ਅਧਿਆਤਮਿਕ ਅਨੁਭਵ ਨੂੰ ਪ੍ਰਗਟ ਕੀਤਾ ਹੈ। ਉਪਮਾਵਾਂ ਅਤੇ ਅਲੰਕਾਰਾਂ ਦੀ ਵੱਡੀ ਗਿਣਤੀ ਅਤੇ ਹੋਰ ਚਿਤ੍ਰਾਤਮਿਕ ਪ੍ਰਕਟੀਕਰਣਾਂ ਨੇ ਗੁਰੂ ਗ੍ਰੰਥ ਦੇ ਮੂਲ ਪਾਠ ਨੂੰ ਹੋਰ ਗੌਰਵ ਭਰਪੂਰ ਕੀਤਾ ਹੈ। ਜ਼ਿਆਦਾਤਰ ਬਿੰਬਾਵਲੀ ਭਾਰਤੀ ਸੱਭਿਆਚਾਰ ਦੇ ਖ਼ਜ਼ਾਨੇ ਵਿਚੋਂ ਲਈ ਗਈ ਹੈ ਪਰੰਤੂ ਕੁਝ ਸੰਕੇਤ ਇਸਲਾਮ ਅਤੇ ਇਸਲਾਮੀ ਜੀਵਨ-ਢੰਗ ਵੱਲ ਵੀ ਕੀਤੇ ਗਏ ਹਨ।
ਇਸ ਵਿਚ ਵਰਤਿਆ ਚਿੰਨ੍ਹਵਾਦ ਸ਼ਬਦਾਂ ਦੇ ਮੂਲ ਭਾਵ ਨਾਲ ਜ਼ਿਆਦਾ ਸੰਬੰਧਿਤ ਹੈ ਅਤੇ ਇਹ ਕੇਵਲ ਇਸ ਦੀ ਆਭਾ ਵਧਾਉਣ ਲਈ ਹੀ ਨਹੀਂ ਵਰਤਿਆ ਗਿਆ। ਇਸ ਵਿਚਲੀ ਜ਼ਿਆਦਾਤਰ ਬਿੰਬਾਵਲੀ ਆਮ ਘਰੇਲੂ ਜੀਵਨ ਵਿਚੋਂ ਲਈ ਗਈ ਹੈ। ਉਦਾਹਰਨ ਦੇ ਤੌਰ ਤੇ ਮਨੁੱਖੀ ਆਤਮਾ ਅਤੇ ਪਰਮਾਤਮਾ ਦੇ ਮਿਲਣ ਦਾ ਅਨੁਭਵ ਇਸਤਰੀ ਪੁਰਸ਼ ਦੇ ਮਿਲਣ ਦੇ ਬਿੰਬ ਰਾਹੀਂ ਪ੍ਰਗਟ ਕੀਤਾ ਗਿਆ ਹੈ। ਪਵਿੱਤਰ ਗ੍ਰੰਥ ਵਿਚ ਹੋਰ ਅਨੇਕਾਂ ਇਸ ਤਰ੍ਹਾਂ ਦੇ ਚਿੰਨ੍ਹ ਖਿੱਲਰੇ ਪਏ ਹਨ ਜਿਵੇਂ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗੁਰੂ ਅਰਜਨ ਦੇਵ ਜੀ ਦੀ ਰਚਨਾ ਫੁਨਹੇ ਜੋ ਗਾਥਾ ਪੰਗਤੀਆਂ ਤੋਂ ਬਾਅਦ ਆਉਂਦੀ ਹੈ ਇਹ ਦਰਸਾਉਂਦੀ ਹੈ ਕਿ ਜਿੱਥੇ ਇਸਤਰੀ ਨੂੰ ਆਪਣੇ ਪਤੀ ਨੂੰ ਮਿਲਣ ਦੀ ਸਲਾਹ ਦਿੱਤੀ ਗਈ ਹੈ ਕਿ ਰੱਬੀ ਨਾਮ ਦੇ ਅੰਮ੍ਰਿਤ ਰੂਪੀ ਜਲ ਵਿਚ ਇਸ਼ਨਾਨ ਕਰਨ ਨਾਲ ਉਹ ਜਿਵੇਂ ਪਵਿੱਤਰ ਹੁੰਦੀ ਹੈ ਉਸੇ ਤਰ੍ਹਾਂ ਇਸ ਮਿਲਣੀ ਰਾਹੀਂ ਸੁੱਚਮਤਾ ਆਉਂਦੀ ਹੈ। ਕੰਵਲ ਦੇ ਫੁੱਲ ਦਾ ਚਿੰਨ੍ਹ ਜਿਹੜਾ ਗਾਰ ਵਾਲੇ ਪਾਣੀ ਵਿਚੋਂ ਉਗਮਦਾ ਹੈ ਇਸੇ ਵਿਚ ਹੀ ਵਧਦਾ ਫੁੱਲਦਾ ਹੈ ਪਰੰਤੂ ਫਿਰ ਵੀ ਇਸ ਤੋਂ ਅਭਿੱਜ ਰਹਿੰਦਾ ਹੈ। ਇਸ ਲਈ ਇਸ ਚਿੰਨ੍ਹ ਨੂੰ ਇਹ ਸਮਝਾਉਣ ਲਈ ਵਰਤਿਆ ਗਿਆ ਹੈ ਕਿ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਦੁਨੀਆ ਤਿਆਗਣ ਦੀ ਲੋੜ ਨਹੀਂ ਹੈ। ਮਨੁੱਖ ਨੂੰ ਇਸ ਸੰਸਾਰ ਵਿਚ ਤ੍ਰਿਸ਼ਨਾਵਾਂ, ਵਾਸ਼ਨਾਵਾਂ ਤੋਂ ਅਭਿੱਜ, ਨਿਰਲੇਪ ਰਹਿਣਾ ਚਾਹੀਦਾ ਹੈ।
ਸਿੱਖ ਧਰਮ ਦੀਆਂ ਸਿੱਖਿਆਵਾਂ ਅਨੁਸਾਰ, ਪਰਮਾਤਮਾ ਨਿਰੰਕਾਰ ਹੈ, ਭਾਵ ਇਸ ਦਾ ਕੋਈ ਰੂਪ ਜਾਂ ਰੰਗ ਨਹੀਂ ਹੈ। ਪਰਮਾਤਮਾ ਅਨੰਤ , ਅਪਹੁੰਚ, ਅਕਹਿ, ਅਕੱਥ, ਅਤੇ ਅਗੋਚਰ ਹੈ। ਆਮ ਮਨੁੱਖ ਨੂੰ ਸਮਝਾਉਣ ਲਈ ਵੱਖ-ਵੱਖ ਚਿੰਨ੍ਹ ਅਤੇ ਅਲੰਕਾਰਾਂ ਦੀ ਵਰਤੋਂ ਕੀਤੀ ਗਈ ਹੈ। ਪਰਮਾਤਮਾ ਨੂੰ ਸੁਲਤਾਨ ਅਰਥਾਤ ਬਾਦਸ਼ਾਹ , ਪਤੀ, ਪਿਤਾ , ਮਾਲੀ , ਕਿਸਾਨ ਆਦਿ ਕਿਹਾ ਗਿਆ ਹੈ। ਪਰਮਾਤਮਾ ਇਸ ਸੰਸਾਰ ਦਾ ਰਚਨਹਾਰ ਹੈ ਅਤੇ ਜੋ ਕੁਝ ਇਸ ਸੰਸਾਰ ਵਿਚ ਹੈ ਉਸਦਾ ਪੈਦਾ ਕਰਨ ਵਾਲਾ ਉਹੀ ਪਰਮਾਤਮਾ ਹੀ ਹੈ ਅਤੇ ਇਕ ਸੱਚੇ ਮਾਲੀ ਜਾਂ ਕਿਸਾਨ ਦੀ ਤਰ੍ਹਾਂ ਉਹ ਪਰਮਾਤਮਾ ਇਸ ਦੀ ਸੰਭਾਲ ਬਹੁਤ ਅੱਛੀ ਤਰ੍ਹਾਂ ਕਰਦਾ ਹੈ। ਪਰਮਾਤਮਾ ਸਾਰੀ ਦੁਨੀਆ ਉੱਤੇ ਰਾਜ ਕਰਦਾ ਹੈ ਜਿੱਥੇ ਉਸ ਦਾ ਹੁਕਮ ਸਰਬੋਤਮ ਹੈ। ਜਿਵੇਂ ਪਤੀ ਆਪਣੀ ਪਤਨੀ ਨੂੰ ਪਿਆਰ ਕਰਦਾ ਹੈ ਤਿਵੇਂ ਪਰਮਾਤਮਾ ਆਪਣੀ ਰਚਨਾ ਨੂੰ ਪਿਆਰ ਕਰਦਾ ਹੈ। ਸਾਰੇ ਪਰਵਾਰ ਦਾ ਉਹ ਪਿਤਾ ਹੈ; ਇਸ ਲਈ ਪਰਮਾਤਮਾ ਦੀ ਇਸ ਦੀ ਦੇਖ-ਭਾਲ ਕਰਨ ਦੀ ਜ਼ੁੰਮੇਵਾਰੀ ਹੈ।
