ਚੇਤ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੇਤ ਸਿੰਘ: ਮਹਾਰਾਜਾ ਰਣਜੀਤ ਸਿੰਘ ਹੇਠ ਮਿਲਟਰੀ ਕਮਾਂਡਰ, ਇੰਜਨੀਅਰ ਅਤੇ ਇਕ ਕਾਰਦਾਰ ਭਾਵ ਮਾਲ ਅਫ਼ਸਰ ਸੀ। 1831 ਵਿਚ, ਇਹ ਮਹਾਰਾਜਾ ਰਣਜੀਤ ਸਿੰਘ ਅਤੇ ਗਵਰਨਰ-ਜਨਰਲ ਵਿਲੀਅਮ ਬੈਂਟਿਕ ਵਿਚਕਾਰ ਰੋਪੜ ਵਿਖੇ ਮੀਟਿੰਗ ਲਈ ਸਤਲੁਜ ਦਰਿਆ ਤੇ ਪੁਲ ਦੀ ਉਸਾਰੀ ਸਮੇਂ ਇੰਜਨੀਅਰ-ਇਨ-ਚਾਰਜ ਬਣਿਆ। 1837 ਵਿਚ, ਇਸਨੇ ਅੰਗਰੇਜ਼ ਕਮਾਂਡਰ-ਇਨ- ਚੀਫ਼ ਦੇ ਲਾਹੌਰ ਆਉਣ ਸਮੇਂ ਸਤਲੁਜ ਉੱਤੇ ਹਰੀਕੇ ਵਿਖੇ ਇਕ ਹੋਰ ਪੁਲ ਉਸਾਰਿਆ। 1833 ਦੇ ਸ਼ੁਰੂ ਵਿਚ, ਇਸਨੂੰ ਮਹਾਰਾਜੇ ਦੀਆਂ ਸਤਲੁਜ-ਉਰਾਰ ਰਿਆਸਤਾਂ ਦਾ ਕਾਰਦਾਰ ਨਿਯੁਕਤ ਕੀਤਾ ਗਿਆ। 1835 ਵਿਚ, ਇਸਨੂੰ ਸਥਾਨਿਕ ਸੋਢੀ ਗਰੁੱਪਾਂ ਵਿਚਕਾਰ ਝਗੜਾ ਨਿਪਟਾਉਣ ਲਈ ਅਨੰਦਪੁਰ ਭੇਜਿਆ ਗਿਆ। 5 ਨਵੰਬਰ 1840 ਦੀ ਮੰਦਭਾਗੀ ਸ਼ਾਮ ਨੂੰ ਚੇਤ ਸਿੰਘ ਗੇਟ ਕੋਲ ਗਾਰਡ ਡਿਊਟੀ ਤੇ ਸੀ ਜਦੋਂ ਇਸ ਦਾ ਛੱਤਾ ਕੰਵਰ ਨੌ ਨਿਹਾਲ ਸਿੰਘ ਉੱਤੇ ਡਿੱਗ ਪਿਆ ਜੋ ਕਿ ਆਪਣੇ ਪਿਤਾ , ਮਹਾਰਾਜਾ ਖੜਕ ਸਿੰਘ ਦੇ ਸਸਕਾਰ ਤੋਂ ਵਾਪਸ ਆ ਰਿਹਾ ਸੀ। ਪਹਿਲੀ ਐਂਗਲੋ-ਸਿੱਖ ਜੰਗ ਸਮੇਂ ਚੇਤ ਸਿੰਘ ਨੇ ਸਤਲੁਜ ਦੇ ਪੱਛਮੀ ਕੰਢੇ ਕੋਲ ਰੋਪੜ ਡਿਵੀਜ਼ਨ ਦੀ ਕਮਾਂਡ ਕੀਤੀ ਸੀ। ਦੂਜੀ ਐਂਗਲੋ-ਸਿੱਖ ਜੰਗ ਵਿਚ ਇਹ ਰਾਮਨਗਰ ਦੇ ਯੁੱਧ (22 ਨਵੰਬਰ 1848) ਵਿਚ ਲੜਿਆ ਜਿੱਥੋਂ ਇਸਨੂੰ ਅੰਗਰੇਜ਼ਾਂ ਨੇ ਬੰਦੀ ਬਣਾ ਲਿਆ ਸੀ।


ਲੇਖਕ : ਗੁਲ.ਚ.ਸ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2274, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਚੇਤ ਸਿੰਘ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਚੇਤ ਸਿੰਘ : ਇਹ ਬਨਾਰਸ ਦੇ ਪਹਿਲੇ ਰਾਜਾ ਬਲਵੰਤ ਸਿੰਘ ਦਾ ਲੜਕਾ ਸੀ ਜਿਹੜਾ ਕਿ ਅਵਧ ਦੇ ਨਵਾਬ ਦਾ ਇਕ ਛੋਟਾ ਜਿਹਾ ਸਰਦਾਰ ਹੁੰਦਾ ਸੀ। ਸੰਨ 1770 ਵਿਚ ਚੇਤ ਸਿੰਘ ਰਾਜ ਗੱਦੀ ਉਤੇ ਬੈਠਾ। ਸੰਨ 1775 ਵਿਚ ਅਵਧ ਦੇ ਨਵਾਬ ਨੇ ਬਨਾਰਸ ਈਸਟ ਇੰਡੀਆ ਕੰਪਨੀ ਦੇ ਹਵਾਲੇ ਕਰ ਦਿੱਤਾ ਅਤੇ ਨਤੀਜੇ ਵਜੋਂ ਕੰਪਨੀ ਹੀ ਚੇਤ ਸਿੰਘ ਦੀ ਅਧਿਰਾਜ ਬਣ ਗਈ। ਲਾਰਡ ਹੇਸਟਿੰਗਜ਼ ਨੇ ਚੇਤ ਸਿੰਘ ਨੂੰ ਇਹ ਵਚਨ ਦਿੱਤਾ ਕਿ ਕੰਪਨੀ ਉਸ ਕੋਲੋਂ ਕੇਵਲ ਨਿਸ਼ਚਿਤ ਲਗਾਨ ਹੀ ਲਿਆ ਕਰੇਗੀ। ਚੇਤ ਸਿੰਘ ਨੇ ਆਪਣੀ ਜ਼ਮੀਨ ਦਾ ਲਗਾਨ ਕੰਪਨੀ ਨੂੰ ਅਦਾ ਕਰਨਾ ਸ਼ੁਰੂ ਕੀਤਾ ਚਾਹੇ ਇਹ ਲਗਾਨ ਵਧਾਇਆ ਨਹੀਂ ਜਾ ਸਕਦਾ ਸੀ ਪਰ ਔਕੜ ਵੇਲੇ ਚੇਤ ਸਿੰਘ ਨੂੰ ਆਪਣੇ ਨਵੇਂ ਮਾਲਕਾਂ ਦੀ ਮਦਦ ਕਰਨੀ ਹੀ ਪੈਣੀ ਸੀ। ਮਰਹੱਟਾ ਯੁੱਧ ਤੋਂ ਪੈਦਾ ਹੋਏ ਆਰਥਕ ਸੰਕਟ ਕਾਰਨ ਵਾਰਨ ਹੇਸਟਿੰਗਜ਼ ਨੇ 1778 ਈ. ਵਿਚ ਚੇਤ ਸਿੰਘ ਅੱਗੇ ਪੰਜ ਲੱਖ ਰੁਪਏ ਦੀ ਮੰਗ ਰੱਖੀ ਜਿਹੜੀ ਕਿ ਚੇਤ ਸਿੰਘ ਨੇ ਪੂਰੀ ਕਰ ਦਿੱਤੀ। ਅਗਲੇ ਹੀ ਸਾਲ ਵਾਰਨ ਹੇਸਟਿੰਗਜ਼ ਨੇ ਫਿਰ ਅਜਿਹੀ ਹੀ ਮੰਗ ਚੇਤ ਸਿੰਘ ਅੱਗੇ ਰੱਖੀ। ਕਾਫ਼ੀ ਨਾਂਹ-ਨੁੱਕਰ  ਤੋਂ ਬਾਅਦ ਚੇਤ ਸਿੰਘ ਨੇ ਇਸ ਵਾਰ ਫਿਰ ਕੰਪਨੀ ਦੀ ਮੰਗ ਪੂਰੀ ਕਰ ਦਿੱਤੀ। ਸੰਨ 1780 ਵਿਚ ਵਾਰਨ ਹੇਸਟਿੰਗਜ਼ ਨੇ ਚੇਤ ਸਿੰਘ ਨੂੰ 2000 ਘੋੜੇ ਪੇਸ਼ ਕਰਨ ਦਾ ਹੁਕਮ ਦਿੱਤਾ। ਰਾਜਾ ਚੇਤ ਸਿੰਘ ਨੇ ਘੋੜੇ ਭੇਜਣ ਤੋਂ ਪਹਿਲਾਂ ਤਾਂ ਅਸਮਰੱਥਾ ਵਿਖਾਈ ਪਰ ਪਿੱਛੋਂ ਇਕ ਹਜ਼ਾਰ ਘੋੜੇ ਵੀ ਹੇਸਟਿੰਗਜ਼ ਕੋਲ ਭੇਜ ਦਿੱਤੇ। ਭਾਵੇਂ ਹੇਸਟਿੰਗਜ਼ ਨੇ ਆਪਣੀ ਸ਼ਰਤ ਕਾਫ਼ੀ ਘਟਾ ਦਿੱਤੀ ਸੀ ਫਿਰ ਵੀ ਰਾਜਾ ਪੂਰੀ ਨਾ ਕਰ ਸਕਿਆ। ਰਾਜਾ ਆਪਣੀ ਨਿਯਮਬੱਧ ਖਰਾਜ ਵੀ ਕੰਪਨੀ ਨੂੰ ਨਾ ਦੇ ਸਕਿਆ। ਵਾਰਨ ਹੇਸਟਿੰਗਜ਼ ਇਕ ਵਡੇ ਵਿੱਤੀ ਸੰਕਟ ਵਿਚ ਫਸਿਆ ਹੋਇਆ ਸੀ। ਉਸਨੇ ਰਾਜਾ ਚੇਤ ਸਿੰਘ ਨੂੰ 50 ਲੱਖ ਰੁਪਏ ਦਾ ਜੁਰਮਾਨਾ ਕਰ ਦਿੱਤਾ। ਅਗਸਤ, 1781 ਨੂੰ ਵਾਰਨ ਹੇਸਟਿੰਗਜ਼ ਖ਼ੁਦ ਬਨਾਰਸ ਪੁੱਜਾ। ਉਸਨੂੰ ਪਤਾ ਲੱਗਾ ਕਿ ਚੇਤ ਸਿੰਘ ਅਜੇ ਵੀ ਆਕੀ ਹੋਇਆ ਬੈਠਾ ਹੈ। ਉਸਨੇ ਰਾਜੇ ਨੂੰ ਉਸਦੇ ਘਰੋਂ ਹੀ ਤੁਰੰਤ ਗ੍ਰਿਫ਼ਤਾਰ ਕਰ ਲੈਣ ਦਾ ਹੁਕਮ ਜਾਰੀ ਕਰ ਦਿੱਤਾ। ਉਸ ਵਕਤ ਬਹੁਤ ਦੰਗੇ ਫਸਾਦ ਹੋਏ। ਅੰਗਰੇਜ਼ੀ ਫ਼ੌਜਾਂ ਤੇ ਹਮਲਾ ਵੀ ਹੋਇਆ ਪਰ ਛੇਤੀ ਹੀ ਹਾਲਾਤ ਤੇ ਕਾਬੂ ਪਾ ਲਿਆ ਗਿਆ। ਰਾਜਾ ਆਪਣੇ, ਇਕ ਕਿਲੇ ਵੱਲ ਭੱਜ ਗਿਆ ਅਤੇ ਬਨਾਰਸ ਸ਼ਹਿਰ ਵਿਚ ਵਿਦਰੋਹ ਖੜਾ ਹੋ ਗਿਆ। ਹੇਸਟਿੰਗਜ਼ ਆਪਣੇ ਥੋੜ੍ਹੇ ਜਿਹੇ ਅਮਲੇ ਨਾਲ ਬਨਾਰਸ ਵਿਚ ਕਾਬੂ ਆ ਗਿਆ ਅਤੇ ਉਥੋਂ ਉਹ ਮਸਾਂ ਹੀ ਬਚ ਕੇ ਚੁਨਾਰ ਪਹੁੰਚਿਆ। ਸਤੰਬਰ ਮਹੀਨੇ ਦੇ ਅਖ਼ੀਰ ਤੱਕ ਰਾਜਾ ਤਾਂ ਖੁਲ੍ਹਮ-ਖੁੱਲ੍ਹਾ ਹੀ ਵਿਦਰੋਹ ਕਰਦਾ ਰਿਹਾ ਪਰ ਪਿੱਛੋਂ ਅੰਗਰੇਜ਼ਾਂ ਨੇ ਉਸ ਦੇ ਸਾਥੀਆਂ ਨੂੰ ਭਜਾ ਦਿੱਤਾ। ਗਵਰਨਰ-ਜਨਰਲ ਹੇਸਟਿੰਗਜ਼ ਫਿਰ ਬਨਾਰਸ ਪੁੱਜਾ ਅਤੇ ਉਸ ਨੇ ਚੇਤ ਸਿੰਘ ਨੂੰ ਗੱਦੀਓਂ ਲਾਹ ਦਿੱਤਾ ਅਤੇ ਉਸਦੀ ਥਾਂ ਤੇ ਉਸਦੇ ਭਤੀਜੇ ਮਹੀਪ ਨਾਰਾਇਣ ਨੂੰ ਰਾਜਾ ਬਣਾ ਦਿੱਤਾ। ਉਸ ਨੇ ਈਸਟ ਇੰਡੀਆ ਕੰਪਨੀ ਨੂੰ ਦੁੱਗਣਾ ਖ਼ਰਚ ਦੇਣਾ ਵੀ ਮੰਨ ਲਿਆ।

          ਚੇਤ ਸਿੰਘ ਗਵਾਲੀਅਰ ਵਾਪਸ ਆ ਗਿਆ ਅਤੇ ਉਥੇ ਹੀ 1810 ਵਿਚ ਇਸ ਦੀ ਮੌਤ ਹੋ ਗਈ। ਚੇਤ ਸਿੰਘ ਪ੍ਰਤੀ ਵਿਖਾਏ ਗਏ ਹੇਸਟਿੰਗਜ਼ ਦੇ ਰਵੱਈਏ ਦੀ ਇੰਗਲੈਂਡ ਦੀ ਸੰਸਦ ਵਿਚ ਕਰੜੀ ਨਿੰਦਿਆ ਕੀਤੀ ਗਈ।

          ਹ. ਪੁ.––ਹਿੰ. ਵਿ. ਕੋ. 4 : 283; ਬ੍ਰਿਟਿਸ਼ ਰੂਲ ਇਨ ਇੰਡੀਆ ਐਂਡ ਆਫਟਰ- ਵੀ. ਡੀ. ਮਹਾਜਨ; ਇੰਪ. ਗ. ਇੰਡ. 7 : 181


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1647, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-23, ਹਵਾਲੇ/ਟਿੱਪਣੀਆਂ: no

ਚੇਤ ਸਿੰਘ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਚੇਤ ਸਿੰਘ (ਵੀ. ਚ.) : ਇਸ ਸੂਰਬੀਰ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕਾਲੇ ਵਾਲ ਵਿਖੇ ਸ. ਜੀਵਨ ਸਿੰਘ ਦੇ ਘਰ ਹੋਇਆ। 29 ਜੂਨ, 1948 ਨੂੰ ਇਹ ਮਛੋਈ ਖੇਤਰ ਵਿਚ ਇਕ ਸੈਕਸ਼ਨ ਪਿਕਟ ਦੀ ਕਮਾਨ ਕਰ ਰਿਹਾ ਸੀ। ਹਨੇਰੇ ਦੀ ਓਟ ਵਿਚ ਦੋ ਮੀਡੀਅਮ ਮਸ਼ੀਨਗਨਾਂ ਨਾਲ ਲੈ ਕੇ ਇਕ ਹਮਲਾਵਰ ਦਸਤਾ ਇਸ ਦੀ ਪਿਕਟ ਦੇ 800 ਗਜ਼ ਅੰਦਰ ਆ ਗਿਆ। ਇਸ ਉਪਰੰਤ ਦੁਸ਼ਮਣ ਸਵੇਰੇ ਛੇ ਵਜੇ 2 ਇੰਚੀ ਮਾਰਟਰ ਮੀਡੀਅਮ ਮਸ਼ੀਨਗਨ ਦੀ ਕਰਾਸ ਫ਼ਾਇਰਿੰਗ ਦੀ ਸਹਾਇਤਾ ਨਾਲ 50 ਗਜ਼ ਦੇ ਫਾਸਲੇ ਤਕ ਆ ਗਿਆ। ਇਸ ਕਾਰਵਾਈ ਦੌਰਾਨ ਇਸ ਦੇ ਸੈਕਸ਼ਨ ਦੀ ਲਾਈਟ ਮਸ਼ੀਨਗਨ ਨੰ. 