ਮਨੁੱਖੀ ਆਤਮਾ ਪਰਮਾਤਮਾ ਦੀ ਇਕ ਚੰਗਿਆੜੀ ਹੈ। ਇਸ ਦੇ ਮਹੱਤਵਪੂਰਨ ਗੁਣ ਹਨ ਸਤ , ਚਿਤ ਅਤੇ ਅਨੰਦ। ਇਹ ਅਮਰ ਹੈ ਅਤੇ ਇਸ ਨੂੰ ਇਨਾਮ ਮਿਲਦਾ ਹੈ ਜਾਂ ਸਜ਼ਾ , ਇਹ ਇਸ ਦੇ ਚੰਗੇ ਅਤੇ ਬੁਰੇ ਕਰਮਾਂ ਕਾਰਨ ਹੁੰਦਾ ਹੈ। ਇਹ ਮਨੁੱਖ ਦੇ ਕੰਮਾਂ ਅਨੁਸਾਰ ਇਕ ਸਰੀਰ ਤੋਂ ਦੂਸਰੇ ਸਰੀਰ ਵਿਚ ਚੱਲੀ ਜਾਂਦੀ ਹੈ। ਉੱਚੇ ਅਤੇ ਨੀਵੀਂ ਕਿਸਮ ਦੇ ਜੀਵ ਜੰਤੂਆਂ ਵਿਚ ਆਤਮਾ ਦੇ ਪ੍ਰਵੇਸ਼ ਕਰਨ ਨੂੰ ਹਲਟ ਦੇ ਅਲੰਕਾਰ ਰਾਹੀਂ ਬਿਆਨ ਕੀਤਾ ਗਿਆ ਹੈ; ਹਲਟ ਦੀਆਂ ਟਿੰਡਾਂ ਉੱਪਰ ਜਾਂਦੀਆਂ ਹਨ ਫਿਰ ਖ਼ਾਲੀ ਹੇਠਾਂ ਜਾਂਦੀਆਂ ਹਨ ਇਸੇ ਤਰ੍ਹਾਂ ਆਤਮਾ ਉਚੀਆਂ ਜਾਂ ਨੀਵੀਆਂ ਜੂਨਾਂ ਵਿਚ ਆਉਂਦੀ ਜਾਂਦੀ ਰਹਿੰਦੀ ਹੈ। ਦੂਸਰਾ ਜਿਹੜਾ ਆਮ ਪ੍ਰਚਲਿਤ ਅਲੰਕਾਰ ਇਹ ਹੈ; ਮੁੰਧ ਜਾਂ ਧਨ ਅਰਥਾਤ ਜਿਸ ਇਸਤਰੀ ਦਾ ਪਤੀ ਦੂਰ ਗਿਆ ਹੋਇਆ ਹੈ ਅਤੇ ਜਿਹੜੀ ਪਤੀ ਨੂੰ ਮਿਲਣ ਲਈ ਉਤਾਵਲੀ ਹੋਈ ਫਿਰਦੀ ਹੈ।
ਮਨ , ਮਨੁੱਖ ਦਾ ਸਭ ਤੋਂ ਮਹੱਤਵਪੂਰਨ ਹੈ ਜੋ ਸੰਸਾਰ ਦੇ ਪੈਦਾ ਕੀਤੇ ਹੋਏ ਹਰ ਰੂਪ ਨਾਲੋਂ ਮਨੁੱਖ ਨੂੰ ਉੱਚਾ ਚੁੱਕ ਲੈਂਦਾ ਹੈ। ਸੋ ਇਸ ਤਰ੍ਹਾਂ ਆਵਾਗਵਨ ਰਾਹੀਂ ਮਨੁੱਖ ਭਉਂਦਾ ਹੋਇਆ ਹੁਣ ਮਨੁੱਖਾ ਜੂਨ ਵਿਚ ਆਇਆ ਹੈ ਅਤੇ ਇਹ ਸ਼ੁਭ ਮੌਕਾ ਹੈ ਜਿਹੜਾ ਉਸਨੂੰ ਵਰਤਣਾ ਚਾਹੀਦਾ ਹੈ। ਇਸ ਮਨ ਦੇ ਵੱਖਰੇ- ਵੱਖਰੇ ਨਾਵਾਂ ਵਿਚੋਂ ਹਿਰਦਾ, ਸੁਰਤਿ ਭਾਵ ਇਕਾਗਰਤਾ ਅਤੇ ਬੁੱਧੀ ਭਾਵ ਦਿਮਾਗ਼ ਹਨ। ਇਸ ਨੂੰ ਕੰਵਲ ਫੁੱਲ ਨਾਲ ਦੋਵੇਂ ਪੱਖਾਂ ਤੋਂ ਭਾਵ ਸਿੱਧਾ ਅਤੇ ਉਲਟਾ ਤੋਂ ਤੁਲਨਾ ਰੂਪ ਵਿਚ ਦੇਖਿਆ ਗਿਆ ਹੈ ਜਦੋਂ ਕਿ ਇਸ ਦੀ ਸੁੱਧ ਸਥਿਤੀ ਗ੍ਰਹਿਣ ਕਰਨ ਦੀ ਸਥਿਤੀ ਦਾ ਬਿਆਨ ਕਰਦੀ ਹੈ ਅਤੇ ਉਲਟੀ ਸਥਿਤੀ ਪਥ ਭਰਿਸ਼ਟਤਾ ਦੀ ਪ੍ਰਵਿਰਤੀ ਜਾਂ ਸਥਿਤੀ ਦਾ ਬਿਆਨ ਕਰਦੀ ਹੈ। ਮਨ ਦੇ ਇਨ੍ਹਾਂ ਗੁਣਾਂ ਨੂੰ ਮੈਗਲ ਅਰਥਾਤ ਕਿ ਮਸਤ ਹਾਥੀ ਦੇ ਅਲੰਕਾਰ ਰਾਹੀਂ ਸਮਝਾਇਆ ਗਿਆ ਹੈ ਜਿਹੜਾ ਰਸਤੇ ਵਿਚ ਆਉਂਦੀ ਹਰ ਵਸਤੂ ਨੂੰ ਤਬਾਹ ਕਰ ਦਿੰਦਾ ਹੈ: ਏਸੇ ਤਰ੍ਹਾਂ ਹੀ ਖ਼ਰ ਭਾਵ ਗਧੇ ਦੇ ਚਿੰਨ੍ਹ ਰਾਹੀਂ ਜਿਹੜਾ ਹਠੀ ਹੁੰਦਾ ਹੈ; ਕਰਹਲਾ ਚਿੰਨ੍ਹ ਭਾਵ ਕਿ ਊਠ ਜਿਹੜਾ ਰਸਤੇ ਵਿਚ ਆਉਣ ਵਾਲੀਆਂ ਝਾੜੀਆਂ ਵਿਚ ਫਸ ਜਾਂਦਾ ਹੈ; ਕਾਲਾ ਹਰਨ ਦੇ ਅਲੰਕਾਰ ਰਾਹੀਂ ਜਿਸ ਦੇ ਆਪਣੇ ਸਰੀਰ ਵਿਚ ਕਸਤੂਰੀ ਹੁੰਦੀ ਹੈ ਪਰੰਤੂ ਇਸ ਤੋਂ ਅਨਜਾਣ ਹੋਣ ਕਰਕੇ ਇਸ ਦੀ ਭਾਲ ਵਿਚ ਇੱਧਰ ਉੱਧਰ ਦੌੜਿਆ ਫਿਰਦਾ ਹੈ; ਦਾਦਰ ਅਰਥਾਤ ਡੱਡੂ ਦੇ ਚਿੰਨ੍ਹ ਰਾਹੀਂ ਜਿਹੜਾ ਚਿੱਕੜ ਵਿਚ ਖ਼ੁਸ਼ ਹੈ ਅਤੇ ਕੰਵਲ ਫੁੱਲ ਤੋਂ ਸਿੱਖਿਆ ਨਹੀਂ ਲੈਂਦਾ ਜਿਹੜਾ ਚਿੱਕੜ ਵਿਚੋਂ ਪੈਦਾ ਹੋ ਕੇ ਇਸ ਤੋਂ ਨਿਰਲੇਪ ਰਹਿੰਦਾ ਹੈ; ਸਸਿ, ਭਾਵ ਚੰਦ ਦੇ ਅਲੰਕਾਰ ਤੋਂ ਜਿਸਦੀ ਆਪਣੀ ਕੋਈ ਰੋਸ਼ਨੀ ਨਹੀਂ ਹੈ ਪਰੰਤੂ ਸੂਰਜ ਦੀ ਰੋਸ਼ਨੀ ਵਿਚ ਚਮਕਦਾ ਹੈ: ਹਿਰਨ ਦੇ ਚਿੰਨ੍ਹ ਰਾਹੀਂ ਜਿਹੜਾ ਆਪਣੇ ਸਰੀਰ ‘ਚੋਂ ਨਿਕਲੀ ਸੁਗੰਧੀ ਤੋਂ ਮਸਤ ਹੋ ਭੱਜਾ ਫਿਰਦਾ ਹੈ ਅਤੇ ਹਮੇਸ਼ਾਂ ਸਰੀਰ ਦਾ ਭਾਰ ਢੋਂਹਦੇ ਰਹਿਣ ਵਾਲੇ ਬੈਲ ਦੇ ਅਲੰਕਾਰ ਰਾਹੀਂ ਪ੍ਰਗਟ ਕੀਤਾ ਗਿਆ ਹੈ।
ਇਸ ਤਰ੍ਹਾਂ ਮਨੁੱਖੀ ਮਨ ਦੀਆਂ ਦੋ ਪ੍ਰਵਿਰਤੀਆਂ ਹਨ ਇਕ ਉਹ ਹੈ ਜਦੋਂ ਇਹ ਪਰਮਾਤਮਾ ਵੱਲ ਲੱਗ ਜਾਂਦਾ ਹੈ ਤਾਂ ਇਹ ਗੁਰਮੁਖ ਹੈ ਅਤੇ ਦੂਸਰਾ ਜਦੋਂ ਇਹ ਸੰਸਾਰ ਵਿਚ ਗਲਤਾਨ ਹੋ ਜਾਂਦਾ ਹੈ ਤਾਂ ਇਹ ਮਨਮੁਖ ਹੁੰਦਾ ਹੈ। ਇਸ ਤਰ੍ਹਾਂ ਇਸ ਦੀਆਂ ਅੰਦਰੂਨੀ ਪ੍ਰਵਿਰਤੀਆਂ ਹੰਸ ਦੇ ਅਲੰਕਾਰ ਰਾਹੀਂ ਬਿਆਨ ਕੀਤੀਆਂ ਗਈਆਂ ਹਨ ਜੋ ਮਾਨਸਰੋਵਰ ਤੋਂ ਕੇਵਲ ਮੋਤੀ ਚੁੱਗਦਾ ਹੈ ਜਿਵੇਂ ਗੁਰਮੁਖ ਹਮੇਸ਼ਾਂ ਸ਼ੁਭ ਕਰਮ ਕਰਦਾ ਹੈ ਅਤੇ ਦੂਸਰਾ ਬਗਲਾ ਹੈ ਇਹ ਮਨਮੁਖ ਲਈ ਵਰਤਿਆ ਗਿਆ ਹੈ ਜਿਹੜਾ ਪਖੰਡ ਲਈ ਪ੍ਰਸਿੱਧ ਹੈ ਕਿਉਂਕਿ ਇਕ ਲੱਤ ਉੱਤੇ ਸਮਾਧੀ ਵਿਚ ਖੜਾ ਜਾਪਦਾ ਹੈ ਪਰੰਤੂ ਜਦੋਂ ਮੱਛੀ ਨੇੜੇ ਆਉਂਦੀ ਹੈ ਇਹ ਝੱਟ ਨਿਗਲ ਜਾਂਦਾ ਹੈ। ਇਸੇ ਤਰ੍ਹਾਂ ਮਨਮੁਖ ਦੀ ਸਮਾਜ ਪ੍ਰਤੀ ਨਿਸਫ਼ਲਤਾ ਸਿੰਮਲ ਦੇ ਰੁੱਖ , ਅੰਨੇ ਮਨੁੱਖ ਅਤੇ ਚਮਕਣ ਵਾਲੇ ਕੈਂਹ ਪਰ ਰਗੜਨ ਨਾਲ ਉਘੜ ਆਉਣ ਵਾਲੀ ਉਸ ਦੀ ਕਾਲਖ ਨਾਲ ਦਰਸਾਈ ਗਈ ਹੈ।
ਕਾਲੇ ਹਿਰਨ ਦੀ ਕਸਤੂਰੀ ਦੀ ਤਰ੍ਹਾਂ ਇਹ ਮਨ ਮਨੁੱਖੀ ਸਰੀਰ ਅੰਦਰ ਰਹਿੰਦਾ ਹੈ ਜਿਸ ਨੂੰ ਕਾਚੀ ਗਾਗਰ , ਪਿੰਜਰ , ਰਥ ਆਦਿ ਕਿਹਾ ਗਿਆ ਹੈ। ਇਹ ਸੰਸਾਰ ਜਿੱਥੇ ਮਨੁੱਖੀ ਆਤਮਾ ਰਹਿੰਦੀ ਹੈ ਇਸ ਨੂੰ ਵੱਖ-ਵੱਖ ਉਪਮਾਵਾਂ ਰਾਹੀਂ ਬਿਆਨ ਕੀਤਾ ਗਿਆ ਹੈ ਜਿਵੇਂ ਇਕ ਸਰਾਂ ਜਿੱਥੇ ਮਨੁੱਖ ਕੁਝ ਸਮੇਂ ਲਈ ਹੀ ਰਹਿੰਦਾ ਹੈ, ਵਾੜੀ, ਪੇਕਾ ਘਰ ਜਿੱਥੇ ਲੜਕੀ ਆਪਣੇ ਵਿਆਹ ਤਕ ਰਹਿੰਦੀ ਹੈ ਅਤੇ ਜਿਸ ਨੂੰ ਛੱਡ ਕੇ ਉਹ ਸਹੁਰੇ ਘਰ ਚੱਲੀ ਜਾਂਦੀ ਹੈ; ਭਵ ਜਲ; ਗੰਧਰਬ ਨਗਰੀ ਅਤੇ ਹੋਰ ਇਸ ਤਰ੍ਹਾਂ ਦੇ ਕਈ ਅਲੰਕਾਰ ਵਰਤੇ ਗਏ ਹਨ।
ਸਿੱਖ ਧਰਮ ਵਿਚ ਗੁਰੂ ਨੂੰ ਬਹੁਤ ਮਹੱਤਤਾ ਦਿੱਤੀ ਗਈ ਹੈ। ਗੁਰੂ ਨੂੰ ਪਰਮਾਤਮਾ ਅਤੇ ਮਨੁੱਖ ਵਿਚਕਾਰ ਸੇਤੂ ਭਾਵ ਪੁਲ ਦੇ ਤੌਰ ਤੇ ਬਿਆਨਿਆ ਗਿਆ ਹੈ। ਮਨੁੱਖ ਦੇ ਅਧਿਆਤਮਿਕ ਵਿਕਾਸ ਅਤੇ ਉਸ ਨੂੰ ਪਰਮਾਤਮਾ ਦੇ ਦਰ ਤੇ ਪ੍ਰਵਾਨ ਬਣਾਉਣ ਲਈ ਗੁਰੂ ਦਾ ਬਹੁਤ ਯੋਗਦਾਨ ਹੈ ਜਿਸ ਨੂੰ ਵੱਖ-ਵੱਖ ਅਲੰਕਾਰਾਂ ਅਤੇ ਚਿੰਨ੍ਹਾਂ ਰਾਹੀਂ ਜਿਹੜੇ ਆਮ ਜੀਵਨ ਵਿਚੋਂ ਲਏ ਗਏ ਹਨ, ਬਿਆਨ ਕੀਤਾ ਗਿਆ ਹੈ ਜਿਵੇਂ ਖੇਵਟ ਅਰਥਾਤ ਮਲਾਹ ਜਿਹੜਾ ਜੀਵਨ ਰੂਪੀ ਕਿਸ਼ਤੀ ਨੂੰ ਦਰਿਆ ਰੂਪੀ ਸੰਸਾਰ ਤੋਂ ਪਾਰ ਲੈ ਜਾਂਦਾ ਹੈ ਜਿੱਥੇ ਪਰਮਾਤਮਾ ਵੱਸਦਾ ਹੈ; ਸਰੋਵਰ ਜਿੱਥੇ ਹੰਸ ਰੂਪੀ ਗੁਰਮੁਖ ਰਹਿੰਦੇ ਹਨ ਅਤੇ ਨਾਮ ਰੂਪੀ ਮੋਤੀ ਚੁਗਦੇ ਹਨ। ਤੀਰਥ , ਜਿਹੜਾ ਮਨੁੱਖ ਨੂੰ ਜੀਵਨ ਰੂਪੀ ਦਰਿਆ ਵਿਚੋਂ ਪਾਰ ਕਰਨ ਲਈ ਮਦਦਗਾਰ ਸਾਬਤ ਹੁੰਦਾ ਹੈ; ਸੂਰ (ਸੂਰਜ) ਜਿਹੜਾ ਸਸਿ ਭਾਵ ਚੰਦਰਮਾ ਨੂੰ ਰੋਸ਼ਨ ਕਰਦਾ ਹੈ ਅਤੇ ਹਨੇਰੇ ਮਨ ਵਿਚ ਉਜਾਲਾ ਪੈਦਾ ਕਰਦਾ ਹੈ; ਵਿਚੋਲਾ ਜਿਹੜਾ ਮਨੁੱਖੀ ਆਤਮਾ ਦਾ ਪਰਮਾਤਮਾ ਨਾਲ ਵਿਆਹ ਭਾਵ ਮੇਲ ਕਰਵਾਉਂਦਾ ਹੈ, ਅੰਜਨ ਅਤੇ ਕਾਜਲ, ਸੁਰਮਾ ਜਿਹੜਾ ਮਨੁੱਖੀ ਅੱਖ ਦੀ ਨਿਗਾਹ ਵਧਾਉਂਦਾ ਹੈ; ਪਾਹਰੂਆ (ਚੌਂਕੀਦਾਰ) ਜੋ ਕਾਮ , ਕ੍ਰੋਧ , ਲੋਭ , ਮੋਹ ਅਤੇ ਅਹੰਕਾਰ ਨੂੰ ਮਨੁੱਖ ਤੋਂ ਦੂਰ ਰੱਖਦਾ ਹੈ; ਸੂਰਾ ਜੋ ਗਿਆਨ ਰੂਪੀ ਖੜਗ ਲੈ ਕੇ ਅਗਿਆਨ ਦੀ ਬੁਰਾਈ ਨੂੰ ਦੂਰ ਭਜਾ ਦਿੰਦਾ ਹੈ; ਜੋਤ ਜੋ ਮਨੁੱਖੀ ਮਨ ਦੇ ਹਨੇਰੇ ਨੂੰ ਦੂਰ ਕਰਦੀ ਹੈ; ਪਾਰਸ ਜੋ ਲੋਹੇ ਨੂੰ ਸੋਨਾ ਬਣਾਉਂਦਾ ਹੈ। ਗੁਰੂ ਨੂੰ ਸਿੱਧ (ਪੂਰਨ ਹਸਤੀ) ਵੀ ਕਿਹਾ ਗਿਆ ਹੈ, ਜੋਗੀ ਜੋ ਮਾਤਾ ਪਿਤਾ ਬੰਧਪ ਜਾਂ ਰਿਸ਼ਤੇਦਾਰਾਂ ਨਾਲ ਸੰਬੰਧ ਰੱਖਦਾ ਹੈ।
ਪਰਮਾਤਮਾ ਦਾ ਸਿਮਰਨ ਕਰਨ ਉੱਤੇ ਵਾਰ-ਵਾਰ ਜ਼ੋਰ ਦਿੱਤਾ ਗਿਆ ਹੈ ਕਿਉਂਕਿ ਪਰਮਾਤਮਾ ਨੂੰ ਮਿਲਣ ਦਾ ਇਹ ਇਕੋ ਇਕ ਸਾਧਨ ਹੈ ਪਰੰਤੂ ਉਸ ਦੇ ਨਾਮ ਦਾ ਸਰੂਪ ਅਤੇ ਸਿਮਰਨ ਦੇ ਤਰੀਕੇ ਨੂੰ ਵਿਸਥਾਰ ਵਿਚ ਬਿਆਨ ਨਹੀਂ ਕੀਤਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ਕਈ ਚਿੰਨ੍ਹ ਅਤੇ ਬਿੰਬ ਵਰਤੇ ਗਏ ਹਨ ਜਿਹੜੇ ਪਰਮਾਤਮਾ ਦੇ ਨਾਮ ਦੇ ਸੁਭਾਅ ਬਾਰੇ ਬਿਆਨ ਕਰਦੇ ਹਨ। ਇਸ ਨੂੰ ਅੰਮ੍ਰਿਤ ਕਿਹਾ ਗਿਆ ਹੈ ਜੋ ਮਨੁੱਖ ਨੂੰ ਜੀਵਨੀ ਸ਼ਕਤੀ ਪ੍ਰਦਾਨ ਕਰਦਾ ਹੈ; ਮਾਤਾ ਦਾ ਦੁੱਧ ਜੋ ਬੱਚੇ ਨੂੰ ਪਾਲਦਾ ਹੈ ਅਤੇ ਇਸ ਤੋਂ ਮਿਲੀ ਸ਼ਕਤੀ ਮਨੁੱਖੀ ਜੀਵਨ ਵਿਚ ਮਨੁੱਖ ਲਈ ਲਾਹੇਵੰਦ ਸਾਬਤ ਹੁੰਦੀ ਹੈ; ਸਜਨ ਜਾਂ ਮਿੱਤਰ , ਮਾਤਾ ਅਤੇ ਪਿਤਾ ਜੋ ਮਨੁੱਖ ਦੇ ਅਸਲੀ ਮਿੱਤਰ ਹਨ; ਤੁਲਹਾ ਜੋ ਮਨੁੱਖ ਦੀ ਸਮੁੰਦਰ ਰੂਪੀ ਜੀਵਨ ਵਿਚੋਂ ਪਾਰ ਲੰਘਣ ਲਈ ਮਦਦ ਕਰਦਾ ਹੈ; ਪੌੜੀ ਜਿਸ ਦੀ ਮਦਦ ਨਾਲ ਮਨੁੱਖ ਪਰਮਾਤਮਾ ਤਕ ਰਸਾਈ ਕਰ ਸਕਦਾ ਹੈ: ਖੜਗ ਜੋ ਬੁਰਾਈ ਦੇ ਜਾਲ ਨੂੰ ਕੱਟ ਕੇ ਸੁੱਟਦਾ ਹੈ ਅਤੇ ਪਾਰਸ ਜੋ ਮਨੁੱਖੀ ਮਨ ਦੀ ਕਾਇਆ ਪਲਟ ਦਿੰਦਾ ਹੈ। ਨਾਮ ਨੂੰ ਨਿਧਾਨ ਵੀ ਕਿਹਾ ਗਿਆ ਹੈ ਭਾਵ ਇਹ ਸਭ ਗੁਣਾਂ ਦਾ ਖ਼ਜ਼ਾਨਾ ਹੈ ਅਤੇ ਦਾਰੂ ਜਾਂ ਔਖਧ ਹੈ ਜੋ ਮਨੁੱਖ ਨੂੰ ਸਭ ਬੁਰਾਈਆਂ ਤੋਂ ਬਚਾ ਲੈਂਦਾ ਹੈ।
ਪਰਾਭੌਤਿਕ ਅਤੇ ਰਹੱਸਾਤਮਿਕ ਅਨੁਭਵਾਂ ਨੂੰ ਆਮ ਜੀਵਨ ਵਿਚੋਂ ਲਏ ਬਿੰਬਾਂ ਰਾਹੀਂ ਸਮਝਣ ਯੋਗ ਬਣਾਇਆ ਗਿਆ ਹੈ। ਗੁਰੂ ਸਾਹਿਬ ਦੀ ਕਾਵਿਕ ਸ਼ਬਦ ਚੋਣ ਸਾਰੀ ਦੀ ਸਾਰੀ ਚਿੰਨ੍ਹਾਤਮਿਕ ਹੈ। ਜਦੋਂ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ‘‘ਤੂ ਸੁਣਿ ਹਰਣਾ ਕਾਲਿਆ ਕੀ ਵਾੜੀਐ ਰਾਤਾ ਰਾਮ``। ਦਰਅਸਲ ਕਾਲਾ ਹਿਰਨ ਨਹੀਂ ਹੁੰਦਾ ਇਹ ਤਾਂ ਕੇਵਲ ਮਨੁੱਖੀ ਮਨ ਹੈ ਅਤੇ ਇਹ ਤ੍ਰਿਸ਼ਨਾਵਾਂ, ਵਾਸਨਾਵਾਂ ਦਾ ਸੰਸਾਰ ਹੈ। ਰਾਤਾ ਵੀ ਚਿੰਨ੍ਹਾਤਮਿਕ ਹੈ ਕਿਉਂਕਿ ਇਸ ਦਾ ਅਰਥ ਪਰਮਾਤਮਾ ਦੇ ਪ੍ਰੇਮ ਵਿਚ ਭਿੱਜਿਆ ਹੋਇਆ ਹੈ। ਫ਼ਰੀਦ ਜੀ ਇਸ ਸੰਬੰਧ ਵਿਚ ਫ਼ੁਰਮਾਉਂਦੇ ਹਨ ‘‘ਸਰਵਰ ਪੰਖੀ ਹੇਕੜੋ ਫਾਹੀਵਾਲ ਪਚਾਸ`` ਜਿਸ ਦਾ ਅਰਥ ਹੈ ਇਸ ਸੰਸਾਰ ਰੂਪੀ ਸਰੋਵਰ ਤੇ ਮਨੁੱਖ ਰੂਪੀ ਪੰਖੀ ਇਕੱਲਾ ਹੈ ਅਤੇ ਇਸ ਨੂੰ ਫੜ ਲੈਣ ਵਾਲੇ ਪੰਜਾਹ ਹਨ; ਇਸ ਤਰ੍ਹਾਂ ਇੱਥੇ ਸਰੋਵਰ ਦਾ ਭਾਵ ਸੰਸਾਰ ਅਤੇ ਪੰਖੀ ਦਾ ਅਰਥ ਮਨੁੱਖ, ਫਾਹੀਵਾਲ ਦਾ ਅਰਥ ਫੜ ਲੈਣ ਵਾਲੀਆਂ ਸੰਸਾਰੀ ਵਾਸਨਾਵਾਂ ਹਨ। ਰਾਗ ਸੂਹੀ ਗੁਰੂ ਨਾਨਕ ਜੀ ਦੀ ਇਸ ਤੁਕ ਨਾਲ ਅਰੰਭ ਹੁੰਦਾ ਹੈ ‘ਭਾਂਡਾ ਧੋਇ ਬੈਸ ਧੂਪੁ ਦੇਵਹੁ ਤਉ ਦੂਧੈ ਕਉ ਜਾਵਹੁ।` ਇੱਥੇ ਭਾਂਡਾ ਮਨ ਦਾ ਚਿੰਨ੍ਹ ਹੈ, ਧੂਪ ਪਵਿੱਤਰਤਾ ਦੀ ਸੰਕੇਤਕ, ਦੁੱਧ ਨਾਮ ਦਾ ਸੰਕੇਤ ਹੈ: ਇਸ ਤਰ੍ਹਾਂ ਧੋਣਾ , ਜਾਣਾ ਸਾਰੇ ਚਿੰਨ੍ਹਾਤਮਿਕ ਜਾਂ ਸੰਕੇਤਕ ਬਣ ਜਾਂਦੇ ਹਨ। ਸੋ ‘‘ਸਪੁ ਪਿੜਾਈ ਪਾਈਐ ਬਿਖੁ ਅੰਤਰਿ ਮਨਿ ਰੋਸੁ ।`` ਇੱਥੇ ਸਪੁ ਦਾ ਅਰਥ ਹੈ ਮਨ, ਪਿੜਾਈ ਦਾ ਅਰਥ ਹੈ ਰੀਤੀ ਰਿਵਾਜ ਦੀ ਪਿਟਾਰੀ, ਬਿਖ ਦਾ ਅਰਥ ਬੁਰੀਆਂ ਭਾਵਨਾਵਾਂ ਤੋਂ ਹੈ। ‘‘ਸਿਫਤਿ ਸਲਾਹਣੁ ਛਡਿ ਕੈ ਕਰੰਗੀ ਲਗਾ ਹੰਸੁ ॥`` ਇੱਥੇ ਹੰਸ ਦਾ ਭਾਵ ਹੈ ਮਹਾਂਪੁਰਖ ਜਾਂ ਪਵਿੱਤਰ ਆਤਮਾ, ਕਰੰਗ ਦਾ ਅਰਥ ਹੈ ਸੁੱਖ ਦਾ ਭੁਲੇਖਾ ਪਾਉਣ ਵਾਲੀਆਂ ਬੁਰੀਆਂ ਭਾਵਨਾਵਾਂ।
ਲੇਖਕ : ਤ.ਸ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2705, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਚਿੰਨ੍ਹਵਾਦ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਚਿੰਨ੍ਹਵਾਦ : ਚਿੰਨ੍ਹਵਾਦ ਅੰਗਰੇਜ਼ੀ ਸ਼ਬਦ ‘Symbolism’ ਦਾ ਸਮਭਾਵੀ ਹੈ। ਹਿੰਦੀ ਵਿਚ ਇਸ ਲਈ ਪ੍ਰਤੀਕਵਾਦ ਸ਼ਬਦ ਅਪਣਾਇਆ ਗਿਆ ਹੈ। ਚਿੰਨ੍ਹ ਦਾ ਪ੍ਰਯੋਗ ਉਸ ਪ੍ਰਤੱਖ ਵਸਤੂ ਲਈ ਕੀਤਾ ਜਾਂਦਾ ਹੈ ਜੋ ਕਿਸੇ ਅਦ੍ਰਿਸ਼ਟ, ਅਗੋਚਰ ਜਾਂ ਗ਼ੈਰਹਾਜ਼ਰ ਵਿਸ਼ੇ ਦੀ ਹੋਂਦ ਦਾ ਪ੍ਰਗਟਾਵਾ ਉਸ ਨਾਲ ਆਪਣੀ ਸਾਂਝ ਕਾਰਨ ਕਰਦੀ ਹੈ। ਅਮੂਰਤ, ਅਦ੍ਰਿਸ਼ਟ, ਅਸ਼ਵ, ਅਪ੍ਰਸਤੁਤ ਵਿਸ਼ੇ ਦਾ ਪ੍ਰਤੀਕ ਮੂਰਤ, ਦ੍ਰਿਸ਼, ਸ੍ਰਵ, ਪ੍ਰਸਤੁਤ ਵਿਸ਼ੇ ਨੂੰ ਪ੍ਰਗਟਾਉਂਦਾ ਹੈ ਜਿਵੇਂ ਅਦ੍ਰਿਸ਼ ਜਾਂ ਅਪ੍ਰਸਤੁਤ ਈਸ਼ਵਰ, ਦੇਵਤੇ ਜਾਂ ਵਿਅਕਤੀ ਦੀ ਪ੍ਰਤਿਨਿਧਤਾ ਉਸ ਦੀ ਪ੍ਰਤਿਭਾ ਜਾਂ ਹੋਰ ਕੋਈ ਵਸਤੂ ਕਰ ਸਕਦੀ ਹੈ। ਆਪਣੇ ਮੌਲਿਕ ਅਰਥ ਵਿਚ ਚਿੰਨ੍ਹਵਾਦ ਕਿਸੇ ਵਿਅਕਤੀ, ਵਿਸ਼ੇ, ਘਟਨਾ ਜਾਂ ਕਿਰਿਆ ਵੱਲ ਧਿਆਨ ਕਰਨ ਵਾਲੇ ਪਦਾਰਥਾਂ ਤੇ ਚਿੰਨ੍ਹਾਂ ਤੱਕ ਹੀ ਸੀਮਿਤ ਹੈ। ਸ਼ਬਦ, ਲਿਪੀ, ਹਿਸਾਬ ਤੇ ਸੰਗੀਤ ਵਿਚ ਵਰਤੇ ਜਾਣ ਵਾਲੇ ਚਿੰਨ੍ਹ ਤੇ ਸੂਤਰ ਵੀ ਉਸ ਦੇ ਘੇਰੇ ਵਿਚ ਆ ਜਾਂਦੇ ਹਨ। ਮਨੁੱਖ ਦੇ ਸਮਾਜਿਕ ਤੇ ਧਾਰਮਿਕ ਵਿਹਾਰ ਦਾ ਵਧੇਰੇ ਹਿੱਸਾ ਚਿੰਨ੍ਹਾਤਮਕ ਹੈ। ਮਨੋਵਿਗਿਆਨੀ ਅਚੇਤ ਜੀਵਨ ਅਤੇ ਸੁਪਨਿਆਂ ਦੀ ਵਿਆਖਿਆ ਕਰਨ ਵਿਚ ਚਿੰਨ੍ਹਵਾਦ ਦਾ ਪ੍ਰਯੋਗ ਕਰਦੇ ਹਨ। ਸਾਹਿਤ ਤੇ ਕਲਾ ਦੇ ਖੇਤਰ ਵਿਚ ਚਿੰਨ੍ਹਵਾਦ ਇਕ ਵਿਸ਼ੇਸ਼ ਭਾਵ ਧਾਰਨ ਦਾ ਅੰਦੋਲਨ ਤੇ ਪ੍ਰਗਟਾਅ ਹੈ।
ਚਿੰਨ੍ਹ ਦੁਆਰਾ ਗੱਲ ਕਰਨਾ ਮਨੁੱਖੀ ਸੁਭਾਅ ਦੀ ਖ਼ਾਸੀਅਤ ਹੈ। ਮੁਢਲੀ ਲਿਪੀ ਵੀ ਅਜਿਹੇ ਚਿੰਨ੍ਹਾਂ ਦੀ ਬਣੀ ਹੋਈ ਹੈ। ਚਿੰਨ੍ਹ ਦੋ ਪ੍ਰਕਾਰ ਦੇ ਹਨ––ਪ੍ਰਸੰਗਕ ਜਾਂ ਸੰਦਰਭ ਵਾਲੇ ਅਤੇ ਸੰਘਨਿਤ। ਪਹਿਲੇ ਵਰਗ ਵਿਚ ਬੋਲ ਕੇ ਜਾਂ ਲਿਖ ਕੇ ਦੱਸੇ ਜਾਣ ਵਾਲੇ ਸ਼ਬਦ, ਰਾਸ਼ਟਰੀ ਝੰਡੇ, ਤਾਰਾਂ ਭੇਜਣ ਲਈ ਵਰਤੀ ਜਾਣ ਵਾਲੀ ਸੰਘਤਾ, ਰਸਾਇਣਕ ਤੱਤਾਂ ਦੇ ਚਿੰਨ੍ਹ ਆਦਿ ਆ ਜਾਂਦੇ ਹਨ। ਸੰਘਨਿਤ ਚਿੰਨ੍ਹਾਂ ਦੇ ਉਦਾਹਰਣ ਧਾਰਮਿਕ ਕਰਮਾਂ-ਕਾਂਡਾਂ ਵਿਚ ਅਤੇ ਸੁਪਨਿਆਂ ਦੇ ਹੋਰ ਮਨੋਵਿਗਿਆਨਕ ਗੁੰਝਲਾਂ ਕਾਰਨ ਹੋਈਆਂ ਪ੍ਰਕ੍ਰਿਆਵਾਂ ਵਿਚ ਮਿਲਦੇ ਹਨ। ਵਿਹਾਰਕ ਜੀਵਨ ਵਿਚ ਇਨ੍ਹਾਂ ਦੋਹਾਂ ਪ੍ਰਕਾਰ ਦੇ ਚਿੰਨ੍ਹਾਂ ਦਾ ਮਿਸ਼ਰਣ ਮਿਲਦਾ ਹੈ।
ਮਨੁੱਖ ਦਾ ਸਾਰਾ ਜੀਵਨ ਚਿੰਨ੍ਹਾਂ ਨਾਲ ਭਰਪੂਰ ਹੈ। ਉਹ ਅਸਲ ਵਿਚ ਸੋਚਦਾ ਹੀ ਚਿੰਨ੍ਹਾਂ ਦੁਆਰਾ ਹੈ, ਅਮੂਰਤ ਚਿੰਤਨ ਵਧੇਰੇ ਕਰਕੇ ਵਿਸ਼ੇਸ਼ ਦੇਸ਼, ਕੌਮ, ਜਾਤ ਜਾਂ ਪੇਸ਼ੇ ਨਾਲ ਜੁੜੇ ਹੁੰਦੇ ਹਨ। ਕੁਝ ਚਿੰਨ੍ਹ ਧਾਰਮਿਕ ਸੰਕਲਪਾਂ ਵਿਸ਼ਵਾਸਾਂ, ਰੂੜ੍ਹੀਆਂ ਤੇ ਮਿਥਿਹਾਸ ਆਦਿ ਨਾਲ ਜੁੜੇ ਹੁੰਦੇ ਹਨ। ਮਨੁੱਖੀ ਸਮਾਜ ਵਿਚ ਕੋਈ ਵਿਸ਼ੇਸ਼ ਪਸ਼ੂ ਜਾਂ ਦਰਖ਼ਤ ਕਿਸੇ ਕਬੀਲੇ ਲਈ ਹਰਾਮ ਅਤੇ ਕਿਸੇ ਹੋਰ ਲਈ ਹਲਾਲ ਦਾ ਪ੍ਰਤੀਕ ਹੈ। ਭਾਰਤ ਵਿਚ ਪਿੱਪਲ, ਤੁਲਸੀ, ਗਾਂ ਅਤੇ ਸੂਰ ਆਦਿ ਅਜਿਹੇ ਹੀ ਪ੍ਰਤੀਕਾਂ ਵਿਚੋਂ ਹਨ।
ਧਾਰਮਿਕ ਖੇਤਰ ਵਿਚ ਚਿੰਨ੍ਹਾਂ ਦਾ ਮਹੱਤਵ ਬਹੁਤ ਵਧ ਜਾਂਦਾ ਹੈ ਕਿਉਂਕਿ ਧਾਰਮਿਕ ਸੰਸਕਾਰ, ਕਰਮਕਾਂਡ, ਮੂਰਤੀਆਂ ਅਤੇ ਮੰਦਰਾਂ ਆਦਿ ਦੇ ਨਿਰਮਾਣ ਦਾ ਇਕ ਵਿਸ਼ੇਸ਼ ਅਰਥ ਤੇ ਮਹੱਤਵ ਹੁੰਦਾ ਹੈ। ਪਰਮਾਤਮਾ ਨਿਰਾਕਾਰ ਹੈ, ਉਸਦਾ ਨਾਂ ਤੇ ਉਸ ਦੀ ਮੂਰਤੀ ਉਸਦਾ ਚਿੰਨ੍ਹ ਹੈ। ਇਸੇ ਤਰ੍ਹਾਂ ਸੰਸਕਾਰਾਂ ਦਾ ਵੀ ਚਿੰਨ੍ਹਾਤਮਕ ਮਹੱਤਵ ਹੈ।
ਰਹੱਸਵਾਦੀਆਂ ਨੇ ਚਿੰਨ੍ਹਾਂ ਦਾ ਕਾਫ਼ੀ ਪ੍ਰਯੋਗ ਕੀਤਾ ਹੈ। ਉਹ ਆਪਣੇ ਅਧਿਆਪਕ ਅਨੁਭਵਾਂ ਨੂੰ ਚਿੰਨ੍ਹਾਂ ਦੇ ਮਾਧਿਅਮ ਰਾਹੀਂ ਪ੍ਰਗਟਾਉਣ ਨਾਲ ਹੀ ਸਫ਼ਲ ਹੋ ਸਕੇ ਹਨ। ਉਨ੍ਹਾਂ ਦੀ ਭਾਸ਼ਾ ਨੂੰ ਸਮਝਣ ਲਈ ਚਿੰਨ੍ਹਾਂ ਦੇ ਅਰਥ ਜਾਂ ਭਾਵ ਜਾਣਨੇ ਲਾਜ਼ਮੀ ਹਨ।