1 ਤਬਾਹ ਹੋ ਗਈ ਅਤੇ ਤਿੰਨ ਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਇਹ ਵੇਖ ਕੇ ਇਸ ਨੇ ਆਪ ਲਾਈਟ ਮਸ਼ੀਨਗਨ ਸੰਭਾਲੀ ਤੇ ਦੁਸ਼ਮਣ ਦਾ ਟਾਕਰਾ ਕਰਨ ਲਈ ਡਟ ਗਿਆ। ਇਸ ਦੌਰਾਨ ਕੰਪਨੀ ਨਾਲ ਪਿੱਛੇ ਸੰਪਰਕ ਕਰਨ ਵਾਲਾ ਇਕੋ ਇਕ ਵਾਇਰਲੈਸ ਸੈੱਟ ਵੀ ਗੋਲਾਬਾਰੀ ਕਾਰਨ ਦੂਰ ਜਾ ਡਿਗਿਆ।

ਦੁਸ਼ਮਣ ਹਰ ਘੰਟੇ ਬਾਅਦ ਪੂਰੇ ਜੋਸ਼ ਨਾਲ ਇਸ ਪਿਕਟ ਤੇ ਹਮਲਾ ਕਰਦਾ ਰਿਹਾ ਜਿਸ ਨੂੰ ਇਹ ਆਪਣੀ ਲਾਈਟ ਮਸ਼ੀਨਗਨ ਤੇ ਗਰੇਨੇਡਾਂ ਦੀ ਸਹਾਇਤਾ ਨਾਲ ਹਰ ਵਾਰ ਨਾਕਾਮ ਕਰ ਦਿੰਦਾ ਅਤੇ ਮੁੜ ਉਸ ਨੂੰ ਪਿੱਛੇ ਧੱਕਦਾ ਰਿਹਾ। ਅਖ਼ੀਰ ਦੁਸ਼ਮਣ ਨੇ ਇਸ ਨੂੰ ਇਹ ਚਿਤਾਵਨੀ ਦਿੱਤੀ ਕਿ ਇਹ ਆਤਮ ਸਮਰਪਣ ਕਰ ਦੇਵੇ ਕਿਉਂਕਿ ਕਿਸੇ ਤਰ੍ਹਾਂ ਵੀ ਇਸ ਨੂੰ ਹੋਰ ਫ਼ੌਜੀ ਸਹਾਇਤਾ ਨਹੀਂ ਮਿਲ ਸਕਦੀ। ਇਸ ਨੇ ਅੱਗੋਂ ਦੁਸ਼ਮਣ ਨੂੰ ਇਹ ਉੱਤਰ ਦਿੱਤਾ ਕਿ ਉਹ ਅੱਗੇ ਵਧ ਕੇ ਇਸ ਦੀ ਤਾਕਤ ਦੀ ਪ੍ਰੀਖਿਆ ਲੈ ਲਵੇ ਫਿਰ ਆਤਮ ਸਮਰਪਣ ਲਈ ਆਖੇ। ਇਸ ਦੀ ਇਸ ਦ੍ਰਿੜ੍ਹਤਾ ਨੂੰ ਵੇਖ ਕੇ ਨਾਲ ਦੇ ਜਵਾਨਾਂ ਦੇ ਹੌਸਲੇ ਹੋਰ ਬੁਲੰਦ ਹੋ ਗਏ ਤੇ ਉਹ ਆਪਣੀ ਥਾਂ ਤੇ ਡਟੇ ਰਹੇ।

ਅਖ਼ੀਰ ਸੱਤ ਘੰਟੇ ਦੀ ਜ਼ੋਰਦਾਰ ਲੜਾਈ ਤੇ ਖ਼ੂਨ ਖਰਾਬੇ ਤੋਂ ਬਾਅਦ ਇਨ੍ਹਾਂ ਨੇ ਦੁਸ਼ਮਣ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ। ਇਸ ਦੀ ਇਸ ਵੀਰਤਾ ਲਈ ਇਸ ਨੂੰ ‘ਵੀਰ ਚੱਕਰ’ ਨਾਲ ਸਨਮਾਨਿਤ ਕੀਤਾ ਗਿਆ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1435, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-27-12-10-17, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.