ਸਾਹਿਤ ਵਿਚ ਚਿੰਨ੍ਹਵਾਦ ਦੀ ਵਰਤੋਂ ਕਈ ਰੂਪਾਂ ਵਿਚ ਹੁੰਦੀ ਹੈ ਜਿਵੇਂ 1) ਸਰਵਜੀਵ ਵਾਦ 2) ਰੂਪਕ 3) ਉਪਮਾਂ 4) ਚਰਿਤਰਾਂ ਦੇ ਮਾਧਿਅਮ ਨਾਲ ਕਿਸੇ ਭਾਵ ਵਿਸ਼ੇਸ਼ ਨੂੰ ਵਿਅਕਤ ਕਰਨਾ ਜਿਵੇਂ ‘ਕਾਮਾਇਨੀ’, ‘ਕੁਰੂਕਸ਼ੇਤਰ’ 5) ਜੋ ਸਾਧਾਰਨ ਭਾਸ਼ਾ ਵਿਚ ਨਹੀਂ ਕਿਹਾ ਜਾ ਸਕਦਾ ਉਸ ਨੂੰ ਚਿੰਨ੍ਹਾਂ ਦੇ ਮਾਧਿਅਮ ਨਾਲ ਕਿਹਾ ਜਾਂਦਾ ਹੈ ਆਦਿ।
ਚਿੰਨ੍ਹ ਕਈ ਕੰਮ ਕਰਦੇ ਹਨ ਜਿਵੇਂ 1) ਕਿਸੇ ਵਿਸ਼ੇ ਦੀ ਵਿਆਖਿਆ ਕਰਨਾ 2) ਉਸ ਨੂੰ ਪਰਵਾਨ ਕਰਨਾ 3) ਪਲਾਇਨ ਜਾਂ ਭਾਂਜ ਦਾ ਰਾਹ ਪ੍ਰਸਤੁਤ ਕਰਨਾ, 4) ਦੱਬੇ ਹੋਏ ਜਾਂ ਗੁੱਝੇ ਅਨੁਭਵਾਂ ਨੂੰ ਜਾਗ੍ਰਿਤ ਕਰਨਾ 5) ਸਜਾਵਟ ਜਾਂ ਪ੍ਰਦਰਸ਼ਨ ਦਾ ਸਾਧਨ ਹੋਣਾ।
ਸਾਹਿਤ ਤੇ ਕਲਾ ਦੇ ਇਕ ਅੰਦੋਲਨ ਦੇ ਰੂਪ ਵਿਚ ਚਿੰਨ੍ਹਵਾਦ ਦਾ ਆਰੰਭ ਪਿਛਲੀ ਸਦੀ ਦੇ ਅਖੀਰ (1885) ਵਿਚ, ਫਰਾਂਸ ਵਿਚ ਹੋਇਆ। ਕਲਾਤਮਕ ਅਨੁਭਵ ਦੇ ਦੋ ਪੱਖ ਹੁੰਦੇ ਹਨ––ਮੂਰਤ ਦੁਆਰਾ ਸਿੱਧਾ ਪ੍ਰਗਟਾਅ ਕਰਨਾ ਤੇ ਚਿੰਨ੍ਹ ਦੁਆਰਾ ਆਦਰਸ਼ ਰੂਪ ਵਿਚ ਵਿਆਖਿਆ ਕਰਨਾ। ਉੱਨ੍ਹੀਵੀਂ ਸਦੀ ਦੇ ਅੰਤ ਤੱਕ ਵਿਗਿਆਨ ਆਪਣੀ ਸਿਖ਼ਰ ਤੇ ਪੁੱਜ ਚੁੱਕਾ ਸੀ ਤੇ ਉਸ ਤੋਂ ਪੱਛਮ ਦਾ ਜਨ-ਜੀਵਨ ਗੰਭੀਰ ਰੂਪ ਵਿਚ ਪ੍ਰਭਾਵਿਤ ਹੋ ਰਿਹਾ ਸੀ। ਇਸ ਤਰ੍ਹਾਂ ਉੱਨ੍ਹੀਵੀਂ ਸਦੀ ਵਿਚ ਸਾਰੇ ਯਥਾਰਥਵਾਦ ਵੱਲ ਆ ਰਹੇ ਸਨ। ਇਸ ਦੇ ਫ਼ਲਸਰੂਪ ਚਿਤਰਕਲਾ ਵਿਚ ਪ੍ਰਭਾਵਵਾਦ ਦੇ ਸਾਹਿਤ ਵਿਚ ਪ੍ਰਕਿਰਤੀਵਾਦ ਦਾ ਜਨਮ ਹੋਇਆ। ਇਨ੍ਹਾਂ ਦੋਹਾਂ ਵਾਦਾਂ ਦੇ ਵਿਰੁੱਧ ਆਦਰਸ਼ਵਾਦੀ ਪ੍ਰਤਿਕਿਰਿਆ ਦੇ ਰੂਪ ਵਿਚ ਸਾਹਿਤ ਤੇ ਕਲਾ ਦੋਹਾਂ ਖੇਤਰਾਂ ਵਿਚ ਸੰਨ 1885 ਵਿਚ ਤੇ ਉਸ ਤੋਂ ਮਗਰੋਂ ਚਿੰਨ੍ਹਵਾਦ ਦਾ ਵਿਕਾਸ ਹੋਇਆ। ਕਵੀਆਂ ਤੇ ਚਿਤਰਕਾਰਾਂ ਨੇ ਬਾਹਰੀ ਜਗਤ ਦਾ ਯਥਾਰਥਵਾਦੀ ਚਿਤਰਣ ਛੱਡ ਕੇ ਚਿੰਨ੍ਹਾਤਮਕ ਸੰਦਰਭਾਂ ਤੇ ਕਾਫ਼ੀ ਸ਼ਿੰਗਾਰਕ ਮਾਧਿਅਮ ਨਾਲ ਆਪਣੇ ਸੁਪਨਿਆਂ ਦੇ ਕਲਪਨਾ ਵਾਲੇ ਸੰਕੇਤਾਂ ਨੂੰ ਪੇਸ਼ ਕਰਨਾ ਸ਼ੁਰੂ ਕੀਤਾ। ਚਿੰਨ੍ਹਵਾਦ ਦੇ ਇਤਿਹਾਸ ਵਿਚ 1886 ਅਤਿਅੰਤ ਮਹੱਤਵਪੂਰਣ ਸਾਲ ਹੈ। ਕਵੀ ਜੀਨ ਮੋਰੇਆਸ ਨੇ ਇਸ ਸਾਲ ‘ਫਿਗਾਰੋ’ ਨਾਂ ਦੇ ਪ੍ਰਸਿੱਧ ਮੈਗਜ਼ੀਨ ਦੇ 18 ਸਤੰਬਰ ਦੇ ਅੰਕ ਵਿਚ ਚਿੰਨ੍ਹਵਾਦ ਦਾ ਐਲਾਨਨਾਮਾ ਛਾਪਿਆ ਜਿਸ ਵਿਚ ਉਸ ਨੇ ਇਹ ਆਖਿਆ ਕਿ ਚਿੰਨ੍ਹਵਾਦ ਹੀ ਸਿਰਫ਼ ਅਜਿਹਾ ਸ਼ਬਦ ਹੈ ਜੋ ਕਲਾ ਵਿਚ ਅੱਜਕਲ੍ਹ ਵੀ ਸਿਰਜਣਾਤਮਕ ਪ੍ਰਵਿਰਤੀ ਨੂੰ ਕਾਫ਼ੀ ਚੰਗੀ ਤਰ੍ਹਾਂ ਪ੍ਰਗਟਾਅ ਸਕਦਾ ਹੈ। ਸਾਰੀਆਂ ਕਲਾਵਾਂ ਦੇ ਸਬੰਧ ਵਿਚ ਉਸ ਦਾ ਪ੍ਰਸਿੱਧ ਸੂਤਰ ਸੀ––ਵਿਚਾਰ ਜਾਂ ਭਾਵ ਨੂੰ ਸੰਵੇਦਨਾਤਮਕ ਰੂਪ ਦੇਣਾ।
ਕਲਾ ਦੇ ਖੇਤਰ ਵਿਚ ਗੋਗਿਨ, ਰੋਨਾਲਡ, ਵਿਲਾਰਡ, ਰੂਜੇਲ, ਮਾਰਿਸ, ਡੈਨਿਸ, ਗਸਟੇਵ, ਕੋਵੈਨਸ ਤੇ ਰੋਦਾਂ ਆਦਿ ਪ੍ਰਮੁੱਖ ਚਿੰਨ੍ਹਵਾਦੀ ਚਿਤਰਕਾਰ ਹਨ।
ਸਾਹਿਤ ਦੇ ਖੇਤਰ ਵਿਚ ਚਿੰਨ੍ਹਵਾਦ ਸ਼ਬਦ ਦਾ ਪ੍ਰਯੋਗ 1880 ਦੇ ਲਗਭਗ ਫ਼ਰਾਂਸੀਸੀ ਭਾਸ਼ਾ ਦੇ ਦੇਸੀ ਤੇ ਬਦੇਸ਼ੀ ਕਵੀਆਂ ਦੇ ਇਕ ਵਰਗ ਵਿਸ਼ੇਸ਼ ਲਈ ਕੀਤਾ ਜਾਂਦਾ ਹੈ। ਇਹ ਚਿੰਨ੍ਹਵਾਦੀ ਅੰਦੋਲਨ ਉੱਨ੍ਹੀਵੀਂ ਸਦੀ ਦੇ ਦਾਰਸ਼ਨਿਕ ਆਦਰਸ਼ਵਾਦ ਤੇ ਨਵ-ਅਫ਼ਲਾਤੂਨਵਾਦੀ-ਰਹੱਸਵਾਦ ਤੋਂ ਪ੍ਰਭਾਵਿਤ ਸੀ। ਅਸਲ ਵਿਚ ਇਹ ਵਿਗਿਆਨ ਤੋਂ ਪੈਦਾ ਹੋਏ ਪ੍ਰਕਿਰਤੀਵਾਦ ਤੇ ਪਾਰਨੇਸਿਯਨਵਾਦ (ਫਰਾਂਸੀਸੀ ਕਵਿਤਾ ਦਾ ਇਕੋ ਵਾਦ) ਦੇ ਵਿਰੁੱਧ, ਜਿਨ੍ਹਾਂ ਨੂੰ ਉਹ ਅਤਿ ਸਥੂਲ ਤੇ ਅਤਿਅੰਤ ਸਪਸ਼ਟ ਮੰਨਦੇ ਸਨ, ਨੌਜਵਾਨਾਂ ਦਾ ਵਿਦਰੋਹ ਸੀ। ਨੌਜਵਾਨ ਕਵੀ ਤੇ ਕਲਾਕਾਰ ਐਡਗਰ ਐਲਾਨ ਪ੍ਰੋ, ਬਾਦਲੇਯਰ, ਵਾਗਨਰ ਤੇ ਰੈਫ਼ੇਅਲ ਤੋਂ ਪਹਿਲਾਂ ਦੇ ਕਲਾਕਾਰਾਂ ਨਾਲ ਬਹੁਤ ਡੂੰਘੀ ਸਾਂਝ ਪਾ ਚੁੱਕੇ ਸਨ ਤੇ ਉਸ ਸਾਂਝ ਨੂੰ ਪਰਗਟ ਕਰਨ ਲਈ ਮਾਧਿਅਮ ਖੋਜ ਰਹੇ ਸਨ। ਚਿੰਨ੍ਹਵਾਦ ਦੇ ਸਰਵਸ੍ਰੇਸ਼ਟ ਕਵੀ ਰਿੰਬੋ, ਕੋਰਬਿਏਰ ਤੇ ਮਾਲਾਮੇ ਹਨ।
ਚਿੰਨ੍ਹਵਾਦ ਦਾ ਪ੍ਰਭਾਵ ਫ਼ਰਾਂਸ ਦੇ ਬਾਹਰ ਹੋਰ ਵੀ ਜ਼ਿਆਦਾ ਪਿਆ ਅਤੇ ਕਲਾ ਤੇ ਸਾਹਿਤ ਤੇ ਖੇਤਰ ਵਿਚ ਉਹ ਅਜੇ ਵੀ ਮਹਾਨ ਪ੍ਰੇਰਕ ਸ਼ਕਤੀਆਂ ਵਿਚੋਂ ਇਕ ਹੈ। ਇੰਗਲੈਂਡ ਵਿਚ ਈਲੀਅਟ, ਜੇਮਜ਼ ਜਾਇਸ, ਆਇਰਲੈਂਡ ਵਿਚ ਡਵਲਯੂ. ਡੀ. ਯੀਟਸ, ਸਿੰਜ. ਕੈਰਲ ਆਦਿ ਪ੍ਰਮੁੱਖ ਚਿੰਨ੍ਹਵਾਦੀ ਹਨ। ਇਨ੍ਹਾਂ ਤੋਂ ਇਲਾਵਾ ਸ਼ੈਖਾਫ਼, ਯੂਜੀਨ ਓਨੀਲ ਆਦਿ ਪ੍ਰਸਿੱਧ ਚਿੰਨ੍ਹਵਾਦੀ ਹਨ।
ਆਧੁਨਿਕ ਪੰਜਾਬੀ ਕਵੀਆਂ ਤੇ ਵੀ ਚਿੰਨ੍ਹਵਾਦ ਅੰਦੋਲਨ ਦਾ ਪ੍ਰਭਾਵ ਪਿਆ। ਸੁਚੇਤ ਰੂਪ ਵਿਚ ਪ੍ਰੋ. ਪੂਰਨ ਸਿੰਘ, ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਬਾਵਾ ਬਲਵੰਤ ਸਿੰਘ, ਪ੍ਰੀਤਮ ਸਿੰਘ ਸਫ਼ੀਰ, ਅਜਾਇਬ ਕਮਲ, ਈਸ਼ਵਰ ਚਿਤਰਕਾਰ, ਸੰਤੋਖ ਸਿੰਘ ਧੀਰ ਆਦਿ ਨੇ ਆਪਣੇ ਭਾਵਾਂ ਤੇ ਵਿਚਾਰਾਂ ਨੂੰ ਚਿੰਨ੍ਹਾਂ ਦੇ ਮਾਧਿਅਮ ਦੁਆਰਾ ਪਰਗਟ ਕਰਨ ਦਾ ਯਤਨ ਕੀਤਾ ਹੈ। ਨਵੀਂ ਪੀੜ੍ਹੀ ਦੇ ਕਵੀ ਡਾ. ਹਰਿਭਜਨ ਸਿੰਘ, ਪਰਮਿੰਦਰ ਜੀਤ, ਫਤਹਿਜੀਤ, ਅਮਿਤੋਜ ਆਦਿ ਦੀਆਂ ਕਵਿਤਾਵਾਂ ਵਿਚ ਵੀ ਚਿੰਨ੍ਹਵਾਦ ਦਾ ਪਰਭਾਵ ਸਪਸ਼ਟ ਦ੍ਰਿਸ਼ਟੀਗੋਚਰ ਹੁੰਦਾ ਹੈ। ਜੁਝਾਰੂ ਕਵੀਆਂ ਨੇ ਵੀ ਆਪਣੇ ਵਿਚਾਰਾਂ ਤੇ ਭਾਵਾਂ ਨੂੰ ਪਰਗਟ ਕਰਨ ਲਈ ਪਰੰਪਰਾ ਤੇ ਮਿਥਿਹਾਸ ’ਚੋਂ ਚਿੰਨ੍ਹ ਲਏ ਤੇ ਆਪਣੀ ਕਵਿਤਾ ਨੂੰ ਕੁਝ ਹੱਦ ਤੱਕ ਸਾਹਿਤਿਕ ਬਣਾਉਣ ਵਿਚ ਸਫ਼ਲ ਹੋਏ ਹਨ।
ਹ. ਪੁ.––ਹਿੰ. ਸ. : ਕੋ.; ਕਾਵਿ ਦੇ ਤੱਤ––ਪ੍ਰੇਮ ਪ੍ਰਕਾਸ਼ ਸਿੰਘ; ਪੰ. ਸਾ. ਕੋ.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1881, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First